'ਮੈਨੂੰ ਅਚਾਨਕ ਦੁਬਈ ਦਾ ਵੀਜ਼ਾ ਮਿਲ ਗਿਆ', ਈਰਾਨ ਜੰਗ ਵਿਚਾਲੇ ਯੂਏਈ 'ਚ ਮੌਕੇ ਦਾ ਫਾਇਦਾ ਚੁੱਕਦੇ ਲੋਕ

ਦੁਬਈ 'ਚ ਸਮੁੰਦਰ ਕੰਢੇ ਬੈਠੇ ਕਾਮੇ

ਤਸਵੀਰ ਸਰੋਤ, Getty Images

    • ਲੇਖਕ, ਏਹਤੇਸ਼ਾਮ ਅਹਿਮਦ ਸ਼ਮੀ
    • ਰੋਲ, ਬੀਬੀਸੀ ਪੱਤਰਕਾਰ
  • ਪੜ੍ਹਨ ਦਾ ਸਮਾਂ: 10 ਮਿੰਟ

ਵਿਦੇਸ਼ ਜਾਣ ਦੀ ਚਾਹਤ ਰੱਖਣ ਵਾਲੇ ਅਨੀਕ ਭੱਟ ਨੂੰ ਲਗਭਗ ਇੱਕ ਸਾਲ ਤੋਂ ਦੁਬਈ ਦਾ ਵੀਜ਼ਾ ਨਹੀਂ ਮਿਲ ਰਿਹਾ ਸੀ।

ਉਹ ਪਾਕਿਸਤਾਨ ਦੇ ਹਾਲਾਤ ਤੋਂ ਤੰਗ ਆ ਚੁੱਕੇ ਸਨ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਜਾ ਕੇ ਰੋਜ਼ੀ-ਰੋਟੀ ਕਮਾਉਣਾ ਚਾਹੁੰਦੇ ਸਨ।

ਫਿਰ ਫ਼ਰਵਰੀ ਦੇ ਅਖ਼ੀਰ ਵਿੱਚ ਅਮਰੀਕਾ ਅਤੇ ਇਜ਼ਰਾਈਲ ਨੇ ਈਰਾਨ ਦੇ ਖ਼ਿਲਾਫ਼ ਜੰਗ ਸ਼ੁਰੂ ਕਰ ਦਿੱਤੀ। ਇਸ ਤੋਂ ਬਾਅਦ ਤੇਹਰਾਨ ਵੱਲੋਂ ਯੂਏਈ ਸਮੇਤ ਖਾੜੀ ਦੇਸ਼ਾਂ ਵਿੱਚ ਜਵਾਬੀ ਕਾਰਵਾਈ ਜਾਰੀ ਹੈ।

ਅਨੀਕ ਭੱਟ ਦਾ ਨਾਂ ਸੁਰੱਖਿਆ ਕਾਰਨਾਂ ਕਰਕੇ ਬਦਲਿਆ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਜੰਗ ਵਿੱਚ "ਬਹੁਤ ਸਾਰੇ ਲੋਕਾਂ ਦਾ ਨੁਕਸਾਨ ਹੋਇਆ ਪਰ ਸਾਨੂੰ ਇਹ ਫ਼ਾਇਦਾ ਹੋਇਆ ਹੈ ਕਿ ਨਾ ਸਿਰਫ਼ ਮੇਰਾ ਦੁਬਈ ਦਾ ਵੀਜ਼ਾ ਲੱਗ ਗਿਆ, ਸਗੋਂ ਮੈਂ ਇੱਥੇ ਆ ਕੇ ਆਪਣੇ ਵੱਡੇ ਭਰਾ ਨਾਲ ਉਨ੍ਹਾਂ ਦੇ ਕਾਰੋਬਾਰ ਵਿੱਚ ਹੱਥ ਵੀ ਵਟਾਉਣ ਲੱਗ ਪਿਆ ਹਾਂ।"

ਅਨੀਕ ਉਨ੍ਹਾਂ ਪਾਕਿਸਤਾਨੀਆਂ ਵਿੱਚ ਸ਼ਾਮਲ ਹਨ ਜਿਨ੍ਹਾਂ ਨੇ ਲੰਬੇ ਇੰਤਜ਼ਾਰ ਤੋਂ ਬਾਅਦ ਅਚਾਨਕ ਵੀਜ਼ਾ ਮਿਲ ਜਾਣ 'ਤੇ ਹਰ ਤਰ੍ਹਾਂ ਦੇ ਖ਼ਤਰਿਆਂ ਦੇ ਬਾਵਜੂਦ ਦੁਬਈ ਅਤੇ ਅਬੂ ਧਾਬੀ ਦੀਆਂ ਟਿਕਟਾਂ ਕਰਵਾਈਆਂ ਅਤੇ ਉੱਥੇ ਪਹੁੰਚ ਗਏ। ਇਸ ਦੇਰੀ ਦਾ ਕਾਰਨ ਸਪੱਸ਼ਟ ਤੌਰ 'ਤੇ ਯੂਏਈ ਦੀ ਵੀਜ਼ਾ ਨੀਤੀ ਵਿੱਚ ਬਦਲਾਅ ਸੀ।

ਇੱਧਰ ਪਾਕਿਸਤਾਨ ਨੇ ਵੀ ਪਿਛਲੇ ਮਹੀਨਿਆਂ ਦੌਰਾਨ ਕਈ ਕਾਰਨਾਂ ਕਰਕੇ ਹਜ਼ਾਰਾਂ ਯਾਤਰੀਆਂ ਨੂੰ 'ਆਫ਼-ਲੋਡ' ਕੀਤਾ ਹੈ ਤਾਂ ਜੋ ਪਾਸਪੋਰਟ ਦੀ ਸਾਖ ਬਹਾਲ ਕੀਤੀ ਜਾ ਸਕੇ।

'ਮੇਰੇ ਲਈ ਦੁਬਈ ਧਰਤੀ 'ਤੇ ਸਵਰਗ'

ਦੁਬਈ ਦੀਆਂ ਉੱਚੀਆਂ ਇਮਾਰਤਾਂ ਦੀ ਤਸਵੀਰ

ਤਸਵੀਰ ਸਰੋਤ, Getty Images

ਅਨੀਕ ਭੱਟ ਦੇ ਵੱਡੇ ਭਰਾ ਅਰਹਮ 2002 ਤੋਂ ਦੁਬਈ ਵਿੱਚ ਰਹਿ ਰਹੇ ਹਨ ਅਤੇ ਉੱਥੇ ਗੱਡੀਆਂ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ। ਉਨ੍ਹਾਂ ਨੇ ਕਈ ਸਾਲ ਬਤੌਰ ਮਕੈਨਿਕ ਕੰਮ ਕੀਤਾ ਪਰ ਚਾਰ ਸਾਲ ਪਹਿਲਾਂ ਆਪਣੀ ਵਰਕਸ਼ਾਪ ਬਣਾ ਲਈ।

ਉਹ ਦੁਬਈ ਵਿੱਚ ਗੱਡੀਆਂ ਦੀ ਮੁਰੰਮਤ ਕਰਦੇ ਹਨ। ਉਨ੍ਹਾਂ ਮੁਤਾਬਕ ਹਾਦਸੇ ਦਾ ਸ਼ਿਕਾਰ ਹੋਈਆਂ ਗੱਡੀਆਂ ਨੂੰ ਨਿਲਾਮੀ ਵਿੱਚ ਖ਼ਰੀਦ ਕੇ ਉਨ੍ਹਾਂ ਨੂੰ 'ਰੀ-ਕੰਡੀਸ਼ਨ' ਕਰਕੇ ਵੇਚਣ ਵਿੱਚ ਚੰਗਾ ਮੁਨਾਫ਼ਾ ਮਿਲ ਜਾਂਦਾ ਹੈ।

ਅਰਹਮ ਨੇ ਬੀਬੀਸੀ ਉਰਦੂ ਨੂੰ ਦੱਸਿਆ ਕਿ ਉਨ੍ਹਾਂ ਲਈ ਹੁਣ ਵੀ "ਦੁਬਈ ਦੁਨੀਆ ਦੀ ਜੰਨਤ ਹੈ ਜਿਸ ਨੇ ਮੈਨੂੰ ਜ਼ੀਰੋ ਤੋਂ ਇਸ ਮੁਕਾਮ ਤੱਕ ਪਹੁੰਚਾਇਆ।"

ਉਹ ਹੁਣ ਇੱਥੇ ਆਰਥਿਕ ਤੌਰ 'ਤੇ ਮਜ਼ਬੂਤ ਹੋ ਚੁੱਕੇ ਹਨ ਅਤੇ ਮੰਨਦੇ ਹਨ ਕਿ ਜੇਕਰ ''ਪਾਕਿਸਤਾਨ ਵਿੱਚ ਹੀ ਰਹਿੰਦੇ ਤਾਂ ਸ਼ਾਇਦ ਇੰਨੀ ਚੰਗੀ ਹਾਲਤ ਨਾ ਹੁੰਦੀ।''

ਉਹ ਦੱਸਦੇ ਹਨ, ''ਜਦੋਂ 24 ਸਾਲ ਪਹਿਲਾਂ ਦੁਬਈ ਪਹੁੰਚੇ ਸਨ ਤਾਂ ਘਰ ਬੁਰੀ ਤਰ੍ਹਾਂ ਕਰਜ਼ੇ ਵਿੱਚ ਡੁੱਬਿਆ ਹੋਇਆ ਸੀ। ਲੋਕ ਆਪਣੇ ਉਧਾਰ ਦਿੱਤੇ ਪੈਸੇ ਵਾਪਸ ਮੰਗਣ ਆਉਂਦੇ ਸਨ ਤਾਂ ਅਸੀਂ ਸ਼ਰਮਿੰਦਗੀ ਕਾਰਨ ਦਰਵਾਜ਼ਾ ਨਹੀਂ ਖੋਲ੍ਹਦੇ ਸੀ।"

"ਘਰ ਵਿੱਚ ਜੋ ਕੁਝ ਸੀ ਉਸ ਨੂੰ ਵੇਚ ਕੇ ਮਾਂ-ਬਾਪ ਨੇ ਮੈਨੂੰ ਦੁਬਈ ਭੇਜਿਆ। ਮੈਂ ਇੱਥੇ ਮੁਸ਼ਕਲ ਹਾਲਾਤ ਜ਼ਰੂਰ ਦੇਖੇ ਪਰ ਨਾਕਾਮੀ ਦਾ ਮੂੰਹ ਨਹੀਂ ਦੇਖਿਆ। ਦਿਨ-ਰਾਤ ਦਾ ਫ਼ਰਕ ਕੀਤੇ ਬਿਨਾਂ ਕੰਮ ਕੀਤਾ ਅਤੇ ਉਸ ਦਾ ਫ਼ਲ ਪਾਇਆ।"

ਉਨ੍ਹਾਂ ਦਾ ਕਹਿਣਾ ਹੈ, "ਅੱਜ ਪਾਕਿਸਤਾਨ ਵਿੱਚ ਦਸ ਮਰਲੇ ਦਾ ਮੇਰਾ ਆਪਣਾ ਘਰ ਅਤੇ ਚਾਰ ਪਲਾਟ ਹਨ। ਬੱਚੇ ਚੰਗੇ ਸਕੂਲਾਂ ਵਿੱਚ ਪੜ੍ਹਦੇ ਹਨ। ਪਤਨੀ ਅਤੇ ਬੱਚਿਆਂ ਨੂੰ ਸਾਲ ਵਿੱਚ ਇੱਕ ਵਾਰ ਵਿਜ਼ਿਟ ਵੀਜ਼ੇ 'ਤੇ ਦੁਬਈ ਦੀ ਸੈਰ ਕਰਵਾ ਦਿੰਦਾ ਹਾਂ।"

ਉਨ੍ਹਾਂ ਦੀ ਰਾਇ ਵਿੱਚ "ਪਾਕਿਸਤਾਨ 'ਚ ਉਸੇ ਦੀ ਇੱਜ਼ਤ ਹੈ ਜਿਸ ਕੋਲ ਪੈਸਾ ਹੈ। ਮੇਰੇ ਕੋਲ ਦੁਬਈ ਦੇ ਦਿਰਹਮ ਹਨ ਇਸ ਲਈ ਆਰਥਿਕ ਪਰੇਸ਼ਾਨੀਆਂ ਤੋਂ ਆਜ਼ਾਦ ਹੋ ਚੁੱਕਾ ਹਾਂ।"

ਅਰਹਮ ਭੱਟ ਕਹਿੰਦੇ ਹਨ ਕਿ ਦੁਬਈ ਵਿੱਚ ਗੱਡੀਆਂ ਦੇ ਕੰਮ ਦੀ ਸਮਝ ਹੋਣਾ ਇੱਕ ਕਲਾ ਹੈ। "ਮੈਂ ਦੋ ਦਹਾਕੇ ਇਸ ਕੰਮ ਵਿੱਚ ਲਗਾਏ ਹਨ। ਮੇਰੇ ਲਈ ਇਸ ਕੰਮ ਨੂੰ ਅੱਗੇ ਵਧਾਉਣਾ ਕੋਈ ਮੁਸ਼ਕਲ ਨਹੀਂ ਸੀ। ਇਸੇ ਕਰਕੇ ਮੈਂ ਆਪਣੇ ਛੋਟੇ ਭਰਾ ਨੂੰ ਵੀ ਇੱਥੇ ਬੁਲਾਉਣਾ ਚਾਹ ਰਿਹਾ ਸੀ ਤਾਂ ਜੋ ਉਹ ਵੀ ਇਹ ਕੰਮ ਸਿੱਖੇ ਅਤੇ ਮੇਰਾ ਹੱਥ ਵਟਾਏ। ਹਾਲਾਂਕਿ ਉਸ ਨੂੰ ਵੀਜ਼ਾ ਨਹੀਂ ਮਿਲ ਰਿਹਾ ਸੀ।"

ਉਹ ਕਹਿੰਦੇ ਹਨ, "ਮੇਰੇ ਕੋਲ ਵਰਕਸ਼ਾਪ ਦਾ ਜੋ ਲਾਇਸੈਂਸ ਹੈ ਉਸ ਦੇ ਤਹਿਤ ਮੈਂ ਦੂਜੇ ਦੇਸ਼ ਤੋਂ ਵਰਕਰਾਂ ਨੂੰ ਵੀਜ਼ਾ ਸਪਾਂਸਰ ਕਰ ਸਕਦਾ ਹਾਂ। ਪਰ ਜਦੋਂ ਤੋਂ ਦੁਬਈ ਸਰਕਾਰ ਦੀ ਪਾਕਿਸਤਾਨ ਲਈ ਵੀਜ਼ਾ ਪਾਲਿਸੀ ਬਦਲੀ ਸੀ ਉਦੋਂ ਤੋਂ ਭਰਾ ਦੇ ਵੀਜ਼ੇ ਵਿੱਚ ਰੁਕਾਵਟਾਂ ਆ ਰਹੀਆਂ ਸਨ ਕਿਉਂਕਿ ਉਸ ਦਾ ਵਿਆਹ ਨਹੀਂ ਹੋਇਆ ਹੈ।"

ਦੁਬਈ 'ਚ ਪਾਕਿਸਤਾਨੀਆਂ ਲਈ ਕਿਹੜੇ ਖੇਤਰਾਂ ਵਿੱਚ ਨੌਕਰੀਆਂ?

ਇੰਟਰਲੌਕ ਟਾਈਲ ਲਗਾਉਂਦੇ ਹੋਏ ਮਿਸਤਰੀ

ਤਸਵੀਰ ਸਰੋਤ, Getty Images

ਮਲਿਕ ਅਬੂਬਕਰ (ਬਦਲਿਆ ਹੋਇਆ ਨਾਂ) ਵੀ ਉਨ੍ਹਾਂ ਖੁਸ਼ਕਿਸਮਤ ਲੋਕਾਂ ਵਿੱਚ ਸ਼ਾਮਲ ਹਨ ਜੋ ਹਾਲ ਹੀ ਵਿੱਚ ਦੁਬਈ ਪਹੁੰਚੇ ਹਨ ਅਤੇ ਉਨ੍ਹਾਂ ਨੇ ਉੱਥੇ ਤੁਰੰਤ ਕਮਾਉਣਾ ਸ਼ੁਰੂ ਕਰ ਦਿੱਤਾ ਹੈ।

ਉਨ੍ਹਾਂ ਦੇ ਰਿਸ਼ਤੇਦਾਰ (ਜੀਜਾ) ਮਲਿਕ ਜ਼ੀਸ਼ਾਨ ਆਪਣੀ ਫੈਮਿਲੀ ਦੇ ਨਾਲ ਸ਼ਾਰਜਾਹ ਵਿੱਚ ਰਹਿੰਦੇ ਹਨ ਅਤੇ ਉਨ੍ਹਾਂ ਦੀ ਦੁਬਈ ਵਿੱਚ ਇੱਕ ਟੂਰਿਜ਼ਮ ਕੰਪਨੀ ਅਤੇ ਇਲੈਕਟ੍ਰੋਨਿਕਸ ਰਿਪੇਅਰਿੰਗ ਸ਼ਾਪ ਹੈ। ਉੱਥੇ ਉਨ੍ਹਾਂ ਨੇ ਕੁਝ ਕਰਮਚਾਰੀ ਰੱਖੇ ਹੋਏ ਹਨ। ਹਾਲ ਹੀ ਦੀ ਜੰਗ ਕਾਰਨ ਟੂਰਿਜ਼ਮ ਕੰਪਨੀ ਤਾਂ ਫਿਲਹਾਲ ਬੰਦ ਪਈ ਹੈ, ਪਰ ਇਲੈਕਟ੍ਰੋਨਿਕਸ ਸ਼ਾਪ ਚੱਲ ਰਹੀ ਹੈ।

ਮਲਿਕ ਅਬੂਬਕਰ ਦੱਸਦੇ ਹਨ ਕਿ ਉਨ੍ਹਾਂ ਨੇ ਬਿਜ਼ਨੈੱਸ ਐਡਮਿਨਿਸਟ੍ਰੇਸ਼ਨ ਵਿੱਚ ਗ੍ਰੈਜੂਏਸ਼ਨ ਕੀਤੀ ਹੈ ਅਤੇ ਪਾਕਿਸਤਾਨ ਵਿੱਚ ਉਨ੍ਹਾਂ ਨੇ ਨੌਕਰੀ ਲਈ ਕਈ ਜਗ੍ਹਾ ਅਪਲਾਈ ਕੀਤਾ ਸੀ ਪਰ ਕੋਈ 20-22 ਹਜ਼ਾਰ ਰੁਪਏ ਤੋਂ ਜ਼ਿਆਦਾ ਸੈਲਰੀ ਦੇਣ ਨੂੰ ਤਿਆਰ ਨਹੀਂ ਸੀ।

ਉਨ੍ਹਾਂ ਨੇ ਦੱਸਿਆ, "ਮੇਰੇ ਰਿਸ਼ਤੇਦਾਰ ਨੇ ਮੈਨੂੰ ਕਿਹਾ ਸੀ ਕਿ ਤੂੰ ਦੁਬਈ ਵਿੱਚ ਸੈੱਟ ਹੋ ਸਕਦਾ ਹੈਂ ਪਰ ਉਸ ਦੇ ਲਈ ਤੇਰੀ ਅੰਗਰੇਜ਼ੀ ਚੰਗੀ ਹੋਣੀ ਚਾਹੀਦੀ ਹੈ। ਫਿਰ ਤੂੰ ਟੂਰਿਜ਼ਮ ਕੰਪਨੀ ਵਿੱਚ ਕੰਮ ਕਰ ਸਕੇਂਗਾ, ਜਿੱਥੇ 100 ਦਿਰਹਮ ਰੋਜ਼ਾਨਾ ਸੈਲਰੀ ਮਿਲੇਗੀ ਅਤੇ ਜੋ ਟਿਪ ਮਿਲੇਗੀ ਉਹ ਤੇਰੀ ਹੋਵੇਗੀ।"

ਮਲਿਕ ਅਬੂਬਕਰ ਕਹਿੰਦੇ ਹਨ ਕਿ ਦੁਬਈ ਵਿੱਚ ਇਲੈਕਟ੍ਰੋਨਿਕਸ ਸਾਮਾਨ ਦੀ ਮੁਰੰਮਤ, ਪਲੰਬਿੰਗ ਅਤੇ ਦੂਜੇ ਅਜਿਹੇ ਕੰਮਾਂ ਵਿੱਚ ਚੰਗੇ ਪੈਸੇ ਕਮਾਏ ਜਾ ਸਕਦੇ ਹਨ, ਪਰ ਇਸ ਦੇ ਲਈ "ਪੜ੍ਹਾਈ ਅਤੇ ਸਮਾਜਿਕ ਝਿਜਕ ਨੂੰ ਪਾਸੇ ਰੱਖਣਾ ਪੈਂਦਾ ਹੈ।"

ਉਹ ਕਹਿੰਦੇ ਹਨ, "ਮੈਂ ਬੇਰੁਜ਼ਗਾਰੀ ਦੇ ਦਿਨਾਂ ਵਿੱਚ ਏਅਰ ਕੰਡੀਸ਼ਨਰ ਰਿਪੇਅਰਿੰਗ ਅਤੇ ਪਲੰਬਿੰਗ ਦਾ ਕੰਮ ਸਿੱਖ ਲਿਆ ਸੀ। ਹੁਣ ਵੀਜ਼ਾ ਨਿਯਮਾਂ ਵਿੱਚ ਢਿੱਲ ਮਿਲਦੇ ਹੀ ਜਦੋਂ ਮੇਰੇ ਰਿਸ਼ਤੇਦਾਰ ਨੇ ਅਪਲਾਈ ਕੀਤਾ ਤਾਂ ਮੈਨੂੰ ਵੀਜ਼ਾ ਮਿਲ ਗਿਆ।"

ਉਹ ਹੁਣ ਦੁਬਈ ਵਿੱਚ ਰੋਜ਼ਾਨਾ ਦਸ ਘੰਟੇ ਕੰਮ ਕਰਕੇ 150 ਤੋਂ 200 ਦਿਰਹਮ ਕਮਾ ਰਹੇ ਹਨ ਜੋ ਪਾਕਿਸਤਾਨੀ 12 ਤੋਂ 16 ਹਜ਼ਾਰ ਰੁਪਏ ਬਣਦੇ ਹਨ। "ਇੰਨੇ ਪੈਸਿਆਂ ਵਿੱਚ ਤਾਂ ਪਾਕਿਸਤਾਨ ਵਿੱਚ ਕੋਈ ਮੈਨੂੰ ਮਹੀਨੇ ਦੀ ਸੈਲਰੀ 'ਤੇ ਰੱਖਣ ਨੂੰ ਤਿਆਰ ਨਹੀਂ ਸੀ।"

"ਲੇਕਿਨ ਕੁਝ ਦਿਨ ਪਹਿਲਾਂ ਇੱਕ ਕੰਸਲਟੈਂਟ ਨੇ ਦੱਸਿਆ ਕਿ ਜੰਗ ਦੀ ਵਜ੍ਹਾ ਨਾਲ ਵੀਜ਼ਾ ਪਾਲਿਸੀ ਨਰਮ ਹੋਈ ਹੈ। ਇਸ ਲਈ ਮੈਂ ਇੱਥੋਂ ਵੀਜ਼ੇ ਲਈ ਅਪਲਾਈ ਕੀਤਾ ਤਾਂ ਉਹ ਦੋ ਦਿਨਾਂ ਬਾਅਦ ਹੀ ਮਨਜ਼ੂਰ ਹੋ ਗਿਆ ਅਤੇ ਭਰਾ ਅਗਲੀ ਫ਼ਲਾਈਟ ਰਾਹੀਂ ਪਾਕਿਸਤਾਨ ਤੋਂ ਦੁਬਈ ਪਹੁੰਚ ਗਿਆ।"

'ਆਈਟੀ ਨੌਕਰੀਆਂ ਲਈ ਮੁਕਾਬਲਾ ਬੇਹੱਦ ਸਖ਼ਤ'

ਦੁਬਈ 'ਚ ਆਈਟੀ ਸੈਕਟਰ ਦੀ ਇੱਕ ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਟੀਪੂ ਖ਼ਾਨ ਆਈਟੀ ਗ੍ਰੈਜੂਏਟ ਹਨ। ਹਾਲਾਂਕਿ ਉਹ ਦੁਬਈ ਪਹੁੰਚ ਤਾਂ ਗਏ ਹਨ ਪਰ ਫਿਲਹਾਲ ਨੌਕਰੀ ਦੀ ਭਾਲ ਵਿੱਚ ਹਨ।

ਟੀਪੂ ਖ਼ਾਨ ਕਹਿੰਦੇ ਹਨ ਕਿ ਉਹ ਲਾਹੌਰ ਵਿੱਚ ਇੱਕ ਮੈਡੀਕਲ ਬਿਲਿੰਗ ਕੰਪਨੀ ਨਾਲ ਕੰਮ ਕਰ ਰਹੇ ਸਨ ਅਤੇ ਉਸ ਕੰਪਨੀ ਨੂੰ ਅਮਰੀਕਾ ਦੀ ਕਿਸੇ ਕੰਪਨੀ ਤੋਂ ਕੰਟਰੈਕਟ ਮਿਲਿਆ ਹੋਇਆ ਸੀ। ਹਾਲਾਂਕਿ ਪਾਕਿਸਤਾਨ ਵਿੱਚ ਕੰਪਨੀ ਦੇ ਮਾਲਕ ਨੇ ਘੱਟ ਤਨਖਾਹ 'ਤੇ ਲੋਕ ਭਰਤੀ ਕੀਤੇ ਹੋਏ ਸਨ ਅਤੇ ਉਹ 30-35 ਹਜ਼ਾਰ ਰੁਪਏ ਮਹੀਨੇ ਤੋਂ ਜ਼ਿਆਦਾ ਸੈਲਰੀ ਨਹੀਂ ਦਿੰਦੇ ਸਨ। ਇਸ ਕਾਰਨ ਉਨ੍ਹਾਂ ਨੇ ਪਾਕਿਸਤਾਨ ਤੋਂ ਹੀ ਦੁਬਈ ਵਿੱਚ ਨੌਕਰੀਆਂ ਲਈ ਅਪਲਾਈ ਕਰਨਾ ਸ਼ੁਰੂ ਕਰ ਦਿੱਤਾ।

ਉਹ ਦੱਸਦੇ ਹਨ, "ਮੇਰਾ ਇੱਕ ਦੋਸਤ ਦੁਬਈ ਵਿੱਚ ਪ੍ਰਾਪਰਟੀ ਦਾ ਕੰਮ ਕਰਦਾ ਹੈ। ਉਸ ਨੇ ਮੇਰੀ ਕੁਝ ਲੋਕਾਂ ਨਾਲ ਗੱਲ ਵੀ ਕਰਵਾਈ ਜੋ ਦੁਬਈ ਵਿੱਚ ਆਈਟੀ ਸੈਕਟਰ ਨਾਲ ਜੁੜੇ ਸਨ। ਹਾਲਾਂਕਿ ਇੱਥੇ ਮੁਕਾਬਲਾ ਸਖ਼ਤ ਹੈ ਅਤੇ ਆਸਾਨੀ ਨਾਲ ਜੌਬ ਨਹੀਂ ਮਿਲ ਸਕਦੀ। ਜੇਕਰ ਤੁਸੀਂ ਦੁਬਈ ਵਿੱਚ ਰਹਿ ਕੇ ਅਪਲਾਈ ਕਰੋ ਅਤੇ ਇੰਟਰਵਿਊ ਦਿਓ ਤਾਂ ਸ਼ਾਇਦ ਗੱਲ ਬਣ ਜਾਵੇ, ਪਰ ਪਾਕਿਸਤਾਨ ਵਿੱਚ ਰਹਿ ਕੇ ਤੁਹਾਨੂੰ ਕੋਈ ਨੌਕਰੀ ਨਹੀਂ ਦੇਵੇਗਾ।"

ਦੁਬਈ ਦਾ ਝੰਡਾ ਅਤੇ ਸਮੁੰਦਰ ਕੰਢੇ ਖੜ੍ਹੇ ਸ਼ੀਪ

ਤਸਵੀਰ ਸਰੋਤ, Getty Images

ਟੀਪੂ ਖ਼ਾਨ ਕਹਿੰਦੇ ਹਨ, "ਮੇਰੇ ਦੋਸਤ ਨੇ ਮੇਰੇ ਲਈ ਵੀਜ਼ੇ ਦਾ ਇੰਤਜ਼ਾਮ ਕਰਨਾ ਚਾਹਿਆ ਪਰ ਉਹ ਨਾਕਾਮ ਰਿਹਾ। ਹੁਣ ਵੀਜ਼ਾ ਮਿਲ ਗਿਆ ਹੈ ਅਤੇ ਮੈਂ ਇੱਥੇ ਆ ਕੇ ਰੋਜ਼ਾਨਾ 15-20 ਜਗ੍ਹਾ 'ਤੇ ਅਪਲਾਈ ਕਰਦਾ ਹਾਂ ਪਰ ਕੋਈ ਇੰਟਰਵਿਊ ਲਈ ਕਾਲ ਹੀ ਨਹੀਂ ਕਰਦਾ।"

"ਜਿਹੜੇ ਤਿੰਨ ਇੰਟਰਵਿਊ ਹੋਏ ਹਨ, ਉਹ ਵੀ ਫ਼ੋਨ ਕਾਲ 'ਤੇ ਹੋਏ ਪਰ ਉਸ ਤੋਂ ਬਾਅਦ ਕੋਈ ਰਿਸਪਾਂਸ ਨਹੀਂ ਮਿਲਿਆ। ਮੇਰਾ ਦੋਸਤ ਕਹਿੰਦਾ ਹੈ ਕਿ ਦੁਬਈ ਇੰਟਰਨੈਸ਼ਨਲ ਮਾਰਕੀਟ ਹੈ, ਇੱਥੇ ਪੈਰ ਜਮਾਉਣਾ ਮੁਸ਼ਕਲ ਜ਼ਰੂਰ ਹੈ ਪਰ ਨਾਮੁਮਕਿਨ ਨਹੀਂ, ਇਸ ਲਈ ਕੋਸ਼ਿਸ਼ ਜਾਰੀ ਰੱਖੋ।"

ਉਹ ਕਹਿੰਦੇ ਹਨ, "ਮੇਰਾ ਵੀਜ਼ਾ ਤਿੰਨ ਮਹੀਨੇ ਦਾ ਹੈ। ਇਸ ਵਿੱਚੋਂ ਦੋ ਹਫ਼ਤੇ ਗੁਜ਼ਰ ਚੁੱਕੇ ਹਨ। ਇੱਥੇ ਕੁਝ ਲੋਕ ਕਹਿੰਦੇ ਹਨ ਕਿ ਜੇਕਰ ਈਰਾਨ ਦੀ ਅਮਰੀਕਾ ਅਤੇ ਇਜ਼ਰਾਈਲ ਨਾਲ ਜੰਗ ਬੰਦ ਹੋ ਗਈ ਤਾਂ ਵੱਡੇ ਪੱਧਰ 'ਤੇ ਨੌਕਰੀਆਂ ਨਿਕਲਣਗੀਆਂ ਅਤੇ ਮੇਰਾ ਚਾਂਸ ਵੀ ਬਣ ਜਾਵੇਗਾ।"

"ਮੈਨੂੰ ਪੂਰੀ ਉਮੀਦ ਹੈ ਅਤੇ ਮਾਯੂਸ ਨਹੀਂ ਹੋਇਆ ਹਾਂ। ਜੇਕਰ ਮੇਰੀ ਕਿਸਮਤ ਵਿੱਚ ਚੰਗੇ ਦਿਨ ਲਿਖੇ ਹਨ ਤਾਂ ਜ਼ਰੂਰ ਆਉਣਗੇ।"

'ਪ੍ਰਾਪਰਟੀ ਅਤੇ ਗੱਡੀਆਂ ਅਸਲ ਕੀਮਤ 'ਤੇ ਆ ਗਈਆਂ ਹਨ'

ਸਿਆਲਕੋਟ ਦੇ ਰਹਿਣ ਵਾਲੇ ਵਾਜਿਦ ਅਲੀ ਦੇ ਤਿੰਨ ਪੁੱਤਰ ਹਨ। ਇਨ੍ਹਾਂ ਵਿੱਚੋਂ ਇੱਕ ਵਕੀਲ ਹੈ ਅਤੇ ਦੂਜਾ ਫਾਰਮੇਸੀ ਚਲਾਉਂਦਾ ਹੈ। ਤੀਜੇ ਪੁੱਤਰ ਫ਼ਹਦ ਅਲੀ ਨੂੰ ਉਨ੍ਹਾਂ ਨੇ ਦੋ ਸਾਲ ਪਹਿਲਾਂ ਦੁਬਈ ਵਿੱਚ ਕਮਰਸ਼ੀਅਲ ਗੱਡੀਆਂ ਦਾ ਕਾਰੋਬਾਰ ਸ਼ੁਰੂ ਕਰਕੇ ਦਿੱਤਾ ਸੀ ਅਤੇ ਚਾਰ ਗੱਡੀਆਂ ਖ਼ਰੀਦ ਕੇ ਦਿੱਤੀਆਂ ਸਨ।

ਲਾਇਸੈਂਸ ਮਿਲਣ ਅਤੇ ਦੂਜੀ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਵਿੱਚ ਕੁਝ ਮਹੀਨੇ ਲੱਗੇ। ਇਸ ਤੋਂ ਬਾਅਦ ਫ਼ਹਦ ਅਲੀ ਨੂੰ ਕੰਮ ਦੀ ਥੋੜ੍ਹੀ ਸਮਝ ਆ ਗਈ।

ਹੁਣ ਜਦੋਂ ਜੰਗ ਦਾ ਸੰਕਟ ਸ਼ੁਰੂ ਹੋਇਆ ਹੈ ਤਾਂ ਵਾਜਿਦ ਅਲੀ ਇੱਕ ਵਾਰ ਫਿਰ ਆਪਣੇ ਪੁੱਤਰ ਫ਼ਹਦ ਕੋਲ ਦੁਬਈ ਪਹੁੰਚੇ ਹੋਏ ਹਨ ਅਤੇ ਯੂਜ਼ਡ ਕਮਰਸ਼ੀਅਲ ਗੱਡੀਆਂ ਦੀ ਭਾਲ ਵਿੱਚ ਹਨ।

ਸਫ਼ੈਦ ਰੰਗ ਦੀ ਸਪੋਰਟਸ ਕਾਰ ਤੇ ਪਿਛਲੇ ਪਾਸੇ ਦੂਰ ਤੋਂ ਦਿਖਾਈ ਦਿੰਦਾ ਬੁਰਜ ਖ਼ਲੀਫ਼ਾ ਦੀ ਤਸਵੀਰ

ਤਸਵੀਰ ਸਰੋਤ, Getty Images

ਵਾਜਿਦ ਅਲੀ ਦੇ ਮੁਤਾਬਕ, "ਦੁਬਈ ਵਿੱਚ ਗੱਡੀਆਂ ਅਤੇ ਪ੍ਰਾਪਰਟੀ ਦੇ ਰੇਟ 20 ਤੋਂ 25 ਫ਼ੀਸਦੀ ਤੱਕ ਡਿੱਗ ਗਏ ਹਨ, ਅਤੇ ਇਹੀ ਵਕਤ ਖ਼ਰੀਦਦਾਰੀ ਦਾ ਹੈ। ਕਿਉਂਕਿ ਜਦੋਂ ਜੰਗ ਰੁਕੇਗੀ ਤਾਂ ਕੰਮ ਵਿੱਚ ਇੱਕ ਵਾਰ ਫਿਰ ਤੇਜ਼ੀ ਆਏਗੀ। ਕਮਰਸ਼ੀਅਲ ਗੱਡੀਆਂ ਬਿਲਡਿੰਗ ਮਟੀਰੀਅਲ ਅਤੇ ਮਾਲ ਦੀ ਢੋਆ-ਢੁਆਈ ਲਈ ਇਸਤੇਮਾਲ ਹੁੰਦੀਆਂ ਹਨ ਅਤੇ ਇਹ ਕੰਮ ਸਾਲ ਭਰ ਚੱਲਦਾ ਰਹਿੰਦਾ ਹੈ।"

ਉਹ ਕਹਿੰਦੇ ਹਨ, "ਪਾਕਿਸਤਾਨੀ ਲੋਕ ਹਰ ਤਰ੍ਹਾਂ ਦੇ ਹਾਲਾਤ ਵਿੱਚ ਆਪਣਾ ਫ਼ਾਇਦਾ ਕੱਢਣਾ ਜਾਣਦੇ ਹਨ। ਈਰਾਨ ਜੰਗ ਦੀ ਵਜ੍ਹਾ ਨਾਲ ਦੁਬਈ ਵਿੱਚ ਪਾਕਿਸਤਾਨੀ ਭਾਈਚਾਰਾ ਪਰੇਸ਼ਾਨ ਜ਼ਰੂਰ ਹੈ, ਪਰ ਹਾਲਾਤ ਇੰਨੇ ਮਾੜੇ ਵੀ ਨਹੀਂ ਹਨ ਕਿ ਲੋਕ ਦੁਬਈ ਤੋਂ ਭੱਜਣਾ ਸ਼ੁਰੂ ਕਰ ਦੇਣ। ਇੰਨਾ ਜ਼ਰੂਰ ਹੋਇਆ ਹੈ ਕਿ 'ਆਰਟੀਫੀਸ਼ੀਅਲ ਇਨਵੈਸਟਮੈਂਟ' ਦਾ ਗੁਬਾਰਾ ਫਟ ਗਿਆ ਹੈ ਅਤੇ ਗੱਡੀਆਂ ਤੇ ਪ੍ਰਾਪਰਟੀ ਦੇ ਰੇਟ ਆਪਣੀ ਅਸਲੀ ਵੈਲਿਊ 'ਤੇ ਆ ਗਏ ਹਨ।"

ਵਾਜਿਦ ਅਲੀ ਕਹਿੰਦੇ ਹਨ, "ਮੈਨੂੰ ਸਊਦੀ ਅਰਬ ਅਤੇ ਦੁਬਈ ਵਿੱਚ ਕੰਮ ਕਰਨ ਦਾ 20 ਸਾਲ ਤੋਂ ਜ਼ਿਆਦਾ ਦਾ ਤਜਰਬਾ ਹੈ। ਖਾੜੀ ਦੇਸ਼ਾਂ ਵਿੱਚ ਸੰਕਟ ਆਰਜ਼ੀ ਤੌਰ 'ਤੇ ਆਉਂਦਾ ਹੈ ਅਤੇ ਇਹੀ ਉਹ ਸਮਾਂ ਹੁੰਦਾ ਹੈ ਜਦੋਂ ਤੁਹਾਡੇ ਕੋਲ ਜੋ ਪੂੰਜੀ ਹੈ, ਉਸ ਨੂੰ ਤੁਸੀਂ ਅਜਿਹੀ ਜਗ੍ਹਾ ਲਗਾਓ ਜੋ ਸੰਕਟ ਖ਼ਤਮ ਹੋਣ ਤੋਂ ਬਾਅਦ ਵਧੇ।"

ਉਨ੍ਹਾਂ ਦਾ ਕਹਿਣਾ ਹੈ ਕਿ ਉਹ ਘੱਟੋ-ਘੱਟ ਛੇ ਹੋਰ ਕਮਰਸ਼ੀਅਲ ਗੱਡੀਆਂ ਖ਼ਰੀਦਣ ਦਾ ਇਰਾਦਾ ਬਣਾ ਰਹੇ ਹਨ।

ਈਰਾਨ ਜੰਗ ਦੇ ਖ਼ਤਮ ਹੋਣ ਦਾ ਇੰਤਜ਼ਾਰ ਅਤੇ ਉਮੀਦਾਂ

ਰੇਤ ਦਾ ਜਹਾਜ਼ ਊਂਠ ਦੁਬਈ ਦੇ ਰੇਤੀਲੇ ਮੈਦਾਨ 'ਤੇ ਬੈਠਾ ਹੋਇਆ ਜੋ ਸ਼ਹਿਰ ਨਾਲ ਲੱਗਦਾ ਹੈ

ਤਸਵੀਰ ਸਰੋਤ, Getty Images

ਚੌਧਰੀ ਨਈਮ ਮੱਧ ਪੰਜਾਬ (ਪਾਕਿਸਤਾਨ) ਦੇ ਵਜ਼ੀਰਾਬਾਦ ਸ਼ਹਿਰ ਦੇ ਜ਼ਮੀਂਦਾਰ ਹਨ। ਦੁਬਈ ਅਤੇ ਸ਼ਾਰਜਾਹ ਵਿੱਚ ਇਨ੍ਹਾਂ ਦੇ ਕਈ ਅਪਾਰਟਮੈਂਟਸ ਹਨ ਜਿਨ੍ਹਾਂ ਨੂੰ ਉਨ੍ਹਾਂ ਨੇ ਕਿਰਾਏ ਜਾਂ ਸਾਲਾਨਾ ਠੇਕੇ 'ਤੇ ਦੇ ਰੱਖਿਆ ਹੈ। ਪਰ ਹੁਣ ਉਹ ਹੋਰ ਅਪਾਰਟਮੈਂਟਸ ਖ਼ਰੀਦਣਾ ਚਾਹੁੰਦੇ ਹਨ।

ਚੌਧਰੀ ਨਈਮ ਕਹਿੰਦੇ ਹਨ ਕਿ ਖਾੜੀ ਦੇ ਦੇਸ਼ਾਂ ਵਿੱਚ ਕਦੇ ਕਿਸੇ ਤੋਂ ਨਹੀਂ ਸੁਣਿਆ ਕਿ ਉਸ ਦਾ ਨਿਵੇਸ਼ ਡੁੱਬ ਗਿਆ ਹੋਵੇ। "ਮੁਨਾਫ਼ਾ ਘੱਟ ਜਾਂ ਜ਼ਿਆਦਾ ਹੋ ਸਕਦਾ ਹੈ ਪਰ ਧੋਖਾ ਜਾਂ ਫ੍ਰੌਡ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ।"

"ਮੈਂ ਇੱਕ ਬੈੱਡਰੂਮ ਅਤੇ ਦੋ ਬੈੱਡਰੂਮ ਦੇ ਜੋ ਅਪਾਰਟਮੈਂਟਸ ਛੇ-ਸੱਤ ਸਾਲ ਪਹਿਲਾਂ ਲਏ ਸਨ, ਉਹ ਕਿਰਾਏ 'ਤੇ ਲੱਗੇ ਹੋਣ ਕਾਰਨ ਨਾ ਸਿਰਫ਼ ਆਪਣੀ ਕੀਮਤ ਪੂਰੀ ਕਰ ਚੁੱਕੇ ਹਨ ਸਗੋਂ ਉਨ੍ਹਾਂ ਦੀਆਂ ਕੀਮਤਾਂ ਦੋ ਤੋਂ ਤਿੰਨ ਗੁਣਾ ਵਧ ਚੁੱਕੀਆਂ ਹਨ। ਇਹ ਅਜਿਹਾ ਬਿਜ਼ਨੈੱਸ ਹੈ ਜਿਸ ਵਿੱਚ ਤੁਸੀਂ ਇੱਕ ਵਾਰ ਪੈਸਾ ਲਗਾਉਂਦੇ ਹੋ ਅਤੇ ਫਿਰ ਪੂਰੀ ਜ਼ਿੰਦਗੀ ਘਰ ਬੈਠ ਕੇ ਖਾਂਦੇ ਹੋ। ਹਰ ਮਹੀਨੇ ਕਿਰਾਇਆ ਵੀ ਆਉਂਦਾ ਰਹਿੰਦਾ ਹੈ ਅਤੇ ਅਪਾਰਟਮੈਂਟ ਦੀ ਵੈਲਿਊ ਵੀ ਵਧਦੀ ਰਹਿੰਦੀ ਹੈ।"

ਚੌਧਰੀ ਨਈਮ ਨੇ ਕੋਵਿਡ-19 ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਮਹਾਮਾਰੀ ਦੇ ਦਿਨਾਂ ਵਿੱਚ ਜਦੋਂ ਬਿਜ਼ਨੈੱਸ 'ਤੇ ਸੰਕਟ ਆਇਆ ਸੀ ਤਾਂ ਜਿਨ੍ਹਾਂ ਲੋਕਾਂ ਨੇ ਘੱਟ ਕੀਮਤ 'ਤੇ ਵਿਲਾ ਅਤੇ ਅਪਾਰਟਮੈਂਟ ਖ਼ਰੀਦਣ ਦਾ ਰਿਸਕ ਲਿਆ ਸੀ, ਉਨ੍ਹਾਂ ਦੇ ਵਾਰੇ-ਨਿਆਰੇ ਹੋ ਗਏ। ਕੋਵਿਡ ਦੇ ਖ਼ਾਤਮੇ ਤੋਂ ਬਾਅਦ ਪ੍ਰਾਪਰਟੀ ਨੂੰ ਜੋ ਉਛਾਲ ਮਿਲਿਆ, ਉਹ ਡਬਲ ਰੇਟਸ ਦਾ ਸੀ। ਹੁਣ ਵੀ ਇਹੀ ਉਮੀਦ ਹੈ ਕਿ ਈਰਾਨ ਜੰਗ ਜਦੋਂ ਖ਼ਤਮ ਹੋਵੇਗੀ ਤਾਂ ਪ੍ਰਾਪਰਟੀ ਫਿਰ ਤੋਂ ਘੱਟੋ-ਘੱਟ 50 ਫ਼ੀਸਦੀ ਰੇਟਸ 'ਤੇ ਜੰਪ ਕਰੇਗੀ।"

ਚੌਧਰੀ ਨਈਮ, ਪਾਕਿਸਤਾਨੀ ਜ਼ਮੀਂਦਾਰ

ਚੌਧਰੀ ਨਈਮ ਕਹਿੰਦੇ ਹਨ, "ਪਾਕਿਸਤਾਨ ਤੋਂ ਵੱਡੀ ਤਾਦਾਦ ਵਿੱਚ ਲੋਕ ਦੁਬਈ ਵਿੱਚ ਗੱਡੀਆਂ, ਪ੍ਰਾਪਰਟੀ, ਗ੍ਰੌਸਰੀ ਸਟੋਰਸ ਅਤੇ ਇਲੈਕਟ੍ਰੋਨਿਕਸ ਦੇ ਬਿਜ਼ਨੈੱਸ ਵਿੱਚ ਪੈਸੇ ਲਗਾਉਣ ਲੱਗੇ ਹਨ। ਕਿਉਂਕਿ ਦੁਬਈ ਵਿੱਚ ਇਸ ਵਕਤ ਕਾਰੋਬਾਰ ਘੱਟ ਹੈ ਅਤੇ ਗੱਡੀਆਂ, ਪ੍ਰਾਪਰਟੀ ਦੇ ਰੇਟ ਡਿੱਗੇ ਹੋਏ ਹਨ ਤਾਂ ਪਾਕਿਸਤਾਨੀਆਂ ਨੇ ਇਸ ਮੌਕੇ ਨੂੰ 'ਗੋਲਡਨ ਚਾਂਸ' ਸਮਝ ਕੇ ਖ਼ਰੀਦਦਾਰੀ ਸ਼ੁਰੂ ਕਰ ਦਿੱਤੀ ਹੈ। ਇਹ ਕਾਰੋਬਾਰੀ ਸੋਚ ਹੈ। ਇਸ ਵਿੱਚ ਕੋਈ ਕਿਸੇ ਦਾ ਨੁਕਸਾਨ ਨਹੀਂ ਕਰ ਰਿਹਾ ਸਗੋਂ ਮੌਕੇ ਦਾ ਫ਼ਾਇਦਾ ਉਠਾ ਰਿਹਾ ਹੈ।"

ਗੁਜਰਾਂਵਾਲਾ ਦੇ ਬਿਲਾਲ ਚੱਠਾ ਦਾ ਕੁਝ ਸਾਲ ਪਹਿਲਾਂ ਦੁਬਈ ਵਿੱਚ ਪ੍ਰਾਪਰਟੀ ਦਾ ਬਿਜ਼ਨੈੱਸ ਸੀ। ਦੋ ਸਾਲ ਪਹਿਲਾਂ ਉਹ ਆਪਣਾ ਕਾਰੋਬਾਰ ਸਮੇਟ ਕੇ ਵਾਪਸ ਪਾਕਿਸਤਾਨ ਆ ਗਏ ਸਨ ਅਤੇ ਇੱਥੇ ਰਾਜਨੀਤੀ ਵਿੱਚ ਦਿਲਚਸਪੀ ਲੈਣ ਲੱਗੇ ਸਨ। ਉਨ੍ਹਾਂ ਨੇ ਕਈ ਹਾਊਸਿੰਗ ਸੁਸਾਇਟੀਆਂ ਵਿੱਚ ਫ਼ਾਈਲਾਂ (ਲੀਜ਼ ਐਗਰੀਮੈਂਟ) ਖ਼ਰੀਦ ਲਈਆਂ ਸਨ।

ਬਿਲਾਲ ਚੱਠਾ ਨੇ ਦੱਸਿਆ ਕਿ ਉਮੀਦ ਦੇ ਉਲਟ ਫ਼ਾਈਲਾਂ ਦੇ ਰੇਟ ਵਧਣ ਦੀ ਬਜਾਏ ਘੱਟ ਹੋ ਗਏ ਅਤੇ ਰਾਜਨੀਤੀ ਵਿੱਚ ਕਦਮ ਰੱਖਣ ਦਾ ਉਨ੍ਹਾਂ ਦਾ ਸ਼ੌਕ ਵੀ ਸਮੇਂ ਦੇ ਨਾਲ ਫਿੱਕਾ ਪੈ ਗਿਆ, "ਕਿਉਂਕਿ ਦੇਸ਼ ਦੀ ਰਾਜਨੀਤੀ ਵਿੱਚ ਜੋ ਕੁਝ ਚੱਲ ਰਿਹਾ ਹੈ, ਉਸ ਵਿੱਚ ਕਿਸੇ ਨਵੇਂ ਸ਼ਖ਼ਸ ਦੀ ਐਂਟਰੀ ਹੋਣਾ ਮੁਸ਼ਕਲ ਹੈ।"

ਉਹ ਕਹਿੰਦੇ ਹਨ, "ਮੇਰੇ ਕੋਲ ਦੁਬਈ ਦਾ ਪਾਰਟਨਰ ਵੀਜ਼ਾ ਪਹਿਲਾਂ ਤੋਂ ਮੌਜੂਦ ਸੀ ਤਾਂ ਮੈਂ ਇਹੀ ਸੋਚਿਆ ਕਿ ਵਾਪਸ ਦੁਬਈ ਚਲਾ ਜਾਵਾਂ ਅਤੇ ਬਿਹਤਰ ਜਗ੍ਹਾ ਪੈਸੇ ਲਗਾਵਾਂ, ਕਿਉਂਕਿ ਇਹੀ ਮੌਕਾ ਹੈ ਆਪਣੇ ਨੁਕਸਾਨ ਦੀ ਭਰਪਾਈ ਕਰਨ ਦਾ।"

ਬਿਲਾਲ ਚੱਠਾ ਦਾ ਮੰਨਣਾ ਹੈ ਕਿ ਜੇਕਰ "ਤੁਹਾਡੇ ਕੋਲ ਜ਼ਿਆਦਾ ਪੂੰਜੀ ਹੈ ਜਾਂ ਫਿਰ ਤੁਹਾਨੂੰ ਕੋਈ ਹੁਨਰ ਆਉਂਦਾ ਹੈ ਅਤੇ ਮਜ਼ਦੂਰੀ ਕਰਨ ਵਿੱਚ ਕੋਈ ਸ਼ਰਮ ਮਹਿਸੂਸ ਨਹੀਂ ਹੁੰਦੀ ਤਾਂ ਦੁਬਈ ਤੁਹਾਡੇ ਲਈ ਬਿਹਤਰ ਜਗ੍ਹਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)