You’re viewing a text-only version of this website that uses less data. View the main version of the website including all images and videos.
ਲੋਕਾਂ ਨਾਲ ਮੇਲ-ਜੋਲ ਦੌਰਾਨ ਦਿਮਾਗ 'ਚ ਅਜਿਹਾ ਕੀ ਹੁੰਦਾ, ਜਿਸ ਕਰਕੇ ਚੰਗਾ ਮਹਿਸੂਸ ਹੁੰਦਾ ਹੈ, ਕੀ ਇਕੱਲਾਪਣ ਸਿਹਤ ਲਈ ਖ਼ਤਰਨਾਕ ਹੋ ਸਕਦਾ ਹੈ?
- ਲੇਖਕ, ਸਾਰਾ ਬੈੱਲ
- ਰੋਲ, ਗਲੋਬਲ ਹੈਲਥ, ਬੀਬੀਸੀ ਵਰਲਡ ਸਰਵਿਸ
- ਪੜ੍ਹਨ ਦਾ ਸਮਾਂ: 7 ਮਿੰਟ
ਕੀ ਤੁਹਾਨੂੰ ਪਤਾ ਹੈ ਕਿ ਹੋਰ ਲੋਕਾਂ ਨਾਲ ਸਮਾਂ ਬਿਤਾਉਣਾ ਤੁਹਾਡੀ ਸਿਹਤ ਲਈ ਓਨਾਂ ਹੀ ਜ਼ਰੂਰੀ ਹੋ ਸਕਦਾ ਹੈ ਜਿੰਨਾ ਕਸਰਤ ਕਰਨਾ ਅਤੇ ਸਿਹਤਮੰਦ ਖਾਣਾ ਖਾਣਾ?
ਅਮਰੀਕੀ ਨਿਊਰੋਸਾਇੰਟਿਸਟ ਬੈਨ ਰੇਨ ਕਹਿੰਦੇ ਹਨ ਕਿ ਸੋਸ਼ਲਾਈਜ਼ ਕਰਨਾ ਭਾਵ ਲੋਕਾਂ ਨਾਲ ਮਿਲਣਾ, ਅਕਸਰ ਇੱਕ ਸ਼ੌਕ ਵਾਂਗ ਲੱਗਦਾ ਹੈ, ਪਰ ਇਹ ਸਾਡੀ ਮਾਨਸਿਕ ਅਤੇ ਸਰੀਰਕ ਸਿਹਤ ਦੋਵਾਂ ਨੂੰ ਸੁਧਾਰ ਸਕਦਾ ਹੈ।
ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਜਦੋਂ ਅਸੀਂ ਹੋਰਾਂ ਨਾਲ ਮਿਲਦੇ ਹਾਂ, ਅਸੀਂ ਆਮ ਤੌਰ 'ਤੇ ਆਪਣੇ ਆਪ ਵਿੱਚ ਚੰਗਾ ਮਹਿਸੂਸ ਕਰਦੇ ਹਾਂ। ਇਹ ਇਸ ਲਈ ਹੁੰਦਾ ਹੈ ਕਿਉਂਕਿ ਸਾਡੇ ਦਿਮਾਗ ਵਿੱਚ ਇਹ ਪ੍ਰਣਾਲੀਆਂ ਹੁੰਦੀਆਂ ਹਨ, ਸਮਾਜਿਕ ਇਨਾਮ ਪ੍ਰਣਾਲੀਆਂ, ਜੋ ਸਾਨੂੰ ਚੰਗਾ ਮਹਿਸੂਸ ਕਰਵਾਉਂਦੀਆਂ ਹਨ।"
ਇਹ ਤਿੰਨ ਨਿਊਰੋਟ੍ਰਾਂਸਮੀਟਰ, ਆਕਸੀਟੋਸਿਨ, ਡੋਪਾਮੀਨ ਅਤੇ ਸੇਰੋਟੋਨਿਨ, ਉਸ ਵੇਲੇ ਸਰਗਰਮ ਹੁੰਦੇ ਹਨ ਜਦੋਂ ਅਸੀਂ ਸੋਸ਼ਲਾਈਜ਼ ਕਰਦੇ ਹਾਂ। ਇਹ ਪ੍ਰਕਿਰਿਆ ਵਿਕਾਸ ਤੋਂ ਆਉਂਦੀ ਹੈ, ਕਿਉਂਕਿ ਸਮੂਹਾਂ ਵਿੱਚ ਰਹਿਣਾ ਕਦੇ ਜੀਵਨ ਲਈ ਬਹੁਤ ਜ਼ਰੂਰੀ ਸੀ।
ਰੇਨ ਕਹਿੰਦੇ ਹਨ, "ਸਾਨੂੰ ਦਰਅਸਲ ਇਹ ਮੌਕੇ ਗੰਭੀਰਤਾ ਨਾਲ ਲੈਣੇ ਚਾਹੀਦੇ ਹਨ ਤਾਂ ਜੋ ਅਸੀਂ ਹੋਰਾਂ ਨਾਲ ਜੁੜ ਕੇ ਆਪਣੀ ਬਾਇਓਲੋਜੀ ਨੂੰ ਪ੍ਰਭਾਵਿਤ ਕਰ ਸਕੀਏ।"
ਰੇਨ ਨੇ ਆਪਣੀ ਕਿਤਾਬ ਵਾਇ ਬ੍ਰੇਨਜ਼ ਨੀਡ ਫਰੈਂਡ: ਦਿ ਨਿਊਰੋਸਾਇੰਸ ਆਫ ਸੋਸ਼ਲ ਕਨੈਕਸ਼ਨ ਵਿੱਚ ਆਪਣੇ ਵਿਚਾਰ ਪੇਸ਼ ਕਰਦੇ ਹਨ।
ਆਕਸੀਟੋਸਿਨ ਦੀ ਭੂਮਿਕਾ ਇਸਦਾ ਇੱਕ ਵਧੀਆ ਉਦਾਹਰਨ ਹੈ। ਇਸਨੂੰ ਪਿਆਰ ਦਾ ਹਾਰਮੋਨ ਕਿਹਾ ਜਾਂਦਾ ਹੈ ਅਤੇ ਇਸਨੂੰ ਕੁਦਰਤ ਦੀ ਦਵਾਈ ਵੀ ਕਿਹਾ ਗਿਆ ਹੈ।
ਰੇਨ ਸਮਝਾਉਂਦੇ ਹਨ, "ਇਸ ਗੱਲ ਦੇ ਸਬੂਤ ਹਨ ਕਿ ਆਕਸੀਟੋਸਿਨ ਸੋਜ ਘਟਾ ਸਕਦਾ ਹੈ, ਇਹ ਨਿਊਰੋ-ਸੁਰੱਖਿਆ ਦੇ ਸਕਦਾ ਹੈ, ਇਹ ਰੋਗ-ਪ੍ਰਤੀਰੋਧਕ ਪ੍ਰਣਾਲੀ ਦਾ ਸਮਰਥਨ ਕਰ ਸਕਦਾ ਹੈ, ਹੱਡੀਆਂ ਦੇ ਵਾਧੇ ਵਿੱਚ ਮਦਦ ਕਰ ਸਕਦਾ ਹੈ ਅਤੇ ਇਹ ਸਮਾਜਿਕ ਤਣਾਅ ਘਟਾ ਸਕਦਾ ਹੈ।"
ਇਸਦਾ ਵਿਕਾਸਵਾਦੀ ਉਦੇਸ਼ ਵੀ ਹੈ ਤਾਂ ਜੋ ਮਨੁੱਖੀ ਜਾਤੀ ਜਾਰੀ ਰਹੇ। ਰੋਮਾਂਟਿਕ ਪਿਆਰ, ਜੋ ਇਹ ਯਕੀਨੀ ਬਣਾਉਂਦਾ ਹੈ ਕਿ ਸਾਨੂੰ ਆਪਣੇ ਸਾਥੀ ਨਾਲ ਪਿਆਰ ਕਰਨਾ ਤੇ ਪ੍ਰਜਨਨ ਕਰਨਾ ਚਾਹੀਦਾ ਅਤੇ ਮਾਪਿਆਂ ਅਤੇ ਬੱਚਿਆਂ ਵਿਚਕਾਰ ਦਾ ਰਿਸ਼ਤਾ।
ਨਿਊਯਾਰਕ ਦੇ ਬਫ਼ੇਲੋ ਤੋਂ ਅਮਰੀਕੀ ਵਿਗਿਆਨੀ ਕਹਿੰਦੇ ਹਨ, "ਇਹ ਸਮਝ ਆਉਂਦਾ ਹੈ ਕਿ ਇਹ ਤੁਹਾਡੇ ਸਰੀਰ ਦੀ ਰੱਖਿਆ ਕਰੇਗਾ… ਤਾਂ ਜੋ ਅਸੀਂ ਆਪਣੇ ਬੱਚਿਆਂ ਦੀ ਸੰਭਾਲ ਲਈ ਮੌਜੂਦ ਰਹਿ ਸਕੀਏ।"
ਸਮਾਜਿਕ ਸੰਪਰਕ ਦੀ ਘਾਟ ਸਾਡੇ ਲਈ ਕਿਉਂ ਖ਼ਰਾਬ ਹੈ?
ਬਹੁਤ ਸਾਰੇ ਵਿਗਿਆਨਕ ਸਬੂਤ ਦਿਖਾਉਂਦੇ ਹਨ ਕਿ ਇਕਾਂਤਵਾਸ ਦੇ ਗੰਭੀਰ ਮਨੋਵਿਗਿਆਨਕ ਪ੍ਰਭਾਵ ਹੁੰਦੇ ਹਨ, ਜੋ ਲੋਕਾਂ ਨੂੰ ਚਿੰਤਾ, ਡਿਪ੍ਰੈਸ਼ਨ ਅਤੇ ਖੁਦਕੁਸ਼ੀ ਦੇ ਵਧੇਰੇ ਖਤਰੇ ਵਿੱਚ ਪਾ ਦਿੰਦੇ ਹਨ ਅਤੇ ਤਣਾਅ ਲਈ ਹੋਰ ਸੰਵੇਦਨਸ਼ੀਲ ਬਣਾ ਦਿੰਦੇ ਹਨ।
ਅਤਿ ਇਕਾਂਤਵਾਸ, ਹੋਰਾਂ ਨਾਲ ਬਹੁਤ ਘੱਟ ਜਾਂ ਬਿਲਕੁਲ ਵੀ ਸੰਪਰਕ ਨਾ ਹੋਣਾ, ਮੌਤ ਦੇ ਵਧੇਰੇ ਖਤਰੇ ਨੂੰ ਵੀ ਪੈਦਾ ਕਰਦਾ ਹੈ। ਕੁਝ ਅਧਿਐਨ ਕਹਿੰਦੇ ਹਨ ਕਿ ਇਕਾਂਤਵਾਸ ਨਾਲ ਕਿਸੇ ਵੀ ਕਾਰਨ ਨਾਲ ਮੌਤ ਦੇ ਖਤਰੇ ਵਿੱਚ 32% ਵਾਧਾ ਹੁੰਦਾ ਹੈ।
ਰੇਨ ਕਹਿੰਦੇ ਹਨ ਕਿ ਇਕਾਂਤਵਾਸ ਤੁਹਾਨੂੰ ਅਚਾਨਕ ਨਹੀਂ ਮਾਰੇਗਾ, ਪਰ ਇਹ ਤਣਾਅ ਦੀ ਪ੍ਰਤੀਕਿਰਿਆ ਨੂੰ ਜਨਮ ਦੇ ਸਕਦਾ ਹੈ ਜੋ ਦਿਲ ਦੀ ਬਿਮਾਰੀ, ਸ਼ੂਗਰ ਅਤੇ ਡਿਮੈਂਸ਼ੀਆ ਵਰਗੀਆਂ ਹੋਰ ਬਿਮਾਰੀਆਂ ਦੇ ਖਤਰੇ ਨੂੰ ਵਧਾਉਂਦੀ ਹੈ।
ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਇਹ ਸਰੀਰ ਨੂੰ ਵੱਧ ਕੋਰਟਿਸੋਲ ਛੱਡਣ ਲਈ ਮਜਬੂਰ ਕਰਦਾ ਹੈ, ਜਿਸ ਨਾਲ ਲੰਬੇ ਸਮੇਂ ਦੀ ਸੋਜ ਹੋ ਸਕਦੀ ਹੈ, ਜੋ ਸਿਹਤਮੰਦ ਟਿਸ਼ੂਜ਼ ਨੂੰ ਨੁਕਸਾਨ ਪਹੁੰਚਾਉਂਦੀ ਹੈ ਅਤੇ ਇਸ ਨਾਲ ਬਿਮਾਰੀਆਂ ਜੁੜੀਆਂ ਹੁੰਦੀਆਂ ਹਨ।
ਰੇਨ ਕਹਿੰਦੇ ਹਨ, "ਲੰਬੇ ਸਮੇਂ ਤੱਕ ਤਣਾਅ ਦੀ ਸਥਿਤੀ ਵਿੱਚ ਰਹਿਣਾ ਤੁਹਾਡੇ ਦਿਮਾਗ਼ ਅਤੇ ਸਰੀਰ ਦੇ ਟਿਸ਼ੂਜ਼ ਲਈ ਥਕਾਵਟ ਭਰਿਆ ਹੁੰਦਾ ਹੈ, ਪਰ ਇਸਦੇ ਜੈਵਿਕ ਪ੍ਰਭਾਵ ਵੀ ਹੁੰਦੇ ਹਨ ਜੋ ਲੰਬੇ ਸਮੇਂ ਦੀ ਸੋਜ ਵੱਲ ਲੈ ਜਾਂਦੇ ਹਨ।"
ਅਸੀਂ ਘੱਟ ਸੋਸ਼ਲਾਈਜ਼ ਕਿਉਂ ਕਰ ਰਹੇ ਹਾਂ?
ਤਾਂ ਜੇਕਰ ਇਹ ਸਾਨੂੰ ਚੰਗਾ ਮਹਿਸੂਸ ਕਰਵਾਉਂਦਾ ਹੈ, ਤਾਂ ਜ਼ਿਆਦਾਤਰ ਲੋਕ ਅਕਸਰ ਸੋਸ਼ਲਾਈਜ਼ ਕਿਉਂ ਨਹੀਂ ਕਰ ਰਹੇ? ਰੇਨ ਕਹਿੰਦੇ ਹਨ ਕਿ ਅਸੀਂ "ਪੋਸਟ-ਇੰਟਰੈਕਸ਼ਨ ਦੁਨੀਆ" ਵਿੱਚ ਰਹਿ ਰਹੇ ਹਾਂ।
ਉਹ ਕਹਿੰਦੇ ਹਨ ਕਿ ਇੱਕ ਮੁੱਖ ਕਾਰਨ ਹੈ "ਹਰ ਚੀਜ਼ ਦਾ ਆਟੋਮੇਸ਼ਨ," ਜਿਸ ਨੇ ਉਹ ਚੀਜ਼ਾਂ ਹਟਾ ਦਿੱਤੀਆਂ ਹਨ ਜੋ ਪਹਿਲਾਂ ਤੁਹਾਨੂੰ ਕਿਸੇ ਹੋਰ ਮਨੁੱਖ ਦੇ ਸਾਹਮਣੇ ਲਿਆਉਂਦੀਆਂ ਸਨ।
ਉਹ ਗ੍ਰੋਸਰੀ ਸਟੋਰ ਵਿੱਚ ਸੈਲਫ-ਚੈੱਕਆਉਟ ਦੇ ਵਧਦੇ ਇਸਤੇਮਾਲ ਵੱਲ ਇਸ਼ਾਰਾ ਕਰਦੇ ਹਨ। ਉਹ ਕਹਿੰਦੇ ਹਨ, "ਹੁਣ ਤੁਹਾਨੂੰ ਕਰਮਚਾਰੀ ਨਾਲ ਗੱਲ ਕਰਨ ਦੀ ਲੋੜ ਨਹੀਂ ਜਾਂ ਤੁਸੀਂ ਆਪਣਾ ਸਮਾਨ ਆਨਲਾਈਨ ਮੰਗਵਾ ਲੈਂਦੇ ਹੋ।"
ਕੋਵਿਡ ਮਹਾਂਮਾਰੀ ਦੌਰਾਨ ਲੋਕਾਂ 'ਤੇ ਥੋਪਿਆ ਗਿਆ ਅਤਿ ਇਕਾਂਤਵਾਸ ਵੱਡਾ ਪ੍ਰਭਾਵ ਛੱਡ ਗਿਆ, ਰੇਨ ਕਹਿੰਦੇ ਹਨ, ਜਿਸ ਨੇ ਸਾਨੂੰ ਘੱਟ ਸੰਪਰਕ ਦੀ ਉਮੀਦ ਕਰਨ ਲਈ ਤਿਆਰ ਕਰ ਦਿੱਤਾ, ਭਾਵੇਂ ਇਹ ਖਤਮ ਵੀ ਹੋ ਗਿਆ ਹੋਵੇ।
ਰੇਨ ਕਹਿੰਦੇ ਹਨ, "ਅਸਲ ਵਿੱਚ ਸਾਡੀਆਂ ਲੋੜਾਂ ਨਹੀਂ ਬਦਲੀਆਂ। ਸਾਨੂੰ ਪਹਿਲਾਂ ਵਾਂਗ ਹੀ ਜੁੜਨ ਦੀ ਲੋੜ ਹੈ।"
ਮਹਾਂਮਾਰੀ ਨੇ ਸਾਡੇ ਆਨਲਾਈਨ ਸੰਚਾਰ ਦੇ ਇਸਤੇਮਾਲ ਨੂੰ ਤੇਜ਼ ਕਰ ਦਿੱਤਾ, ਪਰ ਸਿਰਫ਼ ਸੋਸ਼ਲ ਮੀਡੀਆ ਦੀ ਵਰਤੋਂ ਕਰਨਾ ਇਕਾਂਤਵਾਸ ਵਾਂਗ ਹੀ ਡਿਪ੍ਰੈਸ਼ਨ ਅਤੇ ਚਿੰਤਾ ਦੇ ਖਤਰੇ ਨੂੰ ਵਧਾ ਸਕਦਾ ਹੈ ਕਿਉਂਕਿ ਤੁਸੀਂ ਭੌਤਿਕ ਤੌਰ 'ਤੇ ਹੋਰਾਂ ਦੇ ਨਾਲ ਨਹੀਂ ਹੁੰਦੇ।
ਅਤੇ ਇਸਦੀ ਸਹੂਲਤ ਦੇ ਬਾਵਜੂਦ, ਵਰਚੁਅਲ ਸੰਚਾਰ ਦਿਮਾਗ ਲਈ ਉਨੀ ਸੰਤੁਸ਼ਟੀ ਨਹੀਂ ਦੇ ਸਕਦਾ, ਕਿਉਂਕਿ ਅਸੀਂ ਆਹਮਣੇ-ਸਾਹਮਣੇ ਸੰਪਰਕ ਲਈ ਵਿਕਸਿਤ ਹੋਏ ਹਾਂ।
ਰੇਨ ਕਹਿੰਦੇ ਹਨ, "ਇਹ ਸਮਾਜਿਕ ਦਿਮਾਗ ਲਈ ਜੰਕ ਫੂਡ ਵਾਂਗ ਹੈ। ਇਹ ਆਸਾਨ ਅਤੇ ਸੁਵਿਧਾਜਨਕ ਹੈ, ਪਰ ਅਸਲੀ ਸੰਪਰਕ ਦਾ ਪੂਰਾ ਬਦਲ ਨਹੀਂ। ਅਤੇ ਇਸ ਕਰਕੇ ਅਸੀਂ ਇਕਾਂਤਵਾਸ ਦੀ ਇਸ ਖੱਡ ਵਿੱਚ ਡਿੱਗ ਰਹੇ ਹਾਂ।"
ਰੇਨ ਦੀ ਸਲਾਹ ਹੈ ਕਿ ਸੰਭਵ ਹੋ ਸਕੇ ਤਾਂ ਸੰਪਰਕਾਂ ਨੂੰ "ਅੱਪਗ੍ਰੇਡ" ਕਰਨ ਦੀ ਕੋਸ਼ਿਸ਼ ਕਰੋ।
ਰੇਨ ਕਹਿੰਦੇ ਹਨ, "ਜੇਕਰ ਤੁਸੀਂ ਕਿਸੇ ਨੂੰ ਟੈਕਸਟ ਕਰ ਰਹੇ ਹੋ, ਤਾਂ ਫੋਨ ਕਰੋ। ਜੇ ਤੁਸੀਂ ਫੋਨ 'ਤੇ ਹੋ, ਤਾਂ ਵੀਡੀਓ ਕਾਲ ਦੀ ਕੋਸ਼ਿਸ਼ ਕਰੋ। ਜੇ ਤੁਸੀਂ ਵੀਡੀਓ ਕਾਲ 'ਤੇ ਹੋ, ਤਾਂ ਮਿਲਣ ਦੀ ਕੋਸ਼ਿਸ਼ ਕਰੋ। ਜਦੋਂ ਵੀ ਤੁਸੀਂ ਆਪਣੇ ਸੰਪਰਕਾਂ ਵਿੱਚ ਗਹਿਰਾਈ ਅਤੇ ਅਸਲੀਅਤ ਵਾਪਸ ਲਿਆਉਂਦੇ ਹੋ, ਇਹ ਤੁਹਾਡੇ ਦਿਮਾਗ ਲਈ ਵਧੇਰੇ ਫਾਇਦੇਮੰਦ ਹੁੰਦਾ ਹੈ।"
ਇੰਟਰੋਵਰਟ ਲੋਕਾਂ ਲਈ ਇਸਦਾ ਕੀ ਮਤਲਬ ਹੈ?
ਰੇਨ ਸਮਝਾਉਂਦੇ ਹਨ ਕਿ ਅਸੀਂ ਸਾਰੇ ਇੰਟਰੋਵਰਸ਼ਨ ਤੋਂ ਐਕਸਟ੍ਰੋਵਰਸ਼ਨ ਦੇ ਇੱਕ ਸਪੈਕਟ੍ਰਮ 'ਤੇ ਮੌਜੂਦ ਹਾਂ। ਸਾਨੂੰ ਸਿਰਫ਼ ਇਹ ਸਮਝਣਾ ਹੈ ਕਿ ਸਾਡੇ ਲਈ ਕਿਹੜਾ ਸਮਾਜਿਕ ਪੱਧਰ ਠੀਕ ਹੈ।
ਰੇਨ ਕਹਿੰਦੇ ਹਨ ਕਿ ਐਕਸਟ੍ਰੋਵਰਟ, ਜਿਨ੍ਹਾਂ ਨੂੰ ਵਧੇਰੇ ਅਤੇ ਅਕਸਰ ਸੋਸ਼ਲਾਈਜ਼ ਕਰਨ ਨਾਲ ਲਾਭ ਹੁੰਦਾ ਹੈ, ਇੱਕ ਪੌਦੇ ਵਾਂਗ ਹੁੰਦੇ ਹਨ ਜਿਸਨੂੰ ਵਾਰ-ਵਾਰ ਪਾਣੀ ਦੀ ਲੋੜ ਹੁੰਦੀ ਹੈ, ਨਹੀਂ ਤਾਂ ਇਹ ਨੁਕਸਾਨ ਝੱਲੇਗਾ।
ਪਰ ਇੰਟਰੋਵਰਟ ਉਨ੍ਹਾਂ ਪੌਦਿਆਂ ਵਾਂਗ ਹੁੰਦੇ ਹਨ ਜਿਨ੍ਹਾਂ ਨੂੰ ਕਦੇ-ਕਦੇ ਪਾਣੀ ਦੇਣ ਦੀ ਲੋੜ ਹੁੰਦੀ ਹੈ, ਜ਼ਿਆਦਾ ਪਾਣੀ ਦੇਣਾ ਵੀ ਨੁਕਸਾਨਦਾਇਕ ਹੈ। ਪਰ ਜੇ ਤੁਸੀਂ ਕਦੇ ਵੀ ਪਾਣੀ ਨਾ ਦਿਓ, ਤਾਂ ਪੌਦਾ ਸਿਹਤਮੰਦ ਨਹੀਂ ਰਹੇਗਾ।
ਰੇਨ ਕਹਿੰਦੇ ਹਨ, "ਸਾਨੂੰ ਆਪਣੇ ਵਿਅਕਤੀਗਤ ਦਿਮਾਗ ਦੀਆਂ ਲੋੜਾਂ ਨੂੰ ਪੂਰਾ ਕਰਨਾ ਚਾਹੀਦਾ ਹੈ ਅਤੇ ਪਹਿਲਾ ਕਦਮ ਹੈ ਆਪਣੀਆਂ ਲੋੜਾਂ ਨੂੰ ਸਮਝਣਾ।"
ਰੇਨ ਕਹਿੰਦੇ ਹਨ ਕਿ ਇਹ ਸਮਝਣਾ ਮਹੱਤਵਪੂਰਨ ਹੈ ਕਿ ਸੰਪਰਕ ਦੇ ਵੱਖ-ਵੱਖ ਪੱਧਰ ਹੁੰਦੇ ਹਨ, ਅਤੇ ਸਾਰੇ ਦੇ ਆਪਣੇ ਫਾਇਦੇ ਹਨ। ਉਹ ਇਸਨੂੰ ਇੱਕ ਤਲਾਬ ਵਾਂਗ ਸੋਚਦੇ ਹਨ, ਜਿਸ ਵਿੱਚ ਥੋੜ੍ਹਾ ਅਤੇ ਡੂੰਘਾ ਹਿੱਸਾ ਦੋਵੇਂ ਹੁੰਦੇ ਹਨ।
ਕੇਵਲ ਆਪਣੇ ਪੈਰ ਦੀ ਉਂਗਲ ਤੱਕ ਵੀ ਪਾਣੀ ਵਿੱਚ ਰੱਖਣਾ, ਜਿਵੇਂ ਗੁਆਂਢੀ ਨੂੰ ਹੱਥ ਹਿਲਾ ਕੇ ਸਲਾਮ ਕਰਨਾ, ਤੁਹਾਡੀ ਖੁਸ਼ੀ ਵਧਾ ਸਕਦਾ ਹੈ। ਤੁਸੀਂ ਹੋਰ ਅੱਗੇ ਵੱਧ ਸਕਦੇ ਹੋ ਜਿਵੇਂ ਸੁਪਰਮਾਰਕੀਟ ਦੀ ਕਤਾਰ ਵਿੱਚ ਕਿਸੇ ਅਜਨਬੀ ਨਾਲ ਗੱਲ ਕਰਨਾ ਜਾਂ ਡੂੰਘਾਈ ਵਿੱਚ ਜਾ ਕੇ ਕਿਸੇ ਨੇੜਲੇ ਦੋਸਤ ਨਾਲ ਅਰਥਪੂਰਨ ਗੱਲਬਾਤ ਕਰ ਸਕਦੇ ਹੋ।
ਰੇਨ ਕਹਿੰਦੇ ਹਨ, "ਇਹ ਜ਼ਰੂਰੀ ਨਹੀਂ ਕਿ ਹਰ ਵਾਰ ਡੂੰਘੇ ਜਾਓ। ਮੁੱਖ ਗੱਲ ਇਹ ਹੈ ਕਿ ਤੁਸੀਂ ਤਲਾਬ ਤੋਂ ਬਾਹਰ ਨਾ ਰਹੋ।"
ਜਦਕਿ ਸੰਪਰਕ ਸਾਡੀ ਵਿਅਕਤੀਗਤ ਭਲਾਈ ਨੂੰ ਸੁਧਾਰ ਸਕਦਾ ਹੈ, ਰੇਨ ਮੰਨਦੇ ਹਨ ਕਿ ਇਸਦਾ ਪੂਰੀ ਦੁਨੀਆ 'ਤੇ ਵੀ ਵੱਡਾ ਪ੍ਰਭਾਵ ਪੈ ਸਕਦਾ ਹੈ।
ਰੇਨ ਕਹਿੰਦੇ ਹਨ, "ਜੈਵਿਕ, ਮਨੋਵਿਗਿਆਨਕ ਅਤੇ ਸੱਭਿਆਚਾਰਕ ਤੌਰ 'ਤੇ ਸਾਡੇ ਲਈ ਇੱਕ-ਦੂਜੇ ਨਾਲ ਚੰਗਾ ਵਰਤਾਅ ਕਰਨ ਦੇ ਬਹੁਤ ਫਾਇਦੇ ਹਨ। ਅਤੇ ਇਹ ਹੈਰਾਨੀਜਨਕ ਹੈ ਕਿ ਅਸੀਂ ਇਸਦਾ ਹੋਰ ਜ਼ਿਆਦਾ ਸੋਚ-ਸਮਝ ਕੇ ਲਾਭ ਨਹੀਂ ਲੈਂਦੇ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ