ਕਣਕ-ਚੌਲਾਂ ਨਾਲੋਂ ਕੀ ਕਿਨੋਆ ਤੇ ਜੌਂਅ ਵਰਗੇ ਪ੍ਰਾਚੀਨ ਅਨਾਜ ਤੁਹਾਡੇ ਲਈ ਵਧੇਰੇ ਫਾਇਦੇਮੰਦ ਹਨ?

ਤਸਵੀਰ ਸਰੋਤ, Serenity Strull/ Getty Images
- ਲੇਖਕ, ਜੈਸਿਕਾ ਬ੍ਰੈਡਲੀ
- ਰੋਲ, ਬੀਬੀਸੀ ਫਿਊਚਰ
- ਪੜ੍ਹਨ ਦਾ ਸਮਾਂ: 10 ਮਿੰਟ
ਪ੍ਰਾਚੀਨ ਅਨਾਜਾਂ ਦੇ ਸਿਹਤ ਨਾਲ ਜੁੜੇ ਫ਼ਾਇਦਿਆਂ ਬਾਰੇ ਜੋ ਚਰਚਾ ਹੋ ਰਹੀ ਹੈ, ਕੀ ਉਹ ਸਹੀ ਹੈ? ਵਿਗਿਆਨੀਆਂ ਦਾ ਕਹਿਣਾ ਹੈ ਕਿ ਇਹ ਓਨਾ ਸਿੱਧਾ ਨਹੀਂ ਭਾਈ ਜਿੰਨਾ ਤੁਸੀਂ ਸੋਚ ਰਹੇ ਹੋ।
ਪ੍ਰਾਚੀਨ ਅਨਾਜ ਉਹ ਹਨ ਜਿਨ੍ਹਾਂ ਵਿੱਚ ਸੈਂਕੜੇ ਸਾਲਾਂ ਤੋਂ ਸ਼ਾਇਦ ਹੀ ਕੋਈ ਬਦਲਾਅ ਆਇਆ ਹੈ। ਕਣਕ ਵਰਗੀਆਂ ਆਮ ਫ਼ਸਲਾਂ ਜਿਨ੍ਹਾਂ ਨੂੰ ਇਨਸਾਨਾਂ ਨੇ ਹਜ਼ਾਰਾਂ ਸਾਲਾਂ ਵਿੱਚ ਸੋਧ ਕਰ ਕਰਕੇ ਬਿਹਤਰ ਬਣਾਇਆ ਹੈ, ਦੇ ਉਲਟ ਪ੍ਰਾਚੀਨ ਅਨਾਜਾਂ ਨੇ ਆਪਣੇ ਜੰਗਲੀ ਪੂਰਵਜਾਂ ਤੋਂ ਮਿਲੇ ਜੈਨੇਟਿਕ ਗੁਣ ਬਰਕਰਾਰ ਰੱਖੇ ਹਨ ਅਤੇ ਅੱਜ, ਇਨ੍ਹਾਂ ਦੀ ਲੋਕਪ੍ਰਿਅਤਾ ਵਿੱਚ ਫਿਰ ਤੋਂ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ।
ਇਨ੍ਹਾਂ ਬਾਰੇ ਸਿਹਤ ਨਾਲ ਜੁੜੇ ਕਈ ਦਾਅਵੇ ਕੀਤੇ ਜਾਂਦੇ ਹਨ, ਜਿਨ੍ਹਾਂ ਵਿੱਚ ਇਹ ਵੀ ਸ਼ਾਮਲ ਹੈ ਕਿ ਇਨ੍ਹਾਂ ਵਿੱਚ ਆਪਣੇ ਆਧੁਨਿਕ ਸਮਕਾਲੀ ਅਨਾਜਾਂ ਦੇ ਮੁਕਾਬਲੇ ਵੱਧ ਪੋਸ਼ਕ ਤੱਤ ਹੁੰਦੇ ਹਨ।
ਪਰ ਕੀ ਇਹ ਸੱਚਮੁੱਚ ਉਨ੍ਹਾਂ ਆਧੁਨਿਕ ਅਨਾਜਾਂ ਨਾਲੋਂ ਵਧੀਆ ਹਨ, ਜਿਨ੍ਹਾਂ ਨੂੰ ਪੱਥਰ ਯੁੱਗ ਤੋਂ ਹੀ ਖੇਤੀਬਾੜੀ ਦੇ ਤਰੀਕਿਆਂ ਨਾਲ ਢਾਲਿਆ ਅਤੇ ਬਦਲਿਆ ਗਿਆ ਹੈ?
ਅਨਾਜ ਬਨਾਮ ਸਾਬਤ ਅਨਾਜ

ਤਸਵੀਰ ਸਰੋਤ, Getty Images
ਅਨਾਜ – ਜਿਵੇਂ ਚੌਲ, ਕਣਕ, ਜੌਂਅ ਅਤੇ ਮੱਕੀ – ਸਾਰੀ ਦੁਨੀਆ ਵਿੱਚ ਸਾਡੀ ਖੁਰਾਕ ਦਾ ਵੱਡਾ ਹਿੱਸਾ ਬਣਾਉਂਦੇ ਹਨ। ਸਾਨੂੰ ਆਪਣਾ ਜ਼ਿਆਦਾਤਰ ਫ਼ਾਈਬਰ ਅਤੇ ਕਾਰਬੋਹਾਈਡਰੇਟ ਅਨਾਜਾਂ ਤੋਂ ਹੀ ਮਿਲਦਾ ਹੈ, ਨਾਲ ਹੀ ਕੁਝ ਪ੍ਰੋਟੀਨ ਵੀ ਮਿਲਦੇ ਹਨ।
ਇਹ ਸਲਾਹ ਦਿੱਤੀ ਜਾਂਦੀ ਹੈ ਕਿ ਅਸੀਂ ਜਿੰਨੇ ਅਨਾਜ ਖਾਂਦੇ ਹਾਂ, ਉਨ੍ਹਾਂ ਵਿੱਚੋਂ ਘੱਟੋ-ਘੱਟ ਅੱਧੀ ਮਾਤਰਾ ਸਾਬਤ ਅਨਾਜਾਂ ਦੀ ਹੋਣੀ ਚਾਹੀਦੀ ਹੈ। ਇਹ ਉਹ ਅਨਾਜ ਹੁੰਦੇ ਹਨ ਜਿਨ੍ਹਾਂ ਨੂੰ ਚੱਕੀ ਵਿੱਚ ਪੀਸ ਕੇ ਰਿਫ਼ਾਈਨ ਨਹੀਂ ਕੀਤਾ ਜਾਂਦਾ, ਇਸ ਲਈ ਇਨ੍ਹਾਂ ਵਿੱਚ ਅਜੇ ਵੀ ਇਨ੍ਹਾਂ ਦੇ ਤਿੰਨੇ ਮੂਲ ਹਿੱਸੇ ਮੌਜੂਦ ਹੁੰਦੇ ਹਨ: ਛਿਲਕਾ, ਐਂਡੋਸਪਰਮ ਅਤੇ ਜਰਮ- ਜੋ ਪ੍ਰੋਟੀਨ, ਵਿਟਾਮਿਨ ਬੀ, ਲੋਹਾ ਅਤੇ ਫ਼ਾਈਬਰ ਸਮੇਤ ਕਈ ਵਿਟਾਮਿਨਾਂ ਅਤੇ ਪੋਲੀਫ਼ੀਨੋਲ ਨਾਲ ਭਰਪੂਰ ਹੁੰਦੇ ਹਨ।
ਉਦਾਹਰਣ ਲਈ, ਸਾਬਤ ਅਨਾਜ ਵਾਲੇ ਪਾਸਤਾ ਦਾ ਸਵਾਦ ਵੱਖਰਾ ਅਤੇ ਹੋਰ ਜ਼ਮੀਨੀ ਹੁੰਦਾ ਹੈ। ਨਾਲ ਹੀ ਰਿਫ਼ਾਈਨਡ ਪਾਸਤਾ ਦੇ ਮੁਕਾਬਲੇ ਇਸ ਵਿੱਚ ਵੱਧ ਫ਼ਾਈਬਰ, ਐਂਟੀਆਕਸੀਡੈਂਟ ਅਤੇ ਵਿਟਾਮਿਨ ਹੁੰਦੇ ਹਨ।
ਦੂਜੇ ਪਾਸੇ, ਰਿਫ਼ਾਈਨਡ ਅਨਾਜਾਂ ਨੂੰ ਪ੍ਰੋਸੈਸ (ਅਕਸਰ ਚੱਕੀ ਵਿੱਚ ਪੀਸ ਕੇ ਤਿਆਰ) ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੀ ਮੂਲ ਬਣਤਰ ਖਤਮ ਹੋ ਜਾਂਦੀ ਹੈ। ਇਸ ਪ੍ਰਕਿਰਿਆ ਦੌਰਾਨ, ਉਹ ਆਪਣੇ ਕੁਝ ਫ਼ਾਈਬਰ ਅਤੇ ਪੋਸ਼ਕ ਤੱਤ ਵੀ ਗੁਆ ਦਿੰਦੇ ਹਨ।
ਫਿਨਲੈਂਡ ਦੇ ਫਿਨਿਸ਼ ਇੰਸਟੀਚਿਊਟ ਫ਼ਾਰ ਹੈਲਥ ਐਂਡ ਵੈਲਫੇਅਰ ਵਿੱਚ ਨਿਊਟ੍ਰਿਸ਼ਨਲ ਐਪੀਡਿਮੀਓਲੋਜੀ ਸਬੰਧੀ ਖੋਜ ਕਰਨ ਵਾਲੇ ਰੀਲਾ ਟੈਮੀ ਕਹਿੰਦੇ ਹਨ, "ਅਨਾਜਾਂ ਨੂੰ ਸਵਾਦ ਅਤੇ ਬੇਕਿੰਗ ਲਈ ਰਿਫ਼ਾਈਨ ਕੀਤਾ ਜਾਂਦਾ ਹੈ। ਰਿਫ਼ਾਈਨਿੰਗ ਨਾਲ ਉਨ੍ਹਾਂ ਦੀ ਸ਼ੈਲਫ਼ ਲਾਈਫ਼ (ਲੰਮੇ ਸਮੇਂ ਤੱਕ ਤਾਜ਼ਾ ਰਹਿਣ ਦੀ ਮਿਆਦ) ਵੀ ਵਧ ਜਾਂਦੀ ਹੈ।"
ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਚੋਕਰ ਅਤੇ ਜਰਮ – ਜਿਨ੍ਹਾਂ ਨੂੰ ਆਮ ਤੌਰ 'ਤੇ ਰਿਫ਼ਾਈਨਿੰਗ ਦੌਰਾਨ ਹਟਾ ਦਿੱਤਾ ਜਾਂਦਾ ਹੈ – ਵਿੱਚ ਅਜਿਹੇ ਫੈਟੀ ਐਸਿਡ ਹੁੰਦੇ ਹਨ ਜੋ ਸ਼ੈਲਫ਼ ਲਾਈਫ਼ ਨੂੰ ਘਟਾਉਂਦੇ ਹਨ।
ਹਾਲਾਂਕਿ, ਸਾਬਤ ਅਨਾਜਾਂ ਨਾਲ ਭਰਪੂਰ ਖੁਰਾਕ ਲੈਣ ਨਾਲ ਕਈ ਬਿਮਾਰੀਆਂ – ਜਿਨ੍ਹਾਂ ਵਿੱਚ ਟਾਈਪ-2 ਡਾਇਬਟੀਜ਼ ਵੀ ਸ਼ਾਮਲ ਹੈ – ਦਾ ਖਤਰਾ ਘੱਟ ਹੁੰਦਾ ਹੈ। ਖੋਜ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਨਿਯਮਿਤ ਤੌਰ 'ਤੇ ਸਾਬਤ ਅਨਾਜ ਖਾਣ ਨਾਲ ਬਲੱਡ ਪ੍ਰੈਸ਼ਰ ਵੀ ਘੱਟ ਰਹਿੰਦਾ ਹੈ।
ਸਾਲ 2020 ਵਿੱਚ 17 ਅਧਿਐਨਾਂ ਦੀ ਇੱਕ ਸਮੀਖਿਆ ਵਿੱਚ ਖੋਜਕਾਰਾਂ ਨੇ ਪਾਇਆ ਕਿ ਸਾਬਤ ਅਨਾਜਾਂ ਨਾਲ ਭਰਪੂਰ ਖੁਰਾਕ ਦਾ ਸਬੰਧ ਕੋਲੋਰੇਕਟਲ, ਕੋਲਨ, ਗੈਸਟ੍ਰਿਕ, ਪੈਨਕ੍ਰਿਆਟਿਕ ਅਤੇ ਇਸੋਫੇਜੀਅਲ ਕੈਂਸਰ ਦੇ ਘੱਟ ਖਤਰੇ ਨਾਲ ਸੀ।
ਅਮਰੀਕਾ ਦੇ ਮਿਨੇਸੋਟਾ ਵਿੱਚ ਸੇਂਟ ਕੈਥਰੀਨ ਯੂਨੀਵਰਸਿਟੀ ਵਿੱਚ ਫੂਡਜ਼ ਅਤੇ ਨਿਊਟ੍ਰਿਸ਼ਨ ਦੀ ਪ੍ਰੋਫੈਸਰ ਐਮੇਰਿਟਾ (ਸੇਵਾਮੁਕਤ ਅਤੇ ਮੰਨੇ-ਪ੍ਰਮੰਨੇ) ਜੂਲੀ ਮਿਲਰ ਜੋਨਸ ਕਹਿੰਦੇ ਹਨ ਕਿ ਫਿਰ ਵੀ, ਇਨ੍ਹਾਂ ਨਤੀਜਿਆਂ ਪ੍ਰਤੀ ਸਾਵਧਾਨੀ ਨਾਲ ਚੱਲਣਾ ਚਾਹੀਦਾ ਹੈ। ਇਸ ਬਾਰੇ ਆਬਾਦੀ ਦਾ ਡੇਟਾ ਅਕਸਰ ਗੁੰਝਲਦਾਰ ਹੁੰਦਾ ਹੈ, ਕਿਉਂਕਿ ਜੋ ਲੋਕ ਸਾਬਤ ਅਨਾਜ ਖਾਂਦੇ ਹਨ, ਉਨ੍ਹਾਂ ਵਿੱਚ ਅਕਸਰ ਹੋਰ ਕਈ ਸਿਹਤਮੰਦ ਆਦਤਾਂ ਵੀ ਹੁੰਦੀਆਂ ਹਨ, ਇਹ ਗੱਲ ।
ਉਦਾਹਰਨ ਲਈ, ਇੱਕ ਫਿਨਿਸ਼ ਅਧਿਐਨ ਵਿੱਚ 5,000 ਤੋਂ ਵੱਧ ਬਾਲਗਾਂ ਦੀਆਂ ਖਾਣ-ਪੀਣ ਦੀਆਂ ਆਦਤਾਂ ਅਤੇ ਸਿਹਤ ਦਾ ਵਿਸ਼ਲੇਸ਼ਣ ਕੀਤਾ ਗਿਆ। ਵਿਗਿਆਨੀਆਂ ਨੇ ਪਾਇਆ ਕਿ ਜੋ ਲੋਕ ਵੱਧ ਸਾਬਤ ਅਨਾਜ ਖਾਂਦੇ ਸਨ, ਉਨ੍ਹਾਂ ਦੀ ਖੁਰਾਕ ਕੁੱਲ ਮਿਲਾ ਕੇ ਜ਼ਿਆਦਾ ਸਿਹਤਮੰਦ ਹੁੰਦੀ ਸੀ, ਜਿਸ ਵਿੱਚ ਵੱਧ ਫਲ, ਸਬਜ਼ੀਆਂ, ਘੱਟ ਫੈਟ ਵਾਲਾ ਦੁੱਧ ਅਤੇ ਮੱਛੀ ਸ਼ਾਮਲ ਹੁੰਦੇ ਸਨ, ਅਤੇ ਲਾਲ ਅਤੇ ਪ੍ਰੋਸੈਸਡ ਮੀਟ ਘੱਟ ਹੁੰਦਾ ਸੀ।
ਪ੍ਰਾਚੀਨ ਅਨਾਜ

ਤਸਵੀਰ ਸਰੋਤ, Getty Images
ਪੋਸ਼ਣ 'ਤੇ ਵਧ ਰਹੀ ਖੋਜ ਹੁਣ ਇਹ ਦਰਸਾ ਰਹੀ ਹੈ ਕਿ "ਆਧੁਨਿਕ" ਅਨਾਜਾਂ - ਜੋ ਸਾਡੀ ਖੁਰਾਕ ਦਾ ਵੱਡਾ ਹਿੱਸਾ ਬਣਾਉਂਦੇ ਹਨ - ਅਤੇ ਆਮ "ਪ੍ਰਾਚੀਨ ਅਨਾਜਾਂ" ਵਿਚਕਾਰ ਇੱਕ ਅੰਤਰ ਹੈ।
ਦੋਹਾਂ ਵਿੱਚੋਂ ਕਈਆਂ ਨੂੰ ਸਾਬਤ ਜਾਂ ਰਿਫ਼ਾਈਨਡ ਅਨਾਜ ਵਜੋਂ ਖਾਧਾ ਜਾ ਸਕਦਾ ਹੈ, ਪਰ ਆਧੁਨਿਕ ਅਨਾਜ ਉਹ ਹਨ ਜਿਨ੍ਹਾਂ ਨੂੰ ਸਮੇਂ ਦੇ ਨਾਲ ਖੇਤੀਬਾੜੀ ਦੇ ਤਰੀਕਿਆਂ ਰਾਹੀਂ ਇਸ ਤਰ੍ਹਾਂ ਵਿਕਸਤ ਕੀਤਾ ਗਿਆ ਹੈ ਕਿ ਉਨ੍ਹਾਂ ਤੋਂ ਵੱਧ ਪੈਦਾਵਾਰ ਜਾਂ ਵਧੀਆ ਸੁਆਦ ਵਰਗੀਆਂ ਮਨਚਾਹੀਆਂ ਖੂਬੀਆਂ ਮਿਲਣ।
ਅੱਜ ਅਸੀਂ ਜੋ ਕਣਕ ਅਤੇ ਮੱਕੀ ਖਾਂਦੇ ਹਾਂ, ਉਨ੍ਹਾਂ ਸਾਰੀਆਂ ਨੂੰ ਹਜ਼ਾਰਾਂ ਸਾਲਾਂ ਤੋਂ ਕ੍ਰਾਸ-ਬ੍ਰੀਡ ਕੀਤਾ ਗਿਆ ਹੈ। ਮੱਕੀ ਇੱਕ ਜੰਗਲੀ ਘਾਹ ਤੋਂ ਉਤਪੰਨ ਹੋਈ ਹੈ ਜਿਸਨੂੰ 'ਟਿਓਸਿੰਟੇ' ਕਿਹਾ ਜਾਂਦਾ ਹੈ। ਇਹ ਮੁੱਢਲੇ ਤੌਰ 'ਤੇ ਮੈਕਸੀਕੋ ਦੀ ਹੈ ਅਤੇ ਇਸ ਵਿੱਚ ਵੱਡੇ-ਵੱਡੇ ਦਾਣਿਆਂ ਦੀ ਥਾਂ ਛੋਟੇ ਬੀਜ ਹੁੰਦੇ ਹਨ। ਅਤੇ ਆਧੁਨਿਕ ਕਣਕ, ਪੁਰਾਣੀ ਕਣਕ ਦੀਆਂ ਕਿਸਮਾਂ - ਜਿਨ੍ਹਾਂ ਵਿੱਚ 'ਐਮਰ' ਅਤੇ 'ਸਪੈਲਟ' ਸ਼ਾਮਲ ਹਨ - ਦੀ ਚੋਣਵੀਂ ਬ੍ਰੀਡਿੰਗ ਦਾ ਨਤੀਜਾ ਹੈ।
ਖੋਜ ਕਰਨ ਵਾਲਿਆਂ ਦੇ ਅਨੁਸਾਰ, 'ਐਮਰ' ਉਨ੍ਹਾਂ ਪਹਿਲੇ ਅਨਾਜਾਂ ਵਿੱਚੋਂ ਇੱਕ ਸੀ ਜਿਸਨੂੰ ਖੇਤੀ ਦੇ ਉਪਯੋਗ ਲਈ ਵਿਕਸਿਤ ਕੀਤਾ ਗਿਆ ਸੀ। ਇਸ ਦੀ ਖੇਤੀ ਲੇਵੈਂਟ ਖੇਤਰ ਵਿੱਚ ਲਗਭਗ 9700 ਈਸਾ ਪੂਰਵ ਤੋਂ ਸ਼ੁਰੂ ਹੋਈ ਸੀ ਅਤੇ ਫਿਰ ਨਵਪਾਸ਼ਾਣ ਯੁੱਗ (ਪਾਸ਼ਾਣ ਯੁੱਗ ਦੇ ਐਂਟੀਕ ਚਰਨ) 'ਚ ਖੇਤੀਬਾੜੀ ਦੇ ਵਿਕਾਸ ਨਾਲ ਇਹ ਦੁਨੀਆ ਦੇ ਹੋਰ ਹਿੱਸਿਆਂ ਵਿੱਚ ਫੈਲ ਗਈ।
ਇਸ ਦੇ ਉਲਟ, ਪ੍ਰਾਚੀਨ ਅਨਾਜ ਉਹ ਹਨ ਜਿਨ੍ਹਾਂ ਵਿੱਚ ਇਨਸਾਨਾਂ ਨੇ ਕੋਈ ਬਹੁਤੀ ਛੇੜਛਾੜ ਨਹੀਂ ਕੀਤੀ ਅਤੇ ਉਹ ਆਪਣੇ ਮੂਲ ਗੁਣਾਂ ਨੂੰ ਕਾਫ਼ੀ ਹੱਦ ਤੱਕ ਬਰਕਰਾਰ ਰੱਖਦੇ ਹਨ। ਖੋਜ ਦਿਖਾਉਂਦੀ ਹੈ ਕਿ ਉਦਾਹਰਨ ਲਈ, 'ਸਪੈਲਟ' ਦੀ ਖੇਤੀ ਨਵਪਾਸ਼ਾਣ ਯੁੱਗ ਵਿੱਚ ਹੁੰਦੀ ਸੀ, ਜੋ ਲਗਭਗ 12,000 ਸਾਲ ਪਹਿਲਾਂ ਸ਼ੁਰੂ ਹੋਇਆ ਸੀ ਅਤੇ ਉਸ ਤੋਂ ਬਾਅਦ ਇਸ ਵਿੱਚ ਜਾਣਬੁਝ ਕੇ ਕੋਈ ਵੱਡਾ ਬਦਲਾਅ ਨਹੀਂ ਕੀਤਾ ਗਿਆ।
ਜੌਂਅ ਦਾ ਜ਼ਿਕਰ ਲਗਭਗ 4,000 ਸਾਲ ਪਹਿਲਾਂ ਮਨੁੱਖੀ ਲਿਖਤ ਦੇ ਕੁਝ ਸਭ ਤੋਂ ਪਹਿਲੇ ਰਿਕਾਰਡਾਂ ਵਿੱਚ ਮਿਲਦਾ ਹੈ, ਜੋ ਮੈਸੋਪੋਟੇਮੀਆ ਤੋਂ ਮਿਲੇ ਹਨ। ਲਗਭਗ ਉਸੇ ਸਮੇਂ, ਚੀਆ ਸੀਡਜ਼ - ਜੋ ਮੁੱਢਲੇ ਤੌਰ 'ਤੇ ਮੈਕਸੀਕੋ ਦੇ ਸਨ - ਦੀ ਖੇਤੀ ਐਜ਼ਟੈਕ ਲੋਕ ਕਰ ਰਹੇ ਸਨ।
ਯੂਕੇ ਵਿੱਚ ਆਕਸਫੋਰਡ ਦੇ ਸਕੂਲ ਆਫ਼ ਆਰਕਿਆਲੋਜੀ ਵਿੱਚ ਯੂਰਪੀਅਨ ਆਰਕਿਆਲੋਜੀ ਦੇ ਪ੍ਰੋਫੈਸਰ ਐਮੀ ਬੋਗਾਰਡ ਦੇ ਅਨੁਸਾਰ, ਆਧੁਨਿਕ ਇਨਸਾਨਾਂ ਨੇ 19ਵੀਂ ਸਦੀ ਦੇ ਅਖੀਰ ਅਤੇ 20ਵੀਂ ਸਦੀ ਦੀ ਸ਼ੁਰੂਆਤ ਵਿੱਚ ਪ੍ਰਾਚੀਨ ਅਨਾਜਾਂ ਨੂੰ ਦੁਬਾਰਾ ਖੋਜਣਾ ਸ਼ੁਰੂ ਕੀਤਾ। ਖੁਦਾਈ ਕਰ ਰਹੇ ਕਿਸਾਨੀ ਸਮੂਹਾਂ ਨੂੰ ਕਈ ਵਾਰ ਅਜਿਹੇ ਅਨਾਜ ਦੇ ਟੁਕੜੇ ਮਿਲੇ, ਜਿਨ੍ਹਾਂ ਨੂੰ ਉਨ੍ਹਾਂ ਨੇ ਉਨ੍ਹਾਂ ਕਿਸਮਾਂ ਨਾਲ ਜੋੜਿਆ ਜਿਨ੍ਹਾਂ ਦੀ ਉਹ ਉਸ ਵੇਲੇ ਖੇਤੀ ਨਹੀਂ ਕਰ ਰਹੇ ਸਨ।
ਬੋਗਾਰਡ ਕਹਿੰਦੇ ਹਨ ਕਿ ਉਹ ਅਨਾਜ ਸੜੇ ਹੋਏ ਸਨ, ਜਿਸਦਾ ਮਤਲਬ ਹੈ ਕਿ ਉਨ੍ਹਾਂ ਨੂੰ ਸਾਡੇ ਪੂਰਵਜਾਂ ਨੇ ਪਕਾਇਆ ਸੀ।
ਉਸ ਤੋਂ ਬਾਅਦ, ਉਹ ਅਤੇ ਉਨ੍ਹਾਂ ਦੇ ਸਾਥੀਆਂ ਨੇ ਹਜ਼ਾਰਾਂ ਸੜੇ ਹੋਏ ਪ੍ਰਾਚੀਨ ਅਨਾਜ ਦੇ ਨਮੂਨਿਆਂ ਦਾ ਅਧਿਐਨ ਕੀਤਾ ਹੈ, ਤਾਂ ਜੋ ਉਹ ਪੁਰਾਣੀਆਂ ਖੇਤੀਬਾੜੀ ਦੇ ਤਰੀਕਿਆਂ ਅਤੇ ਉਸ ਵੇਲੇ ਦੀਆਂ ਮਿੱਟੀ ਦੀਆਂ ਸਥਿਤੀਆਂ ਨੂੰ ਸਮਝ ਸਕਣ, ਜਿਨ੍ਹਾਂ ਵਿੱਚ ਫ਼ਸਲਾਂ ਉਗਾਈਆਂ ਜਾਂਦੀਆਂ ਸਨ।
ਹੁਣ, ਇਨ੍ਹਾਂ ਵਿੱਚੋਂ ਕਈ ਅਨਾਜ ਆਧੁਨਿਕ ਖਾਣ-ਪੀਣ ਵਿੱਚ ਦੁਬਾਰਾ ਸ਼ਾਮਲ ਕੀਤੇ ਜਾ ਰਹੇ ਹਨ। ਕੁਝ ਨੂੰ ਤਾਂ ਸੁਰੱਖਿਅਤ ਦਾ ਦਰਜਾ ਵੀ ਦਿੱਤਾ ਗਿਆ ਹੈ – ਜਿਵੇਂ ਕਿ ਆਇਨਕੌਰਨ ਕਰਨ, ਜਿਸ ਨੂੰ ਫਰਾਂਸ ਦੇ ਹੌਤੇ ਪ੍ਰਾਂਤ ਵਿੱਚ ਪੁਟੀ ਏਪੋਥ ਵੀ ਕਿਹਾ ਜਾਂਦਾ ਹੈ।
ਨਿਊਕੈਸਲ ਯੂਨੀਵਰਸਿਟੀ ਵਿੱਚ ਖੁਰਾਕ ਅਤੇ ਮਨੁੱਖੀ ਪੋਸ਼ਣ ਦੇ ਐਮੇਰਿਟਸ ਪ੍ਰੋਫੈਸਰ ਕ੍ਰਿਸ ਸੀਲ ਕਹਿੰਦੇ ਹਨ ਕਿ ਪ੍ਰਾਚੀਨ ਅਨਾਜ ਅਜੇ ਵੀ ਕਿਸਾਨਾਂ ਵਿੱਚ ਸਭ ਤੋਂ ਲੋਕਪ੍ਰਿਯ ਨਹੀਂ ਹਨ। ਕਿਸਾਨ ਆਮ ਤੌਰ 'ਤੇ ਆਧੁਨਿਕ ਅਨਾਜ ਉਗਾਉਣਾ ਪਸੰਦ ਕਰਦੇ ਹਨ, ਕਿਉਂਕਿ ਉਨ੍ਹਾਂ ਤੋਂ ਪੈਦਾਵਾਰ ਵੱਧ ਹੁੰਦੀ ਹੈ।
ਉਹ ਕਹਿੰਦੇ ਹਨ, "ਅਸੀਂ ਹੁਣ ਪੁਰਾਣੀ ਕਣਕ ਦੀਆਂ ਜ਼ਿਆਦਾਤਰ ਕਿਸਮਾਂ ਇਸ ਲਈ ਨਹੀਂ ਉਗਾਉਂਦੇ, ਕਿਉਂਕਿ ਆਧੁਨਿਕ ਖੇਤੀਬਾੜੀ ਦੀਆਂ ਹਾਲਤਾਂ ਵਿੱਚ ਉਹ ਓਨੇ ਵਧੀਆ ਢੰਗ ਨਾਲ ਨਹੀਂ ਵਧਦੀਆਂ।"
ਸੀਲ ਦੱਸਦੇ ਹਨ ਕਿ ਕਣਕ ਦੀਆਂ ਕਈ ਪੁਰਾਣੀਆਂ ਕਿਸਮਾਂ ਕਾਫ਼ੀ ਉੱਚੀਆਂ ਹੁੰਦੀਆਂ ਹਨ, ਜਦਕਿ ਆਧੁਨਿਕ ਕਣਕ ਆਮ ਤੌਰ 'ਤੇ ਛੋਟੇ ਪੌਦਿਆਂ ਵਾਲੀ ਹੁੰਦੀ ਹੈ।
ਉਹ ਕਹਿੰਦੇ ਹਨ ਕਿ ਤੇਜ਼ ਹਵਾਵਾਂ ਵਿੱਚ ਕਣਕ ਦੇ ਲੰਮੇ ਪੌਦੇ ਮੁੜ ਜਾਂ ਟੁੱਟ ਸਕਦੇ ਹਨ, ਜਿਸ ਨਾਲ ਪੈਦਾਵਾਰ ਘੱਟ ਹੋ ਜਾਂਦੀ ਹੈ।
ਮਿਲਰ ਜੋਨਜ਼ ਕਹਿੰਦੇ ਹਨ, ਇਸਦਾ ਇੱਕ ਕਾਰਨ ਇਹ ਵੀ ਹੈ ਕਿ ਬ੍ਰੈੱਡ ਬਣਾਉਣ ਲਈ ਪ੍ਰਾਚੀਨ ਅਨਾਜ ਓਨੇ ਲਾਭਕਾਰੀ ਨਹੀਂ ਹੁੰਦੇ।
ਉਹ ਕਹਿੰਦੇ ਹਨ, "ਉਗਾਉਣ ਵਾਲਾ ਸਭ ਤੋਂ ਪਹਿਲਾਂ ਪੈਦਾਵਾਰ 'ਤੇ ਧਿਆਨ ਦਿੰਦਾ ਹੈ ਅਤੇ ਦੂਜੀ ਗੱਲ ਇਹ ਦੇਖਦਾ ਹੈ ਕਿ ਉਸ ਨਾਲ ਬ੍ਰੈਡ ਕਿੰਨੀ ਵਧੀਆ ਬਣਦੀ ਹੈ।"
ਕੀ ਪ੍ਰਾਚੀਨ ਅਨਾਜ ਵਾਕਈ ਆਧੁਨਿਕ ਅਨਾਜਾਂ ਨਾਲੋਂ ਵਧੇਰੇ ਸਿਹਤਮੰਦ ਹੁੰਦੇ ਹਨ?

ਪ੍ਰਾਚੀਨ ਅਨਾਜਾਂ ਦਾ ਇੱਕ ਮੁੱਖ ਫ਼ਾਇਦਾ ਇਹ ਹੈ ਕਿ ਉਨ੍ਹਾਂ ਵਿੱਚੋਂ ਕਈਆਂ ਵਿੱਚ ਗਲੂਟਨ ਬਹੁਤ ਘੱਟ ਜਾਂ ਬਿਲਕੁਲ ਨਹੀਂ ਹੁੰਦਾ।
ਬਾਜਰਾ, ਘਾਹ ਦੇ ਇੱਕ ਅਜਿਹੇ ਪਰਿਵਾਰ ਨਾਲ ਸਬੰਧਤ ਹੈ ਜੋ ਕਣਕ ਤੋਂ ਵੱਖਰਾ ਹੈ, ਜਦਕਿ ਕਿਨੋਆ ਅਸਲ ਵਿੱਚ ਇੱਕ ਬੀਜ ਹੈ ਜੋ ਪਾਲਕ ਅਤੇ ਚਾਰਡ ਦੇ ਹੀ ਪਰਿਵਾਰ ਨਾਲ ਜੁੜਿਆ ਹੈ। ਸੀਲ ਕਹਿੰਦੇ ਹਨ ਕਿ ਇਸ ਦਾ ਮਤਲਬ ਹੈ ਕਿ ਜਿਨ੍ਹਾਂ ਲੋਕਾਂ ਨੂੰ ਗਲੂਟਨ ਨਾਲ ਐਲਰਜੀ ਜਾਂ ਅਸਹਿਣਸ਼ੀਲਤਾ ਹੈ, ਉਹ ਵੀ ਇਹ ਅਨਾਜ ਖਾ ਸਕਦੇ ਹਨ।
ਸੀਲ ਦੱਸਦੇ ਹਨ ਕਿ ਕੁਝ ਅਧਿਐਨਾਂ ਵਿੱਚ ਕਿਹਾ ਗਿਆ ਹੈ ਕਿ ਕਿਨੋਆ ਖਾਣ ਦਾ ਨਾਲ ਟਾਈਪ 2 ਡਾਇਬਟੀਜ਼ ਦੇ ਸ਼ੁਰੂਆਤੀ ਲੱਛਣਾਂ ਵਿੱਚ ਸੁਧਾਰ ਨਜ਼ਰ ਆਇਆ ਹੈ।
ਉਦਾਹਰਨ ਲਈ, ਇੱਕ ਅਧਿਐਨ ਵਿੱਚ 37 ਪੁਰਸ਼ਾਂ ਨੇ ਚਾਰ ਹਫ਼ਤਿਆਂ ਤੱਕ ਹਰ ਰੋਜ਼ ਕਿਨੋਆ ਦੇ ਆਟੇ ਨਾਲ ਬਣੀ ਬ੍ਰੈੱਡ ਖਾਧੀ। ਇਸ ਦੀ ਤੁਲਨਾ ਇੱਕ ਹੋਰ ਸਮੂਹ ਨਾਲ ਕੀਤੀ ਗਈ ਜਿਸ ਨੇ ਰਿਫ਼ਾਈਨਡ ਵ੍ਹਾਈਟ ਬ੍ਰੈਡ ਖਾਧੀ ਸੀ। ਖੋਜਕਰਤਾਵਾਂ ਨੇ ਪਾਇਆ ਕਿ ਕਿਨੋਆ ਖਾਣ ਵਾਲੇ ਸਮੂਹ ਵਿੱਚ, ਖਾਣ ਤੋਂ ਬਾਅਦ ਖੂਨ ਵਿੱਚ ਸ਼ੂਗਰ ਦਾ ਪੱਧਰ ਵ੍ਹਾਈਟ ਬ੍ਰੈਡ ਵਾਲੇ ਸਮੂਹ ਨਾਲੋਂ ਘੱਟ ਸੀ।
ਹਾਲਾਂਕਿ, ਸਾਲ 2020 ਵਿੱਚ ਖੋਜਕਰਤਾਵਾਂ ਨੂੰ ਇਸ ਗੱਲ ਦੇ ਬਹੁਤ ਘੱਟ ਸਬੂਤ ਮਿਲੇ ਕਿ ਖੇਤੀਬਾੜੀ ਦੇ ਤੀਬਰ ਤਰੀਕਿਆਂ ਨੇ ਆਧੁਨਿਕ ਅਨਾਜਾਂ ਦੀ ਪੋਸ਼ਣ ਪ੍ਰੋਫ਼ਾਈਲ ਨੂੰ ਨੁਕਸਾਨ ਪਹੁੰਚਾਇਆ ਹੈ।
ਹਾਲਾਂਕਿ, ਕੁਝ ਅਧਿਐਨਾਂ ਦੇ ਮੁਤਾਬਕ, 1960 ਦੇ ਦਹਾਕੇ ਤੋਂ ਲੋਹਾ, ਜ਼ਿੰਕ ਅਤੇ ਮੈਗਨੀਸ਼ੀਅਮ ਵਰਗੇ ਕੁਝ ਖਣਿਜਾਂ ਦੀ ਮਾਤਰਾ ਵਿੱਚ ਕਾਫ਼ੀ ਘਾਟਾ ਆਇਆ ਹੈ।
ਮਿਲਰ ਜੋਨਜ਼ ਕਹਿੰਦੇ ਹਨ, "ਪ੍ਰਾਚੀਨ ਅਨਾਜਾਂ ਨੂੰ ਲੈ ਕੇ ਬਹੁਤ ਜ਼ਿਆਦਾ ਚਰਚਾ ਹੈ। ਜਿਨ੍ਹਾਂ ਲੋਕਾਂ ਨੂੰ ਗਲੂਟਨ ਨਾਲ ਸਮੱਸਿਆ ਹੈ, ਉਨ੍ਹਾਂ ਲਈ ਇਹ ਉਤਸ਼ਾਹ ਜਾਇਜ਼ ਹੈ... ਪਰ ਇਸ ਤੋਂ ਇਲਾਵਾ, ਅਨਾਜ ਦੇ ਸਿਹਤ ਨੂੰ ਹੁੰਦੇ ਫ਼ਾਇਦਿਆਂ ਬਾਰੇ ਗੱਲ ਕਰੀਏ ਤਾਂ ਇਹ ਗੱਲ ਬਹੁਤੀ ਮਾਅਨੇ ਨਹੀਂ ਰੱਖਦੀ ਕਿ ਉਹ 'ਪ੍ਰਾਚੀਨ' ਹਨ ਜਾਂ ਨਹੀਂ।''
ਸੀਲ ਕਹਿੰਦੇ ਹਨ ਕਿ ਫਿਰ ਵੀ ਪ੍ਰਾਚੀਨ ਅਨਾਜਾਂ ਅਤੇ ਸਿਹਤ ਬਾਰੇ ਹੋਏ ਅਧਿਐਨਾਂ ਦੀ ਗਿਣਤੀ ਹੋਰ ਨਵੇਂ ਕਿਸਮ ਦੇ ਅਨਾਜਾਂ 'ਤੇ ਹੋਏ ਅਧਿਐਨਾਂ ਨਾਲੋਂ ਕਾਫ਼ੀ ਘੱਟ ਹੈ। ਭਰੋਸੇਯੋਗ ਡੇਟਾ ਇਕੱਠਾ ਕਰਨ ਵਿੱਚ ਕੁਝ ਮੁਸ਼ਕਲਾਂ ਹਨ, ਕਿਉਂਕਿ ਅਨਾਜ ਆਪਣੇ ਆਲੇ-ਦੁਆਲੇ ਦੇ ਵਾਤਾਵਰਣ ਨਾਲ ਪ੍ਰਭਾਵਿਤ ਹੁੰਦੇ ਹਨ। ਇਸ ਲਈ ਨਤੀਜਿਆਂ ਦੀ ਤੁਲਨਾ ਇੱਕੋ-ਜਿਹੀਆਂ ਸਥਿਤੀਆਂ ਵਿੱਚ ਹੀ ਕੀਤੀ ਜਾਣੀ ਚਾਹੀਦੀ ਹੈ।
ਪਰ ਪ੍ਰਾਚੀਨ ਅਨਾਜ ਸਾਡੇ ਲਈ ਵਧੀਆ ਕਿਉਂ ਹੋ ਸਕਦੇ ਹਨ, ਇਸ ਦੀ ਇੱਕ ਵਜ੍ਹਾ ਇਹ ਨਹੀਂ ਕਿ ਉਨ੍ਹਾਂ ਵਿੱਚ ਕੀ ਹੈ – ਬਲਕਿ ਇਹ ਹੈ ਕਿ ਅਸੀਂ ਉਨ੍ਹਾਂ ਨੂੰ ਕਿਵੇਂ ਪ੍ਰੋਸੈਸ ਕਰਦੇ ਹਾਂ ਅਤੇ ਕਿਵੇਂ ਖਾਂਦੇ ਹਾਂ।
ਇਹ ਸਾਨੂੰ ਫਿਰ ਉਸੇ ਗੱਲ 'ਤੇ ਲੈ ਆਉਂਦਾ ਹੈ ਜਿਸਦਾ ਜ਼ਿਕਰ ਅਸੀਂ ਪਹਿਲਾਂ ਕੀਤਾ ਸੀ – ਸੀਲ ਕਹਿੰਦੇ ਹਨ ਕਿ ਅਸੀਂ ਉਨ੍ਹਾਂ ਨੂੰ ਜ਼ਿਆਦਾਤਰ ਸਾਬਤ ਰੂਪ ਵਿੱਚ ਹੀ ਖਾਂਦੇ ਹਾਂ।
ਉਹ ਕਹਿੰਦੇ ਹਨ, "ਰਿਫ਼ਾਈਨਡ ਕਣਕ ਦੇ ਮੁਕਾਬਲੇ, ਇਸ ਦਾ ਮਤਲਬ ਹੈ ਫ਼ਾਈਬਰ ਦੀ ਵੱਧ ਮਾਤਰਾ, ਵੱਧ ਖਣਿਜ ਅਤੇ ਵੱਧ ਵਿਟਾਮਿਨ।''
ਪ੍ਰਾਚੀਨ ਅਨਾਜਾਂ ਦੀ ਵਾਪਸੀ

ਤਸਵੀਰ ਸਰੋਤ, Getty Images
ਸੀਲ ਕਹਿੰਦੇ ਹਨ ਕਿ ਜਲਵਾਯੂ ਪਰਿਵਰਤਨ ਇਸ ਸਮੇਂ ਅਨਾਜ ਉਤਪਾਦਨ ਨੂੰ ਪ੍ਰਭਾਵਿਤ ਕਰਨ ਵਾਲੇ ਸਭ ਤੋਂ ਵੱਡੇ ਕਾਰਕਾਂ ਵਿੱਚੋਂ ਇੱਕ ਹੈ ਅਤੇ ਪ੍ਰਾਚੀਨ ਅਨਾਜਾਂ ਦੀ ਵਾਪਸੀ ਦੇ ਪਿੱਛੇ ਦਾ ਇੱਕ ਹੋਰ ਕਾਰਨ ਵੀ ਇਹੀ ਹੈ।
ਕੁਝ ਪ੍ਰਾਚੀਨ ਅਨਾਜ ਮੁਸ਼ਕਲ ਹਾਲਤਾਂ ਵਿੱਚ ਵੀ ਕਾਫ਼ੀ ਮਜ਼ਬੂਤ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਘੱਟ ਕੀਟਨਾਸ਼ਕਾਂ ਦੀ ਲੋੜ ਹੁੰਦੀ ਹੈ। ਇਸ ਲਈ, ਭਵਿੱਖ ਵਿੱਚ ਭਰੋਸੇਯੋਗ ਖੁਰਾਕ ਸਪਲਾਈ ਯਕੀਨੀ ਬਣਾਉਣ ਵਿੱਚ ਇਹ ਅਨਾਜ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ।
ਸੀਲ ਕਹਿੰਦੇ ਹਨ, "ਕਿਸਾਨ ਵੱਖ-ਵੱਖ ਕਿਸਮਾਂ ਦੀ ਜਾਂਚ ਕਰ ਰਹੇ ਹਨ, ਤਾਂ ਜੋ ਇਹ ਪਤਾ ਲੱਗ ਸਕੇ ਕਿ ਕਿਹੜੀਆਂ ਕਿਸਮਾਂ ਸੋਕੇ ਦਾ ਵਧੀਆ ਤਰ੍ਹਾਂ ਸਾਹਮਣਾ ਕਰ ਸਕਦੀਆਂ ਹਨ।"
ਤੁਰਕੀ ਦੇ ਇੱਕ ਖੇਤਰ ਵਿੱਚ, ਜਿੱਥੇ ਸੋਕੇ ਕਾਰਨ ਮਿੱਟੀ ਦੀ ਉਪਜਾਊ ਸ਼ਕਤੀ ਘੱਟ ਹੋ ਗਈ ਹੈ, ਛੋਟੇ ਕਿਸਾਨ ਜ਼ਮੀਨ ਨੂੰ ਸੁਧਾਰਨ ਲਈ ਕਣਕ ਦੀਆਂ ਪੁਰਾਣੀਆਂ ਕਿਸਮਾਂ ਨੂੰ ਦੁਬਾਰਾ ਉਗਾ ਰਹੇ ਹਨ।
ਇਸੇ ਤਰ੍ਹਾਂ, ਪੱਛਮੀ ਅਫ਼ਰੀਕਾ ਵਿੱਚ ਖੋਜਕਰਤਾ ਇਸ ਗੱਲ 'ਤੇ ਕੰਮ ਕਰ ਰਹੇ ਹਨ ਕਿ ਪ੍ਰਾਚੀਨ ਅਨਾਜ 'ਫੋਨਿਓ' ਨੂੰ ਸਭ ਤੋਂ ਵਧੀਆ ਤਰੀਕੇ ਨਾਲ ਕਿਵੇਂ ਦੁਬਾਰਾ ਉਗਾਇਆ ਜਾਵੇ, ਇਹ ਅਨਾਜ ਸੋਕੇ ਪ੍ਰਤੀ ਸਹਿਣਸ਼ੀਲ ਹੈ।
ਜਦੋਂ ਗੱਲ ਖੁਰਾਕ ਦੀ ਆਉਂਦੀ ਹੈ, ਤਾਂ ਹੋ ਸਕਦਾ ਹੈ ਕਿ ਪ੍ਰਾਚੀਨ ਜਾਂ ਪ੍ਰਾਚੀਨ ਅਨਾਜ ਓਨੇ ਪ੍ਰਭਾਵਸ਼ਾਲੀ ਨਾ ਹੋਣ ਜਿੰਨੀਆਂ ਉਨ੍ਹਾਂ ਬਾਰੇ ਗੱਲਾਂ ਹੋ ਰਹੀਆਂ ਹਨ। ਮਾਹਿਰ ਮੰਨਦੇ ਹਨ ਕਿ ਹਰ ਕਿਸਮ ਦੇ ਅਨਾਜਾਂ ਨੂੰ ਮਿਲਾ ਕੇ ਖਾਣਾ ਅਤੇ ਜਿੰਨਾ ਸੰਭਵ ਹੋਵੇ, ਉਨ੍ਹਾਂ ਨੂੰ ਸਾਬਤ ਰੂਪ ਵਿੱਚ ਖਾਣਾ, ਸਭ ਤੋਂ ਵਧੀਆ ਤਰੀਕਾ ਹੈ।
ਬੋਗਾਰਡ ਕਹਿੰਦੇ ਹਨ, "ਅਜਿਹੇ ਬਹੁਤ ਸਾਰੇ ਅਨਾਜ ਹਨ ਜਿਨ੍ਹਾਂ ਨੂੰ ਅਸੀਂ ਅੱਜ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਰਹੇ ਹਾਂ। ਪੁਰਾਤਨ ਸਮੇਂ ਦੀ ਖੇਤੀਬਾੜੀ ਵਿੱਚ ਅਨਾਜ ਹਮੇਸ਼ਾ ਹੋਰ ਕਿਸਮਾਂ ਦੀਆਂ ਫ਼ਸਲਾਂ ਨਾਲ ਮਿਲਾ ਕੇ ਉਗਾਏ ਜਾਂਦੇ ਸਨ। ਉਨ੍ਹਾਂ ਨੂੰ ਅੱਜ ਦੀ ਤਰ੍ਹਾਂ ਅਲੱਗ ਤੋਂ ਨਹੀਂ ਉਗਾਇਆ ਜਾਂਦਾ ਸੀ।"
ਮਿਲਰ ਜੋਨਜ਼ ਵੀ ਇਸ ਗੱਲ ਨਾਲ ਸਹਿਮਤ ਹਨ ਅਤੇ ਉਹ ਵੱਖ-ਵੱਖ ਕਿਸਮ ਦੇ ਸੂਖਮ ਪੋਸ਼ਕ ਤੱਤਾਂ ਦਾ ਲਾਭ ਲੈਣ ਲਈ ਵੱਖ-ਵੱਖ ਅਨਾਜ ਖਾਣ ਦੀ ਸਲਾਹ ਦਿੰਦੇ ਹਨ, ਜਿਨ੍ਹਾਂ ਵਿੱਚ ਪ੍ਰਾਚੀਨ ਅਨਾਜ ਵੀ ਸ਼ਾਮਲ ਹਨ। ਉਹ ਕਹਿੰਦੇ ਹਨ, "ਜੇ ਤੁਸੀਂ ਵੱਖ-ਵੱਖ ਕਿਸਮ ਦੇ ਅਨਾਜ ਖਾਂਦੇ ਹੋ ਤਾਂ ਤੁਹਾਨੂੰ ਵਿਟਾਮਿਨਾਂ ਦੀ ਪੂਰੀ ਰੇਂਜ ਮਿਲਦੀ ਹੈ। ਵਿਭਿੰਨਤਾ ਹੀ ਸਭ ਤੋਂ ਵਧੀਆ ਰਣਨੀਤੀ ਹੈ।''
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
































