ਮਲਬੇ 'ਚੋਂ ਆਵਾਜ਼ ਆਈ 'ਮੈਨੂੰ ਬਾਹਰ ਕੱਢੋ': 16 ਦਿਨਾਂ ਬਾਅਦ ਜ਼ਿੰਦਾ ਮਿਲਿਆ ਉਹ ਸ਼ਖਸ , ਜਿਸ ਦੀਆਂ ਅੰਤਿਮ ਰਸਮਾਂ ਤੱਕ ਪਰਿਵਾਰ ਨਿਭਾ ਚੁੱਕਿਆ ਸੀ

ਤਸਵੀਰ ਸਰੋਤ, QASIM

ਤਸਵੀਰ ਕੈਪਸ਼ਨ, ਅਬਦੁੱਲ ਵਹਾਬ ਨੂੰ 17ਵੇਂ ਦਿਨ ਜ਼ਿੰਦਾ ਬਚਾਇਆ ਗਿਆ
    • ਲੇਖਕ, ਅਜ਼ੀਜ਼ੁੱਲਾਹ ਖਾਨ
    • ਰੋਲ, ਬੀਬੀਸੀ ਉਰਦੂ, ਪੇਸ਼ਾਵਰ
  • ਪੜ੍ਹਨ ਦਾ ਸਮਾਂ: 5 ਮਿੰਟ

ਕਿਸੇ ਜਾਨਲੇਵਾ ਹਾਦਸੇ ਤੋਂ ਬਾਅਦ ਜੇਕਰ ਉੱਥੇ ਫਸੇ ਹੋਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਇਹ ਖ਼ਬਰ ਮਿਲੇ ਕਿ ਜਿਸ ਵਾਸਤੇ ਉਹ ਪਰੇਸ਼ਾਨ ਸਨ ਉਹ ਜ਼ਿੰਦਾ ਹੈ ਤਾਂ ਉਨ੍ਹਾਂ ਦੀ ਖੁਸ਼ੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।

ਪਰ ਅਬਦੁੱਲ ਵਹਾਬ ਦੇ ਪਰਿਵਾਰ ਲਈ ਇਹ ਖ਼ਬਰ ਸਿਰਫ਼ ਖੁਸ਼ੀ ਨਹੀਂ ਬਲਕਿ ਬੇਹੱਦ ਹੈਰਾਨ ਕਰਨ ਵਾਲੀ ਵੀ ਸੀ ਅਤੇ ਉਸ 'ਤੇ ਯਕੀਨ ਕਰਨਾ ਵੀ ਮੁਸ਼ਕਿਲ ਸੀ।

ਅਜਿਹਾ ਇਸ ਲਈ ਕਿਉਂਕਿ ਇਕ ਭਿਆਨਕ ਹਾਦਸੇ ਤੋਂ ਬਾਅਦ ਉਹ ਅਬਦੁੱਲ ਵਹਾਬ ਨੂੰ ਮਰਿਆ ਹੋਇਆ ਸਮਝ ਕੇ "ਉਸ ਦੀ ਲਾਸ਼" ਨੂੰ ਦਫ਼ਨਾ ਚੁੱਕੇ ਸਨ। ਅਤੇ ਫਿਰ 16 ਦਿਨਾਂ ਬਾਅਦ ਖ਼ਬਰ ਮਿਲੀ ਕਿ ਅਬਦੁੱਲ ਵਹਾਬ ਤਾਂ ਜ਼ਿੰਦਾ ਹਨ ।

ਪਾਕਿਸਤਾਨ ਦੇ ਸੂਬੇ ਖੈਬਰ ਪਖ਼ਤੂਨਖ਼ਵਾ ਦੇ ਜ਼ਿਲ੍ਹਾ ਮਰਦਾਨ ਦੇ ਇਲਾਕੇ ਰੁਸਤਮ ਵਿੱਚ 31 ਮਾਰਚ ਨੂੰ ਮਾਰਬਲ ਦੀ ਖਦਾਣ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ 'ਤੇ ਅਚਾਨਕ ਪਹਾੜ ਦਾ ਇੱਕ ਵੱਡਾ ਹਿੱਸਾ ਢਹਿ ਗਿਆ ਸੀ। ਇਸ ਖਦਾਣ ਵਿੱਚ 12 ਮਜ਼ਦੂਰ ਸਨ, ਜਿਨ੍ਹਾਂ ਵਿੱਚੋਂ ਨੌਂ ਦੀ ਮੌਤ ਹੋ ਗਈ ਸੀ ਅਤੇ ਦੋ ਜ਼ਖ਼ਮੀ ਹਾਲਤ ਵਿੱਚ ਮਿਲੇ ਸਨ।

ਖਦਾਣ 'ਚ ਕੰਮ ਕਰਨ ਵਾਲੇ ਇੱਕ ਸ਼ਖਸ ਬਾਰੇ ਕਿਹਾ ਗਿਆ ਸੀ ਕਿ ਉਹ ਨਹੀਂ ਮਿਲ ਸਕਿਆ, ਜਿਸ ਦੀ ਵਜ੍ਹਾ ਕਰਕੇ ਤਲਾਸ਼ ਦਾ ਕੰਮ ਜਾਰੀ ਰਿਹਾ।

ਇੰਨੇ ਦਿਨਾਂ ਤੋਂ ਜਾਰੀ ਤਲਾਸ਼ ਤੋਂ ਬਾਅਦ ਮਲਬੇ ਦੇ ਢੇਰ 'ਚੋਂ ਇੱਕ ਸ਼ਖਸ ਜ਼ਿੰਦਾ ਮਿਲਿਆ ਅਤੇ ਉਹ ਕੋਈ ਹੋਰ ਨਹੀਂ ਬਲਕਿ ਅਬਦੁੱਲ ਵਹਾਬ ਸਨ, ਜਿਨ੍ਹਾਂ ਦਾ ਪਰਿਵਾਰ ਇੱਕ ਲਾਸ਼ ਨੂੰ ਅਬਦੁੱਲ ਵਹਾਬ ਸਮਝ ਕੇ ਦਫ਼ਨਾ ਚੁੱਕਿਆ ਸੀ।

ਅਬਦੁੱਲ ਵਹਾਬ ਦੇ ਰਿਸ਼ਤੇਦਾਰ ਫ਼ਜ਼ਲ ਮੰਨਾਨ ਨੇ ਬੀਬੀਸੀ ਨੂੰ ਦੱਸਿਆ, "ਅਸੀਂ ਤਾਂ ਇੱਕ ਲਾਸ਼ ਨੂੰ ਅਬਦੁੱਲ ਵਹਾਬ ਦੀ ਲਾਸ਼ ਸਮਝ ਕੇ ਦਫ਼ਨ ਕਰ ਦਿੱਤਾ ਸੀ ਕਿਉਂਕਿ ਪਰਿਵਾਰ ਵਾਲਿਆਂ ਨੇ ਕੱਪੜਿਆਂ ਦੇ ਆਧਾਰ 'ਤੇ ਕਿਹਾ ਸੀ ਕਿ ਇਹ ਉਹ ਹੋ ਸਕਦੇ ਹਨ ਪਰ ਲਾਸ਼ ਇੰਨੀ ਖ਼ਰਾਬ ਹਾਲਤ 'ਚ ਸੀ ਕਿ ਕੁਝ ਸਮਝ ਨਹੀਂ ਆ ਰਿਹਾ ਸੀ।"

ਫ਼ਜ਼ਲ ਮੰਨਾਨ ਨੇ ਦੱਸਿਆ ਕਿ 16 ਅਪ੍ਰੈਲ ਦੀ ਸਵੇਰ ਨੂੰ ਅਬਦੁੱਲ ਵਹਾਬ ਦੇ ਭਰਾ ਨਾਸਿਰ ਦਾ ਫ਼ੋਨ ਆਇਆ। "ਉਹ ਰੋ ਰਿਹਾ ਸੀ, ਉਸ ਨੇ ਕਿਹਾ ਕਿ ਅਬਦੁੱਲ ਵਹਾਬ ਜ਼ਿੰਦਾ ਹਨ ਅਤੇ ਫਿਰ ਭੁੱਬਾਂ ਮਾਰ ਕੇ ਰੋਣ ਲੱਗਾ।"

ਫ਼ਜ਼ਲ ਮੰਨਾਨ ਨੇ ਦੱਸਿਆ, "15 ਅਪ੍ਰੈਲ ਦੀ ਰਾਤ ਮੈਂ ਅਬਦੁੱਲਾ ਵਹਾਬ ਦੇ ਮਾਪਿਆਂ ਨਾਲ ਬੈਠਾ ਸੀ। ਉਨ੍ਹਾਂ ਦੀ ਮਾਂ ਬਹੁਤ ਦੁਖੀ ਸੀ ਕਿਉਂਕਿ ਕਰੀਬ ਇੱਕ-ਡੇਢ ਸਾਲ ਪਹਿਲਾਂ ਉਨ੍ਹਾਂ ਦਾ ਦੂਜਾ ਪੁੱਤਰ ਸਾਊਦੀ ਅਰਬ ਤੋਂ ਬਿਮਾਰ ਹੋ ਕੇ ਆਇਆ ਸੀ ਅਤੇ ਫਿਰ ਉਸ ਦੀ ਮੌਤ ਹੋ ਗਈ ਸੀ।"

ਹੁਣ ਜਦੋਂ 16 ਦਿਨਾਂ ਬਾਅਦ ਸੰਗਮਰਮਰ ਦੀ ਖਦਾਣ ਤੋਂ ਅਬਦੁੱਲ ਵਹਾਬ ਜ਼ਿੰਦਾ ਅਤੇ ਸੁਰੱਖਿਆ ਮਿਲ ਗਏ ਹਨ ਤਾਂ ਪਰਿਵਾਰ ਅਤੇ ਇਲਾਕੇ ਦੇ ਲੋਕ ਬੇਹੱਦ ਖੁਸ਼ ਹਨ।

ਅਬਦੁੱਲ ਵਹਾਬ ਕਿਵੇਂ ਮਿਲੇ ?

ਤਸਵੀਰ ਸਰੋਤ, QASIM

ਤਸਵੀਰ ਕੈਪਸ਼ਨ, ਅਬਦੁੱਲ ਵਹਾਬ ਦਾ ਹੁਣ ਮਰਦਾਨ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ

ਫ਼ਜ਼ਲ ਮੰਨਾਨ ਨੇ ਦੱਸਿਆ ਕਿ ਤਲਾਸ਼ੀ ਅਭਿਆਨ 'ਚ ਸਹਿਯੋਗ ਕਰਨ ਲਈ ਇਸ ਇਲਾਕੇ ਤੋਂ ਲੋਕ ਜਾਂਦੇ ਸਨ ਅਤੇ ਇਨ੍ਹਾਂ 'ਚ ਉਹ ਮਜ਼ਦੂਰ ਵੀ ਸਨ ਜੋ ਇੱਥੇ ਖਦਾਣ 'ਚ ਕੰਮ ਕਰਦੇ ਹਨ ਅਤੇ ਫਿਰ ਉਨ੍ਹਾਂ ਦੇ ਰਿਸ਼ਤੇਦਾਰ ਵੀ ਤਲਾਸ਼ੀ 'ਚ ਮਦਦ ਕਰ ਰਹੇ ਸਨ।

ਨਜੀਬੁੱਲਾਹ ਖੁਦ ਇਸ ਮਾਰਬਲ ਦੀ ਖਦਾਣ ਵਿੱਚ ਕੰਮ ਕਰਦੇ ਹਨ। ਉਨ੍ਹਾਂ ਨੇ ਦੱਸਿਆ, "16-17 ਦਿਨਾਂ ਤੋਂ ਸਾਡੇ ਇੱਕ ਸਾਥੀ ਦੀ ਤਲਾਸ਼ ਜਾਰੀ ਸੀ ਅਤੇ ਇਸ ਕੰਮ ਲਈ ਇੱਥੇ ਭਾਰੀ ਮਸ਼ੀਨਾਂ ਦਾ ਇਸਤੇਮਾਲ ਹੋ ਰਿਹਾ ਸੀ।"

ਉਹ ਕਹਿੰਦੇ ਹਨ, "ਅਸੀਂ ਤਾਂ ਅਬਦੁੱਲ ਵਹਾਬ ਦੀ ਨਮਾਜ਼-ਏ-ਜਨਾਜ਼ਾ ਵੀ ਪੜ੍ਹ ਚੁੱਕੇ ਸਨ ਪਰ ਵੀਰਵਾਰ ਨੂੰ ਉਹ ਸਾਨੂੰ ਸੰਗਮਰਮਰ ਦੀ ਇਸ ਖਦਾਣ 'ਚੋਂ ਜ਼ਿੰਦਾ ਮਿਲ ਗਿਆ।"

ਨਜੀਬੁੱਲਾਹ ਨੇ ਦੱਸਿਆ, "ਅਸੀਂ ਖਦਾਣ ਦੇ ਸਾਹਮਣੇ ਤੋਂ ਮਲਬਾ ਹਟਾ ਰਹੇ ਸੀ ਅਤੇ ਉਮੀਦ ਸੀ ਕਿ ਸ਼ਾਮ ਤੱਕ ਅਸੀਂ ਖਦਾਣ ਦੀ ਸੁਰੰਗ ਤੱਕ ਪਹੁੰਚ ਜਾਵਾਂਗੇ ਪਰ ਦੁਪਹਿਰ ਤੋਂ ਪਹਿਲਾਂ ਹੀ ਜਦੋਂ ਅਸੀਂ ਖੁਦਾਈ ਕਰ ਰਹੇ ਸੀ ਤਾਂ ਅੰਦਰੋਂ ਆਵਾਜ਼ ਆਈ ਕਿ "ਮੈਂ ਜ਼ਿੰਦਾ ਹਾਂ, ਮੈਨੂੰ ਕੱਢੋ।"

"ਅਸੀਂ ਸਾਰੇ ਖੁਸ਼ ਹੋ ਗਏ ਅਤੇ ਫਿਰ ਹੱਥਾਂ ਨਾਲ ਮਲਬਾ ਹਟਾਉਣਾ ਸ਼ੁਰੂ ਕਰ ਦਿੱਤਾ। ਇੰਨੇ 'ਚ ਸਾਨੂੰ ਉੱਥੋਂ ਵਹਾਬ ਜ਼ਿੰਦਾ ਮਿਲ ਗਿਆ।"

ਕੱਪੜਿਆਂ ਕਰਕੇ ਲਾਸ਼ ਨੂੰ ਲੈਕੇ ਗਲਤਫਹਿਮੀ

ਸਮਾਜਿਕ ਕਾਰਕੁੰਨ ਮੁਹੰਮਦ ਕਾਸਿਮ ਨੇ ਦੱਸਿਆ ਕਿ ਉਹ 31 ਮਾਰਚ ਤੋਂ ਖਦਾਣ 'ਤੇ ਮੌਜੂਦ ਰਹੇ ਅਤੇ ਮਜ਼ਦੂਰਾਂ ਦੀ ਤਲਾਸ਼ 'ਚ ਮਦਦ ਕਰਦੇ ਰਹੇ।

ਉਨ੍ਹਾਂ ਨੇ ਦੱਸਿਆ, "ਜਦੋਂ ਲਾਸ਼ਾਂ ਕੱਢੀਆਂ ਜਾ ਰਹੀਆਂ ਸਨ ਤਾਂ ਉਸ ਸਮੇਂ ਉੱਥੇ ਅਬਦੁੱਲ ਵਹਾਬ ਦੇ ਪਰਿਵਾਰ ਵਾਲਿਆਂ ਨੇ ਇੱਕ ਲਾਸ਼ ਦੇ ਕੱਪੜੇ ਦੇਖ ਕੇ ਕਿਹਾ ਕਿ ਇਹ ਅਬਦੁੱਲ ਵਹਾਬ ਹੋ ਸਕਦੇ ਹਨ।"

ਇਸ ਬਾਰੇ ਰੈਸਕਿਊ 1122 ਦੇ ਮਰਦਾਨ ਦੇ ਬੁਲਾਰੇ ਅੱਬਾਸ ਖਾਨ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਨੇ ਇਸ ਲਾਸ਼ ਦੀ ਪਛਾਣ ਲਈ ਕਮੇਟੀ ਗਠਿਤ ਕਰ ਦਿੱਤੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਜਿਸ ਸ਼ਖਸ ਨੂੰ ਦਫਨਾਇਆ ਗਿਆ, ਉਹ ਕੌਣ ਸੀ।

ਉਨ੍ਹਾਂ ਨੇ ਦੱਸਿਆ ਕਿ ਸ਼ਨਾਖਤ ਦਾ ਕੰਮ ਡੀਐਨਏ ਜ਼ਰੀਏ ਹੋ ਸਕੇਗਾ।

ਮੁਹੰਮਦ ਕਾਸਿਮ ਨੇ ਦੱਸਿਆ ਕਿ ਇਸ ਸਮੇਂ ਅਬਦੁੱਲ ਵਹਾਬ ਮਰਦਾਨ ਹਸਪਤਾਲ 'ਚ ਇਲਾਜ ਕਰਵਾ ਰਹੇ ਹਨ।

ਪਿਛਲੇ ਮਹੀਨੇ ਮਾਈਨਿੰਗ ਲਈ ਆਏ ਮਜ਼ਦੂਰ ਆਪਣੀ ਜਗ੍ਹਾ ਅਤੇ ਮਸ਼ੀਨਰੀ ਦੀ ਸਫਾਈ ਤੋਂ ਬਾਅਦ ਬੈਠ ਕੇ ਚਾਹ ਪੀ ਰਹੇ ਸਨ ਕਿ ਅਚਾਨਕ ਪਹਾੜ ਦਾ ਇੱਕ ਹਿੱਸਾ ਉਨ੍ਹਾਂ 'ਤੇ ਡਿੱਗ ਗਿਆ ਸੀ।

ਉਸ ਸਮੇਂ ਮੁਹੰਮਦ ਕਾਮਿਸ ਨੇ ਬੀਬੀਸੀ ਨੂੰ ਦੱਸਿਆ ਸੀ ਕਿ ਇਹ ਹਾਦਸਾ ਜ਼ਿਲ੍ਹਾ ਮਰਦਾਨ 'ਚ ਰੁਸਤਮ ਦੇ ਇਲਾਕੇ ਪਲੌਢੇਰੀ ਨੰਗ ਆਬਾਦ 'ਚ ਹੋਇਆ ਸੀ।

ਮੁਹੰਮਦ ਕਾਸਿਮ ਨੇ ਦੱਸਿਆ ਸੀ ਕਿ ਉਸ ਇਲਾਕੇ 'ਚ ਕੁਝ ਦਿਨਾਂ ਤੋਂ ਮੀਂਹ ਜਾਰੀ ਸੀ ਅਤੇ ਉਦੋਂ ਤੱਕ ਮਾਈਨਿੰਗ ਰਸਮੀ ਤੌਰ 'ਤੇ ਸ਼ੁਰੂ ਨਹੀਂ ਹੋਈ ਸੀ।

ਖੈਬਰ ਪਖ਼ਤੂਨਖ਼ਵਾ 'ਚ ਵੱਡੀ ਗਿਣਤੀ 'ਚ ਮਾਰਬਲ ਅਤੇ ਹੋਰਨਾਂ ਖਣਿਜਾਂ ਦੀਆਂ ਖਦਾਣਾਂ ਹਨ। ਮਰਦਾਨ 'ਚ ਵੀ ਮਾਰਬਲ ਦੀਆਂ ਖਦਾਣਾਂ, ਰੁਸਤਮ, ਕਾਟਲੰਗ ਅਤੇ ਬਾਈਜ਼ਈ ਦੇ ਇਲਾਕੇ 'ਚ ਪਾਈਆਂ ਜਾਂਦੀਆਂ ਹਨ।

ਇਸ ਸਮੇਂ ਅਬਦੁਲ ਵਹਾਬ ਮਰਦਾਨ ਦੇ ਹਸਪਤਾਲ ਵਿੱਚ ਇਲਾਜ ਅਧੀਨ ਹੈ।

ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਮਜ਼ਦੂਰ ਮਸ਼ੀਨਾਂ ਦੀ ਸਫ਼ਾਈ ਤੋਂ ਬਾਅਦ ਚਾਹ ਪੀ ਰਹੇ ਸਨ ਅਤੇ ਅਚਾਨਕ ਪਹਾੜ ਦਾ ਹਿੱਸਾ ਢਹਿ ਗਿਆ।

ਖੈਬਰ ਪਖ਼ਤੂਨਖ਼ਵਾ ਵਿੱਚ ਵੱਡੀ ਗਿਣਤੀ ਵਿੱਚ ਮਾਰਬਲ ਅਤੇ ਹੋਰ ਖਣਿਜਾਂ ਦੀਆਂ ਖਾਨਾਂ ਹਨ ਅਤੇ ਇਸ ਪ੍ਰਾਂਤ 'ਚ ਇਨ੍ਹਾਂ ਖਦਾਣਾਂ 'ਚ ਇੱਕ ਅਨੁਮਾਨ ਮੁਤਾਬਕ 75 ਹਜ਼ਾਰ ਮਜ਼ਦੂਰ ਕੰਮ ਕਰਦੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)