ਨਿਊਯਾਰਕ ਦੇ ਤਹਿਖ਼ਾਨੇ ਵਿੱਚ ਰੱਖੇ ਆਪਣੇ ਕਈ ਟਨ ਸੋਨੇ ਨੂੰ ਵਾਪਸ ਕਿਉਂ ਲਿਆਉਣਾ ਚਾਹੁੰਦੇ ਹਨ ਯੂਰਪ ਦੇ ਦੇਸ਼

    • ਲੇਖਕ, ਗਿਲੇਰਮੋ ਡੀ. ਓਲਮੋ
    • ਰੋਲ, ਬੀਬੀਸੀ ਨਿਊਜ਼ ਮੁੰਡੋ
  • ਪੜ੍ਹਨ ਦਾ ਸਮਾਂ: 9 ਮਿੰਟ

ਨਿਊਯਾਰਕ ਵਿੱਚ ਲਿਬਰਟੀ ਸਟ੍ਰੀਟ 'ਤੇ ਜ਼ਮੀਨ ਤੋਂ 25 ਮੀਟਰ ਹੇਠਾਂ ਅਮਰੀਕਾ ਦਾ ਫੈਡਰਲ ਰਿਜ਼ਰਵ ਆਪਣੇ ਮੁੱਖ ਦਫ਼ਤਰ ਦੇ ਤਹਿਖ਼ਾਨੇ ਵਿੱਚ ਦੁਨੀਆਂ ਭਰ ਦੇ ਕੇਂਦਰੀ ਬੈਂਕਾਂ, ਸਰਕਾਰਾਂ ਅਤੇ ਸੰਸਥਾਵਾਂ ਦੀ ਮਾਲਕੀ ਵਾਲੇ ਪੰਜ ਲੱਖ ਤੋਂ ਜ਼ਿਆਦਾ ਸੋਨੇ ਦੇ ਬਿਸਕੁਟਾਂ ਦੀ ਸੁਰੱਖਿਆ ਕਰਦਾ ਹੈ।

ਫੈਡਰਲ ਰਿਜ਼ਰਵ, ਜਿਸ ਨੂੰ ਅਕਸਰ 'ਫੈਡ' ਵੀ ਕਿਹਾ ਜਾਂਦਾ ਹੈ, ਅਮਰੀਕਾ ਦਾ ਕੇਂਦਰੀ ਬੈਂਕ ਹੈ।

ਫੈਡਰਲ ਬੈਂਕ ਦੀ ਇਹ ਤਿਜੌਰੀ 90 ਟਨ ਦੇ ਸਟੀਲ ਸਿਲੰਡਰ ਨਾਲ ਸੁਰੱਖਿਅਤ ਹੈ ਅਤੇ ਇੱਕ ਵਾਰ ਬੰਦ ਹੋ ਜਾਣ ਬਾਅਦ ਇਸ ਦੇ ਵੱਡੇ ਤਾਲੇ ਨੂੰ ਅਗਲੇ ਦਿਨ ਤੱਕ ਖੋਲ੍ਹਿਆ ਨਹੀਂ ਜਾ ਸਕਦਾ ਹੈ।

ਇਹ ਫੈਡਰਲ ਰਿਜ਼ਰਵ ਦਾ ਗੋਲਡ ਵਾਲਟ ਹੈ, ਜੋ ਦੁਨੀਆਂ ਦਾ ਸਭ ਤੋਂ ਵੱਡਾ ਸੋਨੇ ਦਾ ਭੰਡਾਰ ਹੈ। ਇਸ ਵਿੱਚ ਲਗਭਗ 6,300 ਟਨ ਸੋਨੇ ਦੀਆਂ ਸਿੱਲਾਂ ਦੇ ਢੇਰ ਰੱਖੇ ਹੋਏ ਹਨ। ਜਿਨ੍ਹਾਂ ਦਾ ਵਰਤਮਾਨ ਮੁੱਲ ਇੱਕ ਟ੍ਰਿਲੀਅਨ ਡਾਲਰ ਤੋਂ ਜ਼ਿਆਦਾ ਹੈ।

ਇਹ ਅਮਰੀਕਾ ਦੀ ਜੀਡੀਪੀ ਦਾ ਲਗਭਗ ਚਾਰ ਫ਼ੀਸਦੀ ਹੈ।

ਇਹ ਗੋਲਡ ਵਾਲਟ ਗਲੋਬਲ ਫਾਈਨਾਂਸ ਸਿਸਟਮ ਦੀ ਸਥਿਰਤਾ ਵਿੱਚ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਕਿਉਂਕਿ ਕਈ ਦੇਸ਼ ਆਪਣੇ ਸੋਨੇ ਨੂੰ ਇੱਥੇ ਸਟੋਰ ਕਰਦੇ ਹਨ।

ਇਹ ਸੋਨਾ ਉਨ੍ਹਾਂ ਦੀ ਕਰੰਸੀ ਨੂੰ ਸਪੋਰਟ ਕਰਨ ਅਤੇ ਮੁਸ਼ਕਲ ਹਾਲਾਤ ਨਾਲ ਨਜਿੱਠਣ ਲਈ ਆਖ਼ਰੀ ਸੁਰੱਖਿਅਤ ਪ੍ਰਾਪਰਟੀ ਹੈ।

ਸੋਨੇ ਨੂੰ ਵਿੱਤੀ ਉਥਲ-ਪੁਥਲ ਜਾਂ ਭੂ-ਰਾਜਨੀਤਕ ਅਸਥਿਰਤਾ ਅਤੇ ਮਹਿੰਗਾਈ ਕਾਰਨ ਪੂੰਜੀ ਮੁੱਲ ਵਿੱਚ ਹੋਣ ਵਾਲੀ ਹਾਨੀ ਵੇਲੇ ਇੱਕ ਸੁਰੱਖਿਅਤ ਨਿਵੇਸ਼ ਮੰਨਿਆ ਜਾਂਦਾ ਰਿਹਾ ਹੈ।

ਇਸ ਲਈ ਇਹ ਕੀਮਤੀ ਧਾਤ ਦੁਨੀਆਂ ਭਰ ਦੇ ਕੇਂਦਰੀ ਬੈਂਕਾਂ ਖਾਸ ਕਰਕੇ ਯੂਰਪੀ ਬੈਂਕਾਂ ਦੇ ਰਿਜ਼ਰਵ ਦਾ ਇੱਕ ਮਹੱਤਵਪੂਰਨ ਹਿੱਸਾ ਹੈ।

ਅਮਰੀਕਾ ਦੀ ਬਰਕਲੇ ਯੂਨੀਵਰਸਿਟੀ ਵਿੱਚ ਕੌਮਾਂਤਰੀ ਮੁਦਰਾ ਸਿਸਟਮ ਦੇ ਮਾਹਰ ਆਈਚੇਂਗ੍ਰੀਨ ਨੇ ਬੀਬੀਸੀ ਮੁੰਡੋ ਨੂੰ ਦੱਸਿਆ, "ਇਹ ਉਨ੍ਹਾਂ ਦੀਆਂ ਸਭ ਤੋਂ ਮਹੱਤਵਪੂਰਨ ਜਾਇਦਾਦਾਂ ਵਿੱਚੋਂ ਇੱਕ ਹੈ ਕਿਉਂਕਿ ਪ੍ਰਤੀਕੂਲ ਭੂ-ਰਾਜਨੀਤਕ ਘਟਨਾਵਾਂ ਦੇ ਸਾਹਮਣੇ ਇਹ ਉਨ੍ਹਾਂ ਨੂੰ ਬੈਂਕਾਂ ਅਤੇ ਕੰਪਨੀਆਂ ਲਈ ਆਖ਼ਰੀ ਲੈਣਦਾਰ ਦੇ ਰੂਪ ਵਿੱਚ ਕੰਮ ਕਰਨ ਅਤੇ ਵਿਦੇਸ਼ੀ ਮੁਦਰਾ ਬਜ਼ਾਰਾਂ ਵਿੱਚ ਦਖ਼ਲ ਕਰਨ ਦੀ ਇਜਾਜ਼ਤ ਦਿੰਦਾ ਹੈ।"

ਦਹਾਕਿਆਂ ਤੱਕ ਅਮਰੀਕਾ ਅਤੇ ਉਸ ਦੇ ਫੈਡਰਲ ਰਿਜ਼ਰਵ ਨੂੰ ਇਸ ਤਰ੍ਹਾਂ ਦੀ ਜ਼ਰੂਰੀ ਸੰਪਤੀ ਦੇ ਸਭ ਤੋਂ ਭਰੋਸੇਮੰਦ ਰੱਖਿਅਕ ਵਜੋਂ ਦੇਖਿਆ ਜਾਂਦਾ ਹੈ।

ਖਾਸ ਕਰਕੇ ਕਈ ਯੂਰਪੀ ਦੇਸ਼ ਜੋ ਸੋਵੀਅਤ ਸੰਘ ਦੀ ਤਾਕਤ ਤੋਂ ਖ਼ਤਰਾ ਮਹਿਸੂਸ ਕਰਦੇ ਸੀ ਅਤੇ ਉੱਥੇ ਵੱਡੀ ਮਾਤਰਾ ਵਿੱਚ ਸੋਨੇ ਨੂੰ ਰਿਜ਼ਰਵ ਕਰਦੇ ਸੀ।

ਪਰ ਡੌਨਲਡ ਟਰੰਪ ਦੇ ਸੱਤਾ ਵਿੱਚ ਪਰਤਣ ਬਾਅਦ ਯੂਰਪ ਦੇ ਰਾਜਨੇਤਾਵਾਂ ਅਤੇ ਮਾਹਰਾਂ ਨੇ ਉੱਥੇ ਮੌਜੂਦ ਆਪਣੇ ਸੋਨੇ ਨੂੰ ਵਾਪਸ ਲਿਆਉਣ ਦੀ ਸੰਭਾਵਨਾ ਜਤਾਈ ਹੈ।

ਹਾਲ ਹੀ ਦੇ ਮਹੀਨਿਆਂ ਵਿੱਚ ਡੌਨਲਡ ਟਰੰਪ ਅਤੇ ਯੂਰਪੀ ਸਹਿਯੋਗੀਆਂ ਵਿੱਚਕਾਰ ਕਈ ਮੁੱਦਿਆਂ 'ਤੇ ਮਤਭੇਦ ਸਾਹਮਣੇ ਆਏ ਹਨ। ਟਰੰਪ ਦੇ ਕੌਮਾਂਤਰੀ ਵਚਨਬੱਧਤਾਵਾਂ ਦੀ ਉਲੰਘਣਾ, ਟੈਰਿਫ, ਗ੍ਰੀਨਲੈਂਡ 'ਤੇ ਡੈਨਮਾਰਕ ਦੀ ਪ੍ਰਭੂਸੱਤਾ ਜਾਂ ਹਾਲ ਹੀ ਵਿੱਚ ਈਰਾਨ ਖ਼ਿਲਾਫ਼ ਜੰਗ ਜਿਹੇ ਮੁੱਦੇ ਸ਼ਾਮਲ ਹਨ।

ਇਨ੍ਹਾਂ ਮਤਭੇਦਾਂ ਨੇ ਅਮਰੀਕਾ ਵਿੱਚ ਰੱਖੇ ਯੂਰਪੀ ਸੋਨੇ ਦੀ ਸੁਰੱਖਿਆ ਬਾਰੇ ਚਿੰਤਾ ਪੈਦਾ ਕਰ ਦਿੱਤੀ ਹੈ।

ਯੂਰਪ ਦਾ ਸੋਨਾ ਅਮਰੀਕਾ ਕਿਵੇਂ ਪਹੁੰਚਿਆ

ਰੂਸ ਦਾ ਕੇਂਦਰੀ ਬੈਂਕ ਆਪਣੇ ਗੋਲਡ ਰਿਜ਼ਰਵ ਨੂੰ ਆਪਣੇ ਹੀ ਖੇਤਰ ਵਿੱਚ ਰੱਖਦਾ ਹੈ, ਜਿਸ ਨਾਲ ਇਹ ਪੱਛਮੀ ਪਾਬੰਦੀਆਂ ਦੇ ਸੰਭਾਵਿਤ ਪ੍ਰਭਾਵ ਤੋਂ ਸੁਰੱਖਿਅਤ ਰਹਿੰਦਾ ਹੈ। ਪਰ ਕਈ ਯੂਰਪੀ ਦੇਸ਼ ਹਾਲੇ ਵੀ ਆਪਣਾ ਗੋਲਡ ਰਿਜ਼ਰਵ ਵਿਦੇਸ਼ਾਂ ਵਿੱਚ ਰੱਖਦੇ ਹਨ।

ਇਨ੍ਹਾਂ ਵਿੱਚੋਂ ਕਈ ਦੇਸ਼ਾਂ ਨੇ ਆਪਣਾ ਸੋਨਾ ਨਿਊਯਾਰਕ ਗੋਲਡ ਵਾਲਟ ਵਿੱਚ ਰੱਖਿਆ ਹੈ।

1950 ਦੇ ਦਹਾਕੇ ਤੋਂ ਹੀ ਉੱਥੇ ਯੂਰਪ ਦਾ ਸੋਨਾ ਜਮ੍ਹਾ ਹੋਣਾ ਸ਼ੁਰੂ ਹੋ ਗਿਆ ਸੀ। ਆਈਚੇਂਗ੍ਰੀਨ ਮੁਤਾਬਕ, "ਉਸ ਦੌਰ ਵਿੱਚ ਜਰਮਨੀ ਅਤੇ ਹੋਰ ਯੂਰਪੀ ਦੇਸ਼ ਤੇਜ਼ੀ ਨਾਲ ਅਮਰੀਕਾ ਨੂੰ ਬਰਾਮਦਗੀ ਕਰ ਰਹੇ ਸੀ। ਉਨ੍ਹਾਂ ਨੂੰ ਸੋਨੇ ਅਤੇ ਡਾਲਰ ਵਿੱਚ ਭੁਗਤਾਨ ਹੋ ਰਿਹਾ ਸੀ।"

"ਸੋਨੇ ਨੂੰ ਜਹਾਜ਼ ਜਾਂ ਹਵਾਈ ਜਹਾਜ਼ 'ਤੇ ਲੱਦਣ ਅਤੇ ਸ਼ਿਪਮੈਂਟ ਦੀ ਸੁਰੱਖਿਆ ਲਈ ਬੀਮਾ ਕਰਾਉਣ ਵਿੱਚ ਪੈਸਾ ਲੱਗਦਾ ਹੈ, ਇਸ ਲਈ ਇਨ੍ਹਾਂ ਦੇਸ਼ਾਂ ਨੇ ਸੋਚਿਆ ਕਿ ਇਸ ਨੂੰ ਫੈਡਰਲ ਰਿਜ਼ਰਵ ਵਾਲਟ ਵਿੱਚ ਰੱਖਣਾ ਬਿਹਤਰ ਹੋਏਗਾ ਕਿਉਂਕਿ ਉੱਥੇ ਰੱਖਣ ਲਈ ਕੋਈ ਫ਼ੀਸ ਨਹੀਂ ਲਗਦੀ ਹੈ।"

1944 ਵਿੱਚ ਬ੍ਰੇਟਨ ਵੁਡਸ ਵਿੱਚ ਤਿਆਰ ਕੀਤੇ ਗਏ ਸਿਸਟਮ ਨੇ ਡਾਲਰ ਲਈ ਸੋਨੇ ਨਾਲ ਜੁੜਿਆ ਇੱਕ ਤੈਅ ਐਕਸਚੇਂਜ ਰੇਟ ਸਥਾਪਿਤ ਕੀਤਾ, ਇਸ ਲਈ ਸੋਨਾ ਅਤੇ ਡਾਲਰ ਸਭ ਤੋਂ ਭਰੋਸੇਯੋਗ ਸੰਪਤੀ ਬਣ ਗਏ।

ਜੰਗ ਤੋਂ ਬਾਅਦ ਯੂਰਪੀ ਸ਼ਕਤੀਆਂ ਨੇ ਅਮਰੀਕਾ ਦੇ ਫੈਡਰਲ ਰਿਜ਼ਰਵ ਦੀ ਦੇਖਰੇਖ ਵਿੱਚ ਬਿਨ੍ਹਾਂ ਕਿਸੇ ਲਾਗਤ ਤੋਂ ਇਨ੍ਹਾਂ ਨੂੰ ਜਮ੍ਹਾ ਕਰਨ ਦਾ ਫਾਇਦਾ ਚੁੱਕਿਆ। ਦੂਜੇ ਪਾਸੇ ਸੋਵੀਅਤ ਖ਼ਤਰੇ ਨੂੰ ਦੇਖਦੇ ਹੋਏ, ਅਮਰੀਕਾ ਦੀ ਸੁਰੱਖਿਆ ਹੀ ਸਭ ਤੋਂ ਚੰਗੀ ਗਾਰੰਟੀ ਸੀ।

ਡੌਨਲਡ ਟਰੰਪ ਦੀ ਵਾਪਸੀ

ਪਰ ਹੁਣ ਸੋਵੀਅਤ ਸੰਘ ਟੁੱਟ ਚੁੱਕਿਆ ਹੈ। ਟਰੰਪ ਦੀ ਵਾਈਟ ਹਾਊਸ ਵਿੱਚ ਵਾਪਸੀ ਨੇ ਅਮਰੀਕਾ ਅਤੇ ਉਸ ਦੇ ਯੂਰਪੀ ਸਹਿਯੋਗੀਆਂ ਵਿੱਚਕਾਰ ਦਹਾਕਿਆਂ ਤੋਂ ਚੱਲੇ ਆ ਰਹੇ ਸੰਤੁਲਨ ਵਿੱਚ ਅੜਿੱਕਾ ਲਗਾਇਆ ਹੈ।

ਜਰਮਨੀ ਕੋਲ ਦੁਨੀਆਂ ਦਾ ਦੂਜਾ ਸਭ ਤੋਂ ਵੱਡਾ ਸੋਨੇ ਦਾ ਭੰਡਾਰ ਹੈ। ਇਹ ਅਮਰੀਕਾ ਤੋਂ ਬਾਅਦ ਦੂਜੇ ਥਾਂ 'ਤੇ ਹੈ। ਜਰਮਨੀ ਸੰਭਾਵਿਤ ਖਤਰਿਆਂ ਪ੍ਰਤੀ ਸਭ ਤੋਂ ਵੱਧ ਸੰਵੇਦਨਸ਼ੀਲ ਦੇਸ਼ਾਂ ਵਿਚੋਂ ਇੱਕ ਹੈ ਅਤੇ ਉੱਥੇ ਚੇਤਾਵਨੀ ਭਰੀਆਂ ਕਈ ਅਵਾਜ਼ਾਂ ਉੱਠੀਆਂ ਹਨ।

ਬੁੰਡੇਸਬੈਂਕ ਦੇ ਮੁੱਖ ਰਿਸਰਚਰ ਰਹੇ ਅਰਥ-ਸ਼ਾਸਤਰੀ ਇਮਾਨੁਐਲ ਮੌਂਚ ਨੇ ਨਿਊਯਾਰਕ ਵਿੱਚ ਜਰਮਨ ਦੇ ਕੇਂਦਰੀ ਬੈਂਕ ਵਿੱਚ ਰੱਖੇ ਗਏ ਸੋਨੇ ਦੀ ਵਾਪਸੀ ਦੀ ਮੰਗ ਕੀਤੀ।

ਜਰਮਨੀ ਦੇ ਮੀਡੀਆ ਦੇ ਅਨੁਮਾਨਾਂ ਮੁਤਾਬਕ, ਫੈਡਰਲ ਰਿਜ਼ਰਵ ਦੇ ਕੋਲ ਜਰਮਨੀ ਦਾ ਲਗਭਗ 1200 ਟਨ ਸੋਨਾ ਹੈ ਜਿਸ ਦੀ ਕੀਮਤ ਲਗਭਗ 200 ਅਰਬ ਅਮਰੀਕੀ ਡਾਲਰ ਹੋਏਗੀ।

ਮੌਂਚ ਮੰਨਦੇ ਹਨ ਕਿ ਇਸ ਨੂੰ ਦੁਬਾਰਾ ਹਾਸਲ ਕਰਨ ਨਾਲ ਜਰਮਨੀ ਨੂੰ ਜ਼ਿਆਦਾ ਰਾਜਨੀਤਕ ਸੁਤੰਤਰਤਾ ਮਿਲੇਗੀ।

ਉਹ ਕਹਿੰਦੇ ਹਨ, "ਮੌਜੂਦਾ ਭੂ-ਰਾਜਨੀਤਕ ਹਾਲਾਤ ਨੂੰ ਦੇਖਦਿਆਂ ਅਮਰੀਕਾ ਵਿੱਚ ਇੰਨੀ ਮਾਤਰਾ ਵਿੱਚ ਸੋਨਾ ਰੱਖਣਾ ਜ਼ੋਖਮ ਭਰਿਆ ਪ੍ਰਤੀਤ ਹੁੰਦਾ ਹੈ।"

ਇਸੇ ਤਰ੍ਹਾਂ ਜਰਮਨ ਦੇ ਕਰ-ਦਾਤਾਵਾਂ ਦੀ ਐਸੋਸੀਏਸ਼ਨ ਦੇ ਪ੍ਰਧਾਨ ਮਾਈਕਲ ਲੰਗਰ ਨੇ ਕਿਹਾ, "ਟਰੰਪ ਰੈਵੀਨਿਊ ਇਕੱਠਾ ਕਰਨ ਵਿੱਚ ਸਮਰੱਥ ਹਨ। ਇਸ ਲਈ ਸਾਡਾ ਸੋਨਾ ਹੁਣ ਫੈਡਰਲ ਰਿਜ਼ਰਵ ਦੇ ਖਜ਼ਾਨੇ ਵਿੱਚ ਸੁਰੱਖਿਅਤ ਨਹੀਂ ਹੈ।"

"ਜੇ ਗ੍ਰੀਨਲੈਂਡ ਨੂੰ ਲੈ ਕੇ ਉਕਸਾਵਾ ਜਾਰੀ ਰਹਿੰਦਾ ਹੈ ਤਾਂ ਕੀ ਹੋਏਗਾ ? ਇਸ ਨਾਲ ਇਹ ਖ਼ਤਰਾ ਵਧ ਜਾਂਦਾ ਹੈ ਕਿ ਬੁੰਡੇਸਬੈਂਕ ਆਪਣੇ ਸੋਨੇ ਤੱਕ ਪਹੁੰਚ ਨਹੀਂ ਸਕੇਗਾ। ਇਸ ਲਈ ਉਸ ਨੂੰ ਆਪਣਾ ਰਿਜ਼ਰਵ ਆਪਣੇ ਦੇਸ਼ ਵਿੱਚ ਵਾਪਸ ਲਿਆਉਣਾ ਹੋਏਗਾ।"

ਇਹ ਚਿੰਤਾ ਸੀਡੀਯੂ ਦੇ ਮੈਂਬਰਾਂ, ਚਾਂਸਲਰ ਫ੍ਰੈਡਰਿਕ ਮਰਜ਼ ਦੀ ਪਾਰਟੀ ਅਤੇ ਹੋਰ ਰਾਜਨੀਤਕ ਤਾਕਤਾਂ ਨੇ ਵੀ ਜ਼ਾਹਿਰ ਕੀਤੀ ਹੈ।

'ਚਿੰਤਾ ਦੀ ਕੋਈ ਗੱਲ ਨਹੀਂ'

ਪਰ ਬੁੰਡੇਸਬੈਂਕ ਦੇ ਪ੍ਰਧਾਨ ਜੋਆਖਿਮ ਮੰਗਲ ਨੇ ਇਨ੍ਹਾਂ ਖ਼ਦਸ਼ਿਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਨੇ ਬੀਤੇ ਸਾਲ ਅਮਰੀਕਾ ਵਿੱਚ ਹੋਈ ਕੌਮਾਂਤਰੀ ਮੁਦਰਾ ਕੋਸ਼ ਦੀ ਇੱਕ ਬੈਠਕ ਵਿੱਚ ਕਿਹਾ ਸੀ, "ਚਿੰਤਾ ਦੀ ਕੋਈ ਗੱਲ ਨਹੀਂ ਹੈ।"

ਫ਼ਰਵਰੀ ਵਿੱਚ, ਉਨ੍ਹਾਂ ਨੂੰ ਇੱਕ ਪ੍ਰੈੱਸ ਕਾਨਫਰੰਸ ਵਿੱਚ ਇਸ ਮੁੱਦੇ 'ਤੇ ਦੁਬਾਰਾ ਗੱਲ ਕਰਨੀ ਪਈ। ਉਨ੍ਹਾਂ ਨੇ ਕਿਹਾ, "ਇਹ ਗੱਲ ਮੈਨੂੰ ਰਾਤ ਨੂੰ ਸੌਣ ਨਹੀਂ ਦਿੰਦੀ। ਹਾਲਾਂਕਿ ਮੈਨੂੰ ਅਮਰੀਕੀ ਕੇਂਦਰੀ ਬੈਂਕ ਵਿੱਚ ਆਪਣੇ ਸਹਿਯੋਗੀਆਂ 'ਤੇ ਪੂਰਾ ਭਰੋਸਾ ਹੈ।"

ਪਰ ਨਾ ਤਾਂ ਫੈਡਰਲ ਰਿਜ਼ਰਵ ਅਤੇ ਨਾ ਹੀ ਟਰੰਪ ਪ੍ਰਸ਼ਾਸਨ ਨੇ ਇਸ ਬਾਰੇ ਕੁਝ ਨਹੀਂ ਕਿਹਾ ਹੈ। ਵਿਸ਼ਲੇਸ਼ਕ ਆਈਚੇਂਗ੍ਰੀਨ ਨੇ ਕਿਹਾ, "ਮੈਨੂੰ ਕੋਈ ਭਰੋਸਾ ਦਵਾਉਣ ਵਾਲੀ ਗੱਲ ਸੁਣਨ ਨੂੰ ਨਹੀਂ ਮਿਲਿਆ ਹੈ ਅਤੇ ਮੈਨੂੰ ਲੱਗਦਾ ਹੈ ਕਿ ਇਹ ਸਮੇਂ 'ਤੇ ਹੋਏਗਾ।"

ਬੀਬੀਸੀ ਮੁੰਡੋ ਨੇ ਫੈਡਰਲ ਰਿਜ਼ਰਵ ਨਾਲ ਸੰਪਰਕ ਕੀਤਾ, ਪਰ ਕੋਈ ਜਵਾਬ ਨਹੀਂ ਮਿਲਿਆ। ਸੰਸਥਾ ਦੀ ਚੁੱਪੀ ਉਸ ਦੇ ਪ੍ਰਧਾਨ ਜੇਰੋਮ ਪਾਵੇਲ ਅਤੇ ਸਰਕਾਰ ਵਿੱਚਕਾਰ ਸੰਬੰਧਾਂ ਵਿੱਚ ਤਣਾਅਪੂਰਨ ਪਲਾਂ ਦੇ ਨਾਲ ਮੇਲ ਖਾਂਦੀ ਹੈ।

ਟਰੰਪ ਨੇ ਵਿਆਜ ਦਰਾਂ ਨੂੰ ਘੱਟ ਕਰਨ ਤੋਂ ਇਨਕਾਰ ਕਰਨ ਲਈ ਉਨ੍ਹਾਂ 'ਤੇ ਵਾਰ-ਵਾਰ ਹਮਲਾ ਕੀਤਾ ਹੈ। ਨਿਆਂ ਵਿਭਾਗ ਨੇ ਪਾਵੇਲ ਖ਼ਿਲਾਫ਼ ਇੱਕ ਅਪਰਾਧਿਕ ਜਾਂਚ ਸ਼ੁਰੂ ਕੀਤੀ ਸੀ।

ਉਨ੍ਹਾਂ ਨੇ ਫੈਡਰਲ ਰਿਜ਼ਰਵ ਦੀ ਅਜ਼ਾਦੀ ਨੂੰ ਖ਼ਤਮ ਕਰਨ ਅਤੇ ਇਸ ਨੂੰ "ਰਾਸ਼ਟਰਪਤੀ ਦੀਆਂ ਤਰਜੀਹਾਂ ਦਾ ਪਾਲਣ ਕਰਨ" ਲਈ ਮਜਬੂਰ ਕਰਨ ਲਈ ਕਾਰਜ-ਪਾਲਿਕਾ ਦੀਆਂ "ਧਮਕੀਆਂ ਅਤੇ ਦਬਾਅ" ਦੇ ਹਿੱਸੇ ਦੇ ਰੂਪ ਵਿੱਚ ਨਿੰਦਾ ਕੀਤੀ ਹੈ।

1960 ਦੇ ਦਹਾਕੇ ਵਿੱਚ ਕੀ ਹੋਇਆ ਸੀ?

ਜਰਮਨੀ ਯੂਰਪ ਦਾ ਇਕਲੌਤਾ ਦੇਸ਼ ਨਹੀਂ ਹੈ ਜਿਸ ਦਾ ਸੋਨਾ ਨਿਊਯਾਰਕ ਵਿੱਚ ਜਮ੍ਹਾ ਹੈ। ਇਟਲੀ ਅਤੇ ਸਵਿਟਰਜ਼ਲੈਂਡ ਦਾ ਸੋਨਾ ਵੀ ਫੈਡਰਲ ਰਿਜ਼ਰਵ ਦੇ ਕੋਲ ਹੈ।

ਨੀਦਰਲੈਂਡਜ਼ ਨੇ 2014 ਵਿੱਚ ਫੈਡਰਲ ਰਿਜ਼ਰਵ ਵਿੱਚ ਜਮ੍ਹਾ ਆਪਣੇ ਭੰਡਾਰ ਦਾ ਫੀਸਦ 51 ਫ਼ੀਸਦ ਤੋਂ ਘਟਾ ਕੇ 31 ਫ਼ੀਸਦ ਕਰ ਦਿੱਤਾ।

ਉਸ ਵੇਲੇ ਜਰਮਨੀ ਨੇ ਆਪਣੇ ਕੁਝ ਸੋਨੇ ਦੇ ਬਿਸਕੁਟ ਵਾਪਸ ਸਵਦੇਸ਼ ਭੇਜ ਦਿੱਤੇ ਸੀ, ਪਰ ਉਨ੍ਹਾਂ ਵਿੱਚੋਂ ਜ਼ਿਆਦਾਤਰ ਗੋਲਡ ਵਾਲਟ ਵਿੱਚ ਹੀ ਰਹੇ ਗਏ ਸੀ।

ਆਈਚੇਂਗ੍ਰੀਨ ਦੱਸਦੇ ਹਨ, "ਇਹ ਗ੍ਰੀਕ ਕਰਜ਼ ਸੰਕਟ ਅਤੇ ਯੂਰੋ ਸੰਕਟ ਦਾ ਸਮਾਂ ਸੀ। ਯੂਰਪੀ ਲੋਕ ਇਹ ਸੁਨਿਸ਼ਚਿਤ ਕਰਨਾ ਚਾਹੁੰਦੇ ਸੀ ਕਿ ਉਨ੍ਹਾਂ ਦੀ ਕਰੰਸੀ ਅਤੇ ਬੈਂਕ ਡਿਪਾਜ਼ਿਟ ਕਿਸੇ ਠੋਸ ਚੀਜ਼ ਨਾਲ ਸਮਰਥਿਤ ਹੋਣ।"

ਕਈ ਸਾਲ ਪਹਿਲਾਂ 1960 ਦੇ ਦਹਾਕੇ ਵਿੱਚ ਫਰਾਂਸ ਦੇ ਰਾਸ਼ਟਰਪਤੀ ਚਾਰਲਸ ਡੀ ਗਾਲ ਨੇ ਡਾਲਰ ਦੀ ਕੀਮਤ ਅਚਾਨਕ ਡਿੱਗਣ ਦੇ ਡਰੋਂ ਫੈਡਰਲ ਰਿਜ਼ਰਵ ਵਿੱਚ ਆਪਣੇ ਦੇਸ਼ ਦੇ ਰੱਖੇ ਗਏ ਸੋਨੇ ਦੇ ਬਿਸਕੁਟ ਵਾਪਸ ਲੈ ਲਏ ਸੀ।

ਸਮੇਂ ਨੇ ਉਨ੍ਹਾਂ ਨੂੰ ਸਹੀ ਸਾਬਿਤ ਕੀਤਾ। 1971 ਵਿੱਚ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ ਨੇ ਡਾਲਰ ਦੀ ਸੋਨੇ ਵਿੱਚ ਕਨਵਰਟਿਬਲਿਟੀ ਨੂੰ ਖਤਮ ਕਰ ਦਿੱਤਾ। ਇਸ ਨਾਲ ਦੂਜੇ ਵਿਸ਼ਵ ਯੁੱਧ ਦੇ ਅੰਤ ਵਿੱਚ ਤਿਆਰ ਕੀਤਾ ਗਿਆ ਕੌਮਾਂਤਰੀ ਮੁਦਰਾ ਸਿਸਟਮ ਕਮਜ਼ੋਰ ਹੋ ਗਿਆ।

ਇਸ ਨਾਲ ਨਿਊਯਾਰਕ ਵਿੱਚ ਰੱਖੇ ਸੋਨੇ ਦੇ ਬਿਸਕੁਟ ਦਾ ਡਾਲਰ ਮੁੱਲ ਰਾਤੋ ਰਾਤ ਕਾਫ਼ੀ ਘੱਟ ਹੋ ਗਿਆ ਸੀ।

ਇੱਕ ਮਹਿੰਗੀ ਵਾਪਸੀ

ਫੈਡਰਲ ਰਿਜ਼ਰਵ ਦੇ ਗੋਲਡ ਵਾਲਟ ਵਿੱਚ ਹੁਣ ਪਹਿਲਾਂ ਦੀ ਤੁਲਨਾ ਵਿੱਚ ਘੱਟ ਸੋਨਾ ਹੈ। ਫੈਡਰਲ ਰਿਜ਼ਰਵ ਦੇ ਅੰਕੜਿਆਂ ਮੁਤਾਬਕ, ਨਿਊਯਾਰਕ ਦੇ ਵਾਲਟ ਵਿੱਚ ਜਮ੍ਹਾ ਕੌਮਾਂਤਰੀ ਸੋਨੇ ਦੇ ਰਿਜ਼ਰਵ ਦੀ ਮਾਤਰਾ ਵਿੱਚ 1973 ਤੋਂ ਲਗਾਤਾਰ ਗਿਰਾਵਟ ਆਈ ਹੈ। ਉਸ ਵੇਲੇ ਇਹ 12 ਹਜ਼ਾਰ ਟਨ ਤੋਂ ਜ਼ਿਆਦਾ ਤੱਕ ਪਹੁੰਚ ਗਈ ਸੀ।

ਪਰ ਯੂਰਪ ਦੇ ਸੋਨੇ ਨੂੰ ਉੱਥੇ ਹੀ ਰੱਖਣ ਦੇ ਵਿਚਾਰ ਦੇ ਵੀ ਹਾਲੇ ਵੀ ਸਮਰਥਕ ਹਨ।

ਜਰਮਨੀ ਵਿੱਚ ਆਈਐੱਫਓ ਇੰਸਟਿਚਿਊਟ ਜ਼ਰ ਇਕਨਾਮਿਕਸ ਰਿਸਰਚ ਦੇ ਕਲੇਮਾਂ ਫਿਊਸਟ ਨੇ ਬਰਤਾਨਵੀ ਅਖਬਾਰ 'ਦਿ ਗਾਰਡੀਅਨ' ਨੂੰ ਦੱਸਿਆ ਕਿ ਸੋਨੇ ਨੂੰ ਵਾਪਸ ਲਿਆਉਣਾ ਮੌਜੂਦਾ ਸਥਿਤੀ ਵਿੱਚ ਅੱਗ ਵਿੱਚ ਘਿਓ ਪਾਉਣ ਜਿਹਾ ਹੋਏਗਾ ਅਤੇ ਇਸ ਦੇ ਅਜਿਹੇ ਨਤੀਜੇ ਹੋ ਸਕਦੇ ਹਨ ਜਿਨ੍ਹਾਂ ਦਾ ਉਮੀਦ ਵੀ ਨਹੀਂ ਕੀਤੀ ਜੀ ਸਕਦੀ।

ਯੂਰਪੀ ਸੋਨੇ ਦੇ ਰੱਖਿਅਕ ਵਜੋਂ ਅਮਰੀਕੀ ਫੈਡਰਲ ਰਿਜ਼ਰਵ ਦੀ ਭਰੋਸੇਯੋਗਤਾ ਨੂੰ ਲੈ ਕੇ ਉੱਠ ਰਹੇ ਸ਼ੱਕ ਦਹਾਕਿਆਂ ਤੋਂ ਚੱਲੀ ਆ ਰਹੀ ਵਿਸ਼ਵ ਵਿਵਸਥਾ ਵਿੱਚ ਇੱਕ ਹੋਰ ਦਰਾਰ ਪੈਦਾ ਕਰਨ ਦੀ ਚੋਤੇਵਨੀ ਦੇ ਰਹੇ ਹਨ।

ਆਈਚੇਂਗ੍ਰੀਨ ਮੁਤਾਬਕ, "ਇਸ ਨੂੰ ਹਟਾਉਣ ਨਾਲ ਅਮਰੀਕਾ ਲਈ ਮਹੱਤਵਪੂਰਨ ਆਰਥਿਕ ਨਤੀਜੇ ਨਹੀਂ ਹੋਣਗੇ। ਸੋਨੇ ਦੀ ਸੁਰੱਖਿਆ ਵਿੱਚ ਅਮਰੀਕਾ ਨੇ ਮੁਫਤ ਯੋਗਦਾਨ ਦਿੱਤਾ ਹੈ। ਠੀਕ ਉਸੇ ਤਰ੍ਹਾਂ ਜਿਵੇਂ ਨੈਟੋ ਦਾ ਸੁਰੱਖਿਆ ਕਵਰ ਜਾਂ ਕੌਮਾਂਤਰੀ ਮੁਦਰਾ ਦੇ ਰੂਪ ਵਿੱਚ ਡਾਲਰ।"

"ਇਹ ਸਰਕਾਰ ਇਸ ਗੱਲ 'ਤੇ ਵਿਸ਼ਵਾਸ ਨਹੀਂ ਕਰਦੀ ਕਿ ਅਮਰੀਕਾ ਨੂੰ ਸੇਵਾਵਾਂ ਮੁਫ਼ਤ ਵਿੱਚ ਦੇਣੀਆਂ ਚਾਹੀਦੀਆਂ ਹਨ। ਕੋਈ ਵੀ ਅਜਿਹੀ ਚੀਜ਼ ਜੋ ਅਮਰੀਕਾ ਵਿੱਚ ਆਪਣੀ ਜਮ੍ਹਾ ਰਾਸ਼ੀ ਦੀ ਸੁਰੱਖਿਆ ਬਾਰੇ ਸਹਿਯੋਗੀਆਂ ਦੇ ਖ਼ਦਸ਼ੇ ਨੂੰ ਵਧਾਉਂਦੀ ਹੈ। ਦੇਸ਼ ਦੇ ਪ੍ਰਤੀ ਉਨ੍ਹਾਂ ਦੀ ਸਦਭਾਵਨਾ ਨੂੰ ਹੋਰ ਘੱਟ ਕਰਦੀ ਹੈ। ਜੋ ਕਿ ਉਦੋਂ ਜ਼ਰੂਰੀ ਹੈ ਜਦੋਂ ਤੁਹਾਨੂੰ ਮੱਧ ਪੂਰਬ ਵਿੱਚ ਯੁੱਧ ਜਿਹੀਆਂ ਸਥਿਤੀਆਂ ਵਿੱਚ ਉਨ੍ਹਾਂ ਦੀ ਮਦਦ ਦੀ ਲੋੜ ਹੁੰਦੀ ਹੈ।"

ਹਾਲੇ ਤੱਕ ਅਜਿਹਾ ਕੋਈ ਰਿਕਾਰਡ ਨਹੀਂ ਹੈ ਕਿ ਕਿਸੇ ਯੂਰਪੀਅਨ ਦੇਸ਼ ਨੇ ਟਰੰਪ ਦੇ ਦੂਜੇ ਕਾਰਜਕਾਲ ਵਿੱਚ ਆਪਣਾ ਸੋਨਾ ਵਾਪਸ ਆਪਣੇ ਦੇਸ਼ ਲਿਆਉਣ ਦਾ ਫ਼ੈਸਲਾ ਕੀਤਾ ਹੋਵੇ।

ਪਰ ਸ਼ਾਇਦ ਈਸੀਬੀ ਦੀ ਪ੍ਰਧਾਨ ਕ੍ਰਿਸਟੀਨ ਲੇਗਾਰਡ ਨੇ ਪਿਛਲੇ ਸਾਲ ਦਿੱਤੇ ਗਏ ਭਾਸ਼ਣ ਦੇ ਸ਼ਬਦ ਇਸ ਦੇ ਕੁਝ ਨੇਕਾਵਾਂ ਦੇ ਮਨ ਵਿੱਚ ਗੂੰਜ ਰਹੇ ਹੋਣਗੇ, " ਕੌਮਾਂਤਰੀ ਮੁਦਰਾ ਸਿਸਟਮ ਦੇ ਇਤਿਹਾਸ ਵਿੱਚ ਅਜਿਹੇ ਸਮੇਂ ਵੀ ਆਉਂਦੇ ਹਨ ਜਦੋਂ ਅਡਿੱਗ ਦਿਸਣ ਵਾਲੀ ਨੀਂਹ ਵੀ ਹਿੱਲਣ ਲਗਦੀ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)