You’re viewing a text-only version of this website that uses less data. View the main version of the website including all images and videos.
'ਤੂੰ ਹੁਣ ਮੇਰੀ ਭੈਣ ਨਹੀਂ', ਜੰਗ ਕਾਰਨ ਵੰਡੇ ਜਾ ਰਹੇ ਪਰਿਵਾਰ, ਆਖ਼ਰ ਆਪਣਿਆਂ ਦੇ ਬੇਗਾਨੇ ਹੋਣ ਦਾ ਕਾਰਨ ਕੀ ਹੈ
- ਲੇਖਕ, ਘੋਨਚੇਹ ਹਬੀਬਿਆਜ਼ਾਦ
- ਰੋਲ, ਬੀਬੀਸੀ ਨਿਊਜ਼ ਫਾਰਸੀ
- ਪੜ੍ਹਨ ਦਾ ਸਮਾਂ: 8 ਮਿੰਟ
'ਤੂੰ ਹੁਣ ਮੇਰੀ ਭੈਣ ਨਹੀਂ' ਇੱਕ ਭਰਾ ਨੇ ਆਪਣੀ ਭੈਣ ਨੂੰ ਕਿਹਾ, ਭੈਣ ਨੇ ਜਵਾਬ ਦਿੱਤਾ- "ਦਫਾ ਹੋ ਜਾ"
ਤਹਿਰਾਨ ਨੇੜਲੇ ਸ਼ਹਿਰ 'ਚ ਇਹ ਝਗੜਾ ਇੱਕ ਪੁਰਸ਼ ਅਤੇ ਉਸਦੀ ਭੈਣ ਵਿਚਾਲੇ ਹੋ ਰਿਹਾ ਸੀ ਜਿਸ ਨੂੰ ਉਨ੍ਹਾਂ ਦੇ ਇੱਕ ਰਿਸ਼ਤੇਦਾਰ ਨੇ ਦੇਖਿਆ ਅਤੇ ਬਾਅਦ 'ਚ ਦੱਸਿਆ। ਜਿਸ ਤੋਂ ਸਪੱਸ਼ਟ ਹੈ ਕਿ ਅਮਰੀਕਾ ਅਤੇ ਇਜ਼ਰਾਇਲ ਦੇ ਹਮਲਿਆਂ ਦਰਮਿਆਨ ਕਈ ਪਰਿਵਾਰਾਂ ਅਤੇ ਦੋਸਤਾਂ ਵਿਚਾਲੇ ਝਗੜੇ ਵਧ ਰਹੇ ਹਨ।
ਰਿਸ਼ਤੇਦਾਰ, ਜਿਸਨੂੰ ਅਸੀਂ 'ਸਿਨਾ' ਕਹਿ ਰਹੇ ਹਾਂ, ਨੇ ਦੱਸਿਆ ਕਿ ਹਾਲ 'ਚ ਜਦੋਂ ਉਨ੍ਹਾਂ ਦਾ ਪਰਿਵਾਰ ਦਾਦੀ ਦੇ ਘਰ ਇਕੱਠਾ ਹੋਇਆ ਤਾਂ ਭਾਵਨਾਵਾਂ ਦਾ ਸੈਲਾਬ ਉਮੜ ਆਇਆ ਅਤੇ ਪਰਿਵਾਰ ਅੰਦਰ ਤਕਰਾਰਾਂ ਪੈਦਾ ਹੋ ਗਈਆਂ।
ਉਸਦੇ ਚਾਚਾ, ਬਾਸਿਜ (ਅਜਿਹਾ ਗਰੁੱਪ ਜੋ ਈਰਾਨ 'ਚ ਵਿਰੋਧ ਕਰ ਰਹੇ ਲੋਕਾਂ ਨੂੰ ਦਬਾਉਣ ਦਾ ਕੰਮ ਕਰਦਾ) ਦੇ ਮੈਂਬਰ ਹਨ, ਨੇ ਆਪਣੀ ਭੈਣ ਨੂੰ ਦੁਆ-ਸਲਾਮ ਕਰਨ ਤੋਂ ਹੀ ਇਨਕਾਰ ਕਰ ਦਿੱਤਾ ਜੋ ਕਿ ਸੱਤਾਧਾਰੀ ਧਿਰ ਦੀ ਵਿਰੋਧੀ ਹੈ।
ਸਿਨਾ ਦੱਸਦੇ ਹਨ, ਦੋਹਾਂ ਵਿਚਾਲੇ ਹੋਏ ਵਿਵਾਦ ਤੋਂ ਬਾਅਦ ਉਸ ਦੇ ਚਾਚਾ "ਕਾਫੀ ਚੁੱਪ-ਚਾਪ ਰਹੇ ਅਤੇ ਉੱਥੋਂ ਜਲਦੀ ਚਲੇ ਗਏ।"
ਸਿਨਾ ਅਤੇ ਉਨ੍ਹਾਂ ਵਰਗੇ ਹੋਰ ਈਰਾਨੀਆਂ ਨੇ ਦੱਸਿਆ ਕਿ ਕਿਵੇਂ ਜੰਗ ਕਾਰਨ ਪਰਿਵਾਰਾਂ ਵਿੱਚ ਦਰਾਰਾਂ ਪੈ ਰਹੀਆਂ ਹਨ।
ਸੱਤਾ ਦੇ ਵਿਰੋਧੀਆਂ 'ਚ ਵੀ ਇਸ ਗੱਲ ਨੂੰ ਲੈਕੇ ਤਕਰਾਰ ਦੇਖਣ ਨੂੰ ਮਿਲ ਰਹੀ ਹੈ ਕਿ ਕੀ ਇਹ ਜੰਗ ਬਦਲਾਅ ਲਿਆਉਣ 'ਚ ਮਦਦਗਾਰ ਹੋਵੇਗੀ ਜਾਂ ਬਦਲਾਅ ਲਿਆਉਣ ਦੀਆਂ ਕੋਸ਼ਿਸ਼ਾਂ 'ਚ ਰੁਕਾਵਟ ਬਣੇਗੀ।
ਜੰਗ ਦਾ ਰਿਸ਼ਤਿਆਂ 'ਤੇ ਪੈ ਰਿਹਾ ਅਸਰ
ਸਰਕਾਰ ਵੱਲੋਂ ਇੰਟਰਨੈੱਟ ਬੰਦ ਕਰਨ ਦੇ ਬਾਵਜੂਦ ਬੀਬੀਸੀ ਕੁਝ ਅਜਿਹੇ ਈਰਾਨੀ ਨਾਗਰਿਕਾਂ ਨਾਲ ਰਾਬਤਾ ਕਾਇਮ ਕਰਨ 'ਚ ਕਾਮਯਾਬ ਰਿਹਾ ਜਿਨ੍ਹਾਂ ਨੇ ਆਨਲਾਈਨ ਰਹਿਣ ਦੇ ਤਰੀਕੇ ਲੱਭ ਲਏ।
ਕੁਝ ਚੁਣਿੰਦਾ ਵਿਦੇਸ਼ੀ ਮੀਡੀਆ ਨਾਲ ਗੱਲ ਕਰਨ ਵਾਲੇ ਈਰਾਨੀਆਂ ਨੂੰ ਜੇਲ੍ਹ ਹੋ ਸਕਦੀ ਹੈ।
ਪਰ ਬਾਵਜੂਦ ਇਸਦੇ, ਇੱਕ ਮਹੀਨੇ ਤੋਂ ਜਾਰੀ ਜੰਗ ਦਰਮਿਆਨ, ਇਨ੍ਹਾਂ ਸਰੋਤਾਂ ਵੱਲੋਂ ਅਕਸਰ ਟੈਕਸਟ ਮੈਸੇਜ ਅਤੇ ਕਦੇ-ਕਦੇ ਵਾਇਸ ਕਾਲ ਜ਼ਰੀਏ ਜਾਣਕਾਰੀ ਭੇਜੀ ਜਾਂਦੀ ਰਹੀ।
ਸ਼ੁਰੂਆਤ 'ਚ ਡਰ ਅਤੇ ਖੌਫ਼ ਭਰੇ ਮੈਸੇਜ ਤੋਂ ਬਾਅਦ ਹੁਣ ਹਾਲਾਤ ਮੁਤਾਬਕ ਢਲਣ ਵਾਲੇ ਮੈਸੇਜ ਆ ਰਹੇ ਹਨ ਕਿ ਕਿਵੇਂ ਹਵਾਈ ਹਮਲਿਆਂ ਦੀਆਂ ਆਵਾਜ਼ਾਂ ਵਿਚਾਲੇ ਵੀ ਉਹ ਯੋਗਾ ਕਰ ਰਹੇ ਹਨ, ਇਕੱਲੇ ਜਨਮਦਿਨ ਦਾ ਕੇਕ ਕੱਟ ਰਹੇ ਹਨ ਅਤੇ ਕਦੇ ਨੇੜਲੇ ਖਾਲੀ ਪਈਆਂ ਕਾਫੀ ਦੀਆਂ ਦੁਕਾਨਾਂ 'ਤੇ ਚਲੇ ਜਾਂਦੇ ਹਨ।
ਅਤੇ ਕੁਝ ਖਾਸ ਨਿੱਜੀ ਸੁਨੇਹਿਆਂ 'ਚ ਉਨ੍ਹਾਂ ਦੱਸਿਆ ਕਿ ਜੰਗ ਕਾਰਨ ਕਿਵੇਂ ਉਨ੍ਹਾਂ ਦੇ ਰਿਸ਼ਤੇ ਪ੍ਰਭਾਵਿਤ ਹੋ ਰਹੇ ਹਨ। ਇਸ ਲੇਖ 'ਚ ਸਾਰਿਆਂ ਦੇ ਨਾਂਅ ਬਦਲ ਦਿੱਤੇ ਗਏ ਹਨ।
ਮਾਰਚ ਦੇ ਅਖੀਰ ਵਿੱਚ, ਈਰਾਨੀਆਂ ਵੱਲੋਂ ਨੌਰੁਜ਼ (ਫਾਰਸੀ ਨਵੇਂ ਸਾਲ ਮੌਕੇ ਮਨਾਇਆ ਜਾਣ ਵਾਲਾ ਤਿਉਹਾਰ) ਮਨਾਇਆ ਗਿਆ। ਇਹ ਅਜਿਹਾ ਤਿਉਹਾਰ ਹੈ ਜਿੱਥੇ ਅਕਸਰ ਪੂਰਾ ਪਰਿਵਾਰ ਇਕੱਠਾ ਹੁੰਦਾ ਹੈ।
"ਚਾਚਾ ਆਪਣੇ ਬੱਚਿਆਂ ਦੀਆਂ ਲਾਸ਼ਾਂ ਤੱਕ ਲੈਣ ਨਹੀਂ ਗਏ"
ਸਿਨਾ, ਜਿਨ੍ਹਾਂ ਦੀ ਉਮਰ ਕਰੀਬ 20 ਸਾਲ ਹੈ, ਈਰਾਨ ਦੀ ਸੱਤਾ ਦੇ ਵਿਰੋਧੀ ਹਨ ਅਤੇ ਅਮਰੀਕਾ-ਇਜ਼ਰਾਇਲ ਵੱਲੋਂ ਕੀਤੇ ਜਾ ਰਹੇ ਹਮਲਿਆਂ ਦਾ ਸਮਰਥਨ ਕਰਦੇ ਹਨ ਕਿਉਂਕਿ ਉਨ੍ਹਾਂ ਮੁਤਾਬਕ ਸੱਤਾ ਡਿਗਾਉਣ 'ਚ ਇਹ ਮਦਦਗਾਰ ਸਾਬਿਤ ਹੋਣਗੇ।
ਉਹ ਕਹਿੰਦੇ ਹਨ, ਉਸਦੇ ਚਾਚਾ (ਬਾਸਿਜ ਮੈਂਬਰ) ਪਿਛਲੇ ਕਈ ਸਾਲਾਂ ਤੋਂ ਨੌਰੁਜ਼ ਮੌਕੇ ਹੋਣ ਵਾਲੀ ਪਰਿਵਾਰਕ ਮੈਂਬਰਾਂ ਦੇ ਇਕੱਠ 'ਚ ਸ਼ਾਮਿਲ ਨਹੀਂ ਹੋਏ ਪਰ ਇਸ ਵਾਰ ਸਭ ਨੂੰ ਹੈਰਾਨ ਕਰਦੇ ਹੋਏ ਅਚਾਨਕ ਸ਼ਾਮਿਲ ਹੋਣ ਪਹੁੰਚ ਗਏ। ਸਿਨਾ ਕਹਿੰਦੇ ਹਨ, "ਆਮ ਤੌਰ 'ਤੇ ਅਸੀਂ ਉਨ੍ਹਾਂ ਨਾਲ ਗੱਲ ਨਹੀਂ ਕਰਦੇ, ਨਾ ਹੀ ਉਨ੍ਹਾਂ ਦੇ ਬੱਚਿਆਂ ਨਾਲ।"
ਉਹ ਕਹਿੰਦੇ ਹਨ ਕਿ 2022 'ਚ ਹਿਜਾਬ ਨਾ ਪਹਿਨਣ 'ਤੇ ਮਾਹਸਾ ਅਮੀਨੀ ਨਾਂਅ ਦੀ ਮਹਿਲਾ ਦੀ ਪੁਲਿਸ ਹਿਰਾਸਤ 'ਚ ਹੋਈ ਮੌਤ ਤੋਂ ਬਾਅਦ 2022 'ਚ ਵੱਡੇ ਪੱਧਰ 'ਤੇ ਹੋਏ ਵਿਰੋਧ-ਪ੍ਰਦਰਸ਼ਨਾਂ ਤੋਂ ਬਾਅਦ ਉਹ ਆਪਣੇ ਚਾਚੇ ਨਾਲ ਨਾ ਦੇ ਬਰਾਬਰ ਗੱਲਬਾਤ ਕਰਦੇ ਸਨ।
ਹਾਲ ਹੀ 'ਚ ਦਸੰਬਰ ਅਤੇ ਜਨਵਰੀ ਮਹੀਨੇ ਹੋਏ ਵਿਰੋਧ ਪ੍ਰਦਰਸ਼ਨਾਂ ਨੂੰ ਰੋਕਣ ਲਈ ਬਾਸਿਜ ਅਤੇ ਹੋਰਨਾਂ ਸੁਰੱਖਿਆ ਬਲਾਂ ਵੱਲੋਂ ਦੇਸ਼ ਭਰ 'ਚ ਸਖਤ ਕਾਰਵਾਈ ਕੀਤੀ ਗਈ। ਅਮਰੀਕਾ ਸਥਿਤ ਮਨੁੱਖੀ ਅਧਿਕਾਰ ਕਾਰਕੁੰਨ ਨਿਊਜ਼ ਏਜੰਸੀ (ਐਚਆਰਏਐਨਏ) ਮੁਤਾਬਕ ਘੱਟੋ-ਘੱਟ 6508 ਪ੍ਰਦਰਸ਼ਨਕਾਰੀ ਮਾਰੇ ਗਏ ਅਤੇ 53,000 ਗ੍ਰਿਫ਼ਤਾਰ ਹੋਏ।
ਸਿਨਾ ਕਹਿੰਦੇ ਹਨ ਕਿ ਰਿਸ਼ਤੇਦਾਰਾਂ ਦੇ ਮੁਤਾਬਕ ਉਸ ਦੇ ਚਾਚਾ ਦੇ ਆਪਣੇ ਬੱਚੇ ਪ੍ਰਦਰਸ਼ਨਾਂ ਦੌਰਾਨ ਮਾਰੇ ਗਏ ਅਤੇ ਉਹ ਉਨ੍ਹਾਂ ਦੀਆਂ ਲਾਸ਼ਾਂ ਲੈਣ ਤੱਕ ਨਹੀਂ ਗਏ।
ਸਿਨਾ ਕਹਿੰਦੇ ਹਨ, "ਬਾਵਜੂਦ ਇਸ ਦੇ ਉਸ ਦੇ ਚਾਚਾ 'ਜੰਗ 'ਚ ਮਾਰੇ ਜਾਣ ਤੋਂ ਡਰਦੇ ਹਨ' ਅਤੇ ਆਪਣੇ ਕੁਝ ਪਰਿਵਾਰਕ ਮੈਂਬਰਾਂ ਨਾਲ ਰਿਸ਼ਤੇ ਸੁਧਾਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ, ਖਾਸ ਤੌਰ 'ਤੇ ਆਪਣੀ ਮਾਂ ਯਾਨੀ ਸਿਨਾ ਦੀ ਦਾਦੀ ਨਾਲ।"
ਸਿਨਾ ਦੱਸਦੇ ਹਨ, "ਨੌਰੁਜ਼ ਮੌਕੇ ਉਹ ਅਤੇ ਉਨ੍ਹਾਂ ਦੀ ਪਤਨੀ "ਬਹੁਤ ਉਦਾਸ ਅਤੇ ਬੇਵੱਸ ਲੱਗ ਰਹੇ ਸਨ।" ਉਹ ਕਹਿੰਦੇ ਹਨ, "ਮੈਂ ਉਨ੍ਹਾਂ ਨਾਲ ਕਿਸੇ ਵਾਦ-ਵਿਵਾਦ 'ਚ ਨਹੀਂ ਪਿਆ। ਉਹਨਾਂ ਨੂੰ ਤਾਂ ਜੇਲ੍ਹ ਵਿੱਚ ਹੋਣਾ ਚਾਹੀਦਾ ਹੈ।"
"ਮੈਂ ਆਪਣੀ ਭੈਣ ਨੂੰ ਬਰਦਾਸ਼ਤ ਨਹੀਂ ਕਰ ਸਕਦਾ..."
ਤਹਿਰਾਨ ਦੇ ਇੱਕ ਹੋਰ ਨੌਜਵਾਨ ਕਾਵੇਹ ਨੇ ਇਕੱਲੇ ਨੌਰੁਜ਼ ਮਨਾਇਆ।
ਉਹ ਦੱਸਦੇ ਹਨ ਕਿ ਉਨ੍ਹਾਂ ਦੀ ਆਪਣੀ ਭੈਣ ਜੋ ਕਿ ਬਾਸਿਜ ਮੈਂਬਰ ਹੈ, ਨਾਲ ਸਬੰਧ ਪਹਿਲਾਂ ਤੋਂ ਹੀ ਵਿਗੜੇ ਸਨ। ਜਦੋਂ ਉਸਨੇ 2022 ਦੇ ਪ੍ਰਦਰਸ਼ਨਾਂ 'ਚ ਹਿੱਸਾ ਲਿਆ, ਉਦੋਂ ਤੋਂ ਉਹ ਉਸਦੀ ਹਰ ਗਤੀਵਿਧੀ ਦਾ ਵਿਰੋਧ ਕਰਨ ਲੱਗੀ ਅਤੇ ਇੱਥੋਂ ਤੱਕ ਕਿ ਜਨਵਰੀ ਦੇ ਪ੍ਰਦਰਸ਼ਨਾਂ ਦੌਰਾਨ ਉਸਦੇ ਦੋਸਤਾਂ ਦੀ ਮੌਤ ਨੂੰ ਲੈਕੇ ਵੀ ਕੋਈ ਹਮਦਰਦੀ ਨਹੀਂ ਜਤਾਈ।
ਕਾਵੇਹ ਸਪੇਸਐਕਸ ਦੇ ਸਟਾਰਲਿੰਕ (ਜੋ ਸੈਟੇਲਾਈਟ ਜ਼ਰੀਏ ਕੁਨੈਕਟੀਵਿਟੀ ਦਿੰਦਾ ਹੈ) ਜ਼ਰੀਏ ਆਪਣੇ ਦੋਸਤਾਂ ਅਤੇ ਪਰਿਵਾਰਕ ਮੈਂਬਰਾਂ ਨੂੰ ਇੰਟਰਨੈੱਟ ਮੁਹੱਈਆ ਕਰਵਾ ਰਹੇ ਹਨ। ਈਰਾਨ 'ਚ ਸਟਾਰਲਿੰਕ ਦੇ ਮਾਲਕ ਜਾਂ ਇਸ ਦਾ ਇਸਤੇਮਾਲ ਕਰਨ ਵਾਲੇ ਨੂੰ ਦੋ ਸਾਲ ਤੱਕ ਦੀ ਜੇਲ੍ਹ ਹੋ ਸਕਦੀ ਹੈ।
ਕਾਵੇਹ ਦੱਸਦੇ ਹਨ ਕਿ ਉਹ ਪਹਿਲਾਂ ਛੁੱਟੀਆਂ ਦੌਰਾਨ ਆਪਣੇ ਪਰਿਵਾਰ ਨਾਲ ਜੁੜੇ ਸਨ ਪਰ ਜਿੱਥੇ ਉਹ ਰੁਕੇ ਸਨ, ਉਸਨੇ ਉਹ ਥਾਂ ਛੱਡ ਦਿੱਤੀ ਅਤੇ ਜਦੋਂ ਵਾਪਸ ਮੁੜੇ ਤਾਂ ਦੇਖਿਆ ਕਿ ਉਸਦੀ ਭੈਣ ਨੇ ਸਟਾਰਲਿੰਕ ਅਤੇ ਇਸ ਨਾਲ ਜੁੜੇ ਡਿਵਾਈਸ ਬੰਦ ਕਰ ਦਿੱਤੇ ਸਨ। ਜਦੋਂ ਉਸਨੇ ਸਵਾਲ ਚੁੱਕਿਆ ਤਾਂ ਦੋਹਾਂ ਵਿਚਾਲੇ ਝਗੜਾ ਹੋਇਆ।
ਉਹ ਕਹਿੰਦੇ ਹਨ, "ਮੈਂ ਉਸਨੂੰ ਬਿਲਕੁੱਲ ਬਰਦਾਸ਼ਤ ਨਹੀਂ ਕਰ ਸਕਦਾ। ਮੇਰਾ ਉਸ ਨਾਲ ਝਗੜਾ ਹੋਇਆ ਅਤੇ ਮੈਂ ਹੋਰ ਨਹੀਂ ਸਹਿ ਸਕਦਾ ਅਤੇ ਮੈਂ ਉੱਥੋਂ ਚਲਾ ਗਿਆ।"
ਘਰ ਵਾਪਸ ਜਾਂਦੇ ਸਮੇਂ ਇਨਕ੍ਰਿਪਡਿਟ ਮੈਸੇਜ 'ਚ ਉਨ੍ਹਾਂ ਨੇ ਲਿਖਿਆ, "ਮੈਂ ਨੌਰੁਜ਼ ਨੂੰ ਲੈਕੇ ਬੇਹੱਦ ਉਤਸ਼ਾਹਿਤ ਸੀ। ਮੈਂ ਆਪਣੇ ਕੱਪੜੇ ਪੈਕ ਕੀਤੇ ਅਤੇ ਪਰਿਵਾਰ ਨਾਲ ਸਮਾਂ ਗੁਜ਼ਾਰਨਾ ਚਾਹੁੰਦਾ ਸੀ ਪਰ ਹੁਣ ਮੈਨੂੰ ਕੁਝ ਮਹਿਸੂਸ ਨਹੀਂ ਹੋ ਰਿਹਾ।"
ਜ਼ਿਆਦਾਤਰ ਈਰਾਨੀਆਂ ਕੋਲ ਇੰਟਰਨੈੱਟ ਦੀ ਸਹੂਲਤ ਨਹੀਂ ਹੈ। ਸਟਾਰਲਿੰਕ ਡਿਵਾਈਸ ਮਹਿੰਗੇ ਅਤੇ ਗੈਰ-ਕਾਨੂੰਨੀ ਹਨ, ਇਸ ਲਈ ਜਿਨ੍ਹਾਂ ਕੋਲ ਇਹ ਡਿਵਾਈਸ ਹਨ ਉਹ ਅਕਸਰ ਧਨਾਢ ਹੀ ਹੁੰਦੇ ਹਨ। ਬਹੁਤ ਘੱਟ ਲੋਕ ਹੀ ਵੀਪੀਐਨ ਸਿਸਟਮ ਜ਼ਰੀਏ ਕੁਨੈਕਟ ਹੋ ਪਾਉਂਦੇ ਹਨ।
ਬੀਬੀਸੀ ਫਾਰਸੀ ਨਾਲ ਸੰਪਰਕ ਸਾਧਨ ਵਾਲੇ ਜ਼ਿਆਦਾਤਰ ਈਰਾਨੀ ਸੱਤਾ ਵਿਰੋਧੀ ਹਨ। ਪਰ ਸੱਤਾ ਦਾ ਵਿਰੋਧ ਕਰਨ ਵਾਲਿਆਂ 'ਚ ਵੀ ਇਸ ਜੰਗ ਅਤੇ ਇਸ ਦੇ ਨਤੀਜਿਆਂ ਨੂੰ ਲੈਕੇ ਕਾਫੀ ਵਖਰੇਵੇਂ ਹਨ।
ਇੰਟਰਨੈਸ਼ਨਲ ਫੈਡਰੇਸ਼ਨ ਆਫ ਰੈੱਡ ਕ੍ਰਾਸ ਐਂਡ ਰੈੱਡ ਕ੍ਰੀਸੈਂਟ ਸੁਸਾਇਟੀਜ਼ ਮੁਤਾਬਕ ਅਮਰੀਕੀ ਅਤੇ ਇਜ਼ਰਾਇਲੀ ਹਮਲਿਆਂ 'ਚ 1900 ਲੋਕ ਮਾਰੇ ਗਏ ਹਨ ਜਦੋਂਕਿ ਐਚਆਰਏਐਨਏ ਮ੍ਰਿਤਕਾਂ ਦਾ ਅੰਕੜਾ 3400 ਤੋਂ ਵੱਧ ਦੱਸਦੇ ਹਨ ਜਿਨ੍ਹਾਂ ਚੋਂ 1500 ਤੋਂ ਜ਼ਿਆਦਾ ਨਾਗਰਿਕ ਸ਼ਾਮਿਲ ਹਨ।
"ਮੇਰੇ ਮਾਤਾ-ਪਿਤਾ ਅਕਸਰ ਸ਼ਹਿਜ਼ਾਦੇ ਦੇ ਮੁੱਦੇ 'ਤੇ ਲੜਦੇ ਹਨ"
ਉੱਤਰੀ ਇਰਾਨ ਦੇ ਸ਼ਹਿਰ ਰਸ਼ਤ ਵਿੱਚ ਰਹਿੰਦੀ 20 ਸਾਲਾਂ ਦੀ ਵਿਦਿਆਰਥਣ ਮਰਾਲ ਆਪਣੇ ਪਿਤਾ ਨਾਲ ਬਹੁਤ ਨਾਰਾਜ਼ ਹੋ ਗਈ ਹੈ ਕਿਉਂਕਿ ਉਹ ਜੰਗ ਦਾ ਸਮਰਥਨ ਕਰਦੇ ਰਹਿੰਦੇ ਹਨ।
ਉਸਦੇ ਪਿਤਾ 1979 ਦੀ ਕ੍ਰਾਂਤੀ ਤੋਂ ਪਹਿਲਾਂ ਈਰਾਨ ਦੇ ਕ੍ਰਾਊਨ ਪ੍ਰਿੰਸ ਰੇਜ਼ਾ ਪਹਿਲਵੀ ਦੇ ਵੱਡੇ ਹਮਾਇਤੀ ਹਨ।
ਮੌਜੂਦਾ ਸਮੇਂ 'ਚ ਪਹਿਲਵੀ ਅਮਰੀਕਾ 'ਚ ਰਹਿੰਦੇ ਹਨ ਅਤੇ ਆਪਣੇ ਆਪ ਨੂੰ ਦੇਸ਼ ਦੇ ਸੰਭਾਵੀ ਆਗੂ ਵਜੋਂ ਪੇਸ਼ ਕਰਦੇ ਹਨ। ਜੰਗ ਦੌਰਾਨ ਵੱਧ ਰਹੇ ਮੌਤਾਂ ਦੇ ਅੰਕੜਿਆਂ ਦੇ ਬਾਵਜੂਦ ਉਹ ਅਮਰੀਕਾ ਅਤੇ ਇਜ਼ਰਾਇਲ ਦੇ ਹਮਲਿਆਂ ਦਾ ਸਮਰਥਨ ਕਰਦੇ ਹਨ ਅਤੇ ਇਨ੍ਹਾਂ ਹਮਲਿਆਂ ਨੂੰ "ਮਾਨਵਤਾ 'ਤੇ ਅਧਾਰਿਤ ਦਖਲਅੰਦਾਜ਼ੀ" ਕਹਿੰਦੇ ਹਨ ਅਤੇ ਹਾਲ ਹੀ ਵਿੱਚ ਉਨ੍ਹਾਂ ਵੱਲੋਂ ਅਮਰੀਕਾ ਨੂੰ "ਇਸੇ ਰਾਹ 'ਤੇ ਬਣੇ ਰਹਿਣ" ਦੀ ਅਪੀਲ ਵੀ ਕੀਤੀ ਗਈ ਹੈ।
ਪਿਛਲੇ ਕੁਝ ਮਹੀਨਿਆਂ ਵਿੱਚ ਉਹ ਈਰਾਨ ਵਿੱਚ ਵਿਰੋਧੀ ਆਗੂ ਵਜੋਂ ਕਾਫ਼ੀ ਪ੍ਰਸਿੱਧ ਹੋਏ ਹਨ। ਜਨਵਰੀ ਦੇ ਪ੍ਰਦਰਸ਼ਨਾਂ ਦੌਰਾਨ ਕੁਝ ਲੋਕ ਉਨ੍ਹਾਂ ਦੇ ਨਾਂਅ ਦੇ ਨਾਅਰੇ ਲਾਉਂਦੇ ਵੀ ਸੁਣੇ ਗਏ।
ਮਰਾਲ ਕਹਿੰਦੇ ਹਨ, "ਮੈਂ ਸਿਰਫ਼ ਇਹ ਚਾਹੁੰਦੀ ਹਾਂ ਕਿ ਇਹ ਜੰਗ ਜਲਦ ਤੋਂ ਜਲਦ ਖਤਮ ਹੋਵੇ। ਬਹੁਤ ਸਾਰੇ ਆਮ ਲੋਕ ਮਾਰੇ ਜਾ ਚੁੱਕੇ ਹਨ।"
ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਬਹੁਤ ਗੁੱਸਾ ਆਉਂਦਾ ਹੈ ਕਿਉਂਕਿ ਉਨ੍ਹਾਂ ਦੇ ਪਿਤਾ "ਬਹੁਤ ਜ਼ਿਆਦਾ ਆਸ਼ਾਵਾਦੀ" ਹਨ, ਭਾਵੇਂ ਬੰਬਬਾਰੀ ਜਾਰੀ ਹੈ।
ਉਹ ਕਹਿੰਦੇ ਹਨ, "ਅਸੀਂ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਪਰ ਉਹ ਹਮੇਸ਼ਾ 'ਸ਼ਹਿਜ਼ਾਦਾ-ਸ਼ਹਿਜ਼ਾਦਾ' ਹੀ ਕਰਦੇ ਰਹਿੰਦੇ ਹਨ।
ਉਹ ਕਹਿੰਦੇ ਹਨ, "ਮੇਰੇ ਪਿਤਾ ਇਸ ਵਹਿਮ ਵਿੱਚ ਜਿਉਂ ਰਹੇ ਹਨ ਕਿ ਈਰਾਨ ਆਪਣੀਆਂ ਸਰਹੱਦਾਂ ਖੋਲ੍ਹ ਦੇਵੇਗਾ ਅਤੇ ਪੰਜ ਸਾਲਾਂ ਵਿੱਚ ਸਭ ਕੁਝ ਦੁਬਾਰਾ ਬਣ ਜਾਵੇਗਾ, ਸਭ ਕੁਝ ਠੀਕ ਹੋ ਜਾਵੇਗਾ। ਉਹ ਇਜ਼ਰਾਇਲੀ ਪ੍ਰੋਪੈਗੈਂਡਾ ਤੋਂ ਪ੍ਰਭਾਵਿਤ ਹਨ ਕਿ ਦੋਵੇਂ ਦੇਸ਼ ਦੋਸਤ ਬਣ ਜਾਣਗੇ।"
ਉਹ ਇਹ ਵੀ ਕਹਿੰਦੇ ਹਨ ਕਿ ਉਸਦੇ ਮਾਤਾ-ਪਿਤਾ ਅਕਸਰ ਪਹਿਲਵੀ ਦੇ ਮੁੱਦੇ 'ਤੇ ਝਗੜਦੇ ਹਨ।
"ਜੇ ਪ੍ਰਦਰਸ਼ਨਾਂ 'ਚ ਤੁਹਾਡਾ ਕੋਈ ਆਪਣਾ ਮਰਿਆ ਹੁੰਦਾ ਤਾਂ..."
ਤਹਿਰਾਨ ਦੀ 20 ਸਾਲਾਂ ਤਾਰਾ ਦੱਸਦੇ ਹਨ ਕਿ ਉਨ੍ਹਾਂ ਦੇ ਨਜ਼ਦੀਕੀ ਪਰਿਵਾਰਕ ਮੈਂਬਰਾਂ ਨੇ ਸ਼ੁਰੂਆਤ 'ਚ ਜੰਗ ਦੇ ਵਿਰੋਧ ਕਰਨ ਕਾਰਨ ਉਸਦੀ ਅਲੋਚਨਾ ਕੀਤੀ ਸੀ।
ਉਹ ਕਹਿੰਦੇ ਹਨ, "ਉਹ ਸਾਰੇ ਈਰਾਨ 'ਤੇ ਹੋਏ ਹਮਲਿਆਂ ਦਾ ਸਮਰਥਨ ਕਰਦੇ ਹਨ। ਮੇਰੀ ਮਾਂ ਅਤੇ ਭੈਣ ਨੇ ਮੈਨੂੰ ਕਿਹਾ, "ਤੁਸੀਂ ਕਿਸੇ ਨੂੰ ਨਹੀਂ ਗੁਆਇਆ [ਪ੍ਰਦਰਸ਼ਨਾਂ ਦੌਰਾਨ], ਇਸ ਕਰਕੇ ਤੁਸੀਂ ਹਮਲਿਆਂ ਦੇ ਵਿਰੋਧ ਵਿੱਚ ਹੋ। ਤੁਸੀਂ ਨਹੀਂ ਚਾਹੁੰਦੇ ਕਿ ਤੁਹਾਡੀ ਰੂਟੀਨ, ਕਸਰਤ ਅਤੇ ਕੌਫੀ 'ਤੇ ਮੇਲ-ਜੋਲ ਖਰਾਬ ਹੋਵੇ… ਜੇ ਉਨ੍ਹਾਂ [ਸੱਤਾ ਧਿਰ ਨੇ] ਤੁਹਾਡੇ ਕਿਸੇ ਦੋਸਤ ਜਾਂ ਰਿਸ਼ਤੇਦਾਰ ਨੂੰ ਮਾਰ ਦਿੱਤਾ ਹੁੰਦਾ ਤਾਂ ਤੁਹਾਡੇ ਵਿਚਾਰ ਵੱਖਰੇ ਹੁੰਦੇ।"
ਪਰ ਤਾਰਾ ਕਹਿੰਦੇ ਹਨ, "ਜੰਗ ਵਿੱਚ ਵੀ ਹਜ਼ਾਰਾਂ ਬੇਗੁਨਾਹ ਲੋਕ ਮਾਰੇ ਜਾ ਸਕਦੇ ਹਨ, ਬਿਨਾਂ ਕਿਸੇ ਵੱਲੋਂ ਉਨ੍ਹਾਂ ਨੂੰ ਯਾਦ ਰੱਖੇ।"
ਹਾਲਾਂਕਿ, ਉਹ ਕਹਿੰਦੇ ਹਨ ਕਿ ਲਗਾਤਾਰ ਹੋ ਰਹੇ ਹਮਲਿਆਂ ਵਿਚਾਲੇ ਉਨ੍ਹਾਂ ਦੀ ਭੈਣ ਦਾ ਰਵੱਈਆ ਕੁਝ ਨਰਮ ਪਿਆ ਹੈ, ਬਿਲਕੁਲ ਉਨ੍ਹਾਂ ਹੋਰ ਇਰਾਨੀਆਂ ਵਾਂਗ, ਜਿਨ੍ਹਾਂ ਨਾਲ ਬੀਬੀਸੀ ਨੇ ਗੱਲ ਕੀਤੀ ਹੈ। ਹਾਲ ਹੀ ਵਿੱਚ, ਜਦੋਂ ਨੇੜਲੇ ਇਲਾਕੇ 'ਤੇ ਹਮਲਾ ਹੋਇਆ, ਤਾਂ ਉਨ੍ਹਾਂ ਦੀ ਭੈਣ ਨੇ ਸਿਰਫ਼ ਇਹ ਕਿਹਾ: "ਮੈਂ ਉਮੀਦ ਕਰਦੀ ਹਾਂ ਕਿ ਜੰਗ ਜਲਦੀ ਖਤਮ ਹੋ ਜਾਵੇ।"
ਤਾਰਾ ਕਹਿੰਦੇ ਹਨ, "ਤਮਾਮ ਵੱਖਰੇਵਿਆਂ ਵਿਚਾਲੇ, ਪੂਰਾ ਪਰਿਵਾਰ ਜਿੱਥੇ ਵੀ ਜਾਂਦਾ, ਇਕੱਠੇ ਜਾਂਦਾ ਤਾਂ ਜੋ ਜੇਕਰ ਉਨ੍ਹਾਂ 'ਤੇ ਹਮਲਾ ਹੋਵੇ ਤਾਂ ਉਹ ਸਾਰੇ ਇਕੱਠੇ ਮਰਨ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ