ਰਮਜ਼ਾਨ: ਖਜੂਰਾਂ ਨਾਲ ਹੀ ਰੋਜ਼ਾ ਖੋਲ੍ਹਣ ਦੇ ਸਿਹਤ ਨੂੰ ਇਹ ਫ਼ਾਇਦੇ ਹੁੰਦੇ ਹਨ, ਇਹ ਸਰੀਰ ਲਈ ਕਿਵੇਂ ਚੰਗੀ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰੋਜ਼ਾ ਖੋਲ੍ਹਣ ਲਈ ਪੈਗੰਬਰ ਮੁਹੰਮਦ ਵੱਲੋਂ ਖਜੂਰਾਂ ਦੀ ਸਿਫ਼ਾਰਸ਼ ਕੀਤੀ ਗਈ ਹੈ
    • ਲੇਖਕ, ਕੇਟ ਬੋਵੀ
    • ਰੋਲ, ਗਲੋਬਲ ਹੈਲਥ
  • ਪੜ੍ਹਨ ਦਾ ਸਮਾਂ: 4 ਮਿੰਟ

ਇਸ ਰਮਜ਼ਾਨ ਦੌਰਾਨ ਦੁਨੀਆ ਭਰ ਦੇ ਕਰੋੜਾਂ ਮੁਸਲਮਾਨ ਸੂਰਜ ਡੁੱਬਣ ਵੇਲੇ ਇੱਕੋ ਕੰਮ ਕਰਨਗੇ - ਆਪਣਾ ਰੋਜ਼ਾ ਖਜੂਰ ਨਾਲ ਖੋਲ੍ਹਣਗੇ।

ਰੋਜ਼ਿਆਂ, ਇਬਾਦਤ ਅਤੇ ਆਤਮ-ਚਿੰਤਨ ਦੇ ਇਸ ਮਹੀਨੇ ਦੌਰਾਨ, ਸਿਹਤਮੰਦ ਮੁਸਲਮਾਨ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਡੁੱਬਣ ਤੱਕ ਕੁਝ ਵੀ ਖਾਣ-ਪੀਣ ਤੋਂ ਪਰਹੇਜ਼ ਕਰਨਗੇ ਅਤੇ ਇਸਲਾਮ ਦੇ ਪੰਜ ਥੰਮ੍ਹਾਂ ਵਿੱਚੋਂ ਇੱਕ ਦੀ ਪਾਲਣਾ ਕਰਨਗੇ।

ਰੋਜ਼ਾ ਖੋਲ੍ਹਣ ਲਈ ਪੈਗੰਬਰ ਮੁਹੰਮਦ ਵੱਲੋਂ ਖਜੂਰਾਂ ਦੀ ਸਿਫ਼ਾਰਸ਼ ਕੀਤੀ ਗਈ ਹੈ ਅਤੇ ਇਸਲਾਮ ਦੀ ਪਵਿੱਤਰ ਕਿਤਾਬ ਕੁਰਾਨ ਵਿੱਚ ਵੀ ਕਈ ਵਾਰ ਇਹਨਾਂ ਦਾ ਜ਼ਿਕਰ ਆਇਆ ਹੈ।

ਪਰ ਇਸ 'ਸਟੋਨ ਫਰੂਟ' (ਗਿਟਕ ਵਾਲੇ ਫਲ) ਦੇ ਸਿਹਤ ਸੰਬੰਧੀ ਫਾਇਦੇ ਵੀ ਹਨ ਜੋ ਇਸਨੂੰ ਰੋਜ਼ਾ ਰੱਖਣ ਵਾਲੇ ਕਿਸੇ ਵੀ ਵਿਅਕਤੀ ਲਈ ਇੱਕ ਉੱਤਮ ਖੁਰਾਕ ਬਣਾਉਂਦੇ ਹਨ।

ਵਿਲੱਖਣ ਪੌਸ਼ਟਿਕ ਫਾਇਦੇ

Sorry, we can’t display this part of the story on this lightweight mobile page.

ਖਜੂਰਾਂ ਦੀ ਪੌਸ਼ਟਿਕ ਬਣਤਰ ਉਹਨਾਂ ਨੂੰ ਲੰਬੇ ਸਮੇਂ ਤੱਕ ਵਰਤ ਰੱਖਣ ਤੋਂ ਬਾਅਦ ਖਾਣ ਲਈ ਇੱਕ ਉੱਤਮ ਖੁਰਾਕ ਬਣਾਉਂਦੀ ਹੈ।

ਯੂ.ਕੇ. ਵਿੱਚ ਇੱਕ ਰਜਿਸਟਰਡ ਡਾਇਟੀਸ਼ੀਅਨ ਸ਼ਹਿਨਾਜ਼ ਬਸ਼ੀਰ ਖੁਦ ਰਮਜ਼ਾਨ ਦੇ ਰੋਜ਼ੇ ਰੱਖਦੇ ਹਨ।

ਉਹ ਕਹਿੰਦੇ ਹਨ, "ਜਦੋਂ ਤੁਸੀਂ ਆਪਣਾ ਰੋਜ਼ਾ ਖੋਲ੍ਹਦੇ ਹੋ, ਤਾਂ ਤੁਹਾਡਾ ਸਰੀਰ ਗਲੂਕੋਜ਼ ਬਣਾਉਣ ਦੀ ਕੋਸ਼ਿਸ਼ ਕਰਦਾ ਹੈ, ਕਿਉਂਕਿ ਬਾਲਣ ਦੇ ਸਰੋਤ ਵਜੋਂ ਸਰੀਰ ਨੂੰ ਇਸਦੀ ਹੀ ਲੋੜ ਹੁੰਦੀ ਹੈ। ਖਜੂਰਾਂ ਵਿੱਚ ਮੌਜੂਦ ਖੰਡ (ਸ਼ੂਗਰ) ਦਾ ਉੱਚ ਪੱਧਰ ਤੁਹਾਡੇ ਖੂਨ ਵਿੱਚ ਸ਼ੂਗਰ ਦੇ ਪੱਧਰ ਨੂੰ ਦੂਜੇ ਭੋਜਨਾਂ ਦੇ ਮੁਕਾਬਲੇ ਬਹੁਤ ਤੇਜ਼ੀ ਨਾਲ ਵਧਾਉਣ ਵਿੱਚ ਮਦਦ ਕਰਦਾ ਹੈ, ਜਿਨ੍ਹਾਂ ਨੂੰ ਤੋੜਨ (ਹਜ਼ਮ ਕਰਨ) ਵਿੱਚ ਸਰੀਰ ਨੂੰ ਖਜੂਰਾਂ ਦੀ ਤੁਲਨਾ ਵਿੱਚ ਜ਼ਿਆਦਾ ਸਮਾਂ ਲੱਗਦਾ ਹੈ।"

ਬਸ਼ੀਰ ਅੱਗੇ ਕਹਿੰਦੇ ਹਨ, "ਖਜੂਰਾਂ ਇਸ ਪੱਖੋਂ ਕਾਫ਼ੀ ਵਿਲੱਖਣ ਹਨ ਕਿ ਇਨ੍ਹਾਂ ਵਿੱਚ ਸਧਾਰਨ ਖੰਡ ਦੇ ਨਾਲ-ਨਾਲ ਪੇਚੀਦਾ ਕਾਰਬੋਹਾਈਡ੍ਰੇਟਸ ਵੀ ਹੁੰਦੇ ਹਨ।"

ਇਸਦਾ ਮਤਲਬ ਇਹ ਹੈ ਕਿ ਇਹ ਫਲ ਹੌਲੀ-ਹੌਲੀ ਦਿਨ ਭਰ ਊਰਜਾ ਛੱਡਦਾ ਰਹਿੰਦਾ ਹੈ ਜੋ ਕਿ ਉਦੋਂ ਬਹੁਤ ਵਧੀਆ ਹੁੰਦਾ ਹੈ ਜਦੋਂ ਤੁਸੀਂ ਲੰਬੇ ਸਮੇਂ ਤੱਕ ਕੁਝ ਖਾ ਨਹੀਂ ਸਕਦੇ। ਇਹ ਵਿਟਾਮਿਨ B6, A ਅਤੇ K ਅਤੇ ਆਇਰਨ ਨਾਲ ਵੀ ਭਰਪੂਰ ਹੁੰਦੇ ਹਨ, ਜੋ ਸਰੀਰ ਨੂੰ ਥੋੜ੍ਹੇ ਸਮੇਂ ਵਿੱਚ ਉਹ ਸਾਰੇ ਪੌਸ਼ਟਿਕ ਤੱਤ ਹਾਸਲ ਕਰਨ ਵਿੱਚ ਮਦਦ ਕਰਦੇ ਹਨ ਜਿਨ੍ਹਾਂ ਦੀ ਉਸਨੂੰ ਲੋੜ ਹੁੰਦੀ ਹੈ।

ਤਸਵੀਰ ਸਰੋਤ, Shehnaz Bashir

ਤਸਵੀਰ ਕੈਪਸ਼ਨ, ਬਸ਼ੀਰ ਕਹਿੰਦੇ ਹਨ ਕਿ ਖਜੂਰ ਤੁਹਾਡੇ ਸਰੀਰ ਨੂੰ ਇਹ ਪਛਾਣਨ ਦਾ ਮੌਕਾ ਦਿੰਦਾ ਹੈ ਕਿ ਇਸਨੇ ਅਸਲ ਵਿੱਚ ਕੁਝ ਭੋਜਨ ਲੈ ਲਿਆ ਹੈ, ਅਤੇ ਪਾਚਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।

ਜ਼ਿਆਦਾ ਖਾ ਜਾਣਾ

ਕੁਝ ਲੋਕਾਂ ਦਾ ਰਮਜ਼ਾਨ ਦੌਰਾਨ ਭਾਰ ਘਟ ਜਾਂਦਾ ਹੈ ਪਰ ਜੇਕਰ ਤੁਸੀਂ ਸ਼ਾਮ ਦੇ ਖਾਣੇ, ਜਿਸ ਨੂੰ ਇਫ਼ਤਾਰ ਕਿਹਾ ਜਾਂਦਾ ਹੈ, ਦੌਰਾਨ ਜ਼ਿਆਦਾ ਖਾ ਲੈਂਦੇ ਹੋ, ਤਾਂ ਰੋਜ਼ੇ ਰੱਖਣ ਨਾਲ ਤੁਹਾਡਾ ਭਾਰ ਵਧ ਵੀ ਸਕਦਾ ਹੈ।

ਰਵਾਇਤੀ ਤੌਰ 'ਤੇ, ਮੁਸਲਮਾਨ ਟਾਂਕ ਸੰਖਿਆ (ਜਿਵੇਂ ਕਿ 1, 3 ਜਾਂ 5) ਵਿੱਚ ਖਜੂਰਾਂ ਖਾਂਦੇ ਹਨ, ਅਤੇ ਫਿਰ ਇਫ਼ਤਾਰ ਦਾ ਖਾਣਾ ਖਾਣ ਲਈ ਵਾਪਸ ਆਉਣ ਤੋਂ ਪਹਿਲਾਂ, ਤੁਰੰਤ ਸੂਰਜ ਡੁੱਬਣ ਦੀ ਨਮਾਜ਼ ਅਦਾ ਕਰਦੇ ਹਨ।

ਜਿਵੇਂ ਹੀ ਸਰੀਰ ਰੇਸ਼ਿਆਂ ਨਾਲ ਭਰਪੂਰ ਖਜੂਰਾਂ ਨੂੰ ਹਜ਼ਮ ਕਰਨਾ ਸ਼ੁਰੂ ਕਰਦਾ ਹੈ, ਜ਼ਿਆਦਾ ਖਾਣ ਦੀ ਇੱਛਾ ਘੱਟ ਹੋ ਸਕਦੀ ਹੈ।

ਬਸ਼ੀਰ ਕਹਿੰਦੇ ਹਨ, 'ਇਹ ਤੁਹਾਡੇ ਸਰੀਰ ਨੂੰ ਇਹ ਪਛਾਣਨ ਦਾ ਮੌਕਾ ਦਿੰਦਾ ਹੈ ਕਿ ਇਸਨੇ ਅਸਲ ਵਿੱਚ ਕੁਝ ਭੋਜਨ ਲੈ ਲਿਆ ਹੈ, ਅਤੇ ਪਾਚਨ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।'

ਪਾਚਨ

ਕਬਜ਼ ਅਤੇ ਪੇਟ ਦਾ ਫੁੱਲਣਾ (ਅਫ਼ਾਰਾ) ਰੋਜ਼ਾ ਰੱਖਣ ਵਾਲੇ ਮੁਸਲਮਾਨਾਂ ਲਈ ਆਮ ਸਮੱਸਿਆਵਾਂ ਹਨ। ਇਹ ਇਸ ਲਈ ਹੈ ਕਿਉਂਕਿ ਦਿਨ ਭਰ ਖਾਣ-ਪੀਣ ਨਾਲ ਆਮ ਤੌਰ 'ਤੇ ਅੰਤੜੀਆਂ ਦੀ ਹਰਕਤ ਤੇਜ਼ ਹੁੰਦੀ ਹੈ, ਜਿਸਦੀ ਵਰਤ ਦੇ ਲੰਬੇ ਸਮੇਂ ਦੌਰਾਨ ਕਮੀ ਹੋ ਜਾਂਦੀ ਹੈ।

ਖਜੂਰਾਂ ਫਾਈਬਰ ਦਾ ਇੱਕ ਵਧੀਆ ਸਰੋਤ ਹਨ, ਜੋ ਮਲ ਨੂੰ ਆਂਦਰਾਂ ਵਿੱਚੋਂ ਆਸਾਨੀ ਨਾਲ ਲੰਘਣ ਵਿੱਚ ਮਦਦ ਕਰਦਾ ਹੈ।

ਯੂ.ਕੇ. ਦੀ ਨੈਸ਼ਨਲ ਹੈਲਥ ਸਰਵਿਸ ਰੋਜ਼ਾਨਾ 30 ਗ੍ਰਾਮ ਫਾਈਬਰ ਖਾਣ ਦੀ ਸਿਫ਼ਾਰਸ਼ ਕਰਦੀ ਹੈ।

ਬਸ਼ੀਰ ਕਹਿੰਦੇ ਹਨ, 'ਕਈ ਵਾਰ ਰਮਜ਼ਾਨ ਦੇ ਦੌਰਾਨ... ਸਾਡਾ ਮਨ ਸਧਾਰਨ ਕਾਰਬੋਹਾਈਡ੍ਰੇਟਸ ਖਾਣ ਨੂੰ ਕਰ ਸਕਦਾ ਹੈ, ਪਰ ਜੇਕਰ ਅਸੀਂ ਖਾਣੇ ਦੀ ਯੋਜਨਾ ਅਤੇ ਤਿਆਰੀ ਪਹਿਲਾਂ ਹੀ ਕਰ ਲਈ ਹੋਵੇ, ਤਾਂ ਅਸੀਂ ਇਹ ਯਕੀਨੀ ਬਣਾ ਸਕਦੇ ਹਾਂ ਕਿ ਸਾਡੇ ਭੋਜਨ ਵਿੱਚ ਫਾਈਬਰ ਮੌਜੂਦ ਹੈ।'

ਆਪਣੇ ਭੋਜਨ ਉੱਤੇ ਮੇਵੇ ਅਤੇ ਬੀਜ ਛਿੜਕਣਾ ਵੀ ਫਾਈਬਰ ਦੀ ਮਾਤਰਾ ਵਧਾਉਣ ਦਾ ਇੱਕ ਹੋਰ ਆਸਾਨ ਤਰੀਕਾ ਹੋ ਸਕਦਾ ਹੈ।

ਤਸਵੀਰ ਸਰੋਤ, Getty Images

ਜੇ ਮੈਨੂੰ ਖਜੂਰਾਂ ਪਸੰਦ ਹੀ ਨਾ ਹੋਣ ਫਿਰ?

ਰਮਜ਼ਾਨ ਤੋਂ ਇਲਾਵਾ, ਧਾਰਮਿਕ ਕਾਰਨਾਂ ਦੀ ਬਜਾਏ ਸਿਹਤ ਲਈ 'ਇੰਟਰਮਿਟੈਂਟ ਫਾਸਟਿੰਗ' (ਰੁਕ-ਰੁਕ ਕੇ ਵਰਤ ਰੱਖਣਾ) ਕਾਫ਼ੀ ਪ੍ਰਸਿੱਧ ਹੋ ਗਿਆ ਹੈ।"

ਬਸ਼ੀਰ ਕਹਿੰਦੇ ਹਨ, "ਇਹ ਲਗਭਗ ਰਮਜ਼ਾਨ ਵਿੱਚ ਰੋਜ਼ੇ ਰੱਖਣ ਵਾਂਗ ਹੀ ਹੈ।"

ਜੇਕਰ ਤੁਹਾਨੂੰ ਖਜੂਰਾਂ ਪਸੰਦ ਨਹੀਂ ਹਨ, ਤਾਂ ਇਨ੍ਹਾਂ ਦੀਆਂ ਸੈਂਕੜੇ ਕਿਸਮਾਂ ਉਪਲਬਧ ਹਨ, ਇਸ ਲਈ ਕੁਝ ਹੋਰ ਕਿਸਮਾਂ ਅਜ਼ਮਾ ਕੇ ਦੇਖੋ।

ਬਸ਼ੀਰ ਕਹਿੰਦੇ ਹਨ, "ਇਨ੍ਹਾਂ ਸਾਰੀਆਂ ਦੀ ਬਣਾਵਟ ਵੱਖੋ-ਵੱਖਰੀ ਹੁੰਦੀ ਹੈ, ਕੁਝ ਚਿਥਣ ਵਾਲੀਆਂ ਹੁੰਦੀਆਂ ਹਨ, ਕੁਝ ਬਹੁਤ ਨਰਮ ਹੁੰਦੀਆਂ ਹਨ, ਕਈਆਂ ਦਾ ਛਿਲਕਾ ਮੋਟਾ ਹੁੰਦਾ ਹੈ ਅਤੇ ਕਈਆਂ ਦਾ ਪਤਲਾ। ਜੇਕਰ ਇਹ ਤਰੀਕਾ ਵੀ ਕੰਮ ਨਾ ਕਰੇ, ਤਾਂ ਉਨ੍ਹਾਂ ਨੂੰ ਸਮੂਦੀ ਵਿੱਚ ਘੋਟ ਲਓ।"

ਉਹ ਕਹਿੰਦੇ ਹਨ, 'ਖਜੂਰਾਂ ਅਤੇ ਦੁੱਧ ਨੂੰ ਇਕੱਠਾ ਕਰਕੇ, ਸ਼ਾਇਦ ਥੋੜ੍ਹੀ ਜਿਹੀ ਦਹੀਂ ਅਤੇ ਮੇਵੇ ਪਾ ਕੇ, ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਅਤੇ ਇਸ ਤਰ੍ਹਾਂ ਇਸਦਾ ਸੇਵਨ ਕਰੋ।

ਇਹ ਸੱਚਮੁੱਚ ਬਹੁਤ ਵਧੀਆ ਭੋਜਨ ਹਨ ਜੋ ਸਿਹਤ ਦੀਆਂ ਕਈ ਲੋੜਾਂ ਨੂੰ ਪੂਰਾ ਕਰਨ ਵਿੱਚ ਮਦਦ ਕਰਦੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)