ਆਈਪੀਐੱਲ 2026: ਪੰਜਾਬ ਕਿੰਗਜ਼ ਦੇ ਇਸ ਵਾਰ ਖਿਤਾਬ ਜਿੱਤਣ ਦੀ ਰਾਹ ’ਚ ਕਿਹੜੀ ਕਮਜ਼ੋਰੀ ਮੁਸ਼ਕਲ ਖੜ੍ਹੀ ਕਰ ਸਕਦੀ ਹੈ

ਤਸਵੀਰ ਸਰੋਤ, Getty Images
- ਲੇਖਕ, ਬਰਿੰਦਰ ਸਿੰਘ
- ਰੋਲ, ਬੀਬੀਸੀ ਪੱਤਰਕਾਰ
- ਪੜ੍ਹਨ ਦਾ ਸਮਾਂ: 7 ਮਿੰਟ
3 ਜੂਨ 2025, ਜਦੋਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਪੰਜਾਬ ਕਿੰਗਜ਼ ਦੀ ਟੀਮ ਦਾ ਸੁਪਨਾ ਇੱਕ ਵਾਰ ਫਿਰ ਪੂਰਾ ਹੁੰਦਾ-ਹੁੰਦਾ ਟੁੱਟ ਗਿਆ।
ਵਿਰਾਟ ਕੋਹਲੀ ਦੀ ਅਗਵਾਈ ਵਾਲੀ ਰਾਇਲ ਚੈਲੈਂਜਰਜ਼ ਬੈਂਗਲੁਰੂ ਨੇ ਆਈਪੀਐੱਲ ਦੇ 18ਵੇਂ ਸੀਜ਼ਨ ਵਿੱਚ ਪੰਜਾਬ ਕਿੰਗਜ਼ ਦੀ ਟੀਮ ਨੂੰ ਸਿਰਫ਼ 6 ਦੌੜਾਂ ਨਾਲ ਹਰਾ ਕੇ ਚੈਂਪੀਅਨ ਬਣ ਗਈ।
ਪੰਜਾਬ ਕਿੰਗਜ਼ ਨੇ 2025 ਵਿੱਚ ਆਪਣਾ ਸਿਖਰਲਾ ਪ੍ਰਦਰਸ਼ਨ ਦਿਖਾਉਂਦਿਆਂ ਪੁਆਇੰਟ ਟੇਬਲ 'ਤੇ ਟੌਪ ਕਰਦਿਆਂ ਸੀਜ਼ਨ ਦੀ ਸਮਾਪਤੀ ਕੀਤੀ ਸੀ ਪਰ ਖਿਤਾਬ ਉਸ ਦੇ ਹੱਥੋਂ ਖੁਸ ਗਿਆ।
ਹੁਣ 19ਵੇਂ ਸੀਜ਼ਨ ਵਿੱਚ ਪੰਜਾਬ ਕਿੰਗਜ਼ ਮੁੜ ਆਈਪੀਐੱਲ ਦਾ ਖਿਤਾਬ ਜਿੱਤਣ ਦਾ ਸੋਕਾ ਤੋੜਨ ਲਈ ਮੈਦਾਨ ਵਿੱਚ ਉਤਰੇਗੀ।
ਇਸ ਵਾਰ ਸਾਰਿਆਂ ਦੀਆਂ ਨਜ਼ਰਾਂ ਸ਼੍ਰੇਅਸ ਅਈਅਰ ਤੇ ਉਸ ਦੇ 'ਕਿੰਗਜ਼' ਉੱਤੇ ਟਿਕੀਆਂ ਰਹਿਣਗੀਆਂ।
ਪਰ ਸਵਾਲ ਹੈ ਕਿ ਕੀ ਪੰਜਾਬ ਕਿੰਗਜ਼ ਆਪਣੇ ਪਿਛਲੇ ਸੀਜ਼ਨ ਵਾਂਗ ਇਸ ਵਾਰ ਵੀ ਉਹ ਪ੍ਰਦਰਸ਼ਨ ਕਰ ਸਕੇਗੀ, ਕੀ ਅਈਅਰ ਇੱਕ ਕਦਮ ਹੋਰ ਅੱਗੇ ਵਧਣਗੇ ਤੇ ਟੀਮ ਅੱਗੇ ਕਿਹੜੀਆਂ ਚੁਣੌਤੀਆਂ ਹਨ।
ਪੰਜਾਬ ਦੀ ਟੀਮ ਕਿੰਨੀ ਕੁ ਤਿਆਰ
ਬੀਸੀਸੀਆਈ ਵੱਲੋਂ ਆਈਪੀਐੱਲ ਦੇ 19ਵੇਂ ਸੀਜ਼ਨ ਲਈ ਅਜੇ ਸਿਰਫ਼ 20 ਮੈਚਾਂ ਦਾ ਸ਼ਡਿਊਲ ਜਾਰੀ ਕੀਤਾ ਗਿਆ ਹੈ, ਜੋ ਕਿ 28 ਮਾਰਚ ਤੋਂ 12 ਅਪ੍ਰੈਲ ਤੱਕ ਦਾ ਹੈ।
ਪੰਜਾਬ ਕਿੰਗਜ਼ ਦੀ ਟੀਮ 31 ਮਾਰਚ ਨੂੰ ਗੁਜਰਾਤ ਟਾਈਟਨਜ਼ ਨਾਲ ਮੈਚ ਖੇਡ ਕੇ ਸੀਜ਼ਨ ਦੀ ਸ਼ੁਰੂਆਤ ਕਰੇਗੀ, ਜੋ ਕਿ ਨਿਊ ਚੰਡੀਗੜ੍ਹ ਵਿੱਚ ਹੋਵੇਗਾ।
ਟੀਮ ਨੇ 2014 ਤੋਂ ਬਾਅਦ ਪਿਛਲੇ ਸਾਲ 2025 ਵਿੱਚ ਪਲੇਅ ਆਫ ਵਿੱਚ ਦਸਤਕ ਦਿੱਤੀ ਸੀ।
ਪੰਜਾਬ ਉਹੀ ਟੀਮ ਹੈ ਜਿਸ ਨੇ ਸਭ ਤੋਂ ਵੱਧ ਸਕੋਰ 262 ਨੂੰ ਚੇਸ ਕੀਤਾ ਸੀ ਅਤੇ ਸਭ ਤੋਂ ਘੱਟ ਸਕੋਰ 111 ਨੂੰ ਡਿਫੈਂਡ ਕੀਤਾ ਸੀ।
ਪੰਜਾਬ ਇੱਕ ਵਾਰ ਫਿਰ 'ਬੱਸ ਜਿੱਤਣਾ ਹੈ' ਦੀ ਟੈਗ ਲਾਈਨ ਨਾਲ ਮੈਦਾਨ ਵਿੱਚ ਉਤਰੇਗੀ। ਇਹ ਲਾਈਨ ਟੀਮ ਬਾਰੇ ਦੱਸਦੀ ਹੈ ਕਿ ਉਹ ਟੂਰਨਾਮੈਂਟ ਜਿੱਤਣ ਦੇ ਮਕਸਦ ਨਾਲ ਖੇਡੇਗੀ।
ਟੀਮ ਕੋਲ ਇੰਟਰਨੈਸ਼ਨਲ ਤਜਰਬੇ ਵਾਲੇ ਜ਼ਿਆਦਾ ਖਿਡਾਰੀ ਤਾਂ ਨਹੀਂ ਹਨ ਪਰ ਉਹ ਨੌਜਵਾਨ ਖਿਡਾਰੀ ਹਨ, ਜਿਨ੍ਹਾਂ ਵਿੱਚ ਜੋਸ਼ ਤੇ ਜਨੂੰਨ ਭਰਿਆ ਹੋਇਆ ਹੈ, ਜੋ ਪਿਛਲੇ ਸੀਜ਼ਨ ਵਿੱਚ ਸਾਫ਼ ਦੇਖਣ ਨੂੰ ਮਿਲਿਆ।
ਟੀਮ ਦੇ ਪ੍ਰਭਸਿਮਰਨ, ਪ੍ਰਿਯਾਂਸ਼ ਆਰਿਆ, ਨੇਹਾਲ ਵਡੇਰਾ ਤੇ ਹਰਪ੍ਰੀਤ ਬਰਾੜ ਵਰਗੇ ਅਨਕੈਪਡ ਖਿਡਾਰੀਆਂ ਨੇ ਡੌਮੈਸਟਿਕ ਟੂਰਨਾਮੈਂਟਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।
ਸਾਬਕਾ ਭਾਰਤੀ ਕ੍ਰਿਕਟਰ ਤੇ ਖੇਡ ਮਾਹਰ ਸਰਨਦੀਪ ਸਿੰਘ ਵੀ ਮੰਨਦੇ ਹਨ ਕਿ ਬੇਸ਼ੱਕ ਪੰਜਾਬ ਦੀ ਟੀਮ ਵਿੱਚ ਅਨਕੈਪਡ ਖਿਡਾਰੀ ਹਨ ਪਰ ਉਨ੍ਹਾਂ ਵਿੱਚ ਜੋਸ਼ ਹੈ ਤੇ ਉਨ੍ਹਾਂ ਨੂੰ ਪਤਾ ਹੈ ਕਿ ਉਨ੍ਹਾਂ ਨੇ ਚੰਗਾ ਪ੍ਰਦਰਸ਼ਨ ਕਰਨਾ ਹੀ ਕਰਨਾ ਹੈ।
ਉਹ ਕਹਿੰਦੇ ਹਨ, "ਪ੍ਰਿਯਾਂਸ਼ ਆਰਿਆ ਦਾ ਪਿਛਲੀ ਵਾਰ ਪਹਿਲਾ ਸੀਜ਼ਨ ਸੀ ਤੇ ਉਸ ਨੇ ਬਹੁਤ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਵਾਰ ਉਸ ਉੱਤੇ ਹੋਰ ਵੀ ਜ਼ਿੰਮੇਵਾਰੀਆਂ ਵਧ ਗਈਆਂ ਹਨ। ਉਹ ਵਿਜੈ ਹਜ਼ਾਰੇ ਤੇ ਰੰਜੀ ਟਰਾਫੀ ਵੀ ਖੇਡਿਆ ਤੇ ਚੰਗੀਆਂ ਦੌੜਾਂ ਬਣਾਈਆਂ ਹਨ। ਉਹ ਓਪਨਰ ਹੈ ਤੇ ਇਸ ਵਾਰ ਉਹ ਚੰਗੀ ਤਿਆਰੀ ਵਿੱਚ ਆ ਰਿਹਾ ਹੈ, ਜੋ ਟੀਮ ਲਈ ਮਜ਼ਬੂਤੀ ਦਾ ਕੰਮ ਕਰੇਗਾ।"

ਪੰਜਾਬ ਕਿੰਗਜ਼ ਦੀ ਤਾਕਤ ਕੀ ਹੈ
ਪੰਜਾਬ ਕਿੰਗਜ਼ ਨੂੰ ਪਿਛਲੇ ਸਾਲ ਇੱਕ ਅਜਿਹਾ ਕਪਤਾਨ ਮਿਲਿਆ, ਜਿਸ ਦੇ ਹਿੱਸੇ ਆਈਪੀਐੱਲ ਵਿੱਚ ਕਈ ਪ੍ਰਾਪਤੀਆਂ ਆਈਆਂ। ਸ਼੍ਰੇਅਸ ਅਈਅਰ ਪੰਜਾਬ ਕਿੰਗਜ਼ ਸਣੇ ਤਿੰਨ ਟੀਮਾਂ ਨੂੰ ਫਾਈਨਲ ਤੱਕ ਪਹੁੰਚਾ ਚੁੱਕੇ ਹਨ।
ਸਾਬਕਾ ਆਸਟ੍ਰੇਲੀਅਨ ਕਪਤਾਨ ਤੇ ਪੰਜਾਬ ਕਿੰਗਜ਼ ਦੇ ਕੋਚ ਰਿੱਕੀ ਪੌਂਟਿੰਗ ਵੀ ਆਪਣੇ ਚਤੁਰ ਦਿਮਾਗ ਲਈ ਜਾਣੇ ਜਾਂਦੇ ਹਨ, ਜੋ ਟੀਮ ਲਈ ਫਾਇਦੇਮੰਦ ਸਾਬਤ ਹੋਵੇਗਾ।
ਪੰਜਾਬ ਦੀ ਲੀਡਰਸ਼ਿਪ ਟੀਮ ਦੀ ਵੱਡੀ ਤਾਕਤ ਹੈ, ਜੋ ਨੌਜਵਾਨਾਂ ਨਾਲ ਕੜ੍ਹੀ ਟੀਮ ਨੂੰ ਇਸ ਟੂਰਨਾਮੈਂਟ ਵਿੱਚ ਅੱਗੇ ਤੱਕ ਲੈ ਕੇ ਜਾ ਸਕਦੀ ਹੈ।
ਸਰਨਦੀਪ ਦੱਸਦੇ ਹਨ ਕਿ ਪੰਜਾਬ ਕਿੰਗਜ਼ ਦੀ ਅਸਲ ਤਾਕਤ ਬੱਲੇਬਾਜ਼ੀ ਹੀ ਹੈ। ਟੀਮ ਕੋਲ 8 ਨੰਬਰ ਤੱਕ ਬੱਲੇਬਾਜ਼ੀ ਹੈ, ਜਿਸ ਦੀ ਕਾਫੀ ਡੂੰਘਾਈ ਹੈ।
"ਟੀਮ ਕੋਲ ਚੰਗੇ ਆਲਰਾਊਂਡਰ ਹਨ, ਬੱਲੇਬਾਜ਼ ਤੱਕੜੇ ਹਨ। ਟੀਮ ਨੂੰ ਬੱਲੇਬਾਜ਼ੀ ਵਿੱਚ ਕੋਈ ਸੁਧਾਰ ਕਰਨ ਦੀ ਜ਼ਰੂਰਤ ਨਹੀਂ ਹੈ, ਉਨ੍ਹਾਂ ਨੂੰ ਪਿਛਲੀ ਵਾਰ ਵਾਂਗ ਹੀ ਖੇਡਣਾ ਚਾਹੀਦਾ। ਇਹੀ ਬੱਲੇਬਾਜ਼ੀ ਟੀਮ ਨੂੰ ਫਾਈਨਲ ਤੱਕ ਲੈ ਕੇ ਗਈ ਹੈ, ਸੋ ਜ਼ਿਆਦਾ ਬਦਲਾਅ ਨਹੀਂ ਕਰਨੇ ਚਾਹੀਦੇ। ਬਾਕੀ ਗੇਂਦਬਾਜ਼ੀ ਵਿੱਚ ਇਸ ਵਾਰ ਅਰਸ਼ਦੀਪ ਨੂੰ ਹੋਰ ਚੰਗਾ ਕਰਨਾ ਪਵੇਗਾ।"
ਖੇਡ ਮਾਹਰ ਅਕਾਸ਼ ਚੋਪੜਾ ਨੇ ਵੀ ਆਪਣੇ ਨਿੱਜੀ ਚੈਨਲ 'ਤੇ ਪੰਜਾਬ ਕਿੰਗਜ਼ ਦੇ ਖਿਡਾਰੀਆਂ ਬਾਰੇ ਕਿਹਾ ਹੈ ਕਿ ਇਸ ਟੀਮ ਦੇ ਨੌਜਵਾਨ ਖਿਡਾਰੀ ਬੇਬਾਕ ਹੋ ਕੇ ਬਿਨ੍ਹਾਂ ਕਿਸੇ ਡਰ ਤੋਂ ਖੇਡਦੇ ਹਨ, ਜੋ ਕਿ ਇਨ੍ਹਾਂ ਦੀ ਅਸਲ ਤਾਕਤ ਵੀ ਹੈ।
ਪੰਜਾਬ ਦੇ ਓਪਨਰ ਪ੍ਰਭਸਿਮਰਨ ਤੇ ਪ੍ਰਿਯਾਂਸ਼ ਆਰਿਆ ਨੇ ਪਿਛਲੇ ਸੀਜ਼ਨ ਵਿੱਚ ਜ਼ਬਰਦਸਤ ਬੱਲੇਬਾਜ਼ੀ ਕੀਤੀ ਸੀ ਤੇ ਇਸ ਵਾਰ ਵੀ ਉਨ੍ਹਾਂ ਦੀ ਭੂਮਿਕਾ ਟੀਮ ਨੂੰ ਅੱਗੇ ਲੈ ਕੇ ਜਾਣ ਵਿੱਚ ਅਹਿਮ ਹੋਵੇਗੀ।
ਸਰਨਦੀਪ ਅੱਗੇ ਕਹਿੰਦੇ ਹਨ ਕਿ ਜੇ ਓਪਨਰ ਤੇ ਮਿਡਲ ਆਰਡਰ ਵਧੀਆ ਖੇਡਦੇ ਨੇ ਤਾਂ ਟੀਮ ਚੰਗਾ ਪ੍ਰਦਰਸ਼ਨ ਕਰੇਗੀ।
"ਸਾਡੇ ਕੋਲ ਪਿੱਛੇ ਸਟੋਨਿਸ ਹੈ, ਸ਼ਸ਼ਾਂਕ ਹੈ ਤੇ ਨੇਹਾਲ ਵਡੇਰਾ। ਉੱਪਰੋਂ ਚੰਗੀਆਂ ਦੌੜਾਂ ਬਣਨਗੀਆਂ ਤਾਂ ਹੇਠਾਂ ਇਹ ਚੰਗਾ ਬੱਲਾ ਫੇਰਨਗੇ।"
ਉਹ ਇਹ ਵੀ ਕਹਿੰਦੇ ਹਨ ਕਿ ਸ਼੍ਰੇਅਸ ਅਈਅਰ ਤੇ ਸਟੋਨਿਸ ਤੋਂ ਇਲਾਵਾ ਟੀਮ ਕੋਲ ਕੋਈ ਵੱਡਾ ਚਿਹਰਾ ਨਹੀਂ ਹੈ ਪਰ ਫਿਰ ਵੀ ਪਿਛਲੇ ਸੀਜ਼ਨ ਵਿੱਚ ਟੀਮ ਨੇ ਚੰਗਾ ਪ੍ਰਦਰਸ਼ਨ ਕੀਤਾ ਤੇ ਇਸ ਵਾਰ ਵੀ ਪੰਜਾਬ ਕੋਲ ਵਿਨਿੰਗ ਕੰਬੀਨੇਸ਼ਨ ਹੈ।
ਉਥੇ ਹੀ ਟੀਮ ਕੋਲ ਅਰਸ਼ਦੀਪ ਵਰਗਾ ਇੱਕ ਸ਼ਾਨਦਾਰ ਵਿਕਟ ਟੇਕਰ ਵੀ ਹੈ, ਜੋ ਕਿ ਟੀ-20 ਫਾਰਮੇਟ ਦਾ ਸਿਖਰਲਾ ਗੇਂਦਬਾਜ਼ ਹੈ। ਟੀਮ ਕੋਲ ਅਰਸ਼ਦੀਪ ਦੇ ਨਾਲ ਮਾਰਕੋ ਜਾਨਸਨ ਤੇ ਯੁਜ਼ਵੇਂਦਰ ਚਾਹਲ ਵਰਗੇ ਤੱਕੜੇ ਗੇਂਦਬਾਜ਼ ਵੀ ਹਨ।
ਪੰਜਾਬ ਕਿੰਗਜ਼ ਕੋਲ ਦੋ ਅਜਿਹੇ ਵਿਦੇਸ਼ੀ ਖਿਡਾਰੀ ਵੀ ਹਨ, ਜੋ ਆਲਰਾਊਂਡਰ ਹਨ। ਮਾਰਕੋ ਯੈਨਸਨ ਤੇ ਮਾਰਕਸ ਸਟੋਨਿਸ, ਜਿਨ੍ਹਾਂ ਕੋਲ ਚੰਗੀ ਗੇਂਦਬਾਜ਼ੀ ਤੇ ਬੱਲੇਬਾਜ਼ੀ ਦਾ ਸੁਮੇਲ ਹੈ। ਮਾਰਕਸ ਸਟੋਨਿਸ ਆਪਣੇ ਧੜੱਲੇਦਾਰ ਬੱਲੇਬਾਜ਼ੀ ਲਈ ਵੀ ਜਾਣੇ ਜਾਂਦੇ ਹਨ।

ਕਪਤਾਨ ਅਈਅਰ ਉੱਪਰ ਦਬਾਅ
ਸਰਨਦੀਪ ਕਹਿੰਦੇ ਹਨ ਕਿ ਪੰਜਾਬ ਕਿੰਗਜ਼ ਦੀ ਟੀਮ ਬਹੁਤ ਖਾਸ ਹੈ ਕਿਉਂਕਿ ਉਨ੍ਹਾਂ ਕੋਲ ਸ਼੍ਰੇਅਸ ਅਈਅਰ ਵਰਗਾ ਕਪਤਾਨ ਹੈ ਅਤੇ ਉਹ ਟੀਮ ਨੂੰ ਬਹੁਤ ਸਹੀ ਤਰੀਕੇ ਸਾਂਭਦੇ ਹਨ।
"ਟੀਮ ਉਹੀ ਚੰਗਾ ਪ੍ਰਦਰਸ਼ਨ ਕਰਦੀ ਹੈ, ਜਿਸਦਾ ਕਪਤਾਨ ਟੀਮ ਨਾਲ ਚੰਗੀ ਤਰ੍ਹਾਂ ਜੁੜਿਆ ਹੋਇਆ ਤੇ ਟੀਮ ਨੂੰ ਹੈਂਡਲ ਕਰਦਾ। ਜਿਸ ਟੀਮ ਦਾ ਕਪਤਾਨ ਹੀ ਘਬਰਾਇਆ ਫਿਰਦਾ ਹੋਵੇਗਾ, ਉਹ ਟੀਮ ਵੀ ਉਸੇ ਤਰ੍ਹਾਂ ਪ੍ਰਦਰਸ਼ਨ ਕਰਦੀ ਹੈ। ਇਸ ਕਰਕੇ ਇਹ ਚੀਜ਼ਾਂ ਪੰਜਾਬ ਦੀ ਟੀਮ ਨੂੰ ਖਾਸ ਬਣਾਉਂਦੀਆਂ ਹਨ।"
ਸਰਨਦੀਪ ਕਹਿੰਦੇ ਹਨ ਕਿ ਅਈਅਰ ਨੇ ਬੇਸ਼ੱਕ ਇੰਟਰਨੈਸ਼ਨਲ ਪੱਧਰ 'ਤੇ ਭਾਰਤੀ ਟੀਮ ਦੀ ਕਪਤਾਨੀ ਨਹੀਂ ਕੀਤੀ ਪਰ ਉਨ੍ਹਾਂ ਦੀ ਤੁਲਨਾ ਮਹਿੰਦਰ ਧੋਨੀ, ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਨਾਲ ਕੀਤੀ ਜਾਂਦੀ ਹੈ।
ਸਰਨਦੀਪ ਇਹ ਵੀ ਕਹਿੰਦੇ ਹਨ ਕਿ ਸ਼੍ਰੇਅਸ ਅਈਅਰ ਇੱਕ ਸੁਲਝੇ ਹੋਏ ਕਪਤਾਨ ਹਨ ਪਰ ਇਸ ਬਾਰੇ ਉਨ੍ਹਾਂ ਉੱਪਰ ਵੀ ਦਬਾਅ ਹੋਵੇਗਾ।
ਉਹ ਕਹਿੰਦੇ ਹਨ, "ਕਪਤਾਨ ਅਈਅਰ ਇਸ ਵਾਰ ਇੰਨੇ ਫਾਰਮ ਵਿੱਚ ਨਹੀਂ ਹਨ ਕਿਉਂਕਿ ਉਨ੍ਹਾਂ ਨੇ ਆਈਪੀਐੱਲ ਦੇ ਪਿਛਲੇ ਸੀਜ਼ਨ ਮਗਰੋਂ ਕੋਈ ਵੱਡਾ ਟੂਰਨਾਮੈਂਟ ਨਹੀਂ ਖੇਡਿਆ। ਉਹ ਇੰਜਰਡ ਵੀ ਸਨ ਤੇ ਹੁਣ ਫਿੱਟ ਹੋ ਕੇ ਵਾਪਸੀ ਕਰ ਰਹੇ ਹਨ। ਕਿਤੇ ਨਾ ਕਿਤੇ ਇਨ੍ਹਾਂ ਚੀਜ਼ਾਂ ਨੂੰ ਲੈ ਕੇ ਕਪਤਾਨ ਉੱਪਰ ਦਬਾਅ ਰਹੇਗਾ। ਪਿਛਲੇ ਸਾਲ ਅਈਅਰ ਨੇ ਚੰਗਾ ਪ੍ਰਦਰਸ਼ਨ ਕੀਤਾ ਹੈ ਪਰ ਹੁਣ ਸਵਾਲ ਇਹ ਬਣਦਾ ਕਿ ਕੀ ਇੰਜਰੀ ਤੋਂ ਬਾਅਦ ਉਹ ਮੁੜ ਲਹਿ ਫੜਏਗਾ। "
ਸਰਨਦੀਪ ਦਾ ਇਹ ਵੀ ਮੰਨਣਾ ਹੈ ਕਿ ਅਈਅਰ ਨੇ ਪਹਿਲਾਂ ਕੇਕੇਆਰ ਨੂੰ ਖਿਤਾਬ ਜਿਤਾਇਆ, ਫਿਰ ਉਹ ਪੰਜਾਬ ਆਏ ਤੇ ਉਹ ਫਾਈਨਲ ਪਹੁੰਚੀ ਹੈ ਅਤੇ ਇਸ ਵਾਰ ਪੰਜਾਬ ਕੱਪ ਵੀ ਚੁੱਕੇਗੀ।

'ਅਰਸ਼ਦੀਪ ਤੇ ਹਰਪ੍ਰੀਤ ਬਰਾੜ ਦੀ ਜੋੜੀ ਕਰ ਸਕਦੀ ਕਮਾਲ'
ਟੀਮ ਦੋ ਤੇਜ਼ ਤੇ ਇੱਕ ਸਪਿਨਰ ਨਾਲ ਵਿਕਟਾਂ ਦੀ ਭਾਲ ਕਰਨ ਦੀ ਕੋਸ਼ਿਸ਼ ਕਰੇਗੀ। ਅਰਸ਼ਦੀਪ, ਮਾਰਕੋ ਯੈਨਸਨ ਤੇ ਚਹਿਲ।
ਪੰਜਾਬ ਕਿੰਗਜ਼ ਦੇ ਅਰਸ਼ਦੀਪ ਸਿੰਘ ਟੀ-20 ਫਾਰਮੇਟ ਵਿੱਚ ਟੌਪ ਦੇ ਗੇਂਦਬਾਜ਼ ਹਨ। ਇਸ ਲਿਹਾਜ਼ ਨਾਲ ਟੀਮ ਕੋਲ ਇੱਕ ਚੰਗਾ ਵਿਕਟ ਟੇਕਰ ਹੈ, ਜੋ ਪਹਿਲਿਆਂ ਓਵਰਾਂ ਵਿੱਚ ਵਿਰੋਧੀਆਂ ਦੀਆਂ ਵਿਕਟਾਂ ਉਖਾੜਨੀਆਂ ਜਾਣਦਾ।
ਟੀਮ ਕੋਲ ਬੇਸ਼ੱਕ ਅਰਸ਼ਦੀਪ, ਮਾਰਕੋ ਯੈਨਸਨ ਤੇ ਯੁਜਵਿੰਦਰ ਚਹਿਲ ਵਰਗੇ ਅਹਿਮ ਗੇਂਦਬਾਜ਼ ਹਨ ਪਰ ਸਰਨਦੀਪ ਸਿੰਘ ਦਾ ਮੰਨਣਾ ਹੈ ਕਿ ਕੋਚ ਰਿੱਕੀ ਪੌਂਟਿੰਗ ਨੂੰ ਇਸ ਵਾਰ ਹਰਪ੍ਰੀਤ ਬਰਾੜ ਉਪਰ ਭਰੋਸਾ ਦਿਖਾਉਣਾ ਚਾਹੀਦਾ ਹੈ।
ਉਹ ਕਹਿੰਦੇ ਹਨ, "ਹਰਪ੍ਰੀਤ ਬਰਾੜ ਘਰੇਲੂ ਕ੍ਰਿਕਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਏ ਹਨ ਤੇ ਉਨ੍ਹਾਂ ਦੀ ਇਸ ਫੋਰਮ ਨੂੰ ਆਈਪੀਐੱਲ ਵਿੱਚ ਵਰਤਣਾ ਚਾਹੀਦਾ ਹੈ। ਕੋਚ ਤੇ ਕਪਤਾਨ ਨੂੰ ਚਾਹੀਦਾ ਹੈ ਕਿ ਉਹ ਅਰਸ਼ਦੀਪ ਤੇ ਹਰਪ੍ਰੀਤ ਦੀ ਜੋੜੀ ਨਾਲ ਚੱਲਣ।"

ਟੀਮ ਦੀਆਂ ਕਮਜ਼ੋਰੀਆਂ ਤੇ ਚੁਣੌਤੀਆਂ
ਪੰਜਾਬ ਕਿੰਗਜ਼ ਦੀ ਬੱਲੇਬਾਜ਼ੀ ਵਿੱਚ ਜਿੱਥੇ ਡੂੰਘਾਈ ਹੈ, ਉੱਥੇ ਹੀ ਗੇਂਦਬਾਜ਼ੀ ਨੂੰ ਲੈ ਕੇ ਕਿਤੇ ਨਾ ਕਿਤੇ ਟੀਮ ਅੱਗੇ ਵੱਡੀ ਚੁਣੌਤੀ ਖੜ੍ਹੀ ਹੋ ਸਕਦੀ ਹੈ।
ਅਕਾਸ਼ ਚੋਪੜਾ ਨੇ ਨਿੱਜੀ ਚੈਨਲ ਉੱਤੇ ਕਿਹਾ ਕਿ ਪੰਜਾਬ ਦੀ ਸਪਿਨ ਗੇਂਦਬਾਜ਼ੀ ਵਿੱਚ ਹੋਰ ਡੂੰਘਾਈ ਲਿਆਉਣ ਦੀ ਜ਼ਰੂਰਤ ਹੈ। ਟੀਮ ਕੋਲ ਯੁਜ਼ਵੇਂਦਰ ਚਹਿਲ ਤੇ ਹਰਪ੍ਰੀਤ ਬਰਾੜ ਹੀ ਚੰਗੀ ਚੋਣ ਹਨ।
ਉਹ ਕਹਿੰਦੇ ਹਨ, "ਸਪਿਨ ਦੇ ਵਿੱਚ ਸਿਰਫ ਤੇ ਸਿਰਫ ਯੁਜ਼ਵੇਂਦਰ ਚਹਿਲ ਉੱਪਰ ਡਿਪੈਂਡ ਹੋਣਾ ਟੀਮ ਲਈ ਨੁਕਸਾਨ ਹੋ ਸਕਦਾ ਹੈ। ਟੀਮ ਨੂੰ ਇਸ ਸੀਜ਼ਨ ਵਿੱਚ ਕੁਝ ਬਦਲਾਅ ਕਰਨ ਦੀ ਜ਼ਰੂਰਤ ਸੀ ਪਰ ਉਨ੍ਹਾਂ ਨਹੀਂ ਕੀਤਾ। ਜੇ ਬੱਲੇਬਾਜ਼ੀ ਦੇ ਸਾਹਮਣੇ ਦੇਖੀਏ ਤਾਂ ਗੇਂਦਬਾਜ਼ੀ ਕਮਜ਼ੋਰ ਨਜ਼ਰ ਆਉਂਦੀ ਹੈ।"
ਉੱਥੇ ਹੀ ਸਰਨਦੀਪ ਕਹਿੰਦੇ ਹਨ ਕਿ ਟੀ-20 ਅਜਿਹਾ ਫਾਰਮੈਟ ਹੈ ਕਿ ਇਸ ਵਿੱਚ ਹਮੇਸ਼ਾ ਕੋਈ ਖਿਡਾਰੀ ਮਾੜਾ ਨਹੀਂ ਰਹਿੰਦਾ। ਇੱਥੇ ਚੰਗੇ ਖਿਡਾਰੀ ਦੀ ਫਾਰਮ ਮਾੜੀ ਵੀ ਹੋ ਸਕਦੀ ਹੈ ਤੇ ਮਾੜੇ ਦੌਰ ਵਿੱਚੋਂ ਲੰਘ ਰਿਹਾ ਖਿਡਾਰੀ ਸ਼ਾਨਦਾਰ ਪ੍ਰਦਰਸ਼ਨ ਵੀ ਕਰ ਦਿੰਦਾ।
"ਟੀਮ ਨੂੰ ਪਾਜ਼ੇਟਿਵ ਹੋ ਕੇ ਲਗਾਤਾਰ ਚੰਗੇ ਪ੍ਰਦਰਸ਼ਨ ਵੱਲ ਹੀ ਵਧਣਾ ਚਾਹੀਦਾ ਹੈ। ਪੰਜਾਬ ਨੇ ਚੰਗੀ ਟੀਮ ਪਿੱਕ ਕੀਤੀ ਹੈ ਤੇ ਕੋਚ ਪੌਟਿੰਗ ਤੇ ਕਪਤਾਨ ਅਈਅਰ ਦੇ ਦਿਸ਼ਾ-ਨਿਰਦੇਸ਼ ਵਿੱਚ ਟੀਮ ਚੰਗਾ ਪ੍ਰਦਰਸ਼ਨ ਕਰ ਜਾਵੇਗੀ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
































