'ਈ-ਸਿਗਰਟ ਕਾਰਨ ਮੇਰੇ ਦੰਦਾਂ 'ਚ ਕਾਲੇ ਛੇਦ ਬਣ ਗਏ', ਇੱਕ ਦਿਨ 'ਚ 600 ਪਫ ਵਾਲਾ ਵੇਪ ਵਰਤਣ ਵਾਲੀ ਮਹਿਲਾ ਨੇ ਕਿਵੇਂ ਛੱਡੀ ਇਹ ਲਤ

ਸਟੇਸੀ ਗਾਰਡੀਨਰ ਦੀ ਤਸਵੀਰ

ਤਸਵੀਰ ਸਰੋਤ, SWNS

ਤਸਵੀਰ ਕੈਪਸ਼ਨ, ਸਾਬਕਾ ਡੈਂਟਲ ਨਰਸ ਸਟੇਸੀ ਗਾਰਡੀਨਰ ਨੇ 2017 ਤੋਂ ਈ-ਸਿਗਰਟ ਦਾ ਸੇਵਨ ਸ਼ੁਰੂ ਕੀਤਾ ਸੀ
    • ਲੇਖਕ, ਪੌਲ ਪਿਗੋਟ
    • ਰੋਲ, ਬੀਬੀਸੀ ਵੇਲਸ
  • ਪੜ੍ਹਨ ਦਾ ਸਮਾਂ: 4 ਮਿੰਟ

ਇੱਕ ਸਾਬਕਾ ਡੈਂਟਲ ਨਰਸ, ਜੋ ਹਰ ਮਹੀਨੇ ਈ-ਸਿਗਰਟ 'ਤੇ 120 ਯੂਰੋ ਖਰਚ ਕਰ ਦਿੰਦੇ ਸਨ, ਹੁਣ ਇਸ ਲਤ ਕਾਰਨ ਕਾਲੇ ਹੋਏ ਆਪਣੇ ਦੰਦਾਂ ਬਾਰੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਅਤੇ ਇਸ ਦੇ ਖਤਰਿਆਂ ਬਾਰੇ ਜਾਣਕਾਰੀ ਦੇ ਰਹੇ ਹਨ ।

ਸਵਾਨਸੀ ਦੇ ਰਹਿਣ ਵਾਲੇ 41 ਸਾਲਾ ਸਟੇਸੀ ਗਾਰਡੀਨਰ ਨੇ 2017 ਤੋਂ ਈ-ਸਿਗਰਟ ਦਾ ਸੇਵਨ ਸ਼ੁਰੂ ਕੀਤਾ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਇਸ ਦੀ ਲਤ ਲੱਗ ਗਈ। ਕਈ ਵਾਰ ਉਹ ਇੱਕ ਹੀ ਦਿਨ 'ਚ 600 ਪਫ ਵਾਲੀ ਈ-ਸਿਗਰਟ ਖਤਮ ਕਰ ਦਿੰਦੇ ਸਨ।

ਇਸ ਬਲੌਗਰ ਨੇ ਦੱਸਿਆ ਕਿ ਛੇ ਮਹੀਨੇ ਪਹਿਲਾਂ ਉਨ੍ਹਾਂ ਨੇ ਇਸ ਲਈ ਈ-ਸਿਗਰਟ ਦੀ ਆਦਤ ਛੱਡ ਦਿੱਤੀ ਕਿਉਂਕਿ ਡੈਂਟਿਸਟ ਨੇ ਦੱਸਿਆ ਕਿ ਉਨ੍ਹਾਂ ਦੇ ਅੱਗੇ ਵਾਲੇ ਦੋ ਦੰਦਾਂ ਉੱਪਰ ਬਣੇ ਕਾਲੇ ਨਿਸ਼ਾਨ ਈ-ਸਿਗਰਟ ਕਾਰਨ ਆਏ ਹਨ।

ਉਹ ਦੱਸਦੇ ਹਨ, "ਮੈਂ ਹਮੇਸ਼ਾ ਦਿਨ ਵਿੱਚ ਦੋ ਵਾਰ ਆਪਣੇ ਦੰਦ ਸਾਫ਼ ਕਰਦੀ ਸੀ, ਮਿੱਠਾ ਵੀ ਨਹੀਂ ਖਾਂਦੀ ਸੀ ਅਤੇ ਸ਼ੁਰੂਆਤ 'ਚ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਅਜਿਹਾ ਕਿਉਂ ਹੋ ਰਿਹਾ ਹੈ।"

ਗਾਰਡੀਨਰ ਨੇ ਹੁਣ 200 ਯੂਰੋ ਦੇ ਕਲਿਪ-ਆਨ ਵੀਨੀਅਰ ਲਗਵਾ ਕੇ ਆਪਣੀ ਮੁਸਕੁਰਾਹਟ ਮੁੜ ਹਾਸਲ ਕਰ ਲਈ ਹੈ ਜੋ ਖਰਾਬ ਹੋਏ ਦੰਦਾਂ ਨੂੰ ਢੱਕ ਲੈਂਦੇ ਹਨ।

ਉਨ੍ਹਾਂ ਨੇ ਕਿਹਾ, "ਮੈਨੂੰ ਦੱਸਿਆ ਗਿਆ ਕਿ ਈ-ਸਿਗਰਟ ਨਾਲ ਦੰਦਾਂ ਅਤੇ ਮਸੂੜਿਆਂ ਦੇ ਕੋਲ ਇੱਕ ਪਰਤ (ਰੈਜ਼ਿਡਿਊ) ਬਣ ਜਾਂਦੀ ਹੈ, ਜੋ ਨੁਕਸਾਨ ਦਾ ਕਾਰਨ ਬਣਦੀ ਹੈ।"

ਮੁਸ਼ਕਿਲ ਸੀ ਪਰ ਆਖਿਰ ਕਾਮਯਾਬ ਹੋਈ: ਸਟੇਸੀ

ਆਪਣੇ ਦੰਦਾਂ ਉੱਪਰ ਕਾਲੇ ਨਿਸ਼ਾਨ ਦਿਖਾਉਂਦੇ ਸਟੇਸੀ ਗਾਰਡੀਨਰ

ਤਸਵੀਰ ਸਰੋਤ, SWNS

ਤਸਵੀਰ ਕੈਪਸ਼ਨ, ਗਾਰਡੀਨਰ ਦੱਸਦੇ ਹਨ ਕਿ ਉਨ੍ਹਾਂ ਨੇ ਕਰੀਬ ਪੰਜ ਸਾਲ ਪਹਿਲਾਂ ਆਪਣੇ ਦੰਦਾਂ ਉੱਪਰ ਹੋ ਰਹੇ ਛੇਕ ਵੱਲ ਧਿਆਨ ਦਿੱਤਾ ਸੀ।

ਉਨ੍ਹਾਂ ਨੇ ਕਰੀਬ ਪੰਜ ਸਾਲ ਪਹਿਲਾਂ ਆਪਣੇ ਸੱਜੇ ਅੱਗੇ ਵਾਲੇ ਦੰਦ ਦੇ ਉੱਪਰ ਕਾਲਾ ਨਿਸ਼ਾਨ ਵੇਖਿਆ ਸੀ ਪਰ ਉਸ ਵੇਲੇ ਉਨ੍ਹਾਂ ਨੂੰ ਇਸ ਦਾ ਕਾਰਨ ਸਮਝ ਨਹੀਂ ਆਇਆ।

ਗਾਰਡੀਨਰ ਨੇ ਕਿਹਾ ਕਿ ਈ-ਸਿਗਰਟ ਛੱਡਣ ਤੋਂ ਬਾਅਦ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਨੂੰ "ਅਸਲ ਵਿੱਚ ਇਹ ਬਹੁਤਾ ਪਸੰਦ ਨਹੀਂ ਸੀ।"

ਸ਼ੁਰੂਆਤ ਵਿੱਚ ਉਨ੍ਹਾਂ ਦੇ ਡਾਕਟਰ ਨੇ ਇਸ ਲਤ ਨੂੰ ਛੱਡਣ ਲਈ ਨਿਕੋਟੀਨ ਪੈਚ ਦਿੱਤੇ ਪਰ ਉਹ ਕਹਿੰਦੇ ਹਨ ਕਿ ਇਨ੍ਹਾਂ ਨਾਲ ਬਹੁਤੀ ਮਦਦ ਨਹੀਂ ਮਿਲੀ।

ਉਨ੍ਹਾਂ ਨੇ ਕਿਹਾ, "ਇਹ ਛੱਡਣਾ ਬਹੁਤ ਮੁਸ਼ਕਲ ਸੀ। ਮੈਨੂੰ ਨਿਕੋਟੀਨ ਦੀ ਲਤ ਨਹੀਂ ਸੀ ਬਲਕਿ ਮੈਂ ਆਦਤ ਤੋਂ ਮਜਬੂਰ ਹੋ ਗਈ ਸੀ।"

"600 ਪਫ਼ ਵਾਲੇ ਆਮ ਈ-ਸਿਗਰਟ ਕਈ ਵਾਰ ਸਿਰਫ਼ ਇੱਕ ਦਿਨ ਹੀ ਚੱਲਦੇ ਸਨ।" ਉਨ੍ਹਾਂ ਮੁਤਾਬਕ ਇਹ ਹਿਸਾਬ ਲਗਾਉਣਾ ਮੁਸ਼ਕਲ ਹੋ ਗਿਆ ਸੀ ਕਿ ਉਹ ਈ-ਸਿਗਰਟ ਦਾ ਕਿੰਨਾ ਸੇਵਨ ਰਹੇ ਹਨ।

ਗਾਰਡੀਨਰ ਕਹਿੰਦੇ ਹਨ, "ਸਿਗਰਟ ਪੀਣ ਵਾਲੇ ਨੂੰ ਪਤਾ ਹੁੰਦਾ ਹੈ ਕਿ ਤੁਸੀਂ ਕਿੰਨੀਆਂ ਸਿਗਰਟਾਂ ਪੀ ਰਹੇ ਹੋ।"

ਉਹ ਦੱਸਦੇ ਹਨ, "ਇਹ ਬਹੁਤ ਮੁਸ਼ਕਿਲ ਸੀ ਪਰ ਆਖਿਰ ਮੈਂ ਆਪਣੀ ਆਦਤ ਛੱਡਣ 'ਚ ਕਾਮਯਾਬ ਹੋ ਗਈ।"

ਸਾਬਕਾ ਡੈਂਟਲ ਨਰਸ ਸਟੇਸੀ ਗਾਰਡੀਨਰ ਨੇ ਆਪਣਾ ਤਜ਼ਰਬਾ ਸਾਂਝਾ ਕੀਤਾ

ਸਾਬਕਾ ਡੈਂਟਲ ਨਰਸ ਕਹਿੰਦੇ ਹਨ ਕਿ ਵੀਨੀਅਰ ਲਗਾਉਣ ਨਾਲ ਉਨ੍ਹਾਂ ਦੇ ਆਤਮ-ਵਿਸ਼ਵਾਸ ਵਿੱਚ ਕਾਫੀ ਸੁਧਾਰ ਆਇਆ ਹੈ।

ਗਾਰਡੀਨਰ ਮੁਤਾਬਕ, "ਮੈਂ ਇਹ ਘਰ ਵਿੱਚ ਨਹੀਂ ਪਾਉਂਦੀ ਪਰ ਜਦੋਂ ਕਦੇ ਬਾਹਰ ਜਾਣਾ ਹੋਵੇ ਤਾਂ ਲਗਾ ਲੈਂਦੀ ਹਾਂ।"

"ਮੈਨੂੰ ਬਾਹਰ ਜਾਣਾ ਪਸੰਦ ਨਹੀਂ ਸੀ ਅਤੇ ਲੋਕਾਂ ਨਾਲ ਗੱਲ ਕਰਨਾ ਵੀ ਚੰਗਾ ਨਹੀਂ ਲੱਗਦਾ ਸੀ।"

"ਮੇਰੇ ਮੂੰਹ ਦੀ ਬਣਾਵਟ ਕਰਕੇ ਜਦੋਂ ਮੈਂ ਗੱਲ ਕਰਦੀ ਸੀ ਤਾਂ ਕਾਲਾ ਨਿਸ਼ਾਨ ਸਪੱਸ਼ਟ ਨਜ਼ਰ ਆਉਂਦਾ ਸੀ।"

"ਤਸਵੀਰਾਂ ਵਿੱਚ ਮੈਂ ਹਮੇਸ਼ਾ ਪਾਊਟ ਕਰਦੀ ਸੀ, ਕਦੇ ਮੁਸਕੁਰਾਉਂਦੀ ਨਹੀਂ ਸੀ ਅਤੇ ਇਹੀ ਇਸਦਾ ਕਾਰਨ ਸੀ।"

'ਈ-ਸਿਗਰਟ ਕਾਰਨ ਦੰਦਾਂ ਨੂੰ ਹੋਣ ਵਾਲੇ ਨੁਕਸਾਨ ਬਾਰੇ ਜਾਗਰੂਕਤਾ ਘੱਟ'

ਸਟੇਸੀ ਗਾਰਡੀਨਰ ਦੀ ਤਸਵੀਰ

ਤਸਵੀਰ ਸਰੋਤ, SWNS

ਤਸਵੀਰ ਕੈਪਸ਼ਨ, ਸਟੇਸੀ ਗਾਰਡੀਨਰ ਮੁਤਾਬਕ ਈ-ਸਿਗਰਟ ਕਾਰਨ ਦੰਦਾਂ ਨੂੰ ਹੋਣ ਵਾਲੇ ਨੁਕਸਾਨ ਦਾ ਜ਼ਿਕਰ ਘੱਟ ਹੁੰਦਾ ਹੈ।

ਸਟੇਸੀ ਗਾਰਡੀਨਰ ਦਾ ਮੰਨਣਾ ਹੈ ਕਿ ਈ-ਸਿਗਰਟ ਦੇ ਨੁਕਸਾਨਾਂ ਬਾਰੇ ਜ਼ਿਆਦਾ ਧਿਆਨ ਫੇਫੜਿਆਂ 'ਤੇ ਪੈਂਦੇ ਅਸਰ 'ਤੇ ਦਿੱਤਾ ਜਾਂਦਾ ਹੈ ਜਦਕਿ ਦੰਦਾਂ ਨੂੰ ਹੋਣ ਵਾਲੇ ਨੁਕਸਾਨ ਦਾ ਜ਼ਿਕਰ ਘੱਟ ਹੁੰਦਾ ਹੈ।

ਗਾਰਡੀਨਰ ਕਹਿੰਦੇ ਹਨ, "ਜੇ ਕੋਈ 15 ਸਾਲ ਦਾ ਬੱਚਾ ਈ-ਸਿਗਰਟ ਸ਼ੁਰੂ ਕਰੇ, ਤਾਂ 20 ਸਾਲ ਦੀ ਉਮਰ ਤੱਕ ਉਹ ਵੀ ਮੇਰੇ ਵਰਗੀ ਸਥਿਤੀ ਤੱਕ ਪਹੁੰਚ ਸਕਦਾ ਹੈ। ਮੈਨੂੰ ਨਹੀਂ ਲੱਗਦਾ ਕਿ ਲੋਕਾਂ ਵਿੱਚ ਇਸ ਬਾਰੇ ਕਾਫ਼ੀ ਜਾਗਰੂਕਤਾ ਹੈ, ਖ਼ਾਸ ਕਰਕੇ ਇਸ ਦੀ ਮਿੱਠਾਸ ਅਤੇ ਦੰਦਾਂ 'ਤੇ ਰਹਿ ਜਾਣ ਵਾਲੀ ਪਰਤ ਦੇ ਖ਼ਤਰੇ ਬਾਰੇ।"

ਐੱਨਐੱਚਐੱਸ ਬੈਟਰ ਹੈਲਥ ਮੁਤਾਬਕ ਈ-ਸਿਗਰਟ "ਸਿਗਰਟ ਨਾਲੋਂ ਘੱਟ ਖ਼ਤਰਨਾਕ ਹੁੰਦੀ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)