'ਤਿੰਨ ਮਹੀਨੇ ਤੱਕ ਹਰ ਰੋਜ਼ ਸੜਕਾਂ 'ਤੇ ਘੁੰਮਦੀ ਰਹੀ', ਇਕੱਲੇ ਪੁੱਤਰ ਦੀ ਮੌਤ ਦੇ ਮਾਮਲੇ ਵਿੱਚ ਸਬੂਤ ਇਕੱਠੇ ਕਰਦੀ ਇੱਕ ਮਾਂ ਦੀ ਕਹਾਣੀ

ਕਸ਼ਿਤਿਜ ਦੇ ਮਾਂ ਲਲਿਤਾ ਚੌਧਰੀ

ਤਸਵੀਰ ਸਰੋਤ, Asif Ali

ਤਸਵੀਰ ਕੈਪਸ਼ਨ, 16 ਫ਼ਰਵਰੀ 2024 ਦੀ ਰਾਤ ਕਰੀਬ 2:45 ਵਜੇ ਕਸ਼ਿਤਿਜ ਚੌਧਰੀ ਆਪਣੇ ਇੱਕ ਦੋਸਤ ਨਾਲ ਦੇਹਰਾਦੂਨ ਦੇ ਪ੍ਰੇਮਨਗਰ ਇਲਾਕੇ ਵਿੱਚ ਪੈਦਲ ਜਾ ਰਿਹਾ ਸੀ, ਜਦੋਂ ਇੱਕ ਤੇਜ਼ ਰਫ਼ਤਾਰ ਡੰਪਰ ਨੇ ਉਸ ਨੂੰ ਟੱਕਰ ਮਾਰ ਦਿੱਤੀ
    • ਲੇਖਕ, ਆਸਿਫ਼ ਅਲੀ
    • ਰੋਲ, ਬੀਬੀਸੀ ਸਹਿਯੋਗੀ
    • ...ਤੋਂ, ਦੇਹਰਾਦੂਨ ਤੋਂ
  • ਪੜ੍ਹਨ ਦਾ ਸਮਾਂ: 6 ਮਿੰਟ

ਦੇਹਰਾਦੂਨ ਦੇ ਪ੍ਰੇਮਨਗਰ ਇਲਾਕੇ ਵਿੱਚ 18 ਸਾਲ ਦੇ ਕਸ਼ਿਤਿਜ ਚੌਧਰੀ ਦੀ ਇੱਕ ਸੜਕ ਹਾਦਸੇ ਵਿੱਚ ਹੋਈ ਮੌਤ ਨੂੰ ਕਰੀਬ ਦੋ ਸਾਲ ਹੋ ਚੁੱਕੇ ਹਨ।

ਪਰ ਪਰਿਵਾਰ ਦਾ ਕਹਿਣਾ ਹੈ ਕਿ ਇਸ ਘਟਨਾ ਵਿੱਚ ਸ਼ਾਮਲ ਸ਼ੱਕੀ ਡਰਾਈਵਰ ਤੱਕ ਪੁਲਿਸ ਅਜੇ ਤੱਕ ਨਹੀਂ ਪਹੁੰਚ ਸਕੀ ਹੈ।

ਇਕੱਲੇ ਪੁੱਤਰ ਨੂੰ ਗੁਆ ਚੁੱਕੀ ਮਾਂ ਲਲਿਤਾ ਚੌਧਰੀ ਇਨ੍ਹਾਂ ਦੋ ਸਾਲਾਂ ਵਿੱਚ ਥਾਣਿਆਂ ਅਤੇ ਪੁਲਿਸ ਅਧਿਕਾਰੀਆਂ ਕੋਲ ਚੱਕਰ ਕੱਟਦੀ ਰਹੀ ਹੈ।

ਉਨ੍ਹਾਂ ਦਾ ਇਲਜ਼ਾਮ ਹੈ ਕਿ ਜਾਂਚ ਦੇ ਸ਼ੁਰੂਆਤੀ ਪੜਾਅ ਵਿੱਚ ਗੰਭੀਰਤਾ ਦੀ ਕਮੀ ਰਹੀ ਅਤੇ ਜਦੋਂ ਉਨ੍ਹਾਂ ਨੂੰ ਸੰਤੋਸ਼ਜਨਕ ਜਵਾਬ ਨਹੀਂ ਮਿਲਿਆ, ਤਾਂ ਉਨ੍ਹਾਂ ਨੇ ਖ਼ੁਦ ਹੀ ਸਬੂਤ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ।

ਹਾਲ ਹੀ ਵਿੱਚ ਇੱਕ ਜਨਤਕ ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਇੱਕ ਵਾਰ ਫਿਰ ਅਧਿਕਾਰੀਆਂ ਤੱਕ ਆਪਣੀ ਗੱਲ ਪਹੁੰਚਾਈ। ਜਿਸ ਤੋਂ ਬਾਅਦ ਪੁਲਿਸ ਨੇ ਦੁਬਾਰਾ ਜਾਂਚ ਦਾ ਭਰੋਸਾ ਦਿੱਤਾ ਹੈ।

ਕੀ ਹੈ ਪੂਰਾ ਮਾਮਲਾ

ਕਸ਼ਿਤਿਜ ਚੌਧਰੀ

ਤਸਵੀਰ ਸਰੋਤ, Asif Ali

ਤਸਵੀਰ ਕੈਪਸ਼ਨ, ਇਲਾਜ ਦੌਰਾਨ 17 ਫ਼ਰਵਰੀ ਦੀ ਸ਼ਾਮ ਕਸ਼ਿਤਿਜ ਚੌਧਰੀ ਦੀ ਮੌਤ ਹੋ ਗਈ ਸੀ

16 ਫ਼ਰਵਰੀ 2024 ਦੀ ਰਾਤ ਕਰੀਬ 2:45 ਵਜੇ ਕਸ਼ਿਤਿਜ ਚੌਧਰੀ ਆਪਣੇ ਇੱਕ ਦੋਸਤ ਨਾਲ ਦੇਹਰਾਦੂਨ ਦੇ ਪ੍ਰੇਮਨਗਰ ਇਲਾਕੇ ਵਿੱਚ ਪੈਦਲ ਜਾ ਰਿਹਾ ਸੀ।

ਪਰਿਵਾਰ ਦੇ ਮੁਤਾਬਕ, ਇਸੇ ਦੌਰਾਨ ਇੱਕ ਤੇਜ਼ ਰਫ਼ਤਾਰ ਡੰਪਰ ਨੇ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਡਰਾਈਵਰ ਮੌਕੇ ਤੋਂ ਫ਼ਰਾਰ ਹੋ ਗਿਆ।

ਕਸ਼ਿਤਿਜ ਦੇ ਮਾਂ ਲਲਿਤਾ ਚੌਧਰੀ ਦਾ ਕਹਿਣਾ ਹੈ ਕਿ ਹਾਦਸੇ ਤੋਂ ਬਾਅਦ ਉਸਦੇ ਦੋਸਤਾਂ ਨੇ ਐਂਬੂਲੈਂਸ ਲਈ ਕਾਲ ਕੀਤੀ, ਪਰ ਕਰੀਬ 45 ਮਿੰਟ ਤੱਕ ਕੋਈ ਮਦਦ ਨਹੀਂ ਪਹੁੰਚੀ। ਉਨ੍ਹਾਂ ਦਾ ਇਲਜ਼ਾਮ ਹੈ ਕਿ ਪੁਲਿਸ ਵੀ ਮੌਕੇ 'ਤੇ ਸਮੇਂ ਸਿਰ ਨਹੀਂ ਪਹੁੰਚੀ।

ਬਾਅਦ ਵਿੱਚ ਐਂਬੂਲੈਂਸ ਰਾਹੀਂ ਉਸ ਨੂੰ ਦੂਨ ਹਸਪਤਾਲ ਲਿਜਾਇਆ ਗਿਆ। ਹਾਲਤ ਗੰਭੀਰ ਹੋਣ 'ਤੇ ਡਾਕਟਰਾਂ ਨੇ ਉਸ ਨੂੰ ਰਿਸ਼ੀਕੇਸ਼ ਸਥਿਤ ਏਮਜ਼ ਵਿੱਚ ਰੈਫ਼ਰ ਕਰ ਦਿੱਤਾ। ਉੱਥੇ ਇਲਾਜ ਦੌਰਾਨ 17 ਫ਼ਰਵਰੀ ਦੀ ਸ਼ਾਮ ਉਸਦੀ ਮੌਤ ਹੋ ਗਈ।

ਹਾਦਸੇ ਤੋਂ ਦੋ ਦਿਨ ਬਾਅਦ, 19 ਫ਼ਰਵਰੀ ਨੂੰ ਲਲਿਤਾ ਚੌਧਰੀ ਨੇ ਪ੍ਰੇਮਨਗਰ ਥਾਣੇ ਵਿੱਚ ਅਣਪਛਾਤੇ ਡੰਪਰ ਚਾਲਕ ਦੇ ਖ਼ਿਲਾਫ਼ ਮਾਮਲਾ ਦਰਜ ਕਰਾਇਆ। ਉਨ੍ਹਾਂ ਦਾ ਇਲਜ਼ਾਮ ਹੈ ਕਿ ਇਸ ਤੋਂ ਪਹਿਲਾਂ ਪੁਲਿਸ ਨੇ ਮੌਕੇ 'ਤੇ ਮੌਜੂਦ ਲੋਕਾਂ ਦੀ ਸ਼ਿਕਾਇਤ ਦਰਜ ਨਹੀਂ ਕੀਤੀ।

'ਮੈਨੂੰ ਕਿਹਾ ਗਿਆ- ਸਬੂਤ ਹੈ ਤਾਂ ਲੈਕੇ ਆਓ'

ਕਸ਼ਿਤਿਜ ਦੇ ਮਾਂ ਲਲਿਤਾ ਚੌਧਰੀ ਅਤੇ ਪੁਲਿਸ ਅਧਿਕਾਰੀ

ਤਸਵੀਰ ਸਰੋਤ, Asif Ali

ਤਸਵੀਰ ਕੈਪਸ਼ਨ, ਕਸ਼ਿਤਿਜ ਦੇ ਮਾਂ ਲਲਿਤਾ ਚੌਧਰੀ ਦਾ ਇਲਜ਼ਾਮ ਹੈ ਕਿ ਜਾਂਚ ਦੇ ਸ਼ੁਰੂਆਤੀ ਪੜਾਅ ਵਿੱਚ ਗੰਭੀਰਤਾ ਦੀ ਕਮੀ ਰਹੀ ਅਤੇ ਜਦੋਂ ਉਨ੍ਹਾਂ ਨੂੰ ਸੰਤੋਸ਼ਜਨਕ ਜਵਾਬ ਨਹੀਂ ਮਿਲਿਆ, ਤਾਂ ਉਨ੍ਹਾਂ ਨੇ ਖ਼ੁਦ ਹੀ ਸਬੂਤ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ

ਲਲਿਤਾ ਚੌਧਰੀ ਆਪਣੇ ਪੁੱਤਰ ਨੂੰ ਯਾਦ ਕਰਦੇ ਹੋਏ ਕਹਿੰਦੇ ਹਨ, "ਮੇਰਾ ਪੁੱਤਰ ਕਦੇ ਮੇਰੀਆਂ ਅੱਖਾਂ ਵਿੱਚ ਹੰਝੂ ਨਹੀਂ ਦੇਖ ਸਕਦਾ ਸੀ। ਸਾਡਾ ਰਿਸ਼ਤਾ ਮਾਂ-ਪੁੱਤਰ ਦਾ ਘੱਟ, ਦੋਸਤਾਂ ਵਰਗਾ ਜ਼ਿਆਦਾ ਸੀ।"

ਉਹ ਦੱਸਦੇ ਹਨ ਕਿ ਹਾਦਸੇ ਵਾਲੀ ਰਾਤ ਉਨ੍ਹਾਂ ਨੂੰ ਕਰੀਬ ਤਿੰਨ ਵਜੇ ਫ਼ੋਨ ਆਇਆ।

"ਜਦੋਂ ਮੈਂ ਉਸ ਨਾਲ ਗੱਲ ਕੀਤੀ ਤਾਂ ਇੱਕ ਵਾਰ ਲਈ ਉਸਦੀ ਆਵਾਜ਼ ਵੀ ਨਹੀਂ ਪਛਾਣ ਸਕੀ। ਉਹ ਬਹੁਤ ਦਰਦ ਵਿੱਚ ਸੀ। ਜਦੋਂ ਮੈਂ ਹਸਪਤਾਲ ਪਹੁੰਚੀ ਤਾਂ ਉਸ ਨੇ ਕਿਹਾ- 'ਮੰਮੀ ਤੁਸੀਂ ਆ ਗਏ ਹੋ?'"

ਲਲਿਤਾ ਦਾ ਮੰਨਣਾ ਹੈ ਕਿ ਜੇ ਸਮੇਂ 'ਤੇ ਮਦਦ ਮਿਲ ਜਾਂਦੀ ਤਾਂ ਸ਼ਾਇਦ ਉਨ੍ਹਾਂ ਦੇ ਪੁੱਤਰ ਦੀ ਜਾਨ ਬਚ ਸਕਦੀ ਸੀ। ਉਹ ਦੱਸਦੇ ਹਨ ਕਿ "ਜੇ 100 ਨੰਬਰ ਅਤੇ 108 'ਤੇ ਕਾਲ ਸਮੇਂ 'ਤੇ ਚੁੱਕ ਲਈ ਜਾਂਦੀ, ਤਾਂ ਮੇਰਾ ਪੁੱਤਰ ਅੱਜ ਮੇਰੇ ਕੋਲ ਹੁੰਦਾ।"

ਪਰ ਉਨ੍ਹਾਂ ਦੇ ਮੁਤਾਬਕ, ਅਸਲੀ ਸੰਘਰਸ਼ ਇਸ ਤੋਂ ਬਾਅਦ ਸ਼ੁਰੂ ਹੋਇਆ।

"ਜਦੋਂ ਮੈਂ ਪੁਲਿਸ ਤੋਂ ਕੇਸ ਅੱਗੇ ਵਧਣ ਬਾਰੇ ਪੁੱਛਿਆ ਤਾਂ ਮੈਨੂੰ ਕਿਹਾ ਗਿਆ- 'ਜੇ ਤੁਹਾਡੇ ਕੋਲ ਕੋਈ ਸਬੂਤ ਹੈ ਤਾਂ ਲੈਕੇ ਆਓ, ਸਾਡੇ ਕੋਲ ਕੋਈ ਜਾਦੂ ਦੀ ਛੜੀ ਨਹੀਂ ਹੈ'।''

ਕਸ਼ਿਤਿਜ ਦੇ ਮਾਂ ਲਲਿਤਾ ਚੌਧਰੀ

ਲਲਿਤਾ ਕਹਿੰਦੇ ਹਨ ਕਿ ਇਸ ਤੋਂ ਬਾਅਦ ਉਨ੍ਹਾਂ ਨੇ ਖ਼ੁਦ ਹੀ ਜਾਂਚ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ। ਉਨ੍ਹਾਂ ਕਿਹਾ, "ਮੈਨੂੰ ਲੱਗਾ ਕਿ ਜੇ ਮੈਂ ਨਹੀਂ ਕਰਾਂਗੀ, ਤਾਂ ਕੋਈ ਨਹੀਂ ਕਰੇਗਾ।"

ਉਨ੍ਹਾਂ ਦੇ ਮੁਤਾਬਕ, ਉਨ੍ਹਾਂ ਨੇ ਕਈ ਮਹੀਨਿਆਂ ਤੱਕ ਉਸ ਸੜਕ 'ਤੇ ਜਾ-ਜਾਕੇ ਲੋਕਾਂ ਨਾਲ ਗੱਲ ਕੀਤੀ, ਦੁਕਾਨਾਂ ਅਤੇ ਹੋਟਲਾਂ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਤਲਾਸ਼ ਕੀਤੀ ਅਤੇ ਹਰ ਸੰਭਵ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ।

ਉਹ ਦੱਸਦੇ ਹਨ, "ਮੈਂ ਤਿੰਨ ਮਹੀਨਿਆਂ ਤੱਕ ਹਰ ਰੋਜ਼ ਸੜਕ 'ਤੇ ਘੁੰਮਦੀ ਰਹੀ।"

ਲਲਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇੱਕ ਸੀਸੀਟੀਵੀ ਫੁਟੇਜ ਮਿਲੀ, ਜਿਸ ਦੇ ਆਧਾਰ 'ਤੇ ਉਹ ਆਰਟੀਓ ਦਫ਼ਤਰ ਪਹੁੰਚੇ। ਉੱਥੋਂ ਉਨ੍ਹਾਂ ਨੇ ਸ਼ੱਕ ਦੇ ਆਧਾਰ 'ਤੇ ਕਈ ਗੱਡੀਆਂ ਦੇ ਨੰਬਰ ਇਕੱਠੇ ਕੀਤੇ।

ਉਹ ਕਹਿੰਦੇ ਹਨ, "ਮੈਂ ਕਰੀਬ 10 ਗੱਡੀਆਂ ਦੇ ਨੰਬਰ ਕੱਢੇ ਅਤੇ ਪੁਲਿਸ ਨੂੰ ਦਿੱਤੇ।"

ਹਾਲਾਂਕਿ ਉਨ੍ਹਾਂ ਦਾ ਇਲਜ਼ਾਮ ਹੈ ਕਿ ਇਸ ਦੇ ਬਾਵਜੂਦ ਜਾਂਚ ਵਿੱਚ ਕੋਈ ਖ਼ਾਸ ਤਰੱਕੀ ਨਹੀਂ ਹੋਈ। ਉਨ੍ਹਾਂ ਕਿਹਾ, "ਮੈਨੂੰ ਕਿਹਾ ਗਿਆ ਕਿ ਜਾਂਚ ਕਰ ਲਈ ਗਈ ਹੈ, ਪਰ ਕੁਝ ਨਹੀਂ ਮਿਲਿਆ।"

ਲਗਭਗ ਡੇਢ ਸਾਲ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਮਾਮਲੇ ਵਿੱਚ ਫਾਈਨਲ ਰਿਪੋਰਟ ਲਗਾ ਦਿੱਤੀ ਗਈ ਹੈ। ਲਲਿਤਾ ਕਹਿੰਦੇ ਹਨ, "ਉਸ ਦਿਨ ਮੈਨੂੰ ਲੱਗਾ ਕਿ ਮੇਰੀ ਸਾਰੀ ਮਿਹਨਤ ਖ਼ਤਮ ਹੋ ਗਈ।"

ਕਿਸਾਨ ਯੂਨੀਅਨ ਤੱਕ ਪਹੁੰਚਿਆ ਮਾਮਲਾ

ਕਿਸਾਨ ਆਗੂਆਂ ਨੂੰ ਮਿਲਦੇ ਲਲਿਤਾ ਚੌਧਰੀ

ਤਸਵੀਰ ਸਰੋਤ, Asif Ali

ਤਸਵੀਰ ਕੈਪਸ਼ਨ, ਭਾਰਤੀ ਕਿਸਾਨ ਯੂਨੀਅਨ ਵੈਲਫੇਅਰ ਫਾਊਂਡੇਸ਼ਨ ਦੇ ਕੌਮੀ ਪ੍ਰਧਾਨ ਸੋਮਦੱਤ ਸ਼ਰਮਾ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਜੇ ਇਸ ਵਾਰ ਵੀ ਕਾਰਵਾਈ ਨਹੀਂ ਹੁੰਦੀ ਤਾਂ ਅੰਦੋਲਨ ਕੀਤਾ ਜਾਵੇਗਾ

ਕਰੀਬ ਦੋ ਸਾਲ ਬਾਅਦ ਇਹ ਮਾਮਲਾ ਇੱਕ ਵਾਰ ਫਿਰ ਉਦੋਂ ਸਾਹਮਣੇ ਆਇਆ, ਜਦੋਂ ਲਲਿਤਾ ਚੌਧਰੀ ਇੱਕ ਜਨਤਕ ਪ੍ਰੋਗਰਾਮ ਵਿੱਚ ਪਹੁੰਚੇ।

ਦੇਹਰਾਦੂਨ ਵਿੱਚ ਆਯੋਜਿਤ ਇੱਕ ਵਿਰੋਧ ਪ੍ਰਦਰਸ਼ਨ ਦੌਰਾਨ ਉਨ੍ਹਾਂ ਨੇ ਆਪਣੇ ਪੁੱਤਰ ਲਈ ਨਿਆਂ ਦੀ ਮੰਗ ਚੁੱਕੀ।

ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨਾਲ ਹੋਈ। ਲਲਿਤਾ ਨੇ ਉਨ੍ਹਾਂ ਨੂੰ ਪੂਰੇ ਮਾਮਲੇ ਦੀ ਜਾਣਕਾਰੀ ਦਿੱਤੀ।

ਭਾਰਤੀ ਕਿਸਾਨ ਯੂਨੀਅਨ ਵੈਲਫੇਅਰ ਫਾਊਂਡੇਸ਼ਨ ਦੇ ਕੌਮੀ ਪ੍ਰਧਾਨ ਸੋਮਦੱਤ ਸ਼ਰਮਾ ਦੱਸਦੇ ਹਨ, "ਸਾਡੀ ਮੁਲਾਕਾਤ ਲਲਿਤਾ ਚੌਧਰੀ ਨਾਲ ਹੋਈ ਅਤੇ ਉਨ੍ਹਾਂ ਦੀ ਕਹਾਣੀ ਸੁਣ ਕੇ ਅਸੀਂ ਉਨ੍ਹਾਂ ਦੇ ਨਾਲ ਖੜ੍ਹੇ ਹੋ ਗਏ। ਅਸੀਂ ਉਨ੍ਹਾਂ ਨੂੰ ਲੈਕੇ ਐੱਸਐੱਸਪੀ ਨੂੰ ਮਿਲੇ ਅਤੇ ਸਾਰੇ ਸਬੂਤ ਦਿਖਾਏ।"

ਸੋਮਦੱਤ ਸ਼ਰਮਾ ਮੁਤਾਬਕ, ਪਹਿਲਾਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਮਾਮਲੇ ਵਿੱਚ ਫਾਈਨਲ ਰਿਪੋਰਟ ਲੱਗ ਚੁੱਕੀ ਹੈ, ਪਰ ਜਦੋਂ ਸਬੂਤ ਸਾਹਮਣੇ ਰੱਖੇ ਗਏ ਤਾਂ ਦੁਬਾਰਾ ਜਾਂਚ ਦੀ ਗੱਲ ਕਹੀ ਗਈ।

ਉਹ ਕਹਿੰਦੇ ਹਨ, "ਇਹ ਦੁਖਦਾਈ ਹੈ ਕਿ ਇੱਕ ਮਾਂ ਨੂੰ ਖ਼ੁਦ ਸਬੂਤ ਇਕੱਠੇ ਕਰਨੇ ਪਏ।"

ਉਨ੍ਹਾਂ ਨੇ ਚੇਤਾਵਨੀ ਵੀ ਦਿੱਤੀ ਹੈ ਕਿ ਜੇ ਇਸ ਵਾਰ ਵੀ ਕਾਰਵਾਈ ਨਹੀਂ ਹੁੰਦੀ ਤਾਂ ਅੰਦੋਲਨ ਕੀਤਾ ਜਾਵੇਗਾ।

ਉਨ੍ਹਾਂ ਕਿਹਾ, "ਜੇ ਹੁਣ ਵੀ ਕਾਰਵਾਈ ਨਹੀਂ ਹੋਈ ਤਾਂ ਅਸੀਂ ਚੱਕਾ ਜਾਮ ਕਰਾਂਗੇ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਵੀ ਇੱਥੇ ਖੜੇ ਹੋਣਗੇ।"

ਪੁਲਿਸ ਦਾ ਕੀ ਕਹਿਣਾ ਹੈ?

ਕਸ਼ਿਤਿਜ ਦੇ ਮਾਂ ਲਲਿਤਾ ਚੌਧਰੀ

ਤਸਵੀਰ ਸਰੋਤ, Asif Ali

ਤਸਵੀਰ ਕੈਪਸ਼ਨ, ਲਲਿਤਾ ਚੌਧਰੀ ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣੇ ਪੁੱਤਰ ਲਈ ਜੋ ਕੀਤਾ, ਉਹ ਇੱਕ ਮਾਂ ਦਾ ਫ਼ਰਜ਼ ਸੀ

ਦੇਹਰਾਦੂਨ ਦੇ ਸੀਨੀਅਰ ਪੁਲਿਸ ਅਧਿਕਾਰੀ ਪ੍ਰਮੇਂਦਰ ਡੋਭਾਲ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਪਹਿਲਾਂ ਕੀਤੀ ਜਾ ਚੁੱਕੀ ਹੈ, ਪਰ ਹੁਣ ਨਵੇਂ ਸਬੂਤਾਂ ਦੇ ਆਧਾਰ 'ਤੇ ਇਸਨੂੰ ਦੁਬਾਰਾ ਦੇਖਿਆ ਜਾ ਰਿਹਾ ਹੈ।

ਉਨ੍ਹਾਂ ਬੀਬੀਸੀ ਨੂੰ ਕਿਹਾ, "ਜਿੰਨੇ ਵੀ ਸੀਸੀਟੀਵੀ ਫੁਟੇਜ ਉਪਲੱਬਧ ਸਨ, ਉਨ੍ਹਾਂ ਦੀ ਜਾਂਚ ਕੀਤੀ ਗਈ ਸੀ। ਹੁਣ ਦਿੱਤੇ ਗਏ ਸਬੂਤਾਂ ਦੇ ਆਧਾਰ 'ਤੇ ਸਬੰਧਤ ਥਾਣਾ ਪ੍ਰਭਾਰੀ ਨੂੰ ਦੁਬਾਰਾ ਜਾਂਚ ਦੇ ਨਿਰਦੇਸ਼ ਦਿੱਤੇ ਗਏ ਹਨ।"

ਐੱਸਐੱਸਪੀ ਦੇ ਮੁਤਾਬਕ, ਮਾਮਲਾ ਫਿਲਹਾਲ ਅਦਾਲਤ ਵਿੱਚ ਵਿਚਾਰ ਅਧੀਨ ਹੈ ਅਤੇ ਅੱਗੇ ਦੀ ਜਾਂਚ ਲਈ ਅਦਾਲਤ ਤੋਂ ਮਨਜ਼ੂਰੀ ਲਈ ਜਾ ਰਹੀ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਜੇ ਜਾਂਚ ਵਿੱਚ ਕਿਸੇ ਪੱਧਰ 'ਤੇ ਲਾਪਰਵਾਹੀ ਸਾਹਮਣੇ ਆਉਂਦੀ ਹੈ, ਤਾਂ ਸਬੰਧਤ ਅਧਿਕਾਰੀਆਂ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।

ਲਲਿਤਾ ਚੌਧਰੀ ਮੂਲ ਰੂਪ ਨਾਲ ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਦੇ ਰਹਿਣ ਵਾਲੇ ਹਨ। ਪਿਛਲੇ ਕੁਝ ਸਾਲਾਂ ਤੋਂ ਉਹ ਇਕੱਲੇ ਕੰਮ ਕਰਦੇ ਹੋਏ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਸੰਭਾਲ ਰਹੇ ਸਨ। ਉਨ੍ਹਾਂ ਦੀ ਧੀ ਦਿੱਲੀ ਵਿੱਚ ਇੰਟਰਨਸ਼ਿਪ ਕਰ ਰਹੀ ਹੈ।

ਲਲਿਤਾ ਚੌਧਰੀ ਕਹਿੰਦੇ ਹਨ ਕਿ ਉਨ੍ਹਾਂ ਨੇ ਆਪਣੇ ਪੁੱਤਰ ਲਈ ਜੋ ਕੀਤਾ, ਉਹ ਇੱਕ ਮਾਂ ਦਾ ਫ਼ਰਜ਼ ਸੀ।

ਉਹ ਕਹਿੰਦੇ ਹਨ, "ਜੋ ਕੰਮ ਪੁਲਿਸ ਨੂੰ ਕਰਨਾ ਚਾਹੀਦਾ ਸੀ, ਉਹ ਮੈਂ ਕੀਤਾ।"

ਉਨ੍ਹਾਂ ਦੀ ਆਵਾਜ਼ ਵਿੱਚ ਅੱਜ ਵੀ ਉਹੀ ਦਰਦ ਸਾਫ਼ ਝਲਕਦਾ ਹੈ। ਉਹ ਦੱਸਦੇ ਹਨ, "ਮੇਰਾ ਪੁੱਤਰ ਮੈਨੂੰ ਕਹਿ ਰਿਹਾ ਸੀ- 'ਮੰਮੀ ਮੈਨੂੰ ਬਚਾ ਲਓ'।''

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)