ਜਦੋਂ ਤੁਸੀਂ 6 ਹਫ਼ਤਿਆਂ ਤੱਕ ਮਿੱਠਾ ਖਾਣਾ ਛੱਡ ਦਿੰਦੇ ਹੋ, ਤਾਂ ਤੁਹਾਡੇ ਸਰੀਰ ਵਿੱਚ ਕਿਹੋ ਜਿਹੇ ਬਦਲਾਅ ਆਉਂਦੇ ਹਨ

ਕੁਲਫੀਆਂ ਖਾਂਦੀਆਂ ਕੁੜੀਆਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਖੰਡ ਜਾਂ ਮਿੱਠਾ ਸਾਡੇ ਦੰਦਾਂ ਲਈ ਮਾੜਾ ਹੈ, ਸਾਡੀ ਸਿਹਤ ਲਈ ਨੁਕਸਾਨਦਾਇਕ ਹੈ, ਅਤੇ ਕੁਝ ਸਬੂਤ ਇਹ ਵੀ ਦੱਸਦੇ ਹਨ ਕਿ ਬਹੁਤ ਜ਼ਿਆਦਾ ਖੰਡ ਖਾਣ ਨਾਲ ਲੰਬੇ ਸਮੇਂ ਤੱਕ ਦਿਮਾਗੀ ਕਮਜ਼ੋਰੀ ਹੋ ਸਕਦੀ ਹੈ
    • ਲੇਖਕ, ਮੇਲਿਸਾ ਹੋਗੇਨਬੂਮ
    • ਰੋਲ, ਬੀਬੀਸੀ ਫਿਊਚਰ
  • ਪੜ੍ਹਨ ਦਾ ਸਮਾਂ: 13 ਮਿੰਟ

ਚੀਨੀ, ਖੰਡ ਜਾਂ ਮਿੱਠੇ ਵਾਲੇ ਭੋਜਨ ਪਦਾਰਥ ਹਰ ਥਾਂ ਮੌਜੂਦ ਹਨ। ਇੱਥੋਂ ਤੱਕ ਕਿ ਕੁਝ ਅਜਿਹੀਆਂ ਥਾਵਾਂ 'ਤੇ ਵੀ, ਜਿੱਥੇ ਤੁਸੀਂ ਉਮੀਦ ਵੀ ਨਹੀਂ ਕਰ ਸਕਦੇ। ਤਾਂ ਬਿਨਾਂ ਖੰਡ ਜਾਂ ਮਿੱਠੇ ਦੇ ਰਹਿਣਾ ਕਿੰਨਾ ਆਸਾਨ ਹੈ ਅਤੇ ਇਸ ਦਾ ਤੁਹਾਡੀ ਸਿਹਤ 'ਤੇ ਕੀ ਅਸਰ ਪੈ ਸਕਦਾ ਹੈ?

ਹਾਲਾਂਕਿ ਮੈਂ ਆਮ ਤੌਰ 'ਤੇ ਪੋਸ਼ਣ ਭਰੀ ਤੇ ਸਿਹਤਮੰਦ ਖੁਰਾਕ ਲੈਂਦੀ ਹਾਂ, ਜਿਸ ਵਿੱਚ ਘਰ ਦਾ ਬਣਿਆ ਖਾਣਾ ਜ਼ਿਆਦਾ ਹੁੰਦਾ ਹੈ, ਪਰ ਮੈਨੂੰ ਮਿੱਠਾ ਖਾਣ ਦਾ ਵੀ ਬਹੁਤ ਸ਼ੌਕ ਹੈ ਅਤੇ ਮੈਂ ਹਰ ਰੋਜ਼ ਇੱਕ-ਦੋ ਚਾਕਲੇਟ ਜਾਂ ਮਿੱਠੀਆਂ ਚੀਜ਼ਾਂ ਖਾ ਹੀ ਲੈਂਦੀ ਹਾਂ।

ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਸਾਡੀ ਅੱਜ ਦੀ ਡਾਇਟ ਵਿੱਚ ਮਿੱਠੇ/ਖੰਡ ਦਾ ਜ਼ਿਆਦਾ ਇਸਤੇਮਾਲ ਬਹੁਤ ਆਮ ਗੱਲ ਹੈ। ਇਹ ਸਾਡੇ ਦੰਦਾਂ ਲਈ ਮਾੜੀ ਹੈ, ਸਾਡੀ ਸਿਹਤ ਲਈ ਨੁਕਸਾਨਦਾਇਕ ਹੈ, ਅਤੇ ਕੁਝ ਸਬੂਤ ਇਹ ਵੀ ਦੱਸਦੇ ਹਨ ਕਿ ਬਹੁਤ ਜ਼ਿਆਦਾ ਖੰਡ ਖਾਣ ਨਾਲ ਲੰਬੇ ਸਮੇਂ ਤੱਕ ਦਿਮਾਗੀ ਕਮਜ਼ੋਰੀ (cognitive deficits) ਹੋ ਸਕਦੀ ਹੈ।

ਕਿਉਂਕਿ ਮੇਰਾ ਕੰਮ ਸਿਹਤ ਅਤੇ ਤੰਦਰੁਸਤੀ 'ਤੇ ਰਿਪੋਰਟ ਕਰਨਾ ਹੈ, ਇਸ ਲਈ ਮੈਨੂੰ ਉਨ੍ਹਾਂ ਮਿੱਠੀਆਂ ਚੀਜ਼ਾਂ ਨੂੰ ਖਾਣ ਸਬੰਧੀ ਚਿੰਤਾ ਹੋਣ ਲੱਗੀ, ਜਿਨ੍ਹਾਂ ਵਿੱਚ ਰਿਫਾਈਂਡ ਖੰਡ ਦੇ ਨਾਲ ਅਕਸਰ ਕਈ ਕਿਸਮ ਦੇ ਐਡੀਟਿਵਜ਼ ਵੀ ਹੁੰਦੇ ਹਨ।

ਅਸਲ ਵਿੱਚ ਮੇਰੀ ਰੋਜ਼ਾਨਾ ਦੀਆਂ ਮਨਪਸੰਦ ਮਿੱਠੀਆਂ ਚੀਜ਼ਾਂ ਵਿੱਚੋਂ ਇੱਕ ਵਿੱਚ ਇੰਨੀ ਖੰਡ ਹੁੰਦੀ ਹੈ ਜੋ ਮੇਰੀ ਇੱਕ ਦਿਨ ਦੀ ਲੋੜ ਤੋਂ ਅੱਧ ਤੋਂ ਵੱਧ ਹੈ।

ਖੰਡ ਛੱਡਣਾ ਵੀ ਕੋਈ ਆਸਾਨ ਕੰਮ ਨਹੀਂ

ਖੰਡ ਛੱਡਣਾ ਵੀ ਕੋਈ ਆਸਾਨ ਕੰਮ ਨਹੀਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਸਾਡੀ ਅੱਜ ਦੀ ਡਾਇਟ ਵਿੱਚ ਮਿੱਠੇ/ਖੰਡ ਦਾ ਜ਼ਿਆਦਾ ਇਸਤੇਮਾਲ ਬਹੁਤ ਆਮ ਗੱਲ ਹੈ

ਅਮਰੀਕਾ ਵਿੱਚ ਡਾਇਟ ਨਾਲ ਸਬੰਧਤ ਦਿਸ਼ਾ-ਨਿਰਦੇਸ਼ਾਂ ਮੁਤਾਬਕ, ਖਾਣ-ਪੀਣ ਦੀਆਂ ਚੀਜ਼ਾਂ ਵਿੱਚ ਉੱਪਰੋਂ ਮਿਲਾਈ ਗਈ ਖੰਡ (ਐਡਿਡ ਸ਼ੂਗਰ) ਦੀ ਮਾਤਰਾ 12 ਚਮਚ (ਲਗਭਗ 50 ਗ੍ਰਾਮ) ਤੋਂ ਘੱਟ ਹੋਣੀ ਚਾਹੀਦੀ ਹੈ।

ਯੂਕੇ ਵਿੱਚ, ਐਨਐਚਐਸ ਲੋਕਾਂ ਨੂੰ ਰੋਜ਼ਾਨਾ ਸੱਤ ਚਮਚ (30 ਗ੍ਰਾਮ) ਤੋਂ ਘੱਟ ਖੰਡ ਖਾਣ ਦੀ ਸਲਾਹ ਦਿੰਦਾ ਹੈ। ਯੂਐਸ ਨੈਸ਼ਨਲ ਹੈਲਥ ਐਂਡ ਨਿਊਟ੍ਰਿਸ਼ਨ ਐਗਜ਼ਾਮਿਨੇਸ਼ਨ ਸਰਵੇਖਣ ਦੇ ਮੁਤਾਬਕ, ਹਕੀਕਤ ਵਿੱਚ ਅਮਰੀਕਾ 'ਚ ਬਾਲਗ ਰੋਜ਼ਾਨਾ 16-17 ਚਮਚ (65-70 ਗ੍ਰਾਮ) ਤੋਂ ਵੀ ਵੱਧ ਖੰਡ ਖਾ ਲੈਂਦੇ ਹਨ। ਇਸਨੂੰ ਸੌਖੇ ਸ਼ਬਦਾਂ ਵਿੱਚ ਸਮਝੋ ਤਾਂ 4 ਗ੍ਰਾਮ ਖੰਡ ਦਾ ਮਤਲਬ ਹੈ ਲਗਭਗ ਇੱਕ ਚਮਚ ਖੰਡ (ਸਮਤਲ ਢੰਗ ਨਾਲ ਭਰਿਆ ਹੋਇਆ)।

ਇੰਨੀ ਸਾਰੀ ਖੰਡ ਛੱਡਣਾ ਵੀ ਕੋਈ ਆਸਾਨ ਕੰਮ ਨਹੀਂ ਹੈ। ਪਰ ਮੈਂ ਫੈਸਲਾ ਕੀਤਾ ਕਿ ਮੈਂ ਦੇਖਾਂਗੀ ਕਿ ਕੀ ਵਾਕਈ ਆਪਣੀ ਰੋਜ਼ਾਨਾ ਦੀ ਖੰਡ ਜਾਂ ਮਿੱਠਾ ਖਾਣ ਦੀ ਆਦਤ ਨੂੰ ਤੋੜਨਾ ਸੰਭਵ ਹੈ।

ਮੈਂ ਆਪਣੇ ਆਪ ਨੂੰ ਇੱਕ ਚੁਣੌਤੀ ਦਿੱਤੀ ਕਿ ਮੈਂ ਛੇ ਹਫ਼ਤਿਆਂ ਤੱਕ ਅਜਿਹੀ ਕੋਈ ਵੀ ਚੀਜ਼ ਨਹੀਂ ਖਾਵਾਂਗੀ ਜਿਸ ਵਿੱਚ ਉੱਪਰੋਂ ਰਿਫਾਈਂਡ ਖੰਡ ਮਿਲਾਈ ਗਈ ਹੋਵੇ। ਮੈਂ ਸ਼ਹਿਦ ਅਤੇ ਫਲਾਂ ਦੇ ਜੂਸ ਤੋਂ ਵੀ ਪਰਹੇਜ਼ ਕੀਤਾ, ਪਰ ਮੈਂ ਸਾਬਤ ਫਲ ਖਾਂਦੀ ਰਹੀ ਜਿਨ੍ਹਾਂ ਵਿੱਚ ਕੁਦਰਤੀ ਤੌਰ 'ਤੇ ਖੰਡ ਹੁੰਦੀ ਹੈ, ਨਾਲ ਹੀ ਮੈਂ ਕਾਮਪਲੇਕਸ ਕਾਰਬੋਹਾਈਡਰੇਟ ਵੀ ਖਾਦੇ – ਜਿਨ੍ਹਾਂ ਨੂੰ ਖਾਣ 'ਤੇ ਸਾਡਾ ਸਰੀਰ ਉਨ੍ਹਾਂ ਨੂੰ ਤੋੜ ਕੇ ਗਲੂਕੋਜ਼ ਵਿੱਚ ਬਦਲ ਦਿੰਦਾ ਹੈ ਅਤੇ ਇਹੀ ਗਲੂਕੋਜ਼ ਸਾਡੇ ਸਰੀਰ ਅਤੇ ਦਿਮਾਗ ਲਈ ਊਰਜਾ ਦਾ ਮੁੱਖ ਸਰੋਤ ਹੁੰਦਾ ਹੈ।

ਸ਼ੁਰੂ ਤੋਂ ਹੀ, ਮੈਂ ਆਪਣੀ ਊਰਜਾ ਦੇ ਪੱਧਰ ਅਤੇ ਆਪਣੇ ਮਹਿਸੂਸ ਕਰਨ ਦੇ ਤਰੀਕੇ ਵਿੱਚ ਕੁਝ ਹੈਰਾਨ ਕਰਨ ਵਾਲੇ ਬਦਲਾਅ ਵੇਖੇ।

ਦੁਪਹਿਰ ਦੇ ਖਾਣੇ ਤੋਂ ਬਾਅਦ ਆਉਣ ਵਾਲੀ ਸੁਸਤੀ ਦੂਰ ਹੋ ਗਈ, ਪਰ ਮੈਂ ਅਕਸਰ ਬੇਮਨੀ ਹੋਕੇ ਆਪਣੇ ਫ੍ਰਿਜ ਵਿੱਚ ਝਾਕਦੀ ਰਹਿੰਦੀ ਸੀ ਅਤੇ ਕੁਝ ਮਜ਼ੇਦਾਰ (ਮਿੱਠਾ) ਖਾਣ ਲਈ ਲੱਭਦੀ ਰਹਿੰਦੀ ਸੀ, ਪਰ ਮੈਨੂੰ ਕੁਝ ਨਹੀਂ ਮਿਲਦਾ ਸੀ। ਮੈਨੂੰ ਇੰਝ ਲੱਗਦਾ ਸੀ ਕਿ ਮੈਂ ਕਿਸੇ ਚੀਜ਼ ਤੋਂ ਵਾਂਝੀ ਰਹਿ ਰਹੀ ਹਾਂ।

ਖੰਡ ਹਰ ਥਾਂ ਹੈ

ਮੇਲਿਸਾ

ਤਸਵੀਰ ਸਰੋਤ, BBC/ Getty Images

ਤਸਵੀਰ ਕੈਪਸ਼ਨ, ਮੇਲਿਸਾ ਨੇ ਆਪਣੇ ਆਪ ਨੂੰ ਇੱਕ ਚੁਣੌਤੀ ਦਿੱਤੀ ਕਿ ਉਹ ਛੇ ਹਫ਼ਤਿਆਂ ਤੱਕ ਅਜਿਹੀ ਕੋਈ ਵੀ ਚੀਜ਼ ਨਹੀਂ ਖਾਣਗੇ ਜਿਸ ਵਿੱਚ ਉੱਪਰੋਂ ਰਿਫਾਈਂਡ ਖੰਡ ਮਿਲਾਈ ਗਈ ਹੋਵੇ

ਸਭ ਤੋਂ ਪਹਿਲਾਂ ਤਾਂ ਇਹ ਸੋਚਣਾ ਜ਼ਰੂਰੀ ਹੈ ਕਿ ਸਾਡੇ ਖਾਣੇ ਵਿੱਚ ਕਿੰਨੀ ਖੰਡ ਮਿਲਾਈ ਜਾਂਦੀ ਹੈ।

ਹੈਰਾਨੀ ਦੀ ਗੱਲ ਹੈ ਕਿ ਮੈਨੂੰ ਖੰਡ ਨਾ ਖਾਣਾ ਜਾਂ ਇਸ ਨੂੰ ਨਜ਼ਰਅੰਦਾਜ਼ ਕਰਨਾ ਕਿੰਨਾ ਔਖਾ ਲੱਗਾ। ਆਪਣੇ ਆਲੇ-ਦੁਆਲੇ ਦੇ ਸੁਪਰਮਾਰਕੀਟ ਦੀਆਂ ਸ਼ੈਲਫਾਂ ਨੂੰ ਦੇਖਦਿਆਂ, ਮੈਂ ਅਜਿਹੇ ਖਾਣਿਆਂ ਵਿੱਚ ਵੀ ਖੰਡ ਦੇਖੀ ਜਿਨ੍ਹਾਂ ਦੀ ਮੈਨੂੰ ਉਮੀਦ ਤੱਕ ਨਹੀਂ ਸੀ, ਜਿਵੇਂ ਕਿ ਇੱਕ ਡੇਲੀ ਸਾਰਡੋ ਸੈਂਡਵਿਚ, ਜਿਸ ਵਿੱਚ 5.7 ਗ੍ਰਾਮ ਖੰਡ ਸੀ, ਅਤੇ ਇੱਕ ਬੋਲੋਗਨੀਜ਼ ਰੈਡੀ ਮੀਲ ਵਿੱਚ 9 ਗ੍ਰਾਮ ਖੰਡ ਸੀ।

ਨਾਸ਼ਤੇ ਦੇ ਕਈ ਸੀਰੀਅਲਜ਼ ਵਿੱਚ ਉਪਰੋਂ ਦੀ ਵੀ ਖੰਡ ਪਾਈ ਹੁੰਦੀ ਹੈ ਅਤੇ ਸੁਪਰਮਾਰਕੀਟ ਤੋਂ ਆਮ ਤੌਰ 'ਤੇ ਖਰੀਦੀ ਜਾਣ ਵਾਲੀ ਬ੍ਰੈੱਡ ਦੇ ਇੱਕ ਸਲਾਈਸ ਵਿੱਚ ਲਗਭਗ 1.2 ਗ੍ਰਾਮ ਖੰਡ ਹੁੰਦੀ ਹੈ।

ਕਈ ਖਾਣ ਵਾਲੇ ਅਲਟਰਾ-ਪ੍ਰੋਸੈਸਡ ਪਦਾਰਥਾਂ ਵਿੱਚ ਵੀ ਖੰਡ ਵੱਧ ਮਾਤਰਾ ਵਿੱਚ ਹੁੰਦੀ ਹੈ – ਜਿਨ੍ਹਾਂ ਦੇ ਸਿਹਤ 'ਤੇ ਮਾੜੇ ਅਸਰ ਪੈਂਦੇ ਹਨ ਅਤੇ ਜਿਨ੍ਹਾਂ ਵਿੱਚ ਫਲ, ਸਬਜ਼ੀਆਂ ਅਤੇ ਪੂਰੇ ਅਨਾਜ ਵਰਗੀ ਖੁਰਾਕ ਨਾਲੋਂ ਘੱਟ ਪੋਸ਼ਕ ਤੱਤ ਹੁੰਦੇ ਹਨ।

ਸਾਡੇ ਖਾਣੇ ਵਿੱਚ ਖੰਡ ਦੇ ਕਈ ਵੱਖ-ਵੱਖ ਰੂਪ ਹੁੰਦੇ ਹਨ। ਗਲੂਕੋਜ਼ ਸ਼ਾਇਦ ਸਭ ਤੋਂ ਆਮ ਹੈ, ਪਰ ਫਲਾਂ ਅਤੇ ਕਈ ਸਿਰਪਾਂ ਵਿੱਚ ਫ੍ਰਕਟੋਜ਼, ਦੁੱਧ ਵਿੱਚ ਲੈਕਟੋਜ਼, ਅਤੇ ਸੁਕਰੋਜ਼ ਵੀ ਹੁੰਦਾ ਹੈ, ਜਿਸਨੂੰ ਆਮ ਤੌਰ 'ਤੇ 'ਟੇਬਲ ਸ਼ੂਗਰ' ਕਿਹਾ ਜਾਂਦਾ ਹੈ ਅਤੇ ਇਹ ਸਾਡੇ ਆਹਾਰ ਵਿੱਚ ਮਿਲਾਈ ਗਈ "ਫ੍ਰੀ ਸ਼ੂਗਰ" ਦੇ ਮੁੱਖ ਰੂਪਾਂ ਵਿੱਚੋਂ ਇੱਕ ਹੈ।

ਫ੍ਰੀ ਸ਼ੂਗਰ ਜੂਸ, ਸਿਰਪ ਅਤੇ ਸ਼ਹਿਦ ਵਿੱਚ ਵੀ ਮਿਲਦੀ ਹੈ, ਕਿਉਂਕਿ ਇਹ ਸਾਡੇ ਖਾਣੇ ਦੀਆਂ ਕੋਸ਼ਿਕਾਵਾਂ ਵਿੱਚ ਬੱਝੀ ਹੋਈ ਨਹੀਂ ਹੁੰਦੀ। ਇਹ ਰਿਫਾਈਂਡ ਫ੍ਰੀ ਸ਼ੂਗਰ ਜਾਂ ਮੀਠਾ ਸਿਹਤ 'ਤੇ ਪੈਣ ਵਾਲੇ ਮਾੜੇ ਅਸਰ ਵਿੱਚ ਸਭ ਤੋਂ ਵੱਧ ਯੋਗਦਾਨ ਪਾਉਂਦਾ ਹੈ।

ਮਿਸ਼ਿਗਨ ਯੂਨੀਵਰਸਿਟੀ ਵਿੱਚ ਮਨੋਵਿਗਿਆਨ ਦੇ ਪ੍ਰੋਫੈਸਰ ਐਸ਼ਲੇ ਗੇਅਰਹਾਰਡਟ ਕਹਿੰਦੇ ਹਨ, "ਅਸੀਂ ਜਨਮ ਤੋਂ ਹੀ ਮਿੱਠਾ ਸਵਾਦ ਪਸੰਦ ਕਰਦੇ ਹਾਂ, ਸ਼ੁਰੂਆਤੀ ਦਿਨਾਂ ਵਿੱਚ ਇਹ ਮਾਂ ਦੇ ਦੁੱਧ ਦਾ ਹਿੱਸਾ ਹੁੰਦਾ ਹੈ, ਜਦੋਂ ਤੁਹਾਡਾ ਵਜ਼ਨ ਤੇਜ਼ੀ ਨਾਲ ਵਧਣਾ ਚਾਹੀਦਾ ਹੈ।"

ਉਹ ਕਹਿੰਦੇ ਹਨ ਕਿ ਸਮੱਸਿਆ ਇਹ ਹੈ ਕਿ "ਅਸੀਂ ਬਹੁਤ ਹੀ ਸਸਤੇ ਵਿੱਚ ਮਿੱਠਾ ਸਵਾਦ ਦੇਣ ਵਿੱਚ ਇੰਨੇ ਮਾਹਿਰ ਹੋ ਗਏ ਹਾਂ।"

ਖੰਡ ਸਾਡੇ ਨਾਲ ਕੀ ਕਰਦੀ ਹੈ?

ਕਾਟਨ ਕੈਂਡੀ ਖਾਂਦੇ ਬਜ਼ੁਰਗ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਉਹ ਲੱਖਾਂ ਲੋਕ ਜੋ ਬਹੁਤ ਜ਼ਿਆਦਾ ਮਿੱਠਾ ਖਾਂਦੇ ਹਨ, ਜੇ ਉਹ ਇਸਨੂੰ ਘੱਟ ਕਰ ਦੇਣ ਤਾਂ ਉਨ੍ਹਾਂ ਦੀ ਸਿਹਤ ਨੂੰ ਬਹੁਤ ਫਾਇਦਾ ਹੋਵੇਗਾ

ਖੋਜ ਦੱਸਦੀ ਹੈ ਕਿ ਜਦੋਂ ਅਸੀਂ ਵੱਧ ਮਿੱਠੇ ਵਾਲਾ ਖਾਣਾ ਖਾਂਦੇ ਹਾਂ, ਤਾਂ ਇਸ ਨਾਲ ਸਾਡੇ ਖੂਨ ਵਿੱਚ ਸ਼ੂਗਰ ਦਾ ਪੱਧਰ ਤੇਜ਼ੀ ਨਾਲ ਵਧ ਜਾਂਦਾ ਹੈ। ਹਾਲਾਂਕਿ ਖਾਣ ਤੋਂ ਬਾਅਦ ਇਹ ਇੱਕ ਆਮ ਪ੍ਰਕਿਰਿਆ ਹੈ, ਪਰ ਜੇ ਇਹ ਬਹੁਤ ਵਾਰ ਹੁੰਦਾ ਹੈ, ਤਾਂ ਅਸੀਂ ਇੰਸੁਲਿਨ ਪ੍ਰਤੀ ਰੋਧੀ ਹੋ ਸਕਦੇ ਹਾਂ ਅਤੇ ਟਾਈਪ 2 ਡਾਇਬਟੀਜ਼ ਦਾ ਖਤਰਾ ਵਧ ਜਾਂਦਾ ਹੈ।

ਵੱਧ ਮਿੱਠੇ ਜਾਂ ਖੰਡ ਵਾਲੇ ਆਹਾਰ ਦਾ ਸਬੰਧ ਦੰਦਾਂ ਵਿੱਚ ਸੜਨ, ਸੋਜਸ਼, ਮੋਟਾਪੇ, ਐਲਜ਼ਾਈਮਰ ਅਤੇ ਕੈਂਸਰ ਨਾਲ ਵੀ ਹੈ।

ਗੇਅਰਹਾਰਡਟ ਕਹਿੰਦੇ ਹਨ, "ਡਾਇਬਟੀਜ਼ ਵਰਗੀਆਂ ਆਹਾਰ ਨਾਲ ਜੁੜੀਆਂ ਬਿਮਾਰੀਆਂ ਹੁਣ ਸ਼ਰਾਬ ਅਤੇ ਅਫੀਮ ਨਾਲੋਂ ਵੀ ਵੱਧ ਲੋਕਾਂ ਦੀ ਜਾਨ ਲੈ ਰਹੀਆਂ ਹਨ, ਅਤੇ [ਗੈਰ-ਸਿਹਤਮੰਦ ਖਾਣਾ] ਦੁਨੀਆ ਦਾ ਸਭ ਤੋਂ ਜਾਨਲੇਵਾ ਪਦਾਰਥ ਬਣਨ ਦੀ ਦੌੜ ਵਿੱਚ ਤੰਬਾਕੂ ਨੂੰ ਵੀ ਟੱਕਰ ਦੇ ਰਿਹਾ ਹੈ।"

ਉਦਾਹਰਣ ਲਈ, ਇਹ ਪਾਇਆ ਗਿਆ ਹੈ ਕਿ ਮਿੱਠਾ ਲੀਵਰ ਵਿੱਚ ਫੈਟ ਵਧਾਉਂਦੀ ਹੈ। ਇੱਕ ਰੈਂਡਮਾਈਜ਼ਡ ਕੰਟਰੋਲਡ ਟ੍ਰਾਇਲ ਵਿੱਚ, ਜਿਨ੍ਹਾਂ ਲੋਕਾਂ ਨੇ ਕਈ ਹਫ਼ਤਿਆਂ ਤੱਕ ਵੱਧ ਮਿੱਠੇ ਵਾਲੇ ਪੇਅ ਪਦਾਰਥ ਪੀਤੇ, ਉਨ੍ਹਾਂ ਦੇ ਲੀਵਰ ਵਿੱਚ ਫੈਟ ਦੀ ਮਾਤਰਾ ਲਗਭਗ ਦੁੱਗਣੀ ਪਾਈ ਗਈ, ਭਾਵੇਂ ਉਨ੍ਹਾਂ ਨੇ ਕੁੱਲ ਮਿਲਾਕੇ ਓਨੀ ਹੀ ਕੈਲੋਰੀ ਲਈ ਹੋਵੇ।

ਰੋਬਰਟ ਲਸਟਿੰਗ, ਜੋ ਇਸ ਟ੍ਰਾਇਲ ਦੇ ਸਹਿ-ਲੇਖਕ ਅਤੇ ਮਿੱਠੇ ਦੇ ਨੁਕਸਾਨ ਦੱਸਣ ਬਾਰੇ ਇੱਕ ਮਸ਼ਹੂਰ ਮਾਹਿਰ ਹਨ, ਦੱਸਦੇ ਹਨ ਕਿ ਫ੍ਰਕਟੋਜ਼ – ਜਿਵੇਂ ਕਿ ਕਾਰਨ (ਮੱਕੀ) ਸਿਰਪ ਵਿੱਚ ਮਿਲਦਾ ਹੈ – ਮਾਈਟੋਕੌਂਡਰੀਆ ਲਈ ਜ਼ਹਿਰੀਲਾ ਹੁੰਦਾ ਹੈ। ਮਾਈਟੋਕੌਂਡਰੀਆ ਉਹ ਸੈੱਲੂਲਰ ਮਸ਼ੀਨਰੀ ਹੈ ਜੋ ਸਾਡੇ ਸਰੀਰ ਨੂੰ ਚਲਾਉਂਦੀ ਹੈ।

ਉਹ ਕਹਿੰਦੇ ਹਨ, "ਇਹ ਅਸਲ ਵਿੱਚ ਮਾਈਟੋਕੌਂਡਰੀਆ ਨੂੰ ਨਸ਼ਟ ਕਰ ਦਿੰਦਾ ਹੈ ਅਤੇ ਊਰਜਾ ਦੇ ਖਰਚ ਨੂੰ ਘੱਟ ਕਰ ਦਿੰਦਾ ਹੈ, ਇਸ ਲਈ ਤੁਹਾਨੂੰ ਨਵੇਂ ਮਾਈਟੋਕੌਂਡਰੀਆ ਬਣਾਉਣੇ ਪੈਂਦੇ ਹਨ।"

ਉਨ੍ਹਾਂ ਮੈਨੂੰ ਦੱਸਿਆ ਕਿ ਇਸ ਕਰਕੇ ਤੁਹਾਨੂੰ ਸਿਹਤ ਠੀਕ ਨਹੀਂ ਲੱਗ ਸਕਦੀ, ਥੱਕੇ ਹੋਏ, ਸੁਸਤ ਅਤੇ ਚਿੜਚਿੜਾ ਮਹਿਸੂਸ ਕਰ ਸਕਦੇ ਹੋ ਅਤੇ ਤੁਹਾਡੇ ਦਿਮਾਗ ਵਿੱਚ ਉਲਝਣ (ਬ੍ਰੇਨ ਫੌਗ) ਵਧ ਸਕਦਾ ਹੈ।

ਮੈਂ ਨਿਸ਼ਚਿਤ ਤੌਰ 'ਤੇ ਮਹਿਸੂਸ ਕੀਤਾ ਕਿ ਜਿਵੇਂ-ਜਿਵੇਂ ਮੈਂ ਮਿੱਠੇ ਤੋਂ ਪਰਹੇਜ਼ ਜਾਰੀ ਰੱਖਿਆ, ਦਿਨ ਭਰ ਮੇਰੀ ਊਰਜਾ ਦਾ ਪੱਧਰ ਹੋਰ ਸਥਿਰ ਬਣਿਆ ਰਿਹਾ।

ਨਵੀਂ ਰਿਸਰਚ ਤੋਂ ਇਹ ਵੀ ਸੁਝਾਅ ਮਿਲਦਾ ਹੈ ਕਿ ਵੱਧ ਮਿੱਠਾ ਖਾਣ ਵਾਲੀ ਡਾਇਟ ਦਾ ਸਬੰਧ ਵੱਧ ਮਾਨਸਿਕ ਪਰੇਸ਼ਾਨੀ ਨਾਲ ਹੁੰਦਾ ਹੈ, ਜਿਸ ਵਿੱਚ ਐਂਗਜ਼ਾਇਟੀ ਅਤੇ ਡਿਪ੍ਰੈਸ਼ਨ (ਘਬਰਾਹਟ ਅਤੇ ਤਣਾਅ) ਦੇ ਲੱਛਣ ਵੀ ਸ਼ਾਮਲ ਹਨ।

ਹਾਲਾਂਕਿ ਇਹ ਸਭ ਸੁਣ ਕੇ ਚਿੰਤਾ ਹੋ ਸਕਦੀ ਹੈ, ਪਰ ਇੱਕ ਸਿਹਤਮੰਦ ਖੁਰਾਕ ਦੇ ਹਿੱਸੇ ਵਜੋਂ ਥੋੜ੍ਹੀ ਮਾਤਰਾ ਵਿੱਚ ਮਿੱਠਾ ਖਾਣਾ ਠੀਕ ਹੈ। ਪਰ ਇਹ ਵੀ ਸਪਸ਼ਟ ਹੈ ਕਿ ਉਹ ਲੱਖਾਂ ਲੋਕ ਜੋ ਬਹੁਤ ਜ਼ਿਆਦਾ ਮਿੱਠਾ ਖਾਂਦੇ ਹਨ, ਜੇ ਉਹ ਇਸਨੂੰ ਘੱਟ ਕਰ ਦੇਣ ਤਾਂ ਉਨ੍ਹਾਂ ਦੀ ਸਿਹਤ ਨੂੰ ਬਹੁਤ ਫਾਇਦਾ ਹੋਵੇਗਾ।

ਲਤ ਲਗਾਉਣ ਵਾਲੇ ਗੁਣ

ਕੁਲਫੀਆਂ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਈ ਮਾਹਰ ਮੰਨਦੇ ਹਨ ਕਿ ਮਿੱਠੇ ਵਿੱਚ ਲਤ ਲਗਾਉਣ ਵਾਲੇ ਗੁਣ ਹੁੰਦੇ ਹਨ, ਹਾਲਾਂਕਿ ਇਸ 'ਤੇ ਅਜੇ ਵੀ ਬਹਿਸ ਜਾਰੀ ਹੈ

ਬਿਨ੍ਹਾਂ ਮਿੱਠੇ ਦੇ ਸ਼ੁਰੂਆਤੀ ਕੁਝ ਦਿਨਾਂ ਵਿੱਚ ਮੈਨੂੰ ਇਸਦੀ ਬਹੁਤ ਤਲਬ ਉੱਠਦੀ ਸੀ, ਖਾਸ ਕਰਕੇ ਜਦੋਂ ਸਮਾਜਿਕ ਮੌਕਿਆਂ 'ਤੇ ਮੈਨੂੰ ਸੁਆਦੀ ਚੀਜ਼ਾਂ ਖਾਣ ਨੂੰ ਮਿਲਦੀਆਂ ਸਨ।

ਇਸਦਾ ਇੱਕ ਬਾਇਲੌਜਿਕਲ ਕਾਰਨ ਵੀ ਹੈ। ਅਮਰੀਕਾ ਦੀ ਬਿੰਗਹੈਮਟਨ ਯੂਨੀਵਰਸਿਟੀ ਵਿੱਚ ਹੈਲਥ ਅਤੇ ਵੈੱਲਨੈੱਸ ਦੇ ਐਸੋਸੀਏਟ ਪ੍ਰੋਫੈਸਰ ਅਤੇ ਰਜਿਸਟਰਡ ਡਾਇਟੀਸ਼ੀਅਨ ਲੀਨਾ ਬੇਗਡਾਚੇ ਦੱਸਦੇ ਹਨ ਕਿ ਜਦੋਂ ਅਸੀਂ ਮਿੱਠਾ ਖਾਂਦੇ ਹਾਂ, ਤਾਂ ਇਹ ਸਾਡੇ ਦਿਮਾਗ ਦੀ ਕੈਮਿਸਟ੍ਰੀ ਨੂੰ ਉਸੇ ਤਰ੍ਹਾਂ ਬਦਲ ਸਕਦਾ ਹੈ, ਜਿਵੇਂ ਉਨ੍ਹਾਂ ਲੋਕਾਂ ਵਿੱਚ ਦੇਖਿਆ ਜਾਂਦਾ ਹੈ ਜਿਨ੍ਹਾਂ ਨੂੰ ਓਪੀਓਇਡਜ਼ ਦੀ ਲਤ ਹੁੰਦੀ ਹੈ।

ਮਿੱਠਾ ਖਾਣ ਨਾਲ ਦਿਮਾਗ ਦਾ 'ਰਿਵਾਰਡ ਸਿਸਟਮ' ਵੀ ਐਕਟਿਵ ਹੋ ਜਾਂਦਾ ਹੈ। ਖੋਜ ਦੱਸਦੀ ਹੈ ਕਿ ਜਿਨ੍ਹਾਂ ਲੋਕਾਂ ਨੂੰ ਮਿੱਠੇ ਦੀ ਬਹੁਤ ਤਲਬ ਉੱਠਦੀ ਹੈ, ਮਿੱਠਾ ਖਾਣ 'ਤੇ ਉਨ੍ਹਾਂ ਵਿੱਚ 'ਚੰਗਾ ਮਹਿਸੂਸ ਕਰਾਉਣ ਵਾਲੇ' ਹਾਰਮੋਨ - ਡੋਪਾਮਾਈਨ - ਦਾ ਪੱਧਰ ਵੀ ਜ਼ਿਆਦਾ ਵਧ ਜਾਂਦਾ ਹੈ। ਇਸਦਾ ਮਤਲਬ ਹੈ ਕਿ ਮਿੱਠਾ ਖਾਣ ਨਾਲ ਸਾਨੂੰ ਖੁਸ਼ੀ ਅਤੇ ਰਿਵਾਰਡ ਵਰਗਾ ਮਹਿਸੂਸ ਹੁੰਦਾ ਹੈ।

ਇਸ ਲਈ, ਕਈ ਮਾਹਿਰ ਮੰਨਦੇ ਹਨ ਕਿ ਮਿੱਠੇ ਵਿੱਚ ਲਤ ਲਗਾਉਣ ਵਾਲੇ ਗੁਣ ਹੁੰਦੇ ਹਨ, ਹਾਲਾਂਕਿ ਇਸ 'ਤੇ ਅਜੇ ਵੀ ਬਹਿਸ ਜਾਰੀ ਹੈ।

ਗੇਅਰਹਾਰਡਟ ਅੱਗੇ ਕਹਿੰਦੇ ਹਨ ਕਿ ਫਲਾਂ ਵਰਗੀਆਂ ਹੋਰ ਕੁਦਰਤੀ ਮਿੱਠੀਆਂ ਚੀਜ਼ਾਂ ਸਾਡੇ ਡੋਪਾਮਾਈਨ ਸਿਸਟਮ ਲਈ ਘੱਟ ਦਿਲਚਸਪ ਹੋ ਸਕਦੀਆਂ ਹਨ।

ਐਸ਼ਲੇ ਗੇਅਰਹਾਰਡਟ - ਮਨੋਵਿਗਿਆਨ ਦੇ ਪ੍ਰੋਫੈਸਰ, ਮਿਸ਼ਿਗਨ ਯੂਨੀਵਰਸਿਟੀ

ਅਸਲ ਵਿੱਚ ਮਿੱਠੇ ਦੀ ਤਲਬ ਜਿੰਨੀ ਵੱਧ ਹੁੰਦੀ ਹੈ, ਸਾਨੂੰ ਰਿਵਾਰਡ ਜਾਂ ਖੁਸ਼ੀ ਦਾ ਅਹਿਸਾਸ ਵੀ ਓਨਾ ਹੀ ਵੱਧ ਹੁੰਦਾ ਹੈ, ਜਿਸ ਨਾਲ ਇਹ ਸਿਲਸਿਲਾ ਹੋਰ ਮਜ਼ਬੂਤ ਹੁੰਦਾ ਜਾਂਦਾ ਹੈ ਅਤੇ ਸਾਡੇ ਦਿਮਾਗ ਦੀ ਵਾਇਰਿੰਗ ਇਸ ਤਰ੍ਹਾਂ ਬਦਲ ਸਕਦੀ ਹੈ ਕਿ ਸਾਨੂੰ ਇਸਦੀ ਹੋਰ ਵੱਧ ਤਲਬ ਹੋਣ ਲੱਗਦੀ ਹੈ।

ਉਦਾਹਰਣ ਵਜੋਂ, ਜਿਨ੍ਹਾਂ ਲੋਕਾਂ ਨੇ ਅੱਠ ਹਫ਼ਤਿਆਂ ਤੱਕ ਰੋਜ਼ਾਨਾ ਵੱਧ ਮਿੱਠੇ ਅਤੇ ਵੱਧ ਫੈਟ ਵਾਲੀ ਪੁਡਿੰਗ ਖਾਧੀ, ਉਨ੍ਹਾਂ ਦੇ ਦਿਮਾਗ ਮਿੱਠੇ ਖਾਣੇ ਲਈ ਕਾਫ਼ੀ ਵੱਧ ਸੰਵੇਦਨਸ਼ੀਲ ਹੋ ਗਏ।

ਡੋਪਾਮਾਈਨ ਦਾ 'ਫੀਡਬੈਕ ਲੂਪ' ਇਹ ਸਮਝਣ ਵਿੱਚ ਮਦਦ ਕਰਦਾ ਹੈ ਕਿ ਮਿੱਠਾ ਘੱਟ ਕਰਨਾ ਇੰਨਾ ਮੁਸ਼ਕਲ ਕਿਉਂ ਲੱਗਦਾ ਹੈ।

ਰੋਬਰਟ ਲਸਟਿੰਗ ਕਹਿੰਦੇ ਹਨ, "ਤੁਸੀਂ ਆਪਣੀ ਬਾਇਲੌਜਿਕਲ ਕੈਮਿਸਟ੍ਰੀ ਦੇ ਗੁਲਾਮ ਬਣ ਜਾਂਦੇ ਹੋ। ਇਹੀ ਤਾਂ ਲਤ ਦੀ ਪਰਿਭਾਸ਼ਾ ਹੈ। ਅਤੇ [ਅਮਰੀਕਾ ਦੀ] 20% ਆਬਾਦੀ ਨੂੰ ਮਿੱਠੇ ਦੀ ਲਤ ਹੈ।"

ਇਸ ਲਾਲਚ ਤੋਂ ਬਚਣ ਲਈ, ਮੈਂ ਕੁਝ ਸੰਤੁਸ਼ਟੀ ਦੇਣ ਵਾਲੇ ਬਦਲ ਲੱਭ ਲਏ, ਜਿਵੇਂ ਕਿ ਇੱਕ ਕੇਲੇ ਅਤੇ ਬਲੂਬੇਰੀ ਦਾ ਸ਼ੇਕ, ਜਿਸ ਵਿੱਚ ਇੱਕ ਚਮਚ ਕੋਕੋ ਪਾਊਡਰ ਮਿਲਿਆ ਹੋਵੇ। ਅੰਗੂਰ ਖਾਣ ਨਾਲ ਵੀ ਮੈਨੂੰ ਉਹੀ ਅਸਰ ਮਹਿਸੂਸ ਹੋਇਆ। ਇੱਥੋਂ ਤੱਕ ਕਿ ਸੇਬ ਵੀ ਮੈਨੂੰ ਵੱਧ ਮਿੱਠੇ ਲੱਗਣ ਲੱਗੇ ਸਨ।

ਇਸ ਲਈ, ਭਾਵੇਂ ਮੇਰਾ ਮਨ ਨਹੀਂ ਕਰਦਾ ਸੀ, ਫਿਰ ਵੀ ਮੈਂ ਰੋਜ਼ਾਨਾ ਇੱਕ ਸੇਬ ਖਾ ਲੈਂਦੀ ਸੀ, ਜਿਸ ਨਾਲ ਮਿੱਠੇ ਦੀ ਤਲਬ ਨੂੰ ਕਾਬੂ ਰੱਖਣ ਵਿੱਚ ਮਦਦ ਮਿਲੀ।

ਸਬੂਤ ਇਹ ਵੀ ਦਿਖਾਉਂਦੇ ਹਨ ਕਿ ਜਦੋਂ ਬਲੱਡ ਸ਼ੂਗਰ ਦਾ ਪੱਧਰ ਤੇਜ਼ੀ ਨਾਲ ਘੱਟ ਹੁੰਦਾ ਹੈ, ਤਾਂ ਲੋਕਾਂ ਨੂੰ ਵੱਧ ਭੁੱਖ ਲੱਗਦੀ ਹੈ ਅਤੇ ਇਹ ਅਕਸਰ ਵੱਧ ਮਿੱਠੇ ਵਾਲਾ ਖਾਣਾ ਖਾਣ ਤੋਂ ਬਾਅਦ ਹੁੰਦਾ ਹੈ।

ਇੱਕ ਅਧਿਐਨ ਵਿੱਚ ਪਾਇਆ ਗਿਆ ਕਿ ਜਿਨ੍ਹਾਂ ਲੋਕਾਂ ਨੇ ਵੱਧ ਮਿੱਠਾ ਅਤੇ ਰਿਫਾਈਂਡ ਸਟਾਰਚ ਵਾਲਾ ਮਿਲਕਸ਼ੇਕ (ਹਾਈ ਗਲਾਈਸੈਮਿਕ ਇੰਡੈਕਸ ਵਾਲਾ ਸ਼ੇਕ) ਪੀਤਾ, ਉਨ੍ਹਾਂ ਨੂੰ ਚਾਰ ਘੰਟਿਆਂ ਬਾਅਦ ਵੱਧ ਭੁੱਖ ਲੱਗੀ ਅਤੇ ਉਨ੍ਹਾਂ ਦੇ ਦਿਮਾਗ ਦੇ 'ਰਿਵਾਰਡ ਸੈਂਟਰ' ਵਿੱਚ ਵੱਧ ਸਰਗਰਮੀ ਹੋਈ, ਬਜਾਏ ਉਨ੍ਹਾਂ ਲੋਕਾਂ ਦੇ ਜਿਨ੍ਹਾਂ ਨੇ ਘੱਟ ਗਲਾਈਸੈਮਿਕ ਇੰਡੈਕਸ ਵਾਲਾ ਸ਼ੇਕ ਪੀਤਾ ਸੀ।

ਜਦੋਂ ਅਸੀਂ ਮਿੱਠਾ ਛੱਡ ਦਿੰਦੇ ਹਾਂ, ਤਾਂ ਕੀ ਹੁੰਦਾ ਹੈ?

ਸੇਬ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸੇਬ ਵਰਗੇ ਸਾਬਤ ਫਲਾਂ ਵਿੱਚ ਮੌਜੂਦ ਸ਼ੱਕਰ ਸੈੱਲਾਂ ਵਿੱਚ ਬੱਝੀ ਹੁੰਦੀ ਹੈ, ਜਿਸਦਾ ਮਤਲਬ ਹੈ ਕਿ ਸਾਡੇ ਸਰੀਰ ਨੂੰ ਉਸਨੂੰ ਪ੍ਰਾਪਤ ਕਰਨ ਲਈ ਵਧੇਰੇ ਮਿਹਨਤ ਕਰਨੀ ਪੈਂਦੀ ਹੈ

ਕੈਲੀਫੋਰਨੀਆ ਦੇ ਸਟੈਨਫੋਰਡ ਸਕੂਲ ਆਫ਼ ਮੈਡੀਸਿਨ ਦੇ ਡਾਇਟੀਸ਼ੀਅਨ ਡੇਲੀਨਾ ਪੇਰੇਲਮੈਨ ਨੇ ਮੈਨੂੰ ਦੱਸਿਆ ਕਿ ਮਿੱਠਾ ਛੱਡਣ ਦੇ ਕੁਝ ਹੀ ਦਿਨਾਂ ਵਿੱਚ, ਸਰੀਰ ਨੂੰ ਇਸਦੀ ਘੱਟ ਲੋੜ ਮਹਿਸੂਸ ਹੋਣ ਲੱਗਦੀ ਹੈ।

ਮੇਰੀਆਂ ਸੁਆਦ ਗ੍ਰੰਥੀਆਂ ਹੁਣ ਇਸਦੇ ਅਨੁਸਾਰ ਢਲਣ ਲੱਗੀਆਂ ਸਨ ਅਤੇ ਮਿੱਠੇ ਸੁਆਦ ਲਈ ਹੋਰ ਸੰਵੇਦਨਸ਼ੀਲ ਹੋ ਗਈਆਂ ਸਨ।

ਗੇਅਰਹਾਰਡਟ ਕਹਿੰਦੇ ਹਨ ਕਿ ਫੈਕਟਰੀ ਵਿੱਚ ਬਣੀਆਂ ਮਿੱਠੀਆਂ ਚੀਜ਼ਾਂ ਛੱਡਣ ਨਾਲ ਸਾਡੀ ਸੁਆਦ ਪ੍ਰਣਾਲੀ "ਕੁਦਰਤੀ ਮਿਠਾਸ ਦੀ ਤੀਬਰਤਾ ਦੇ ਅਨੁਸਾਰ ਆਪਣੇ ਆਪ ਨੂੰ ਮੁੜ ਸੰਤੁਲਿਤ" ਕਰ ਸਕਦੀ ਹੈ।

ਮੇਰੇ ਇਸ ਪ੍ਰਯੋਗ ਦੇ ਲਗਭਗ ਤਿੰਨ ਹਫ਼ਤੇ ਬਾਅਦ ਕੁਝ ਦਿਲਚਸਪ ਹੋਣਾ ਸ਼ੁਰੂ ਹੋ ਗਿਆ। ਹੁਣ ਮੈਨੂੰ ਮਿੱਠੀਆਂ ਚੀਜ਼ਾਂ ਦੀ ਪਹਿਲਾਂ ਵਾਂਗ ਨਿਯਮਿਤ ਤਲਬ ਨਹੀਂ ਹੁੰਦੀ ਸੀ। ਜੇ ਦੁਪਹਿਰ ਵੇਲੇ ਮੈਨੂੰ ਥੋੜ੍ਹੀ ਭੁੱਖ ਲੱਗਦੀ ਵੀ ਸੀ, ਤਾਂ ਮੈਂ ਜੈਤੂਨ, ਸੁੱਕੇ ਮੇਵੇ ਅਤੇ ਫਲ ਵਰਗੀਆਂ ਹੋਰ ਸਿਹਤਮੰਦ ਚੀਜ਼ਾਂ ਖਾ ਕੇ ਆਪਣੀ ਭੁੱਖ ਮਿਟਾਉਂਦੀ ਸੀ।

ਬੇਗਡਾਚੇ ਕਹਿੰਦੇ ਹਨ ਕਿ ਮੇਰੀ ਤਲਬ ਘੱਟ ਹੋਣ ਦਾ ਇੱਕ ਕਾਰਨ ਇਹ ਵੀ ਸੀ ਕਿ ਮੈਂ ਮਿੱਠੀਆਂ ਚੀਜ਼ਾਂ ਖਾਣਾ ਘੱਟ ਕਰ ਦਿੱਤਾ ਸੀ, ਜਿਸ ਨਾਲ ਮੇਰੇ ਸੁਆਦ ਵਿੱਚ ਬਦਲਾਅ ਆਇਆ ਅਤੇ ਮੇਰਾ ਮੈਟਾਬੋਲਿਜ਼ਮ ਵੀ ਮੁੜ ਸੰਤੁਲਿਤ ਹੋ ਗਿਆ।

ਪੇਰੇਲਮੈਨ ਅੱਗੇ ਕਹਿੰਦੇ ਹਨ, "ਤੁਸੀਂ ਵੇਖੋਗੇ ਕਿ ਮਿੱਠੇ ਦਾ ਸੁਆਦ ਪਛਾਣਣ ਦੀ ਤੁਹਾਡੀ ਸਮਰੱਥਾ ਇੰਨੀ ਵਧ ਜਾਵੇਗੀ ਕਿ ਤੁਹਾਨੂੰ ਹੁਣ ਓਨੇ ਵੱਧ ਮਿੱਠੇ ਲਈ ਲੋੜ ਨਹੀਂ ਪਵੇਗੀ।''

ਹੁਣ ਉਹ ਸਿਰਫ਼ ਘੱਟ ਮਿੱਠੇ ਵਾਲੇ ਘਰੇ ਬਣੇ ਕੇਕ ਹੀ ਖਾਂਦੇ ਹਨ, ਕਿਉਂਕਿ ਉਨ੍ਹਾਂ ਨੂੰ ਦੁਕਾਨ ਤੋਂ ਖਰੀਦਿਆ ਹੋਇਆ ਕੋਈ ਵੀ ਕੇਕ ਇੰਝ ਲੱਗਦਾ ਹੈ ਜਿਵੇ "ਖੰਡ ਦਾ ਟੁਕੜਾ'' ਖਾ ਲਿਆ ਹੋਵੇ।

ਬੇਗਡਾਚੇ ਦੱਸਦੇ ਹਨ ਕਿ ਮੇਰੇ ਸਰੀਰ ਵਿੱਚ ਟ੍ਰਾਈਗਲਿਸਰਾਈਡ ਦਾ ਪੱਧਰ ਵੀ ਘੱਟ ਹੋ ਗਿਆ ਹੋਵੇਗਾ। ਟ੍ਰਾਈਗਲਿਸਰਾਈਡ ਸਰੀਰ ਵਿੱਚ ਪਾਇਆ ਜਾਣ ਵਾਲਾ ਇੱਕ ਆਮ ਕਿਸਮ ਦਾ ਫੈਟ ਹੈ ਅਤੇ ਵੱਧ ਕੈਲੋਰੀ ਲੈਣ 'ਤੇ ਵੱਧ ਜਾਂਦਾ ਹੈ।

ਮੇਰੀ ਇੰਸੁਲਿਨ ਪ੍ਰਤੀ ਸੰਵੇਦਨਸ਼ੀਲਤਾ ਵਿੱਚ ਵੀ ਸੁਧਾਰ ਹੋਇਆ ਹੋਵੇਗਾ ਕਿਉਂਕਿ ਮਿੱਠੀਆਂ ਚੀਜ਼ਾਂ ਖਾਣ 'ਤੇ ਹੋਣ ਵਾਲੇ ਇੰਸੁਲਿਨ ਦੇ ਉਤਰਾਅ-ਚੜ੍ਹਾਅ ਹੁਣ ਘੱਟ ਮਹਿਸੂਸ ਹੋ ਰਹੇ ਸਨ।

ਉਹ ਕਹਿੰਦੇ ਹਨ, "ਇਹ ਬਿਲਕੁਲ ਕਿਸੇ ਚੀਜ਼ ਨੂੰ ਉਸਦੀ ਸ਼ੁਰੂਆਤੀ ਸਥਿਤੀ (default) 'ਤੇ ਵਾਪਸ ਲਿਆਉਣ ਵਾਂਗ ਹੈ।"

ਜਲੇਬੀ ਖਾਂਦੀ ਮਹਿਲਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਖੋਜ ਦੱਸਦੀ ਹੈ ਕਿ ਜਿਨ੍ਹਾਂ ਲੋਕਾਂ ਨੂੰ ਮਿੱਠੇ ਦੀ ਬਹੁਤ ਤਲਬ ਉੱਠਦੀ ਹੈ, ਮਿੱਠਾ ਖਾਣ 'ਤੇ ਉਨ੍ਹਾਂ ਵਿੱਚ 'ਚੰਗਾ ਮਹਿਸੂਸ ਕਰਾਉਣ ਵਾਲੇ' ਹਾਰਮੋਨ - ਡੋਪਾਮਾਈਨ - ਦਾ ਪੱਧਰ ਵੀ ਜ਼ਿਆਦਾ ਵਧ ਜਾਂਦਾ ਹੈ

ਇਸਦੇ ਬਾਵਜੂਦ, ਪਰਿਵਾਰਕ ਸਮਾਰੋਹਾਂ ਵਿੱਚ ਅਤੇ ਇੱਥੋਂ ਤੱਕ ਕਿ ਮੇਰੇ ਆਪਣੇ ਜਨਮਦਿਨ ਦੀ ਪਾਰਟੀ ਵਿੱਚ ਵੀ ਕੇਕ ਦਾ ਇੱਕ ਛੋਟਾ ਜਿਹਾ ਟੁੱਕੜਾ ਵੀ ਨਾ ਖਾਣਾ ਮੇਰੇ ਲਈ ਕਾਫ਼ੀ ਮੁਸ਼ਕਲ ਤਜਰਬਾ ਸੀ। ਮੇਰੇ ਆਲੇ-ਦੁਆਲੇ ਇੰਨੀਆਂ ਮਿੱਠੀਆਂ ਚੀਜ਼ਾਂ ਮੌਜੂਦ ਹੁੰਦੀਆਂ ਸਨ ਕਿ ਮਿੱਠਾ ਖਾਣ ਦੀ ਭਲ਼ ਕਦੇ ਵੀ ਮੇਰੇ ਤੋਂ ਦੂਰ ਨਹੀਂ ਹੁੰਦੀ ਸੀ।

ਫਿਰ ਵੀ, ਜਿਵੇਂ-ਜਿਵੇਂ ਮੈਂ ਮਿੱਠੇ ਦਾ ਸੇਵਨ ਘੱਟ ਕੀਤਾ, ਮੈਨੂੰ ਮਿਲਣ ਵਾਲੀ ਉਸ 'ਸੰਤੁਸ਼ਟੀ' ਜਾਂ 'ਰਿਵਾਰਡ' ਦਾ ਅਹਿਸਾਸ ਸ਼ਾਇਦ ਘੱਟ ਹੋ ਗਿਆ, ਜੋ ਅਕਸਰ ਡੋਪਾਮਾਈਨ ਹਾਰਮੋਨ ਦੇ ਰਿਲੀਜ਼ ਹੋਣ ਨਾਲ ਜੁੜਿਆ ਹੁੰਦਾ ਹੈ।

ਘੱਟ ਮਿੱਠਾ ਖਾਣ-ਪੀਣ ਦੇ ਸਿਹਤ ਨਾਲ ਜੁੜੇ ਹੋਰ ਵੀ ਕਈ ਫਾਇਦੇ ਹਨ। ਇੱਕ ਛੋਟੇ ਪ੍ਰਯੋਗ ਵਿੱਚ, ਇੱਕ ਟੀਮ ਨੇ 41 ਬੱਚਿਆਂ ਦੇ ਸਮੂਹ ਨੂੰ ਸਿਰਫ਼ 10 ਦਿਨਾਂ ਲਈ ਖਾਣ ਵਿੱਚ ਉੱਪਰੋਂ ਪਾਈ ਗਈ ਚੀਨੀ (ਐਡਿਡ ਸ਼ੂਗਰ) ਨੂੰ ਪੂਰੀ ਤਰ੍ਹਾਂ ਛੱਡਣ ਲਈ ਕਿਹਾ।

ਪ੍ਰਯੋਗ ਦੇ ਅੰਤ ਤੱਕ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਅਤੇ ਸਰੀਰ ਦੀ ਚਰਬੀ ਘੱਟ ਹੋ ਗਈ ਅਤੇ ਉਨ੍ਹਾਂ ਵਿੱਚ ਇਨਸੁਲਿਨ ਪ੍ਰਤੀਰੋਧ ਵੀ ਘੱਟ ਹੋ ਗਿਆ। ਨਾਲ ਹੀ ਉਨ੍ਹਾਂ ਦੇ ਵਿਵਹਾਰ ਵਿੱਚ ਵੀ ਸੁਧਾਰ ਆਇਆ।

ਇੱਕ ਹੋਰ ਖੋਜ, ਜਿਸ ਵਿੱਚ ਅਲਟਰਾ-ਪ੍ਰੋਸੈਸਡ ਖਾਣੇ 'ਤੇ ਧਿਆਨ ਦਿੱਤਾ ਗਿਆ – ਜਿਸ ਵਿੱਚ ਆਮ ਤੌਰ 'ਤੇ ਮਿੱਠਾ ਵੱਧ ਹੁੰਦਾ ਹੈ – ਤੋਂ ਪਤਾ ਲੱਗਿਆ ਕਿ ਜਦੋਂ ਲੋਕ ਘੱਟ ਪ੍ਰੋਸੈਸਡ ਖਾਣਾ ਖਾਂਦੇ ਹਨ, ਤਾਂ ਉਨ੍ਹਾਂ ਨੂੰ ਖਾਣ ਦੀ ਭਲ਼ ਘੱਟ ਲੱਗਦੀ ਹੈ ਅਤੇ ਉਨ੍ਹਾਂ ਵਿੱਚ ਵੱਧ ਊਰਜਾ ਰਹਿੰਦੀ ਹੈ।

ਮਿੱਠਾ ਮੇਰੇ ਸਰੀਰ 'ਤੇ ਕੀ ਅਸਰ ਪਾਉਂਦਾ ਹੈ, ਇਸਦੀ ਸਪਸ਼ਟ ਤਸਵੀਰ ਮਿਲਣ ਨਾਲ ਮੇਰੇ ਲਈ ਮੇਰੀਆਂ ਆਦਤਾਂ ਬਦਲਣਾ ਆਸਾਨ ਹੋ ਗਿਆ। ਹੁਣ ਮੈਨੂੰ ਮਿੱਠੀਆਂ ਚੀਜ਼ਾਂ ਓਨੀਆਂ ਆਕਰਸ਼ਕ ਨਹੀਂ ਲੱਗਦੀਆਂ ਸਨ। ਮੈਂ ਘਰ ਵਿੱਚ ਵੀ ਮਿੱਠੀਆਂ ਚੀਜ਼ਾਂ ਤੋਂ ਦੂਰ ਰਹਿਣ ਵਿੱਚ ਕਾਮਯਾਬ ਰਹੀ ਅਤੇ ਇਹ ਯਕੀਨੀ ਬਣਾਇਆ ਕਿ ਮੇਰੇ ਕੋਲ ਖਾਣ ਲਈ ਕਾਫ਼ੀ ਸਿਹਤਮਤ ਖਾਣੇ ਮੌਜੂਦ ਹੋਣ।

ਮੈਂ ਜੂਸ ਦੀ ਥਾਂ ਫਿਜ਼ੀ ਪਾਣੀ ਪੀਣਾ ਸ਼ੁਰੂ ਕਰ ਦਿੱਤਾ, ਜਿਸ ਵਿੱਚ ਮੈਂ ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਮਿਲਾ ਲੈਂਦੀ ਸੀ। ਮੈਨੂੰ ਲੱਗਿਆ ਕਿ ਇਸ ਨਾਲ ਮੇਰੀ ਪਿਆਸ ਚੰਗੀ ਤਰ੍ਹਾਂ ਬੁਝ ਜਾਂਦੀ ਹੈ।

ਮਿੱਠੇ ਨੂੰ ਮੁੜ ਸ਼ਾਮਲ ਕਰਨਾ

ਚਾਕਲੇਟ ਖਾਂਦੀ ਮਹਿਲਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫੈਕਟਰੀ ਵਿੱਚ ਬਣੀਆਂ ਮਿੱਠੀਆਂ ਚੀਜ਼ਾਂ ਛੱਡਣ ਨਾਲ ਸਾਡੀ ਸੁਆਦ ਪ੍ਰਣਾਲੀ "ਕੁਦਰਤੀ ਮਿਠਾਸ ਦੀ ਤੀਬਰਤਾ ਦੇ ਅਨੁਸਾਰ ਆਪਣੇ ਆਪ ਨੂੰ ਮੁੜ ਸੰਤੁਲਿਤ" ਕਰ ਸਕਦੀ ਹੈ

ਛੇ ਹਫ਼ਤਿਆਂ ਦੇ ਅਖੀਰ ਵਿੱਚ, ਮੈਂ ਸੱਚਮੁੱਚ ਕਹਿ ਕਸਦੀ ਹਾਂ ਕਿ ਮੈਨੂੰ ਆਪਣੀ ਡਾਈਟ ਵਿੱਚ ਮਿੱਠੇ ਨੂੰ ਮੁੜ ਸ਼ਾਮਲ ਕਰਨ ਦੀ ਕੋਈ ਖਾਸ ਤਲਬ ਨਹੀਂ ਹੋਈ। ਲੀਨਾ ਬੇਗਡਾਚੇ ਨੇ ਮੈਨੂੰ ਦੱਸਿਆ ਕਿ ਸ਼ਾਇਦ ਮੇਰੇ ਦਿਮਾਗ ਵਿੱਚ ਚੱਲ ਰਿਹਾ "ਲਤ ਦਾ ਚੱਕਰ" (ਐਡਿਕਟਿਵ ਲੂਪ) ਹੁਣ ਸ਼ਾਂਤ ਹੋ ਗਿਆ ਸੀ।

ਹੁਣ ਮੈਨੂੰ ਰੋਜ਼ਾਨਾ ਮਿੱਠੇ ਸਨੈਕਸ ਅਤੇ ਅਜਿਹੇ ਖਾਣੇ ਦੀ ਤਲਬ ਨਹੀਂ ਹੁੰਦੀ ਜਿਸ ਵਿੱਚ ਐਡਿਡ ਸ਼ੂਗਰ ਹੁੰਦੀ ਹੈ। ਇੱਥੋਂ ਤੱਕ ਕਿ ਘੱਟ ਮਿੱਠੇ ਵਾਲੇ ਬ੍ਰੇਕਫ਼ਾਸਟ ਸੀਰੀਅਲ ਵੀ ਹੁਣ ਮੈਨੂੰ ਬਹੁਤ ਜ਼ਿਆਦਾ ਮਿੱਠੇ ਲੱਗਦੇ ਹਨ। ਡੇਲੀਆ ਪੇਰੇਲਮੈਨ ਕਹਿੰਦੇ ਹਨ ਕਿ ਇਸ ਬਦਲਾਅ ਨਾਲ ਰੋਜ਼ਾਨਾ ਮਿੱਠੀਆਂ ਚੀਜ਼ਾਂ ਖਾਣ ਦੀ ਪੁਰਾਣੀ ਆਦਤ ਵੱਲ ਵਾਪਸ ਨਾ ਜਾਣ ਵਿੱਚ ਮਦਦ ਮਿਲੇਗੀ ਅਤੇ ਇਹ ਸੌਖਾ ਵੀ ਲੱਗੇਗਾ।

ਤਾਂ ਹੁਣ ਜਦੋਂ ਮੇਰਾ ਛੇ ਹਫ਼ਤਿਆਂ ਦਾ ਪ੍ਰਯੋਗ ਖਤਮ ਹੋ ਚੁੱਕਾ ਹੈ, ਕੀ ਮੈਂ ਫਿਰ ਮਿੱਠੀਆਂ ਚੀਜ਼ਾਂ ਖਾਣਾ ਸ਼ੁਰੂ ਕਰ ਦੇਵਾਂਗੀ? ਸਪਸ਼ਟ ਸ਼ਬਦਾਂ ਵਿੱਚ ਕਹਾਂ ਤਾਂ, ਨਹੀਂ। ਪਰ ਮੈਂ ਕੁਝ ਬਦਲਾਅ ਕਰਨ ਦਾ ਫ਼ੈਸਲਾ ਕੀਤਾ ਹੈ।

ਮਿੱਠੇ ਨੂੰ ਪੂਰੀ ਤਰ੍ਹਾਂ ਛੱਡਣ ਦੀ ਬਜਾਏ, ਮੈਂ ਹਫ਼ਤੇ ਦੇ ਕੰਮਕਾਜ ਵਾਲੇ ਦਿਨਾਂ ਵਿੱਚ ਮਿੱਠੇ ਤੋਂ ਪਰਹੇਜ਼ ਕਰਾਂਗੀ ਅਤੇ ਹਫ਼ਤੇ ਦੇ ਅਖੀਰ ਵਿੱਚ ਆਪਣੇ ਆਪ ਨੂੰ ਮਿੱਠੀਆਂ ਚੀਜ਼ਾਂ ਖਾਣ ਦੀ ਛੋਟ ਦਿਆਂਗੀ। ਸਭ ਤੋਂ ਪਹਿਲਾਂ ਮੈਂ ਇਹ ਬਦਲ ਰਹੀ ਹਾਂ ਕਿ ਮੈਂ ਮਿੱਠਾ ਖਾਣ ਬਾਰੇ ਕਿਵੇਂ ਸੋਚਦੀ ਹਾਂ।

ਜਦੋਂ ਮੈਂ ਆਖ਼ਿਰਕਾਰ ਇੱਕ 'ਟ੍ਰਿਪਲ ਚਾਕਲੇਟ ਚਿਪ ਕੁਕੀ' (ਜਿਸ ਵਿੱਚ ਇੱਕ ਕੁਕੀ ਵਿੱਚ 28 ਗ੍ਰਾਮ ਖੰਡ ਹੁੰਦੀ ਹੈ) ਦੇ ਰੂਪ ਵਿੱਚ ਥੋੜ੍ਹੀ ਚੀਨੀ ਮੁੜ ਖਾਣੀ ਸ਼ੁਰੂ ਕੀਤੀ, ਤਾਂ ਮੈਨੂੰ ਇਸਨੂੰ ਖਾਣ ਦਾ ਬਿਲਕੁਲ ਵੀ ਮਨ ਨਹੀਂ ਹੋਇਆ।

ਮੈਂ ਆਪਣੇ ਆਪ ਨੂੰ ਜ਼ਬਰਦਸਤੀ ਉਹ ਕੁਕੀ ਖਾਣ ਲਈ ਮਜਬੂਰ ਕੀਤਾ ਕਿਉਂਕਿ ਮੈਂ ਦੇਖਣਾ ਚਾਹੁੰਦੀ ਸੀ ਕਿ ਮੇਰਾ ਸਰੀਰ ਇਸ 'ਤੇ ਕਿਵੇਂ ਪ੍ਰਤੀਕਿਰਿਆ ਕਰਦਾ ਹੈ, ਤਾਂ ਜੋ ਇਸ ਬਾਰੇ ਇਸ ਲੇਖ ਵਿੱਚ ਜਾਣਕਾਰੀ ਸਾਂਝਾ ਕਰ ਸਕਾਂ।

ਉਹ ਕੁਕੀ ਮੈਨੂੰ ਬਹੁਤ ਜ਼ਿਆਦਾ ਮਿੱਠੀ ਲੱਗੀ ਅਤੇ ਉਸ ਵਿੱਚ ਚਾਕਲੇਟ ਦੇ ਸੁਆਦ ਦੀ ਥਾਂ ਖੰਡ ਦਾ ਸੁਆਦ ਹੀ ਵੱਧ ਆ ਰਿਹਾ ਸੀ। ਇਸਨੂੰ ਖਾਣ ਤੋਂ ਥੋੜ੍ਹੀ ਦੇਰ ਬਾਅਦ ਮੈਨੂੰ ਆਪਣੀ ਊਰਜਾ ਵਿੱਚ ਭਾਰੀ ਗਿਰਾਵਟ ਮਹਿਸੂਸ ਹੋਈ ਅਤੇ ਦੁਪਹਿਰ ਦੇ ਸਮੇਂ ਮੈਨੂੰ ਨੀਂਦ ਆ ਗਈ – ਅਤੇ ਮੈਂ ਸਿਰਫ਼ ਇਸ ਕਰਕੇ ਸੌਂ ਸਕੀ ਕਿਉਂਕਿ ਉਨ੍ਹਾਂ ਦਿਨਾਂ ਵਿੱਚ ਮੈਂ ਛੁੱਟੀ 'ਤੇ ਸੀ।

ਉਹ ਮਿੱਠੀ ਚੀਜ਼, ਜਿਸਨੂੰ ਮੈਂ ਪਹਿਲਾਂ ਨਿਯਮਿਤ ਤੌਰ 'ਤੇ ਖਾਂਦੀ ਸੀ, ਹੁਣ ਮੈਨੂੰ ਕੋਈ ਖਾਸ 'ਟ੍ਰੀਟ' (ਰਿਵਾਰਡ) ਨਹੀਂ ਲੱਗ ਰਹੀ ਸੀ। ਕੁਝ ਹੀ ਟੁਕੜੇ ਖਾਣ ਤੋਂ ਬਾਅਦ ਮੈਂ ਇਸਨੂੰ ਛੱਡ ਦਿੱਤਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)