ਪੰਜਾਬ 'ਚ ਪੈਟਰੋਲ- ਡੀਜ਼ਲ ਦੇ ਸਟਾਕ ਤੇ ਲੌਕਡਾਊਨ ਲੱਗਣ ਦੀਆਂ ਅਫ਼ਵਾਹਾਂ ਬਾਰੇ ਭਗਵੰਤ ਮਾਨ ਕੀ ਬੋਲੇ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ

ਤਸਵੀਰ ਸਰੋਤ, PMO/Getty Images

ਤਸਵੀਰ ਕੈਪਸ਼ਨ, ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀਆਂ ਨੂੰ ਲੌਕਡਾਊਨ ਦੀਆਂ ਖ਼ਬਰਾਂ 'ਤੇ ਧਿਆਨ ਨਾ ਦੇਣ ਦੀ ਅਪੀਲ ਕੀਤੀ ਹੈ
ਪੜ੍ਹਨ ਦਾ ਸਮਾਂ: 6 ਮਿੰਟ

ਮੱਧ-ਪੂਰਬ 'ਚ ਜਾਰੀ ਸੰਘਰਸ਼ ਵਿਚਾਲੇ ਦੇਸ਼ 'ਚ ਲੌਕਡਾਊਨ ਲੱਗਣ, ਤੇਲ ਅਤੇ ਐਲਪੀਜੀ ਖਤਮ ਹੋਣ ਦੀਆਂ ਅਫ਼ਵਾਹਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਬੇਬੁਨਿਆਦ ਕਰਾਰ ਦਿੱਤਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸ਼ੁੱਕਰਵਾਰ ਨੂੰ ਹੋਈ ਵਰਚੂਅਲ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਮੀਡੀਆ ਦੇ ਮੁਖਾਤਬ ਹੋਏ।

ਉਨ੍ਹਾਂ ਨੇ ਪੰਜਾਬੀਆਂ ਨੂੰ ਭਰੋਸਾ ਦਵਾਇਆ ਕਿ ਉਨ੍ਹਾਂ ਨੂੰ ਘਬਰਾਉਣ ਦੀ ਬਿਲਕੁੱਲ ਵੀ ਲੋੜ ਨਹੀਂ। ਦੇਸ਼ 'ਚ ਨਾ ਤਾਂ ਲੌਕਡਾਊਨ ਲੱਗਣ ਜਾ ਰਿਹਾ ਅਤੇ ਨਾ ਹੀ ਤੇਲ ਜਾਂ ਐਲਪੀਜੀ ਸਪਲਾਈ ਨੂੰ ਲੈ ਕੇ ਘਬਰਾਉਣ ਦੀ ਲੋੜ ਹੈ।

ਤੇਲ ਅਤੇ ਐਲਪੀਜੀ ਦੇ ਲੋੜੀਂਦੇ ਭੰਡਾਰ ਮੌਜੂਦ: ਮੁੱਖ ਮੰਤਰੀ ਮਾਨ

ਮੁੱਖ ਮੰਤਰੀ ਭਗਵੰਤ ਮਾਨ ਪੀਐੱਮ ਨਾਲ ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ

ਤਸਵੀਰ ਸਰੋਤ, Bhagnwat Mann

ਤਸਵੀਰ ਕੈਪਸ਼ਨ, ਪੀਐੱਮ ਮੋਦੀ ਨਾਲ ਹੋਈ ਮੀਟਿੰਗ ਬਾਰੇ ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਅੰਕੜਿਆਂ ਦੇ ਹਵਾਲੇ ਨਾਲ ਭਰੋਸਾ ਦਵਾਇਆ ਕਿ ਐਲਪੀਜੀ ਅਤੇ ਤੇਲ ਦੀ ਕੋਈ ਕਮੀ ਨਹੀਂ ਹੈ। ਮੁੱਖ ਮੰਤਰੀ ਮੁਤਾਬਕ ਪੰਜਾਬ 'ਚ 12 ਦਿਨਾਂ ਦਾ ਪੈਟਰੋਲ, 14 ਦਿਨਾਂ ਦਾ ਡੀਜ਼ਲ ਅਤੇ 6 ਦਿਨਾਂ ਦਾ ਐਲਪੀਜੀ ਦਾ ਸਟਾਕ ਮੌਜੂਦ ਹੈ, ਜੋ ਮੌਜੂਦਾ ਲੋੜਾਂ ਪੂਰੀਆਂ ਕਰਨ ਲਈ ਕਾਫੀ ਹੈ ਅਤੇ ਅੱਗੇ ਵੀ ਸਪਲਾਈ ਲਗਾਤਾਰ ਜਾਰੀ ਰਹੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਜੰਗ ਸ਼ੁਰੂ ਨਹੀਂ ਹੋਈ ਸੀ, ਉਸ ਤੋਂ ਪਹਿਲਾਂ ਵੀ ਇੰਨਾ ਸਟਾਕ ਹੀ ਮੌਜੂਦ ਹੁੰਦਾ ਸੀ।

ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ 'ਚ 26 ਮਾਰਚ ਨੂੰ 71 ਹਜ਼ਾਰ ਐਲਪੀਜੀ ਸਿਲੰਡਰ ਬੁੱਕ ਕੀਤੇ ਗਏ ਸਨ ਜਿਨ੍ਹਾਂ ’ਚੋਂ 69 ਹਜ਼ਾਰ ਸਿਲੰਡਰ ਸਪਲਾਈ ਕੀਤੇ ਗਏ ਜਦੋਂਕਿ ਇੱਕ ਮਾਰਚ ਨੂੰ 41 ਹਜ਼ਾਰ ਸਿਲੰਡਰ ਬੁਕਿੰਗ ਹੋਈ ਸੀ ਅਤੇ 39 ਹਜ਼ਾਰ ਸਿਲੰਡਰ ਸਪਲਾਈ ਕੀਤੇ ਗਏ ਸਨ।

ਗੈਸ ਏਜੰਸੀਆਂ ਦੇ ਬਾਹਰ ਲੰਬੀਆਂ ਕਤਾਰਾਂ ਦੀ ਤਸਵੀਰ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗੈਸ ਏਜੰਸੀਆਂ ਦੇ ਬਾਹਰ ਕਈ ਥਾਂਵਾਂ 'ਤੇ ਸਿਲੰਡਰ ਲਈ ਲੰਬੀਆਂ ਕਤਾਰਾਂ ਦੇਖਣ ਨੂੰ ਮਿਲੀਆਂ

ਉਨ੍ਹਾਂ ਕਿਹਾ ਕਿ ਅਫ਼ਵਾਹਾਂ ਕਾਰਨ ਲੋਕਾਂ ਵੱਲੋਂ ਪੈਨਿਕ 'ਚ ਆ ਕੇ ਬੁਕਿੰਗ ਕੀਤੀ ਜਾ ਰਹੀ ਹੈ ਫਿਰ ਵੀ ਸਾਡੇ ਵੱਲੋਂ ਸਪਲਾਈ ਯਕੀਨੀ ਬਣਾਈ ਜਾ ਰਹੀ ਹੈ।

ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਐਲਪੀਜੀ ਦੀ ਪੈਨਿਕ ਬੁਕਿੰਗ ਨਾ ਕਰਨ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪੈਟਰੋਲ ਪੰਪਾਂ 'ਤੇ ਲਾਈਨ ਲਾਉਣ ਦੀ ਵੀ ਲੋੜ ਨਹੀਂ ਅਤੇ ਨਾ ਹੀ ਘਰਾਂ 'ਚ ਪੈਟਰੋਲ-ਡੀਜ਼ਲ ਸਟੋਰ ਕਰਕੇ ਰੱਖਣ ਦੀ ਲੋੜ ਹੈ, ਅਜਿਹਾ ਕਰਨਾ ਘਾਤਕ ਸਾਬਿਤ ਹੋ ਸਕਦਾ ਹੈ।

ਤੇਲ ਅਤੇ ਗੈਸ ਨੂੰ ਲੈਕੇ ਪੈਨਿਕ ਕਿਉਂ ?

ਸਟ੍ਰੇਟ ਆਫ਼ ਹੋਰਮੁਜ਼ ਦੀ ਤਸਵੀਰ
ਤਸਵੀਰ ਕੈਪਸ਼ਨ, ਸਟ੍ਰੇਟ ਆਫ਼ ਹੋਰਮੁਜ਼ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਸਮੁੰਦਰੀ ਵਪਾਰਕ ਰਸਤਿਆਂ ਵਿੱਚੋਂ ਇੱਕ ਹੈ

ਅਮਰੀਕਾ-ਇਜ਼ਰਾਇਲ ਅਤੇ ਈਰਾਨ ਵਿਚਾਲੇ ਜਾਰੀ ਸੰਘਰਸ਼ ਕਾਰਨ ਦੁਨੀਆ ਭਰ ਦੀ ਤੇਲ ਸਪਲਾਈ 'ਤੇ ਅਸਰ ਪਿਆ। ਇਸ ਦੀ ਸਭ ਤੋਂ ਵੱਡੀ ਵਜ੍ਹਾ ਹੈ ਸਟ੍ਰੇਟ ਆਫ ਹੋਰਮੂਜ਼ ਨੂੰ ਲੈਕੇ ਪੈਦਾ ਹੋਈ ਅਸਥਿਰਤਾ।

ਸਟ੍ਰੇਟ ਆਫ਼ ਹੋਰਮੁਜ਼ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਸਮੁੰਦਰੀ ਵਪਾਰਕ ਰਸਤਿਆਂ ਵਿੱਚੋਂ ਇੱਕ ਹੈ ਅਤੇ ਤੇਲ ਦੀ ਆਵਾਜਾਈ ਲਈ ਸਭ ਤੋਂ ਅਹਿਮ ਤੰਗ ਜਗ੍ਹਾ (ਚੋਕ ਪੋਇੰਟ) ਮੰਨੀ ਜਾਂਦੀ ਹੈ।

ਹਰ ਮਹੀਨੇ ਲਗਭਗ 3,000 ਜਹਾਜ਼ ਇਸ ਜਲ ਮਾਰਗ ਰਾਹੀਂ ਲੰਘਦੇ ਹਨ।

ਵਿਸ਼ਲੇਸ਼ਕਾਂ ਨੇ ਚੇਤਾਵਨੀ ਦਿੱਤੀ ਹੈ ਕਿ ਜਿੰਨਾ ਲੰਬਾ ਸਮਾਂ ਇਸ ਜਲ ਮਾਰਗ ਵਿੱਚੋਂ ਜਹਾਜ਼ਾਂ ਦੇ ਲੰਘਣ ਲਈ ਖ਼ਤਰਾ ਰਹੇਗਾ, ਓਨਾਂ ਹੀ ਤੇਲ ਅਤੇ ਇਸਦੀ ਢੁਆਈ ਦੀ ਕੀਮਤ ਵਧੇਗੀ।

ਹਾਲਾਂਕਿ ਮੱਧ ਪੂਰਬ ਵਿੱਚ ਜਾਰੀ ਸੰਘਰਸ਼ ਦੇ ਦਰਮਿਆਨ ਭਾਰਤ ਦੇ ਕੁਝ ਜਹਾਜ਼ ਹੋਰਮੁਜ਼ ਸਟ੍ਰੇਟ ਤੋਂ ਲੰਘਣ ਵਿੱਚ ਕਾਮਯਾਬ ਰਹੇ ਹਨ ਅਤੇ ਕਈ ਹੋਰ ਜਹਾਜ਼ਾਂ ਨੂੰ ਵੀ ਲੰਘਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹਨ।

ਕਾਲਾਬਾਜ਼ਾਰੀ ਅਤੇ ਜਮ੍ਹਾਂਖੋਰੀ ਕਰਨ ਵਾਲਿਆਂ ਨੂੰ ਸਖ਼ਤ ਚਿਤਾਵਨੀ

ਮੁੱਖ ਮੰਤਰੀ ਭਗਵੰਤ ਮਾਨ ਨੇ ਸਖਤ ਚਿਤਾਵਨੀ ਦਿੱਤੀ ਹੈ ਮੌਜੂਦਾ ਹਾਲਾਤਾਂ 'ਚ ਜੇਕਰ ਕਿਸੇ ਵੱਲੋਂ ਵੀ ਕਾਲਾਬਾਜ਼ਾਰੀ ਜਾਂ ਜਮ੍ਹਾਂਖੋਰੀ ਕੀਤੀ ਗਈ ਤਾਂ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਸੀਐੱਮ ਮਾਨ ਨੇ ਦੱਸਿਆ ਕਿ ਸਾਰੇ ਜ਼ਿਲ੍ਹਿਆਂ ਦੇ ਅਧਿਕਾਰੀਆਂ ਵੱਲੋਂ ਲਗਾਤਾਰ ਅਜਿਹੇ ਲੋਕਾਂ ਦੀ ਪੈੜ ਨੱਪੀ ਜਾ ਰਹੀ ਹੈ। 27 ਮਾਰਚ 2026 ਤੱਕ ਸੂਬੇ ਭਰ 'ਚ 1497 ਥਾਂਵਾਂ 'ਤੇ ਚੈਕਿੰਗ ਕੀਤੀ ਗਈ ਅਤੇ ਇਸ ਦੌਰਾਨ 301 ਐਲਪੀਜੀ ਸਿਲੰਡਰ ਜ਼ਬਤ ਕੀਤੇ ਗਏ, ਜਿਨ੍ਹਾਂ ਨੂੰ ਗੈਰ-ਕਾਨੂੰਨੀ ਤਰੀਕੇ ਨਾਲ ਵੇਚਣ ਦੀ ਕੋਸ਼ਿਸ਼ ਹੋ ਰਹੀ ਸੀ।

ਮੁੱਖ ਮੰਤਰੀ ਭਗਵੰਤ ਮਾਨ ਦਾ ਬਿਆਨ

ਸੀਐੱਮ ਮੁਤਾਬਕ ਪੰਜਾਬ ਸਰਕਾਰ ਦੇ ਅਧਿਕਾਰੀ ਕੇਂਦਰੀ ਮੰਤਰਾਲਿਆਂ ਨਾਲ ਲਗਾਤਾਰ ਸੰਪਰਕ 'ਚ ਹੈ ਅਤੇ ਪਲ-ਪਲ ਦੀ ਜਾਣਕਾਰੀ ਸਾਂਝੀ ਕਰ ਰਹੇ ਹਨ। ਲੋਕਾਂ ਤੱਕ ਪ੍ਰੈਸ ਜ਼ਰੀਏ ਜਾਣਕਾਰੀ ਪਹੁੰਚਾਉਣ ਲਈ ਵਿਸ਼ੇਸ਼ ਤੌਰ 'ਤੇ ਨੋਡਲ ਅਧਿਕਾਰੀ ਵੀ ਨਿਯੁਕਤ ਕੀਤਾ ਗਿਆ ਤਾਂ ਜੋ ਪਲ-ਪਲ ਦੀ ਸਟੀਕ ਅਪਡੇਟ ਲੋਕਾਂ ਤੱਕ ਪਹੁੰਚਾਈ ਜਾ ਸਕੇ।

ਪੀਐੱਮ ਨਾਲ ਮੀਟਿੰਗ 'ਚ ਚੁੱਕੇ ਕਿਹੜੇ ਮੁੱਦੇ ?

ਪੀਐੱਮ ਨਾਲ ਸੂਬਿਆਂ ਦੇ ਮੁੱਖਮੰਤਰੀਆਂ ਦੀ ਮੀਟਿੰਗ ਦੀ ਤਸਵੀਰ

ਤਸਵੀਰ ਸਰੋਤ, PMO

ਤਸਵੀਰ ਕੈਪਸ਼ਨ, 27 ਮਾਰਚ ਨੂੰ ਪੀਐੱਮ ਮੋਦੀ ਅਤੇ ਤਮਾਮ ਸੂਬਿਆਂ ਦੇ ਮੁੱਖ ਮੰਤਰੀਆਂ ਵਿਚਾਲੇ ਵਰਚੂਅਲ ਮੀਟਿੰਗ ਦੀ ਤਸਵੀਰ

ਮੁੱਖ ਮੰਤਰੀ ਭਗਵੰਤ ਮਾਨ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਈ ਬੈਠਕ 'ਚ ਮੁੱਖ ਤੌਰ 'ਤੇ ਖੇਤੀ, ਸਨਅੱਤ ਅਤੇ ਬਾਰਡਰ ਨਾਲ ਸਬੰਧਤ ਮੁੱਦੇ ਚੁੱਕੇ ਗਏ।

ਉਨ੍ਹਾਂ ਕਿਹਾ ਕਿ ਪੰਜਾਬ 'ਚ ਜਲਦ ਕਣਕ ਦੀ ਵਾਢੀ ਸ਼ੁਰੂ ਹੋਣ ਜਾ ਰਹੀ ਹੈ ਜਿਸ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨੂੰ ਵਿਸ਼ੇਸ਼ ਤੌਰ 'ਤੇ ਪੰਜਾਬ ਲਈ ਡੀਜ਼ਲ ਦੀ ਸਪਲਾਈ ਵਧਾਉਣ ਦੀ ਮੰਗ ਰੱਖੀ ਗਈ ਹੈ।

ਸੀਐੱਮ ਨੇ ਕਿਹਾ, "ਜਲਦ ਸਾਡੀ ਕਣਕ ਦੀ ਫਸਲ ਮੰਡੀਆਂ 'ਚ ਆਉਣ ਜਾ ਰਹੀ ਹੈ। ਇਸ ਦੌਰਾਨ ਖੇਤਾਂ 'ਚ ਟਰੈਕਟਰ ਅਤੇ ਕੰਬਾਈਨਾਂ ਚੱਲਣਗੀਆਂ, ਮੰਡੀਆਂ ਤੱਕ ਕਣਕ ਲਿਆਉਣ ਲਈ ਟਰੱਕ ਚੱਲਣਗੇ। ਅਜਿਹੇ 'ਚ ਸਾਡੇ ਸੂਬੇ ਨੂੰ ਪੈਟਰੋਲ-ਡੀਜ਼ਲ ਦੀ ਕੋਈ ਕਮੀ ਨਹੀਂ ਆਉਣੀ ਚਾਹੀਦੀ। ਇੱਕ ਜੂਨ ਤੋਂ ਝੋਨੇ ਦੀ ਬਿਜਾਈ ਵੀ ਸ਼ੁਰੂ ਹੋ ਜਾਵੇਗੀ। ਇਸ ਲਈ ਡੀਏਪੀ ਦੀ ਸਪਲਾਈ 'ਚ ਪੰਜਾਬ ਨੂੰ ਤਰਜੀਹ ਦੇਣ ਦੀ ਵਿਸ਼ੇਸ਼ ਅਪੀਲ ਕੀਤੀ ਗਈ ਹੈ।" ਮੁੱਖ ਮੰਤਰੀ ਨੇ ਕਿਹਾ ਕਿ ਸਾਡੀਆਂ ਮੰਗਾਂ 'ਤੇ ਪ੍ਰਧਾਨ ਮੰਤਰੀ ਵੱਲੋਂ ਹਾਂ-ਪੱਖੀ ਹੁੰਗਾਰਾ ਭਰਿਆ ਗਿਆ।

ਇਸ ਤੋਂ ਇਲਾਵਾ ਮੁੱਖ ਮੰਤਰੀ ਵੱਲੋਂ ਪੇਂਡੂ ਖੇਤਰਾਂ ਲਈ ਵੀ ਸਿਲੰਡਰ ਭਰਨ ਦੀ ਮਿਆਦ 45 ਦਿਨਾਂ ਤੋਂ ਘਟਾ ਕੇ ਸ਼ਹਿਰਾਂ ਵਾਂਗ 25 ਦਿਨ ਕਰਨ ਦੀ ਮੰਗ ਰੱਖੀ ਗਈ ਹੈ।

ਪ੍ਰਧਾਨ ਮੰਤਰੀ ਨੇ ਸੂਬਿਆਂ ਨੂੰ ਕੀ ਭਰੋਸਾ ਦਿੱਤਾ ?

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ

ਤਸਵੀਰ ਸਰੋਤ, PMO

ਤਸਵੀਰ ਕੈਪਸ਼ਨ, "ਟੀਮ ਇੰਡੀਆ" ਵਜੋਂ ਕੰਮ ਕਰਦੇ ਹੋਏ ਦੇਸ਼ ਇਸ ਸਥਿਤੀ ਨੂੰ ਸਫਲਤਾਪੂਰਵਕ ਪਾਰ ਕਰੇਗਾ: ਪੀਐੱਮ

ਪ੍ਰਧਾਨ ਮੰਤਰੀ ਨੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਬੈਠਕ ਦੌਰਾਨ ਅਪੀਲ ਕੀਤੀ ਕਿ ਸਪਲਾਈ ਚੇਨਾਂ ਦੀ ਸੁਚਾਰੂ ਕਾਰਜਪ੍ਰਣਾਲੀ ਯਕੀਨੀ ਬਣਾਈ ਜਾਵੇ ਅਤੇ ਜਮ੍ਹਾਂਖੋਰੀ ਅਤੇ ਮੁਨਾਫਾਖੋਰੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਤੋਂ ਇਲਾਵਾ ਖਾਦ ਦੀ ਸਟੋਰੇਜ ਅਤੇ ਵੰਡ ਦੀ ਨਿਗਰਾਨੀ ਕੀਤੀ ਜਾਵੇ।

ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਸਰਹੱਦੀ ਅਤੇ ਤਟਵਰਤੀ ਸੂਬਿਆਂ ਨੂੰ ਖ਼ਾਸ ਧਿਆਨ ਦੇਣ ਲਈ ਕਿਹਾ ਤਾਂ ਜੋ ਸ਼ਿਪਿੰਗ, ਜ਼ਰੂਰੀ ਸਪਲਾਈ ਅਤੇ ਸਮੁੰਦਰੀ ਟ੍ਰਾਂਸਪੋਰਟ ਨਾਲ ਜੁੜੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਜਾ ਸਕੇ।

ਨਾਲ ਹੀ ਪ੍ਰਧਾਨ ਮੰਤਰੀ ਨੇ ਗਲਤ ਜਾਣਕਾਰੀ ਅਤੇ ਅਫਵਾਹਾਂ ਦੇ ਫੈਲਾਅ ਤੋਂ ਸਾਵਧਾਨ ਰਹਿਣ ਅਤੇ ਸਹੀ ਤੇ ਭਰੋਸੇਯੋਗ ਜਾਣਕਾਰੀ ਦੇ ਪ੍ਰਸਾਰ 'ਤੇ ਜ਼ੋਰ ਦਿੱਤਾ।

ਪ੍ਰਧਾਨ ਮੰਤਰੀ ਨੇ ਭਰੋਸਾ ਜਤਾਇਆ ਕਿ "ਟੀਮ ਇੰਡੀਆ" ਵਜੋਂ ਇਕੱਠੇ ਕੰਮ ਕਰਦੇ ਹੋਏ ਦੇਸ਼ ਇਸ ਸਥਿਤੀ ਨੂੰ ਸਫਲਤਾਪੂਰਵਕ ਪਾਰ ਕਰੇਗਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)