ਕਾਰੋਬਾਰੀ ਤੋਂ ਸਿਆਸਤਦਾਨ ਕਿਵੇਂ ਬਣੇ ਸੰਜੀਵ ਅਰੋੜਾ, ਘੱਟ ਸਮੇਂ 'ਚ ਵਿਧਾਇਕ ਤੇ ਫਿਰ ਮੰਤਰੀ ਦੀ ਕੁਰਸੀ ਤੱਕ ਪਹੁੰਚਣ ਦੇ ਸਫ਼ਰ ਬਾਰੇ ਜਾਣੋ

ਮੀਡੀਆ ਨਾਲ ਗੱਲਬਾਤ ਕਰਦਿਆਂ ਮੰਤਰੀ ਦੀ ਪੁਰਾਣੀ ਤਸਵੀਰ

ਤਸਵੀਰ ਸਰੋਤ, Sanjeev Arora/fb

ਤਸਵੀਰ ਕੈਪਸ਼ਨ, ਰੇਡ ਹੋਣ ਦੀ ਪੁਸ਼ਟੀ ਖੁਦ ਸੰਜੀਵ ਅਰੋੜਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਪੋਸਟ ਪਾ ਕੇ ਕੀਤੀ ਸੀ
ਪੜ੍ਹਨ ਦਾ ਸਮਾਂ: 6 ਮਿੰਟ

ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਆਗੂ ਸੰਜੀਵ ਅਰੋੜਾ ਦੇ ਘਰ 17 ਅਪ੍ਰੈਲ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਛਾਪੇਮਾਰੀ ਸ਼ੁਰੂ ਕੀਤੀ ਸੀ, ਜੋ 18 ਅਪ੍ਰੈਲ ਨੂੰ ਖ਼ਤਮ ਹੋ ਗਈ। ਰੇਡ ਹੋਣ ਦੀ ਪੁਸ਼ਟੀ ਖੁਦ ਸੰਜੀਵ ਅਰੋੜਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਪਾਈ ਪੋਸਟ ਦੇ ਜ਼ਰੀਏ ਕੀਤੀ ਸੀ।

ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਅਸ਼ੋਕ ਮਿੱਤਲ ਨਾਲ ਜੁੜੇ ਟਿਕਾਣਿਆਂ 'ਤੇ ਵੀ ਈਡੀ ਵੱਲੋਂ ਛਾਪੇਮਾਰੀ ਕੀਤੀ ਗਈ ਸੀ।

ਆਪਣੇ ਲੀਡਰਾਂ ਦੇ ਟਿਕਾਣਿਆਂ ਉੱਤੇ ਹੋਈਆਂ ਛਾਪੇਮਾਰੀਆਂ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਕੇਂਦਰ ਦੀ ਬੀਜੇਪੀ ਸਰਕਾਰ ਨੂੰ ਘੇਰਿਆ ਸੀ।

ਖ਼ਬਰ ਏਜੰਸੀ ਪੀਟੀਆਈ ਦੀ ਰਿਪੋਰਟ ਮੁਤਾਬਕ ਸਾਲ 2024 ਵਿੱਚ ਵੀ ਸੰਜੀਵ ਅਰੋੜਾ ਦੇ ਟਿਕਾਣਿਆਂ ਉੱਤੇ ਈਡੀ ਦੀ ਰੇਡ ਹੋਈ ਸੀ। ਉਸ ਸਮੇਂ ਵੀ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਸੰਜੀਵ ਅਰੋੜਾ ਨੇ ਕਿਹਾ ਸੀ ਕਿ ਮੈਂ ਕਾਨੂੰਨ ਮੰਨਣ ਵਾਲਾ ਨਾਗਰਿਕ ਹਾਂ ਅਤੇ ਏਜੰਸੀਆਂ ਨਾਲ ਪੂਰਾ ਸਹਿਯੋਗ ਕਰਾਂਗਾ।

ਜਾਣਦੇ ਹਾਂ ਕਿ ਪੰਜਾਬ ਦੇ ਸਭ ਤੋਂ ਅਮੀਰ ਵਿਧਾਇਕਾਂ ਵਿੱਚ ਗਿਣੇ ਜਾਂਦੇ ਸੰਜੀਵ ਅਰੋੜਾ ਕੌਣ ਹਨ ਅਤੇ ਉਹ ਇੱਕ ਕਾਰੋਬਾਰੀ ਤੋਂ ਸਿਆਸਤਦਾਨ ਕਿਵੇਂ ਬਣੇ।

ਕੌਣ ਹਨ ਸੰਜੀਵ ਅਰੋੜਾ ਹਨ

ਸੰਜੀਵ ਅਰੋੜਾ

ਤਸਵੀਰ ਸਰੋਤ, Sanjeev Arora/fb

ਤਸਵੀਰ ਕੈਪਸ਼ਨ, ਸਫਲ ਕਾਰੋਬਾਰੀਆਂ ਵਜੋਂ ਜਾਣੇ ਜਾਂਦੇ ਰਹੇ ਸੰਜੀਵ ਅਰੋੜਾ ਦੀ ਗਿਣਤੀ ਪੰਜਾਬ ਦੇ ਸਭ ਤੋਂ ਅਮੀਰ ਸਿਆਸੀ ਆਗੂਆਂ ਵਿੱਚ ਹੁੰਦੀ ਹੈ।

ਲੁਧਿਆਣਾ ਦੇ ਰਹਿਣ ਵਾਲੇ 62 ਸਾਲਾ ਸੰਜੀਵ ਅਰੋੜਾ ਸਿਆਸਤ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਵੱਡੇ ਉਦਯੋਗਪਤੀਆਂ ਵਜੋਂ ਗਿਣੇ ਜਾਂਦੇ ਸਨ।

ਪਰ 10 ਮਹੀਨੇ ਪਹਿਲਾਂ ਵਿਧਾਇਕ ਬਣੇ ਅਰੋੜਾ ਹੁਣ ਮਾਨ ਸਰਕਾਰ ਵਿੱਚ ਮੰਤਰੀ ਵਜੋਂ ਤਿੰਨ ਮਹਿਕਮੇ ਸਾਂਭ ਰਹੇ ਹਨ।

ਉਨ੍ਹਾਂ ਕੋਲ ਇੰਡਸਟਰੀ ਅਤੇ ਕਮਰਸ, ਇਨਵੈਸਟਮੈਂਟ ਪ੍ਰਮੋਸ਼ਨ, ਸਥਾਨਕ ਸਰਕਾਰਾਂ ਬਾਰੇ ਮਹਿਕਮਾ ਅਤੇ ਇਸ ਤੋਂ ਇਲਾਵਾ ਬਿਜਲੀ ਮਹਿਕਮਾ ਵੀ ਹੈ। ਸਿਆਸਤ ਵਿੱਚ ਆਉਣ ਤੋਂ ਪਹਿਲਾਂ ਉਹ ਇੱਕ ਰੀਅਲ ਐਸਟੇਟ ਕਾਰੋਬਾਰੀ ਸਨ।

ਸੰਜੀਵ ਅਰੋੜਾ ਦੇ ਪਿਤਾ ਪ੍ਰਾਣ ਨਾਥ ਅਰੋੜਾ ਵੀ ਕਾਰੋਬਾਰੀ ਸੀ। ਅਰੋੜਾ ਨੇ ਲੁਧਿਆਣਾ ਦੇ ਹੀ ਐੱਸਸੀਡੀ ਸਰਕਾਰੀ ਕਾਲਜ ਤੋਂ ਬੈਚਲਰ ਆਫ ਕਮਰਸ ਦੀ ਪੜ੍ਹਾਈ ਕੀਤੀ ਹੋਈ ਹੈ।

ਸੰਜੀਵ ਅਰੋੜਾ ਹੈਮਪਟਨ ਸਕਾਈ ਰੀਐਲਟੀ ਲਿਮਟਿਡ ਜਿਸ ਨੂੰ ਪਹਿਲਾਂ ਰੀਤੇਸ਼ ਪ੍ਰੋਪਰਟੀਜ਼ ਅਤੇ ਇੰਡਸਟਰੀਜ਼ ਲਿਮਿਟਡ ਕਹਿੰਦੇ ਸਨ, ਦੇ ਚੇਅਰਮੈਨ ਕਮ ਮੈਨਜਿੰਗ ਡਾਇਰੈਕਟਰ ਸਨ।

ਕੰਪਨੀ ਦੀ ਵੈੱਬਸਾਈਟ ਉੱਤੇ ਦਿੱਤੀ ਜਾਣਕਾਰੀ ਮੁਤਾਬਕ ਕੰਪਨੀ ਦੀ ਸਥਾਪਨਾ ਉਦਯੋਗਪਤੀ ਅਤੇ ਸੰਜੀਵ ਅਰੋੜਾ ਦੇ ਪਿਤਾ ਪ੍ਰਾਣ ਅਰੋੜਾ ਵੱਲੋਂ ਕੀਤੀ ਗਈ ਸੀ। ਹੁਣ ਇਸ ਕੰਪਨੀ ਦੇ ਡਾਇਰੈਕਟਰ ਸੰਜੀਵ ਅਰੋੜਾ ਦੇ ਪਤਨੀ ਸੰਧਿਆ ਅਰੋੜਾ ਅਤੇ ਮੈਨੇਜਿੰਗ ਡਾਇਰੈਕਟਰ ਉਨ੍ਹਾਂ ਦੇ ਪੁੱਤਰ ਕਾਵਿਆ ਅਰੋੜਾ ਹਨ।

ਇਸ ਕੰਪਨੀ ਦੇ ਹੋਰ ਪ੍ਰੋਜੈਕਟਸ ਦੇ ਨਾਲ-ਨਾਲ ਲੁਧਿਆਣਾ ਵਿੱਚ "ਹੈਮਪਟਨ ਹੋਮਜ਼" ਨਾਮ ਦਾ ਇੱਕ ਰਿਹਾਇਸ਼ੀ ਹਾਊਸਿੰਗ ਪ੍ਰੋਜੈਕਟ ਵੀ ਹੈ।

ਸਫਲ ਕਾਰੋਬਾਰੀਆਂ ਵਜੋਂ ਜਾਣੇ ਜਾਂਦੇ ਰਹੇ ਸੰਜੀਵ ਅਰੋੜਾ ਦੀ ਗਿਣਤੀ ਪੰਜਾਬ ਦੇ ਸਭ ਤੋਂ ਅਮੀਰ ਸਿਆਸੀ ਆਗੂਆਂ ਵਿੱਚ ਹੁੰਦੀ ਹੈ।

ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦੌਰਾਨ ਦਾਖਲ ਕੀਤੇ ਗਏ ਚੋਣ ਹਲਫਨਾਮੇ ਵਿੱਚ, ਉਨ੍ਹਾਂ ਦੀ ਜਾਇਦਾਦ 265 ਕਰੋੜ ਰੁਪਏ ਤੋਂ ਵੱਧ ਦੱਸੀ ਗਈ ਹੈ। ਜੇਕਰ ਉਨ੍ਹਾਂ ਦੀ ਪਤਨੀ ਸੰਧਿਆ ਅਰੋੜਾ ਦੀ ਸੰਪਤੀ ਨੂੰ ਵੀ ਸ਼ਾਮਲ ਕੀਤਾ ਜਾਵੇ, ਤਾਂ ਜੋੜੇ ਦੀ ਕੁੱਲ ਸੰਪਤੀ 300 ਕਰੋੜ ਰੁਪਏ ਦੇ ਕਰੀਬ ਬਣਦੀ ਹੈ। ਉਨ੍ਹਾਂ ਨੇ ਆਪਣੀ ਆਮਦਨ ਦਾ ਜ਼ਰੀਆ ਤਨਖ਼ਾਹ ਅਤੇ ਕਾਰੋਬਾਰ ਦੱਸਿਆ ਹੋਇਆ ਸੀ।

ਮਈ 2025 ਵਿੱਚ ਦਿੱਤੇ ਹਲਫਨਾਮੇ ਵਿੱਚ ਦਿੱਤੀ ਜਾਣਕਾਰੀ ਮੁਤਾਬਕ ਉਨ੍ਹਾਂ ਉੱਤੇ ਕੋਈ ਵੀ ਅਪਰਾਧਿਕ ਕੇਸ ਦਰਜ ਨਹੀਂ ਹੈ।

ਕਾਰੋਬਾਰੀ ਤੋਂ ਸਿਆਸਤਦਾਨ ਕਿਵੇਂ ਬਣੇ ?

ਸੰਜੀਵ ਅਰੋੜਾ ਵੱਲੋਂ ਸੰਬੋਧਨ ਦੀ ਇੱਕ ਪੁਰਾਣੀ ਤਸਵੀਰ

ਤਸਵੀਰ ਸਰੋਤ, @SanjeevArora_PB

ਤਸਵੀਰ ਕੈਪਸ਼ਨ, ਸੰਜੀਵ ਅਰੋੜਾ ਨੇ ਰਾਜ ਸਭਾ ਮੈਂਬਰ ਵਜੋਂ ਸਿਆਸਤ ਵਿੱਚ ਕਦਮ ਰੱਖਿਆ ਸੀ।

ਆਮ ਆਦਮੀ ਪਾਰਟੀ ਸਪਰੀਮੋ ਅਰਵਿੰਦ ਕੇਜਰੀਵਾਲ ਦੇ ਕਰੀਬੀ ਮੰਨੇ ਜਾਂਦੇ ਸੰਜੀਵ ਅਰੋੜਾ ਨੇ ਰਾਜ ਸਭਾ ਮੈਂਬਰ ਵਜੋਂ ਸਿਆਸਤ ਵਿੱਚ ਕਦਮ ਰੱਖਿਆ ਸੀ।

ਆਮ ਆਦਮੀ ਪਾਰਟੀ ਨੇ ਸਾਲ 2022 ਵਿੱਚ ਸੱਤਾ ਸਾਂਭਣ ਤੋਂ ਬਾਅਦ ਮਾਰਚ 2022 ਵਿੱਚ ਜਿਨ੍ਹਾਂ ਲੀਡਰਾਂ ਦੇ ਨਾਮ ਰਾਜ ਸਭਾ ਲਈ ਚੁਣੇ ਸਨ ਉਨ੍ਹਾਂ ਵਿੱਚ ਸੰਜੀਵ ਅਰੋੜਾ ਦਾ ਨਾਮ ਵੀ ਸ਼ਾਮਿਲ ਸੀ। ਆਪਣੀ ਸਿਆਸਤ ਵਿੱਚ ਐਂਟਰੀ ਬਾਰੇ ਗੱਲ ਕਰਦੇ ਹੋਏ ਇੱਕ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਸੰਜੀਵ ਅਰੋੜਾ ਨੇ ਕਿਹਾ ਸੀ ਕਿ ਉਨ੍ਹਾਂ ਦੇ ਪਰਿਵਾਰ ਵਿੱਚੋਂ ਕਿਸੇ ਨੇ ਕੌਂਸਲਰ ਤੱਕ ਦੀ ਚੋਣ ਨਹੀਂ ਲੜੀ, ਇਸ ਲਈ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਸਿਆਸਤ ਕਿਸ ਨੂੰ ਕਹਿੰਦੇ ਹਨ।

ਰਾਜ ਸਭਾ ਮੈਂਬਰ ਬਣਨ ਬਾਰੇ ਉਨ੍ਹਾਂ ਨੇ ਕਿਹਾ ਸੀ ਕਿ 21 ਮਾਰਚ ਨੂੰ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ ਸੀ ਅਤੇ ਮੈਨੂੰ ਕਿਹਾ ਗਿਆ ਕਿ ਰਾਜ ਸਭਾ ਮੈਂਬਰ ਬਣਨਾ ਹੈ ਅਤੇ ਇੱਥੋਂ ਸ਼ੁਰੂਆਤ ਹੋਈ।

ਸੰਜੀਵ ਅਰੋੜਾ ਦੀ ਰਾਜ ਸਭਾ ਮੈਂਬਰਸ਼ਿਪ 9 ਅਪ੍ਰੈਲ 2028 ਤੱਕ ਸੀ, ਪਰ ਉਨ੍ਹਾਂ ਨੇ ਵਿਧਾਇਕ ਚੁਣੇ ਜਾਣ ਕਰਕੇ ਰਾਜ ਸਭਾ ਮੈਂਬਰ ਵਜੋਂ ਅਸਤੀਫਾ ਦੇ ਦਿੱਤਾ ਸੀ।

ਮੁੱਖ ਮੰਤਰੀ ਭਗਵੰਤ ਮਾਨ ਅਤੇ ਸੰਜੀਵ ਅਰੋੜਾ

ਤਸਵੀਰ ਸਰੋਤ, Sanjeev Arora/fb

ਤਸਵੀਰ ਕੈਪਸ਼ਨ, ਸੰਜੀਵ ਅਰੋੜਾ ਨੇ ਜੂਨ 2025 ਵਿੱਚ ਲੁਧਿਆਣਾ ਵੈਸਟ ਤੋਂ ਜ਼ਿਮਨੀ ਚੋਣ ਜਿੱਤੀ ਸੀ।

ਇੱਕ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਵਿਧਾਇਕ ਬਣਨ ਦੀ ਗੱਲ ਕਰਦੇ ਹੋਏ ਉਹ ਦੱਸਦੇ ਹਨ, "ਜਦੋਂ ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਦੀ ਮੌਤ ਤੋਂ ਬਾਅਦ ਪਾਰਟੀ ਨੇ ਮੈਨੂੰ ਬੁਲਾ ਕੇ ਚੋਣ ਲੜਨ ਲਈ ਕਿਹਾ, ਇਹ ਮੇਰੇ ਲਈ ਹੈਰਾਨ ਕਰਨ ਦੇਣ ਵਾਲੀ ਗੱਲ ਸੀ ਅਤੇ ਮੈਨੂੰ ਕੁਝ ਦਿਨ ਲੱਗੇ ਆਪਣੇ ਦਿਲ ਨੂੰ ਮਨਾਉਣ ਲਈ,ਪਰ ਮਾਣ ਦੇਣ ਲਈ ਵਾਲੀ ਪਾਰਟੀ ਦਾ ਕਿਹਾ ਨਹੀਂ ਸੀ ਮੋੜ ਸਕਦਾ ਇਸ ਲਈ ਪਰਿਵਾਰ ਨਾਲ ਗੱਲ ਕੀਤੀ ਅਤੇ ਫਿਰ ਮੈਂ ਚੋਣ ਲੜਣ ਦਾ ਫੈਸਲਾ ਲਿਆ।"

ਸੰਜੀਵ ਅਰੋੜਾ ਨੇ ਜੂਨ 2025 ਵਿੱਚ ਲੁਧਿਆਣਾ ਵੈਸਟ ਤੋਂ ਜ਼ਿਮਨੀ ਚੋਣ ਜਿੱਤੀ ਸੀ। ਉਨ੍ਹਾਂ ਨੇ ਕਾਂਗਰਸ ਦੇ ਉਮੀਦਵਾਰ ਅਤੇ ਪੰਜਾਬ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ 10,637 ਦੇ ਫਰਕ ਨਾਲ ਇਹ ਚੋਣ ਹਰਾਈ ਸੀ।

ਵਿਧਾਇਕ ਬਣਨ ਦੇ ਅਗਲੇ ਹੀ ਮਹੀਨੇ ਜੁਲਾਈ 2025 ਵਿੱਚ ਸੰਜੀਵ ਅਰੋੜਾ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ। ਉਸ ਵੇਲੇ ਮਾਨ ਸਰਕਾਰ ਨੇ ਕੁਲਦੀਪ ਧਾਲੀਵਾਲ ਨੂੰ ਕੈਬਨਿਟ ਤੋਂ ਬਾਹਰ ਕਰ ਉਨ੍ਹਾਂ ਦਾ ਮਹਿਕਮਾ ਅਰੋੜਾ ਨੂੰ ਦੇ ਦਿੱਤਾ ਸੀ।

ਉਸ ਵੇਲੇ ਸੰਜੀਵ ਅਰੋੜਾ ਨੂੰ NRI ਮਾਮਲੇ, ਉਦਯੋਗ ਅਤੇ ਵਣਜ, ਨਿਵੇਸ਼ ਪ੍ਰਮੋਸ਼ਨ ਵਿਭਾਗਾਂ ਦੀ ਜ਼ਿੰਮੇਵਾਰੀ ਮਿਲੀ ਸੀ।

ਉਸ ਤੋਂ ਅਗਲੇ ਮਹੀਨੇ ਭਾਵ ਅਗਸਤ 2025 ਵਿੱਚ ਸੰਜੀਵ ਅਰੋੜਾ ਨੂੰ ਇੱਕ ਹੋਰ ਮਹਿਕਮੇ ਦੀ ਜ਼ਿੰਮੇਵਾਰੀ ਵੀ ਸੌਂਪ ਦਿੱਤੀ ਗਈ। ਹਰਭਜਨ ਸਿੰਘ ਈਟੀਓ ਤੋਂ ਬਿਜਲੀ ਮਹਿਕਮੇ ਲੈ ਕੇ ਅਰੋੜਾ ਨੂੰ ਦੇ ਦਿੱਤਾ ਗਿਆ।

ਕੈਂਸਰ ਕਰਕੇ ਮਾਪਿਆਂ ਨੂੰ ਗਵਾਉਣ ਮਗਰੋਂ ਕੀ ਲਿਆ ਅਹਿਦ?

ਸੰਜੀਵ ਅਰੋੜਾ ਦੀ ਤਸਵੀਰ

ਤਸਵੀਰ ਸਰੋਤ, @SanjeevArora_PB

ਤਸਵੀਰ ਕੈਪਸ਼ਨ, ਅਰੋੜਾ ਕ੍ਰਿਸ਼ਨਾ ਪ੍ਰਾਣ ਬ੍ਰੈਸਟ ਕੈਂਸਰ ਚੈਰੀਟੇਬਲ ਟਰਸਟ ਵੀ ਚਲਾਉਂਦੇ ਹਨ

ਅਰੋੜਾ ਕ੍ਰਿਸ਼ਨਾ ਪ੍ਰਾਣ ਬ੍ਰੈਸਟ ਕੈਂਸਰ ਚੈਰੀਟੇਬਲ ਟਰਸਟ ਵੀ ਚਲਾਉਂਦੇ ਹਨ, ਜੋ ਕੈਂਸਰ ਮਰੀਜ਼ਾਂ ਲਈ ਇੱਕ ਐਨਜੀਓ ਹੈ। ਇਹ ਟਰਸਟ ਉਨ੍ਹਾਂ ਦੇ ਮਾਤਾ-ਪਿਤਾ ਦੀ ਯਾਦ ਵਿੱਚ ਬਣਾਇਆ ਗਿਆ ਹੈ, ਜਿਨ੍ਹਾਂ ਦੀ ਮੌਤ ਕੈਂਸਰ ਨਾਲ ਸਬੰਧਤ ਬਿਮਾਰੀਆਂ ਕਾਰਨ ਹੋਈ ਸੀ।

ਇੱਕ ਚੈਨਲ ਇੰਟਰਵਿਊ ਵਿੱਚ ਸੰਜੀਵ ਅਰੋੜਾ ਇਸ ਬਾਰੇ ਦੱਸਦੇ ਹੋਏ ਕਹਿੰਦੇ ਹਨ,"ਮੇਰੇ ਮਾਤਾ ਦੀ ਮੌਤ ਬ੍ਰੈਸਟ ਕੈਂਸਰ ਕਰਕੇ ਹੋਈ ਸੀ, ਸਭ ਕੁਝ ਹੁੰਦੇ ਹੋਏ ਵੀ ਅਸੀਂ ਉਨ੍ਹਾਂ ਨੂੰ ਬਚਾ ਨਹੀਂ ਸਕੇ। ਇਸ ਲਈ ਸਾਡੀ ਟਰੱਸਟ ਗਰੀਬ ਮਰੀਜ਼ਾਂ ਦਾ ਇਲਾਜ ਕਰਦੀ ਹੈ। ਮੈਂ ਦੋਵਾਂ ਮਾਪਿਆਂ ਨੂੰ ਇਸ ਬਿਮਾਰੀ ਕਰਕੇ ਗਵਾਇਆ ਇਸ ਲਈ ਸਿਹਤ ਨਾਲ ਸਬੰਧੀ ਮਸਲੇ ਮੇਰੇ ਦਿਲ ਦੇ ਨੇੜੇ ਹਨ।"

ਸੰਜੀਵ ਅਰੋੜਾ ਲੁਧਿਆਣਾ ਦੇ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਵਾਈਸ ਪ੍ਰੈਜ਼ੀਡੈਂਟ ਵੀ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)