ਮੱਛੀ ਦੇ ਸਪਰਮ ਤੋਂ ਲੈ ਕੇ ਪੰਛੀਆਂ ਦੀ ਬਿੱਠ ਤੱਕ: ਚਮੜੀ ਦੀ ਦੇਖਭਾਲ਼ ਦੇ ਅਜੀਬ ਰੁਝਾਨਾਂ ਬਾਰੇ ਵਿਗਿਆਨ ਕੀ ਕਹਿੰਦਾ

    • ਲੇਖਕ, ਡੇਵਿਡ ਕਾਕਸ
    • ਰੋਲ, ਬੀਬੀਸੀ ਫਿਊਚਰ
  • ਪੜ੍ਹਨ ਦਾ ਸਮਾਂ: 10 ਮਿੰਟ

ਸੋਸ਼ਲ ਮੀਡੀਆ 'ਤੇ ਸੁੰਦਰਤਾ ਵਧਾਉਣ ਨਾਲ ਜੁੜੇ ਅਜੀਬੋ-ਗਰੀਬ ਇਲਾਜਾਂ ਦਾ ਤਾਂ ਜਿਵੇਂ ਹੜ੍ਹ ਆਇਆ ਹੋਇਆ ਹੈ। ਪਰ ਕੀ ਵਿਗਿਆਨਕ ਖੋਜ ਵੀ ਕੁਝ ਦੱਸਦੀ ਹੈ ਜਿਸ ਦੇ ਆਧਾਰ 'ਤੇ ਇਨ੍ਹਾਂ ਇਲਾਜਾਂ ਨੂੰ ਸੱਚ ਮੰਨਿਆ ਜਾ ਸਕਦਾ ਹੋਵੇ?

ਦੱਖਣੀ ਕੋਰੀਆ ਦੇ ਸਿਓਲ ਵਿੱਚ ਸਥਿਤ ਯੂ ਐਂਡ ਆਈ ਕਲਿਨਿਕ ਵਿੱਚ, ਚਮੜੀ ਦੀ ਬਣਤਰ (ਟੈਕਸਚਰ) ਨੂੰ ਬਿਹਤਰ ਬਣਾਉਣ ਲਈ ਸਭ ਤੋਂ ਵੱਧ ਜਿਨ੍ਹਾਂ ਇਲਾਜਾਂ ਦੀ ਮੰਗ ਕੀਤੀ ਜਾਂਦੀ ਹੈ, ਉਨ੍ਹਾਂ ਵਿੱਚੋਂ ਇੱਕ ਵਿੱਚ ਸੈਲਮਨ ਮੱਛੀ ਦੇ ਸਪਰਮ ਨਾਲ ਜੁੜਿਆ ਇਲਾਜ ਵੀ ਸ਼ਾਮਲ ਹੈ।

ਇਸ ਇਲਾਜ ਵਿੱਚ, ਸੈਲਮਨ ਮੱਛੀ ਦੇ ਸਪਰਮ ਤੋਂ ਡੀਐਨਏ ਦੇ ਛੋਟੇ-ਛੋਟੇ ਟੁਕੜੇ ਚਮੜੀ ਦੀ ਮੋਟੀ ਵਿਚਕਾਰਲੀ ਪਰਤ, ਡਰਮਿਸ ਵਿੱਚ ਇੰਜੈਕਟ ਕੀਤੇ ਜਾਂਦੇ ਹਨ। ਸਾਡੀ ਚਮੜੀ ਦੀ ਇਸ ਵਿਚਕਾਰਲੀ ਪਰਤ ਭਾਵ ਡਰਮਿਸ ਵਿੱਚ ਖੂਨ ਦੀਆਂ ਨਸਾਂ, ਕੋਸ਼ਿਕਾਵਾਂ ਅਤੇ ਗ੍ਰੰਥੀਆਂ ਹੁੰਦੀਆਂ ਹਨ।

ਇਸ ਕਲਿਨਿਕ ਵਿੱਚ ਸੁੰਦਰਤਾ ਸਬੰਧੀ ਮਾਹਿਰ ਅਤੇ ਯੋਨਸੇਈ ਯੂਨੀਵਰਸਿਟੀ ਵਿੱਚ ਸਹਾਇਕ ਪ੍ਰੋਫੈਸਰ ਕਿਊ-ਹੋ ਯੀ ਕਹਿੰਦੇ ਹਨ, "ਇਸ ਦਾ ਉਦੇਸ਼ ਫਿਲਰ ਵਾਂਗ ਵਾਲਿਊਮ ਵਧਾਉਣਾ ਨਹੀਂ ਹੈ, ਬਲਕਿ ਚਮੜੀ ਨੂੰ ਤਿਆਰ ਕਰਨਾ ਜਾਂ ਬਾਇਓਸਟਿਮੂਲੇਸ਼ਨ ਹੈ, ਜਿਸ ਵਿੱਚ ਸਿਹਤਮੰਦ ਚਮੜੀ ਲਈ ਸਥਿਤੀ ਬਣਾਉਣਾ ਅਤੇ ਰਿਕਵਰੀ (ਠੀਕ ਹੋਣ) ਵਿੱਚ ਮਦਦ ਕਰਨਾ ਸ਼ਾਮਲ ਹੈ।"

ਇਹ ਸੁਣਨ ਵਿੱਚ ਅਜੀਬ ਲੱਗ ਸਕਦਾ ਹੈ, ਪਰ ਯੀ ਕਹਿੰਦੇ ਹਨ ਕਿ ਇਹ ਧਾਰਣਾ ਅਸਲ ਵਿੱਚ ਸੁਧਾਰ ਕਰਨ ਵਾਲੇ ਇਲਾਜ ਅਤੇ ਜ਼ਖਮ ਭਰਨ ਦੇ ਵਿਚਾਰ ਨਾਲ ਜੁੜਿਆ ਹੈ। ਜਿਸ ਵਿੱਚ, ਲੜਾਈ ਆਦਿ ਵਿੱਚ ਚਿਹਰੇ 'ਤੇ ਸੱਟਾਂ ਲੱਗਣ ਕਾਰਨ ਬਣੇ ਨਿਸ਼ਾਨਾਂ ਨੂੰ ਠੀਕ ਕਰਨ ਭਾਵ ਚਮੜੀ ਦੇ ਸੈੱਲਾਂ ਦੀ ਮੁਰੰਮਤ ਲਈ ਮੱਛੀ ਤੋਂ ਪ੍ਰਾਪਤ ਡੀਐਨਏ ਦੇ ਟੁਕੜਿਆਂ ਦਾ ਇਸਤੇਮਾਲ ਕੀਤਾ ਗਿਆ। ਟਿਸ਼ੂ ਠੀਕ ਕਰਨ ਦੀ ਆਪਣੀ ਸਮਰੱਥਾ ਕਾਰਨ ਇਸ ਇਲਾਜ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।

ਵਿਗਿਆਨਕ ਡੇਟਾ ਅਜੇ ਵੀ ਕਾਫ਼ੀ ਘੱਟ ਹੈ, ਪਰ ਕੁਝ ਅਧਿਐਨ ਦੱਸਦੇ ਹਨ ਕਿ ਸੈਲਮਨ ਮੱਛੀ ਦੇ ਸ਼ੁਕਰਾਣੂ/ਸਪਰਮ ਤੋਂ ਸ਼ੁੱਧ ਪੋਲਿਨਿਊਕਲਿਓਟਾਈਡ ਵਰਤਣ ਵਾਲੇ ਇਹ ਇਲਾਜ ਚਮੜੀ 'ਤੇ ਆਈਆਂ ਬਰੀਕ ਲਕੀਰਾਂ ਭਾਵ ਝੁਰੜੀਆਂ ਨੂੰ ਘਟਾਉਣ ਵਿੱਚ ਮਦਦਗਾਰ ਹੋ ਸਕਦੇ ਹਨ।

ਅਮਰੀਕਾ ਦੇ ਮਾਊਂਟ ਸਿਨਾਈ ਹਸਪਤਾਲ ਵਿੱਚ ਡਰਮੈਟੋਲੋਜੀ ਦੇ ਐਸੋਸੀਏਟ ਪ੍ਰੋਫੈਸਰ ਜੋਸ਼ੂਆ ਜ਼ਾਈਚਨਰ ਨੇ ਚਮੜੀ ਸੰਭਾਲ ਖੇਤਰ 'ਚ ਕੰਮ ਕਰਦੀਆਂ ਕੰਪਨੀਆਂ ਲਈ ਸਲਾਹਕਾਰ ਵਜੋਂ ਵੀ ਕੰਮ ਕੀਤਾ ਹੈ। ਉਹ ਕਹਿੰਦੇ ਹਨ, "ਇਨ੍ਹਾਂ ਨਾਲ ਚਮੜੀ ਦੀ ਨਮੀ, ਨਰਮੀ, ਬਣਤਰ ਅਤੇ ਝੁਰੜੀਆਂ ਵਿੱਚ ਸੁਧਾਰ ਹੁੰਦਾ ਹੈ।"

ਉਹ ਅੱਗੇ ਕਹਿੰਦੇ ਹਨ, "ਇਹ ਸਪਸ਼ਟ ਨਹੀਂ ਕਿ ਕਿਸੇ ਨੇ ਪਹਿਲੀ ਵਾਰ ਇਸਨੂੰ ਚਮੜੀ ਦੇ ਇਲਾਜ ਵਜੋਂ ਆਜ਼ਮਾਉਣ ਦਾ ਫੈਸਲਾ ਕਿਵੇਂ ਕੀਤਾ, ਪਰ ਫਿਰ ਵੀ ਇਸਦਾ ਇਸਤੇਮਾਲ ਕੀਤਾ ਜਾ ਰਿਹਾ ਹੈ।"

ਸੁੰਦਰਤਾ ਦੇ ਖੇਤਰ ਵਿੱਚ ਦੱਖਣੀ ਕੋਰੀਆ ਨੂੰ ਹੁਣ ਇੱਕ ਟਰੈਂਡ ਸੈਟਰ ਦੇਸ਼ ਵਜੋਂ ਦੇਖਿਆ ਜਾ ਰਿਹਾ ਹੈ, ਜਿਸਨੂੰ ਕੇ-ਬਿਊਟੀ ਕ੍ਰੇਜ਼ ਵੀ ਕਿਹਾ ਜਾਂਦਾ ਹੈ। ਸੈਲਮਨ ਅਤੇ ਹੋਰ ਮੱਛੀਆਂ ਦੇ ਸਪਰਮ ਵਾਲੇ ਟੀਕਿਆਂ ਦੇ ਜਿਨ੍ਹਾਂ ਫਾਇਦਿਆਂ ਬਾਰੇ ਦਾਅਵੇ ਕੀਤੇ ਜਾਂਦੇ ਹਨ, ਉਹ ਫਾਇਦੇ ਚਾਰਲੀ ਐਕਸਸੀਐਕਸ ਤੋਂ ਲੈ ਕੇ ਜੈਨਿਫਰ ਐਨਿਸਟਨ ਵਰਗੀਆਂ ਕਈ ਮਸ਼ਹੂਰ ਹਸਤੀਆਂ ਵੱਲੋਂ ਪ੍ਰਚਾਰਿਤ ਹੋ ਕੇ ਦੁਨੀਆ ਭਰ ਵਿੱਚ ਫੈਲ ਗਏ ਹਨ।

ਪੰਛੀਆਂ ਦੀ ਬਿੱਠ ਤੋਂ ਬਣੇ ਫੇਸ ਮਾਸਕ ਅਤੇ ਖੂਨ ਚੁੱਸਣ ਵਾਲੇ ਵੈਮਪਾਇਰ ਫੇਸ਼ੀਅਲ ਵਰਗੇ ਹੋਰ ਅਜੀਬ ਇਲਾਜਾਂ ਨਾਲ ਨਾਲ ਇਨ੍ਹਾਂ ਦੀ ਲੋਕਪ੍ਰਿਯਤਾ ਵੀ ਵਧੀ ਹੈ।

ਪਰ ਕੀ ਚਮੜੀ ਦੀ ਦੇਖਭਾਲ਼ ਦੇ ਇਹ ਅਨੋਖੇ ਅਤੇ ਪ੍ਰਚਲਿਤ ਦੇ ਤਰੀਕੇ ਵਾਕਈ ਕਾਰਗਰ ਹਨ?

ਪ੍ਰਾਚੀਨ ਸੁੰਦਰਤਾ

ਇਤਿਹਾਸ ਦੀਆਂ ਕਿਤਾਬਾਂ 'ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਸਕਿਨ ਕੇਅਰ ਭਾਵ ਚਮੜੀ ਦੀ ਦੇਖਭਾਲ਼ ਦਾ ਇੱਕ ਲੰਮਾ ਅਤੇ ਸ਼ਾਨਦਾਰ ਇਤਿਹਾਸ ਰਿਹਾ ਹੈ, ਜਿਸ ਵਿੱਚ ਕਈ ਅਜੀਬ ਤਰੀਕੇ ਸ਼ਾਮਲ ਹਨ।

ਕਿਹਾ ਜਾਂਦਾ ਹੈ ਕਿ ਮਿਸਰ ਦੀ ਰਾਣੀ ਕਲੀਓਪੈਟਰਾ ਗਧੇ ਦੇ ਖੱਟੇ ਦੁੱਧ ਨਾਲ ਨਹਾਉਂਦੀ ਸੀ। ਮਿਆਂਮਾਰ ਵਿੱਚ ਮਹਿਲਾਵਾਂ ਸਦੀਆਂ ਤੋਂ ਚਿਹਰੇ 'ਤੇ ਥਾਨਕਾ ਨਾਮਕ ਪੇਸਟ ਲਗਾਉਂਦੀਆਂ ਆ ਰਹੀਆਂ ਹਨ, ਜੋ ਦਰੱਖਤ ਦੀ ਛਾਲ ਨੂੰ ਪੀਸ ਕੇ ਬਣਾਇਆ ਜਾਂਦਾ ਹੈ।

ਇਸਦਾ ਇਸਤੇਮਾਲ ਉਹ ਸਜਾਵਟੀ ਤੌਰ 'ਤੇ ਅਤੇ ਚਮੜੀ ਨੂੰ ਧੁੱਪ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਉਣ ਲਈ ਕਰਦੀਆਂ ਹਨ। ਰੋਮ ਵਿੱਚ ਦਾਗ-ਧੱਬਿਆਂ ਦੇ ਇਲਾਜ ਦਾ ਇੱਕ ਕੁਖਿਆਤ ਨੁਸਖਾ ਸੀ ਛੋਟੇ ਮਗਰਮੱਛ ਦੀਆਂ ਆਂਤਾਂ ਨੂੰ ਪੀਸ ਕੇ ਲਗਾਉਣਾ।

ਹਾਲਾਂਕਿ, ਆਧੁਨਿਕ ਡਰਮੈਟੋਲੋਜੀ ਦੱਸਦੀ ਹੈ ਕਿ ਇਨ੍ਹਾਂ ਵਿੱਚੋਂ ਘੱਟੋ-ਘੱਟ ਕੁਝ ਪ੍ਰਾਚੀਨ ਇਲਾਜ ਸਮੇਂ ਦੇ ਨਾਲ ਹੀ ਚੱਲਦੇ ਰਹੇ ਅਤੇ ਅੱਜ ਵੀ ਵਰਤੇ ਜਾਂਦੇ ਹਨ, ਜਿਵੇਂ ਹਲਦੀ, ਟਾਈਗਰ ਗ੍ਰਾਸ ਅਤੇ ਸਮੁੰਦਰੀ ਘਾਹ ਵਰਗੀਆਂ ਚੀਜ਼ਾਂ ਚਮੜੀ ਨੂੰ ਹੋਣ ਵਾਲੇ ਫਾਇਦੇ ਕਾਰਨ ਅੱਜ ਵੀ ਵਰਤੀਆਂ ਜਾਂਦੀਆਂ ਹਨ।

ਸਾਲ 2022 ਵਿੱਚ, ਇੱਕ ਅਧਿਐਨ ਨੇ 12ਵੀਂ ਸਦੀ ਦੇ ਇਟਲੀ 'ਚ ਚਮੜੀ ਦੀ ਦੇਖਭਾਲ਼ ਸਬੰਧੀ ਵੱਖ-ਵੱਖ ਤਰੀਕਿਆਂ ਦਾ ਵਿਸ਼ਲੇਸ਼ਣ ਕੀਤਾ। ਇਹ ਉਹ ਤਰੀਕੇ ਹਨ ਜਿਨ੍ਹਾਂ ਦਾ ਜ਼ਿਕਰ ਸੈਲਰਨੋ ਦੀ ਪ੍ਰਸਿੱਧ ਮਹਿਲਾ ਚਿਕਿਤਸਕ ਟਰੋਟਾ ਦੇ ਲੇਖਾਂ ਵਿੱਚ ਮਿਲਦਾ ਹੈ।

ਖੋਜ ਕਰਨ ਵਾਲਿਆਂ ਨੇ ਪਾਇਆ ਕਿ ਰਾਮਫਲੀ ਅਤੇ ਸਿਰਕੇ ਵਰਗੇ ਕਈ ਸੁਝਾਏ ਗਏ ਤੱਤ ਹੁਣ ਚਿਹਰੇ ਦੀ ਸਫਾਈ, ਐਕਸਫੋਲੀਏਸ਼ਨ ਅਤੇ ਸੁੱਕੀ ਚਮੜੀ ਦੇ ਇਲਾਜ ਵਿੱਚ ਪ੍ਰਭਾਵਸ਼ਾਲੀ ਮੰਨੇ ਜਾਂਦੇ ਹਨ। ਉਦਾਹਰਨ ਵਜੋਂ, ਟਾਰਟਰਿਕ ਐਸਿਡ ਨਾਮਕ ਟਾਰਟਰ ਤੇਲ ਦਾ ਅਰਕ ਹੁਣ ਆਧੁਨਿਕ ਸਕਿਨਕੇਅਰ ਉਤਪਾਦਾਂ ਵਿੱਚ ਇੱਕ ਆਮ ਤੱਤ ਹੈ।

ਗੇਸ਼ਾ ਫੇਸ਼ੀਅਲ ਅਤੇ ਮੈਨਸਟਰੂਅਲ ਮਾਸਕਿੰਗ

ਇਸ ਵਿੱਚ ਸਿਰਫ਼ ਕੁਦਰਤ ਵਿੱਚ ਮਿਲਣ ਵਾਲੇ ਪੌਦੇ, ਜੜੀਆਂ-ਬੂਟੀਆਂ ਅਤੇ ਖਣਿਜ ਹੀ ਸ਼ਾਮਲ ਨਹੀਂ ਹਨ। ਕਥਿਤ "ਗੇਸ਼ਾ ਫੇਸ਼ੀਅਲ" ਵਿੱਚ ਨਾਈਟਿੰਗੇਲ ਪੰਛੀਆਂ ਦੀ ਬਿੱਠ (ਮਲ) ਲਈ ਜਾਂਦੀ ਹੈ, ਇਸ ਨੂੰ ਤੇਜ਼ ਅਲਟਰਾ ਵਾਇਲਟ ਰੋਸ਼ਨੀ ਨਾਲ ਸਾਫ਼ ਕੀਤਾ ਜਾਂਦਾ ਹੈ, ਅਤੇ ਫਿਰ ਇਸ ਨੂੰ ਐਕਸਫੋਲੀਐਂਟ ਅਤੇ ਬ੍ਰਾਈਟਨਰ ਵਰਗੇ ਹੋਰ ਰਸਾਇਣਾਂ ਨਾਲ ਮਿਲਾ ਕੇ ਚਿਹਰੇ 'ਤੇ ਫੇਸ ਮਾਸਕ ਵਾਂਗ ਲਗਾਇਆ ਜਾਂਦਾ ਹੈ।

ਇਹ ਬਿੱਠ-ਆਧਾਰਿਤ ਤਕਨੀਕ ਜਪਾਨ ਦੀ ਸਦੀਆਂ ਪੁਰਾਣੀ ਖੋਜ ਤੋਂ ਨਿਕਲੀ ਹੈ, ਜਿਸ ਵਿੱਚ ਪਤਾ ਲੱਗਿਆ ਸੀ ਕਿ ਜਪਾਨੀ ਬੁਸ਼ ਵੌਬਲਰ (ਇੱਕ ਕਿਸਮ ਦਾ ਨਾਈਟਿੰਗੇਲ) ਦੀ ਬਿੱਠ ਦਾ ਇਸਤੇਮਾਲ ਕੱਪੜਿਆਂ ਤੋਂ ਰੰਗ ਹਟਾਉਣ ਲਈ ਕੀਤਾ ਜਾ ਸਕਦਾ ਹੈ।

ਇਸੇ ਖੋਜ ਤੋਂ ਬਾਅਦ ਜਪਾਨੀ ਮਹਿਲਾ ਕਲਾਕਾਰਾਂ ਨੇ ਆਪਣੀ ਚਮੜੀ ਨੂੰ ਗੋਰਾ ਕਰਨ ਅਤੇ ਆਪਣਾ ਭਾਰੀ ਮੇਕਅੱਪ ਹਟਾਉਣ ਲਈ ਇਸ ਬਿੱਠ ਦਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ।

ਅੱਜਕੱਲ੍ਹ, ਦੁਨੀਆ ਭਰ ਦੇ ਕਈ ਕਲੀਨਿਕਾਂ ਵਿੱਚ ਚਮੜੀ ਨੂੰ ਚਮਕਦਾਰ ਬਣਾਉਣ ਦਾ ਇਹ ਤਰੀਕਾ ਕਾਫ਼ੀ ਲੋਕਪ੍ਰਿਯ ਹੈ, ਅਤੇ ਹੋ ਸਕਦਾ ਹੈ ਕਿ ਇਸਦੇ ਪਿੱਛੇ ਕੋਈ ਮਜ਼ਬੂਤ ਵਿਗਿਆਨਕ ਆਧਾਰ ਵੀ ਹੋਵੇ।

ਜ਼ਾਈਚਨਰ ਦੇ ਅਨੁਸਾਰ, ਨਾਈਟਿੰਗੇਲ ਆਪਣੀ ਬਿੱਠ ਵਿੱਚ ਯੂਰੀਆ ਦੀ ਬਹੁਤ ਜ਼ਿਆਦਾ ਮਾਤਰਾ ਛੱਡਦੇ ਹਨ। ਇਹ ਇੱਕ ਅਜਿਹਾ ਰਸਾਇਣ ਹੈ ਜਿਸ ਵਿੱਚ ਚਮੜੀ ਨੂੰ ਨਰਮ ਬਣਾਉਣ ਦੇ ਇੰਨੇ ਕਾਰਗਰ ਗੁਣ ਹੁੰਦੇ ਹਨ ਕਿ ਇਸ ਨੂੰ ਅਕਸਰ ਮੋਇਸਚਰਾਈਜ਼ਰ ਵਿੱਚ ਵੀ ਮਿਲਾਇਆ ਜਾਂਦਾ ਹੈ।

ਇਸ ਵਿੱਚ ਐਮੀਨੋ ਐਸਿਡ 'ਗੁਆਨਿਨ' ਦੀ ਵੀ ਕਾਫ਼ੀ ਮਾਤਰਾ ਹੁੰਦੀ ਹੈ।

ਜ਼ਾਈਚਨਰ ਕਹਿੰਦੇ ਹਨ, "ਐਮੀਨੋ ਐਸਿਡ ਚਮੜੀ ਨੂੰ ਨਮੀ ਦੇਣ ਅਤੇ ਚਮਕਦਾਰ ਬਣਾਉਣ ਵਿੱਚ ਫ਼ਾਇਦੇਮੰਦ ਸਾਬਤ ਹੋਏ ਹਨ। ਪਰ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਇਨ੍ਹਾਂ [ਇਲਾਜਾਂ] ਵਿੱਚ ਨਾਈਟਿੰਗੇਲ ਦੀ ਬਿੱਠ ਨੂੰ ਸ਼ੁੱਧ ਕਰਕੇ ਅਤੇ ਸੋਧ ਕੇ ਵਰਤਿਆ ਜਾਂਦਾ ਹੈ। ਸੜਕ ਜਾਂ ਬਨੇਰੇ ਤੋਂ ਚਿੜੀ ਦੀ ਬਿੱਠ ਚੁੱਕ ਕੇ ਸਿੱਧਾ ਆਪਣੇ ਚਿਹਰੇ 'ਤੇ ਨਹੀਂ ਲਗਾਉਣੀ ਚਾਹੀਦੀ।"

ਇੱਥੇ ਇੱਕ ਹੋਰ ਮਹੱਤਵਪੂਰਨ ਗੱਲ ਇਹ ਹੈ ਕਿ ਇਨ੍ਹਾਂ ਇਲਾਜਾਂ 'ਤੇ ਕੀਤੀਆਂ ਗਈਆਂ ਖੋਜਾਂ ਨੂੰ ਜਾਂ ਤਾਂ ਬਿਊਟੀ ਇੰਡਸਟਰੀ ਨੇ ਫੰਡ ਕੀਤਾ ਹੈ, ਜਾਂ ਫਿਰ ਉਨ੍ਹਾਂ ਵਿਗਿਆਨੀਆਂ ਨੇ ਫ਼ੰਡ ਕੀਤਾ ਹੈ ਜੋ ਸਿੱਧੇ ਤੌਰ 'ਤੇ ਇਨ੍ਹਾਂ ਕੰਪਨੀਆਂ ਲਈ ਕੰਮ ਕਰਦੇ ਹਨ।

ਹਾਲਾਂਕਿ, ਇੱਕ ਹੋਰ ਕਥਿਤ ਡੀਆਈਵਾਈ (DIY) ਸਕਿਨਕੇਅਰ ਇਲਾਜ ਹੈ ਜਿਸ ਬਾਰੇ ਖੋਜਕਰਤਾ ਜ਼ਿਆਦਾ ਉਤਸ਼ਾਹਿਤ ਨਹੀਂ ਹਨ। ਇਹ ਇਲਾਜ ਜੋ ਅੱਜਕੱਲ੍ਹ ਟਿੱਕਟੌਕ 'ਤੇ ਕਾਫ਼ੀ ਚਰਚਾ ਵਿੱਚ ਹੈ। ਇਸ ਦਾ ਨਾਮ ਹੈ - 'ਮੈਨਸਟਰੂਅਲ ਮਾਸਕਿੰਗ' (ਮਾਸਿਕ ਧਰਮ ਦੇ ਖੂਨ ਦਾ ਫੇਸ ਮਾਸਕ)।

ਹਾਲਾਂਕਿ, ਸਾਲ 2018 ਦੀ ਇੱਕ ਖੋਜ ਵਿੱਚ ਇਹ ਸੁਝਾਅ ਦਿੱਤਾ ਗਿਆ ਸੀ ਕਿ ਮਾਸਿਕ ਧਰਮ ਦੇ ਖੂਨ ਤੋਂ ਲਿਆ ਗਿਆ ਪਲਾਜ਼ਮਾ, ਆਮ ਖੂਨ ਦੇ ਪਲਾਜ਼ਮਾ ਦੇ ਮੁਕਾਬਲੇ ਜ਼ਖਮਾਂ ਨੂੰ ਭਰਨ ਵਿੱਚ ਜ਼ਿਆਦਾ ਮਦਦਗਾਰ ਹੋ ਸਕਦਾ ਹੈ, ਪਰ ਕਿੰਗਜ਼ ਕਾਲਜ ਲੰਡਨ 'ਚ ਚਮੜੀ ਮਾਹਿਰ ਬੀਬੇਈ ਡੂ-ਹਾਰਪਰ ਇਸ ਗੱਲ ਨਾਲ ਪੂਰੀ ਤਰ੍ਹਾਂ ਸਹਿਮਤ ਨਹੀਂ ਹਨ।

ਡੂ-ਹਾਰਪਰ ਕਹਿੰਦੇ ਹਨ, "ਕੋਈ ਵੀ ਡਾਕਟਰ ਜਾਂ ਮਾਹਿਰ ਕਦੇ ਵੀ ਇਸ ਤਰ੍ਹਾਂ ਦੇ ਇਲਾਜ ਦੀ ਸਲਾਹ ਨਹੀਂ ਦੇਵੇਗਾ। ਮੈਨੂੰ ਲੱਗਦਾ ਹੈ ਕਿ ਇਹ ਟਿੱਕਟੌਕ 'ਤੇ ਚੱਲਣ ਵਾਲੇ ਉਨ੍ਹਾਂ ਟ੍ਰੈਂਡਜ਼ ਵਿੱਚੋਂ ਇੱਕ ਹੈ, ਜੋ ਸਿਰਫ਼ ਲੋਕਾਂ ਨੂੰ ਹੈਰਾਨ ਕਰਨ ਅਤੇ ਵੱਧ ਤੋਂ ਵੱਧ 'ਵਿਊਜ਼' ਹਾਸਲ ਕਰਨ ਦੀ ਇੱਛਾ ਨਾਲ ਸ਼ੁਰੂ ਹੁੰਦੇ ਹਨ।"

ਵੈਂਪਾਇਰ ਫੇਸ਼ੀਅਲ ਅਤੇ ਪਲੇਟਲੈਟ-ਰਿਚ ਪਲਾਜ਼ਮਾ

ਡੂ-ਹਾਰਪਰ, ਪਲੇਟਲੈਟ-ਰਿਚ ਪਲਾਜ਼ਮਾ (ਪਆਰ ਪੀ) ਇੰਜੈਕਸ਼ਨਾਂ ਦੀ ਸੰਭਾਵਨਾ ਨੂੰ ਲੈ ਕੇ ਜ਼ਿਆਦਾ ਆਸ਼ਾਵਾਦੀ ਹਨ। ਇਨ੍ਹਾਂ ਇੰਜੈਕਸ਼ਨਾਂ ਨੂੰ ਕਦੇ-ਕਦੇ "ਵੈਂਪਾਇਰ ਫੇਸ਼ੀਅਲ" ਵੀ ਕਿਹਾ ਜਾਂਦਾ ਹੈ ਅਤੇ ਇਨ੍ਹਾਂ ਦਾ ਇਸਤੇਮਾਲ ਚਮੜੀ ਨੂੰ ਦੁਬਾਰਾ ਜਵਾਨ ਬਣਾਉਣ ਲਈ ਕੀਤਾ ਜਾਂਦਾ ਹੈ।

ਇਸ ਪ੍ਰਕਿਰਿਆ ਵਿੱਚ ਮਰੀਜ਼ ਦਾ ਆਪਣਾ ਖੂਨ ਲਿਆ ਜਾਂਦਾ ਹੈ ਅਤੇ ਇਸ ਨੂੰ ਇੱਕ ਸੈਂਟ੍ਰੀਫਿਊਜ ਮਸ਼ੀਨ ਵਿੱਚ ਪਾ ਕੇ ਵੱਖ-ਵੱਖ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ। ਇਸ ਪ੍ਰਕਿਰਿਆ ਨਾਲ ਪਲਾਜ਼ਮਾ ਵਿੱਚ 'ਗ੍ਰੋਥ ਫੈਕਟਰਜ਼' ਦੀ ਮਾਤਰਾ ਵਧ ਜਾਂਦੀ ਹੈ।

ਗ੍ਰੋਥ ਫੈਕਟਰਜ਼, ਖਾਸ ਕਿਸਮ ਦੇ ਪ੍ਰੋਟੀਨ ਹੁੰਦੇ ਹਨ ਜੋ ਕੋਸ਼ਿਕਾਵਾਂ/ਸੈਲਾਂ ਨੂੰ ਵਧਣ, ਵੰਡਣ ਅਤੇ ਆਪਣੇ ਆਪ ਨੂੰ ਠੀਕ ਕਰਨ ਦੇ ਨਿਰਦੇਸ਼ ਦਿੰਦੇ ਹਨ। ਇਸ ਤੋਂ ਬਾਅਦ ਮਾਈਕ੍ਰੋਨੀਡਲਜ਼ ਦੀ ਮਦਦ ਨਾਲ ਇਸ ਖੂਨ ਨੂੰ ਵਾਪਸ ਚਿਹਰੇ ਦੀ ਚਮੜੀ ਵਿੱਚ ਇੰਜੈਕਟ ਕਰ ਦਿੱਤਾ ਜਾਂਦਾ ਹੈ।

ਸਰੀਰ ਦੇ ਆਪਣੇ ਗ੍ਰੋਥ ਫੈਕਟਰਜ਼ ਦਾ ਇਸਤੇਮਾਲ ਕਰਕੇ ਸਰੀਰ ਨੂੰ ਦੁਬਾਰਾ ਠੀਕ ਕਰਨ ਦੀ ਇਸ ਸਮਰੱਥਾ ਨੂੰ ਲੈਕੇ ਚਿਕਿਤਸਾ/ਇਲਾਜ ਦੇ ਹੋਰ ਕਈ ਖੇਤਰਾਂ ਵਿੱਚ ਕਾਫ਼ੀ ਦਿਲਚਸਪੀ ਨਜ਼ਰ ਆ ਰਹੀ ਹੈ।

ਇਸ ਦਾ ਇਸਤੇਮਾਲ ਓਸਟਿਓਆਰਥਰਾਈਟਿਸ ਅਤੇ ਜੋੜਾਂ ਦੀਆਂ ਹੋਰ ਸਮੱਸਿਆਵਾਂ ਦੇ ਇਲਾਜ ਤੋਂ ਲੈ ਕੇ ਵਾਲਾਂ ਦੇ ਝੜਨ (ਐਲੋਪੀਸ਼ੀਆ) ਅਤੇ ਜ਼ਖਮ ਭਰਨ ਤੱਕ ਵਿੱਚ ਕੀਤਾ ਜਾ ਰਿਹਾ ਹੈ।

ਹਾਲਾਂਕਿ, ਚਮੜੀ ਦੀ ਸਿਹਤ ਦੇ ਮਾਮਲੇ ਵਿੱਚ ਇਸ ਦੇ ਅਸਰ ਨੂੰ ਲੈ ਕੇ ਮਿਲੇ-ਜੁਲੇ ਨਤੀਜੇ ਸਾਹਮਣੇ ਆਏ ਹਨ, ਪਰ ਕੁਝ ਅਧਿਐਨਾਂ ਵਿੱਚ ਇਹ ਪਾਇਆ ਗਿਆ ਹੈ ਕਿ ਇਹ 50 ਅਤੇ 60 ਸਾਲ ਦੀ ਉਮਰ ਦੇ ਲੋਕਾਂ ਵਿੱਚ ਚਮੜੀ ਦੀ ਲਚਕ (elasticity) ਨੂੰ ਵਧਾਉਂਦਾ ਹੈ, ਅਤੇ ਝੁਰੜੀਆਂ ਅਤੇ ਪਿਗਮੈਂਟੇਸ਼ਨ (ਕਾਲੇ ਧੱਬਿਆਂ) ਨੂੰ ਘਟਾਉਂਦਾ ਹੈ।

ਡੂ-ਹਾਰਪਰ ਕਹਿੰਦੇ ਹਨ, "ਵੱਖ-ਵੱਖ ਲੋਕਾਂ ਲਈ ਪੀਆਰਪੀ ਕਿੰਨਾ ਅਸਰਦਾਰ ਸਾਬਤ ਹੁੰਦਾ ਹੈ, ਇਸ ਵਿੱਚ ਕਾਫ਼ੀ ਅੰਤਰ ਦੇਖਣ ਨੂੰ ਮਿਲਦਾ ਹੈ।"

ਉਹ ਦੱਸਦੇ ਹਨ ਕਿ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਸੈਂਟ੍ਰੀਫਿਊਜ ਪ੍ਰਕਿਰਿਆ ਲਈ ਵਰਤੀ ਜਾਣ ਵਾਲੀਆਂ ਮਸ਼ੀਨਾਂ ਵਿੱਚ ਅੰਤਰ ਹੁੰਦਾ ਹੈ। ਇਸ ਤੋਂ ਇਲਾਵਾ, ਕੁਝ ਲੋਕਾਂ ਦੇ ਖੂਨ ਵਿੱਚ ਗ੍ਰੋਥ ਫੈਕਟਰਜ਼ ਦੀ ਮਾਤਰਾ ਕੁਦਰਤੀ ਤੌਰ 'ਤੇ ਵੱਧ ਜਾਂ ਘੱਟ ਹੋ ਸਕਦੀ ਹੈ, ਜਾਂ ਫਿਰ ਉਨ੍ਹਾਂ ਦੇ ਖੂਨ ਵਿੱਚ ਵੱਖ-ਵੱਖ ਕਿਸਮ ਦੇ ਗ੍ਰੋਥ ਫੈਕਟਰਜ਼ ਵੱਧ ਮਾਤਰਾ ਵਿੱਚ ਮੌਜੂਦ ਹੋ ਸਕਦੇ ਹਨ।

ਡੂ-ਹਾਰਪਰ ਕਹਿੰਦੇ ਹਨ, "ਇਸ ਲਈ ਕਈ ਵਾਰ ਇਹ ਕਾਫ਼ੀ ਅਸਰਦਾਰ ਸਾਬਤ ਹੁੰਦਾ ਹੈ ਅਤੇ ਕਈ ਵਾਰ ਇਸ ਦਾ ਅਸਰ ਘੱਟ ਦਿਖਾਈ ਦਿੰਦਾ ਹੈ।"

ਸਕਿਨ ਕੇਅਰ ਦਾ ਭਵਿੱਖ

ਭਾਵੇਂ ਸਕਿਨ ਕੇਅਰ ਰੁਟੀਨ ਦੇ ਸਭ ਤੋਂ ਅਜੀਬੋ-ਗਰੀਬ ਟ੍ਰੈਂਡਜ਼ ਦੇ ਪਿੱਛੇ ਵੀ ਕੁਝ ਵਿਗਿਆਨਕ ਆਧਾਰ ਹੋ ਸਕਦਾ ਹੈ, ਪਰ ਵਿਗਿਆਨੀਆਂ ਦਾ ਮੰਨਣਾ ਹੈ ਕਿ ਅਗਲੀ ਪੀੜ੍ਹੀ ਦੀਆਂ ਸਕਿਨ ਕੇਅਰ ਥੈਰੇਪੀਜ਼ ਦੇ ਬਦਲਾਂ ਵਿੱਚ ਹੋਰ ਚੀਜ਼ਾਂ ਦੇ ਨਾਲ ਨਾਲ, ਕੋਲਾਜਨ ਸਪਲੀਮੈਂਟੇਸ਼ਨ ਨੂੰ ਬਿਹਤਰ ਬਣਾਉਣ ਦੇ ਨਵੇਂ ਤਰੀਕੇ ਲੱਭਣਾ ਵੀ ਸ਼ਾਮਲ ਹੋਵੇਗਾ।

ਹਾਲ ਹੀ ਵਿੱਚ ਇੰਡਸਟਰੀ ਵੱਲੋਂ ਫੰਡ ਕੀਤੀ ਗਏ ਇੱਕ ਅਧਿਐਨ ਵਿੱਚ ਅਜਿਹੇ ਸਪਲੀਮੈਂਟਸ ਦਾ ਇਸਤੇਮਾਲ ਕੀਤਾ ਗਿਆ, ਜਿਨ੍ਹਾਂ ਵਿੱਚ ਐਮੀਨੋ ਐਸਿਡ ਸ਼ਾਮਲ ਸਨ, ਜਿਨ੍ਹਾਂ ਨੂੰ ਖ਼ਾਸ ਤੌਰ 'ਤੇ ਕੋਲਾਜਨ ਦੀ ਥਾਂ ਲੈਣ ਲਈ ਤਿਆਰ ਕੀਤਾ ਗਿਆ ਸੀ।

ਮਰੀਜ਼ਾਂ ਦੀ ਲਾਰ ਨਾਲ ਕੀਤੇ ਗਏ ਡੀਐਨਏ ਟੈਸਟ ਦੇ ਮੁਤਾਬਕ, ਇਸ ਨਾਲ ਨਾ ਸਿਰਫ਼ ਛੇ ਮਹੀਨਿਆਂ ਦੇ ਦੌਰਾਨ ਚਮੜੀ ਦੀ ਬਣਤਰ, ਨਮੀ ਅਤੇ ਲਚਕ ਵਿੱਚ ਸੁਧਾਰ ਹੋਇਆ, ਸਗੋਂ ਉਨ੍ਹਾਂ ਦੀ ਜੈਵਿਕ ਉਮਰ ਵਿੱਚ ਵੀ ਔਸਤਨ 1.4 ਸਾਲ ਦੀ ਕਮੀ ਆਈ।

ਖੋਜਕਰਤਾਵਾਂ ਨੇ ਇਹ ਨਤੀਜਾ ਕੱਢਿਆ ਕਿ ਐਮੀਨੋ ਐਸਿਡ ਦੇ ਇਸ ਖ਼ਾਸ ਸੰਤੁਲਨ ਵਾਲੇ ਕੋਲਾਜਨ ਸਪਲੀਮੈਂਟਸ ਵਿੱਚ ਨਾ ਸਿਰਫ਼ ਚਮੜੀ ਦੀ ਸਿਹਤ ਨੂੰ ਬਿਹਤਰ ਬਣਾਉਣ ਦੀ ਸਮਰੱਥਾ ਹੈ, ਸਗੋਂ ਇਹ ਸਿਹਤ ਦੇ ਹੋਰ ਪੱਖਾਂ ਨੂੰ ਵੀ ਬਿਹਤਰ ਬਣਾ ਸਕਦੇ ਹਨ।

ਇਹ ਨਤੀਜੇ ਉਹਨਾਂ ਖੋਜਾਂ ਨਾਲ ਮਿਲਦੇ ਹਨ, ਜਿਨ੍ਹਾਂ ਤੋਂ ਪਤਾ ਲੱਗਦਾ ਹੈ ਕਿ ਸਰੀਰ ਦੀ ਸਮੁੱਚੀ ਸਿਹਤ ਵਿੱਚ ਚਮੜੀ ਦੀ ਭੂਮਿਕਾ ਨੂੰ ਘੱਟ ਹੀ ਗੌਲਿਆ ਗਿਆ ਹੈ। ਚਮੜੀ ਆਪਣੀ ਅਜਿਹੀ ਭੂਮਿਕਾ ਸੋਜਸ਼ ਵਰਗੀਆਂ ਪ੍ਰਕਿਰਿਆਵਾਂ ਰਾਹੀਂ ਨਿਭਾਉਂਦੀ ਹੈ।

ਪਰ ਇਸ ਖੋਜ ਦਾ ਨਤੀਜਾ ਫਿਰ ਵੀ ਇਹੀ ਰਿਹਾ ਕਿ ਇਸ ਵਿੱਚ ਸ਼ਾਮਲ ਪ੍ਰਕਿਰਿਆਵਾਂ 'ਤੇ ਅਜੇ ਹੋਰ ਵੀ ਬਹੁਤ ਸਾਰੀ ਖੋਜ ਦੀ ਲੋੜ ਹੈ। (ਤੁਹਾਡੀ ਚਮੜੀ ਕਿਸ ਤਰ੍ਹਾਂ ਤੁਹਾਡੀ ਸਿਹਤ ਨੂੰ ਪ੍ਰਭਾਵਿਤ ਕਰਦੀ ਹੈ, ਇਸ ਬਾਰੇ ਹੋਰ ਜਾਣਨ ਲਈ ਇੱਥੇ ਪੜ੍ਹੋ।)

ਹੋਰ ਨਵੇਂ ਇਲਾਜ ਚਮੜੀ ਦੇ ਮਾਈਕ੍ਰੋਬਾਇਓਮ ਨੂੰ ਨਿਯੰਤਰਿਤ ਕਰਨ ਦੇ ਨਵੇਂ ਤਰੀਕਿਆਂ ਦੀ ਖੋਜ ਕਰ ਰਹੇ ਹਨ। ਮਾਈਕ੍ਰੋਬਾਇਓਮ, ਨਜ਼ਰ ਨਾ ਆਉਣ ਵਾਲੇ ਜੀਵਾਣੂਆਂ ਦੇ ਉਹ ਸਮੂਹ ਹਨ, ਜੋ ਸਾਡੇ ਚਿਹਰੇ 'ਤੇ ਰਹਿੰਦੇ ਹਨ ਅਤੇ ਸਾਡੀ ਚਮੜੀ ਵਿੱਚ ਹੋਣ ਵਾਲੀ ਸੋਜਸ਼ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

ਜ਼ਾਈਚਨਰ ਦੱਸਦੇ ਹਨ ਕਿ ਇਨ੍ਹਾਂ ਸੰਭਾਵਿਤ ਇਲਾਜਾਂ ਵਿੱਚ ਪ੍ਰੀਬਾਇਓਟਿਕਸ ਸ਼ਾਮਲ ਹਨ, ਜਿਨ੍ਹਾਂ ਨੂੰ ਸਾਡੀ ਚਮੜੀ ਦੇ ਮਾਈਕ੍ਰੋਬਾਇਓਮ ਵਿੱਚ ਮੌਜੂਦ ਫ਼ਾਇਦੇਮੰਦ ਬੈਕਟੀਰੀਆ ਨੂੰ ਪੋਸ਼ਣ ਦੇਣ ਲਈ ਤਿਆਰ ਕੀਤਾ ਗਿਆ ਹੈ।

ਇਸ ਦੇ ਨਾਲ ਨਾਲ ਇਨ੍ਹਾਂ ਵਿੱਚ ਪੋਸਟਬਾਇਓਟਿਕਸ ਵੀ ਸ਼ਾਮਲ ਹਨ, ਜੋ ਇਨ੍ਹਾਂ ਬੈਕਟੀਰੀਆ ਵੱਲੋਂ ਕੁਦਰਤੀ ਤੌਰ 'ਤੇ ਬਣਾਏ ਜਾਣ ਵਾਲੇ ਰਸਾਇਣ ਹੁੰਦੇ ਹਨ।

ਪਿਛਲੇ ਸਾਲ, ਦੱਖਣੀ ਕੋਰੀਆ ਦੇ ਖੋਜਕਰਤਾਵਾਂ ਨੇ ਖੂਨ ਵਿੱਚ ਮਿਲਣ ਵਾਲੇ ਇੱਕ ਅਜਿਹੇ ਬੈਕਟੀਰੀਆ ਦੀ ਖੋਜ ਪਬਲਿਸ਼ ਕੀਤੀ, ਜੋ ਸੰਭਾਵਿਤ ਤੌਰ 'ਤੇ ਲਾਭਕਾਰੀ ਪੋਸਟਬਾਇਓਟਿਕਸ ਪੈਦਾ ਕਰਦਾ ਹੈ। ਇਹ ਪੋਸਟਬਾਇਓਟਿਕਸ ਚਮੜੀ ਦੀਆਂ ਕੋਸ਼ਿਕਾਵਾਂ ਵਿੱਚ ਹੋਣ ਵਾਲੀ ਸੋਜਸ਼, ਆਕਸੀਡੇਟਿਵ ਸਟ੍ਰੈੱਸ ਅਤੇ ਚਮੜੀ ਦੇ ਸੈੱਲਾਂ ਵਿੱਚ ਹੋਣ ਵਾਲੇ ਕੋਲਾਜਨ ਦੇ ਨੁਕਸਾਨ ਨੂੰ ਘਟਾਉਣ ਦੇ ਯੋਗ ਹਨ। ਹਾਲਾਂਕਿ, ਇਹ ਪ੍ਰਭਾਵ ਅਜੇ ਤੱਕ ਸਿਰਫ਼ 'ਪੈਟਰੀ ਡਿਸ਼' (ਲੈਬੋਰਟਰੀ ਡਿਸ਼) ਵਿੱਚ ਹੀ ਵੇਖਿਆ ਗਿਆ ਹੈ।

ਪਰ ਜ਼ਾਈਚਨਰ ਦਾ ਕਹਿਣਾ ਹੈ ਕਿ ਕਿਸੇ ਵੀ ਨਵੇਂ ਸਕਿਨ ਕੇਅਰ ਰੁਟੀਨ ਨੂੰ ਇੱਕ ਸਥਾਪਿਤ ਇਲਾਜ ਦਾ ਦਰਜਾ ਹਾਸਲ ਕਰਨ ਲਈ, ਆਖਿਰਕਾਰ ਇਹ ਸਾਬਤ ਕਰਨਾ ਪਵੇਗਾ ਕਿ ਇਹ ਉਨ੍ਹਾਂ ਸਾਰੇ ਆਜ਼ਮਾਏ ਅਤੇ ਪਰਖੇ ਹੋਏ ਹੱਲਾਂ ਨਾਲੋਂ ਕਾਫ਼ੀ ਵੱਧ ਪ੍ਰਭਾਵਸ਼ਾਲੀ ਹੈ, ਜੋ ਦਹਾਕਿਆਂ ਤੋਂ ਬਾਜ਼ਾਰ ਵਿੱਚ ਵਪਾਰਕ ਤੌਰ 'ਤੇ ਉਪਲੱਬਧ ਹਨ।

ਜ਼ਾਈਚਨਰ ਕਹਿੰਦੇ ਹਨ, "ਸਵਾਲ ਅਜੇ ਵੀ ਉਹੀ ਹੈ- ਕੀ ਇਹ ਨਵੇਂ-ਨਵੇਂ ਟ੍ਰੈਂਡ ਵਾਲੇ ਇਲਾਜ, ਬਾਜ਼ਾਰ ਵਿੱਚ ਉਪਲੱਬਧ ਚਮੜੀ ਦੀ ਦੇਖਭਾਲ਼ ਦੇ ਰਵਾਇਤੀ ਉਤਪਾਦਾਂ ਦੇ ਮੁਕਾਬਲੇ ਵਾਕਈ ਜ਼ਿਆਦਾ ਫ਼ਾਇਦੇ ਦਿੰਦੇ ਹਨ?"

ਉਹ ਅੱਗੇ ਕਹਿੰਦੇ ਹਨ, "ਇਹ ਸਵਾਲ ਅਜੇ ਵੀ ਕੁਝ ਹੱਦ ਤੱਕ ਅਣਸੁਲਝਿਆ ਹੀ ਹੈ।"

ਜ਼ਾਈਚਨਰ ਦਾ ਕਹਿਣਾ ਹੈ ਕਿ ਚਮੜੀ ਵਿੱਚ ਨਮੀ ਅਤੇ ਚਮਕ ਲਿਆਉਣ ਲਈ ਸਿਰਫ਼ ਇੱਕ ਵਾਰ ਦੇ ਫੇਸ਼ੀਅਲ 'ਤੇ 500 ਡਾਲਰ ਖਰਚ ਕਰਨ ਦੀ ਬਜਾਏ, ਉਹ ਤਾਂ ਇਹੀ ਚਾਹੁਣਗੇ ਕਿ ਕੋਈ ਵਿਅਕਤੀ ਇੱਕ ਨਿਯਮਿਤ ਰੁਟੀਨ ਦੀ ਪਾਲਣਾ ਕਰੇ - ਜਿਸ ਵਿੱਚ ਸਵੇਰ ਦੇ ਸਮੇਂ ਸਨਸਕ੍ਰੀਨ ਲਗਾਉਣਾ ਸ਼ਾਮਲ ਹੋਵੇ - ਤਾਂ ਜੋ ਚਮੜੀ ਨੂੰ ਵਾਤਾਵਰਣ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ। ਅਤੇ ਸ਼ਾਮ ਦੇ ਸਮੇਂ, ਨਾਈਟ ਮੋਇਸਚਰਾਈਜ਼ਰ ਅਤੇ ਰੇਟੀਨੋਲ ਵਰਗੇ ਕੋਲਾਜਨ-ਵਧਾਉਣ ਵਾਲੇ ਤੱਤਾਂ ਦੀ ਮਦਦ ਨਾਲ ਚਮੜੀ ਨੂੰ ਹਾਈਡ੍ਰੇਟ ਅਤੇ ਰੀਪੇਅਰ ਕੀਤਾ ਜਾਵੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)