5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਮੋਬਾਈਲ ਜਾਂ ਟੀਵੀ ਦਿਖਾਉਂਦੇ ਹੋ ਤਾਂ ਦਿਮਾਗ ਉੱਤੇ ਇਹ ਹੋ ਸਕਦਾ ਹੈ ਅਸਰ

ਤਸਵੀਰ ਸਰੋਤ, Getty Images
- ਲੇਖਕ, ਟੌਮ ਮੈਕਆਰਥਰ, ਅਡੇਲਾ ਸੁਲਿਮਾਨ ਅਤੇ ਅੰਨਾ ਲਾਮਚੇ
- ਪੜ੍ਹਨ ਦਾ ਸਮਾਂ: 10 ਮਿੰਟ
ਇੰਗਲੈਂਡ ਦੇ ਸਿੱਖਿਆ ਵਿਭਾਗ ਦੀ ਇੱਕ ਨਵੀਂ ਰਿਪੋਰਟ ਵਿੱਚ ਸੁਝਾਅ ਦਿੱਤਾ ਗਿਆ ਹੈ ਕਿ ਮਾਪਿਆਂ ਨੂੰ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਹਰ ਦਿਨ ਇੱਕ ਘੰਟੇ ਤੋਂ ਵੱਧ ਸਕ੍ਰੀਨ ਟਾਈਮ ਨਹੀਂ ਰੱਖਣਾ ਚਾਹੀਦਾ।
ਰਿਪੋਰਟ ਮੁਤਾਬਕ, ਦੋ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸਲਾਹ ਦਿੱਤੀ ਗਈ ਹੈ ਕਿ ਉਹ ਸਕ੍ਰੀਨ ਦਾ ਇਸਤੇਮਾਲ ਨਾ ਕਰਨ, ਪਰ ਉਹ ਇਕੱਠੇ ਬੈਠ ਕੇ ਕੋਈ ਇੰਟਰਐਕਟਿਵ ਚੀਜ਼ ਦੇਖ ਸਕਦੇ ਹਨ।
ਪਰ ਬਹੁਤ ਸਾਰੇ ਮਾਪੇ ਹਨ ਜੋ ਕੰਮ, ਘਰੇਲੂ ਕੰਮ-ਕਾਜ, ਹੋਰ ਬੱਚਿਆਂ ਦੀ ਦੇਖਭਾਲ ਅਤੇ ਇੱਥੋਂ ਤੱਕ ਕਿ ਆਪਣੇ ਖੁਦ ਦੇ ਸਕ੍ਰੀਨ ਟਾਈਮ ਨੂੰ ਮੈਨੇਜ ਕਰਨ ਲਈ ਜੂਝ ਰਹੇ ਹਨ। ਰਿਪੋਰਟ ਮੁਤਾਬਕ, ਅਜਿਹੇ ਮਾਪਿਆਂ ਲਈ ਸਕ੍ਰੀਨ ਟਾਈਮ ਬਿਲਕੁਲ ਖਤਮ ਕਰਨਾ ਜਾਂ ਘੱਟ ਕਰਨਾ ਇੱਕ ਨਾਮੁਮਕਿਨ ਕੰਮ ਲੱਗ ਸਕਦਾ ਹੈ, ਜੋ ਅਸਲ ਵਿੱਚ ਕਰਨਾ ਔਖਾ ਹੋ ਸਕਦਾ ਹੈ।
ਸਕ੍ਰੀਨ ਟਾਈਮ ਕੀ ਹੈ, ਇਸਦਾ ਬੱਚਿਆਂ 'ਤੇ ਮਾੜਾ ਅਸਰ ਕਿਉਂ ਪੈਂਦਾ ਹੈ, ਅਤੇ ਇਸ ਸਮੱਸਿਆ ਨੂੰ ਘਟਾਉਣ ਲਈ ਤੁਸੀਂ ਕੀ ਕਦਮ ਚੁੱਕ ਸਕਦੇ ਹੋ?
ਸਕ੍ਰੀਨ ਟਾਈਮ ਕੀ ਹੈ?

ਤਸਵੀਰ ਸਰੋਤ, Getty Images
"ਸਕ੍ਰੀਨ ਟਾਈਮ" ਸ਼ਬਦ ਵਿੱਚ ਹਰ ਕਿਸਮ ਦੀ ਸਕ੍ਰੀਨ ਦਾ ਇਸਤੇਮਾਲ ਸ਼ਾਮਲ ਹੈ, ਜਿਵੇਂ ਕਿ ਕੰਪਿਊਟਰ, ਟੈਬਲੇਟ, ਮੋਬਾਈਲ ਫੋਨ ਅਤੇ ਟੈਲੀਵਿਜ਼ਨ।
ਸਰਕਾਰ ਨੇ ਪਹਿਲਾਂ ਕਿਹਾ ਸੀ ਕਿ ਲਗਭਗ 98% ਬੱਚੇ ਦੋ ਸਾਲ ਦੀ ਉਮਰ ਤੱਕ ਹਰ ਰੋਜ਼ ਸਕ੍ਰੀਨ ਦੇਖਦੇ ਹਨ।
ਮੈਂ ਆਪਣੇ ਬੱਚਿਆਂ ਦੇ ਸਕ੍ਰੀਨ ਟਾਈਮ ਨੂੰ ਮੈਨੇਜ ਕਰਨ ਲਈ ਕੀ ਕਰ ਸਕਦਾ/ਸਕਦੀ ਹਾਂ?

ਤਸਵੀਰ ਸਰੋਤ, Getty Images
ਗਾਈਡਲਾਈਨਜ਼ 'ਚ ਸੁਝਾਅ ਦਿੱਤਾ ਗਿਆ ਹੈ ਕਿ ਮਾਪਿਆਂ ਨੂੰ ਖੁਦ ਮਿਸਾਲ ਕਾਇਮ ਕਰਨੀ ਚਾਹੀਦੀ ਹੈ, ਕਿਉਂਕਿ ਬੱਚਿਆਂ ਦਾ ਦਿਮਾਗ "ਸਪਾਂਜ ਵਰਗਾ ਹੁੰਦਾ ਹੈ। ਉਹ ਤੁਹਾਡੀਆਂ ਸਕ੍ਰੀਨ ਇਸਤੇਮਾਲ ਕਰਨ ਦੀਆਂ ਆਦਤਾਂ ਦੀ ਨਕਲ ਕਰਦੇ ਹਨ।''
ਰਿਪੋਰਟ ਸੁਝਾਅ ਦਿੰਦੀ ਹੈ ਕਿ ਮਾਪਿਆਂ ਨੂੰ ਬੱਚਿਆਂ ਨਾਲ ਮੌਜੂਦ ਰਹਿਣਾ ਚਾਹੀਦਾ ਹੈ। ਕੋਸ਼ਿਸ਼ ਕਰੋ ਕਿ ਆਪਣਾ ਫੋਨ ਜਿੰਨਾ ਹੋ ਸਕੇ ਦੂਰ ਰੱਖੋ।
ਸਾਡੀ ਰੋਜ਼ਾਨਾ ਜ਼ਿੰਦਗੀ ਵਿੱਚ ਸਕ੍ਰੀਨ ਤੋਂ ਦੂਰ ਰਹਿਣਾ ਮੁਸ਼ਕਲ ਹੈ ਅਤੇ ਇਹ ਵੀ ਬਿਲਕੁਲ ਸਮਝ ਆਉਂਦਾ ਹੈ ਕਿ ਬਹੁਤ ਵਾਰ ਕਿਸੇ ਡਿਵਾਈਸ ਦਾ ਇਸਤੇਮਾਲ ਕਰਨਾ ਜ਼ਰੂਰੀ ਹੁੰਦਾ ਹੈ, ਪਰ ਇਹ ਵੀ ਜ਼ਰੂਰੀ ਹੈ ਕਿ ਜਦੋਂ ਵੀ ਮੌਕਾ ਮਿਲੇ, ਸਕ੍ਰੀਨ ਦਾ ਇਸਤੇਮਾਲ ਪੂਰੀ ਤਰ੍ਹਾਂ ਬੰਦ ਕਰੋ ਅਤੇ ਕੁਝ ਹੋਰ ਗਤੀਵਿਧੀਆਂ (ਐਕਟਿਵਿਟੀਜ਼) ਕਰੋ।
ਕੋਸ਼ਿਸ਼ ਕਰੋ ਕਿ ਖਾਣੇ ਅਤੇ ਸੌਣ ਦੇ ਸਮੇਂ ਡਿਜੀਟਲ ਚੀਜ਼ਾਂ ਨਾਲ ਧਿਆਨ ਨਾ ਭਟਕੇ, ਉਦਾਹਰਣ ਲਈ:
- ਖਾਣੇ ਦਾ ਸਮਾਂ: ਸਕ੍ਰੀਨ ਦੀ ਥਾਂ ਬੈਕਗ੍ਰਾਊਂਡ ਮਿਊਜ਼ਿਕ ਸੁਣੋ, ਗੱਲਬਾਤ ਕਰੋ, ਡਰਾਇੰਗ ਕਰੋ, ਜਾਂ "ਆਈ ਸਪਾਈ" ਵਰਗਾ ਕੋਈ ਖੇਡ ਖੇਡੋ।
- ਸੌਣ ਦਾ ਸਮਾਂ: ਸੌਣ ਤੋਂ ਪਹਿਲਾਂ ਸਕ੍ਰੀਨ ਦੀ ਥਾਂ ਇਕੱਠੇ ਬੈਠ ਕੇ ਕਹਾਣੀਆਂ ਪੜ੍ਹੋ। ਸੌਣ ਤੋਂ ਇੱਕ ਘੰਟਾ ਪਹਿਲਾਂ ਸਕ੍ਰੀਨ ਦਾ ਇਸਤੇਮਾਲ ਬੰਦ ਕਰਨ ਦੀ ਕੋਸ਼ਿਸ਼ ਕਰੋ, ਕਿਉਂਕਿ ਇਸ ਨਾਲ ਨੀਂਦ 'ਤੇ ਅਸਰ ਪੈ ਸਕਦਾ ਹੈ।
- ਬੈਕਗ੍ਰਾਊਂਡ ਵਾਚਿੰਗ ਤੋਂ ਬਚੋ, ਖਾਸ ਕਰਕੇ ਜਦੋਂ ਤੁਸੀਂ ਪਰਿਵਾਰ ਨਾਲ ਸਮਾਂ ਬਿਤਾ ਰਹੇ ਹੋਵੋ।

ਤਸਵੀਰ ਸਰੋਤ, Getty Images
ਸ਼ੇਫ਼ੀਲਡ ਯੂਨੀਵਰਸਿਟੀ ਵਿੱਚ ਸਾਇਕੋਲੋਜੀ ਦੇ ਪ੍ਰੋਫੈਸਰ ਡੇਨੀਅਲ ਮੈਥਿਊਜ਼ ਨੇ ਬੀਬੀਸੀ ਨੂੰ ਦੱਸਿਆ ਕਿ ਇੱਕ ਹੋਰ ਟਿਪ ਇਹ ਹੈ ਕਿ ਬੱਚਿਆਂ ਨੂੰ, ਭਾਵੇਂ ਉਹ ਹਾਲੇ ਛੋਟੇ ਹੀ ਕਿਉਂ ਨਾ ਹੋਣ, ਗੱਲਬਾਤ ਵਿੱਚ ਆਪਣਾ ਸਾਥੀ ਸਮਝੋ। ਇਹ ਆਪਣੇ ਬੱਚੇ ਨਾਲ ਚੰਗੀ ਗੱਲਬਾਤ ਕਰਨ ਦਾ ਇੱਕ ਤਰੀਕਾ ਹੈ, ਅਤੇ ਫਿਰ ਇਸਦੇ ਲਈ ਤੁਹਾਨੂੰ ਵੱਖਰਾ ਸਮਾਂ ਕੱਢਣ ਦੀ ਲੋੜ ਵੀ ਨਹੀਂ ਪਵੇਗੀ।
ਉਨ੍ਹਾਂ ਸਮਝਾਇਆ ਕਿ ਚਾਹੇ ਤੁਸੀਂ ਬੱਸ ਵਿੱਚ ਸਫ਼ਰ ਕਰ ਰਹੇ ਹੋਵੋ ਜਾਂ ਕੱਪੜੇ ਹੀ ਕਿਉਂ ਨਾ ਧੋ ਰਹੇ ਹੋਵੇ, ਬੱਚਿਆਂ ਨਾਲ ਇਸ ਬਾਰੇ ਗੱਲ ਕਰੋ ਕਿ ਤੁਸੀਂ ਦੋਵੇਂ ਮਿਲ ਕੇ ਕੀ ਕਰ ਰਹੇ ਹੋ।
ਉਨ੍ਹਾਂ ਕਿਹਾ, "ਅਧਿਐਨ ਦਿਖਾਉਂਦੇ ਹਨ ਕਿ ਗੱਲਬਾਤ ਦੀ ਰਫ਼ਤਾਰ ਹੌਲੀ ਕਰਨ ਨਾਲ ਛੋਟੇ ਬੱਚਿਆਂ ਨੂੰ ਗੱਲਬਾਤ ਵਿੱਚ ਆਪਣੀ ਵਾਰੀ ਲੈਣ ਦਾ ਮੌਕਾ ਮਿਲਦਾ ਹੈ। ਉਨ੍ਹਾਂ ਦੇ ਰੁਝਾਨਾਂ ਮੁਤਾਬਕ ਉਨ੍ਹਾਂ ਨਾਲ ਗੱਲ ਕਰਨਾ, ਉਨ੍ਹਾਂ ਨੂੰ ਬੋਲਣਾ ਸਿੱਖਣ ਵਿੱਚ ਸੱਚਮੁੱਚ ਮਦਦ ਕਰ ਸਕਦਾ ਹੈ।"
ਇਸ ਸਲਾਹ ਦਾ ਸਵਾਗਤ ਕਰਦੇ ਹੋਏ ਉਨ੍ਹਾਂ ਕਿਹਾ, "ਮਾਪਿਆਂ ਕੋਲ ਬਹੁਤ ਸਾਰੇ ਕੰਮ ਹੁੰਦੇ ਹਨ ਅਤੇ ਉਹ ਸਿਰਫ਼ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਥੋੜ੍ਹੀ ਮਦਦ ਅਤੇ ਕੁਝ ਅਜਿਹੀ ਜਾਣਕਾਰੀ ਚਾਹੁੰਦੇ ਹਨ ਜੋ ਸਬੂਤਾਂ 'ਤੇ ਆਧਾਰਿਤ ਹੋਵੇ ਅਤੇ ਮਦਦਗਾਰ ਹੋਵੇ।"
ਮੈਥਿਊਜ਼ ਅੱਗੇ ਕਹਿੰਦੇ ਹਨ ਕਿ ਮਾਪਿਆਂ ਨੂੰ ਯਥਾਰਥਵਾਦੀ ਹੋਣਾ ਚਾਹੀਦਾ ਹੈ ਅਤੇ ਇਹ ਤੈਅ ਕਰਦੇ ਸਮੇਂ ਆਪਣੀ ਸਮਝ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਕਿਸ ਤਰ੍ਹਾਂ ਦਾ ਸਕ੍ਰੀਨ ਟਾਈਮ ਮਿਲਣਾ ਚਾਹੀਦਾ ਹੈ, ਪਰ ਇੱਕਲੇ ਦੇਖਣ ਦੀ ਥਾਂ ਇਕੱਠੇ ਬੈਠ ਕੇ ਦੇਖਣਾ ਅਤੇ ਉਸ 'ਤੇ ਚਰਚਾ ਕਰਨਾ ਸਪਸ਼ਟ ਤੌਰ 'ਤੇ ਬਿਹਤਰ ਹੈ।
ਐਪਲ ਅਤੇ ਐਂਡਰਾਇਡ ਮਾਡਲ ਸਮੇਤ ਕਈ ਸਮਾਰਟਫੋਨਾਂ ਵਿੱਚ ਅਜਿਹੇ ਕਈ ਟੂਲ ਹੁੰਦੇ ਹਨ ਜੋ ਸਕ੍ਰੀਨ ਟਾਈਮ ਘਟਾਉਣ ਵਿੱਚ ਮਦਦ ਕਰ ਸਕਦੇ ਹਨ। ਇਨ੍ਹਾਂ ਵਿੱਚ ਕੁਝ ਖਾਸ ਐਪਸ ਦੇ ਇਸਤੇਮਾਲ ਨੂੰ ਸੀਮਿਤ ਕਰਨ ਲਈ ਟਾਈਮਰ ਅਤੇ ਪਿਨ ਕੋਡ ਸ਼ਾਮਲ ਹਨ। ਡਿਵਾਈਸ 'ਤੇ ਐਪ ਅਤੇ ਵੈੱਬਸਾਈਟ ਦੀ ਗਤੀਵਿਧੀ ਨੂੰ ਵੀ ਟਰੈਕ ਕੀਤਾ ਜਾ ਸਕਦਾ ਹੈ।
ਇਸ ਸਲਾਹ ਵਿੱਚ ਕਿਹਾ ਗਿਆ ਹੈ ਕਿ ਕੁਝ ਸਕ੍ਰੀਨ-ਆਧਾਰਿਤ ਸਹਾਇਕ ਟੈਕਨੋਲੋਜੀਆਂ ਦਾ ਇਸਤੇਮਾਲ ਉਨ੍ਹਾਂ ਬੱਚਿਆਂ ਲਈ ਹੁੰਦਾ ਹੈ ਜੋ ਅਪਾਹਜ ਹੁੰਦੇ ਹਨ ਅਤੇ ਜਿਨ੍ਹਾਂ ਨੂੰ ਵਿਸ਼ੇਸ਼ ਸਿੱਖਿਆ ਦੀ ਲੋੜ ਹੁੰਦੀ ਹੈ, ਅਜਿਹੇ ਵਿੱਚ ਸਕਰੀਨ ਟਾਈਮ ਦੇ ਸਮੇਂ ਦੀਆਂ ਸੀਮਾਵਾਂ ਉਸੇ ਤਰ੍ਹਾਂ ਲਾਗੂ ਨਹੀਂ ਹੋਣੀਆਂ ਚਾਹੀਦੀਆਂ ਜਿਵੇਂ ਕਿ ਆਮ ਮਾਮਲਿਆਂ ਵਿੱਚ ਹੋਣੀਆਂ ਚਾਹੀਦੀਆਂ ਹਨ।
ਐਨਐਸਪੀਸੀਸੀ ਚੈਰਿਟੀ ਛੋਟੇ ਬੱਚਿਆਂ ਦੇ ਮਾਪਿਆਂ ਲਈ ਕੁਝ ਸੁਝਾਅ ਦਿੰਦੀ ਹੈ, ਜਿਨ੍ਹਾਂ ਵਿੱਚ ਸਕ੍ਰੀਨ ਦੇ ਇਸਤੇਮਾਲ 'ਤੇ ਨਜ਼ਰ ਰੱਖਣਾ, ਪਹਿਲਾਂ ਹੀ ਕੰਟੈਂਟ ਦੀ ਜਾਂਚ ਕਰਨਾ ਅਤੇ ਸੁਰੱਖਿਆ ਬਾਰੇ ਸਿੱਧੀ ਗੱਲ ਕਰਨਾ ਸ਼ਾਮਲ ਹੈ।
ਬਹੁਤ ਜ਼ਿਆਦਾ ਸਕ੍ਰੀਨ ਟਾਈਮ ਦਾ ਕੀ ਅਸਰ ਹੁੰਦਾ ਹੈ?

ਤਸਵੀਰ ਸਰੋਤ, Getty Images
ਬੱਚਿਆਂ ਦੇ ਸਮਾਜਿਕ ਹੁਨਰਾਂ 'ਤੇ ਸਕ੍ਰੀਨ ਦਾ ਅਸਰ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਉਹ ਵਿਕਾਸ ਦੇ ਕਿਸ ਪੜਾਅ 'ਤੇ ਹਨ, ਪਰ ਸਰਕਾਰੀ ਰਿਪੋਰਟ ਮੁਤਾਬਕ, ਦਿਮਾਗ ਦਾ 90% ਵਿਕਾਸ ਪੰਜ ਸਾਲ ਦੀ ਉਮਰ ਤੋਂ ਪਹਿਲਾਂ ਹੀ ਹੋ ਜਾਂਦਾ ਹੈ।
ਬਹੁਤ ਜ਼ਿਆਦਾ ਸਕ੍ਰੀਨ ਟਾਈਮ ਬੱਚਿਆਂ 'ਤੇ ਨਕਾਰਾਤਮਕ ਅਸਰ ਪਾ ਸਕਦਾ ਹੈ ਅਤੇ ਉਨ੍ਹਾਂ ਦੇ ਸਮਾਜਿਕ, ਭਾਵਨਾਤਮਕ, ਭਾਸ਼ਾ ਸਬੰਧੀ ਅਤੇ ਦਿਮਾਗੀ ਵਿਕਾਸ, ਨੀਂਦ, ਅੱਖਾਂ ਦੀ ਰੌਸ਼ਨੀ ਅਤੇ ਸਿਹਤਮੰਦ ਭਾਰ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਬੱਚੇ ਆਪਣੇ ਜੀਵਨ ਦੇ ਪਹਿਲੇ ਸਾਲ ਵਿੱਚ ਹੀ ਆਪਣੇ ਸਭ ਤੋਂ ਮਹੱਤਵਪੂਰਨ ਹੁਨਰ ਸਿੱਖਦੇ ਹਨ, ਜਿਸ ਕਰਕੇ ਇਹ ਸਮਾਂ ਉਨ੍ਹਾਂ ਲਈ ਬਹੁਤ ਅਹਿਮ ਬਣ ਜਾਂਦਾ ਹੈ, ਜਿਸ ਵਿੱਚ ਉਹ ਇਨਸਾਨਾਂ ਨਾਲ ਵੱਧ ਤੋਂ ਵੱਧ ਗੱਲਬਾਤ ਕਰ ਸਕਣ।
ਇਸ ਸਾਲ ਦੀ ਸ਼ੁਰੂਆਤ ਵਿੱਚ ਪ੍ਰਕਾਸ਼ਿਤ ਇੱਕ ਵੱਖਰੇ ਸਰਕਾਰੀ ਅਧਿਐਨ "Children of the 2020s" (2020ਵਿਆਂ ਦੇ ਬੱਚੇ) ਤੋਂ ਪਤਾ ਲੱਗਿਆ ਕਿ ਜਿਨ੍ਹਾਂ ਬੱਚਿਆਂ ਦਾ ਸਕ੍ਰੀਨ ਟਾਈਮ ਸਭ ਤੋਂ ਵੱਧ ਸੀ - ਲਗਭਗ ਪੰਜ ਘੰਟੇ ਰੋਜ਼ਾਨਾ - ਉਹ ਉਨ੍ਹਾਂ ਬੱਚਿਆਂ ਨਾਲੋਂ ਕਾਫ਼ੀ ਘੱਟ ਸ਼ਬਦ ਬੋਲ ਸਕਦੇ ਸਨ, ਜੋ ਲਗਭਗ 44 ਮਿੰਟ ਹੀ ਸਕ੍ਰੀਨ ਦੇਖਦੇ ਸਨ।
ਯੂਨੀਵਰਸਿਟੀ ਆਫ ਈਸਟ ਲੰਡਨ ਦੇ 'ਇੰਸਟੀਚਿਊਟ ਫਾਰ ਦਿ ਸਾਇੰਸ ਆਫ਼ ਅਰਲੀ ਇਅਰਜ਼' ਦੇ ਪ੍ਰੋਫੈਸਰ ਸੈਮ ਵਾਸ ਨੇ ਬੀਬੀਸੀ ਦੇ 'ਟੁਡੇ' ਪ੍ਰੋਗਰਾਮ ਵਿੱਚ ਦੱਸਿਆ ਕਿ ਕਨੈਕਟਡ ਦੁਨੀਆ ਤੋਂ ਕੁਝ ਸਮੇਂ ਲਈ ਦੂਰ ਹੋ ਕੇ ਆਪਣੇ ਬੱਚਿਆਂ ਨਾਲ ਸਮਾਂ ਬਿਤਾਉਣਾ ਤੁਹਾਡੀ ਆਪਣੀ ਮਾਨਸਿਕ ਸਿਹਤ ਲਈ ਵੀ ਚੰਗਾ ਹੋ ਸਕਦਾ ਹੈ।
ਵਾਸ ਕਹਿੰਦੇ ਹਨ, ਸਬੂਤ ਦਰਸਾਉਂਦੇ ਹਨ ਕਿ ਇੱਕ ਛੋਟੇ ਬੱਚੇ ਦੀ ਗਤੀ ਦੇ ਪੱਧਰ 'ਤੇ ਹੌਲੀ ਹੋਣਾ (ਆਪਣੀ ਗਤੀ ਨੂੰ ਹੌਲੀ ਕਰਨਾ), ਭਾਵੇਂ ਕੁਝ ਮਿੰਟਾਂ ਲਈ ਹੀ ਕਿਉਂ ਨਾ ਹੋਵੇ, ਵੱਡਿਆਂ ਨੂੰ ਵੀ ਆਪਣੇ ਆਪ ਨੂੰ ਨਿਯਮਤ ਕਰਨ ਵਿੱਚ ਮਦਦ ਕਰ ਸਕਦਾ ਹੈ।
ਪਰ ਸਾਰਾ ਸਕ੍ਰੀਨ ਟਾਈਮ ਇੱਕੋ ਜਿਹਾ ਨਹੀਂ ਹੁੰਦਾ। ਗਾਈਡਲਾਈਨਜ਼ ਦੇ ਮੁਤਾਬਕ, ਕਿਸੇ ਵੱਡੇ ਨਾਲ ਮਿਲ ਕੇ ਸਕ੍ਰੀਨ ਦੇਖਣ ਨਾਲ ਬੱਚਿਆਂ ਦਾ ਦਿਮਾਗੀ ਵਿਕਾਸ ਇਕੱਲੇ ਸਕ੍ਰੀਨ ਦੇਖਣ ਦੇ ਮੁਕਾਬਲੇ ਵਧੀਆ ਹੁੰਦਾ ਹੈ।
ਸਪੀਚ ਅਤੇ ਲੈਂਗਵੇਜ ਥੈਰੇਪਿਸਟ ਜੈਨੇਟ ਕੂਪਰ ਨੇ ਪਹਿਲਾਂ ਬੀਬੀਸੀ ਦੀ 'Tiny Happy People' (ਟਾਈਨੀ ਹੈਪੀ ਪੀਪਲ) ਵੈੱਬਸਾਈਟ ਨੂੰ ਦੱਸਿਆ ਸੀ ਕਿ "ਇਹ ਸਭ ਸੰਤੁਲਨ ਬਣਾਉਣ ਬਾਰੇ ਹੈ। ਅਸੀਂ ਜਾਣਦੇ ਹਾਂ ਕਿ ਬਹੁਤ ਜ਼ਿਆਦਾ ਦੇਰ ਤੱਕ ਇੱਕ ਥਾਂ ਬੈਠ ਕੇ ਸਕ੍ਰੀਨ ਦੇਖਣ ਨਾਲ ਬੱਚਿਆਂ ਦੇ ਵਿਕਾਸ 'ਤੇ ਮਾੜਾ ਅਸਰ ਪੈ ਸਕਦਾ ਹੈ।"
ਉਨ੍ਹਾਂ ਸਮਝਾਇਆ, "ਤੁਹਾਡੇ ਦਿਮਾਗ ਵਿੱਚ ਇੱਕ 'ਸੀਕਿੰਗ ਸਿਸਟਮ' (ਖੋਜ ਕਰਨ ਵਾਲਾ ਸਿਸਟਮ) ਪਹਿਲਾਂ ਤੋਂ ਹੀ ਮੌਜੂਦ ਹੁੰਦਾ ਹੈ। ਇਹ ਤੁਹਾਡੇ ਆਲੇ-ਦੁਆਲੇ ਮੌਜੂਦ ਲੋਕਾਂ ਨਾਲ ਐਕਟੀਵੇਟ ਹੁੰਦਾ ਹੈ।"
ਕੂਪਰ ਨੇ ਕਿਹਾ, "ਜੇ ਛੋਟੇ ਬੱਚਿਆਂ ਨਾਲ ਆਹਮੋ-ਸਾਹਮਣੇ ਗੱਲ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਦਿਲਚਸਪ ਚੀਜ਼ਾਂ ਦਿਖਾਈਆਂ ਜਾਣ, ਤਾਂ ਇਸ ਨਾਲ ਉਨ੍ਹਾਂ ਦਾ ਸੀਕਿੰਗ ਸਿਸਟਮ ਵਿਕਸਿਤ ਹੁੰਦਾ ਹੈ, ਜਿਸ ਨਾਲ ਉਹ ਆਪਣੇ ਆਲੇ-ਦੁਆਲੇ ਦੀ ਦੁਨੀਆ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਅਤੇ ਇਸ ਦਾ ਵੱਧ ਤੋਂ ਵੱਧ ਫਾਇਦਾ ਲੈਣ ਲਈ ਪ੍ਰੇਰਿਤ ਹੁੰਦੇ ਹਨ।"
ਇਹ "ਸੀਕਿੰਗ ਸਿਸਟਮ" ਸਾਡੀ ਪ੍ਰੇਰਣਾ ਅਤੇ ਬਚਪਨ ਤੋਂ ਹੀ ਚੀਜ਼ਾਂ ਨੂੰ ਖੋਜਣ ਅਤੇ ਸਮਝਣ ਦੀ ਇੱਛਾ ਲਈ ਬਹੁਤ ਜ਼ਰੂਰੀ ਹੈ, ਅਤੇ ਇਸਨੂੰ ਇਨਸਾਨਾਂ ਨਾਲ ਗੱਲਬਾਤ ਕਰਕੇ ਸਿੱਖਿਆ ਜਾਂਦਾ ਹੈ।
CBeebies ਦੀ ਕਮੀਸ਼ਨਿੰਗ ਦੇ ਸੀਨੀਅਰ ਹੈਡ ਕੇਟ ਮੋਰਟਨ ਦੇ ਮੁਤਾਬਕ, ਸਕ੍ਰੀਨ ਟਾਈਮ ਲੋਕਾਂ ਨਾਲ ਜੁੜਨ, ਗੱਲਬਾਤ ਕਰਨ ਅਤੇ ਖੇਡਣ-ਟੱਪਣ ਵਿੱਚ ਮਦਦ ਕਰਨ ਵਾਲਾ ਹੋਣਾ ਚਾਹੀਦਾ ਹੈ, ਨਾ ਕਿ ਇਨ੍ਹਾਂ ਐਕਟਿਵਿਟੀਜ਼ ਦੀ ਥਾਂ ਲੈਣ ਵਾਲਾ।
ਉਨ੍ਹਾਂ ਕਿਹਾ ਕਿ ਨਵੀਆਂ ਗਾਈਡਲਾਈਨਜ਼ ਵਿੱਚ "ਉਹੀ ਗੱਲਾਂ ਕਹੀਆਂ ਗਈਆਂ ਹਨ ਜੋ ਕਈ ਪਰਿਵਾਰ ਪਹਿਲਾਂ ਤੋਂ ਹੀ ਜਾਣਦੇ ਹਨ; ਕਿ ਇਸਦਾ ਮਕਸਦ ਪਰਫੈਕਟ ਬਣਾਉਣਾ ਨਹੀਂ, ਸਗੋਂ ਅਜਿਹੇ ਸਮਝਦਾਰੀ ਭਰੇ ਫ਼ੈਸਲੇ ਲੈਣਾ ਹੈ ਜੋ ਉਨ੍ਹਾਂ ਲਈ ਠੀਕ ਹੋਣ।"
ਕੀ ਸਕ੍ਰੀਨ ਟਾਈਮ ਹਮੇਸ਼ਾ ਮਾੜਾ ਹੁੰਦਾ ਹੈ?

ਤਸਵੀਰ ਸਰੋਤ, Getty Images
ਸਰਕਾਰੀ ਗਾਈਡਲਾਈਨਜ਼ ਦਾ ਡਰਾਫ਼ਟ ਤਿਆਰ ਕਰਨ ਵਿੱਚ ਮਦਦ ਕਰਨ ਵਾਲੇ ਪ੍ਰੋਫੈਸਰ ਪਾਸਕੋ ਫੀਅਰੌਨ ਨੇ ਕਿਹਾ ਕਿ ਕਮੇਟੀ ਇਹ ਧਾਰਣਾ ਨਹੀਂ ਬਣਾਉਣਾ ਚਾਹੁੰਦੀ ਸੀ ਕਿ "ਸਕ੍ਰੀਨ ਹਮੇਸ਼ਾ ਹੀ ਬਹੁਤ ਮਾੜੀ ਹੁੰਦੀ ਹੈ।"
ਉਨ੍ਹਾਂ ਕਿਹਾ, "ਬਹੁਤ ਘੱਟ ਜਾਂ ਠੀਕ-ਠਾਕ ਮਾਤਰਾ ਵਿੱਚ ਸਕ੍ਰੀਨ ਟਾਈਮ, ਖਾਸ ਕਰਕੇ ਦੋ ਸਾਲ ਤੋਂ ਵੱਧ ਉਮਰ ਦੇ ਬੱਚਿਆਂ ਲਈ, ਨੁਕਸਾਨਦਾਇਕ ਨਹੀਂ ਲੱਗਦਾ ਹੈ।"
ਯੂਸੀਐਲ ਵਿੱਚ ਡਿਵੈਲਪਮੈਂਟਲ ਸਾਇਕੋਪੈਥੋਲੋਜੀ ਦੇ ਪ੍ਰੋਫੈਸਰ ਫੀਅਰੌਨ ਨੇ ਅੱਗੇ ਕਿਹਾ ਕਿ "ਇਸ ਗੱਲ ਦੇ ਕੁਝ ਸਬੂਤ ਹਨ ਕਿ ਸਕ੍ਰੀਨ 'ਤੇ ਦਿਖਾਇਆ ਜਾਣ ਵਾਲਾ ਕੁਝ ਕਿਸਮ ਦਾ ਕੰਟੈਂਟ ਬੱਚਿਆਂ ਦੇ ਵਿਕਾਸ ਲਈ ਫਾਇਦੇਮੰਦ ਹੋ ਸਕਦਾ ਹੈ।"
ਉਨ੍ਹਾਂ ਨੇ ਬੱਚਿਆਂ ਦੇ ਪ੍ਰੋਗਰਾਮ 'Sesame Street' ਦਾ ਉਦਾਹਰਨ ਦਿੱਤਾ, ਜਿਸਨੂੰ "ਖਾਸ ਤੌਰ 'ਤੇ ਬੱਚਿਆਂ ਨੂੰ ਸਿਖਾਉਣ ਦੇ ਮਕਸਦ ਨਾਲ ਬਣਾਇਆ ਗਿਆ ਸੀ।"
ਉਨ੍ਹਾਂ ਅੱਗੇ ਕਿਹਾ ਕਿ ਕੁਝ ਸਬੂਤ ਦੱਸਦੇ ਹਨ ਕਿ ਇਹ ਪ੍ਰੋਗਰਾਮ "ਬੱਚਿਆਂ ਦੀ ਸ਼ੁਰੂਆਤੀ ਸਿੱਖਣ ਦੀ ਸਮਰੱਥਾ ਅਤੇ ਭਾਸ਼ਾ ਸਿੱਖਣ ਦੀ ਸਮਰੱਥਾ ਨੂੰ ਬਿਹਤਰ ਬਣਾ ਸਕਦਾ ਹੈ।"
ਪ੍ਰੋਫੈਸਰ ਫੀਅਰੌਨ, ਜਿਨ੍ਹਾਂ ਨੇ ਸਰਕਾਰ ਦੀ "Children of the 2020s" ਰਿਸਰਚ ਦੀ ਅਗਵਾਈ ਕੀਤੀ ਸੀ, ਨੇ "ਬਾਰੀਕੀਆਂ ਨੂੰ ਸਮਝਣ ਦੀ ਲੋੜ" 'ਤੇ ਜ਼ੋਰ ਦੇਕੇ ਕਿਹਾ ਕਿ ਇਨ੍ਹਾਂ ਗਾਈਡਲਾਈਨਜ਼ ਦਾ ਮਕਸਦ ਕੋਈ ਸਖ਼ਤ ਅਤੇ ਪੱਕੇ ਨਿਯਮ ਬਣਾਉਣਾ ਨਹੀਂ ਹੈ।
ਉਨ੍ਹਾਂ ਨੇ ਕਿਹਾ ਕਿ "ਹਰ ਬੱਚੇ ਦੀਆਂ ਲੋੜਾਂ ਅਤੇ ਸੁਭਾਅ ਵੱਖ-ਵੱਖ ਹੁੰਦੇ ਹਨ। ਅਤੇ ਖਾਸ ਸਿੱਖਿਆ ਲੋੜਾਂ ਅਤੇ ਵਿਕਲਾਂਗਤਾ (SEND) ਵਾਲੇ ਬੱਚਿਆਂ ਲਈ, 'ਇਸ ਗਾਈਡੈਂਸ ਨੂੰ ਵੱਖਰੇ ਤਰੀਕੇ ਨਾਲ ਸੋਚਿਆ ਜਾਣਾ ਚਾਹੀਦਾ ਹੈ'।"
ਅਜਿਹਾ ਇਸ ਲਈ ਹੈ ਕਿਉਂਕਿ ਕੁਝ ਖਾਸ ਲੋੜਾਂ ਵਾਲੇ ਬੱਚਿਆਂ ਨੂੰ ਸਕ੍ਰੀਨ ਦੇ ਇਸਤੇਮਾਲ ਤੋਂ ਫਾਇਦਾ ਹੋ ਸਕਦਾ ਹੈ, ਜਿਵੇਂ ਕਿ "ਡਿਜ਼ਿਟਲ ਡਿਵਾਈਸ ਦੇ ਜ਼ਰੀਏ ਹੋਰ ਲੋਕਾਂ ਨਾਲ ਗੱਲਬਾਤ ਕਰ ਸਕਣਾ ਜਾਂ ਆਪਣੇ ਆਪ ਨੂੰ ਸ਼ਾਂਤ ਕਰਨ ਦੇ ਇੱਕ ਤਰੀਕੇ ਵਜੋਂ"।
ਇਸ ਦੀ ਥਾਂ ਕਿਹੜਾ ਕੰਟੈਂਟ ਚੁਣਨਾ ਚਾਹੀਦਾ ਹੈ?

ਤਸਵੀਰ ਸਰੋਤ, Getty Images
ਸਿੱਖਿਆ ਵਿਭਾਗ ਇਹ ਸਲਾਹ ਦਿੰਦਾ ਹੈ ਕਿ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਵੀਡੀਓ ਕੰਟੈਂਟ ਅਤੇ ਟੀਵੀ ਸ਼ੋਅ ਇਹੋ ਜਿਹੇ ਹੋਣੇ ਚਾਹੀਦੇ ਹਨ:
- ਹੌਲੀ ਗਤੀ ਵਾਲੇ
- ਸਧਾਰਨ
- ਵਾਰ-ਵਾਰ ਦੁਹਰਾਏ ਜਾਣ ਵਾਲੇ
- ਖਾਸ ਤੌਰ 'ਤੇ ਉਨ੍ਹਾਂ ਦੀ ਉਮਰ ਸਮੂਹ ਲਈ ਬਣਾਏ ਗਏ
- ਇਨ੍ਹਾਂ ਵਿੱਚ ਇੱਕ ਸਮਝ ਆਉਣ ਵਾਲੀ ਕਹਾਣੀ ਅਤੇ ਸੁਨੇਹਾ ਵੀ ਹੋਣਾ ਚਾਹੀਦਾ ਹੈ। ਉਦਾਹਰਨ ਲਈ, ਇਸ ਵਿੱਚ ਇੱਕ ਸ਼ੁਰੂਆਤ, ਵਿਚਕਾਰਲਾ ਹਿੱਸਾ ਅਤੇ ਅੰਤ ਹੋ ਸਕਦਾ ਹੈ।
ਸਰਕਾਰੀ ਗਾਈਡੈਂਸ ਵਿੱਚ ਤੇਜ਼ ਗਤੀ ਵਾਲੇ ਕੰਟੈਂਟ ਨੂੰ "ਬਹੁਤ ਜ਼ਿਆਦਾ ਉਤੇਜਿਤ ਕਰਨ ਵਾਲੇ ਸੋਸ਼ਲ ਮੀਡੀਆ-ਸਟਾਈਲ ਵੀਡੀਓ" ਵਜੋਂ ਦੱਸਿਆ ਗਿਆ ਹੈ।
ਪ੍ਰੋਫੈਸਰ ਸੈਮ ਵਾਸ ਕਹਿੰਦੇ ਹਨ ਕਿ ਇਸ ਤਰ੍ਹਾਂ ਦਾ ਕੰਟੈਂਟ ਬੱਚੇ ਦੇ ਦਿਮਾਗ ਵਿੱਚ 'ਲੜੋ ਜਾਂ ਭੱਜੋ' (fight-or-flight) ਵਾਲੀ ਪ੍ਰਤੀਕਿਰਿਆ ਪੈਦਾ ਕਰਦਾ ਹੈ।
ਉਨ੍ਹਾਂ ਕਿਹਾ, "ਜੇ ਚੀਜ਼ਾਂ ਸਾਡੇ ਸਾਹਮਣੇ ਬਹੁਤ ਤੇਜ਼ੀ ਨਾਲ ਆਉਂਦੀਆਂ ਹਨ, ਤਾਂ 'ਲੜੋ ਜਾਂ ਭੱਜੋ' ਨਾਮ ਦਾ ਸਟ੍ਰੈਸ ਸਿਸਟਮ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ, ਜਿਸ ਨਾਲ ਤੁਹਾਡਾ ਦਿਲ ਤੇਜ਼ੀ ਨਾਲ ਧੜਕਨ ਲੱਗਦਾ ਹੈ ਅਤੇ ਤੁਹਾਡੀਆਂ ਮਾਸਪੇਸ਼ੀਆਂ ਵਿੱਚ ਬਹੁਤ ਜ਼ਿਆਦਾ ਐਨਰਜੀ ਰਿਲੀਜ਼ ਹੋਣ ਲੱਗਦੀ ਹੈ।"

ਕੇਟ ਮੋਰਟਨ ਨੇ ਕਿਹਾ, "Hey Duggee, Puffin Rock, Bluey ਅਤੇ Ranger Hamza's Eco Quest ਵਰਗੇ ਪ੍ਰੋਗਰਾਮ ਜਾਣ-ਬੁੱਝ ਕੇ ਸ਼ਾਂਤ, ਸਮਝਣ ਵਿੱਚ ਆਸਾਨ ਅਤੇ ਦੁਹਰਾਏ ਜਾਣ ਵਾਲੇ ਹੁੰਦੇ ਹਨ, ਇਨ੍ਹਾਂ ਵਿੱਚ ਸਪਸ਼ਟ ਕਹਾਣੀ ਅਤੇ ਅਜਿਹੇ ਪਲ ਹੁੰਦੇ ਹਨ ਜੋ ਬੱਚਿਆਂ ਨੂੰ ਆਪਣੇ ਆਲੇ-ਦੁਆਲੇ ਦੀ ਦੁਨੀਆ ਨੂੰ ਸਮਝਣ ਵਿੱਚ ਮਦਦ ਕਰਦੇ ਹਨ।"
ਉਨ੍ਹਾਂ ਅੱਗੇ ਕਿਹਾ ਕਿ CBeebies Bedtime Stories ਵਰਗਾ ਮਾਪਿਆਂ ਲਈ ਬਣਾਇਆ ਕੰਟੈਂਟ ਵੀ "ਬੱਚਿਆਂ ਅਤੇ ਉਨ੍ਹਾਂ ਦੇ ਆਲੇ-ਦੁਆਲੇ ਮੌਜੂਦ ਉਨ੍ਹਾਂ ਦੇ ਆਪਣੇ ਲੋਕਾਂ ਦੇ ਵਿਚਕਾਰ ਗੱਲਬਾਤ, ਕਲਪਨਾ ਅਤੇ ਇਕੱਠੇ (ਸਕ੍ਰੀਨ) ਦੇਖਣ" ਨੂੰ ਉਤਸ਼ਾਹਿਤ ਕਰਦਾ ਹੈ।
ਇਹ ਗਾਈਡੈਂਸ ਸਰਕਾਰ ਵੱਲੋਂ ਜਾਰੀ ਕੀਤੀ ਗਈ ਪਹਿਲੀ, ਸਬੂਤਾਂ 'ਤੇ ਆਧਾਰਿਤ ਅਤੇ ਪ੍ਰੈਕਟਿਕਲ ਸਲਾਹ ਹੈ, ਪਰ ਮੰਤਰੀਆਂ ਦਾ ਕਹਿਣਾ ਹੈ ਕਿ ਜਿਵੇਂ-ਜਿਵੇਂ ਹੋਰ ਸਬੂਤ ਸਾਹਮਣੇ ਆਉਣਗੇ, ਇਸਦੀ ਸਮੀਖਿਆ ਕੀਤੀ ਜਾਂਦੀ ਰਹੇਗੀ।
ਸਿੱਖਿਆ ਸਕੱਤਰ ਬ੍ਰਿਜਿਟ ਫਿਲਿਪਸਨ ਨੇ ਕਿਹਾ, "ਕਈ ਮਾਮਲਿਆਂ ਵਿੱਚ ਇਹ ਅਜੇ ਵੀ ਇੱਕ ਕਾਫ਼ੀ ਅਣਜਾਣ ਖੇਤਰ ਹੈ ਅਤੇ ਅਸੀਂ ਸਾਵਧਾਨੀ ਵਾਲਾ ਤਰੀਕਾ ਅਪਣਾਇਆ ਹੈ।"
ਵਧੇਰੇ ਜਾਣਕਾਰੀ ਲਈ CBeebies Parenting 'ਤੇ ਜਾਓ।
ਸਕ੍ਰੀਨ ਟਾਈਮ ਬਾਰੇ ਹੋਰ ਸਲਾਹ ਲਈ Best Start in Life ਵੈੱਬਸਾਈਟ ਇੱਥੇ ਵੇਖੋ।
ਐਡੀਸ਼ਨਲ ਰਿਪੋਰਟਿੰਗ - ਅੰਨਾ ਲਾਮਚੇ
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
































