ਗਣਿਤ ਦਾ ਮਾਹਰ ਮੋਸਟ ਵਾਂਟੇਡ ਸੀਰੀਅਲ ਕਿਲਰ 18 ਸਾਲ ਕਿਵੇਂ ਬਚਿਆ ਰਿਹਾ, ਫਿਰ ਕਿਹੜੀ ਗਲਤੀ ਕਰਕੇ ਫੜ੍ਹਿਆ ਗਿਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਰੀਬ 18 ਸਾਲਾਂ ਬਾਅਦ ਜੰਗਲਾਂ 'ਚ ਬਣੇ ਲੱਕੜ ਦੇ ਇੱਕ ਘਰ ਤੋਂ ਅਮਰੀਕਾ ਦਾ ਮੋਸਟ ਵਾਂਟੇਡ ਅਪਰਾਧੀ ਫੜ੍ਹਿਆ ਗਿਆ
    • ਲੇਖਕ, ਗ੍ਰੇਗ ਮੈਕਕੇਵਿਟ
    • ਰੋਲ, ਬੀਬੀਸੀ ਕਲਚਰ
  • ਪੜ੍ਹਨ ਦਾ ਸਮਾਂ: 9 ਮਿੰਟ

ਯੂਨਾਬੌਂਬਰ ਇੰਨਾ ਸ਼ਾਤਿਰ ਸੀ ਕਿ ਅਮਰੀਕੀ ਜਾਂਚ ਏਜੰਸੀਆਂ ਕਰੀਬ 18 ਸਾਲ ਉਸ ਦੀ ਤਲਾਸ਼ 'ਚ ਜੁਟੀਆਂ ਰਹੀਆਂ ਪਰ ਕਾਮਯਾਬ ਨਾ ਹੋ ਸਕੀਆਂ। ਬਿਨ੍ਹਾਂ ਕੋਈ ਸਬੂਤ ਛੱਡੇ ਉਹ ਜਾਂਚ ਏਜੰਸੀਆਂ ਨੂੰ ਚਕਮਾ ਦੇਣ 'ਚ ਇੰਨਾ ਮਾਹਰ ਸੀ ਪਰ ਅਖੀਰ ਆਪਣੀ ਹੀ ਗਲਤੀ ਕਾਰਨ ਫੜ੍ਹਿਆ ਗਿਆ।

ਬੀਬੀਸੀ ਨੇ 30 ਸਾਲ ਪਹਿਲਾਂ ਯੂਨਾਬੌਂਬਰ ਦੀ ਗ੍ਰਿਫ਼ਤਾਰੀ ਰਿਪੋਰਟ ਕੀਤੀ ਸੀ ਜੋ ਇੱਕ ਬੇਮਿਸਾਲ ਗਣਿਤਕਾਰ ਸੀ ਪਰ ਕਰੀਬ ਦੋ ਦਹਾਕਿਆਂ ਤੱਕ ਦਹਿਸ਼ਤ ਫੈਲਾਉਣ ਤੋਂ ਬਾਅਦ ਅਖੀਰ ਆਪਣੀ ਇੱਕ ਗਲਤੀ ਕਾਰਨ ਅਮਰੀਕੀ ਜਾਂਚ ਏਜੰਸੀਆਂ ਦੇ ਅੜਿੱਕੇ ਚੜ੍ਹਿਆ।

3 ਅਪ੍ਰੈਲ 1996 ਨੂੰ ਅਮਰੀਕੀ ਏਜੰਟਾਂ ਨੇ ਮੋਨਟਾਨਾ ਦੇ ਜੰਗਲਾਂ 'ਚ ਲੱਕੜ ਦੇ ਇੱਕ ਘਰ ਨੂੰ ਘੇਰਾ ਪਾਇਆ ਅਤੇ ਥੀਓਡਰ 'ਟੇਡ' ਕਜ਼ੇਂਸਕੀ ਨੂੰ ਬਾਹਰ ਕੱਢਿਆ ਜੋ ਹੁਣ ਤੱਕ ਲੋਕਾਂ ਦੀ ਯਾਦ 'ਚ ਵਾਂਟੇਡ ਪੋਸਟਰ 'ਚ ਨਜ਼ਰ ਆਉਣ ਵਾਲੇ ਹੁੱਡੀ ਅਤੇ ਕਾਲਾ ਚਸ਼ਮਾ ਪਾਏ ਇੱਕ ਸ਼ਖਸ ਵਜੋਂ ਦਰਜ ਸੀ।

ਲਗਭਗ 18 ਸਾਲਾਂ ਤੱਕ ਯੂਨਾਬੌਂਬਰ ਅਮਰੀਕਾ ਦੇ ਮੋਸਟ ਵਾਂਟੇਡ ਅਪਰਾਧੀਆਂ 'ਚ ਸ਼ੁਮਾਰ ਸੀ, ਇੱਕ ਅਜਿਹਾ ਰਹੱਸਮਈ ਸ਼ਖਸ ਜਿਸ ਵੱਲੋਂ ਬਿਨ੍ਹਾਂ ਕਿਸੇ ਸਪੱਸ਼ਟ ਮਕਸਦ ਜਾਂ ਰੈਗੁਲਰ ਪੈਟਰਨ ਮੁਤਾਬਕ ਪਾਰਸਲ ਬੰਬ ਭੇਜੇ ਜਾਂਦੇ ਸਨ।

ਪਰ ਅਖੀਰ 'ਚ ਉਸ ਵੱਲੋਂ ਲਿਖਿਆ ਲੇਖ ਜਾਂਚ ਏਜੰਸੀਆਂ ਨੂੰ ਉਸਦੇ ਬੂਹੇ 'ਤੇ ਲੈ ਪਹੁੰਚਿਆ। ਅਮਰੀਕਾ ਦੇ ਦੋ ਨਾਮੀ ਅਖ਼ਬਾਰਾਂ ਨੇ ਇਸ ਸ਼ਰਤ 'ਤੇ ਉਸਦਾ ਐਂਟੀ-ਟੈਕਨਾਲੋਜੀ ਮੈਨੀਫੈਸਟੋ ਛਾਪਿਆ ਸੀ ਕਿ ਉਹ ਹੋਰ ਲੋਕਾਂ ਨੂੰ ਨਹੀਂ ਮਾਰੇਗਾ। ਲੇਖ 'ਚ ਉਸ ਵੱਲੋਂ ਇਸਤੇਮਾਲ ਕੀਤੇ ਗਏ ਕੁਝ ਖਾਸ ਤਰ੍ਹਾਂ ਦੇ ਸ਼ਬਦਾਂ ਦੀ ਸਭ ਤੋਂ ਪਹਿਲਾਂ ਪਛਾਣ ਉਸਦੇ ਭਰਾ ਦੀ ਪਤਨੀ ਨੇ ਕੀਤੀ ਸੀ, ਜਿਸਨੂੰ ਉਹ ਕਦੇ ਮਿਲਿਆ ਤੱਕ ਨਹੀਂ ਸੀ।

ਬੀਬੀਸੀ ਨਿਊਜ਼ਨਾਈਟ ਦੇ ਕ੍ਰਿਸ਼ਨਨ ਗੁਰੂ ਮੂਰਤੀ ਕਹਿੰਦੇ ਹਨ, "ਇੱਕ ਪੜ੍ਹਿਆ-ਲਿਖਿਆ ਸ਼ਖਸ ਜੋ ਸਭ ਕੁਝ ਛੱਡ ਜੰਗਲਾਂ 'ਚ ਰਹਿਣ ਲੱਗਾ, ਉਸ ਨੇ ਖੁਦ ਆਪਣੇ ਘਰ ਤੱਕ ਪਹੁੰਚਣ ਦੇ ਨਿਸ਼ਾਨ ਛੱਡ ਦਿੱਤੇ ਸਨ।"

ਐੱਫਬੀਆਈ ਨੇ 'ਯੂਨਾਬੌਂਬ' ਕੋਡ ਨਾਲ ਆਪ੍ਰੇਸ਼ਨ ਚਲਾਇਆ

ਯੂਨਾਬੌਂਬਰ ਦੀ ਤਲਾਸ਼ ਉਦੋਂ ਸ਼ੁਰੂ ਹੋਈ ਜਦੋਂ ਘਰ 'ਚ ਸਧਾਰਨ ਤਰੀਕੇ ਨਾਲ ਬਣਾਇਆ ਗਿਆ ਬੰਬ ਇਲੀਨੋਇਸ ਸਥਿਤ ਨੌਰਥ ਵੈਸਟਰਨ ਯੂਨੀਵਰਸਿਟੀ ਭੇਜਿਆ ਗਿਆ। ਕਰੀਬ ਇੱਕ ਸਾਲ ਬਾਅਦ ਅਜਿਹਾ ਹੀ ਦੂਜਾ ਹਮਲਾ ਹੋਇਆ। ਨਵੰਬਰ 1979 'ਚ ਉਸ ਵੱਲੋਂ ਅਮਰੀਕੀ ਏਅਰਲਾਈਨਜ਼ ਦੀ ਉਡਾਣ 'ਚ ਭੇਜਿਆ ਬੰਬ ਫਟਿਆ ਹਾਲਾਂਕਿ ਇਹ ਬੰਬ ਉਸਦੀ ਉਮੀਦ ਮੁਤਾਬਕ ਨੁਕਸਾਨ ਨਹੀਂ ਕਰ ਸਕਿਆ ਪਰ ਇਸਦੇ ਧੂੰਏ ਕਾਰਨ 12 ਲੋਕਾਂ ਦਾ ਸਾਹ ਲੈਣ 'ਚ ਤਕਲੀਫ ਕਾਰਨ ਇਲਾਜ ਕਰਨਾ ਪਿਆ।

ਕਿਉਂਕਿ ਉਸ ਦਾ ਨਿਸ਼ਾਨਾ ਸਿਰਫ਼ ਯੂਨੀਵਰਸਿਟੀ ਅਤੇ ਏਅਰਲਾਈਨਜ਼ ਸਨ, ਇਸ ਲਈ ਐੱਫਬੀਆਈ ਨੇ ਇਸ ਨੂੰ 'ਯੂਨਾਬੌਂਬ (UNABOM)' ਕੋਡ ਦਿੱਤਾ।

ਅਗਲੇ ਕਈ ਸਾਲਾਂ ਦੌਰਾਨ ਉਸ ਨੇ ਸੁਧਰੀ ਹੋਈ ਤਕਨੀਕ ਨਾਲ ਬਣਾਏ ਬੰਬਾਂ ਜ਼ਰੀਏ 13 ਹੋਰ ਹਮਲੇ ਕੀਤੇ ਜਿਨ੍ਹਾਂ 'ਚ ਤਿੰਨ ਲੋਕ ਮਾਰੇ ਗਏ: ਕੰਪਿਊਟਰ ਦੁਕਾਨ ਦੇ ਮਾਲਕ ਹਿਊਗ ਸਕਰੂਟਨ, ਵਿਗਿਆਪਨ ਐਗਜ਼ੀਕਿਊਟਿਵ ਥੋਮਸ ਮੋਸਰ ਅਤੇ ਲੱਕੜ ਉਦਯੋਗ ਦੇ ਲੋਬਿਸਟ ਗਿਲਬਰਟ ਮੱਰੇ।

ਉਸ ਵੱਲੋਂ ਟਾਰਗੇਟ ਕੀਤੇ ਜਾ ਰਹੇ ਲੋਕਾਂ ਪਿੱਛੇ ਕੋਈ ਪੈਟਰਨ ਨਜ਼ਰ ਨਹੀਂ ਸੀ ਆਉਂਦਾ ਅਤੇ ਉਸ ਵੱਲੋਂ ਬਣਾਏ ਗਏ ਬੰਬ ਸਧਾਰਨ ਚੀਜ਼ਾਂ ਜਿਵੇਂ ਲੱਕੜ, ਲੈਂਪ ਦੀਆਂ ਤਾਰਾਂ ਨਾਲ ਬਣਾਏ ਜਾਂਦੇ ਸਨ, ਇਸ ਲਈ ਜਾਂਚ ਅਧਿਕਾਰੀਆਂ ਕੋਲ ਉਸ ਤੱਕ ਪਹੁੰਚਣ ਲਈ ਬਹੁਤ ਘੱਟ ਸੁਰਾਗ ਹੁੰਦੇ ਸਨ। ਐਫਬੀਆਈ ਦੇ ਚੀਫ ਬੈਲਿਸਟਿਕਸ ਜਾਂਚ ਅਧਿਕਾਰੀ ਕ੍ਰਿਸ ਰੋਨੇਅ ਉਸਨੂੰ 'ਰੀਸਾਈਕਲ ਬੌਂਬਰ' ਕਹਿੰਦੇ ਸਨ।

1996 'ਚ ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਉਹ ਕੂੜੇਦਾਨ 'ਚੋਂ ਇਸਤੇਮਾਲ ਹੋ ਚੁੱਕੀਆਂ ਚੀਜ਼ਾਂ ਲੱਭਦਾ ਅਤੇ ਇਨ੍ਹਾਂ ਦਾ ਇਸਤੇਮਾਲ ਕਰ ਇੱਕ ਬੰਬਨੁਮਾ ਚੀਜ਼ ਤਿਆਰ ਕਰ ਲੈਂਦਾ।"

35,000 ਸ਼ਬਦਾਂ ਦਾ ਲੇਖ ਬਣਿਆ ਅਹਿਮ ਕੜੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਯੂਨਾਬੌਂਬਰ ਨੇ ਦੋ ਨਾਮੀ ਅਮਰੀਕੀ ਅਖ਼ਬਾਰਾਂ ਨੂੰ ਉਸ ਵੱਲੋਂ ਲਿਖਿਆ ਲੇਖ ਛਾਪਣ ਦੀ ਸ਼ਰਤ ਰੱਖੀ ਸੀ

ਆਪਣੇ ਵੱਲੋਂ ਕੀਤੀ ਜਾ ਰਹੀ ਹਿੰਸਾ ਨੂੰ ਜਾਇਜ਼ ਠਹਿਰਾਉਣ ਲਈ, ਅਪ੍ਰੈਲ 1995 'ਚ ਯੂਨਾਬੌਂਬਰ ਨੇ ਨਿਊਯਾਰਕ ਟਾਈਮਜ਼ ਅਤੇ ਵਾਸ਼ਿੰਗਟਨ ਪੋਸਟ ਨੂੰ 35,000 ਸ਼ਬਦਾਂ ਦਾ ਇੱਕ ਅਕਾਦਮਿਕ ਲੇਖ ਭੇਜਿਆ, ਜਿਸ ਦਾ ਸਿਰਲੇਖ ਸੀ- ਇੰਡਸਟ੍ਰੀਅਲ ਸੁਸਾਇਟੀ ਐਂਡ ਇਟਸ ਫਿਊਚਰ। ਇਸ ਲੇਖ 'ਚ ਉਸ ਨੇ ਤਰਕ ਦਿੱਤੇ ਕਿ ਆਧੁਨਿਕ ਜੀਵਨ ਨੇ ਮਨੁੱਖੀ ਆਜ਼ਾਦੀ ਅਤੇ ਸ਼ਾਂਤੀ ਨੂੰ ਖਤਮ ਕਰ ਦਿੱਤਾ ਹੈ ਅਤੇ ਉਸਨੇ ਦਾਅਵਾ ਕੀਤਾ ਕਿ ਤਕਨੀਕ ਸਿਸਟਮ ਨੂੰ ਖਤਮ ਕਰਕੇ ਹੀ ਆਉਣ ਵਾਲੇ ਸਮੇਂ 'ਚ ਹੋਣ ਵਾਲੇ ਮਨੋਵਿਗਿਆਨਕ ਅਤੇ ਸਮਾਜਿਕ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।

ਉਸਨੇ ਸ਼ਰਤ ਰੱਖੀ ਕਿ ਜੇਕਰ ਉਸਦਾ ਇਹ ਲੇਖ ਅਮਰੀਕਾ ਦੇ ਦੋ ਨਾਮੀ ਅਖ਼ਬਾਰਾਂ ਵੱਲੋਂ ਛਾਪਿਆ ਜਾਂਦਾ ਹੈ ਤਾਂ ਉਹ ਹੋਰ ਕਤਲ ਕਰਨੇ ਛੱਡ ਦੇਵੇਗਾ।

2016 'ਚ ਵਾਸ਼ਿੰਗਟਨ ਪੋਸਟ ਦੇ ਪ੍ਰਕਾਸ਼ਕ ਡੌਨਲਡ ਗ੍ਰਾਹਮ ਨੇ ਬੀਬੀਸੀ ਨੂੰ ਕਿਹਾ, "ਇਸ ਮੰਗ ਨੂੰ ਲੈਕੇ ਸ਼ੁਰੂਆਤੀ ਚਿੰਤਾ ਜਾਇਜ਼ ਸੀ। ਜੇਕਰ ਤੁਸੀਂ ਇਸ ਮੰਗ ਅੱਗੇ ਝੁਕ ਜਾਂਦੇ ਅਤੇ ਲੇਖ ਪ੍ਰਕਾਸ਼ਿਤ ਕਰਨ ਲਈ ਤਿਆਰ ਹੋ ਜਾਂਦੇ ਤਾਂ ਹੋ ਸਕਦਾ ਸੀ ਕਿ ਭਵਿੱਖ 'ਚ ਅਜਿਹੇ ਲੇਖ ਛਾਪਣ ਵਰਗੀਆਂ ਹੋਰ ਮੰਗਾਂ ਉੱਠਣ ਲੱਗਦੀਆਂ।"

ਐੱਫਬੀਆਈ ਦੇ ਸਪੈਸ਼ਲ ਏਜੰਟ ਟੈਰੀ ਤੁਰਕੀ ਨੇ ਬੀਬੀਸੀ ਨੂੰ ਦੱਸਿਆ ਕਿ ਸ਼ੁਰੂਆਤ 'ਚ ਜਾਂਚ ਅਧਿਕਾਰੀਆਂ ਦਾ ਮੰਨਣਾ ਸੀ ਕਿ ਇਸ ਮੈਨੀਫੈਸਟੋ ਨੂੰ ਛਾਪਣਾ ਗਲਤੀ ਹੋਵੇਗੀ "ਕਿਉਂਕਿ ਇਹ ਬਹੁਤ ਹੀ ਅਜੀਬ ਅਤੇ ਹੱਦੋਂ ਵੱਧ ਸੀ" ਪਰ ਫਿਰ ਉਨ੍ਹਾਂ ਨੇ ਮੁੜ ਆਪਣਾ ਫੈਸਲਾ ਵਿਚਾਰਿਆ।

ਉਨ੍ਹਾਂ ਨੇ ਸੋਚਿਆ ਕਿ ਜੇ ਇਹ ਮੈਨੀਫੈਸਟੋ ਛਪਿਆ ਤਾਂ ਲਗਭਗ ਯਕੀਨੀ ਹੈ ਕਿ ਕੋਈ ਨਾ ਕੋਈ ਇਸ ਦੇ ਪਿੱਛੇ ਦੀ ਆਵਾਜ਼ ਨੂੰ ਪਛਾਣ ਲਵੇਗਾ "ਕਿਉਂਕਿ ਇਹ ਸ਼ਬਦ ਬਹੁਤ ਹੀ ਜਜ਼ਬਾਤੀ ਹਨ।"

ਤਿੰਨ ਮਹੀਨੇ ਦੀ ਗੰਭੀਰ ਚਰਚਾ ਤੋਂ ਬਾਅਦ, ਐੱਫਬੀਆਈ ਦੀ ਸਲਾਹ 'ਤੇ ਅਖ਼ਬਾਰਾਂ ਦੇ ਮੁਖੀਆਂ ਵੱਲੋਂ ਇਹ ਮੈਨੀਫੈਸਟੋ ਛਾਪਣ ਦਾ ਫੈਸਲਾ ਲਿਆ ਗਿਆ।

ਕਈ ਅਮਰੀਕੀ ਇਹ ਸੋਚਦੇ ਰਹੇ ਕਿ ਇੱਕ ਭਗੌੜਾ, ਜਿਸਦੀ ਹੁੱਡ ਪਹਿਨੀ ਤਸਵੀਰ ਕਈ ਐੱਫਬੀਆਈ ਪੋਸਟਰਾਂ 'ਤੇ ਦਿਖਾਈ ਦਿੰਦੀ ਸੀ, ਉਸਨੂੰ ਅਜਿਹਾ ਮੌਕਾ ਕਿਉਂ ਦਿੱਤਾ ਗਿਆ ਜਿਸ ਨੂੰ ਹਰ ਅੱਤਵਾਦੀ ਤੋਹਫ਼ਾ ਸਮਝਦਾ ਹੈ—ਆਪਣੇ ਵਿਚਾਰ ਫੈਲਾਉਣ ਲਈ ਇੱਕ ਜਨਤਕ ਮੰਚ।

ਲੇਖ ਜ਼ਰੀਏ ਕਿਵੇਂ ਯੂਨਾਬੌਂਬਰ ਤੱਕ ਪਹੁੰਚੀ ਐੱਫਬੀਆਈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਯੂਨਾਬੌਂਬਰ ਦਾ ਲੇਖ ਅਮਰੀਕੀ ਜਾਂਚ ਏਜੰਸੀਆਂ ਲਈ ਉਸ ਤੱਕ ਪਹੁੰਚਣ ਦੀ ਅਹਿਮ ਕੜੀ ਸਾਬਿਤ ਹੋਇਆ

ਯੂਨਾਬੌਂਬਰ ਦੀ ਪਹਿਚਾਣ ਕਰਨ ਅਤੇ ਉਸਨੂੰ ਸਜ਼ਾ ਤੱਕ ਪਹੁੰਚਾਉਣ ਲਈ ਐਫਬੀਆਈ ਵੱਲੋਂ ਇੱਕ ਮਿਲੀਅਨ ਡਾਲਰ ਦੇ ਇਨਾਮ ਦੀ ਪੇਸ਼ਕਸ਼ ਕੀਤੀ ਜਾ ਰਹੀ ਸੀ। 1993 'ਚ ਉਸ ਵੱਲੋਂ ਜਾਰੀ ਕੀਤੀ ਟੋਲ ਫਰੀ ਹੋਟਲਾਈਨ 1-800-701-BOMB 'ਤੇ 50,000 ਤੋਂ ਵੱਧ ਟਿਪਸ ਆਈਆਂ ਸਨ। ਮੈਨੀਫੈਸਟੋ ਵਿੱਚ ਮਿਲੇ ਨਵੇਂ ਸੁਰਾਗਾਂ ਨਾਲ ਇਸ ਰਹੱਸਮਈ ਬੌਂਬਰ ਦੀ ਤਸਵੀਰ ਹੋਰ ਸਪੱਸ਼ਟ ਹੋਣ ਲੱਗੀ।

ਗੁਰੂ-ਮੂਰਤੀ ਨੇ ਬੀਬੀਸੀ ਨਿਊਜ਼ਨਾਈਟ ਨੂੰ ਕਿਹਾ, "ਯੂਨਾਬੌਂਬਰ ਦਾ ਹੰਕਾਰ ਹੀ ਸ਼ਾਇਦ ਉਸਦੀ ਬਰਬਾਦੀ ਦੀ ਵਜ੍ਹਾ ਬਣਿਆ।" ਉਨ੍ਹਾਂ ਨੇ ਦੱਸਿਆ, "ਇਸ ਮੈਨੀਫੈਸਟੋ 'ਚ ਲਿਖੀਆਂ ਵਿਚਾਰਧਾਰਾਵਾਂ ਕਾਰਨ ਹੌਲੀ-ਹੌਲੀ ਇਸ ਬੌਂਬਰ ਵੱਲੋਂ ਨਾਮੀ ਵਿਗਿਆਨੀਆਂ ਨੂੰ ਲਿਖੇ ਪੱਤਰਾਂ ਦੇ ਆਧਾਰ 'ਤੇ ਉਸ ਦੇ ਵਿੱਦਿਅਕ ਪਿਛੋਕੜ ਬਾਰੇ ਜਾਣਕਾਰੀ ਮਿਲਣ ਲੱਗੀ।"

ਐੱਫਬੀਆਈ ਯੂਨਾਬੌਂਬ ਟਾਸਕਫੋਰਸ ਵੱਲੋਂ 200 ਗੰਭੀਰ ਸ਼ੱਕੀਆਂ ਦੀ ਇੱਕ ਸੂਚੀ ਤਿਆਰ ਕੀਤੀ ਗਈ। ਇਨ੍ਹਾਂ ਵਿੱਚੋਂ ਨੌਰਦਰਨ ਕੈਲੀਫੋਰਨੀਆ 'ਚ ਰਹਿਣ ਵਾਲੇ ਪੰਜ ਸ਼ੱਕੀਆਂ ਦੀ ਲਗਾਤਾਰ ਨਜ਼ਰਸਾਨੀ ਕੀਤੀ ਗਈ ਕਿਉਂਕਿ ਜਾਂਚ ਅਧਿਕਾਰੀਆਂ ਨੂੰ ਲੱਗਦਾ ਸੀ ਕਿ ਮੁਲਜ਼ਮ ਇੱਥੋਂ ਦਾ ਹੋ ਸਕਦਾ ਹੈ।

ਇਸ ਕੇਸ 'ਚ ਅਹਿਮ ਸੁਰਾਗ ਇੱਕ ਅਜਿਹੇ ਸਰੋਤ ਨੂੰ ਮਿਲਿਆ, ਜਿਸ ਤੋਂ ਕਿਸੇ ਨੂੰ ਉਮੀਦ ਨਹੀਂ ਸੀ, ਇੱਕ ਅਮਰੀਕੀ ਨਾਗਰਿਕ ਜੋ ਆਪਣੇ ਪਤੀ ਡੇਵਿਡ ਕਜ਼ੇਂਸਕੀ ਨਾਲ ਫਰਾਂਸ 'ਚ ਛੁੱਟੀਆਂ ਮਨਾ ਰਹੀ ਸੀ। ਲਿੰਡਾ ਪੈਟ੍ਰਿਕ ਜੋ ਮਨੋਵਿਗਿਆਨਕ ਪ੍ਰੋਫੈਸਰ ਸਨ, ਪੈਰਿਸ 'ਚ ਪ੍ਰਕਾਸ਼ਿਤ ਹੋਣ ਵਾਲੇ ਅੰਗ੍ਰੇਜ਼ੀ ਅਖ਼ਬਾਰ ਦਿ ਇੰਟਰਨੈਸ਼ਨਲ ਹੈਰਾਲਡ ਟ੍ਰਿਬਿਊਨ 'ਚ ਯੂਨਾਬੌਂਬਰ ਨੂੰ ਲੈਕੇ ਛਪ ਰਹੇ ਲੇਖਾਂ ਨੂੰ ਲਗਾਤਾਰ ਪੜ੍ਹ ਰਹੇ ਸਨ।

2016 'ਚ ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, "ਤਕਰੀਬਨ ਰੋਜ਼ਾਨਾ ਮੈਂ ਇਨ੍ਹਾਂ ਲੇਖਾਂ ਨੂੰ ਦੇਖਦੀ ਸੀ ਅਤੇ ਸੋਚਦੀ ਸੀ ਕਿ ਇਹ ਵਿਚਾਰ ਡੇਵ ਦੇ ਭਰਾ ਨਾਲ ਮੇਲ ਖਾਂਦੇ ਹਨ।''

ਇੱਕ ਰਿਪੋਰਟ 'ਚ ਦੱਸਿਆ ਗਿਆ ਕਿ ਸ਼ੱਕੀ ਤਰਖਾਣ ਦਾ ਕੰਮ ਜਾਣਦਾ ਹੈ। ਇੱਕ ਹੋਰ ਰਿਪੋਰਟ 'ਚ ਉਸਦੀ ਤਕਨੀਕ ਪ੍ਰਤੀ ਨਫ਼ਰਤ ਉਜਾਗਰ ਕੀਤੀ ਗਈ। ਹੋਰਨਾਂ ਰਿਪੋਰਟਾਂ 'ਚ ਉਨ੍ਹਾਂ ਥਾਂਵਾਂ ਦੇ ਨਾਂਅ ਦੱਸੇ ਗਏ ਜਿੱਥੇ ਇਹ ਬੰਬ ਵਿਸਫੋਟ ਹੋਏ ਸਨ- ਇਹ ਸਾਰੀਆਂ ਉਹ ਥਾਂਵਾਂ ਸਨ ਜਿੱਥੇ ਡੇਵਿਡ ਦਾ ਭਰਾ ਜਾਂ ਰਹਿੰਦਾ ਸੀ ਜਾਂ ਕੰਮ ਕਰਦਾ ਸੀ। ਇਨ੍ਹਾਂ ਤਮਾਮ ਸੁਰਾਗਾਂ ਨੂੰ ਇਕੱਠੇ ਜੋੜ ਕੇ ਦੇਖਣ ਨੂੰ ਇਸਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਸੀ।

ਉਹ ਆਪਣੇ ਪਤੀ ਨੂੰ ਇਹ ਪੁੱਛਣ ਨੂੰ ਮਜਬੂਰ ਹੋ ਗਈ, "ਕੀ ਇਹ ਮੁਮਕਿਨ ਹੈ ਕਿ ਤੁਹਾਡਾ ਭਰਾ ਯੂਨਾਬੌਂਬਰ ਹੋ ਸਕਦਾ ਹੈ?"

ਪੈਟ੍ਰਿਕ ਦੱਸਦੇ ਹਨ ਕਿ ਡੇਵਿਡ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਇਹ ਸੱਚ ਹੋ ਸਕਦਾ ਹੈ ਪਰ ਜਦੋਂ ਉਸਨੇ ਮੈਨੀਫੈਸਟੋ ਪੜ੍ਹਿਆ ਤਾਂ ਹੈਰਾਨ ਰਹਿ ਗਿਆ। ਉਹ ਦੱਸਦੇ ਹਨ, "ਡੇਵ ਕੰਪਿਊਟਰ ਸਕ੍ਰੀਨ 'ਤੇ ਦੇਖ ਰਿਹਾ ਸੀ। ਮੈਂ ਦੇਖ ਸਕਦੀ ਸੀ ਕਿ ਮੈਨੀਫੈਸਟੋ ਦਾ ਪਹਿਲਾ ਪੇਜ ਪੜ੍ਹਦਿਆਂ ਹੀ ਉਸਦੇ ਚਿਹਰੇ ਦੀ ਰੰਗਤ ਉੱਡ ਗਈ।"

ਡੇਵਿਡ ਨੇ ਬੀਬੀਸੀ ਨੂੰ ਦੱਸਿਆ, "ਇਹ ਮੇਰੇ ਲਈ ਬਹੁਤ ਡਰਾਉਣਾ ਸੀ। ਮੈਂ ਵਾਕਈ ਇਸ ਸੰਭਾਵਨਾ ਬਾਰੇ ਸੋਚਣ ਲੱਗਾ ਕਿ ਮੇਰਾ ਭਰਾ ਸੀਰੀਅਲ ਕਿਲਰ ਹੋ ਸਕਦਾ ਹੈ, ਅਮਰੀਕਾ ਦਾ ਮੋਸਟ ਵਾਂਟੇਡ ਸ਼ਖਸ ਜਾਂ ਸ਼ਾਇਦ ਪੂਰੀ ਦੁਨੀਆ ਦਾ।"

ਪਰਿਵਾਰ ਲਈ ਸਥਿਤੀ ਬੇਹੱਦ ਦੁਚਿੱਤੀ ਵਾਲੀ ਸੀ। ਜੇ ਉਹ ਚੁੱਪ ਰਹਿੰਦੇ ਤਾਂ ਹੋਰ ਜਾਨਾਂ ਜਾ ਸਕਦੀਆਂ ਸਨ ਪਰ ਜੇ ਟੇਡ ਸੱਚਮੁੱਚ ਯੂਨਾਬੌਂਬਰ ਨਿਕਲਦਾ ਤਾਂ ਉਸਨੂੰ ਮੌਤ ਦੀ ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਸੀ। ਡੇਵਿਡ ਨੇ ਕਿਹਾ, "ਕੀ ਮੈਂ ਆਪਣੀ ਬਾਕੀ ਜ਼ਿੰਦਗੀ ਇਹ ਸੋਚਦੇ ਬਿਤਾ ਸਕਦਾ ਹਾਂ ਕਿ ਮੇਰੇ ਹੱਥਾਂ 'ਤੇ ਮੇਰੇ ਭਰਾ ਦਾ ਖੂਨ ਲੱਗਾ ਹੈ?"

'ਲੱਕੜ ਦਾ ਘਰ ਸੋਨੇ ਦੀ ਖਦਾਣ ਵਰਗਾ ਸੀ'

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਯੂਨਾਬੌਂਬ ਸ਼ੱਕੀਆਂ ਦੀ ਸੂਚੀ ਵਿੱਚ ਕਜ਼ੇਂਸਕੀ 2,416ਵੇਂ ਨੰਬਰ 'ਤੇ ਸੀ

ਯੂਨਾਬੌਂਬਰ ਦੀ 17 ਸਾਲ ਚੱਲੀ ਲੰਬੀ ਤਲਾਸ਼ ਦੌਰਾਨ, ਥੀਓਡਰ ਕਜ਼ੇਂਸਕੀ ਯੂਨਾਬੌਂਬ ਸ਼ੱਕੀ ਨੰਬਰ 2,416 ਸੀ।

ਐਫਬੀਆਈ ਦੀ ਸਪੈਸ਼ਲ ਏਜੰਟ ਡਾ. ਕੈਥਲੀਨ ਪੱਕੇਟ ਨੇ 2025 ਵਿੱਚ ਬੀਬੀਸੀ ਵਿਟਨੈੱਸ ਹਿਸਟਰੀ ਨੂੰ ਦੱਸਿਆ, "ਸ਼ਿਕਾਗੋ ਵਿੱਚ ਪਰਿਵਾਰ ਦੇ ਘਰ ਵਿੱਚ ਉਨ੍ਹਾਂ ਦੀ ਮਾਂ ਵੱਲੋਂ ਰੱਖਿਆ ਇੱਕ ਟਰੰਕ ਸੀ ਅਤੇ ਉਸ ਟਰੰਕ 'ਚ ਸਾਨੂੰ ਮੈਨੀਫੈਸਟੋ ਦੀਆਂ ਹੱਥੀਂ ਲਿਖੀਆਂ ਅਸਲ ਕਾਪੀਆਂ ਮਿਲੀਆਂ।"

ਇਹ ਲੇਖ 1971 'ਚ ਕਜ਼ੇਂਸਕੀ ਵੱਲੋਂ ਲਿਖਿਆ ਗਿਆ ਸੀ ਅਤੇ ਇਸ ਦੇ ਜ਼ਿਆਦਾਤਰ ਵਿਚਾਰ ਮੈਨੀਫੈਸਟੋ ਨਾਲ ਮੇਲ ਖਾਂਦੇ ਸਨ।

ਜਾਂਚ ਅਧਿਕਾਰੀਆਂ ਕੋਲ ਹੁਣ ਇੰਨੇ ਸਬੂਤ ਸਨ ਕਿ ਉਹ ਕਜ਼ੇਂਸਕੀ ਦੇ ਬਿਨ੍ਹਾਂ ਪਾਣੀ ਅਤੇ ਬਿਜਲੀ ਕੁਨੈਕਸ਼ਨ ਵਾਲੇ ਲੱਕੜ ਦੇ ਬਣੇ ਘਰ ਦੀ ਤਲਾਸ਼ੀ ਲੈ ਸਕਣ।

ਪੱਕੇਟ ਮੁਤਾਬਕ, "ਉਸ ਦਾ ਲੱਕੜ ਦਾ ਘਰ ਸਬੂਤਾਂ ਨਾਲ ਭਰਿਆ ਹੋਇਆ ਸੀ। ਇਹ ਸਾਡੇ ਲਈ ਕਿਸੇ ਸੋਨੇ ਦੀ ਖਦਾਣ ਵਰਗਾ ਸੀ।"

ਜਾਂਚ ਅਧਿਕਾਰੀਆਂ ਨੂੰ ਉੱਥੇ ਬੰਬ ਬਣਾਉਣ ਵਾਲੀ ਸਮੱਗਰੀ, 40,000 ਪੰਨਿਆਂ ਦੇ ਹੱਥੀਂ ਲਿਖੇ ਜਰਨਲ ਜਿਨ੍ਹਾਂ 'ਚ ਬੰਬ ਬਣਾਉਣ ਲਈ ਕੀਤੇ ਪ੍ਰਯੋਗਾਂ ਅਤੇ ਯੂਨਾਬੌਂਬਰ ਦੇ ਅਪਰਾਧਾਂ ਦੀਆਂ ਕਹਾਣੀਆਂ ਦਰਜ ਸਨ, ਇਸ ਤੋਂ ਇਲਾਵਾ ਇੱਕ ਜ਼ਿੰਦਾ ਬੰਬ ਵੀ ਮਿਲਿਆ ਜੋ ਮੇਲ ਕਰਨ ਲਈ ਤਿਆਰ ਕੀਤਾ ਗਿਆ ਸੀ।

ਇੱਕ ਪ੍ਰਤਿਭਾਸ਼ਾਲੀ ਗਣਿਤਕਾਰ ਤੋਂ ਲੈ ਕੇ ਡਰਾਪ-ਆਊਟ ਤੱਕ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਗ੍ਰਿਫ਼ਤਾਰੀ ਤੋਂ ਬਾਅਦ ਕਜ਼ੇਂਸਕੀ ਦੇ ਪਿਛਲੇ ਜੀਵਨ ਨਾਲ ਜੁੜੀਆਂ ਤਸਵੀਰਾਂ ਅਤੇ ਜਾਣਕਾਰੀ ਸਾਹਮਣੇ ਆਉਣ ਲੱਗੀ

ਕਜ਼ੇਂਸਕੀ ਦੇ ਭਰਾ ਡੇਵਿਡ ਉਸ ਦੀ ਗ੍ਰਿਫਤਾਰੀ ਦੀ ਖ਼ਬਰ ਸੁਣ ਕੇ ਸਦਮੇ 'ਚ ਸਨ।

2006 'ਚ ਬੀਬੀਸੀ ਵਰਲਡ ਸਰਵਿਸ ਨੂੰ ਉਨ੍ਹਾਂ ਕਿਹਾ, "ਦੋ ਫੈਡਰਲ ਮਾਰਸ਼ਲਾਂ ਵੱਲੋਂ ਉਸ ਨੂੰ ਲੱਕੜ ਦੇ ਘਰ ਵਿੱਚੋਂ ਬਾਹਰ ਲਿਆਂਦਾ ਗਿਆ ਅਤੇ ਉਹ ਬਹੁਤ ਹੀ ਮਾੜੀ ਹਾਲਤ 'ਚ ਲੱਗ ਰਿਹਾ ਸੀ। ਉਹ ਬੇਹੱਦ ਬੇਤਰਤੀਬ ਭਰਿਆ ਸੀ।''

''ਉਸਦੇ ਕੱਪੜੇ ਫਟੇ ਹੋਏ ਸਨ ਅਤੇ ਕਈ ਮਹੀਨਿਆਂ ਤੋਂ ਉਹ ਨਹਾਇਆ ਨਹੀਂ ਸੀ। ਅਤੇ ਫਿਰ ਇਹ ਸੁਣਨਾ ਕਿ ਉਸਨੂੰ ਸੀਰੀਅਲ ਕਿਲਰ, ਇੱਕ ਅੱਤਵਾਦੀ ਕਿਹਾ ਜਾ ਰਿਹਾ ਹੈ। ਲੋਕਾਂ ਕੋਲ ਜੋ ਜਾਣਕਾਰੀ ਸੀ, ਉਹ ਮੇਰੀਆਂ ਯਾਦਾਂ ਨਾਲ ਮੇਲ ਨਹੀਂ ਖਾਂਦੀ ਸੀ—ਇੱਕ ਚੰਗਾ ਛੋਟਾ ਮੁੰਡਾ ਜੋ ਮੇਰਾ ਵੱਡਾ ਭਰਾ ਸੀ।"

ਜਲਦ ਹੀ ਕਜ਼ੇਂਸਕੀ ਦੇ ਪਿਛਲੇ ਜੀਵਨ ਨਾਲ ਜੁੜੀਆਂ ਤਸਵੀਰਾਂ ਅਤੇ ਜਾਣਕਾਰੀ ਸਾਹਮਣੇ ਆਉਣ ਲੱਗੀ। ਇੱਕ ਬੇਮਿਸਾਲ ਗਣਿਤਕਾਰ ਜਿਸਦਾ ਆਈਕਿਊ (IQ) 167 ਸੀ, ਬਿਨ੍ਹਾਂ ਦੋ ਕਲਾਸਾਂ ਪੜ੍ਹੇ ਮਹਿਜ਼ 16 ਸਾਲ ਦੀ ਉਮਰ 'ਚ ਉਸ ਦਾ ਹਾਰਵਰਡ ਯੂਨੀਵਰਸਿਟੀ 'ਚ ਦਾਖਲਾ ਹੋ ਗਿਆ ਸੀ।

ਉਸਦੇ ਸਾਬਕਾ ਪ੍ਰੋਫੈਸਰ ਪੀਟਰ ਡੂਰੇਨ ਮੁਤਾਬਕ, "ਉਸ ਕੋਲ ਬਹੁਤ ਸਾਰੇ ਚੰਗੇ ਸੁਝਾਅ ਸਨ, ਉਹ ਅਸਲ ਗਣਿਤਕਾਰ ਸੀ ਅਤੇ ਆਪਣੇ ਅਧਿਐਨ ਦੇ ਆਧਾਰ 'ਤੇ ਉਸੂਨੰ ਬਰਕਲੇਅ 'ਚ ਨੌਕਰੀ ਮਿਲ ਗਈ ਸੀ ਅਤੇ ਉਮੀਦ ਸੀ ਕਿ ਗਣਿਤ ਦੇ ਖੇਤਰ 'ਚ ਉਸਦਾ ਸ਼ਾਨਦਾਰ ਭਵਿੱਖ ਹੋਵੇਗਾ।"

ਗੁਰੂ-ਮੂਰਤੀ ਕਹਿੰਦੇ ਹਨ, "ਪਰ ਕਿਸੇ ਵਾਕਿਆ ਨੇ ਕਜ਼ੇਂਸਕੀ ਦਾ ਦੁਨੀਆ ਨੂੰ ਦੇਖਣ ਦਾ ਨਜ਼ਰੀਆ ਹੀ ਬਦਲ ਦਿੱਤਾ। ਜਿਸ ਅਨੁਸ਼ਾਸਨ ਦਾ ਉਹ ਮਾਹਰ ਸੀ, ਹੁਣ ਉਸਦਾ ਵਿਰੋਧੀ ਹੋ ਗਿਆ ਅਤੇ ਦੋ ਸਾਲਾਂ ਅੰਦਰ ਹੀ ਆਪਣੀ ਪੜ੍ਹਾਈ ਛੱਡ ਦਿੱਤੀ। ਯੂਟਾਹ ਵਿੱਚ ਕੁਝ ਸਮਾਂ ਬਿਤਾਉਣ ਤੋਂ ਬਾਅਦ, ਉਹ ਮੋਨਟਾਨਾ ਚਲਾ ਗਿਆ, ਜਿੱਥੇ ਉਸਨੇ ਲਗਭਗ 1,000 ਲੋਕਾਂ ਦੀ ਆਬਾਦੀ ਵਾਲੇ ਪਿੰਡ ਵਿੱਚ ਇਕੱਲੇਪਨ ਵਾਲੀ ਜ਼ਿੰਦਗੀ ਸ਼ੁਰੂ ਕੀਤੀ।"

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਜ਼ੇਂਸਕੀ ਨੂੰ 1996 ਵਿੱਚ ਬਿਨ੍ਹਾਂ ਪੈਰੋਲ ਦੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ

ਗੁਰੂ-ਮੂਰਤੀ ਨੇ ਅੱਗੇ ਕਿਹਾ, "ਇਹ ਸਪੱਸ਼ਟ ਸੀ ਕਿ ਉਸਦਾ ਦਿਮਾਗ ਅਸਧਾਰਣ ਸੀ। ਪਰ ਜੇ ਜਾਂਚ ਅਧਿਕਾਰੀ ਸਹੀ ਹਨ ਤਾਂ ਇਸ ਦਾ ਇਸਤੇਮਾਲ ਅਜਿਹੇ ਵਿਅਕਤੀ ਦੇ ਗੁੱਸੇ ਨੂੰ ਹੋਰ ਵਧਾਉਣ ਲਈ ਹੀ ਵਰਤਿਆ ਗਿਆ ਜਿਸਨੂੰ ਆਪਣੇ ਕੰਮ ਤੋਂ ਨਫ਼ਰਤ ਸੀ।"

ਕਜ਼ੇਂਸਕੀ ਨੂੰ 1996 ਵਿੱਚ ਬਿਨ੍ਹਾਂ ਪੈਰੋਲ ਦੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਅਤੇ ਉਸਨੇ ਅਗਲੇ ਤਿੰਨ ਦਹਾਕੇ ਅਮਰੀਕਾ ਦੀਆਂ ਜੇਲ੍ਹਾਂ ਵਿੱਚ ਬਿਤਾਏ, ਮੁੱਖ ਤੌਰ 'ਤੇ ਕੋਲੋਰਾਡੋ ਦੇ ਫਲੋਰੈਂਸ ਵਿੱਚ ਸਥਿਤ ਫੈਡਰਲ ਸੁਪਰਮੈਕਸ ਜੇਲ੍ਹ ਵਿੱਚ।

ਜੇਲ੍ਹ ਵਿੱਚ ਉਸਦਾ ਇੰਟਰਵਿਊ ਕਰਨ ਵਾਲੇ ਮਨੋਚਿਕਿਤਸਕ ਨੇ ਉਸ ਨੂੰ ਪੈਰਾਨਾਇਡ ਸਕਿਜ਼ੋਫ੍ਰੇਨਿਕ ਕਰਾਰ ਦਿੱਤਾ ਅਤੇ ਦਾਅਵਾ ਕੀਤਾ ਕਿ ਉਸਨੂੰ ਹਮੇਸ਼ਾ ਤੋਂ ਪਤਾ ਸੀ ਕਿ ਉਹ ਕੀ ਕਰ ਰਿਹਾ ਹੈ।

1999 'ਚ ਟਾਈਮ ਮੈਗਜ਼ੀਨ ਨੂੰ ਦਿੱਤੇ ਇੰਟਰਵਿਊ ਵਿੱਚ ਉਸਨੇ ਕਿਹਾ, "ਮੈਨੂੰ ਪੂਰਾ ਯਕੀਨ ਹੈ ਕਿ ਮੈਂ ਸਹੀ ਮਾਨਸਿਕ ਹਾਲਤ ਵਿੱਚ ਹਾਂ।"

ਲਗਾਤਾਰ ਸਿਹਤ 'ਚ ਹੋ ਰਹੇ ਨਿਘਾਰ ਕਾਰਨ ਸਾਲ 2023 'ਚ 81 ਸਾਲ ਦੀ ਉਮਰ 'ਚ ਉਸ ਨੇ ਖੁਦਕੁਸ਼ੀ ਕਰ ਲਈ ਸੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)