ਟਰੰਪ ਦਾ ਸੰਬੋਧਨ, 'ਈਰਾਨ ਦੀ ਨੇਵੀ ਖਤਮ ਹੋ ਚੁੱਕੀ ਹੈ, ਉਨ੍ਹਾਂ ਦੀ ਏਅਰ ਫੋਰਸ ਤਬਾਹ ਹੋ ਚੁੱਕੀ ਹੈ, ਉਨ੍ਹਾਂ ਦੇ ਜ਼ਿਆਦਾਤਰ ਆਗੂ ਮਾਰੇ ਜਾ ਚੁੱਕੇ ਹਨ'

ਪੜ੍ਹਨ ਦਾ ਸਮਾਂ: 5 ਮਿੰਟ

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਦੇਸ਼ ਨੂੰ ਸੰਬੋਧਨ ਕਰਦਿਆਂ ਦਾਅਵਾ ਕੀਤਾ ਕਿ ਜੰਗ ਦਾ ਮਕਸਦ ਪੂਰਾ ਹੋਣ ਦੇ ਕਰੀਬ ਹੈ।

ਉਨ੍ਹਾਂ ਕਿਹਾ, "ਅੱਜ ਰਾਤ ਈਰਾਨ ਦੀ ਨੇਵੀ ਖਤਮ ਹੋ ਚੁੱਕੀ ਹੈ, ਉਨ੍ਹਾਂ ਦੀ ਏਅਰ ਫੋਰਸ ਤਬਾਹ ਹੋ ਚੁੱਕੀ ਹੈ, ਉਨ੍ਹਾਂ ਦੇ ਜ਼ਿਆਦਾਤਰ ਆਗੂ ਮਾਰੇ ਜਾ ਚੁੱਕੇ ਹਨ, ।"

ਟਰੰਪ ਨੇ ਇਹ ਵੀ ਕਿਹਾ ਕਿ ਈਰਾਨ ਦੀ ਮਿਜ਼ਾਇਲਾਂ ਅਤੇ ਡਰੋਨ ਲਾਂਚ ਕਰਨ ਦੀ ਸਮਰੱਥਾ ਕਾਫ਼ੀ ਘੱਟ ਹੋ ਗਈ ਹੈ।

ਉਨ੍ਹਾਂ ਨੇ ਕਿਹਾ, "ਅਸੀਂ ਇਜ਼ਰਾਈਲ ਨੂੰ ਅਤੇ ਮਿਡਲ ਈਸਟ ਦੇ ਆਪਣੇ ਬਾਕੀ ਸਹਿਯੋਗੀਆਂ - ਸਾਊਦੀ ਅਰਬ, ਬਹਿਰੀਨ, ਕਤਰ, ਕੁਵੈਤ ਅਤੇ ਯੂਏਈ ਨੂੰ ਉਨ੍ਹਾਂ ਦੇ ਸਹਿਯੋਗ ਲਈ ਸ਼ੁਕਰੀਆ ਅਦਾ ਕਰਦੇ ਹਾਂ।"

ਟਰੰਪ ਨੇ ਕਿਹਾ ਕਿ ਈਰਾਨ ਨੇ ਇਨ੍ਹਾਂ ਵਿੱਚੋਂ ਬਹੁਤ ਸਾਰੇ ਦੇਸ਼ਾਂ 'ਤੇ ਹਮਲਾ ਕੀਤਾ ਹੈ ਅਤੇ ਕਿਹਾ ਕਿ ਇਹ ਇਸ ਗੱਲ ਨੂੰ ਸਾਬਿਤ ਕਰਦਾ ਹੈ ਉਸ ਕੋਲ ਕਦੇ ਵੀ ਪਰਮਾਣੂ ਹਥਿਆਰ ਨਹੀਂ ਹੋਣੇ ਚਾਹੀਦੇ।

ਡੌਨਲਡ ਟਰੰਪ ਨੇ ਕਿਹਾ ਕਿ ਉਹ ਇਹ ਸੰਬੋਧਨ ਜਨਤਾ ਨੂੰ ਇਹ ਸਮਝਾਉਣ ਲਈ ਕਰ ਰਹੇ ਹਨ ਕਿ ਅਮਰੀਕਾ ਅਤੇ ਦੁਨੀਆ ਦੀ ਸੁਰੱਖਿਆ ਲਈ "ਐਪਿਕ ਫਿਊਰੀ" ਕਿਉਂ ਜ਼ਰੂਰੀ ਹੈ।

ਅਮਰੀਕਾ ਨੇ ਈਰਾਨ ਵਿਰੁੱਧ ਆਪਣੀ ਫੌਜੀ ਕਾਰਵਾਈ ਨੂੰ "ਐਪਿਕ ਫਿਊਰੀ" ਦਾ ਕੋਡਨੇਮ ਦਿੱਤਾ ਹੈ।

ਪਿਛਲੇ 47 ਸਾਲਾਂ ਦੌਰਾਨ ਈਰਾਨ ਜਾਂ ਇਸਦੇ ਪ੍ਰਾਕਸੀਜ਼ ਵੱਲੋਂ ਕੀਤੇ ਗਏ ਚਰਮਪੰਥੀ ਹਮਲਿਆਂ ਅਤੇ ਹੋਰ ਕਾਰਵਾਈਆਂ ਦਾ ਜ਼ਿਕਰ ਕਰਦਿਆਂ, ਉਨ੍ਹਾਂ ਨੇ ਦੇਸ਼ ਦੀ ਸੱਤਾ ਨੂੰ ਹਿੰਸਕ ਅਤੇ ਕਾਤਿਲਾਨਾ ਕਰਾਰ ਦਿੱਤਾ।

ਟਰੰਪ ਨੇ ਦੇਸ਼ ਵਿੱਚ ਹਾਲ ਹੀ ਵਿੱਚ ਹੋਏ ਪ੍ਰਦਰਸ਼ਨਾਂ 'ਤੇ ਕੀਤੀ ਗਈ ਕਾਰਵਾਈ ਦਾ ਵੀ ਜ਼ਿਕਰ ਕੀਤਾ, ਜਿਸ ਵਿੱਚ ਹਜ਼ਾਰਾਂ ਨਾਗਰਿਕ ਮਾਰੇ ਗਏ।

ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਆਗੂਆਂ ਨੂੰ ਪਰਮਾਣੂ ਹਥਿਆਰ ਹਾਸਲ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ, "ਮੈਂ ਕਦੇ ਵੀ ਅਜਿਹਾ ਨਹੀਂ ਹੋਣ ਦੇਵਾਂਗਾ।"

'ਅਸੀਂ ਉਨ੍ਹਾਂ ਪਰਮਾਣੂ ਟਿਕਾਣਿਆਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ'

ਟਰੰਪ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਕੀਤੀ ਗਈ ਪਰਮਾਣੂ ਸੰਧੀ ਨੂੰ ਇੱਕ ਗਲਤੀ ਦੱਸਿਆ ਹੈ ਅਤੇ ਕਿਹਾ ਹੈ ਕਿ ਇਸਨੂੰ ਖਤਮ ਕਰਨਾ ਉਨ੍ਹਾਂ ਲਈ ਮਾਣ ਦੀ ਗੱਲ ਸੀ।

ਉਨ੍ਹਾਂ ਨੇ ਜੂਨ 2025 ਵਿੱਚ ਈਰਾਨ ਦੇ ਪਰਮਾਣੂ ਪ੍ਰੋਗਰਾਮ ਦੇ ਖ਼ਿਲਾਫ਼ ਆਪਣੇ ਹੁਕਮ 'ਤੇ ਕੀਤੇ ਗਏ ਇੱਕ ਹਮਲੇ 'ਆਪ੍ਰੇਸ਼ਨ ਮਿਡਨਾਈਟ ਹੈਮਰ' ਬਾਰੇ ਗੱਲ ਕੀਤੀ।

ਉਨ੍ਹਾਂ ਨੇ ਕਿਹਾ, "ਪਹਿਲਾਂ ਅਜਿਹਾ ਕਿਸੇ ਨੇ ਕਦੇ ਨਹੀਂ ਦੇਖਿਆ।"

"ਅਸੀਂ ਉਨ੍ਹਾਂ ਪਰਮਾਣੂ ਟਿਕਾਣਿਆਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ।"

'ਇਹ ਜੰਗ ਇੱਕ ਨਿਵੇਸ਼ ਹੈ'

ਡੌਨਲਡ ਟਰੰਪ ਨੇ ਕਿਹਾ ਕਿ ਅਮਰੀਕਾ ਇੱਕ ਫੌਜੀ ਤਾਕਤ ਵਜੋਂ ਅਜਿੱਤ ਹੈ। ਉਨ੍ਹਾਂ ਨੇ ਇਸ ਜੰਗ ਨੂੰ ਅਮਰੀਕਾ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ 'ਇੱਕ ਸੱਚਾ ਨਿਵੇਸ਼ (ਇਨਵੈਸਟਮੈਂਟ)' ਦੱਸਿਆ।

ਇਸ ਤੋਂ ਬਾਅਦ ਉਨ੍ਹਾਂ ਨੇ 20ਵੀਂ ਅਤੇ 21ਵੀਂ ਸਦੀ ਦੀਆਂ ਜੰਗਾਂ ਦੀ ਮਿਆਦ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਉਹ ਕਈ ਸਾਲਾਂ ਤੱਕ ਚੱਲੀਆਂ, ਜਦਕਿ ਇਹ ਟਕਰਾਅ ਹੁਣ ਤੱਕ ਸਿਰਫ਼ 32 ਦਿਨਾਂ ਤੋਂ ਜਾਰੀ ਹੈ।

ਟਰੰਪ ਨੇ ਜ਼ੋਰ ਦੇ ਕੇ ਕਿਹਾ ਕਿ ਅਮਰੀਕੀ ਨਾਗਰਿਕਾਂ ਨੂੰ ਹੁਣ ਈਰਾਨੀ ਹਮਲੇ ਅਤੇ "ਪਰਮਾਣੂ ਬਲੈਕਮੇਲ" ਤੋਂ ਕੋਈ ਖ਼ਤਰਾ ਨਹੀਂ ਹੈ।

ਉਨ੍ਹਾਂ ਕਿਹਾ, ਸੰਯੁਕਤ ਰਾਜ ਅਮਰੀਕਾ ਹੁਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸੁਰੱਖਿਅਤ, ਮਜ਼ਬੂਤ ਅਤੇ ਵਧੇਰੇ ਖੁਸ਼ਹਾਲ ਹੋਵੇਗਾ।

'ਟਰੰਪ ਦੀ ਯੋਜਨਾ ਵਿੱਚ ਕੁਝ ਵੀ ਸਪਸ਼ਟ ਨਹੀਂ ਹੈ'

ਸਾਬਕਾ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਦੇ ਸਾਬਕਾ ਸੀਨੀਅਰ ਸਲਾਹਕਾਰ ਮੇਲਿਸਾ ਟੂਫਾਨੋ ਨੇ ਬੀਬੀਸੀ ਨੂੰ ਦੱਸਿਆ ਕਿ ਟਰੰਪ ਦੇ ਭਾਸ਼ਣ ਤੋਂ ਬਾਅਦ ਅਮਰੀਕੀ ਜਨਤਾ ਈਰਾਨ ਨਾਲ ਜੰਗ ਨੂੰ ਲੈਕੇ ਹੋਰ ਵੀ ਉਲਝਣ ਵਿੱਚ ਹੈ।

ਉਨ੍ਹਾਂ ਕਿਹਾ, "ਮੈਨੂੰ ਨਹੀਂ ਲੱਗਦਾ ਕਿ ਅੱਜ ਉਸ ਭਾਸ਼ਣ ਨੂੰ ਦੇਖ ਰਿਹਾ ਕੋਈ ਵੀ ਅਮਰੀਕੀ ਇਹ ਮਹਿਸੂਸ ਕਰੇਗਾ ਕਿ ਕੋਈ ਸਪਸ਼ਟ ਯੋਜਨਾ ਹੈ, ਕੋਈ ਸਪਸ਼ਟ ਸਮਾਂ-ਸੀਮਾ ਹੈ, ਜਾਂ ਅਸੀਂ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸੁਰੱਖਿਅਤ ਹਾਂ।"

ਨਾਟੋ ਵਿੱਚ ਸਾਬਕਾ ਅਮਰੀਕੀ ਰਾਜਦੂਤ ਇਵੋ ਡਾਲਡਰ ਨੇ ਕਿਹਾ ਕਿ ਟਰੰਪ ਦਾ ਭਾਸ਼ਣ ਕਈ ਮੁੱਖ ਸਵਾਲਾਂ ਦੇ ਜਵਾਬ ਦੇਣ ਵਿੱਚ ਅਸਫਲ ਰਿਹਾ।

ਇਨ੍ਹਾਂ ਸਵਾਲਾਂ ਵਿੱਚੋਂ ਸਭ ਤੋਂ ਮਹੱਤਵਪੂਰਨ ਇਹ ਹੈ - ਜੇਕਰ ਟਰੰਪ ਦਾਅਵਾ ਕਰਦੇ ਹਨ ਕਿ ਈਰਾਨ ਦੀਆਂ ਪਰਮਾਣੂ ਸਮਰੱਥਾਵਾਂ, ਜਲ ਫੌਜਾਂ ਅਤੇ ਮਿਜ਼ਾਈਲ ਪ੍ਰਣਾਲੀਆਂ ਨੂੰ ਤਬਾਹ ਕਰ ਦਿੱਤਾ ਗਿਆ ਹੈ, ਤਾਂ ਅਮਰੀਕਾ ਅਜੇ ਵੀ ਈਰਾਨ ਵਿੱਚ ਫੌਜੀ ਕਾਰਵਾਈਆਂ ਕਿਉਂ ਕਰ ਰਿਹਾ ਹੈ?

ਉਨ੍ਹਾਂ ਬੀਬੀਸੀ ਪੱਤਰਕਾਰ ਸੁਮੀ ਸੋਮਸਕਾਂਡਾ ਨੂੰ ਕਿਹਾ, "ਮੈਨੂੰ ਨਹੀਂ ਸਮਝ ਆਉਂਦਾ ਕਿ ਅਸੀਂ ਕਿਉਂ ਸੋਚਦੇ ਹਾਂ ਕਿ ਅਸੀਂ ਜ਼ਿਆਦਾ ਸੁਰੱਖਿਅਤ ਹੋਵਾਂਗੇ... ਅਤੇ ਮੈਨੂੰ ਲੱਗਦਾ ਹੈ ਕਿ ਅਮਰੀਕੀ ਜਨਤਾ ਨੂੰ ਵੀ ਇਹੀ ਖਦਸ਼ਾ ਹੈ।''

ਡਾਲਡਰ ਕਿਹਾ ਕਿ ਇਸ ਭਾਸ਼ਣ ਵਿੱਚ ਟਰੰਪ ਨੇ ਨਾਟੋ ਸਹਿਯੋਗੀਆਂ ਵਿਰੁੱਧ ਸਖ਼ਤ ਰੁਖ਼ ਨਹੀਂ ਅਪਣਾਇਆ ਅਤੇ ਨਾ ਹੀ ਉਨ੍ਹਾਂ ਨੇ ਗੱਠਜੋੜ ਤੋਂ ਪਿੱਛੇ ਹਟਣ ਦੀਆਂ ਆਪਣੀਆਂ ਧਮਕੀਆਂ ਨੂੰ ਦੁਹਰਾਇਆ। ਹਾਲਾਂਕਿ, ਇਹ ਸੰਭਵ ਹੈ ਕਿ ਉਹ ਬਾਅਦ ਵਿੱਚ ਸੋਸ਼ਲ ਮੀਡੀਆ 'ਤੇ ਫਿਰ ਅਜਿਹਾ ਰੁਖ ਆਪਣਾ ਸਕਦੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)