ਆਈਪੀਐੱਲ: ਪੰਜਾਬ ਕਿੰਗਜ਼ ਦੀ ਜਿੱਤ ਮਗਰੋਂ ਸ਼੍ਰੇਅਸ ਅਈਅਰ ਨੂੰ ਤੂਫ਼ਾਨੀ ਪਾਰੀ ਲਈ ਮਿਲੀ ਸ਼ਾਬਾਸ਼ੀ ਪਰ ਮੈਚ ਜਿਤਾਉਣ ਤੋਂ ਬਾਅਦ ਲੱਗਾ ਇਹ ਝਟਕਾ

ਪੜ੍ਹਨ ਦਾ ਸਮਾਂ: 7 ਮਿੰਟ

ਹੋਮ ਗ੍ਰਾਊਂਡ ਚੇਪਾਕ ਵਿੱਚ ਸ਼ੁੱਕਰਵਾਰ ਦੀ ਰਾਤ ਜਦੋਂ ਚੇੱਨਈ ਸੁਪਰ ਕਿੰਗਜ਼ ਨੇ 209 ਦਾ ਸਕੋਰ ਖੜ੍ਹਾ ਕੀਤਾ ਤਾਂ ਉਸਦੇ ਫੈਨਜ਼ ਪੂਰੇ ਜੋਸ਼ ਵਿੱਚ ਸਨ।

ਉਨ੍ਹਾਂ ਨੂੰ ਲੱਗ ਰਿਹਾ ਸੀ ਕਿ ਪੰਜਾਬ ਕਿੰਗਜ਼ ਲਈ ਇਸ ਮੈਦਾਨ 'ਤੇ ਇਸ ਸਕੋਰ ਦਾ ਪਿੱਛਾ ਕਰਨਾ ਮੁਸ਼ਕਲ ਹੋਵੇਗਾ। ਪਰ ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਦੀ ਤੂਫ਼ਾਨੀ ਫਿਫਟੀ ਨੇ ਚੇੱਨਈ ਸੁਪਰ ਕਿੰਗਜ਼ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ।

ਸ਼੍ਰੇਅਸ ਅਈਅਰ ਦੀ ਜ਼ਬਰਦਸਤ ਪਾਰੀ ਦੇ ਦਮ 'ਤੇ ਪੰਜਾਬ ਕਿੰਗਜ਼ ਨੇ ਚੇੱਨਈ ਸੁਪਰ ਕਿੰਗਜ਼ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ।

ਪੰਜਾਬ ਕਿੰਗਜ਼ ਨੇ ਆਈਪੀਐਲ ਵਿੱਚ ਲਗਾਤਾਰ ਦੂਜੀ ਵਾਰ ਜਿੱਤ ਦਰਜ ਕੀਤੀ ਹੈ। ਇਸ ਤੋਂ ਪਹਿਲਾਂ ਉਸਨੇ ਗੁਜਰਾਤ ਟਾਈਟਨਜ਼ ਨੂੰ ਹਰਾਇਆ ਸੀ।

ਦੂਜੇ ਪਾਸੇ, ਚੇੱਨਈ ਸੁਪਰ ਕਿੰਗਜ਼ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਉਹ ਲਗਾਤਾਰ ਦੋ ਮੈਚ ਹਾਰ ਚੁੱਕੀ ਹੈ। ਪੰਜ ਵਾਰ ਦੀ ਚੈਂਪੀਅਨ ਚੇੱਨਈ ਸੁਪਰ ਕਿੰਗਜ਼ ਪਹਿਲਾਂ ਰਾਜਸਥਾਨ ਰਾਇਲਜ਼ ਦੇ ਖ਼ਿਲਾਫ਼ ਹਾਰੀ ਅਤੇ ਹੁਣ ਪੰਜਾਬ ਕਿੰਗਜ਼ ਨੇ ਉਸਨੂੰ ਹਰਾ ਦਿੱਤਾ ਹੈ।

ਇੱਕ ਵਾਰ ਤਾਂ ਇੰਝ ਲੱਗਿਆ ਕਿ ਚੇੱਨਈ ਸੁਪਰ ਕਿੰਗਜ਼ ਮੈਚ ਵਿੱਚ ਹਾਵੀ ਹੈ ਕਿਉਂਕਿ ਆਯੁਸ਼ ਮਹਾਤਰੇ ਨੇ ਜ਼ੋਰਦਾਰ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਕਿੰਗਜ਼ ਦੇ ਗੇਂਦਬਾਜ਼ਾਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ ਸੀ।

ਉਨ੍ਹਾਂ ਨੇ ਮਹਿਜ਼ 43 ਗੇਂਦਾਂ ਵਿੱਚ 73 ਦੌੜਾਂ ਦੀ ਪਾਰੀ ਖੇਡੀ। ਬਾਅਦ ਵਿੱਚ ਸਰਫ਼ਰਾਜ਼ ਖ਼ਾਨ ਅਤੇ ਸ਼ਿਵਮ ਦੁਬੇ ਨੇ ਆਖ਼ਰੀ ਓਵਰਾਂ ਵਿੱਚ ਤੇਜ਼ੀ ਨਾਲ ਦੌੜਾਂ ਬਣਾਈਆਂ ਅਤੇ ਸਕੋਰ ਨੂੰ 200 ਦੇ ਪਾਰ ਪਹੁੰਚਾ ਦਿੱਤਾ।

210 ਦੌੜਾਂ ਦੇ ਟਾਰਗੇਟ ਦਾ ਪਿੱਛਾ ਕਰਦੇ ਹੋਏ ਪੰਜਾਬ ਕਿੰਗਜ਼ ਨੇ ਧਮਾਕੇਦਾਰ ਸ਼ੁਰੂਆਤ ਕੀਤੀ। ਪ੍ਰਿਯਾਂਸ਼ ਆਰਿਆ ਨੇ 11 ਗੇਂਦਾਂ ਵਿੱਚ 39 ਦੌੜਾਂ ਬਣਾਈਆਂ।

ਪ੍ਰਿਯਾਂਸ਼ ਆਰਿਆ ਵੀ ਵੈਭਵ ਸੂਰਯਵੰਸ਼ੀ ਵਾਂਗ ਬਿਲਕੁਲ ਨੌਜਵਾਨ ਬੱਲੇਬਾਜ਼ ਹਨ ਅਤੇ ਜਦੋਂ ਉਹ ਸ਼ਾਨਦਾਰ ਦੌੜਾਂ ਬਣਾ ਰਹੇ ਸਨ ਤਾਂ ਇੰਝ ਲੱਗ ਰਿਹਾ ਸੀ ਕਿ ਪੰਜਾਬ ਕਿੰਗਜ਼ ਜਲਦ ਹੀ ਇਸ ਖੇਡ ਨੂੰ ਆਪਣੇ ਪੱਖ ਵਿੱਚ ਕਰ ਲਵੇਗੀ। ਪਰ ਮੈਟ ਹੈਨਰੀ ਦੀ ਇੱਕ ਗੇਂਦ 'ਤੇ ਜਲਦਬਾਜ਼ੀ ਵਿੱਚ ਸ਼ਾਟ ਲਗਾਉਣ ਦੇ ਚੱਕਰ ਵਿੱਚ ਉਹ 39 ਦੌੜਾਂ ਦੇ ਸਕੋਰ 'ਤੇ ਬੋਲਡ ਹੋ ਗਏ।

ਪ੍ਰਭਸਿਮਰਨ ਸਿੰਘ ਨੇ ਵੀ ਧਮਾਕੇਦਾਰ ਸ਼ੁਰੂਆਤ ਕੀਤੀ ਅਤੇ 34 ਗੇਂਦਾਂ ਵਿੱਚ 43 ਦੌੜਾਂ ਬਣਾਈਆਂ। ਦੋਵਾਂ ਵਿਚਕਾਰ 4.2 ਓਵਰਾਂ ਵਿੱਚ 61 ਦੌੜਾਂ ਦੀ ਸਾਂਝੇਦਾਰੀ ਹੋਈ।

ਪ੍ਰਿਯਾਂਸ਼ ਆਰਿਆ ਨੇ ਆਪਣੀ ਪਾਰੀ ਵਿੱਚ ਤਿੰਨ ਚੌਕੇ ਅਤੇ ਚਾਰ ਛੱਕੇ ਲਗਾਏ। ਜਦਕਿ ਪ੍ਰਭਸਿਮਰਨ ਸਿੰਘ ਨੇ ਛੇ ਚੌਕੇ ਅਤੇ ਇੱਕ ਛੱਕਾ ਲਗਾਇਆ।

ਕੂਪਰ ਕੋਨੋਲੀ ਨੇ ਵੀ 22 ਗੇਂਦਾਂ ਵਿੱਚ 36 ਦੌੜਾਂ ਬਣਾਈਆਂ। ਇਨ੍ਹਾਂ ਵਿੱਚ ਛੇ ਚੌਕੇ ਸ਼ਾਮਲ ਸਨ।

ਪੰਜਾਬ ਕਿੰਗਜ਼ ਦੇ ਬੱਲੇਬਾਜ਼ਾਂ ਵੱਲੋਂ ਮਜ਼ਬੂਤ ਨੀਂਹ ਰੱਖੇ ਜਾਣ ਦੇ ਬਾਵਜੂਦ ਅਜਿਹਾ ਲੱਗ ਰਿਹਾ ਸੀ ਕਿ ਚੇੱਨਈ ਸੁਪਰ ਕਿੰਗਜ਼ ਬਾਜ਼ੀ ਮਾਰ ਲਵੇਗੀ ਕਿਉਂਕਿ ਉਸਨੇ 200 ਤੋਂ ਵੱਧ ਦਾ ਸਕੋਰ ਖੜ੍ਹਾ ਕਰ ਲਿਆ ਸੀ ਅਤੇ ਹੋਮ ਗ੍ਰਾਊਂਡ 'ਤੇ ਉਸਦੀ ਟੀਮ ਨੂੰ ਦਰਸ਼ਕਾਂ ਦਾ ਭਰਪੂਰ ਸਮਰਥਨ ਮਿਲ ਰਿਹਾ ਸੀ।

ਪਰ ਪੰਜਾਬ ਕਿੰਗਜ਼ ਦੇ ਕਪਤਾਨ ਸ਼੍ਰੇਅਸ ਅਈਅਰ ਦੀ ਬੱਲੇਬਾਜ਼ੀ ਟਰਨਿੰਗ ਪੁਆਇੰਟ ਸਾਬਤ ਹੋਈ। ਪੰਜਾਬ ਕਿੰਗਜ਼ ਦੇ ਕਪਤਾਨ ਨੇ ਤੇਜ਼ ਫਿਫਟੀ ਲਗਾਕੇ ਆਪਣੀ ਟੀਮ ਨੂੰ ਆਈਪੀਐਲ ਦੇ ਇਸ ਸੀਜ਼ਨ ਵਿੱਚ ਲਗਾਤਾਰ ਦੂਜੀ ਜਿੱਤ ਦਿਵਾਈ।

ਉਹ 29 ਗੇਂਦਾਂ ਵਿੱਚ 50 ਦੌੜਾਂ ਦੀ ਪਾਰੀ ਖੇਡ ਕੇ ਆਉਟ ਹੋਏ ਅਤੇ ਇਸ ਦੌਰਾਨ ਉਨ੍ਹਾਂ ਨੇ ਚਾਰ ਚੌਕੇ ਅਤੇ ਤਿੰਨ ਛੱਕੇ ਲਗਾਏ।

29 ਗੇਂਦਾਂ 'ਤੇ 50 ਦੌੜਾਂ ਦੀ ਸ਼ਾਨਦਾਰ ਪਾਰੀ

ਸ਼੍ਰੇਅਸ ਅਈਅਰ ਦੀ ਇਸ ਕਪਤਾਨੀ ਪਾਰੀ ਦੀ ਇਸ ਕਰਕੇ ਵੀ ਪ੍ਰਸ਼ੰਸਾ ਹੋ ਰਹੀ ਹੈ ਕਿ ਪੂਰੀ ਤਰ੍ਹਾਂ ਫਿਟ ਨਾ ਹੋਣ ਦੇ ਬਾਵਜੂਦ ਉਨ੍ਹਾਂ ਨੇ ਲੋੜ ਪੈਣ 'ਤੇ ਸ਼ਾਨਦਾਰ ਪਾਰੀ ਖੇਡੀ।

ਪਿਛਲੇ ਮੈਚ ਵਿੱਚ ਉਨ੍ਹਾਂ ਨੂੰ ਬੈਟਿੰਗ ਦੌਰਾਨ ਗੁੱਟ 'ਤੇ ਸੱਟ ਲੱਗੀ ਸੀ ਅਤੇ ਉਹ ਉਸ ਤੋਂ ਪੂਰੀ ਤਰ੍ਹਾਂ ਠੀਕ ਨਹੀਂ ਹੋ ਸਕੇ ਸਨ। ਪਰ ਇਸਦੇ ਬਾਵਜੂਦ ਉਨ੍ਹਾਂ ਨੇ ਚੇੱਨਈ ਦੇ ਖ਼ਿਲਾਫ਼ 29 ਗੇਂਦਾਂ ਵਿੱਚ 50 ਦੌੜਾਂ ਦੀ ਪਾਰੀ ਖੇਡੀ।

ਨੇਹਲ ਵਢੇਰਾ ਵੱਡੀ ਪਾਰੀ ਨਹੀਂ ਖੇਡ ਸਕੇ। ਉਨ੍ਹਾਂ ਨੇ ਨੌਂ ਗੇਂਦਾਂ 'ਤੇ ਦਸ ਦੌੜਾਂ ਜੋੜੀਆਂ। ਇਸ ਤੋਂ ਬਾਅਦ ਸ਼ਸ਼ਾਂਕ ਸਿੰਘ ਅਤੇ ਮਾਰਕਸ ਸਟੋਇਨਿਸ ਦੀ ਜੋੜੀ ਨੇ 18.4 ਓਵਰ ਵਿੱਚ ਪੰਜਾਬ ਕਿੰਗਜ਼ ਨੂੰ ਜਿੱਤ ਦਿਵਾ ਦਿੱਤੀ।

ਸ਼ਸ਼ਾਂਕ ਸਿੰਘ ਨੇ ਛੇ ਗੇਂਦਾਂ 'ਤੇ 14 ਦੌੜਾਂ ਬਣਾਈਆਂ ਅਤੇ ਮਾਰਕਸ ਸਟੋਇਨਿਸ ਤਿੰਨ ਗੇਂਦਾਂ 'ਤੇ ਨੌਂ ਦੌੜਾਂ ਬਣਾ ਕੇ ਨਾਬਾਦ ਰਹੇ।

ਪੰਜਾਬ ਕਿੰਗਜ਼ ਦਾ ਆਈਪੀਐਲ ਵਿੱਚ ਇਹ ਦੂਜਾ ਸਭ ਤੋਂ ਵੱਡਾ ਰਨ-ਚੇਜ਼ ਹੈ।

ਪੰਜਾਬ ਦੀ ਟੀਮ ਨੇ ਨੌਵੀਂ ਵਾਰ ਟੀ-20 ਵਿੱਚ 200 ਤੋਂ ਵੱਧ ਦਾ ਟਾਰਗੇਟ ਚੇਜ਼ ਕੀਤਾ ਹੈ।

ਚੇੱਨਈ ਦੇ ਖ਼ਿਲਾਫ਼ ਪੰਜਾਬ ਕਿੰਗਜ਼ ਦੀ ਇਹ ਚੌਥੀ ਜਿੱਤ ਵੀ ਹੈ।

ਸ਼੍ਰੇਅਸ ਅਈਅਰ ਦੀ ਰੱਜ ਕੇ ਤਾਰੀਫ਼ ਹੋ ਰਹੀ ਹੈ। ਸੋਸ਼ਲ ਮੀਡੀਆ 'ਤੇ ਕ੍ਰਿਕਟ ਫੈਨਜ਼ ਉਨ੍ਹਾਂ ਦੀ ਬੱਲੇਬਾਜ਼ੀ ਦੀ ਖੂਬ ਵਾਹ-ਵਾਹੀ ਕਰ ਰਹੇ ਹਨ।

ਇੰਗਲੈਂਡ ਦੇ ਸਾਬਕਾ ਕਪਤਾਨ ਕੇਵਿਨ ਪੀਟਰਸਨ ਨੇ ਐਕਸ 'ਤੇ ਲਿਖਿਆ, ''ਸ਼੍ਰੇਅਸ ਸੱਚਮੁੱਚ ਕਮਾਲ ਦੇ ਖਿਡਾਰੀ ਹਨ। ਮੈਂ ਖ਼ਾਸ ਤੌਰ 'ਤੇ ਉਨ੍ਹਾਂ ਨੂੰ ਦੇਖਣ ਲਈ ਹੀ ਟੀਵੀ ਚਾਲੂ ਕਰਦਾ ਹਾਂ।''

ਖੇਡ ਪੱਤਰਕਾਰ ਵਿਕ੍ਰਾਂਤ ਗੁਪਤਾ ਨੇ ਲਿਖਿਆ, ''ਅਜੇ ਭਾਵੇਂ ਕੋਈ ਜਗ੍ਹਾ ਖਾਲੀ ਨਾ ਹੋਵੇ, ਪਰ ਮੈਨੂੰ ਉਮੀਦ ਹੈ ਕਿ ਸ਼੍ਰੇਅਸ ਅਈਅਰ ਦਾ ਹਾਲ ਰਵੀ ਸ਼ਾਸਤਰੀ ਵਰਗਾ ਨਾ ਹੋਵੇ। ਭਾਵ ਇੱਕ ਬਿਹਤਰੀਨ ਲੀਡਰ ਹੋਣ ਦੇ ਬਾਵਜੂਦ ਭਾਰਤ ਦਾ ਨਿਯਮਤ ਕਪਤਾਨ ਬਣਨ ਦਾ ਮੌਕਾ ਨਾ ਮਿਲਣਾ।''

''ਹਾਲਾਂਕਿ ਰਵੀ ਸ਼ਾਸਤਰੀ ਨੇ 1988 ਵਿੱਚ ਚੇੱਨਈ ਵਿੱਚ ਇੱਕ ਟੈਸਟ ਮੈਚ ਵਿੱਚ ਟੀਮ ਦੀ ਕਪਤਾਨੀ ਕੀਤੀ ਸੀ, ਜਦੋਂ ਉਸ ਸਮੇਂ ਦੇ ਕਪਤਾਨ ਵੇਂਗਸਰਕਰ ਪਿਛਲੇ ਟੈਸਟ ਵਿੱਚ ਹੱਥ ਟੁੱਟਣ ਕਾਰਨ ਬਾਹਰ ਹੋ ਗਏ ਸਨ।''

''ਸ਼੍ਰੇਅਸ ਸ਼ਾਂਤ ਰਹਿੰਦੇ ਹਨ, ਪਰ ਨਾਲ ਹੀ ਬਹੁਤ ਪ੍ਰਭਾਵਸ਼ਾਲੀ ਕਪਤਾਨ ਵੀ ਹਨ।''

ਰਾਜੀਵ ਨਾਮ ਦੇ ਇੱਕ ਯੂਜ਼ਰ ਨੇ ਐਕਸ 'ਤੇ ਲਿਖਿਆ, '' ਸ਼੍ਰੇਅਸ ਅਈਅਰ ਨੇ ਇਹ ਕੰਮ ਭਾਰਤੀ ਟੀਮ ਅਤੇ ਪੰਜਾਬ ਕਿੰਗਜ਼ ਲਈ ਕਈ ਵਾਰ ਕੀਤਾ ਹੈ।''

''ਜਦੋਂ ਟੀਮ 2-3 ਵਿਕਟ ਜਲਦੀ ਗੁਆ ਲੈਂਦੀ ਹੈ, ਤਾਂ ਸ਼੍ਰੇਅਸ ਆ ਕੇ ਲਗਾਤਾਰ ਛੱਕੇ ਲਗਾਉਂਦਿਆਂ ਤੇਜ਼ ਦੌੜਾਂ ਬਣਾਉਂਦੇ ਹਨ।''

''ਉਨ੍ਹਾਂ ਨੂੰ ਭਾਰਤ ਦੀ ਟੀ-20 ਟੀਮ ਦਾ ਕਪਤਾਨ ਵੀ ਬਣਾਇਆ ਜਾਣਾ ਚਾਹੀਦਾ ਹੈ ਅਤੇ ਨਵੇਂ ਨੰਬਰ ਚਾਰ 'ਤੇ ਬੱਲੇਬਾਜ਼ੀ ਕਰਨ ਦਾ ਮੌਕਾ ਵੀ ਮਿਲਣਾ ਚਾਹੀਦਾ ਹੈ। ਬੱਲੇਬਾਜ਼ ਵਜੋਂ ਵੀ ਮੌਕਾ ਮਿਲਣਾ ਚਾਹੀਦਾ ਹੈ।''

''ਸ਼੍ਰੇਅਸ ਅਈਅਰ ਇੱਕੋ ਇੱਕ ਅਜਿਹੇ ਖਿਡਾਰੀ ਹਨ, ਜਿਨ੍ਹਾਂ ਦੀ 25 ਕਰੋੜ ਰੁਪਏ ਤੋਂ ਜ਼ਿਆਦਾ ਦੀ ਵੱਡੀ ਕੀਮਤ 'ਤੇ ਕਦੇ ਸਵਾਲ ਨਹੀਂ ਉੱਠੇ।''

ਹਾਲਾਂਕਿ ਕਪਤਾਨ ਸ਼੍ਰੇਅਸ ਅਈਅਰ ਨੂੰ ਬਹੁਤ ਤਾਰੀਫ਼ ਮਿਲ ਰਹੀ ਹੈ ਪਰ ਨਿੱਜੀ ਤੌਰ 'ਤੇ ਇਸ ਮੈਚ ਤੋਂ ਬਾਅਦ ਉਨ੍ਹਾਂ ਨੂੰ ਝਟਕਾ ਵੀ ਲੱਗਿਆ ਹੈ।

ਸ਼੍ਰੇਅਸ ਅਈਅਰ 'ਤੇ ਕਿਉਂ ਲੱਗਿਆ ਜੁਰਮਾਨਾ

ਕਪਤਾਨ ਸ਼੍ਰੇਅਸ ਅਈਅਰ ਦੀ ਕਪਤਾਨੀ ਪਾਰੀ ਲਈ ਉਨ੍ਹਾਂ ਨੂੰ ਭਰਪੂਰ ਤਾਰੀਫ਼ ਮਿਲ ਰਹੀ ਹੈ ਪਰ ਨਿੱਜੀ ਤੌਰ 'ਤੇ ਉਨ੍ਹਾਂ ਨੂੰ ਝਟਕਾ ਵੀ ਲੱਗਿਆ ਹੈ।

ਪੰਜਾਬ ਕਿੰਗਜ਼ ਵੱਲੋਂ ਸਲੋ ਓਵਰ ਰੇਟ ਕਾਰਨ ਕਪਤਾਨ ਸ਼੍ਰੇਅਸ ਅਈਅਰ ਦੇ ਖ਼ਿਲਾਫ਼ ਜੁਰਮਾਨਾ ਲਗਾਇਆ ਗਿਆ ਹੈ।

ਆਈਪੀਐਲ ਵੱਲੋਂ ਕਿਹਾ ਗਿਆ ਹੈ ਕਿ ਸ਼੍ਰੇਅਸ ਅਈਅਰ 'ਤੇ 24 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।

ਇਹ ਇਸ ਸੀਜ਼ਨ ਵਿੱਚ ਉਨ੍ਹਾਂ ਦੀ ਟੀਮ ਦੀ ਦੂਜੀ ਗਲਤੀ ਸੀ, ਜੋ ਆਈਪੀਐਲ ਦੀ ਆਚਾਰ ਸੰਹਿਤਾ ਦੇ ਆਰਟੀਕਲ 2.22 (ਨਿਊਨਤਮ ਓਵਰ ਗਤੀ ਨਾਲ ਸੰਬੰਧਿਤ ਨਿਯਮ) ਦੇ ਤਹਿਤ ਆਉਂਦੀ ਹੈ।

ਟੀਮ ਦੇ ਬਾਕੀ ਖਿਡਾਰੀਆਂ, ਜਿਨ੍ਹਾਂ ਵਿੱਚ ਇੰਪੈਕਟ ਪਲੇਅਰ ਵੀ ਸ਼ਾਮਲ ਹੈ, 'ਤੇ 6 ਲੱਖ ਰੁਪਏ ਜਾਂ ਉਨ੍ਹਾਂ ਦੀ ਮੈਚ ਫੀਸ ਦਾ 25 ਫੀਸਦੀ (ਜੋ ਵੀ ਘੱਟ ਹੋਵੇ) ਦਾ ਜੁਰਮਾਨਾ ਲਗਾਇਆ ਜਾਵੇਗਾ।

ਇਸ ਤੋਂ ਪਹਿਲਾਂ ਗੁਜਰਾਤ ਟਾਈਟਨਜ਼ ਦੇ ਖ਼ਿਲਾਫ਼ ਮੈਚ ਵਿੱਚ ਵੀ ਸਲੋ ਓਵਰ ਰੇਟ ਨੂੰ ਲੈਕੇ ਸ਼੍ਰੇਅਸ ਅਈਅਰ 'ਤੇ 12 ਲੱਖ ਰੁਪਏ ਦਾ ਜੁਰਮਾਨਾ ਲੱਗ ਚੁੱਕਾ ਹੈ।

ਆਯੁਸ਼ ਮਹਾਤਰੇ ਅਤੇ ਪ੍ਰਿਆਂਸ਼ ਆਰਿਆ ਚਮਕੇ

ਸ਼੍ਰੇਅਸ ਅਈਅਰ ਤੋਂ ਇਲਾਵਾ ਆਈਪੀਐੱਲ ਦੇ ਇਸ ਮੈਚ ਵਿੱਚ ਜਿਸ ਹੋਰ ਖਿਡਾਰੀ ਦੀ ਕਾਫ਼ੀ ਤਾਰੀਫ਼ ਹੋ ਰਹੀ ਹੈ, ਉਹ ਹਨ ਪੰਜਾਬ ਕਿੰਗਜ਼ ਦੇ ਪ੍ਰਿਆਂਸ਼ ਆਰਿਆ ਅਤੇ ਚੇੱਨਈ ਸੁਪਰ ਕਿੰਗਜ਼ ਦੇ ਨੌਜਵਾਨ ਬੱਲੇਬਾਜ਼ ਆਯੁਸ਼ ਮਹਾਤਰੇ।

ਪ੍ਰਿਆਂਸ਼ ਆਰਿਆ ਨੇ 11 ਗੇਂਦਾਂ ਵਿੱਚ 39 ਦੌੜਾਂ ਬਣਾਕੇ ਆਪਣੇ ਹੁਨਰ ਦਾ ਜ਼ਬਰਦਸਤ ਪ੍ਰਦਰਸ਼ਨ ਕੀਤਾ।

ਜਦਕਿ ਪੰਜਾਬ ਕਿੰਗਜ਼ ਦੇ ਖ਼ਿਲਾਫ਼ ਮੁਕਾਬਲੇ ਵਿੱਚ ਆਯੁਸ਼ ਮਹਾਤਰੇ ਨੇ ਨਾ ਸਿਰਫ਼ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਬਲਕਿ ਇਸ ਪਾਰੀ ਦੇ ਦਮ 'ਤੇ ਉਨ੍ਹਾਂ ਨੇ ਚੇੱਨਈ ਦੇ ਸਭ ਤੋਂ ਭਰੋਸੇਮੰਦ ਖਿਡਾਰੀ ਵਜੋਂ ਆਪਣੀ ਪਛਾਣ ਬਣਾ ਲਈ ਹੈ।

ਆਯੁਸ਼ ਮਹਾਤਰੇ ਨੇ 43 ਗੇਂਦਾਂ ਵਿੱਚ 6 ਚੌਕਿਆਂ ਅਤੇ 5 ਛੱਕਿਆਂ ਦੀ ਮਦਦ ਨਾਲ 73 ਦੌੜਾਂ ਦੀ ਪਾਰੀ ਖੇਡੀ। ਇਸ ਪਾਰੀ ਵਿੱਚ ਉਨ੍ਹਾਂ ਨੇ 169.77 ਦੀ ਸਟ੍ਰਾਈਕ ਰੇਟ ਨਾਲ ਬੱਲੇਬਾਜ਼ੀ ਕੀਤੀ। ਮਹਾਤਰੇ ਦੀ ਇਸ ਪਾਰੀ ਦੇ ਦਮ 'ਤੇ ਹੀ ਚੇੱਨਈ 209 ਦੌੜਾਂ ਦਾ ਵੱਡਾ ਸਕੋਰ ਬਣਾਉਣ ਵਿੱਚ ਕਾਮਯਾਬ ਰਹੀ।

ਆਈਪੀਐਲ ਦੇ ਇਤਿਹਾਸ ਵਿੱਚ ਮਹਾਤਰੇ ਹੁਣ ਉਨ੍ਹਾਂ ਖਿਡਾਰੀਆਂ ਵਿੱਚ ਸ਼ਾਮਲ ਹੋ ਗਏ ਹਨ, ਜਿਨ੍ਹਾਂ ਨੇ 19 ਸਾਲ ਦੀ ਉਮਰ ਤੋਂ ਪਹਿਲਾਂ ਸਭ ਤੋਂ ਵੱਧ ਵਾਰ 50 ਦੌੜਾਂ ਦਾ ਅੰਕੜਾ ਪਾਰ ਕੀਤਾ ਹੈ।

ਇਸ ਲਿਸਟ ਵਿੱਚ ਨੌਜਵਾਨ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਵੀ ਸ਼ਾਮਲ ਹਨ। ਸੂਰਿਆਵੰਸ਼ੀ ਅਜੇ ਸਿਰਫ਼ 15 ਸਾਲ ਦੇ ਹਨ ਅਤੇ ਉਨ੍ਹਾਂ ਨੇ ਤਿੰਨ ਵਾਰ 50 ਤੋਂ ਵੱਧ ਸਕੋਰ ਬਣਾਇਆ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)