ਬੌਂਬੇ: ਕਿਲ੍ਹੇ ਵਾਲਾ ਸ਼ਹਿਰ ਕਿਵੇਂ ਇੱਕ ਰੌਣਕ ਭਰੇ ਮਹਾਨਗਰ ਵਿੱਚ ਬਦਲ ਗਿਆ

ਮਰੀਨ ਡ੍ਰਾਈਵ

ਤਸਵੀਰ ਸਰੋਤ, DAG

ਤਸਵੀਰ ਕੈਪਸ਼ਨ, ਮਰੀਨ ਡ੍ਰਾਈਵ, ਜਿਸਨੂੰ 'ਕੁਇਨਜ਼ ਨੇਕਲੇਸ' ਕਿਹਾ ਜਾਂਦਾ ਹੈ, ਦੇ ਰਾਤ ਦੇ ਨਜ਼ਾਰੇ ਦੀ ਇੱਕ ਪੇਂਟਿੰਗ ਬੌਂਬੇ ਦੀ ਆਧੁਨਿਕ ਚਮਕ ਨੂੰ ਦਰਸਾਉਂਦੀ ਹੈ
    • ਲੇਖਕ, ਨਿਖਿਲ ਇਨਾਮਦਾਰ
    • ਰੋਲ, ਮੁੰਬਈ
  • ਪੜ੍ਹਨ ਦਾ ਸਮਾਂ: 7 ਮਿੰਟ

ਸੱਤ ਟਾਪੂਆਂ ਤੋਂ ਲੈ ਕੇ 2 ਕਰੋੜ ਲੋਕਾਂ ਦੀ ਆਬਾਦੀ ਵਾਲਾ ਸ਼ਹਿਰ ਬਣਨ ਤੱਕ, ਬੌਂਬੇ (ਹੁਣ ਮੁੰਬਈ) ਨੂੰ ਸਦੀਆਂ ਤੋਂ ਸਿਆਸੀ, ਆਰਥਿਕ ਅਤੇ ਸਮਾਜਿਕ ਤਾਕਤਾਂ ਨੇ ਆਕਾਰ ਦਿੱਤਾ ਹੈ।

ਕੋਲੀ ਮੱਛੀਰੇਆਂ ਤੋਂ ਲੈ ਕੇ ਬਸਤੀਵਾਦੀ ਯੋਜਨਾਕਾਰਾਂ ਤੱਕ, ਅਤੇ ਬਾਲੀਵੁੱਡ ਸਿਤਾਰਿਆਂ ਤੋਂ ਲੈ ਕੇ ਕੱਪੜਾ ਵਪਾਰੀਆਂ ਤੱਕ, ਕਈ ਲੋਕਾਂ ਨੇ ਇਸ ਪੱਛਮੀ ਭਾਰਤੀ ਸ਼ਹਿਰ ਦੇ ਨਜ਼ਾਰੇ ਅਤੇ ਪਛਾਣ 'ਤੇ ਆਪਣਾ ਪ੍ਰਭਾਵ ਪਾਇਆ ਹੈ।

ਇਹ ਸ਼ਹਿਰ ਹਮੇਸ਼ਾ ਬਦਲਦਾ ਰਹਿੰਦਾ ਹੈ, ਅਤੀਤ ਦੀ ਥਾਂ ਭਵਿੱਖ ਲੈਂਦਾ ਹੈ, ਨਵੇਂ ਰੂਪਾਂ ਨੂੰ ਜਨਮ ਦਿੰਦਾ ਹੈ ਅਤੇ ਪੁਰਾਣੇ ਰੂਪਾਂ ਨੂੰ ਧੁੰਦਲਾ ਕਰ ਦਿੰਦਾ ਹੈ। ਮੱਛੀ ਫੜ੍ਹਨ ਵਾਲੇ ਜਾਲਾਂ ਤੋਂ ਲੈ ਕੇ ਬੰਦਰਗਾਹਾਂ ਤੱਕ ਅਤੇ ਮਿੱਲਾਂ ਤੋਂ ਲੈ ਕੇ ਮਾਲਜ਼ ਤੱਕ, ਬੌਂਬੇ ਨੇ ਲਗਾਤਾਰ ਆਪਣੇ ਆਪ ਨੂੰ ਨਵਾਂ ਰੂਪ ਦਿੱਤਾ ਹੈ ਅਤੇ ਹਮੇਸ਼ਾ ਇੱਕ ਅਜਿਹਾ ਸ਼ਹਿਰ ਬਣਿਆ ਰਹਿਆ ਹੈ ਜੋ ਬਦਲਦਾ ਰਹਿੰਦਾ ਹੈ।

ਇੱਕ ਨਵੀਂ ਪ੍ਰਦਰਸ਼ਨੀ 'ਬੌਂਬੇ ਫ੍ਰੇਮਡ' ਵਿੱਚ ਪੇਂਟਿੰਗਜ਼, ਤਸਵੀਰਾਂ ਅਤੇ ਮਲਟੀਮੀਡੀਆ ਪ੍ਰਿੰਟਸ ਦੇ ਸ਼ਾਨਦਾਰ ਸੰਗ੍ਰਹਿ ਨਾਲ, ਸਦੀਆਂ ਦੌਰਾਨ ਇਸ ਸ਼ਹਿਰ ਦੇ ਬਦਲਦੇ ਰੂਪ ਦੇ ਸਫ਼ਰ ਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।

ਸ਼ਹਿਰ ਜੋ ਬਦਲਦਾ ਰਿਹਾ

 ਨਕਸ਼ਾ

ਤਸਵੀਰ ਸਰੋਤ, DAG

ਤਸਵੀਰ ਕੈਪਸ਼ਨ, ਇਹ ਨਕਸ਼ਾ 20ਵੀਂ ਸਦੀ ਦੇ ਸ਼ੁਰੂਆਤੀ ਦੌਰ ਦੇ ਬੌਂਬੇ ਵਿੱਚ ਜ਼ਮੀਨ ਭਰਨ ਅਤੇ ਵਧਦੇ ਬੁਨਿਆਦੀ ਢਾਂਚੇ ਨੂੰ ਦਿਖਾਉਂਦਾ ਹੈ

ਤਿੰਨ ਸਦੀਆਂ ਦੀਆਂ 100 ਤੋਂ ਵੱਧ ਤਸਵੀਰਾਂ ਵਿੱਚ ਬਹੁਤ ਸਾਰੀਆਂ ਤਸਵੀਰਾਂ ਹਨ, ਜੋ ਸ਼ਹਿਰ ਨੂੰ ਉਸ ਦੀ ਪੂਰੀ ਵਿਭਿੰਨਤਾ ਨਾਲ ਦਿਖਾਉਂਦੀਆਂ ਹਨ - ਜਿਸ ਵਿੱਚ ਪਾਰਸੀ ਵਪਾਰੀਆਂ ਅਤੇ ਸਿਨੇਮਾ ਦੇ ਸਿਤਾਰਿਆਂ ਦੇ ਕੁਲੀਨ ਸੰਸਾਰ ਤੋਂ ਲੈ ਕੇ ਆਮ ਨਾਗਰਿਕਾਂ ਦੇ ਮਿਹਨਤੀ ਜੀਵਨ ਤੱਕ ਨਜ਼ਰ ਆਉਂਦਾ ਹੈ।

ਡੀਏਜੀ ਆਰਟ ਗੈਲਰੀ ਵੱਲੋਂ ਆਯੋਜਿਤ ਇਸ ਪ੍ਰਦਰਸ਼ਨੀ ਦੇ ਕਿਊਰੇਟਰ (ਆਯੋਜਕ) ਗਿਆਨ ਪ੍ਰਕਾਸ਼ ਨੇ ਬੀਬੀਸੀ ਨੂੰ ਦੱਸਿਆ, "ਇਹ ਸਾਰੇ ਮਿਲ ਕੇ ਸਾਨੂੰ ਸੱਦਾ ਦਿੰਦੇ ਹਨ ਕਿ ਸ਼ਹਿਰ ਨੂੰ ਹੀ ਇੱਕੋ ਹੀ ਕਲਾਕ੍ਰਿਤੀ ਵਜੋਂ ਦੇਖੀਏ, ਇਕ ਅਜਿਹੀ ਕਲਾਕ੍ਰਿਤੀ: ਜਿਸ ਵਿੱਚ ਕਈ ਪਰਤਾਂ ਹਨ, ਜੋ ਜਟਿਲ ਹੈ ਅਤੇ ਕਈ ਵੱਖ-ਵੱਖ ਤਜਰਬਿਆਂ ਨਾਲ ਬਣੀ ਹੈ।"

ਪ੍ਰਕਾਸ਼ ਦੇ ਅਨੁਸਾਰ, ਕੁਝ ਅਜਿਹੇ ਖ਼ਾਸ ਪਲ ਆਏ ਜਦੋਂ ਬੌਂਬੇ ਸੱਚਮੁੱਚ ਬਦਲ ਗਿਆ - ਜਿਵੇਂ 1830 ਅਤੇ 40 ਦੇ ਦਹਾਕਿਆਂ ਵਿੱਚ। ਜਦੋਂ ਜ਼ਮੀਨ ਨੂੰ ਉਸਾਰੀ ਯੋਗ ਬਣਾਉਣ ਅਤੇ ਬੰਨ੍ਹ ਬਣਾਉਣ ਦੇ ਕੰਮਾਂ ਨੇ ਸੱਤ ਵੱਖ-ਵੱਖ ਛੋਟੇ ਟਾਪੂਆਂ ਨੂੰ ਮਿਲਾ ਕੇ ਇੱਕ ਹੀ ਟਾਪੂ ਸ਼ਹਿਰ ਬਣਾ ਦਿੱਤਾ।

ਬੌਂਬੇ ਵਿੱਚ ਬ੍ਰਿਟਿਸ਼ ਸ਼ਾਸਨ

ਤਸਵੀਰ ਸਰੋਤ, DAG

ਤਸਵੀਰ ਕੈਪਸ਼ਨ, ਬੌਂਬੇ ਵਿੱਚ ਬ੍ਰਿਟਿਸ਼ ਸ਼ਾਸਨ ਦੇ ਸ਼ੁਰੂਆਤੀ ਦੌਰ ਦਾ ਇੱਕ ਰਸਮੀ ਫੌਜੀ ਦ੍ਰਿਸ਼

ਦੋ ਦਹਾਕਿਆਂ ਬਾਅਦ, 1860 ਦੇ ਦਹਾਕੇ ਵਿੱਚ ਕਿਲ੍ਹੇ ਦੀਆਂ ਕੰਧਾਂ ਢਹਿ ਗਈਆਂ, ਜਿਸ ਨਾਲ ਆਲੀਸ਼ਾਨ ਇਮਾਰਤਾਂ ਬਣਾਉਣ ਦਾ ਰਸਤਾ ਸਾਫ਼ ਹੋ ਗਿਆ। ਇਨ੍ਹਾਂ ਹੀ ਇਮਾਰਤਾਂ ਨੇ ਸ਼ਹਿਰ ਨੂੰ ਉਸ ਦੀ ਖ਼ਾਸ ਬਸਤੀਵਾਦੀ ਪਛਾਣ ਦਿੱਤੀ।

1920 ਅਤੇ 30 ਦੇ ਦਹਾਕਿਆਂ ਵਿੱਚ ਮਰੀਨ ਡ੍ਰਾਈਵ ਕਾਰਨਿਸ਼ (ਸਮੁੰਦਰ ਦੇ ਕੰਢੇ 'ਤੇ ਬਣਿਆ ਰਸਤਾ) ਬਣਾਇਆ ਗਿਆ, ਜਿਸ ਵਿੱਚ 'ਆਰਟ ਡੇਕੋ' ਸ਼ੈਲੀ ਦੀਆਂ ਇਮਾਰਤਾਂ ਸਨ। ਇਸ ਨੇ ਇੱਕ ਵਿਲੱਖਣ ਆਧੁਨਿਕ ਭਵਨ ਨਿਰਮਾਣ ਸ਼ੈਲੀ ਨੂੰ ਜਨਮ ਦਿੱਤਾ, ਜੋ ਪਹਿਲਾਂ ਦੀ 'ਵਿਕਟੋਰੀਅਨ ਗੋਥਿਕ' ਸ਼ੈਲੀ ਤੋਂ ਬਿਲਕੁਲ ਵੱਖਰੀ ਸੀ।

2000 ਦੇ ਦਹਾਕੇ ਤੋਂ ਸ਼ਹਿਰ ਦੇ ਯੋਜਨਾਕਾਰ ਹੋਰ ਉਪਯੋਗੀ ਬੁਨਿਆਦੀ ਢਾਂਚਾ ਬਣਾਉਣ ਵਿੱਚ ਲੱਗੇ ਹੋਏ ਹਨ। ਇਸ ਵਿੱਚ ਨਵੇਂ ਸਮੁੰਦਰੀ ਪੁਲ ਅਤੇ ਸਮੁੰਦਰੀ ਕੰਢੇ 'ਤੇ ਸੜਕਾਂ ਬਣਾਈਆਂ ਜਾ ਰਹੀਆਂ ਹਨ, ਜਿਸ ਨਾਲ ਸ਼ਹਿਰ ਦਾ ਰੂਪ ਅੱਜ ਪੂਰੀ ਤਰ੍ਹਾਂ ਬਦਲ ਗਿਆ ਹੈ।

ਹੌਰਨਿਮਨ ਸਰਕਲ ਦੀ ਇੱਕ ਸ਼ੁਰੂਆਤੀ ਤਸਵੀਰ, ਜੋ ਬਸਤੀਵਾਦੀ ਦੌਰ ਦਾ ਇੱਕ ਮਹੱਤਵਪੂਰਨ ਵਪਾਰਕ ਕੇਂਦਰ ਸੀ

ਤਸਵੀਰ ਸਰੋਤ, DAG

ਤਸਵੀਰ ਕੈਪਸ਼ਨ, ਹੌਰਨਿਮਨ ਸਰਕਲ ਦੀ ਇੱਕ ਸ਼ੁਰੂਆਤੀ ਤਸਵੀਰ, ਜੋ ਬਸਤੀਵਾਦੀ ਦੌਰ ਦਾ ਇੱਕ ਮਹੱਤਵਪੂਰਨ ਵਪਾਰਕ ਕੇਂਦਰ ਸੀ

ਇੱਕ ਬੇਲਗਾਮ ਸ਼ਹਿਰ

ਆਪਣੇ ਪੂਰੇ ਇਤਿਹਾਸ ਦੌਰਾਨ, ਬੌਂਬੇ ਹਮੇਸ਼ਾ ਹੀ ਵਿਰੋਧਾਭਾਸਾਂ ਵਾਲਾ ਅਤੇ ਜੰਗਲੀ ਢੰਗ ਨਾਲ ਬੇਲਗਾਮ ਸ਼ਹਿਰ ਰਿਹਾ ਹੈ - ਜਿੱਥੇ ਸ਼ਾਨਦਾਰ ਟਾਵਰ ਝੁੱਗੀ-ਝੋਪੜੀਆਂ ਨਾਲ ਜਗ੍ਹਾ ਲਈ ਮੁਕਾਬਲਾ ਕਰਦੇ ਹਨ, ਸ਼ਹਿਰ ਦੀ ਬੇਚੈਨ ਰੌਣਕ ਉਸ ਦੇ ਆਲੇ-ਦੁਆਲੇ ਫੈਲੇ ਸ਼ਾਂਤ ਸਮੁੰਦਰ ਦੇ ਬਿਲਕੁਲ ਵਿਰੁੱਧ ਲੱਗਦੀ ਹੈ, ਅਤੇ ਇਤਿਹਾਸਕ ਇਮਾਰਤਾਂ ਸ਼ਹਿਰ ਦੀਆਂ ਆਧੁਨਿਕ ਗਤੀਵਿਧੀਆਂ ਦੇ ਨਾਲ-ਨਾਲ ਮੌਜੂਦ ਰਹਿੰਦੀਆਂ ਹਨ।

ਇਹ ਪ੍ਰਾਚੀਨ ਗੁਫਾਵਾਂ ਦਾ ਸ਼ਹਿਰ ਹੈ, ਪਰ ਨਾਲ ਹੀ ਆਧੁਨਿਕ ਮਿੱਲਾਂ ਅਤੇ ਪਰਮਾਣੂ ਖੋਜ ਸਹੂਲਤਾਂ ਦਾ ਵੀ ਸ਼ਹਿਰ ਹੈ; ਇਸੇ ਲਈ ਕੋਈ ਵੀ ਦੋ ਬੰਦੇ ਇਸਨੂੰ ਇੱਕੋ ਨਜ਼ਰੀਏ ਨਾਲ ਨਹੀਂ ਦੇਖ ਸਕਦੇ।

ਕਾਰਲਾ ਗੁਫ਼ਾਵਾਂ

ਤਸਵੀਰ ਸਰੋਤ, DAG

ਤਸਵੀਰ ਕੈਪਸ਼ਨ, ਕਾਰਲਾ ਗੁਫ਼ਾਵਾਂ ਮੁੰਬਈ ਦੇ ਆਲੇ-ਦੁਆਲੇ ਮੌਜੂਦ ਕਈ ਪ੍ਰਾਚੀਨ ਗੁਫਾਵਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੂੰ ਪੱਥਰ ਕੱਟ-ਕੱਟ ਕੇ ਬਣਾਇਆ ਗਿਆ ਹੈ

ਕੁਲੀਨ ਵਰਗ ਤੋਂ ਲੈ ਮਜ਼ਦੂਰਾਂ ਤੇ ਹਾਸ਼ੀਏ 'ਤੇ ਰਹਿਣ ਵਾਲੇ ਪਰਵਾਸੀਆਂ ਤੱਕ

ਪਰ ਕਿਸੇ ਵੀ ਸ਼ਹਿਰ ਦੀ ਰੂਹ ਸਿਰਫ਼ ਉਸ ਦੀਆਂ ਇਮਾਰਤਾਂ ਅਤੇ ਢਾਂਚਿਆਂ ਨਾਲ ਹੀ ਨਹੀਂ, ਸਗੋਂ ਉਸ ਵਿੱਚ ਰਹਿਣ ਵਾਲੇ ਲੋਕਾਂ ਨਾਲ ਵੀ ਜ਼ਿੰਦਾ ਹੁੰਦੀ ਹੈ।

ਅਤੇ ਇਹ ਪ੍ਰਦਰਸ਼ਨੀ ਸ਼ਹਿਰ ਦੇ ਕਈ ਨਿਵਾਸੀਆਂ ਦੇ ਰੋਜ਼ਾਨਾ ਜੀਵਨ ਰਾਹੀਂ ਉਸ ਦੀ ਕਹਾਣੀ ਦੱਸਣ ਦੀ ਕੋਸ਼ਿਸ਼ ਕਰਦੀ ਹੈ।

ਕਲਾਕਾਰ ਚਿੱਤਾਪ੍ਰਸਾਦ ਦੁਆਰਾ ਬਣਾਇਆ ਇੱਕ ਚਿੱਤਰ

ਤਸਵੀਰ ਸਰੋਤ, DAG

ਤਸਵੀਰ ਕੈਪਸ਼ਨ, ਕਲਾਕਾਰ ਚਿੱਤਾਪ੍ਰਸਾਦ ਦੁਆਰਾ ਬਣਾਇਆ ਇੱਕ ਚਿੱਤਰ, ਜਿਸ ਵਿੱਚ ਮੱਛੀ ਵੇਚਣ ਵਾਲੀ ਮਹਿਲਾ ਬੌਂਬੇ ਦੇ ਹਾਸ਼ੀਏ ਵਾਲੇ ਜੀਵਨ ਨੂੰ ਦਰਸਾਉਂਦੀ ਹੈ

ਪ੍ਰਕਾਸ਼ ਕਹਿੰਦੇ ਹਨ, "ਇਥੋਂ ਤੱਕ ਕਿ ਸ਼ੁਰੂਆਤੀ ਬ੍ਰਿਟਿਸ਼ ਦੌਰ ਦੇ ਸਮੁੰਦਰ ਅਤੇ ਕਸ਼ਤੀਆਂ ਦੇ ਸੁੰਦਰ ਨਜ਼ਾਰਿਆਂ ਵਾਲੀਆਂ ਤਸਵੀਰਾਂ ਵਿੱਚ ਵੀ ਇਨਸਾਨੀ ਆਕ੍ਰਿਤੀਆਂ ਦਿਖਾਈ ਦਿੰਦੀਆਂ ਹਨ, ਜੋ ਸਾਨੂੰ ਇਹ ਯਾਦ ਦਿਵਾਉਂਦੀਆਂ ਹਨ ਕਿ ਵਾਤਾਵਰਣ ਨੂੰ ਹਮੇਸ਼ਾ ਹੀ ਮਨੁੱਖੀ ਗਤੀਵਿਧੀਆਂ ਨੇ ਹੀ ਆਕਾਰ ਦਿੱਤਾ ਹੈ।"

ਪਾਰਸੀ ਸਮਾਜ ਸੇਵਕਾਂ ਅਤੇ ਮਹਾਰਾਸ਼ਟਰ ਦੇ ਕੁਲੀਨ ਵਰਗ ਤੋਂ ਲੈ ਕੇ ਮਿੱਲ ਮਜ਼ਦੂਰਾਂ ਅਤੇ ਹਾਸ਼ੀਏ 'ਤੇ ਰਹਿਣ ਵਾਲੇ ਪਰਵਾਸੀਆਂ ਤੱਕ - ਇਹ ਤਸਵੀਰਾਂ ਸ਼ਹਿਰ ਦੇ ਉਨ੍ਹਾਂ ਸਾਰੇ ਚਿਹਰਿਆਂ ਨੂੰ ਦਿਖਾਉਂਦੀਆਂ ਹਨ, ਜੋ ਬੌਂਬੇ ਦੇ ਨਿਰਮਾਣ ਦਾ ਦਾਅਵਾ ਕਰਦੇ ਹਨ।

ਪਾਰਸੀ ਵਪਾਰੀ ਅਤੇ ਉੱਚ ਵਰਗ

ਤਸਵੀਰ ਸਰੋਤ, DAG

ਤਸਵੀਰ ਕੈਪਸ਼ਨ, ਪਾਰਸੀ ਵਪਾਰੀ ਅਤੇ ਉੱਚ ਵਰਗ ਨੇ ਬਸਤੀਵਾਦੀ ਸੰਸਥਾਵਾਂ ਵਿੱਚ ਸਥਾਨਕ ਕਲਾਕਾਰਾਂ ਦਾ ਸਮਰਥਨ ਕੀਤਾ

ਪਾਰਸੀ ਕੁਲੀਨ ਵਰਗ ਦੇ ਲੋਕਾਂ ਦੇ ਖ਼ਾਸ ਤੌਰ 'ਤੇ ਬਣਾਏ ਗਏ ਚਿੱਤਰ "ਉਸ ਭਾਈਚਾਰੇ ਦੇ ਸਹਿਯੋਗ-ਤੰਤਰ (ਨੈਟਵਰਕ) ਅਤੇ ਸਮਾਜਿਕ ਇੱਛਾਵਾਂ ਨੂੰ ਦਰਸਾਉਂਦੇ ਹਨ" ਜਿਨ੍ਹਾਂ ਨੇ 20ਵੀਂ ਸਦੀ ਦੇ ਸ਼ੁਰੂ ਵਿੱਚ ਸ਼ਹਿਰ ਦੇ ਵਪਾਰਕ ਤਾਣੇ-ਬਾਣੇ ਦਾ ਗਠਨ ਕੀਤਾ ਸੀ।

ਇਸ ਦੇ ਬਿਲਕੁਲ ਉਲਟ, ਚਿੱਤਾਪ੍ਰਸਾਦ ਵਰਗੇ ਕਲਾਕਾਰ - ਜੋ ਆਪਣੀ ਤਿੱਖੀ ਸਮਾਜਿਕ ਅਤੇ ਸਿਆਸੀ ਆਲੋਚਨਾ ਲਈ ਜਾਣੇ ਜਾਂਦੇ ਸਨ - ਉਨ੍ਹਾਂ ਦੀਆਂ ਰਚਨਾਵਾਂ ਮਜ਼ਦੂਰ ਵਰਗ ਦੇ ਜੀਵਨ ਨੂੰ ਦਰਸਾਉਂਦੀਆਂ ਹਨ।

ਟ੍ਰੋਮਬੇ ਵਿੱਚ ਭਾਭਾ ਐਟਾਮਿਕ ਰਿਸਰਚ ਸੈਂਟਰ

ਤਸਵੀਰ ਸਰੋਤ, DAG

ਤਸਵੀਰ ਕੈਪਸ਼ਨ, ਟ੍ਰੋਮਬੇ ਵਿੱਚ ਭਾਭਾ ਐਟਾਮਿਕ ਰਿਸਰਚ ਸੈਂਟਰ ਭਾਰਤ ਦੀ ਆਜ਼ਾਦੀ ਤੋਂ ਬਾਅਦ ਦੀ ਵਿਗਿਆਨਕ ਤਰੱਕੀ ਦਾ ਹਿੱਸਾ ਸੀ

ਸਿਨੇਮਾ ਦੀ ਸ਼ੁਰੂਆਤ

ਹਾਲਾਂਕਿ ਬੌਂਬੇ ਨੇ ਹੀ ਭਾਰਤ ਵਿੱਚ ਸਿਨੇਮਾ ਦੀ ਸ਼ੁਰੂਆਤ ਕੀਤੀ ਸੀ, ਪਰ ਸਿਨੇਮਾ ਸਿਰਫ਼ ਪਰਦੇ (ਸੈਲੂਲਾਇਡ) 'ਤੇ ਹੀ ਨਹੀਂ, ਸਗੋਂ ਸ਼ਹਿਰ ਦੀਆਂ ਗਲੀਆਂ ਵਿੱਚ ਵੀ ਜੀਵੰਤ ਸੀ।

ਇਸ ਪ੍ਰਦਰਸ਼ਨੀ ਵਿੱਚ 1950 ਅਤੇ 60 ਦੇ ਦਹਾਕਿਆਂ ਦੇ ਪੁਰਾਣੇ ਫ਼ਿਲਮੀ ਪੋਸਟਰਾਂ ਦੀ ਇੱਕ ਸ਼ਾਨਦਾਰ ਸੀਰੀਜ਼ ਮੌਜੂਦ ਹੈ, ਜਿਨ੍ਹਾਂ ਨੂੰ ਕਦੇ ਸ਼ਹਿਰ ਦੀਆਂ ਕੰਧਾਂ 'ਤੇ ਚਿਪਕਾਇਆ ਜਾਂਦਾ ਸੀ।

ਮਧੂਬਾਲਾ

ਤਸਵੀਰ ਸਰੋਤ, DAG

ਤਸਵੀਰ ਕੈਪਸ਼ਨ, ਇਸ ਪ੍ਰਦਰਸ਼ਨੀ ਵਿੱਚ 1950 ਅਤੇ 60 ਦੇ ਦਹਾਕਿਆਂ ਦੇ ਫ਼ਿਲਮੀ ਪੋਸਟਰਾਂ ਦਾ ਇੱਕ ਕੁਲੈਕਸ਼ਨ ਸ਼ਾਮਲ ਹੈ

ਨਾਲ ਹੀ ਦਾਦਰ ਸਥਿਤ 'ਇੰਡੀਆ ਫੋਟੋ ਸਟੂਡੀਓ' ਦੇ ਸੰਸਥਾਪਕ ਜੇਐਚ ਠੱਕਰ ਵੱਲੋਂ ਖਿੱਚੀਆਂ ਤਸਵੀਰਾਂ ਵੀ ਇੱਥੇ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ।

ਕਿਊਰੇਟੋਰੀਅਲ ਨੋਟ ਵਿੱਚ ਕਿਹਾ ਗਿਆ ਹੈ, "ਉਨ੍ਹਾਂ ਦੇ ਮੂਡੀ ਅਤੇ ਬਹੁਤ ਹੀ ਬਾਰੀਕੀ ਨਾਲ ਬਣਾਏ ਗਏ 'ਸਿਲਵਰ ਜੈਲਾਟਿਨ' ਚਿੱਤਰਾਂ ਨੇ ਹੀ ਇਸ ਗੱਲ ਨੂੰ ਆਕਾਰ ਦਿੱਤਾ ਹੈ ਕਿ ਦਰਸ਼ਕ ਰਾਜ ਕਪੂਰ, ਨਰਗਿਸ, ਦੇਵ ਆਨੰਦ, ਮੀਨਾ ਕੁਮਾਰੀ ਅਤੇ ਦਿਲੀਪ ਕੁਮਾਰ ਵਰਗੇ ਸਿਤਾਰਿਆਂ ਨੂੰ ਕਿਵੇਂ ਦੇਖਦੇ ਸਨ।"

ਬਾਲੀਵੁੱਡ ਸਿਤਾਰੇ ਦੇਵ ਆਨੰਦ

ਤਸਵੀਰ ਸਰੋਤ, DAG

ਤਸਵੀਰ ਕੈਪਸ਼ਨ, ਬਾਲੀਵੁੱਡ ਸਿਤਾਰੇ ਦੇਵ ਆਨੰਦ ਦਾ ਜੇਐਚ ਠੱਕਰ ਵੱਲੋਂ ਖਿੱਚਿਆ ਗਿਆ ਕਾਲਾ-ਸਫੈਦ ਪੋਰਟਰੇਟ

'ਬੌਂਬੇ' ਤੋਂ 'ਮੁੰਬਈ'

ਐਮਵੀ ਧੁਰੰਧਰ

ਤਸਵੀਰ ਸਰੋਤ, DAG

ਤਸਵੀਰ ਕੈਪਸ਼ਨ, ਐਮਵੀ ਧੁਰੰਧਰ ਵੱਲੋਂ ਬਣਾਇਆ ਗਿਆ ਇਹ ਪ੍ਰਿੰਟ 1960 ਦੇ ਦਹਾਕੇ ਵਿੱਚ ਬੰਦ ਹੋਣ ਤੋਂ ਪਹਿਲਾਂ ਬੌਂਬੇ ਦੀਆਂ ਟ੍ਰੈਮਾਂ ਨੂੰ ਦਰਸਾਉਂਦਾ ਹੈ

1990 ਦੇ ਦਹਾਕੇ ਦੇ ਮੱਧ ਵਿੱਚ, ਸ਼ਹਿਰ ਦਾ ਨਾਮ ਅਧਿਕਾਰਕ ਤੌਰ 'ਤੇ 'ਬੌਂਬੇ' ਤੋਂ ਬਦਲ ਕੇ 'ਮੁੰਬਈ' ਕਰ ਦਿੱਤਾ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਹ ਕਦਮ ਸ਼ਹਿਰ ਦੀ ਬਸਤੀਵਾਦੀ ਵਿਰਾਸਤ ਤੋਂ ਛੁਟਕਾਰਾ ਪਾਉਣ ਲਈ ਚੁੱਕਿਆ ਗਿਆ ਸੀ, ਜਿਸ ਕਰਕੇ ਕੁਝ ਲੋਕਾਂ ਲਈ ਪੁਰਾਣਾ ਨਾਮ ਸਿਆਸੀ ਤੌਰ 'ਤੇ ਕਾਫ਼ੀ ਸੰਵੇਦਨਸ਼ੀਲ ਅਤੇ ਵਿਵਾਦਿਤ ਬਣ ਗਿਆ ਸੀ।

ਪ੍ਰਕਾਸ਼ ਦੱਸਦੇ ਹਨ ਕਿ ਉਨ੍ਹਾਂ ਦੀ ਪ੍ਰਦਰਸ਼ਨੀ ਦਾ ਸਿਰਲੇਖ "ਮੁੰਬਈ ਫ੍ਰੇਮਡ" ਦੀ ਬਜਾਏ "ਬੌਂਬੇ ਫ੍ਰੇਮਡ" ਇਸ ਲਈ ਰੱਖਿਆ ਗਿਆ ਹੈ, ਕਿਉਂਕਿ ਇਸ ਵਿੱਚ ਸ਼ਾਮਲ ਜ਼ਿਆਦਾਤਰ ਤਸਵੀਰਾਂ ਉਸ ਦੌਰ ਦੀਆਂ ਹਨ, ਜਦੋਂ ਇਸ ਸ਼ਹਿਰ ਨੂੰ ਅਧਿਕਾਰਕ ਤੌਰ 'ਤੇ 'ਬੌਂਬੇ' ਦੇ ਨਾਮ ਨਾਲ ਹੀ ਜਾਣਿਆ ਜਾਂਦਾ ਸੀ।

ਉਨ੍ਹਾਂ ਮੁਤਾਬਕ, ਮਰਾਠੀ ਬੋਲਣ ਵਾਲਿਆਂ ਲਈ ਇਹ ਹਮੇਸ਼ਾ ਤੋਂ 'ਮੁੰਬਈ' ਹੀ ਰਿਹਾ ਹੈ। ਨਾਮ ਨੂੰ ਲੈ ਕੇ ਮੇਰਾ ਕੋਈ ਪੱਕਾ ਮਤ ਨਹੀਂ ਹੈ ਅਤੇ ਬਹੁਤ ਸਾਰੇ ਉਨ੍ਹਾਂ ਲੋਕਾਂ ਦਾ ਵੀ ਨਹੀਂ ਹੈ, ਅਤੇ ਇਹ ਗੱਲ ਇਸ ਸ਼ਹਿਰ ਦੇ ਦੋਹਰੇ ਨਾਮਾਂ ਅਤੇ ਵੱਖ-ਵੱਖ ਨਜ਼ਰੀਆਂ ਦੇ ਲੰਬੇ ਇਤਿਹਾਸ ਨੂੰ ਦਰਸਾਉਂਦੀ ਹੈ। ਇਹ ਮੁੱਦਾ ਅਸਲ ਵਿੱਚ ਉਦੋਂ ਹੀ ਵਿਵਾਦਿਤ ਬਣਦਾ ਹੈ, ਜਦੋਂ ਇਸ ਨੂੰ ਸਿਆਸੀ ਰੰਗ ਦੇ ਦਿੱਤਾ ਜਾਂਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)