ਕੀ ਅਸੀਂ ਮਾਰੂਥਲਾਂ ਵਿੱਚ ਹਰਿਆਲੀ ਲਿਆ ਸਕਦੇ ਹਾਂ, ਕਿਹੜੇ ਤਰੀਕਿਆਂ ਨਾਲ ਇਹ ਸੰਭਵ ਹੈ, ਕਿੰਨਾ ਕਾਰਗਰ ਹੈ

ਮਾਰੂਥਲ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1970 ਦੇ ਦਹਾਕੇ ਵਿੱਚ ਵਿਗਿਆਨੀ ਜੂਲ ਚਾਰਨੀ ਨੇ ਪਤਾ ਲਗਾਇਆ ਕਿ ਮਨੁੱਖੀ ਗਤੀਵਿਧੀਆਂ ਇਸ ਪ੍ਰਕਿਰਿਆ ਵਿੱਚ ਵੱਡੀ ਭੂਮਿਕਾ ਨਿਭਾਉਂਦੀਆਂ ਹਨ
ਪੜ੍ਹਨ ਦਾ ਸਮਾਂ: 6 ਮਿੰਟ

ਜਦੋਂ ਅਸੀਂ ਕਿਸੇ ਮਾਰੂਥਲ ਬਾਰੇ ਸੋਚਦੇ ਹਾਂ, ਤਾਂ ਗੋਬੀ ਜਾਂ ਸਹਾਰਾ ਦੇ ਵਿਸ਼ਾਲ ਖੇਤਰ ਸਾਡੇ ਮਨ ਵਿੱਚ ਆ ਸਕਦੇ ਹਨ।

ਅਸਲ ਵਿੱਚ ਮਾਰੂਥਲ ਕਾਫ਼ੀ ਵਿਭਿੰਨ ਹੁੰਦੇ ਹਨ, ਜਿੱਥੇ ਪੌਧਿਆਂ, ਜਾਨਵਰਾਂ ਅਤੇ ਮਨੁੱਖੀ ਜੀਵਨ ਦੇ ਵੱਖ-ਵੱਖ ਪੱਧਰ ਹੁੰਦੇ ਹਨ।

ਮਿਸਰ ਦੀ ਰਾਜਧਾਨੀ ਕਾਇਰੋ ਦੁਨੀਆ ਦਾ ਸਭ ਤੋਂ ਵੱਡਾ ਰੇਗਿਸਤਾਨੀ ਸ਼ਹਿਰ ਹੈ, ਜਿੱਥੇ 30 ਲੱਖ ਤੋਂ ਵੱਧ ਲੋਕ ਰਹਿੰਦੇ ਹਨ।

ਪਰ ਆਮ ਤੌਰ 'ਤੇ, ਮਾਰੂਥਲ ਇੱਕ ਬਹੁਤ ਹੀ ਸੁੱਕਾ ਵਾਤਾਵਰਣ ਹੁੰਦਾ ਹੈ, ਜਿੱਥੇ ਪਾਣੀ ਦੀ ਘੱਟ ਮਾਤਰਾ ਕਾਰਨ ਜ਼ਿਆਦਾਤਰ ਜੀਵਨ ਲਈ ਵੱਧਣਾ-ਫੁੱਲਣਾ ਮੁਸ਼ਕਲ ਹੁੰਦਾ ਹੈ।

ਪਰ ਮਾਰੂਥਲ ਵਧ ਰਹੇ ਹਨ। ਸੰਯੁਕਤ ਰਾਸ਼ਟਰ ਦੇ ਅਨੁਸਾਰ, ਹਰ ਸਾਲ ਲਗਭਗ 10 ਲੱਖ ਵਰਗ ਕਿਲੋਮੀਟਰ ਸਿਹਤਮੰਦ ਜ਼ਮੀਨ ਖ਼ਰਾਬ ਹੋ ਜਾਂਦੀ ਹੈ।

ਜਿਵੇਂ ਧਰਤੀ 'ਤੇ ਉਪਜਾਊ ਜ਼ਮੀਨ ਘੱਟ ਹੁੰਦੀ ਜਾ ਰਹੀ ਹੈ, ਕੀ ਨਵੇਂ ਤਰੀਕਿਆਂ ਨਾਲ ਪਾਣੀ ਪੈਦਾ ਕਰਨਾ ਅਤੇ ਰੇਗਿਸਤਾਨਾਂ ਨੂੰ ਉਹ ਜਗ੍ਹਾ ਬਣਾਉਣਾ ਸੰਭਵ ਹੈ ਜਿੱਥੇ ਪੌਧੇ ਵੱਧ-ਫੁੱਲ ਸਕਣ?

ਮੌਸਮ ਵਿੱਚ ਬਦਲਾਅ

ਚੀਨ ਦੀ ਬੀਜਿੰਗ ਨਾਰਮਲ ਯੂਨੀਵਰਸਿਟੀ ਵਿੱਚ ਭੂਗੋਲਿਕ ਵਿਗਿਆਨ ਦੇ ਪ੍ਰੋਫੈਸਰ ਯਾਨ ਲੀ ਦੱਸਦੇ ਹਨ, "ਰੇਗਿਸਤਾਨ ਬਣਾਉਣ ਦਾ ਮਤਲਬ ਹੈ ਕਿ ਕੋਈ ਕੁਦਰਤੀ ਜ਼ਮੀਨ, ਜਿਵੇਂ ਘਾਹ ਵਾਲੀ ਜ਼ਮੀਨ ਜਾਂ ਝਾੜੀਆਂ ਵਾਲਾ ਇਲਾਕਾ, ਹੌਲੀ-ਹੌਲੀ ਹੋਰ ਸੁੱਕੀ ਹੁੰਦੀ ਜਾਂਦੀ ਹੈ ਅਤੇ ਫਿਰ ਮਾਰੂਥਲ ਵਿੱਚ ਬਦਲ ਜਾਂਦੀ ਹੈ।"

1970 ਦੇ ਦਹਾਕੇ ਵਿੱਚ ਵਿਗਿਆਨੀ ਜੂਲ ਚਾਰਨੀ ਨੇ ਪਤਾ ਲਗਾਇਆ ਕਿ ਮਨੁੱਖੀ ਗਤੀਵਿਧੀਆਂ ਇਸ ਪ੍ਰਕਿਰਿਆ ਵਿੱਚ ਵੱਡੀ ਭੂਮਿਕਾ ਨਿਭਾਉਂਦੀਆਂ ਹਨ।

ਲੀ ਬੀਬੀਸੀ ਦੇ ਪ੍ਰੋਗਰਾਮ ਕ੍ਰਾਊਡਸਾਇੰਸ ਨੂੰ ਦੱਸਦੇ ਹਨ, "ਜਦੋਂ ਪਸ਼ੂ ਬਹੁਤ ਵੱਧ ਹੋ ਜਾਂਦੇ ਹਨ, ਉਹ ਸਾਰਾ ਘਾਹ ਖਾ ਜਾਂਦੇ ਹਨ, ਜਿਸ ਨਾਲ ਘਾਹ ਖ਼ਤਮ ਹੋ ਜਾਂਦਾ ਹੈ ਤਾਂ ਜ਼ਮੀਨ ਨੰਗੀ ਹੋ ਜਾਂਦੀ ਹੈ ਜਾਂ ਰੇਤ ਵਿੱਚ ਬਦਲ ਜਾਂਦੀ ਹੈ।"

ਜਦੋਂ ਇਹ ਹੁੰਦਾ ਹੈ ਤਾਂ ਐਲਬੀਡੋ, ਭਾਵ ਸਤ੍ਹਾ ਦੀ ਬਦਲਾਅ ਸਮਰੱਥਾ, ਬਦਲ ਜਾਂਦੀ ਹੈ ਕਿਉਂਕਿ ਨੰਗੀ ਰੇਤ ਬਹੁਤ ਚਮਕੀਲੀ ਹੁੰਦੀ ਹੈ, ਇਸ ਕਰਕੇ ਇਹ ਬਹੁਤ ਸੂਰਜੀ ਰੌਸ਼ਨੀ ਪ੍ਰਤੀਬਿੰਬਤ ਕਰਦੀ ਹੈ।

ਸਹਾਰਾ ਮਾਰੂਥਲ

ਤਸਵੀਰ ਸਰੋਤ, VCG via Getty Images

ਤਸਵੀਰ ਕੈਪਸ਼ਨ, ਖੋਜਕਾਰਾਂ ਦੀ ਇੱਕ ਟੀਮ ਨੇ ਪਾਇਆ ਕਿ ਸਹਾਰਾ ਮਾਰੂਥਲ ਦੇ 20% ਹਿੱਸੇ ਨੂੰ ਸੋਲਰ ਪੈਨਲਾਂ ਅਤੇ ਵਿੰਡ ਟਰਬਾਈਨਾਂ ਨਾਲ ਕਵਰ ਕਰਨ ਨਾਲ ਬਾਰਿਸ਼ ਦੀ ਮਾਤਰਾ ਦੁੱਗਣੀ ਹੋ ਸਕਦੀ ਹੈ

ਜਦੋਂ ਜ਼ਮੀਨ ਗਰਮੀ ਨੂੰ ਆਪਣੇ ਅੰਦਰ ਲੈਣ ਦੀ ਬਜਾਇ ਵਾਪਸ ਪਰਤਾਉਂਦੀ ਹੈ, ਤਾਂ ਇਸ ਦੀ ਉੱਪਰਲੀ ਹਵਾ ਓਨੀਂ ਗਰਮ ਨਹੀਂ ਹੁੰਦੀ। ਇਸ ਨਾਲ ਘੱਟ ਨਮੀ ਭਾਫ਼ ਬਣਦੀ ਹੈ ਅਤੇ ਘੱਟ ਬੱਦਲ ਬਣਦੇ ਹਨ, ਜਿਸ ਕਰਕੇ ਇਲਾਕਾ ਹੋਰ ਵੀ ਸੁੱਕਾ ਹੋ ਜਾਂਦਾ ਹੈ।

ਲੀ ਨੇ ਸੋਚਿਆ ਕਿ ਜੇ ਇਸਦਾ ਉਲਟ ਕੀਤਾ ਜਾਵੇ ਤਾਂ ਕੀ ਇਹ ਕੰਮ ਕਰ ਸਕਦਾ ਹੈ। "ਜੇ ਅਸੀਂ ਸਤ੍ਹਾ ਦਾ ਐਲਬੀਡੋ ਘਟਾ ਸਕੀਏ ਤਾਂ ਕੀ ਵਰਖਾ ਵੱਧੇਗੀ?"

ਉਹ ਕਹਿੰਦੇ ਹਨ ਕਿ ਸੌਰ ਪੈਨਲ ਇਸ ਦਾ ਵਧੀਆ ਤਰੀਕਾ ਹਨ। ਇਹ ਗੂੜ੍ਹੇ ਹੁੰਦੇ ਹਨ ਅਤੇ ਗੂੜ੍ਹੀਆਂ ਸਤ੍ਹਾਂ ਗਰਮੀ ਨੂੰ ਆਪਣੇ ਅੰਦਰ ਸੋਖ ਲੈਂਦੀਆਂ ਹਨ, ਜਿਸ ਨਾਲ ਹਵਾ ਗਰਮ ਹੁੰਦੀ ਹੈ, ਨਮੀ ਉੱਪਰ ਚੜ੍ਹਦੀ ਹੈ ਅਤੇ ਬੱਦਲ ਬਣਨ ਵਿੱਚ ਮਦਦ ਮਿਲਦੀ ਹੈ।

ਉਨ੍ਹਾਂ ਦੀ ਟੀਮ ਨੇ ਇੱਕ ਮਾਡਲ ਤਿਆਰ ਕੀਤਾ ਜਿਸ ਵਿੱਚ ਇਹ ਦਿਖਾਇਆ ਗਿਆ ਕਿ ਜੇ ਸਹਾਰਾ ਦਾ 20% ਹਿੱਸਾ ਗੂੜ੍ਹੇ ਸੌਰ ਪੈਨਲਾਂ ਨਾਲ ਢੱਕਿਆ ਜਾਵੇ ਤਾਂ ਕੀ ਹੋਵੇਗਾ।

ਉਨ੍ਹਾਂ ਨੇ ਇਸ ਵਿੱਚ ਪੌਣ ਚੱਕੀਆਂ ਵੀ ਸ਼ਾਮਲ ਕੀਤੀਆਂ। ਲੀ ਸਮਝਾਉਂਦੇ ਹਨ, "ਜੇ ਅਸੀਂ ਪੌਣ ਚੱਕੀਆਂ ਲਗਾਈਏ ਤਾਂ ਇਹ ਸਤ੍ਹਾ ਦੇ ਖੁਰਦਰੇਪਣ ਨੂੰ ਬਦਲੇਗਾ। ਵੱਧ ਘਰਸ਼ਣ ਨਾਲ ਵਧੇਰੇ ਊਰਜਾ ਹਵਾ ਵਿੱਚ ਹਲਚਲ ਰਾਹੀਂ ਪਹੁੰਚ ਸਕਦੀ ਹੈ ਅਤੇ ਇਹ ਹਲਚਲ ਮੌਸਮ ਬਣਾਉਂਦੀ ਹੈ ਅਤੇ ਬੱਦਲ ਬਣਾਉਂਦੀ ਹੈ।"

ਉਨ੍ਹਾਂ ਦੇ ਮਾਡਲ ਨੇ ਅਨੁਮਾਨ ਲਗਾਇਆ ਕਿ ਪੂਰੇ ਸਹਾਰਾ ਮਾਰੂਥਲ ਵਿੱਚ ਔਸਤ ਵਰਖਾ ਦੁਗਣੀ ਹੋ ਸਕਦੀ ਹੈ।

ਪਰ ਇਸ ਵੇਲੇ ਇਹ ਸਿਰਫ਼ ਇੱਕ ਮਾਡਲ ਹੈ ਅਤੇ ਇਸ ਲਈ ਬਹੁਤ ਵੱਡੀ ਮਾਤਰਾ ਵਿੱਚ ਸੌਰ ਪੈਨਲਾਂ ਅਤੇ ਪੌਣ ਚੱਕੀਆਂ ਦੀ ਲੋੜ ਹੋਵੇਗੀ, ਜੋ ਲਗਭਗ 20 ਲੱਖ ਵਰਗ ਕਿਲੋਮੀਟਰ ਇਲਾਕੇ ਨੂੰ ਢੱਕਣਗੀਆਂ। ਇਹ ਲਗਭਗ ਮੈਕਸੀਕੋ ਜਾਂ ਇੰਡੋਨੇਸ਼ੀਆ ਦੇ ਆਕਾਰ ਦੇ ਬਰਾਬਰ ਹੈ।

ਲੀ ਇਹ ਵੀ ਦੱਸਦੇ ਹਨ ਕਿ ਇਹ ਤਰੀਕਾ ਸਿਰਫ਼ ਉਹਨਾਂ ਥਾਵਾਂ 'ਤੇ ਕੰਮ ਕਰਦਾ ਹੈ ਜਿਵੇਂ ਸਹਾਰਾ, ਜੋ ਸਮੁੰਦਰ ਦੇ ਨੇੜੇ ਹੁੰਦੇ ਹਨ, ਜਿੱਥੋਂ ਨਮੀ ਵਾਲੀ ਹਵਾ ਅੰਦਰ ਵੱਲ ਆ ਸਕਦੀ ਹੈ।

ਕਈ ਹੋਰ ਮਾਰੂਥਲ, ਜਿਵੇਂ ਗੋਬੀ ਜਾਂ ਮੱਧ ਪੂਰਬ ਦੇ ਮਾਰੂਥਲ, ਸਮੁੰਦਰ ਤੋਂ ਬਹੁਤ ਦੂਰ ਹਨ।

ਬੱਦਲ ਫੜਨਾ

ਚਿਲੀ

ਤਸਵੀਰ ਸਰੋਤ, MARTIN BERNETTI/AFP via Getty Images

ਤਸਵੀਰ ਕੈਪਸ਼ਨ, ਚਿਲੀ ਦੇ ਅਟਾਕਾਮਾ ਮਾਰੂਥਲ ਵਿੱਚ ਧੁੰਦ ਰਾਹੀ ਪਾਣੀ ਕੱਢਿਆ ਜਾਂਦਾ ਹੈ

ਚਿਲੀ ਦਾ ਅਟਾਕਾਮਾ ਮਾਰੂਥਲ, ਜਿਸਨੂੰ ਅਕਸਰ ਧਰਤੀ ਦੀ ਸਭ ਤੋਂ ਸੁੱਕੀ ਥਾਂ ਕਿਹਾ ਜਾਂਦਾ ਹੈ, ਉੱਥੇ ਇੱਕ ਤਕਨਾਲੋਜੀ ਹੈ ਜੋ ਹਵਾ ਵਿੱਚੋਂ ਪਾਣੀ ਕੱਢ ਰਹੀ ਹੈ।

ਚਿਲੀ ਦੀ ਯੂਨੀਵਰਸਿਦਾਦ ਮੇਯੋਰ ਵਿੱਚ ਭੂਗੋਲ ਵਿਗਿਆਨੀ ਅਤੇ ਸਹਾਇਕ ਪ੍ਰੋਫੈਸਰ ਵਰਜੀਨੀਆ ਕਾਰਟਰ ਇਸ ਤਰ੍ਹਾਂ ਦੀ ਧੁੰਦ ਤੋਂ ਪਾਣੀ ਇਕੱਠਾ ਕਰਨ ਵਾਲੇ ਸਿਸਟਮ ਬਣਾਉਣ ਵਿੱਚ ਮਾਹਰ ਹਨ।

ਉਨ੍ਹਾਂ ਦਾ ਕਹਿਣਾ ਹੈ, "ਧੁੰਦ ਤੋਂ ਪਾਣੀ ਇਕੱਠਾ ਕਰਨ ਦੀ ਤਕਨਾਲੋਜੀ ਲਗਭਗ 50 ਸਾਲ ਪਹਿਲਾਂ ਚਿਲੀ ਵਿੱਚ ਬਣਾਈ ਗਈ ਸੀ। ਇਸਦਾ ਮਕਸਦ ਮਾਰੂਥਲ ਵਿੱਚ ਬੱਦਲਾਂ ਤੋਂ ਪਾਣੀ ਇਕੱਠਾ ਕਰਨਾ ਹੈ।"

ਧੁੰਦ ਦਾ ਪਾਣੀ ਹਾਸਲ ਕਾਫ਼ੀ ਆਸਾਨ ਹੈ, ਇੱਕ ਜਾਲੀ ਦੋ ਖੰਭਿਆਂ ਦੇ ਵਿਚਕਾਰ ਲਗਾਈ ਜਾਂਦੀ ਹੈ, ਅਤੇ ਜਦੋਂ ਨਮੀ ਵਾਲੇ ਬੱਦਲ ਇਸ ਬਰੀਕ ਜਾਲੀ ਵਿਚੋਂ ਲੰਘਦੇ ਹਨ, ਤਾਂ ਪਾਣੀ ਦੇ ਕਤਰੇ ਬਣ ਜਾਂਦੇ ਹਨ। ਇਹ ਪਾਣੀ ਫਿਰ ਪਾਈਪਾਂ ਰਾਹੀਂ ਸਟੋਰ ਕਰਨ ਵਾਲੇ ਟੈਂਕਾਂ ਵਿੱਚ ਇਕੱਠਾ ਕੀਤਾ ਜਾਂਦਾ ਹੈ।

ਕਾਰਟਰ ਕਹਿੰਦੀ ਹੈ ਕਿ ਚਿਲੀ ਦੇ ਬਿਲਕੁਲ ਉੱਤਰੀ ਹਿੱਸੇ ਵਿੱਚ ਹਰ ਦਿਨ ਇੱਕ ਵਰਗ ਮੀਟਰ ਤੋਂ ਔਸਤ ਦੋ ਲੀਟਰ ਪਾਣੀ ਇਕੱਠਾ ਕੀਤਾ ਜਾ ਸਕਦਾ ਹੈ, ਜਦਕਿ ਕੁਝ ਹੋਰ ਥਾਵਾਂ 'ਤੇ ਇਹ ਮਾਤਰਾ ਸੱਤ ਲੀਟਰ ਤੱਕ ਹੋ ਸਕਦੀ ਹੈ।

ਤਾਂ ਕੀ ਧੁੰਦ ਤੋਂ ਪਾਣੀ ਇਕੱਠਾ ਕਰਨਾ ਇੱਕ ਦਿਨ ਮਾਰੂਥਲ ਨੂੰ ਹਰਾ ਕਰਨ ਵਿੱਚ ਮਦਦ ਕਰ ਸਕਦਾ ਹੈ?

ਕਾਰਟਰ ਕਹਿੰਦੀ ਹੈ ਕਿ ਇਹ ਸੰਭਵ ਹੈ। ਉਨ੍ਹਾਂ ਦੀ ਟੀਮ ਇਸ ਵੇਲੇ ਅਟਾਕਾਮਾ ਮਾਰੂਥਲ ਵਿੱਚ ਇੱਕ ਪ੍ਰੋਜੈਕਟ ਕਰ ਰਹੀ ਹੈ ਜਿਸ ਵਿੱਚ ਧੁੰਦ ਦੇ ਪਾਣੀ ਨੂੰ ਹਾਈਡ੍ਰੋਪੋਨਿਕਸ ਲਈ ਵਰਤਿਆ ਜਾ ਰਿਹਾ ਹੈ, ਜਿਸ ਵਿੱਚ ਮਿੱਟੀ ਦੀ ਬਜਾਇ ਪਾਣੀ ਵਿੱਚ ਪੌਧੇ ਉਗਾਏ ਜਾਂਦੇ ਹਨ।

ਪਰ ਇਸ ਵਿੱਚ ਕੁਝ ਕਮੀਆਂ ਵੀ ਹਨ। ਇਸ ਤਰੀਕੇ ਨਾਲ ਮਿਲਣ ਵਾਲਾ ਪਾਣੀ ਹੋਰ ਤਰੀਕਿਆਂ ਨਾਲੋਂ ਕਾਫ਼ੀ ਘੱਟ ਹੁੰਦਾ ਹੈ ਅਤੇ ਇਹ ਉੱਥੇ ਹੀ ਕੰਮ ਕਰਦਾ ਹੈ ਜਿੱਥੇ ਧੁੰਦ ਹੁੰਦੀ ਹੈ, ਜੋ ਆਮ ਤੌਰ 'ਤੇ ਸਮੁੰਦਰ ਦੇ ਨੇੜੇ ਹੁੰਦੀ ਹੈ।

ਸਮੁੰਦਰੀ ਪਾਣੀ ਤੋਂ ਮਿੱਠਾ ਪਾਣੀ

ਡੀਸਲੀਨੇਸ਼ਨ

ਤਸਵੀਰ ਸਰੋਤ, Clea Rekhou/The Washington Post via Getty Images

ਤਸਵੀਰ ਕੈਪਸ਼ਨ, 150 ਤੋਂ ਵੱਧ ਦੇਸ਼ ਪਾਣੀ ਦੀ ਸਪਲਾਈ ਲਈ ਡੀਸਲੀਨੇਸ਼ਨ ਦੀ ਵਰਤੋਂ ਕਰਦੇ ਹਨ

ਜਿਵੇਂ ਦੁਨੀਆ ਭਰ ਵਿੱਚ ਸਮੁੰਦਰ ਦਾ ਪੱਧਰ ਵੱਧ ਰਿਹਾ ਹੈ, ਕੀ ਸਿੱਧਾ ਸਮੁੰਦਰ ਤੋਂ ਪਾਣੀ ਲੈਣਾ ਮਦਦਗਾਰ ਹੋ ਸਕਦਾ ਹੈ?

ਹਾਲਾਂਕਿ ਸਮੁੰਦਰੀ ਪਾਣੀ ਨੂੰ ਮਿੱਠੇ ਪਾਣੀ ਵਿੱਚ ਬਦਲਣ ਦੀ ਤਕਨਾਲੋਜੀ ਕਾਫ਼ੀ ਤਾਕਤਵਰ ਹੈ, ਪਰ ਅਜੋਕੇ ਸਮੇਂ ਵਿੱਚ ਜਿਵੇਂ ਕੀਤਾ ਜਾਂਦਾ ਹੈ, ਇਸ ਵਿੱਚ ਬਹੁਤ ਜ਼ਿਆਦਾ ਊਰਜਾ ਲੱਗਦੀ ਹੈ ਅਤੇ ਅਕਸਰ ਇਹ ਫੌਸਿਲ ਫਿਊਲ 'ਤੇ ਨਿਰਭਰ ਹੁੰਦੀ ਹੈ।

ਯੂਨੀਵਰਸਿਟੀ ਆਫ ਡਰਬੀ ਦੇ ਪ੍ਰੋਫੈਸਰ ਕ੍ਰਿਸਟੋਫਰ ਸੈਨਸਮ ਛੋਟੇ ਡੀਸੈਲੀਨੇਸ਼ਨ ਯੂਨਿਟ ਤਿਆਰ ਕਰ ਰਹੇ ਹਨ ਜੋ ਸੌਰ ਊਰਜਾ 'ਤੇ ਚਲਦੇ ਹਨ।

ਇਸ ਵਿੱਚ ਸ਼ੀਸ਼ੇ ਵਰਤੇ ਜਾਂਦੇ ਹਨ ਜੋ ਸੂਰਜ ਦੀ ਰੌਸ਼ਨੀ ਨੂੰ ਪਾਈਪਾਂ 'ਤੇ ਕੇਂਦਰਿਤ ਕਰਦੇ ਹਨ, ਜਿਸ ਨਾਲ ਸਮੁੰਦਰੀ ਪਾਣੀ ਉਬਾਲਿਆ ਜਾ ਸਕਦਾ ਹੈ ਅਤੇ ਲੂਣ ਵੱਖ ਕੀਤਾ ਜਾ ਸਕਦਾ ਹੈ।

ਪਰ ਮਨੁੱਖੀ ਜ਼ਰੂਰਤਾਂ ਦੇ ਅਨੁਸਾਰ ਚੱਲਣ ਲਈ, ਮਾਰੂਥਲਾਂ ਨੂੰ ਹਰਿਆ-ਭਰਿਆ ਬਣਾਉਣ ਦੀ ਤਾਂ ਗੱਲ ਹੀ ਛੱਡੋ, ਡੀਇਸ ਤਰੀਕੇ ਨੂੰ ਕਾਫ਼ੀ ਵਧਾਉਣ ਦੀ ਲੋੜ ਹੋਵੇਗੀ।

ਇਹ ਕਿਸੇ ਵੀ ਤਰੀਕੇ ਨਾਲ ਕੀਤਾ ਜਾਵੇ, ਇਸ ਤੋਂ ਬਾਅਦ ਬਹੁਤ ਵੱਡੀ ਮਾਤਰਾ ਵਿੱਚ ਲੂਣ ਬਚ ਜਾਂਦਾ ਹੈ, ਜੋ ਇਨ੍ਹਾਂ ਪਲਾਂਟਾਂ ਦੇ ਆਲੇ-ਦੁਆਲੇ ਦੇ ਵਾਤਾਵਰਣ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਕੀ ਸਾਨੂੰ ਇਹ ਕਰਨਾ ਚਾਹੀਦਾ ਹੈ?

ਮਾਰੂਥਲ

ਤਸਵੀਰ ਸਰੋਤ, STR/NurPhoto via Getty Images

ਤਸਵੀਰ ਕੈਪਸ਼ਨ, ਦੁਨੀਆ ਭਰ ਵਿੱਚ ਲੱਖਾਂ ਲੋਕ ਮਾਰੂਥਲ ਭਾਈਚਾਰਿਆਂ ਵਿੱਚ ਰਹਿੰਦੇ ਹਨ

ਸਿਧਾਂਤਕ ਤੌਰ 'ਤੇ, ਅਸੀਂ ਸਮੁੰਦਰੀ ਪਾਣੀ ਨੂੰ ਮਿੱਠੇ ਪਾਣੀ ਵਿੱਚ ਬਦਲ ਕੇ ਬੱਦਲਾਂ ਤੋਂ ਪਾਣੀ ਇਕੱਠਾ ਕਰਕੇ ਜਾਂ ਮਾਰੂਥਲ ਦੇ ਮੌਸਮ ਵਿੱਚ ਬਦਲਾਅ ਕਰਕੇ ਮਾਰੂਥਲਾਂ ਵਿੱਚ ਹਰਿਆਲੀ ਲਿਆ ਸਕਦੇ ਹਾਂ।

ਪਰ ਮਾਰੂਥਲ ਆਪਣੇ ਆਪ ਵਿੱਚ ਮਾੜੇ ਨਹੀਂ ਹੁੰਦੇ। ਲੀ ਕਹਿੰਦੇ ਹਨ, "ਮਾਰੂਥਲ ਧਰਤੀ 'ਤੇ ਇੱਕ ਕੁਦਰਤੀ ਪ੍ਰਕਿਰਿਆ ਹਨ। ਜੇ ਮਾਰੂਥਲ ਸਥਿਰ ਹੈ, ਤਾਂ ਇਹ ਠੀਕ ਹੈ। ਅਸੀਂ ਇਸਨੂੰ ਜਿੱਥੇ ਹੈ ਉੱਥੇ ਰਹਿਣ ਦੇ ਸਕਦੇ ਹਾਂ।"

ਯੂਨੀਵਰਸਿਟੀ ਆਫ ਨਾਟਿੰਗਹਮ ਦੀ ਪੌਧਾ ਵਿਗਿਆਨੀ ਜਿਨੀਆ ਗੋਂਜ਼ਾਲੇਜ਼ ਕਰਾਂਜ਼ਾ ਕਹਿੰਦੀ ਹੈ, "ਮਾਰੂਥਲ ਨੂੰ ਹਰਾ ਕਰਨ ਜਾਂ ਉੱਥੇ ਪਾਣੀ ਲਿਆਉਣ ਦੀ ਕੋਸ਼ਿਸ਼ ਕਰਨ ਦੀ ਬਜਾਇ, ਸਾਨੂੰ ਉੱਥੇ ਮੌਜੂਦ ਜੀਵਨ ਦੀ ਰੱਖਿਆ ਕਰਨੀ ਚਾਹੀਦੀ ਹੈ।"

ਉਹ ਕਹਿੰਦੀ ਹੈ ਕਿ ਮਾਰੂਥਲ ਨੂੰ ਹਰਿਆ-ਭਰਿਆ ਕਰਨ ਦੀ ਕੋਸ਼ਿਸ਼ ਲੰਬੇ ਸਮੇਂ ਵਿੱਚ ਵਾਤਾਵਰਣ ਅਤੇ ਉੱਥੇ ਰਹਿਣ ਵਾਲੇ ਲੋਕਾਂ ਲਈ ਨੁਕਸਾਨਦਾਇਕ ਹੋ ਸਕਦੀ ਹੈ।

ਉਹ ਸਮਝਾਉਂਦੀ ਹੈ, "ਪੌਧੇ ਲਿਆ ਕੇ ਸ਼ਾਇਦ ਕੁਝ ਸਮੇਂ ਲਈ ਚੰਗੀ ਫਸਲ ਮਿਲ ਜਾਵੇ, ਪਰ ਇਸ ਲਈ ਬਹੁਤ ਪਾਣੀ ਦੀ ਲੋੜ ਪੈਂਦੀ ਹੈ ਅਤੇ ਅਸੀਂ ਵੇਖਿਆ ਹੈ ਕਿ ਜਦੋਂ ਇਨ੍ਹਾਂ ਫਸਲਾਂ ਲਈ ਬਹੁਤ ਪਾਣੀ ਵਰਤਿਆ ਜਾਂਦਾ ਹੈ, ਤਾਂ ਮਾਰੂਥਲ ਦੇ ਨੇੜੇ ਰਹਿਣ ਵਾਲੀਆਂ ਕਮਿਊਨਿਟੀਆਂ ਹੀ ਇਸ ਦਾ ਸਭ ਤੋਂ ਵੱਧ ਨੁਕਸਾਨ ਝੱਲਦੀਆਂ ਹਨ।"

ਉਨ੍ਹਾਂ ਦਾ ਅੱਗੇ ਕਹਿਣਾ ਹੈ, "ਮੇਰੇ ਖ਼ਿਆਲ ਵਿੱਚ ਸਾਨੂੰ ਸਭ ਤੋਂ ਵਧੀਆ ਕੰਮ ਇਹ ਕਰ ਸਕਦੇ ਹਾਂ ਕਿ ਅਸੀਂ ਮਾਰੂਥਲ ਨੂੰ ਸਮਝੀਏ, ਉਸਦਾ ਸਤਿਕਾਰ ਕਰੀਏ ਅਤੇ ਉਸ ਦੇ ਨਾਲ ਮਿਲ ਕੇ ਕੰਮ ਕਰੀਏ।"

ਇਹ ਬੀਬੀਸੀ ਵਰਲਡ ਸਰਵਿਸ ਦੇ ਪ੍ਰੋਗਰਾਮ ਕ੍ਰਾਊਡਸਾਇੰਸ ਦੇ ਇੱਕ ਐਪੀਸੋਡ 'ਤੇ ਆਧਾਰਿਤ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)