ਘਰ 'ਚ ਨੈੱਟ ਲਾ ਕੇ ਪ੍ਰੈਕਟਿਸ ਕਰਨ ਵਾਲਾ ਕਿਵੇਂ ਬਣਿਆ ਪੰਜਾਬ ਕਿੰਗਜ਼ ਦਾ ਸਟਾਰ, ਵੱਡੇ-ਵੱਡੇ ਗੇਂਦਬਾਜ਼ਾਂ ਨੂੰ ਸ਼ਸ਼ੋਪੰਜ 'ਚ ਪਾਉਣ ਵਾਲੇ ਪ੍ਰਭਸਿਮਰਨ ਦੀ ਕਹਾਣੀ

ਪ੍ਰਭਸਿਮਰਨ ਸਿੰਘ ਪਟਿਆਲਾ ਦੇ ਰਹਿਣ ਵਾਲੇ ਹਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪਟਿਆਲਾ ਦੇ ਪ੍ਰਭਸਿਮਰਨ ਨੇ ਆਪਣੇ ਪਿਛਲੇ ਸੀਜ਼ਨ ਵਿੱਚ 160.62 ਦੀ ਰਨ ਰੇਟ ਨਾਲ 549 ਦੌੜਾਂ ਬਣਾਈਆਂ ਸੀ।
    • ਲੇਖਕ, ਬਰਿੰਦਰ ਸਿੰਘ
    • ਰੋਲ, ਬੀਬੀਸੀ ਪੱਤਰਕਾਰ
  • ਪੜ੍ਹਨ ਦਾ ਸਮਾਂ: 8 ਮਿੰਟ

ਬਚਪਨ ਵਿੱਚ ਆਪਣੇ ਵੱਡੇ ਭਰਾ ਨੂੰ ਬੱਲਾ ਚੁੱਕ ਕੇ ਖੇਡਣ ਜਾਂਦੇ ਨੂੰ ਦੇਖਣਾ ਤਾਂ ਅੰਦਰੋ ਅੰਦਰੀ ਖੁਦ ਵੀ ਖੇਡਣ ਦੀ ਇੱਛਾ ਹੋਣੀ। ਬੱਚੇ ਅੰਦਰ ਕ੍ਰਿਕਟ ਖੇਡਣ ਦੀ ਲੱਗੀ ਚਿਣਗ ਨੂੰ ਤਾਏ ਨੇ ਬੁੱਝਿਆ ਅਤੇ ਉਸ ਦੇ ਹੱਥ ਵਿੱਚ ਵੀ ਬੱਲਾ ਫੜਾ ਦਿੱਤਾ।

ਅਤੇ ਫਿਰ ਉਸ ਨੇ ਅਜਿਹਾ ਬੱਲਾ ਘੁਮਾਇਆ ਕਿ ਅੱਜ ਵੱਡੇ-ਵੱਡੇ ਗੇਂਦਬਾਜ਼ ਵੀ ਉਸ ਨੂੰ ਗੇਂਦ ਪਾਉਣ ਲੱਗੇ ਸ਼ਸ਼ੋਪੰਜ 'ਚ ਪੈ ਜਾਂਦੇ ਹਨ।

ਸ਼ਾਹੀ ਸ਼ਹਿਰ ਪਟਿਆਲਾ ਦਾ ਇਹ ਮੁੰਡਾ ਅੱਜ ਪੰਜਾਬ ਕਿੰਗਜ਼ ਦਾ ਸਟਾਰ ਬੱਲੇਬਾਜ਼ ਹੈ, ਜਿਸਦੀ ਧੜੱਲੇਦਾਰ ਬੱਲੇਬਾਜ਼ੀ ਟੀਮ ਨੂੰ ਜਿੱਤ ਵੱਲ ਲੈ ਕੇ ਤੁਰਦੀ ਹੈ।

ਇਸ ਰਿਪੋਰਟ ਵਿੱਚ ਜਾਣਾਂਗੇ ਪ੍ਰਭਸਿਮਰਨ ਸਿੰਘ ਦੀ ਹੁਣ ਤੱਕ ਦੀ ਕਹਾਣੀ, ਜਿਸ ਨੇ ਸੱਤ ਸਾਲ ਦੀ ਉਮਰ ਵਿੱਚ ਆਪਣੇ ਤਾਏ ਦੇ ਮੁੰਡੇ ਅਨਮੋਲਪ੍ਰੀਤ ਸਿੰਘ ਨੂੰ ਦੇਖ ਕੇ ਬੱਲਾ ਚੁੱਕਿਆ ਅਤੇ ਅੱਜ ਕਿਸੇ ਪਹਿਚਾਣ ਦਾ ਮੁਹਤਾਜ ਨਹੀਂ ਹੈ।

ਪਰਿਵਾਰਕ ਪਿਛੋਕੜ ਕੀ ਹੈ ?

ਪੰਜਾਬ ਕਿੰਗਜ਼ ਦੇ ਓਪਨਰ ਬੱਲੇਬਾਜ਼ ਪ੍ਰਭਸਿਮਰਨ ਸਿੰਘ ਦੀ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੰਜਾਬ ਕਿੰਗਜ਼ ਦੇ ਓਪਨਰ ਬੱਲੇਬਾਜ਼ ਪ੍ਰਭਸਿਮਰਨ ਸਿੰਘ ਇਸ ਵਾਰ ਵੀ ਹੁਣ ਤੱਕ ਆਪਣੀ ਪੂਰੀ ਲੈਅ ਵਿੱਚ ਦਿਖਾਈ ਦੇ ਰਹੇ ਹਨ।

ਪ੍ਰਭਸਿਮਰਨ ਸਿੰਘ ਪਟਿਆਲਾ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਪਿਤਾ ਸੁਰਜੀਤ ਸਿੰਘ ਮੰਡੀ ਬੋਰਡ ਵਿੱਚ ਨੌਕਰੀ ਕਰਦੇ ਸਨ। ਉਨ੍ਹਾਂ ਦੇ ਪਿਤਾ ਅਤੇ ਤਾਇਆ ਸਾਂਝੇ ਪਰਿਵਾਰ (ਜੁਆਇੰਟ ਫੈਮਲੀ) ਵਿੱਚ ਰਹਿੰਦੇ ਹਨ।

ਪ੍ਰਭਸਿਮਰਨ ਨੂੰ ਖੇਡ ਵਿਰਾਸਤ ਵਿੱਚ ਮਿਲੀ ਹੈ, ਉਹ ਇੱਕ ਖਿਡਾਰੀਆਂ ਦੇ ਪਰਿਵਾਰ ਵਿੱਚੋਂ ਆਉਂਦੇ ਹਨ।

ਉਨ੍ਹਾਂ ਦੇ ਤਾਇਆ ਸਤਵਿੰਦਰ ਸਿੰਘ ਇੱਕ ਕੌਮਾਂਤਰੀ ਪੱਧਰ ਦੇ ਹੈਂਡਬਾਲ ਦੇ ਖਿਡਾਰੀ ਰਹਿ ਚੁੱਕੇ ਹਨ, ਜਿਨ੍ਹਾਂ ਨੇ ਕਈ ਸਾਲ ਭਾਰਤੀ ਟੀਮ ਵੱਲੋਂ ਖੇਡਿਆ। ਉਹ ਪੰਜਾਬ ਪੁਲਿਸ ਵਿੱਚ ਸੇਵਾਵਾਂ ਨਿਭਾਅ ਚੁੱਕੇ ਹਨ।

ਪ੍ਰਭਸਿਮਰਨ ਦੇ ਚਚੇਰੇ ਭਰਾ ਅਨਮੋਲਪ੍ਰੀਤ ਸਿੰਘ ਕੌਮਾਂਤਰੀ ਕ੍ਰਿਕਟ ਖਿਡਾਰੀ ਹਨ, ਜਿਨ੍ਹਾਂ ਨੇ 2016 ਵਿੱਚ ਅੰਡਰ-19 ਵਰਲਡ ਕੱਪ ਖੇਡਿਆ ਅਤੇ ਉਹ ਆਈਪੀਐੱਲ ਵਿੱਚ ਮੁੰਬਈ ਇੰਡੀਅਨਜ਼ ਅਤੇ ਸਨਰਾਈਸਰਜ਼ ਹੈਦਰਾਬਾਦ ਵੱਲੋਂ ਖੇਡ ਚੁੱਕੇ ਹਨ।

ਉਨ੍ਹਾਂ ਦੇ ਭੂਆ ਦਾ ਲੜਕਾ ਰਮਨਦੀਪ ਸਿੰਘ ਵੀ ਇੱਕ ਭਾਰਤੀ ਕ੍ਰਿਕਟਰ ਹੈ, ਜੋ ਆਈਪੀਐੱਲ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਵੱਲੋਂ ਖੇਡਦੇ ਹਨ।

ਕ੍ਰਿਕਟ ਦੀ ਸ਼ੁਰੂਆਤ ਕਿਵੇਂ ਹੋਈ ?

ਪੰਜਾਬ ਕਿੰਗਜ਼ ਦੇ ਓਪਨਰ ਬੱਲੇਬਾਜ਼ ਪ੍ਰਭਸਿਮਰਨ ਸਿੰਘ ਦਾ ਪਿਛਲਾ ਸੀਜ਼ਨ ਸ਼ਾਨਦਾਰ ਰਿਹਾ ਅਤੇ ਇਸ ਵਾਰ ਵੀ ਹੁਣ ਤੱਕ ਉਹ ਆਪਣੀ ਪੂਰੀ ਲੈਅ ਵਿੱਚ ਦਿਖਾਈ ਦੇ ਰਹੇ ਹਨ।

ਸ਼ਾਹੀ ਸ਼ਹਿਰ ਪਟਿਆਲਾ ਦੇ ਪ੍ਰਭਸਿਮਰਨ ਨੇ ਆਪਣੇ ਪਿਛਲੇ ਸੀਜ਼ਨ ਵਿੱਚ 160.62 ਦੀ ਰਨ ਰੇਟ ਨਾਲ 549 ਦੌੜਾਂ ਬਣਾਈਆਂ ਸੀ।

ਇਸ ਵਾਰ ਉਨ੍ਹਾਂ ਨੇ ਹੁਣ ਤੱਕ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਅਤੇ ਸੋਸ਼ਲ ਮੀਡੀਆ 'ਤੇ ਵੀ ਉਨ੍ਹਾਂ ਦੀ ਖੂਬ ਸ਼ਲਾਘਾ ਹੋ ਰਹੀ ਹੈ।

ਪਰ ਇਸ ਵਾਹਵਾਈ ਤੋਂ ਪਹਿਲਾਂ ਉਨ੍ਹਾਂ ਦੀ ਕਈ ਸਾਲਾਂ ਦੀ 'ਤਪੱਸਿਆ' ਵੀ ਹੈ।

ਆਪਣੀ ਸਫਲਤਾ ਦਾ ਸਿਹਰਾ ਪ੍ਰਭਸਿਮਰਨ ਅਕਸਰ ਆਪਣੇ ਤਾਇਆ ਜੀ ਅਤੇ ਆਪਣੇ ਚਚੇਰੇ ਭਰਾ ਅਨਮੋਲਪ੍ਰੀਤ ਸਿੰਘ ਨੂੰ ਦਿੰਦੇ ਹਨ।

ਅਨਮੋਲਪ੍ਰੀਤ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਖਾਸ ਗੱਲਬਾਤ ਕੀਤੀ ਅਤੇ ਪ੍ਰਭਸਿਮਰਨ ਦੇ ਸ਼ੁਰੂਆਤੀ ਕਰੀਅਰ ਅਤੇ ਹੋਰ ਕਈ ਗੱਲਾਂ ਸਾਂਝੀਆਂ ਕੀਤੀਆਂ ਹਨ।

ਉਨ੍ਹਾਂ ਦੱਸਿਆ ਕਿ ਜਦੋਂ ਉਹ 10 ਸਾਲ ਦੇ ਸਨ ਤਾਂ ਪ੍ਰਭਸਿਮਰਨ ਸਿੰਘ ਅਤੇ ਉਨ੍ਹਾਂ ਦੇ ਛੋਟੇ ਭਰਾ ਤੇਜਪ੍ਰੀਤ ਸਿੰਘ ਕਰੀਬ 8-8 ਸਾਲ ਦੇ ਸਨ।

ਉਨ੍ਹਾਂ ਦੇ ਪਿਤਾ ਸਤਵਿੰਦਰ ਸਿੰਘ ਉਨ੍ਹਾਂ ਤਿੰਨੇ ਭਰਾਵਾਂ ਨੂੰ ਇੱਕੋ ਮੋਟਰਸਾਈਕਲ ਉਪਰ ਗਰਾਉਂਡ ਲੈ ਕੇ ਜਾਂਦੇ ਸੀ।

ਕ੍ਰਿਕਟਰ ਪ੍ਰਭਸਿਮਰਨ ਸਿੰਘ ਦੀ ਆਪਣੇ ਭਰਾਵਾਂ ਨਾਲ ਤਸਵੀਰ

ਤਸਵੀਰ ਸਰੋਤ, anmol_singh322/Insta

ਤਸਵੀਰ ਕੈਪਸ਼ਨ, ਕ੍ਰਿਕਟਰ ਪ੍ਰਭਸਿਮਰਨ ਸਿੰਘ ਦੀ ਆਪਣੇ ਭਰਾਵਾਂ ਨਾਲ ਤਸਵੀਰ

ਉਹ ਦੱਸਦੇ ਹਨ, "ਮੈਂ, ਪ੍ਰਭਸਿਮਰਨ ਤੇ ਤੇਜਪ੍ਰੀਤ ਤਿੰਨੋ ਪਾਪਾ ਨਾਲ ਮੋਟਰਸਾਈਕਲ ਉਪਰ ਜਾਂਦੇ ਸੀ, ਸਾਡੇ ਕਿੱਟ ਬੈਗ ਵੀ ਮੋਢਿਆਂ 'ਤੇ ਹੁੰਦੇ ਸੀ। ਲੋਕ ਸਾਨੂੰ ਦੇਖ ਕੇ ਹੱਸਦੇ ਸੀ ਪਰ ਸਾਡੀ ਮਿਹਨਤ ਰੰਗ ਲਿਆਈ ਹੈ।"

ਅਨਮੋਲਪ੍ਰੀਤ ਦੱਸਦੇ ਹਨ ਕਿ ਉਹ ਤਿੰਨੇ ਭਰਾ ਘਰ ਵਿੱਚ ਹੀ ਕ੍ਰਿਕਟ ਖੇਡਦੇ ਰਹਿੰਦੇ ਸੀ ਅਤੇ ਪਿਤਾ ਪੁਲਿਸ ਵਿੱਚ ਹੋਣ ਕਰਕੇ ਬਾਹਰ ਜਾਣ ਦੀ ਸਖ਼ਤ ਮਨਾਹੀ ਹੁੰਦੀ ਸੀ।

"ਪਾਪਾ ਬਹੁਤ ਸਖ਼ਤ ਸੀ, ਜਦੋਂ ਉਹ ਡਿਊਟੀ ਤੋਂ ਆਉਂਦੇ ਸੀ ਤਾਂ ਅਸੀਂ ਡਰ ਕੇ ਕਮਰੇ ਵਿੱਚ ਵੜ ਜਾਂਦੇ ਸੀ। ਫਿਰ ਉਨ੍ਹਾਂ ਨੇ ਜਦੋਂ ਦੇਖਿਆ ਕਿ ਸਾਡੀ ਕ੍ਰਿਕਟ ਵਿੱਚ ਦਿਲਚਸਪੀ ਹੈ ਤਾਂ ਉਨ੍ਹਾਂ ਨੇ ਸਾਨੂੰ ਤਿੰਨੇ ਭਰਾਵਾਂ ਨੂੰ ਪਟਿਆਲਾ ਦੀ ਡੀਐੱਮਡਬਲਿਯੂ ਕ੍ਰਿਕਟ ਅਕੈਡਮੀ ਵਿੱਚ ਪਾ ਦਿੱਤਾ।"

ਉਨ੍ਹਾਂ ਅੱਗੇ ਦੱਸਿਆ ਕਿ ਉਸ ਮਗਰੋਂ ਉਹ ਬਲੈਕ ਐਲੀਫੈਂਟ ਅਕੈਡਮੀ ਵਿੱਚ ਆ ਗਏ ਅਤੇ ਉਹ ਮੰਨਦੇ ਹਨ ਕਿ ਇੱਥੋਂ ਹੀ ਤਿੰਨੇ ਭਰਾਵਾਂ ਦੇ ਅਸਲ ਕਰੀਅਰ ਦੀ ਸ਼ੁਰੂਆਤ ਹੋਈ।

"ਉਸ ਅਕੈਡਮੀ ਵਿੱਚ ਕੈਲਾਸ਼ ਕੋਚ ਹੁੰਦੇ ਸੀ, ਜਿਨ੍ਹਾਂ ਨੇ ਸਾਨੂੰ ਤਿੰਨਾਂ ਨੂੰ ਖਿਡਾਇਆ। ਉਨ੍ਹਾਂ ਨੇ ਸਾਡੀ ਖੇਡ ਉਪਰ ਟੈਕਨੀਕਲ ਕੰਮ ਕਰਵਾਇਆ।"

ਕਰੀਅਰ ਦਾ ਟਰਨਿੰਗ ਪੁਆਇੰਟ ਅਤੇ ਤਾਏ ਦੀ ਹੱਲਾਸ਼ੇਰੀ

ਪ੍ਰਭਸਿਮਰਨ ਦੇ ਤਾਇਆ ਖੁਦ ਇੱਕ ਖਿਡਾਰੀ ਹੋਣ ਕਰਕੇ ਖੇਡ ਬਾਰੇ ਚੰਗੀ ਸਮਝ ਰੱਖਦੇ ਸਨ।

ਅਨਮੋਲਪ੍ਰੀਤ ਦੱਸਦੇ ਹਨ ਕਿ ਉਨ੍ਹਾਂ ਦੇ ਪਿਤਾ ਨੇ ਘਰ ਵਿੱਚ ਉਨ੍ਹਾਂ ਲਈ ਨੈੱਟ ਲਗਵਾ ਦਿੱਤਾ ਸੀ। ਅਨਮੋਲਪ੍ਰੀਤ, ਪ੍ਰਭਸਿਮਰਨ ਤੇ ਤੇਜਪ੍ਰੀਤ ਆਪਣੇ ਘਰ ਵਿੱਚ ਵੀ ਪ੍ਰੈਕਟਿਸ ਕਰਦੇ ਰਹਿੰਦੇ ਸਨ।

ਉਹ ਦੱਸਦੇ ਹਨ ਕਿ ਪਹਿਲਾਂ ਅਸੀਂ ਤਿੰਨੇ ਅਕੈਡਮੀ ਵਿੱਚ ਪ੍ਰੈਕਟਿਸ ਕਰਦੇ ਸੀ ਅਤੇ ਫਿਰ ਕੋਚ ਘਰ ਆ ਕੇ ਵੀ ਅਭਿਆਸ ਕਰਵਾਉਂਦੇ ਸੀ।

2018 ਵਿੱਚ ਅੰਡਰ-19 ਏਸ਼ੀਆ ਕੱਪ ਦੌਰਾਨ ਪ੍ਰਭਸਿਮਰਨ ਨੇ ਸੈਮੀ-ਫਾਈਨਲ ਤੇ ਫਾਈਨਲ ਮੁਕਾਬਲੇ ਵਿੱਚ ਭਾਰਤੀ ਟੀਮ ਦੀ ਕਪਤਾਨੀ ਕੀਤੀ ਸੀ।

ਪ੍ਰਭਸਿਮਰਨ ਤੇ ਅਨਮੋਲਪ੍ਰੀਤ ਲਈ ਸਾਲ 2018 ਕਾਫੀ ਅਹਿਮ ਰਿਹਾ ਅਤੇ ਇਹੀ ਸਾਲ ਉਨ੍ਹਾਂ ਦੇ ਕਰੀਅਰ ਦਾ ਟਰਨਿੰਗ ਪੁਆਇੰਟ ਵੀ ਸਾਬਤ ਹੋਇਆ।

ਪ੍ਰਭਸਿਮਰਨ ਦੇ ਤਾਇਆ ਅਤੇ ਚਚੇੇਰੇ ਭਰਾ ਅਨਮੋਲਪ੍ਰੀਤ ਸਿੰਘ ਦੀ ਤਸਵੀਰ

ਤਸਵੀਰ ਸਰੋਤ, anmol_singh322/Insta

ਤਸਵੀਰ ਕੈਪਸ਼ਨ, ਪ੍ਰਭਸਿਮਰਨ ਦੇ ਤਾਇਆ ਅਤੇ ਚਚੇੇਰੇ ਭਰਾ ਅਨਮੋਲਪ੍ਰੀਤ ਸਿੰਘ ਦੀ ਤਸਵੀਰ

ਆਈਪੀਐੱਲ 2019 ਦੇ ਸੀਜ਼ਨ ਲਈ ਦੋਵੇਂ ਭਰਾਵਾਂ ਦੀ ਬੋਲੀ ਲੱਗੀ।

ਮੁੰਬਈ ਇੰਡੀਅਨਜ਼ ਨੇ ਅਨਮੋਲਪ੍ਰੀਤ ਸਿੰਘ ਨੂੰ 80 ਲੱਖ ਵਿੱਚ ਅਤੇ ਪੰਜਾਬ ਦੀ ਟੀਮ ਨੇ ਪ੍ਰਭਸਿਮਰਨ ਨੂੰ 4.80 ਕਰੋੜ ਵਿੱਚ ਖਰੀਦਿਆ।

ਇਸ ਦੌਰਾਨ ਆਪਣਾ ਪਹਿਲਾ ਸੀਜ਼ਨ ਖੇਡਣ ਜਾ ਰਹੇ ਪ੍ਰਭਸਿਮਰਨ ਨੇ ਬੀਬੀਸੀ ਪੰਜਾਬੀ ਨਾਲ ਖਾਸ ਗੱਲਬਾਤ ਕੀਤੀ ਸੀ।

ਉਨ੍ਹਾਂ ਦੱਸਿਆ ਕਿ ਪਰਿਵਾਰ ਵਿੱਚ ਉਹ ਤਿੰਨ ਭਰਾ ਕ੍ਰਿਕਟ ਖੇਡਣ ਵਾਲੇ ਹਨ ਤੇ ਜਦੋਂ ਕੋਈ ਸਪਾਂਸਰ ਨਹੀਂ ਸੀ ਤਾਂ ਉਸ ਸਮੇਂ ਉਨ੍ਹਾਂ ਤਿੰਨਾਂ ਦਾ ਇਕੱਠਾ ਸਾਮਾਨ ਇੱਕ ਵਾਰ ਵਿੱਚ ਜਲੰਧਰ ਤੋਂ ਉਨ੍ਹਾਂ ਦੇ ਤਾਇਆ ਜੀ ਲੈ ਕੇ ਆਉਂਦੇ ਹੁੰਦੇ ਸਨ।

ਪਿਤਾ ਦੀ ਵਿਗੜਦੀ ਤਬੀਅਤ ਤੇ ਪਰਿਵਾਰ ਦੀ ਸਪੋਰਟ

ਪ੍ਰਭਸਿਮਰਨ ਦੇ ਪਿਤਾ ਪਿਛਲੇ ਕੁਝ ਸਾਲਾਂ ਤੋਂ ਬਿਮਾਰ ਹਨ। ਅਨਮੋਲਪ੍ਰੀਤ ਨੇ ਦੱਸਿਆ ਕਿ ਸ਼ੂਗਰ ਹੋਣ ਕਰਕੇ ਉਨ੍ਹਾਂ ਦੀ ਤਬੀਅਤ ਪਿਛਲੇ ਤਿੰਨ ਸਾਲਾਂ ਵਿੱਚ ਕਾਫੀ ਵਿਗੜ ਗਈ ਹੈ ਤੇ ਹੁਣ ਉਨ੍ਹਾਂ ਦਾ ਡਾਇਲਸਿਸ ਹੁੰਦਾ ਹੈ।

ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਪ੍ਰਭਸਿਮਰਨ ਨੇ ਵੀ ਆਪਣੇ ਪਿਤਾ ਬਾਰੇ ਗੱਲ ਕੀਤੀ ਸੀ ਕਿ ਉਹ ਬਿਮਾਰ ਰਹਿੰਦੇ ਹਨ ਪਰ ਉਹ ਉਨ੍ਹਾਂ ਬਾਰੇ ਗੱਲ ਕਰਕੇ ਲੋਕਾਂ ਤੋਂ ਹਮਦਰਦੀ ਨਹੀਂ ਲੈਣਾ ਚਾਹੁੰਦੇ।

ਅਨਮੋਲਪ੍ਰੀਤ ਦੱਸਦੇ ਹਨ ਕਿ ਜਦੋਂ ਪ੍ਰਭਸਿਮਰਨ ਦੇ ਪਿਤਾ ਦੀ ਸਿਹਤ ਵਿਗੜਦੀ ਵੀ ਹੈ ਤਾਂ ਉਹ ਪ੍ਰਭਸਿਮਰਨ ਤੱਕ ਇਹ ਖਬਰ ਨਹੀਂ ਪਹੁੰਚਣ ਦਿੰਦੇ ਅਤੇ ਖੁਦ ਹੀ ਸਾਂਭ ਲੈਂਦੇ ਹਨ।

"ਅਸੀਂ ਨਹੀਂ ਚਾਹੁੰਦੇ ਕਿ ਜਦੋਂ ਉਹ ਖੇਡ ਰਿਹਾ ਹੋਵੇ ਤਾਂ ਇਸ ਬਾਰੇ ਸੁਣ ਕੇ ਉਸਦੀ ਖੇਡ ਉਪਰ ਕੋਈ ਅਸਰ ਪਵੇ।"

ਅਨਮੋਲਪ੍ਰੀਤ ਦੱਸਦੇ ਹਨ ਕਿ ਜਦੋਂ ਪ੍ਰਭਸਿਮਰਨ ਦਾ ਮੈਚ ਹੁੰਦਾ ਹੈ ਤਾਂ ਉਨ੍ਹਾਂ ਦੇ ਪਿਤਾ ਬੈਠ ਕੇ ਸਾਰਾ ਮੈਚ ਦੇਖਦੇ ਹਨ ਅਤੇ ਉਹ ਪ੍ਰਭਸਿਮਰਨ ਦੀ ਕਾਮਯਾਬੀ ਨੂੰ ਦੇਖ ਕੇ ਬਹੁਤ ਖੁਸ਼ ਹਨ।

ਆਈਪੀਐੱਲ 'ਚ ਸ਼ੁਰੂਆਤੀ ਸਾਲਾਂ ਦੀ ਨਮੋਸ਼ੀ ਤੇ ਦਮਦਾਰ ਵਾਪਸੀ

ਪ੍ਰਭਸਿਮਰਤ ਅਤੇ ਅਨਮੋਲਪ੍ਰੀਤ ਦੀ ਤਸਵੀਰ

ਤਸਵੀਰ ਸਰੋਤ, anmol_singh322/Insta

ਤਸਵੀਰ ਕੈਪਸ਼ਨ, 2019 'ਚ ਮੁੰਬਈ ਇੰਡੀਅਨਜ਼ ਨੇ ਅਨਮੋਲਪ੍ਰੀਤ ਅਤੇ ਪੰਜਾਬ ਕਿੰਗਸ ਨੇ ਪ੍ਰਭਸਿਮਰਨ ਨੂੰ ਖਰੀਦਿਆ ਸੀ।

ਆਈਪੀਐੱਲ ਵਿੱਚ ਪ੍ਰਭਸਿਮਰਨ ਸਿੰਘ ਨੇ ਸਾਲ 2019 ਵਿੱਚ ਸ਼ੁਰੂਆਤ ਕੀਤੀ।

ਜਦੋਂ ਉਨ੍ਹਾਂ ਨੂੰ 4.80 ਕਰੋੜ ਵਿੱਚ ਖਰੀਦਿਆ ਗਿਆ ਤਾਂ ਇੱਕ ਵਾਰ ਹਰ ਪਾਸੇ ਚਰਚਾ ਤਾਂ ਪੂਰੀ ਹੋਈ ਪਰ ਉਨ੍ਹਾਂ ਦੇ ਸ਼ੁਰੂਆਤੀ ਸਾਲ ਉਨ੍ਹਾਂ ਦੀ ਖੇਡ ਲਈ ਚੰਗੇ ਨਹੀਂ ਰਹੇ।

ਕਰੀਬ ਚਾਰ ਸਾਲ ਉਹ ਟੀਮ ਦੇ 11 ਖਿਡਾਰੀਆਂ ਵਿੱਚ ਪੱਕੀ ਥਾਂ ਬਣਾਉਣ ਵਿੱਚ ਨਾਕਾਮ ਰਹੇ।

ਪ੍ਰਭਸਿਮਰਨ ਨੇ ਕਈ ਵਾਰ ਜ਼ਿਕਰ ਵੀ ਕੀਤਾ ਕਿ ਟੀਮ ਵਿੱਚ ਸੀਨੀਅਰ ਖਿਡਾਰੀ ਹੋਣ ਕਰਕੇ ਉਨ੍ਹਾਂ ਨੂੰ ਘੱਟ ਮੌਕਾ ਮਿਲਿਆ।

ਅਨਮੋਲਪ੍ਰੀਤ ਦੱਸਦੇ ਹਨ ਕਿ ਉਹ ਦੋਵੇਂ ਭਰਾ ਟੀਮਾਂ ਲਈ ਚੁਣੇ ਤਾਂ ਗਏ ਪਰ ਸ਼ੁਰੂਆਤ ਵਿੱਚ ਆਪਣੀ-ਆਪਣੀ ਟੀਮ 'ਚ ਜਗ੍ਹਾ ਨਹੀਂ ਬਣਾ ਸਕੇ।

"ਜਦੋਂ ਮੈਚ ਖਤਮ ਹੋਣਾ ਤਾਂ ਮੈਂ ਪ੍ਰਭਸਿਮਰਨ ਨੂੰ ਪੁੱਛਣਾ ਕਿ ਨੀਂਦ ਆ ਰਹੀ ਤਾਂ ਉਹ ਟੀਮ ਵਿੱਚ ਥਾਂ ਨਾ ਬਣਾਉਣ ਕਾਰਨ ਨਿਰਾਸ਼ ਰਹਿੰਦਾ ਸੀ ਤੇ ਅਸੀਂ ਇੱਕ ਦੂਜੇ ਨੂੰ ਹੌਸਲਾ ਦਿੰਦੇ ਕਿ ਜਦੋਂ ਸਾਡੀ ਵਾਰੀ ਆਈ ਤਾਂ ਅਸੀਂ ਕਰਕੇ ਦਿਖਾਵਾਂਗੇ।"

ਪ੍ਰਭਸਿਮਰਨ ਦਾ ਸਾਲ 2025 ਉਨ੍ਹਾਂ ਦੇ ਆਈਪੀਐੱਲ ਕਰੀਅਰ ਵਿੱਚ ਕਾਫੀ ਸ਼ਾਨਦਾਰ ਰਿਹਾ, ਜਿਸ ਵਿੱਚ ਉਨ੍ਹਾਂ ਨੇ 17 ਇੰਨਿੰਗਜ਼ ਵਿੱਚ 549 ਦੌੜਾਂ ਬਣਾਈਆਂ।

ਅਨਮੋਲਪ੍ਰੀਤ ਸਿੰਘ ਵੱਲੋਂ ਕੀਤੀ ਟਿੱਪਣੀ

ਉਹ ਇਸ ਸਾਲ ਵੀ ਹੁਣ ਤੱਕ ਪੰਜਾਬ ਕਿੰਗਜ਼ ਵੱਲੋਂ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ।

ਸਾਬਕਾ ਭਾਰਤੀ ਕ੍ਰਿਕਟਰ ਤੇ ਖੇਡ ਮਾਹਰ ਵੀ ਪ੍ਰਭਸਿਮਰਨ ਦੇ ਖੇਡਣ ਦੇ ਅੰਦਾਜ਼ ਬਾਰੇ ਕਾਫੀ ਸ਼ਲਾਘਾ ਕਰ ਰਹੇ ਹਨ।

ਖੇਡ ਪੱਤਰਕਾਰ ਵਿਮਲ ਕੁਮਾਰ ਨਾਲ ਗੱਲਬਾਤ ਕਰਦਿਆਂ ਕ੍ਰਿਕਟਰ ਅਸ਼ਵਿਨ ਸ਼ਰਮਾ ਨੇ ਕਿਹਾ ਕਿ ਸ਼ੁਰੂਆਤ ਵਿੱਚ ਪ੍ਰਭਸਿਮਰਨ ਦੀ ਖੇਡ ਵਿੱਚ ਤਜਰਬਾ ਘੱਟ ਸੀ ਪਰ ਪਿਛਲੇ ਸਾਲ ਤੇ ਇਸ ਵਾਰ ਉਹ ਬਹੁਤ ਸਿਆਣਾ ਖਿਡਾਰੀ ਬਣ ਕੇ ਉਭਰਿਆ ਹੈ।

"ਪ੍ਰਭਸਿਮਰਨ ਪੰਜਾਬ ਕਿੰਗਜ਼ ਲਈ ਸ਼ਾਨਦਾਰ ਪ੍ਰਦਰਸ਼ਨ ਕਰ ਰਹੇ ਹਨ, ਉਸ ਨੂੰ ਪਤਾ ਹੈ ਕਿ ਗੇਂਦਬਾਜ਼ ਨੂੰ ਕਿੱਥੇ ਖੇਡਣਾ ਹੈ।"

ਇਸ ਸੀਜ਼ਨ ਵਿੱਚ ਮੁੰਬਈ ਇੰਡੀਅਨਜ਼ ਖਿਲਾਫ ਦਮਦਾਰ ਪਾਰੀ ਖੇਡਣ ਵਾਲੇ ਪ੍ਰਭਸਿਮਰਨ ਦੀ ਸਾਬਕਾ ਭਾਰਤੀ ਕ੍ਰਿਕਟਰ ਇਰਫਾਨ ਪਠਾਨ ਨੇ ਵੀ ਖੂਬ ਸ਼ਲਾਘਾ ਕੀਤੀ ਹੈ।

ਆਪਣੇ ਇੰਸਟਾਗ੍ਰਾਮ 'ਤੇ ਪੋਸਟ ਕਰਦਿਆਂ ਉਨ੍ਹਾਂ ਕਿਹਾ, "ਵਿਕਟ ਕੀਪਿੰਗ ਕਰਨ ਤੋਂ ਬਾਅਦ ਓਪਨਰ ਆਉਣਾ, ਪ੍ਰਭਸਿਮਰਨ ਨੇ ਤਜਰਬੇ ਨਾਲ ਖੇਡਿਆ ਵੀ ਹੈ ਅਤੇ ਇੱਥੋਂ ਇਹ ਵੀ ਪਤਾ ਲੱਗਦਾ ਹੈ ਕਿ ਉਹ ਕਿੰਨੇ ਫਿੱਟ ਹਨ।"

ਯੁਵਰਾਜ ਸਿੰਘ ਦੇ ਸ਼ਗਿਰਦ

ਪ੍ਰਭਸਿਮਰਨ ਸਿੰਘ ਦੀ ਤਸਵੀਰ

ਤਸਵੀਰ ਸਰੋਤ, prabhsimran_84/Insta

ਤਸਵੀਰ ਕੈਪਸ਼ਨ, ਪ੍ਰਭਸਿਮਰਨ ਆਪਣੀ ਖੇਡ ਵਿੱਚ ਹੋਏ ਸੁਧਾਰ ਨੂੰ ਲੈ ਕੇ ਯੁਵਰਾਜ ਸਿੰਘ ਦਾ ਅਹਿਮ ਯੋਗਦਾਨ ਮੰਨਦੇ ਹਨ।

ਪ੍ਰਭਸਿਮਰਨ ਸਿੰਘ ਨੇ ਭਾਰਤੀ ਕ੍ਰਿਕਟ ਦੇ ਦਿੱਗਜ ਖਿਡਾਰੀ ਯੁਵਰਾਜ ਸਿੰਘ ਤੋਂ ਵੀ ਖੇਡ ਦੀਆਂ ਬਰੀਕੀਆਂ ਬਾਰੇ ਟਿਪਸ ਲਏ ਹਨ।

ਪ੍ਰਭਸਿਮਰਨ ਆਪਣੀ ਖੇਡ ਵਿੱਚ ਹੋਏ ਸੁਧਾਰ ਨੂੰ ਲੈ ਕੇ ਯੁਵਰਾਜ ਸਿੰਘ ਦਾ ਅਹਿਮ ਯੋਗਦਾਨ ਮੰਨਦੇ ਹਨ।

ਅਨਮੋਲਪ੍ਰੀਤ ਦੱਸਦੇ ਹਨ ਕਿ ਪਿਛਲੇ ਚਾਰ ਸਾਲਾਂ ਵਿੱਚ ਯੁਵਰਾਜ ਸਿੰਘ ਨੇ ਕੁਝ ਖਿਡਾਰੀਆਂ ਉਪਰ ਖੁਦ ਦਿਲਚਸਪੀ ਲੈ ਕੇ ਕੰਮ ਕੀਤਾ ਹੈ।

"ਯੁਵਰਾਜ ਭਾਅ ਜੀ ਨੇ ਮੈਨੂੰ, ਸ਼ੁਭਮਨ ਗਿੱਲ, ਅਭਿਸ਼ੇਕ ਸ਼ਰਮਾ, ਪ੍ਰਭਸਿਮਰਨ, ਅਰਸ਼ਦੀਪ ਤੇ ਹਰਪ੍ਰੀਤ ਨੂੰ ਲੈ ਕੇ ਕਰੋਨਾ ਤੋਂ ਬਾਅਦ ਸੈਸ਼ਨ ਲੈਣਾ ਸ਼ੁਰੂ ਕੀਤਾ ਸੀ। ਉਨ੍ਹਾਂ ਨੇ ਸਾਡੀ ਖੇਡ ਵਿੱਚ ਟੈਕਨੀਕਲ ਕੰਮ ਕੀਤਾ, ਸਾਨੂੰ ਬਰੀਕੀਆਂ ਦੱਸੀਆਂ। ਉਹ ਸਾਡੀ ਖੇਡ ਦੇ ਨਾਲ-ਨਾਲ ਸਾਨੂੰ ਮਾਨਸਿਕ ਤੌਰ ਉਪਰ ਵੀ ਮਜਬੂਤ ਕਰਦੇ ਹਨ।"

ਪ੍ਰਭਸਿਮਰਨ ਅਕਸਰ ਕਹਿੰਦੇ ਹਨ ਕਿ ਯੁਵਰਾਜ ਸਿੰਘ ਨੂੰ ਕਦੇ ਵੀ ਫੋਨ ਕਰਕੇ ਕੁਝ ਵੀ ਪੁੱਛਿਆ ਜਾ ਸਕਦਾ, ਉਹ ਹਮੇਸ਼ਾ ਤੁਹਾਡੇ ਲਈ ਹਾਜ਼ਰ ਰਹਿੰਦੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)