You’re viewing a text-only version of this website that uses less data. View the main version of the website including all images and videos.
ਈਰਾਨ ਕਿਸ ਰਣਨੀਤੀ ਦੇ ਜ਼ੋਰ ਉੱਤੇ ਹਾਲੇ ਤੱਕ ਅਮਰੀਕਾ ਦੇ ਸਾਹਮਣੇ ਟਿਕਿਆ ਹੋਇਆ ਹੈ
- ਲੇਖਕ, ਅਮੀਰ ਆਜ਼ਮੀ
- ਰੋਲ, ਸੰਪਾਦਕ, ਬੀਬੀਸੀ ਨਿਊਜ਼ ਫ਼ਾਰਸੀ
- ਪੜ੍ਹਨ ਦਾ ਸਮਾਂ: 7 ਮਿੰਟ
ਪਿਛਲੇ ਹਫ਼ਤੇ ਪ੍ਰਾਈਮ ਟਾਈਮ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਦਾ ਸੰਬੋਧਨ ਈਰਾਨ ਨਾਲ ਜੰਗ ਦੇ ਹਾਲਾਤ 'ਤੇ ਆਪਣੇ ਕੰਟਰੋਲ ਨੂੰ ਦਿਖਾਉਣ ਲਈ ਸੀ। ਪਰ ਇਸ ਨੇ ਇੱਕ ਵਿਰੋਧਾਭਾਸ ਵੀ ਸਾਹਮਣੇ ਲਿਆਂਦਾ।
ਅਮਰੀਕੀ ਰਾਸ਼ਟਰਪਤੀ ਨੇ ਐਲਾਨ ਕਰਦੇ ਹੋਏ ਕਿਹਾ ਕਿ ਈਰਾਨ ਦੀਆਂ ਫੌਜੀ ਸਮਰੱਥਾਵਾਂ, ਉਸ ਦੀ ਨੇਵੀ, ਏਅਰ ਫੋਰਸ, ਮਿਜ਼ਾਈਲ ਪ੍ਰੋਗਰਾਮ ਅਤੇ ਪਰਮਾਣੂ ਐਨਰਿਚਮੈਂਟ (ਗੁਣਵੱਤਾ ਵਿੱਚ ਸੁਧਾਰ) ਨਾਲ ਜੁੜਿਆ ਢਾਂਚਾ ਕਾਫ਼ੀ ਹੱਦ ਤੱਕ ਤਬਾਹ ਹੋ ਚੁੱਕਿਆ ਹੈ।
ਉਨ੍ਹਾਂ ਨੇ ਇਸ ਸੰਘਰਸ਼ ਨੂੰ ਹੁਣ ਆਪਣੇ ਅੰਤਿਮ ਪੜਾਅ ਵੱਲ ਵਧਦਾ ਦੱਸਿਆ।
ਆਪਣੀ ਇਸ ਗੱਲ ਦੇ ਨਾਲ ਹੀ ਉਨ੍ਹਾਂ ਨੇ ਆਉਣ ਵਾਲੇ ਹਫ਼ਤਿਆਂ ਵਿੱਚ ਸੰਘਰਸ਼ ਦੇ ਹੋਰ ਵਧਣ ਦੀਆਂ ਧਮਕੀਆਂ ਵੀ ਦਿੱਤੀਆਂ।
ਇਸ ਦਾ ਨਤੀਜਾ ਇਹ ਹੋਇਆ ਕਿ ਉਨ੍ਹਾਂ ਦੇ ਸੁਨੇਹੇ ਦਾ ਅਸਲ ਮਤਲਬ ਸਪੱਸ਼ਟ ਨਹੀਂ ਹੋ ਸਕਿਆ। ਈਰਾਨ 'ਤੇ ਜਿੱਤ ਦਾ ਐਲਾਨ ਤਾਂ ਕਰ ਦਿੱਤਾ ਗਿਆ ਪਰ ਉਹ ਅਜੇ ਤੱਕ ਹਾਸਲ ਨਹੀਂ ਹੋਈ ਹੈ।
ਉਨ੍ਹਾਂ ਦੀ ਇਸ ਚੇਤਾਵਨੀ ਨਾਲ ਬਿਆਨਬਾਜ਼ੀ ਹੋਰ ਤੇਜ਼ ਹੋ ਗਈ ਕਿ ਈਰਾਨ 'ਤੇ ਬੰਬਾਰੀ ਕਰਕੇ ਉਸਨੂੰ "ਸਟੋਨ ਏਜ (ਪੱਥਰ ਯੁੱਗ)" ਵਿੱਚ ਵਾਪਸ ਲੈ ਜਾਣਗੇ।
ਇਸ ਗੱਲ ਦਾ ਈਰਾਨ ਦੇ ਅੰਦਰ ਸਪਸ਼ਟ ਅਸਰ ਹੋਇਆ ਹੈ, ਜਿਸ ਨਾਲ ਸੋਸ਼ਲ ਮੀਡੀਆ 'ਤੇ ਗੁੱਸਾ ਭੜਕ ਗਿਆ ਹੈ। ਇਹ ਈਰਾਨ ਵਿੱਚ ਟਰੰਪ ਦੇ ਉਨ੍ਹਾਂ ਸਮਰਥਕਾਂ ਵਿੱਚ ਵੀ ਦਿਖ ਰਿਹਾ ਜੋ ਉਨ੍ਹਾਂ ਨੂੰ ਸੱਤਾ ਵਿੱਚ ਤਬਦੀਲੀ ਲਿਆਉਣ ਵਾਲੇ ਏਜੰਟ ਦੇ ਤੌਰ ਉੱਤੇ ਦੇਖਦੇ ਸਨ।
ਈਰਾਨੀ ਸੱਤਾ 'ਤੇ ਅੰਦਰੂਨੀ ਦਬਾਅ ਵਧਾਉਣ ਦੀ ਥਾਂ ਕੁਝ ਲੋਕਾਂ ਦੇ ਮਨ ਵਿੱਚ ਇਸਨੇ ਦੇਸ਼ ਦੇ ਆਲੇ-ਦੁਆਲਿਓਂ ਘਿਰੇ ਹੋਣ ਦੀ ਭਾਵਨਾ ਨੂੰ ਹੋਰ ਮਜ਼ਬੂਤ ਕੀਤਾ ਹੈ।
ਸੱਤਾ ਤਬਦੀਲੀ ਦਾ ਦਾਅਵਾ
ਟਰੰਪ ਨੇ ਇਸ ਦਾਅਵੇ ਉੱਤੇ ਵੀ ਜ਼ੋਰ ਦਿੱਤਾ ਹੈ ਕਿ ਈਰਾਨ ਵਿੱਚ 'ਸੱਤਾ ਤਬਦੀਲੀ' ਅਸਲ ਵਿੱਚ ਹੋ ਚੁੱਕੀ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਸੁਪਰੀਮ ਲੀਡਰ ਅਯਾਤੁੱਲਾ ਅਲੀ ਖ਼ਾਮਨੇਈ ਅਤੇ ਹੋਰ ਸੀਨੀਅਰ ਅਧਿਕਾਰੀਆਂ ਅਤੇ ਕਮਾਂਡਰਾਂ ਦੇ ਕਤਲ ਤੋਂ ਬਾਅਦ ਇਹ ਬਦਲਾਅ ਆ ਗਿਆ ਹੈ।
ਇਸ ਨਾਲ ਈਰਾਨ ਵਿੱਚ ਇੱਕ ਅਜਿਹੀ ਲੀਡਰਸ਼ਿਪ ਉੱਭਰੀ ਹੈ ਜਿਸਨੂੰ ਟਰੰਪ ਨੇ "ਘੱਟ ਕੱਟੜ ਅਤੇ ਹੋਰ ਸਮਝਦਾਰ" ਦੱਸਿਆ ਹੈ।
ਹਾਲਾਂਕਿ ਇਸ ਗੱਲ ਦੇ ਹੱਕ ਵਿੱਚ ਬਹੁਤ ਘੱਟ ਸਬੂਤ ਹਨ।
ਤਹਿਰਾਨ ਵਿੱਚ ਸੱਤਾ ਦੀ ਬਣਤਰ ਵਿੱਚ ਕੋਈ ਵੱਡਾ ਬਦਲਾਅ ਨਹੀਂ ਆਇਆ। ਸੱਤਾ ਦਾ ਕੇਂਦਰ ਅਜੇ ਵੀ ਸੁਪਰੀਮ ਲੀਡਰ ਦਾ ਦਫ਼ਤਰ ਹੀ ਹੈ।
ਹਾਲਾਂਕਿ ਮੌਜੂਦਾ ਹਾਲਾਤ ਵਿੱਚ ਉਨ੍ਹਾਂ ਦਾ ਸਿੱਧਾ ਕੰਟਰੋਲ ਕਿੰਨਾ ਹੈ, ਇਹ ਸਪੱਸ਼ਟ ਨਹੀਂ।
ਪਰ ਦੇਸ਼ ਵਿੱਚ ਨਾ ਕੋਈ ਸੰਸਥਾਗਤ ਤੋੜ-ਭੰਨ ਹੋਈ ਹੈ ਅਤੇ ਨਾ ਹੀ ਕੋਈ ਵਿਚਾਰਧਾਰਕ ਬਦਲਾਅ ਆਇਆ ਹੈ।
ਮਸੂਦ ਪੇਜ਼ੇਸ਼ਕਿਆਨ ਅਜੇ ਵੀ ਰਾਸ਼ਟਰਪਤੀ ਹਨ। ਮੁਹੰਮਦ ਬਗ਼ਰ ਗ਼ਾਲਿਬਾਫ਼ ਅਜੇ ਵੀ ਸੰਸਦ ਦੀ ਅਗਵਾਈ ਕਰ ਰਹੇ ਹਨ। ਅੱਬਾਸ ਅਰਾਗ਼ਚੀ ਅਜੇ ਵੀ ਵਿਦੇਸ਼ ਨੀਤੀ ਨੂੰ ਦਿਸ਼ਾ ਦੇ ਰਹੇ ਹਨ।
ਹਮਲਿਆਂ ਵਿੱਚ ਮਾਰੇ ਗਏ ਕਮਾਂਡਰਾਂ ਅਤੇ ਅਧਿਕਾਰੀਆਂ ਦੀ ਥਾਂ ਉਹੀ ਵਿਚਾਰਧਾਰਕ ਹਲਕਿਆਂ ਦੇ ਲੋਕਾਂ ਨੇ ਲਈ ਹੈ, ਜੋ ਜੰਗ ਦੇ ਹਾਲਾਤ ਵਿੱਚ ਹੋਰ ਸਖ਼ਤ ਹੋ ਗਏ ਹਨ।
ਇਹ ਸੱਤਾ ਬਦਲਾਅ ਤੋਂ ਵੱਧ ਸੱਤਾ ਦੀ ਮਜ਼ਬੂਤੀ ਵਰਗਾ ਲੱਗਦਾ ਹੈ। ਇਹ ਮਜ਼ਬੂਤੀ ਕੋਈ ਇਤਫ਼ਾਕ ਨਹੀਂ ਹੈ।
ਜੰਗ ਵਿੱਚ ਈਰਾਨ ਦਾ ਮਕਸਦ ਰਵਾਇਤੀ ਅਰਥਾਂ ਵਿੱਚ ਜਿੱਤ ਹਾਸਲ ਕਰਨਾ ਨਹੀਂ, ਸਗੋਂ ਟਿਕੇ ਰਹਿਣਾ ਹੈ।
ਲੜਾਈ ਵਿੱਚ ਟਿਕੇ ਰਹਿਣਾ 'ਬਦਲ ਨਹੀਂ, ਮਕਸਦ'
ਸਾਲਾਂ ਤੋਂ ਤਹਿਰਾਨ ਇੱਕ ਸਿੱਧੇ ਜਿਹੇ ਸਧਾਰਣ ਸਿਧਾਂਤ 'ਤੇ ਕੰਮ ਕਰਦਾ ਆ ਰਿਹਾ ਹੈ ਕਿ ਵੱਧ ਤਾਕਤਵਰ ਫੌਜੀ ਦਾ ਤਾਕਤ ਦੇ ਸਾਹਮਣੇ ਟਿਕੇ ਰਹਿਣਾ ਹੀ ਕਾਮਯਾਬੀ ਹੈ।
ਇਜ਼ਰਾਈਲ ਅਤੇ ਅਮਰੀਕਾ ਨਾਲ ਆਪਣੀ ਲੰਬੀ ਲੜਾਈ ਵਿੱਚ ਈਰਾਨ ਨੇ ਹਮੇਸ਼ਾ ਮੰਨਿਆ ਹੈ ਕਿ ਜੇਕਰ ਇੱਕ ਨਾਲ ਟਕਰਾਅ ਹੋਇਆ, ਤਾਂ ਦੂਜਾ ਵੀ ਉਸ ਵਿੱਚ ਖਿੱਚਿਆ ਆਏਗਾ।
ਈਰਾਨ ਲਈ "ਅਜੇ ਵੀ ਟਿਕੇ ਰਹਿਣਾ" ਕੋਈ ਦੂਜਾ ਬਦਲ ਨਹੀਂ, ਸਗੋਂ ਇਹੀ ਉਸ ਦਾ ਅਸਲੀ ਮਕਸਦ ਹੈ।
ਲੜਾਈ ਸ਼ੁਰੂ ਹੋਏ ਇੱਕ ਮਹੀਨਾ ਹੋ ਚੁੱਕਾ ਹੈ, ਪਰ ਈਰਾਨ ਦਾ ਕਮਾਂਡ ਢਾਂਚਾ ਅਜੇ ਵੀ ਚੱਲ ਰਿਹਾ ਹੈ, ਸਰਕਾਰੀ ਤੰਤਰ ਮਜ਼ਬੂਤ ਹੈ ਅਤੇ ਵਿਰੋਧੀ ਤਾਕਤਾਂ ਕਮਜ਼ੋਰ ਹੋਣ ਦੇ ਬਾਵਜੂਦ ਟੁੱਟੀਆਂ ਨਹੀਂ ਹਨ।
ਇਸ ਤਰ੍ਹਾਂ ਦੇਖਿਆ ਜਾਵੇ ਤਾਂ ਈਰਾਨ ਦੀ ਸਥਿਤੀ ਅਜੇ ਵੀ ਕਾਫ਼ੀ ਅਹਿਮ ਹੈ।
ਅਹਿਮ ਊਰਜਾ ਰਾਹਾਂ ਖ਼ਾਸ ਕਰਕੇ ਹੋਰਮੁਜ਼ ਸਟ੍ਰੇਟ 'ਤੇ ਇਸ ਦਾ ਅਸਰ ਅਜੇ ਵੀ ਬਣਿਆ ਹੋਇਆ ਹੈ।
ਇਸ ਰਾਹੀਂ ਦੁਨੀਆ ਦੀ ਤੇਲ ਸਪਲਾਈ ਦਾ ਲਗਭਗ ਪੰਜਵਾਂ ਹਿੱਸਾ ਲੰਘਦਾ ਹੈ। ਇਸ ਕਾਰਨ ਲਗਾਤਾਰ ਹਮਲਿਆਂ ਦੇ ਬਾਵਜੂਦ ਈਰਾਨ ਕੋਲ ਹਾਲਾਤ ਖ਼ਰਾਬ ਕਰਨ ਦੀ ਸਮਰੱਥਾ ਮੌਜੂਦ ਹੈ।
ਅਮਰੀਕਾ ਲਈ ਇਹ ਸਥਿਤੀ ਇੱਕ ਚੁਣੌਤੀ ਹੈ।
ਜੇ ਅਮਰੀਕਾ ਹੁਣ ਪਿੱਛੇ ਹਟਦਾ ਹੈ, ਤਾਂ ਇਹ ਖ਼ਤਰਾ ਹੈ ਕਿ ਈਰਾਨ ਦਾ ਸਭ ਤੋਂ ਵੱਡਾ ਸਬਕ ਸਹੀ ਸਾਬਤ ਹੋਵੇਗਾ ਕਿ 'ਟਿਕੇ ਰਹਿਣਾ ਹੀ ਕੰਮ ਆਉਂਦਾ ਹੈ।'
ਜੇ ਉਹ ਲੜਾਈ ਜਾਰੀ ਰੱਖਦਾ ਹੈ, ਤਾਂ ਉਸਨੂੰ ਵਧਦੀ ਲਾਗਤ ਦਾ ਸਾਹਮਣਾ ਕਰਨਾ ਪਵੇਗਾ ਅਤੇ ਫ਼ੈਸਲਾਕੁੰਨ ਜਿੱਤ ਜਾ ਕੋਈ ਸਪਸ਼ਟ ਰਾਹ ਵੀ ਨਜ਼ਰ ਨਹੀਂ ਆਵੇਗਾ।
ਟਰੰਪ ਦੇ ਭਾਸ਼ਣ ਵਿੱਚ ਦਿਖਦੀ ਦੁਵਿਧਾ
ਟਰੰਪ ਦੇ ਭਾਸ਼ਣ ਵਿੱਚ ਇਹੀ ਦੁਵਿਧਾ ਝਲਕਦੀ ਹੈ। ਲੜਾਈ ਜਾਰੀ ਰੱਖਦੇ ਹੋਏ ਵੀ ਜਿੱਤ ਦਾ ਦਾਅਵਾ ਕਰਕੇ ਉਹ ਦੋ ਵਿਰੋਧੀ ਲੋੜਾਂ ਵਿਚਕਾਰ ਸੰਤੁਲਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਇੱਕ ਪਾਸੇ ਆਪਣੀ ਤਾਕਤ ਦਿਖਾਉਣੀ ਹੈ ਅਤੇ ਦੂਜੇ ਪਾਸੇ ਲੰਬੀ ਲੜਾਈ ਵਿੱਚ ਫਸਣ ਤੋਂ ਬਚਣਾ ਹੈ।
ਇਸ ਮਾਹੌਲ ਵਿੱਚ ਟਰੰਪ ਦੇ ਭਾਸ਼ਣ ਤੋਂ ਥੋੜ੍ਹਾ ਪਹਿਲਾਂ ਪੇਜ਼ੇਸ਼ਕਿਆਨ ਦਾ ਇਹ ਬਿਆਨ ਕਿ ਈਰਾਨ ਕੋਲ ਲੜਾਈ ਖਤਮ ਕਰਨ ਦੀ "ਜ਼ਰੂਰੀ ਇੱਛਾ ਸ਼ਕਤੀ" ਹੈ, ਕੋਈ ਰਿਆਇਤ ਨਹੀਂ ਸਗੋਂ ਸੋਚੀ-ਸਮਝੀ ਰਣਨੀਤੀ ਲੱਗਦੀ ਹੈ।
ਬੁੱਧਵਾਰ ਨੂੰ ਸੋਸ਼ਲ ਮੀਡੀਆ 'ਤੇ ਅਮਰੀਕੀ ਜਨਤਾ ਨੂੰ ਲਿਖੀ ਆਪਣੀ ਖੁੱਲ੍ਹੀ ਚਿੱਠੀ ਵਿੱਚ ਉਨ੍ਹਾਂ ਨੇ ਪੁੱਛਿਆ ਕਿ ਕੀ 'ਅਮਰੀਕਾ ਫਰਸਟ' ਨੀਤੀ ਦੀ ਪਾਲਣਾ ਹੋ ਰਹੀ ਹੈ ਅਤੇ ਕੀ ਅਮਰੀਕਾ ਇਜ਼ਰਾਈਲ ਦੇ ਇਸ਼ਾਰੇ 'ਤੇ ਕੰਮ ਕਰ ਰਿਹਾ ਹੈ।
ਇਸ ਦਾ ਨਿਸ਼ਾਨਾ ਅਮਰੀਕਾ ਦੇ ਉਹ ਘਰੇਲੂ ਦਰਸ਼ਕ ਜੋ ਪਹਿਲਾਂ ਹੀ ਇਸ ਜੰਗ ਨੂੰ ਲੈ ਕੇ ਚਿੰਤਤ ਸਨ। ਇਹ ਅਮਰੀਕਾ 'ਤੇ ਸਿਆਸੀ ਦਬਾਅ ਵਧਾਉਣ ਦੀ ਕੋਸ਼ਿਸ਼ ਸੀ, ਤਾਂ ਜੋ ਈਰਾਨ ਨੂੰ ਆਪਣੀਆਂ ਗੱਲਬਾਤ ਦੀਆਂ ਸ਼ਰਤਾਂ ਵਿੱਚ ਕੋਈ ਬਦਲਾਅ ਨਾ ਕਰਨਾ ਪਵੇ।
ਈਰਾਨ ਦੀਆਂ ਸ਼ਰਤਾਂ
ਜੰਗ ਖ਼ਤਮ ਕਰਨ ਲਈ ਈਰਾਨ ਦੀਆਂ ਸ਼ਰਤਾਂ ਪਹਿਲਾਂ ਵਾਂਗ ਹੀ ਹਨ, ਜੋ ਇਹ ਹਨ,
- ਸੱਤਾ ਦਾ ਅਸਤਿਤਵ ਬਚਾਉਣਾ ਅਤੇ ਦੇਸ਼ ਦੀ ਪ੍ਰਭੂਸੱਤਾ ਦੀ ਰੱਖਿਆ
- ਭਵਿੱਖ ਵਿੱਚ ਅਮਰੀਕਾ ਅਤੇ ਇਜ਼ਰਾਈਲ ਵੱਲੋਂ ਹਮਲੇ ਨਾ ਹੋਣ ਦੀ ਭਰੋਸੇਯੋਗ ਗਾਰੰਟੀ
- ਪਾਬੰਦੀਆਂ ਵਿੱਚ ਸਾਰਥਕ ਅਤੇ ਅਜਿਹੀ ਰਾਹਤ ਜੋ ਲਾਗੂ ਹੋ ਸਕੇ
- ਆਪਣੀਆਂ ਰੱਖਿਆ ਸਮਰੱਥਾਵਾਂ ਨੂੰ ਕਾਇਮ ਰੱਖਣਾ
ਅਜੇ ਤੱਕ ਕੋਈ ਸੰਕੇਤ ਨਹੀਂ ਮਿਲਿਆ ਕਿ ਈਰਾਨ ਇਨ੍ਹਾਂ ਮੰਗਾਂ 'ਤੇ ਸਮਝੌਤਾ ਕਰਨ ਲਈ ਤਿਆਰ ਹੈ।
ਪਰ ਜਿਵੇਂ ਜਿਵੇਂ ਅਮਰੀਕਾ ਅਤੇ ਇਜ਼ਰਾਈਲ ਦੀ ਬੰਬਾਰੀ ਜਾਰੀ ਰਹੇਗੀ, ਇਹ ਸਥਿਤੀ ਵੀ ਬਦਲ ਸਕਦੀ ਹੈ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਦਾ ਈਰਾਨ ਦੀ ਫੌਜੀ ਸਮਰੱਥਾ ਅਤੇ ਆਰਥਿਕਤਾ 'ਤੇ ਡੂੰਘਾ ਅਸਰ ਪੈ ਰਿਹਾ ਹੈ। ਉਸ ਦੀ ਆਰਥਿਕਤਾ ਤਾਂ ਜੰਗ ਤੋਂ ਪਹਿਲਾਂ ਹੀ ਕਮਜ਼ੋਰ ਸੀ।
ਜੇ ਮੌਜੂਦਾ ਸੱਤਾ ਜੰਗ ਤੋਂ ਬਾਅਦ ਵੀ ਕਾਇਮ ਰਹਿੰਦੀ ਹੈ, ਤਾਂ ਉਸਨੂੰ ਸੰਕਟਾਂ ਨਾਲ ਜੂਝਦੇ ਦੇਸ਼ ਨੂੰ ਦੁਬਾਰਾ ਖੜ੍ਹਾ ਕਰਨਾ ਪਵੇਗਾ।
ਪਰ ਸੱਤਾ ਦੇ ਕਾਇਮ ਰਹਿਣ ਦਾ ਇੱਕ ਹੋਰ ਵੀ ਡੂੰਘਾ ਨਤੀਜਾ ਹੋਵੇਗਾ। ਸਾਲਾਂ ਤੋਂ ਉਸ ਆਪਣੀ "ਰੱਖਿਆ ਸਮਰੱਥਾ", ਅਮਰੀਕਾ ਜਾਂ ਇਜ਼ਰਾਈਲ ਦੇ ਕਿਸੇ ਵੱਡੇ ਹਮਲੇ ਦਾ ਗੁਪਤ ਖ਼ਤਰਾ ਹੀ ਈਰਾਨ ਉੱਤੇ ਇੱਕ ਲਗਾਮ ਦਾ ਕੰਮ ਕਰਦਾ ਰਿਹਾ ਹੈ।
ਜੇ ਉਹ ਸਿੱਧੇ ਟਕਰਾਅ ਤੋਂ ਬਾਅਦ ਵੀ ਬਚ ਨਿਕਲਦਾ ਹੈ, ਤਾਂ ਭਵਿੱਖ ਵਿੱਚ ਦਿੱਤੀਆਂ ਜਾਣ ਵਾਲੀਆਂ ਧਮਕੀਆਂ ਦਾ ਅਸਰ ਘੱਟ ਹੋ ਜਾਵੇਗਾ।
ਇਸ ਬਦਲਾਅ ਦਾ ਅਸਰ ਹੁਣੇ ਤੋਂ ਹੀ ਖੇਤਰੀ ਸਮੀਕਰਨਾਂ 'ਤੇ ਦਿਖਣ ਲੱਗ ਪਿਆ ਹੈ।
ਅਰਬ ਦੇਸ਼ਾਂ ਦੀ ਮੁਸ਼ਕਲ
ਕੁਝ ਅਰਬ ਦੇਸ਼ ਜੋ ਸ਼ੁਰੂ ਵਿੱਚ ਇਸ ਜੰਗ ਦੇ ਖ਼ਿਲਾਫ਼ ਸਨ ਹੁਣ ਕਥਿਤ ਤੌਰ ਉੱਤੇ ਟਰੰਪ ਨੂੰ ਇਹ ਕਹਿ ਰਹੇ ਹਨ ਕਿ ਉਹ ਜੰਗ ਨੂੰ ਵਿਚਾਲੇ ਨਾ ਛੱਡਣ ਸਗੋਂ ਇਸ ਨੂੰ ਅੰਜਾਮ ਤੱਕ ਪਹੁੰਚਾਉਣ ਨਹੀਂ ਤਾਂ ਉਨ੍ਹਾਂ ਨੂੰ ਵੱਧ ਆਤਮਵਿਸ਼ਵਾਸ ਨਾਲ ਭਰੇ ਈਰਾਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਉਨ੍ਹਾਂ ਦੇ ਨਜ਼ਰੀਏ ਵਿੱਚ ਜੰਗ ਦਾ ਕੋਈ ਨਤੀਜਾ ਨਾ ਨਿਕਲਣਾ ਜੰਗ ਤੋਂ ਵੀ ਵੱਧ ਅਸਥਿਰਤਾ ਪੈਦਾ ਕਰ ਸਕਦਾ ਹੈ।
ਇਨ੍ਹਾਂ ਦੇਸ਼ਾਂ ਨੂੰ ਡਰ ਹੈ ਕਿ ਅਮਰੀਕਾ ਦੇ ਮੁਕਾਬਲੇ ਜੰਗ ਦੇ ਨਤੀਜਿਆਂ ਦਾ ਨੁਕਸਾਨ ਉਨ੍ਹਾਂ ਨੂੰ ਹੀ ਝੱਲਣਾ ਪਵੇਗਾ।
ਇਸ ਲਈ ਅਮਰੀਕਾ ਇੱਕ ਜਾਣੀ-ਪਛਾਣੀ ਪਰ ਮੁਸ਼ਕਲ ਸਥਿਤੀ ਵਿੱਚ ਫਸਿਆ ਹੋਇਆ ਹੈ।
ਜੇਕਰ ਉਹ ਜੰਗ ਛੱਡ ਕੇ ਚਲਾ ਜਾਂਦਾ ਹੈ ਤਾਂ ਇਸ ਨਾਲ ਈਰਾਨ ਦੇ 'ਡਟੇ ਰਹਿਣ' ਦੇ ਮਾਡਲ ਨੂੰ ਸਹੀ ਸਾਬਤ ਹੋਣ ਦਾ ਮੌਕਾ ਮਿਲ ਜਾਵੇਗਾ।
ਅਤੇ ਜੇਕਰ ਉਹ ਜੰਗ ਵਿੱਚ ਰਹਿੰਦਾ ਹੈ ਤਾਂ ਉਹ ਉਸ ਨੂੰ ਇੱਕ ਅਜਿਹੀ ਜੰਗ ਵਿੱਚ ਹੋਰ ਵੀ ਡੂੰਘਾਈ ਤੱਕ ਉਲਝਣਾ ਪੈ ਸਕਦਾ ਹੈ ਜਿਸਦਾ ਕੋਈ ਸਪਸ਼ਟ ਅੰਤ ਨਜ਼ਰ ਨਹੀਂ ਆਉਂਦਾ।
ਇਸ ਜੰਗ ਵਿੱਚ ਅਜੇ ਤੱਕ ਕੋਈ "ਨਵਾਂ ਈਰਾਨ" ਉੱਭਰ ਕੇ ਸਾਹਮਣੇ ਨਹੀਂ ਆਇਆ ਹੈ।
ਜੇਕਰ ਜੰਗ ਖ਼ਤਮ ਹੋਣ ਤੋਂ ਬਾਅਦ ਵੀ ਹਾਲਾਤ ਅਜਿਹੇ ਹੀ ਰਹਿੰਦੇ ਹਨ, ਤਾਂ ਸਵਾਲ ਉੱਠੇਗਾ ਕਿ ਕੀ ਅਮਰੀਕਾ ਆਪਣੀਆਂ "ਜਿੱਤ ਦੇ ਦਾਅਵਿਆਂ" ਨੂੰ ਉਸ ਜ਼ਮੀਨੀ ਹਕੀਕਤ ਨਾਲ ਜੋੜ ਸਕੇਗਾ, ਜਿਸ ਵਿੱਚ ਉਸਦਾ ਦੁਸ਼ਮਣ ਜਿਸ ਨੂੰ ਉਹ ਬਦਲਣਾ ਚਾਹੁੰਦਾ ਹੈ ਅਸਲ ਵਿੱਚ ਉਵੇਂ ਹੀ ਬਰਕਰਾਰ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ