ਚੰਡੀਗੜ੍ਹ ਵਿੱਚ ਭਾਜਪਾ ਦਫ਼ਤਰ ਦੇ ਬਾਹਰ ਧਮਾਕੇ ਬਾਰੇ ਪੁਲਿਸ ਕੀ ਦੱਸਿਆ ਅਤੇ ਸੀਐੱਮ ਮਾਨ ਸਣੇ ਸਿਆਸੀ ਲੀਡਰ ਘਟਨਾ ਬਾਰੇ ਕੀ ਕਹਿ ਰਹੇ ਹਨ

ਚੰਡੀਗੜ੍ਹ ਵਿੱਚ ਬੀਜੇਪੀ ਦਫਤਰ
ਤਸਵੀਰ ਕੈਪਸ਼ਨ, ਚੰਡੀਗੜ੍ਹ ਵਿੱਚ ਬੀਜੇਪੀ ਦਫਤਰ ਬਾਹਰ ਧਮਾਕਾ ਹੋਣ ਦੀ ਜਾਣਕਾਰੀ ਪੁਲਿਸ ਨੂੰ ਮਿਲੀ ਸੀ
ਪੜ੍ਹਨ ਦਾ ਸਮਾਂ: 5 ਮਿੰਟ

ਚੰਡੀਗੜ੍ਹ ਦੇ ਸੈਕਟਰ 37 ਵਿੱਚ ਸਥਿਤ ਪੰਜਾਬ ਭਾਜਪਾ ਦੇ ਦਫ਼ਤਰ ਦੇ ਬਾਹਰ 1 ਅਪ੍ਰੈਲ ਸ਼ਾਮ ਵੇਲੇ ਧਮਾਕਾ ਹੋਣ ਦੀ ਜਾਣਕਾਰੀ ਚੰਡੀਗੜ੍ਹ ਪੁਲਿਸ ਵੱਲੋਂ ਦਿੱਤੀ ਗਈ ਹੈ।

ਭਾਜਪਾ ਦਫ਼ਤਰ ਦੇ ਬਾਹਰ ਧਮਾਕੇ ਦੀ ਅਵਾਜ਼ ਅਤੇ ਧੂੰਆਂ ਉੱਠਣ ਦੀ ਸ਼ਿਕਾਇਤ ਚੰਡੀਗੜ੍ਹ ਪੁਲਿਸ ਨੂੰ ਮਿਲੀ ਸੀ। ਸ਼ਿਕਾਇਤ ਮਿਲਣ ਬਾਅਦ ਪੁਲਿਸ ਨੇ ਮੌਕੇ ਉੱਤੇ ਪਹੁੰਚ ਕੇ ਅਤੇ ਜਾਂਚ ਸ਼ੁਰੂ ਕੀਤੀ।

ਚੰਡੀਗੜ੍ਹ ਦੀ ਐੱਸਐੱਸਪੀ ਕੰਵਰਦੀਪ ਕੌਰ ਨੇ ਕਿਹਾ, "ਸ਼ਾਮ ਪੰਜ ਵਜੇ ਜਾਣਕਾਰੀ ਮਿਲੀ ਸੀ ਕਿ ਸੈਕਟਰ 37 ਵਿੱਚ ਭਾਜਪਾ ਦਫ਼ਤਰ 'ਚ ਕੋਈ ਅਵਾਜ਼ ਆਈ ਹੈ ਜੋ ਬਲਾਸਟ ਵਰਗੀ ਲੱਗ ਰਹੀ ਹੈ। ਸਾਡੀ ਟੀਮ ਇੱਥੇ ਪਹੁੰਚ ਗਈ ਸੀ ਅਤੇ ਇੱਥੇ ਆ ਕੇ ਦੇਖਿਆ ਕਿ ਇੱਕ ਕਰੂਡ ਟਾਈਪ ਛੋਟੀ ਚੀਜ਼ ਸ਼ਰਾਰਤ ਵਜੋਂ ਸੁੱਟੀ ਗਈ ਹੈ। ਅਸੀਂ ਪੜਤਾਲ ਕਰ ਰਹੇ ਹਾਂ।"

 ਐੱਸਐੱਸਪੀ ਕੰਵਰਦੀਪ ਕੌਰ
ਤਸਵੀਰ ਕੈਪਸ਼ਨ, ਐੱਸਐੱਸਪੀ ਕੰਵਰਦੀਪ ਕੌਰ ਦਾ ਕਹਿਣਾ ਹੈ ਕਿ ਕੋਈ ਕਰੂਡ ਟਾਈਪ ਚੀਜ਼ ਸੀ, ਜਾਂਚ ਅਜੇ ਚੱਲ ਰਹੀ ਹੈ

ਬੀਜੇਪੀ ਆਗੂਆਂ ਨੇ ਘਟਨਾ ਬਾਰੇ ਕੀ ਦੱਸਿਆ

ਚੰਡੀਗੜ੍ਹ ਵਿੱਚ ਮੌਜੂਦ ਭਾਜਪਾ ਦੇ ਆਗੂ ਵਿਨੀਤ ਜੋਸ਼ੀ ਨੇ ਕਿਹਾ, "ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਬਾਹਰ ਬਲਾਸਟ ਹੋਇਆ। ਸਟਾਫ ਨੇ ਬਾਹਰ ਆ ਕਿ ਦੇਖਿਆ ਤਾਂ ਧੂੜ ਉੱਡੀ ਹੋਈ ਸੀ। ਧੂੜ ਦੇ ਬੈਠਣ ਉੱਤੇ ਦੇਖਿਆ ਗਿਆ ਕਿ ਸਕੂਟਰੀ ਅਤੇ ਕਾਰ ਨੁਕਸਾਨੀ ਗਈ ਸੀ। ਛਰੇ ਦੇ ਨਿਸ਼ਾਨ ਵੀ ਕੰਧ ਉੱਤੇ ਸਨ।"

ਪੰਜਾਬ ਬੀਜੇਪੀ ਆਗੂ ਅਸ਼ਵਨੀ ਸ਼ਰਮਾ ਇਸ ਘਟਨਾ ਬਾਰੇ ਸੋਸ਼ਲ ਮੀਡੀਆ ਉੱਤੇ ਪਾਈ ਇੱਕ ਪੋਸਟ ਜ਼ਰੀਏ ਕਿਹਾ, "ਭਾਜਪਾ ਉਹ ਸੰਗਠਨ ਹੈ ਜਿਹੜਾ ਕਦੇ ਡਰਦਾ ਨਹੀਂ, ਝੁਕਦਾ ਨਹੀਂ ਅਤੇ ਅਜਿਹੀਆਂ ਗੱਲਾਂ ਤੋਂ ਪ੍ਰਭਾਵਿਤ ਨਹੀਂ ਹੁੰਦਾ। "

ਉਨ੍ਹਾਂ ਇਸ ਘਟਨਾ ਤੋਂ ਬਾਅਦ ਪੰਜਾਬ ਸਰਕਾਰ ਉੱਤੇ ਵੀ ਸਵਾਲ ਖੜੇ ਕਰਦੇ ਹੋਏ ਕਿਹਾ, "ਪੰਜਾਬ ਦੇ ਥਾਣਿਆਂ 'ਤੇ ਧਮਾਕੇ, ਇੰਟਲੀਜੈਂਸ ਦਫ਼ਤਰ 'ਤੇ ਰਾਕੇਟ ਲਾਂਚ, ਇਹ ਸਭ ਪੰਜਾਬ ਦੀ ਵਿਗੜੀ ਕਾਨੂੰਨ ਦੀ ਸਥਿਤੀ ਬਿਆਨ ਕਰਦੇ ਹਨ, ਜੋ ਪੰਜਾਬ ਸਰਕਾਰ ਦਾ ਵੱਡਾ ਫੇਲੀਅਰ ਹੈ। ਅਸੀਂ ਇਸ ਕਾਯਰਤਾ ਭਰੇ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ।"

ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਸੋਸ਼ਲ ਮੀਡੀਆ ਪੋਸਟ ਪਾ ਕਿ ਲਿਖਿਆ, "ਪਹਿਲਾਂ ਲਗਾਤਾਰ ਪੰਜਾਬ ਦੇ ਥਾਣਿਆਂ ਤੇ ਗ੍ਰੈਨੇਡ ਹਮਲੇ ਹੋ ਰਹੇ ਹਨ, ਫਿਰ ਬੀਤੇ ਦਿਨ ਹੁਸ਼ਿਆਰਪੁਰ ਵਿੱਚ ਬਾਬਾ ਸਾਹਿਬ ਅੰਬੇਡਕਰ ਜੀ ਦੀ ਮੂਰਤੀ ਨੂੰ ਖੰਡਿਤ ਕੀਤਾ ਗਿਆ ਅਤੇ ਅੱਜ ਚੰਡੀਗੜ੍ਹ ਵਿਖੇ ਭਾਜਪਾ ਦੇ ਸੂਬਾ ਪੱਧਰੀ ਦਫਤਰ ਤੇ ਹਮਲਾ ਹੋਇਆ ਹੈ। ਪਰ ਵੱਖਵਾਦੀ ਤਾਕਤਾਂ ਚਾਹੇ ਜਿੰਨਾ ਮਰਜ਼ੀ ਜ਼ੋਰ ਲਗਾ ਲੈਣ ਉਹ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਤੋੜ ਨਹੀਂ ਸਕਦੀਆਂ।"

ਪੰਜਾਬ ਭਾਜਪਾ ਦੇ ਆਗੂ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਘਟਨਾ ਉੱਤੇ ਚਿੰਤਾ ਜ਼ਾਹਿਰ ਕੀਤੀ ਹੈ। ਉਨ੍ਹਾਂ ਕਿਹਾ,"ਚੰਡੀਗੜ੍ਹ ਵਿੱਚ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਦੇ ਬਾਹਰ ਹੋਏ ਧਮਾਕੇ ਦੀ ਖ਼ਬਰ ਸੁਣ ਕੇ ਬਹੁਤ ਹੀ ਹੈਰਾਨੀ ਅਤੇ ਚਿੰਤਾ ਹੋਈ ਹੈ।"

"ਮੈਂ ਸੰਬੰਧਿਤ ਅਧਿਕਾਰੀਆਂ ਨੂੰ ਅਪੀਲ ਕਰਦਾ ਹਾਂ ਕਿ ਉਹ ਇਸ ਮਾਮਲੇ ਦੀ ਤੁਰੰਤ ਅਤੇ ਗਹਿਰਾਈ ਨਾਲ ਜਾਂਚ ਕਰਨ ਅਤੇ ਜ਼ਿੰਮੇਵਾਰ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਯਕੀਨੀ ਬਣਾਉਣ।"

ਵੀਡੀਓ ਕੈਪਸ਼ਨ, ਚੰਡੀਗੜ੍ਹ ਵਿੱਚ ਪੰਜਾਬ ਭਾਜਪਾ ਦੇ ਦਫ਼ਤਰ ਬਾਹਰ ਧਮਾਕਾ ਬਾਰੇ ਪੁਲਿਸ ਨੇ ਕੀ ਜਾਣਕਾਰੀ ਦਿੱਤੀ

ਮੁੱਖ ਮੰਤਰੀ ਭਗਵੰਤ ਮਾਨ ਨੇ ਕੀ ਕਿਹਾ

ਇਸ ਘਟਨਾ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸੋਸ਼ਲ ਮੀਡੀਆ ਉੱਤੇ ਇੱਕ ਬਿਆਨ ਸਾਂਝਾ ਕੀਤਾ। ਉਨ੍ਹਾਂ ਨੇ ਆਪਣੇ ਐਕਸ ਹੈਂਡਲ 'ਤੇ ਲਿਖਿਆ, "ਪੰਜਾਬ ਯੂਨੀਵਰਸਿਟੀ ਵਿੱਚ ਸਟੂਡੈਂਟ ਧਰਨਾ, ਭਗਵੰਤ ਮਾਨ ਜ਼ਿੰਮੇਵਾਰ, ਚੰਡੀਗੜ੍ਹ ਕਿਸਾਨ ਜਥੇਬੰਦੀਆਂ ਦਾ ਦਿੱਲੀ ਖ਼ਿਲਾਫ਼ ਵਿਰੋਧ, ਭਗਵੰਤ ਮਾਨ ਜ਼ਿੰਮੇਵਾਰ, ਚੰਡੀਗੜ੍ਹ ਵਿੱਚ ਭਾਜਪਾ-ਕਾਂਗਰਸ-ਅਕਾਲੀ ਦਲ ਦਾ ਸਾਂਝਾ ਧਰਨਾ, ਭਗਵੰਤ ਮਾਨ ਜ਼ਿੰਮੇਵਾਰ..."

"ਚੰਡੀਗੜ੍ਹ ਵਿੱਚ ਫ਼ਿਰੌਤੀ ਮੰਗਣ ਦੀ ਧਮਕੀ, ਭਗਵੰਤ ਮਾਨ ਜ਼ਿੰਮੇਵਾਰ, ਚੰਡੀਗੜ੍ਹ ਵਿੱਚ ਬੰਬ ਧਮਾਕਾ, ਭਗਵੰਤ ਮਾਨ ਜ਼ਿੰਮੇਵਾਰ, ਜਦੋਂ ਭਗਵੰਤ ਮਾਨ ਕਹਿੰਦਾ ਹੈ ਕਿ ਚੰਡੀਗੜ੍ਹ ਸਾਡੇ ਪੰਜਾਬ ਦਾ ਹੈ, ਉਸ ਵੇਲੇ ਭਗਵੰਤ ਮਾਨ ਦੇਸ਼ ਦਾ ਗ਼ਦਾਰ ਕਿਉਂਕਿ ਚੰਡੀਗੜ੍ਹ ਸੈਟਰ ਨਾਲ ਸਬੰਧਤ ਹੈ ਇਸ ਲਈ ਭਗਵੰਤ ਮਾਨ ਚੰਡੀਗੜ੍ਹ ਦੇ ਮਾਮਲਿਆਂ 'ਚੋਂ ਦੂਰ ਰਹੇ, ਹੁਣ ਇਹ ਚਲਾਕੀਆਂ ਨਹੀਂ ਚੱਲਣਗੀਆਂ।"

ਐਕਸ ਹੈਂਡਲ ਉੱਤੇ ਭਗਵੰਤ ਮਾਨ ਦੀ ਪੋਸਟ

ਤਸਵੀਰ ਸਰੋਤ, @BhagwantMann/X

ਆਮ ਆਦਮੀ ਪਾਰਟੀ ਨੇ ਬੀਜੇਪੀ ਉੱਤੇ ਕਿਉਂ ਖੜੇ ਕੀਤੇ ਸਵਾਲ

ਆਮ ਆਦਮੀ ਪਾਰਟੀ ਦੇ ਬੁਲਾਰੇ ਬਲਤੇਜ ਪਨੂੰ ਨੇ ਕਿਹਾ ਕਿ ਬੀਜੇਪੀ ਨੇ ਇਸ ਘਟਨਾ ਬਾਅਦ ਬਲੇਮ ਗੇਮ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ,"ਚੰਡੀਗੜ੍ਹ ਵਿੱਚ ਹੋਇਆ ਧਮਾਕਾ ਬੇਹੱਦ ਨਿੰਦਣਯੋਗ ਹੈ, ਚੰਗੀ ਗੱਲ ਹੈ ਕਿ ਇਸ ਨਾਲ ਕੋਈ ਨੁਕਸਾਨ ਨਹੀਂ ਹੋਇਆ।"

"ਭਾਰਤੀ ਜਨਤਾ ਪਾਰਟੀ ਦਾ ਪ੍ਰਸ਼ਾਸਨ ਹੈ ਉੱਥੇ। ਸਿਟੀਬਿਊਟੀ ਫੁੱਲ ਕਹੇ ਜਾਂਦੇ ਚੰਡੀਗੜ੍ਹ ਦਾ ਜੋ ਹਾਲ ਭਾਜਪਾ ਦੀ ਪ੍ਰਸ਼ਾਸਕੀ ਨੇ ਕਰ ਦਿੱਤਾ ਹੈ ਉਹ ਸਭ ਦੇ ਸਾਹਮਣੇ ਹੈ।"

"ਬੇਸ਼ੱਕ ਅਸੀਂ ਇਸ ਧਮਾਕੇ ਉੱਤੇ ਅਸੀਂ ਕਿਸੇ ਕਿਸਮ ਦੀ ਰਾਜਨੀਤੀ ਨਹੀਂ ਕਰਨਾ ਚਾਹੁੰਦੇ ਪਰ ਇੱਕ ਗੱਲ ਸਪਸ਼ਟ ਹੈ ਕਿ ਜੇਕਰ ਚੰਡੀਗੜ੍ਹ ਪੂਰੀ ਤਰ੍ਹਾਂ ਨਾਲ ਪੰਜਾਬ ਦੇ ਹਵਾਲੇ ਕਰ ਦਿੱਤਾ ਜਾਵੇ ਤਾਂ ਪੰਜਾਬ ਬੇਹਤਰ ਤਰੀਕੇ ਨਾਲ ਇਸ ਨੂੰ ਚਲਾਵੇਗਾ।"

"ਅਸੀਂ ਇਸ ਧਮਾਕੇ ਦੀ ਨਿੰਦਾ ਕਰਦੇ ਹਾਂ ਪਰ ਇਸ ਉੱਤੇ ਹੋਣ ਵਾਲੀ ਰਾਜਨੀਤੀ ਵੀ ਨਿੰਦਣਯੋਗ ਹੈ।"

ਚੰਡੀਗੜ੍ਹ
ਤਸਵੀਰ ਕੈਪਸ਼ਨ, ਚੰਡੀਗੜ੍ਹ ਦੇ ਸੈਕਟਸ 37 ਦੇ ਬਾਹਰ ਸ਼ਾਮ ਵੇਲੇ ਘਟਨਾ ਵਾਪਰੀ ਦੱਸੀ ਗਈ ਹੈ

ਕਾਂਗਰਸੀ ਆਗੂਆਂ ਨੇ ਘਟਨਾ ਉੱਤੇ ਫਿਕਰ ਜ਼ਾਹਿਰ ਕੀਤੀ

ਉੱਧਰ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਐਕਸ ਹੈਂਡਲ 'ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਉਨ੍ਹਾਂ ਨੇ ਲਿਖਿਆ ਹੈ, "ਮੈਂ ਅੱਜ ਚੰਡੀਗੜ੍ਹ ਵਿੱਚ ਭਾਜਪਾ ਦਫ਼ਤਰ ਦੇ ਬਾਹਰ ਹੋਏ ਧਮਾਕੇ ਦੀ ਸਖ਼ਤ ਨਿੰਦਾ ਕਰਦਾ ਹਾਂ। ਇਹ ਬਹੁਤ ਚਿੰਤਾ ਦਾ ਵਿਸ਼ਾ ਹੈ। ਸ਼ੁਕਰ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ।"

"ਇਸ ਦੇ ਨਾਲ ਹੀ ਇਹ ਪੂਰੀ ਸੁਰੱਖਿਆ ਅਤੇ ਖ਼ੁਫ਼ੀਆ ਅਸਫ਼ਲਤਾ ਨੂੰ ਦਰਸਾਉਂਦਾ ਹੈ ਜਿਸਦੀ ਜ਼ਿੰਮੇਵਾਰੀ ਕੇਂਦਰੀ ਗ੍ਰਹਿ ਮੰਤਰਾਲੇ 'ਤੇ ਹੈ। ਜੇਕਰ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ, ਦੋ ਰਾਜਪਾਲਾਂ ਅਤੇ ਦੋ ਮੁੱਖ ਮੰਤਰੀਆਂ ਨੂੰ ਇੰਨੀ ਸੁਰੱਖਿਆ ਦੇ ਨਾਲ ਸੁਰੱਖਿਅਤ ਨਹੀਂ ਰੱਖਦੀ ਤਾਂ ਬਾਕੀ ਪੰਜਾਬ ਦੀ ਹਾਲਤ ਦੀ ਕਲਪਨਾ ਕੀਤੀ ਜਾ ਸਕਦੀ ਹੈ।"

"ਉਮੀਦ ਹੈ ਕਿ ਪੁਲਿਸ ਮਾਮਲੇ ਦੀ ਤਹਿ ਤੱਕ ਪਹੁੰਚੇਗੀ ਅਤੇ ਸਾਰੇ ਪਹਿਲੂਆਂ ਦੀ ਜਾਂਚ ਕਰੇਗੀ ਅਤੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਗ੍ਰਿਫ਼ਤਾਰ ਕਰੇਗੀ। ਅਸੀਂ ਅਜਿਹੀਆਂ ਕਿਸੇ ਵੀ ਘਟਨਾ ਪ੍ਰਤੀ ਜ਼ੀਰੋ ਟਾਲਰੈਂਸ ਦੀ ਪੁਸ਼ਟੀ ਕਰਦੇ ਹਾਂ ਅਤੇ ਦੁਹਰਾਉਂਦੇ ਹਾਂ।"

ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਸੋਸ਼ਲ ਮੀਡੀਆ ਪੋਸਟ ਪਾ ਕਿ ਇਸ ਘਟਨਾ ਬਾਰੇ ਚਿੰਤਾ ਜਤਾਈ ਹੈ।

ਉਨ੍ਹਾਂ ਕਿਹਾ, "ਚੰਡੀਗੜ੍ਹ ਵਿੱਚ ਭਾਰਤੀ ਜਨਤਾ ਪਾਰਟੀ ਦੇ ਦਫ਼ਤਰ ਦੇ ਬਾਹਰ ਬੰਬ ਧਮਾਕੇ ਦੀ ਖ਼ਬਰ ਚਿੰਤਾਜਨਕ ਹੈ। ਖੁਸ਼ਕਿਸਮਤੀ ਨਾਲ ਕਿਸੇ ਨੂੰ ਸੱਟ ਨਹੀਂ ਲੱਗੀ। ਇਹ ਘਟਨਾ ਗੰਭੀਰ ਚਿੰਤਾਵਾਂ ਨੂੰ ਜਨਮ ਦਿੰਦੀ ਹੈ ਅਤੇ ਹੁਣ ਸਮਾਂ ਆ ਗਿਆ ਹੈ ਕਿ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੋਵੇਂ ਇਹ ਯਕੀਨੀ ਬਣਾਉਣ ਕਿ ਚੰਡੀਗੜ੍ਹ ਅਤੇ ਪੂਰੇ ਪੰਜਾਬ ਵਿੱਚ ਸੁਰੱਖਿਆ ਨਾਲ ਕੋਈ ਸਮਝੌਤਾ ਨਾ ਹੋਵੇ। ਜਨਤਾ ਦੀ ਸੁਰੱਖਿਆ ਨੂੰ ਸਭ ਤੋਂ ਉੱਚੀ ਤਰਜੀਹ ਦੇਣੀ ਚਾਹੀਦੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)