'ਦੋਵੇਂ ਬੱਚੇ ਜੈਵਿਕ ਤੌਰ 'ਤੇ ਭਰਾ-ਭੈਣ ਵੀ ਨਹੀਂ ਹਨ, ਮੈਂ ਜਾਣਦੀ ਸੀ ਕਿ ਕੁਝ ਗੜਬੜ ਹੈ', ਆਈਵੀਐਫ਼ ਕਲੀਨਿਕਾਂ ਨੇ ਪਰਿਵਾਰਾਂ ਨੂੰ ਗਲਤ ਸਪਰਮ ਦੇ ਦਿੱਤੇ

ਤਸਵੀਰ ਸਰੋਤ, Keith Bridle / BBC
- ਲੇਖਕ, ਏਨਾ ਕਾਲਿਨਸਨ
- ਰੋਲ, ਫ਼ਾਈਲ ਆਨ ਇਨਵੈਸਟਿਗੇਟਸ
- ਪੜ੍ਹਨ ਦਾ ਸਮਾਂ: 13 ਮਿੰਟ
ਲੌਰਾ ਕਹਿੰਦੇ ਹਨ, "ਜੇਮਸ ਦੇ ਜਨਮ ਦੇ ਥੋੜ੍ਹੀ ਹੀ ਦੇਰ ਬਾਅਦ ਮੈਨੂੰ ਲੱਗਣ ਲੱਗਿਆ ਸੀ ਕਿ ਕਿਤੇ ਨਾ ਕਿਤੇ ਕੁਝ ਗੜਬੜ ਹੈ।"
ਲੌਰਾ ਅਤੇ ਉਨ੍ਹਾਂ ਦੀ ਸਾਥਣ ਬੇਥ ਦੇ ਦੋ ਬੱਚੇ ਹਨ, ਜੇਮਸ ਅਤੇ ਉਨ੍ਹਾਂ ਦੀ ਵੱਡੀ ਧੀ ਕੇਟ, ਦੋਵਾਂ ਦਾ ਜਨਮ ਉੱਤਰੀ ਸਾਈਪ੍ਰਸ ਦੇ ਇੱਕ ਕਲੀਨਿਕ ਵਿੱਚ ਆਈਵੀਐੱਫ਼ ਇਲਾਜ ਰਾਹੀਂ ਹੋਇਆ ਸੀ।
ਦੋਵਾਂ ਮਹਿਲਾਵਾਂ ਨੇ ਆਪਣੇ-ਆਪਣੇ ਆਂਡਿਆਂ ਦਾ ਇਸਤੇਮਾਲ ਕੀਤਾ ਅਤੇ ਇੱਕੋ ਅਣਜਾਣ, ਸਿਹਤਮੰਦ ਸਪਰਮ ਡੋਨਰ ਨੂੰ ਬਹੁਤ ਸੋਚ ਸਮਝ ਕੇ ਚੁਣਿਆ। ਉਨ੍ਹਾਂ ਨੇ ਉਸ ਕਲੀਨਿਕ ਨੂੰ, ਜਿਸ ਨੇ ਉਨ੍ਹਾਂ ਲਈ ਸਪਰਮ ਮੰਗਵਾਇਆ ਸੀ, ਉਸ ਨੂੰ ਸਾਫ਼ ਤੌਰ 'ਤੇ ਦੱਸਿਆ ਸੀ ਕਿ ਦੋਵੇਂ ਬੱਚਿਆਂ ਲਈ ਇੱਕੋ ਡੋਨਰ ਵਰਤਿਆ ਜਾਣਾ ਚਾਹੀਦਾ ਹੈ, ਤਾਂ ਜੋ ਉਨ੍ਹਾਂ ਦੇ ਬੱਚੇ ਜੈਵਿਕ ਤੌਰ 'ਤੇ ਆਪਸ ਵਿੱਚ ਜੁੜੇ ਹੋਣ।
ਪਰ ਜਦੋਂ ਜੇਮਸ ਦਾ ਜਨਮ ਹੋਇਆ ਤਾਂ ਦੋਵਾਂ ਨੇ ਵੇਖਿਆ ਕਿ ਉਸ ਦੀਆਂ 'ਖੂਬਸੂਰਤ' ਭੂਰੀਆਂ ਅੱਖਾਂ ਉਸ ਦੀ ਬਾਇਓਲਾਜਿਕਲ (ਜੈਵਿਕ) ਮਾਂ ਬੇਥ ਅਤੇ ਉਸ ਸਪਰਮ ਡੋਨਰ ਤੋਂ ਬਿਲਕੁਲ ਵੱਖ ਸਨ, ਜਿਸ ਨੂੰ ਉਨ੍ਹਾਂ ਨੇ ਚੁਣਿਆ ਸੀ।
ਇਸ ਨਾਲ ਉਨ੍ਹਾਂ ਦੇ ਮਨ ਵਿੱਚ ਸ਼ੱਕ ਪੈਦਾ ਹੋ ਗਿਆ, "ਕੀ ਸਾਡੇ ਕਲੀਨਿਕ ਤੋਂ ਕੋਈ ਗਲਤੀ ਹੋ ਗਈ?"
ਕਰੀਬ ਇੱਕ ਦਹਾਕੇ ਤੱਕ ਚਿੰਤਾ ਵਿੱਚ ਰਹਿਣ ਤੋਂ ਬਾਅਦ, ਬੇਥ ਅਤੇ ਲੌਰਾ ਨੇ ਫ਼ੈਸਲਾ ਕੀਤਾ ਕਿ ਉਨ੍ਹਾਂ ਦੇ ਬੱਚਿਆਂ ਦਾ ਡੀਐੱਨਏ ਟੈਸਟ ਕਰਵਾਇਆ ਜਾਣਾ ਚਾਹੀਦਾ ਹੈ। ਨਤੀਜਿਆਂ ਤੋਂ ਪਤਾ ਲੱਗਾ ਕਿ ਦੋਵਾਂ ਵਿੱਚੋਂ ਕੋਈ ਵੀ ਬੱਚਾ ਉਸ ਸਪਰਮ ਡੋਨਰ ਨਾਲ ਜੁੜਿਆ ਨਹੀਂ ਸੀ, ਜਿਸ ਨੂੰ ਉਨ੍ਹਾਂ ਨੇ ਚੁਣਿਆ ਸੀ।
ਇੰਨਾ ਹੀ ਨਹੀਂ, ਸਬੂਤਾਂ ਤੋਂ ਇਹ ਵੀ ਸਾਹਮਣੇ ਆਇਆ ਕਿ ਦੋਵੇਂ ਬੱਚੇ ਆਪਸ ਵਿੱਚ ਵੀ ਜੈਵਿਕ ਤੌਰ 'ਤੇ ਜੁੜੇ ਹੋਏ ਨਹੀਂ ਹਨ।
ਬੇਥ ਕਹਿੰਦੇ ਹਨ, "ਸਭ ਤੋਂ ਡਰਾਉਣੀ ਗੱਲ ਇਹ ਅਹਿਸਾਸ ਸੀ ਕਿ ਕਿਤੇ ਬਹੁਤ ਵੱਡੀ ਗੜਬੜ ਹੋ ਗਈ ਹੈ ਅਤੇ ਇਸ ਦਾ ਬੱਚਿਆਂ ਦੀ ਜ਼ਿੰਦਗੀ 'ਤੇ ਕੀ ਅਸਰ ਪਵੇਗਾ।"
ਢਿੱਲੇ ਕਾਨੂੰਨ ਅਤੇ ਵੱਡੇ ਦਾਅਵਿਆਂ ਦਾ ਜਾਲ

ਤਸਵੀਰ ਸਰੋਤ, Family supplied
ਬੀਬੀਸੀ ਨਿਊਜ਼ ਨੇ ਅਜਿਹੇ ਕੁੱਲ ਸੱਤ ਬੱਚਿਆਂ ਦੇ ਪਰਿਵਾਰਾਂ ਨਾਲ ਗੱਲ ਕੀਤੀ ਹੈ, ਜਿਨ੍ਹਾਂ ਨੂੰ ਲੱਗਦਾ ਹੈ ਕਿ ਆਈਵੀਐੱਫ਼ ਇਲਾਜ ਦੌਰਾਨ ਗ਼ਲਤ ਸਪਰਮ ਜਾਂ ਐਗ ਡੋਨਰ ਵਰਤਿਆ ਗਿਆ।
ਇਨ੍ਹਾਂ ਵਿੱਚੋਂ ਜ਼ਿਆਦਾਤਰ ਪਰਿਵਾਰਾਂ ਨੇ ਕਮਰਸ਼ੀਅਲ ਡੀਐੱਨਏ ਟੈਸਟ ਕਰਵਾਏ ਹਨ, ਜਿਨ੍ਹਾਂ ਨਾਲ ਉਨ੍ਹਾਂ ਦੇ ਖਦਸ਼ੇ ਸੱਚ ਸਾਬਤ ਹੁੰਦੇ ਨਜ਼ਰ ਆ ਰਹੇ ਹਨ।
ਇਹ ਸਾਰੇ ਮਾਮਲੇ ਉੱਤਰੀ ਸਾਈਪ੍ਰਸ ਦੇ ਕਲੀਨਿਕਾਂ ਨਾਲ ਜੁੜੇ ਹਨ। ਇਹ ਇੱਕ ਅਜਿਹਾ ਇਲਾਕਾ ਹੈ ਜਿੱਥੇ ਯੂਰਪੀ ਸੰਘ ਦੇ ਕਾਨੂੰਨ ਲਾਗੂ ਨਹੀਂ ਹੁੰਦੇ ਅਤੇ ਜਿਸ ਨੂੰ ਕਾਨੂੰਨੀ ਤੌਰ 'ਤੇ ਸਿਰਫ਼ ਤੁਰਕੀ ਹੀ ਮਾਨਤਾ ਦਿੰਦਾ ਹੈ।
ਮਾਹਰਾਂ ਮੁਤਾਬਕ, ਉੱਤਰੀ ਸਾਈਪ੍ਰਸ ਵਿਦੇਸ਼ ਵਿੱਚ ਪ੍ਰਜਨਨ ਟ੍ਰੀਟਮੈਂਟ ਕਰਵਾਉਣ ਵਾਲੇ ਬ੍ਰਿਟਿਸ਼ ਲੋਕਾਂ ਲਈ ਹਰਮਨ ਪਿਆਰੀਆਂ ਥਾਵਾਂ ਵਿੱਚੋਂ ਇੱਕ ਬਣ ਗਿਆ ਹੈ। ਇੱਥੇ ਕਲੀਨਿਕਾਂ 'ਤੇ ਲਾਗੂ ਹੋਣ ਵਾਲੇ ਨਿਯਮ-ਕਾਨੂੰਨ ਢਿੱਲੇ ਹਨ ਅਤੇ ਇਹ ਘੱਟ ਕੀਮਤ ਅਤੇ ਵੱਡੇ ਪੱਧਰ 'ਤੇ ਸਫ਼ਲਤਾ ਦਾ ਵਾਅਦਾ ਕਰਦੇ ਹਨ।
ਇਹ ਕਲੀਨਿਕ ਬਹੁਤ ਵੱਡੀ ਗਿਣਤੀ ਵਿੱਚ ਦੁਨੀਆ ਭਰ ਤੋਂ ਆਏ ਅਣਜਾਣ ਐਗ ਅਤੇ ਸਪਰਮ ਡੋਨਰਾਂ ਨਾਲ ਆਪਣੇ ਜੁੜਾਅ ਦਾ ਦਾਅਵਾ ਕਰਦੇ ਹਨ। ਇਸ ਕਾਰਨ ਇਹ ਖ਼ਾਸ ਤੌਰ 'ਤੇ ਪ੍ਰਜਨਨ ਨਾਲ ਸੰਬੰਧਿਤ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਲੋਕਾਂ, ਐੱਲਜੀਬੀਟੀ ਭਾਈਚਾਰੇ ਦੇ ਲੋਕਾਂ ਅਤੇ ਇਕੱਲੇ ਨੌਜਵਾਨ ਲਈ ਆਕਰਸ਼ਕ ਬਣ ਜਾਂਦੇ ਹਨ, ਖ਼ਾਸਕਰ ਉਸ ਵੇਲੇ, ਜਦੋਂ ਉਨ੍ਹਾਂ ਨੂੰ ਆਪਣੇ ਦੇਸ਼ ਵਿੱਚ ਇੰਨੇ ਬਦਲ ਨਹੀਂ ਮਿਲਦੇ।
ਸੋਸ਼ਲ ਮੀਡੀਆ 'ਤੇ ਅਜਿਹੀਆਂ ਕਈ ਵੀਡੀਓ ਅਤੇ ਤਸਵੀਰਾਂ ਮੌਜੂਦ ਹਨ, ਜਿਨ੍ਹਾਂ ਵਿੱਚ ਉਮੀਦਾਂ ਲਗਾਈ ਬੈਠੇ ਮਾਪੇ ਆਪਣੇ ਸਕਾਰਾਤਮਕ ਤਜ਼ਰਬੇ ਸਾਂਝੇ ਕਰਦੇ ਨਜ਼ਰ ਆਉਂਦੇ ਹਨ।
ਉੱਤਰੀ ਸਾਈਪ੍ਰਸ ਦੇ ਕਲੀਨਿਕ ਅਜਿਹੇ ਇਲਾਜ ਵੀ ਦਿੰਦੇ ਹਨ, ਜੋ ਬ੍ਰਿਟੇਨ ਵਿੱਚ ਗ਼ੈਰਕਾਨੂੰਨੀ ਹਨ, ਜਿਵੇਂ ਕਿ ਗ਼ੈਰ-ਚਿਕਿਤਸਕੀ ਕਾਰਨਾਂ ਕਰਕੇ ਬੱਚੇ ਦੇ ਲਿੰਗ ਦੀ ਚੋਣ।
ਇਸ ਇਲਾਕੇ ਦਾ ਸਿਹਤ ਮੰਤਰਾਲਾ ਪ੍ਰਜਨਨ ਕਲੀਨਿਕਾਂ ਦੀ ਨਿਗਰਾਨੀ ਕਰਦਾ ਹੈ, ਪਰ ਵਾਰ-ਵਾਰ ਬੇਨਤੀ ਦੇ ਬਾਵਜੂਦ ਇਸ ਨੇ ਸਾਡੀ ਪੜਤਾਲ ਦੇ ਨਤੀਜਿਆਂ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
'ਸਾਨੂੰ ਲੱਗਿਆ ਸੀ ਕਿ ਅਸੀਂ ਡੈਨਮਾਰਕ ਤੋਂ ਸਪਰਮ ਮੰਗਵਾਇਆ ਹੈ'

ਇਸ ਜਾਂਚ ਵਿੱਚ ਸ਼ਾਮਲ ਸਾਰੇ ਪਰਿਵਾਰਾਂ ਦਾ ਭਰੋਸਾ ਜਿੱਤਣ ਵਿੱਚ ਕਈ ਮਹੀਨੇ ਲੱਗ ਗਏ। ਅਸੀਂ ਬੇਥ, ਲੌਰਾ, ਕੇਟ ਅਤੇ ਜੇਮਸ ਨਾਲ ਨੇੜਿਓਂ ਕੰਮ ਕੀਤਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਉਹ ਆਪਣੀ ਕਹਾਣੀ ਸਾਂਝੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ।
ਬੇਥ ਅਤੇ ਲੌਰਾ ਨੇ ਸਾਨੂੰ ਦੱਸਿਆ ਕਿ ਉਨ੍ਹਾਂ ਨੇ 2011 ਵਿੱਚ ਪਰਿਵਾਰ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਸੀ।
ਉਨ੍ਹਾਂ ਨੇ ਉੱਤਰੀ ਸਾਈਪ੍ਰਸ ਦੇ ਡੋਗੁਸ ਆਈਵੀਐੱਫ਼ ਸੈਂਟਰ ਨੂੰ ਚੁਣਿਆ। ਉਸ ਸਮੇਂ ਉੱਥੇ ਦੀ ਪੇਸ਼ੈਂਟ ਕੋਆਰਡੀਨੇਟਰ ਜੂਲੀ ਹੌਡਸਨ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਇਹ ਕਲੀਨਿਕ ਡੈਨਮਾਰਕ ਵਿੱਚ ਸਥਿਤ ਦੁਨੀਆ ਦੇ ਸਭ ਤੋਂ ਵੱਡੇ ਸਪਰਮ ਬੈਂਕ, ਕ੍ਰਾਯੋਸ ਇੰਟਰਨੈਸ਼ਨਲ, ਤੋਂ ਫ੍ਰੀਜ਼ ਕੀਤਾ ਹੋਇਆ ਸਪਰਮ ਮੰਗਵਾ ਸਕਦਾ ਹੈ।
ਉਨ੍ਹਾਂ ਦਾ ਕਹਿਣਾ ਹੈ ਕਿ ਉਹ ਅਣਜਾਣ ਡੋਨਰਾਂ ਦੀ ਉਸ ਵੱਡੀ ਰੇਂਜ ਤੋਂ ਕਾਫ਼ੀ ਪ੍ਰਭਾਵਿਤ ਹੋਈਆਂ ਸਨ, ਜਿਨ੍ਹਾਂ ਬਾਰੇ ਕਿਹਾ ਗਿਆ ਸੀ ਕਿ ਉਨ੍ਹਾਂ ਦੀ 'ਵਿਆਪਕ ਸਿਹਤ ਜਾਂਚ' ਅਤੇ ਮਨੋਵਿਗਿਆਨਿਕ ਟੈਸਟ ਕੀਤੇ ਗਏ ਹਨ।
ਦੋਵਾਂ ਮਹਿਲਾਵਾਂ ਨੂੰ ਇੱਕ ਡੋਨਰ ਦੀ ਪ੍ਰੋਫ਼ਾਈਲ ਖ਼ਾਸ ਤੌਰ 'ਤੇ ਪਸੰਦ ਆਈ, ਜਿਸ ਨੂੰ 'ਫਿਨ' ਕਿਹਾ ਗਿਆ ਸੀ। ਇਹ ਇੱਕ ਡੈਨਿਸ਼ ਵਿਅਕਤੀ, ਜਿਸ ਨੇ ਆਪਣੇ ਆਪ ਨੂੰ ਫਿਟ ਅਤੇ ਸਿਹਤਮੰਦ ਦੱਸਿਆ ਸੀ, ਜੋ ਬਹੁਤ ਘੱਟ ਸ਼ਰਾਬ ਪੀਂਦਾ ਸੀ ਅਤੇ ਕਦੇ ਸਿਗਰਟਨੋਸ਼ੀ ਨਹੀਂ ਕਰਦਾ ਸੀ।
ਉਨ੍ਹਾਂ ਨੇ ਇੱਕ ਹੱਥ ਨਾਲ ਲਿਖਿਆ ਨੋਟ ਵੀ ਵੇਖਿਆ ਸੀ ਜਿਸ ਵਿੱਚ ਫਿਨ ਨੇ ਕਿਹਾ ਸੀ ਕਿ ਸਪਰਮ ਡੋਨੇਟ ਕਰਨ ਦੇ ਪਿੱਛੇ ਉਸ ਦੀ ਪ੍ਰੇਰਣਾ 'ਦੂਜਿਆਂ ਦੀ ਜ਼ਿੰਦਗੀ ਵਿੱਚ ਜੀਵਨ ਅਤੇ ਖੁਸ਼ੀਆਂ ਲਿਆਉਣਾ' ਹੈ।
ਬੇਥ ਅਤੇ ਲੌਰਾ ਨੂੰ ਉਮੀਦ ਸੀ ਕਿ ਉਨ੍ਹਾਂ ਦੇ ਪੈਦਾ ਹੋਣ ਵਾਲੇ ਬੱਚੇ ਜਦੋਂ ਵੱਡੇ ਹੋ ਰਹੇ ਹੋਣਗੇ, ਉਦੋਂ ਡੋਨਰ ਦੀ ਇਹ ਵਿਸਥਾਰਿਤ ਪ੍ਰੋਫ਼ਾਈਲ ਉਨ੍ਹਾਂ ਲਈ ਲਾਭਦਾਇਕ ਰਹੇਗੀ।
ਬੇਥ ਕਹਿੰਦੇ ਹਨ, "ਸਾਨੂੰ ਲੱਗਾ ਕਿ ਇਹ ਬਹੁਤ ਜ਼ਰੂਰੀ ਹੈ ਕਿ ਸਾਡੇ ਬੱਚਿਆਂ ਨੂੰ ਪਤਾ ਹੋਵੇ ਕਿ ਉਨ੍ਹਾਂ ਦਾ ਡੋਨਰ ਕੌਣ ਸੀ, ਕਿਉਂਕਿ ਉਹੀ ਤਾਂ ਉਨ੍ਹਾਂ ਦਾ ਅੱਧਾ ਹਿੱਸਾ ਹੈ।"
ਇੱਕ ਵਿਸਥਾਰਿਤ ਪਰਿਵਾਰਕ ਵੇਰਵੇ ਤੋਂ ਪਤਾ ਲੱਗਦਾ ਸੀ ਕਿ ਫਿਨ ਅਤੇ ਉਸ ਦੇ ਡੈਨਮਾਰਕ ਵਿੱਚ ਰਹਿੰਦੇ ਰਿਸ਼ਤੇਦਾਰਾਂ ਦੀ ਸਰੀਰਕ ਬਣਤਰ ਵੀ ਇਸ ਬ੍ਰਿਟਿਸ਼ ਜੋੜੇ ਨਾਲ ਮਿਲਦੀ ਜੁਲਦੀ ਸੀ- ਹਲਕੀਆਂ ਅੱਖਾਂ ਅਤੇ ਭੂਰੇ ਵਾਲ।
ਲੌਰਾ ਯਾਦ ਕਰਦੇ ਹਨ, "ਅਸੀਂ ਆਪਣੀ ਪੇਸ਼ੈਂਟ ਕੋਆਰਡੀਨੇਟਰ ਜੂਲੀ ਤੋਂ ਪੁੱਛਿਆ ਕਿ ਫਿਨ ਦਾ ਸਪਰਮ ਆਰਡਰ ਕਰਨ ਲਈ ਸਾਨੂੰ ਕੀ ਕਰਨਾ ਹੋਵੇਗਾ। ਉਨ੍ਹਾਂ ਨੇ ਕਿਹਾ, 'ਡਾਕਟਰ ਫਿਰਦੇਵਸ ਇਸ ਨੂੰ ਤੁਹਾਡੇ ਲਈ ਆਰਡਰ ਕਰ ਦੇਣਗੇ।' ਬਸ ਇੰਨਾ ਹੀ।"

ਤਸਵੀਰ ਸਰੋਤ, Family supplied
ਜੋੜੇ ਦਾ ਕਹਿਣਾ ਹੈ ਕਿ ਡੋਗੁਸ ਵਿੱਚ ਉਨ੍ਹਾਂ ਦਾ ਆਈਵੀਐਫ਼ ਟ੍ਰੀਟਮੈਂਟ ਡਾਕਟਰ ਫਿਰਦੇਵਸ ਉਗੁਜ਼ ਤਿਪ ਨੇ ਕੀਤਾ ਸੀ। ਉਹ ਉਨ੍ਹਾਂ ਨੂੰ ਅਤੇ ਉਨ੍ਹਾਂ ਦੀ ਟੀਮ ਨੂੰ 'ਚੰਗਾ ਅਤੇ ਦੋਸਤਾਨਾ' ਦੱਸਦੀਆਂ ਹਨ।
ਨੌ ਮਹੀਨੇ ਬਾਅਦ, ਲੌਰਾ ਨੇ ਉਨ੍ਹਾਂ ਦੇ ਪਹਿਲੇ ਬੱਚੇ ਕੇਟ ਨੂੰ ਜਨਮ ਦਿੱਤਾ।
ਜਦੋਂ ਜੋੜੇ ਨੇ ਦੂਜਾ ਬੱਚਾ ਚਾਹਿਆ, ਤਾਂ ਉਹ ਉਸੇ ਆਈਵੀਐੱਫ਼ ਟੀਮ ਕੋਲ ਦੁਬਾਰਾ ਗਏ ਅਤੇ ਪੁੱਛਿਆ ਕਿ ਕੀ ਉਹ ਫਿਰ ਤੋਂ ਡੋਨਰ ਫਿਨ ਦਾ ਸਪਰਮ ਵਰਤ ਸਕਦੇ ਹਨ। ਹੌਡਸਨ ਨੇ ਈਮੇਲ ਰਾਹੀਂ ਪੁਸ਼ਟੀ ਕੀਤੀ ਕਿ ਫਿਰਦੇਵਸ ਸਪਰਮ ਦੁਬਾਰਾ ਮੰਗਵਾ ਦੇਣਗੇ।
ਇਸ ਵਾਰ, ਬੇਥ ਨੇ ਜੇਮਸ ਨੂੰ ਜਨਮ ਦਿੱਤਾ।
ਉੱਤਰੀ ਸਾਈਪ੍ਰਸ ਵਿੱਚ ਇਸ ਜੋੜੇ ਦੇ ਪ੍ਰਜਨਨ ਟ੍ਰੀਟਮੈਂਟ 'ਤੇ, ਜਿਸ ਵਿੱਚ ਦਵਾਈਆਂ, ਹੋਟਲ ਅਤੇ ਫਲਾਈਟ ਸ਼ਾਮਲ ਸਨ, ਕੁੱਲ ਮਿਲਾ ਕੇ ਕਰੀਬ 16,000 ਪਾਊਂਡ ਦਾ ਖਰਚ ਆਇਆ। ਇਸ ਵਿੱਚ ਫਿਨ ਦੇ ਸਪਰਮ ਦੀ ਕੀਮਤ 2,000 ਪਾਊਂਡ ਸ਼ਾਮਲ ਸੀ।

ਬੇਥ ਅਤੇ ਲੌਰਾ ਕਹਿੰਦੀਆਂ ਹਨ ਕਿ ਉਨ੍ਹਾਂ ਨੇ ਸ਼ੁਰੂ ਤੋਂ ਹੀ ਆਪਣੇ ਬੱਚਿਆਂ ਨਾਲ ਉਸ ਵਿਅਕਤੀ ਬਾਰੇ ਖੁੱਲ੍ਹ ਕੇ ਗੱਲ ਕੀਤੀ, ਜਿਸ ਨੂੰ ਉਹ ਡੋਨਰ ਮੰਨਦੀਆਂ ਸਨ। ਲੌਰਾ ਕਹਿੰਦੇ ਹਨ, "ਦੋਵੇਂ ਹੀ ਆਪਣੇ ਆਪ ਨੂੰ 'ਅੱਧਾ ਡੈਨਿਸ਼' ਦੱਸਦੇ ਸਨ।"
ਪਰ ਜੇਮਸ ਦੀਆਂ ਗਹਿਰੀਆਂ ਅੱਖਾਂ, ਗਹਿਰੇ ਵਾਲ ਅਤੇ ਜੈਤੂਨੀ ਰੰਗ ਦੀ ਸਕਿਨ ਦੇਖ ਕੇ ਉਨ੍ਹਾਂ ਨੂੰ ਸ਼ੱਕ ਹੋਣ ਲੱਗਾ ਕਿ ਉਸ ਦਾ ਡੋਨਰ ਸ਼ਾਇਦ ਫਿਨ ਨਹੀਂ ਸੀ। ਅਤੇ ਕਈ ਸਾਲ ਤੱਕ ਸੋਚ ਵਿਚਾਰ ਕਰਨ ਤੋਂ ਬਾਅਦ, ਬੇਥ ਅਤੇ ਲੌਰਾ ਨੇ ਫ਼ੈਸਲਾ ਕੀਤਾ ਕਿ ਦੋਵੇਂ ਬੱਚਿਆਂ ਦਾ ਡੀਐੱਨਏ ਟੈਸਟ ਕਰਵਾਇਆ ਜਾਵੇ।
ਨਤੀਜਿਆਂ ਤੋਂ ਪਤਾ ਲੱਗਾ ਕਿ ਦੋਵਾਂ ਵਿੱਚੋਂ ਕਿਸੇ ਵੀ ਬੱਚੇ ਦਾ ਜਨਮ ਫਿਨ ਦੇ ਸਪਰਮ ਤੋਂ ਨਹੀਂ ਹੋਇਆ ਸੀ। ਇਸ ਨਾਲ ਇਹ ਵੀ ਸੰਕੇਤ ਮਿਲਿਆ ਕਿ ਦੋਵੇਂ ਬੱਚੇ ਵੱਖ-ਵੱਖ ਸਪਰਮ ਡੋਨਰਾਂ ਤੋਂ ਪੈਦਾ ਹੋਏ ਸਨ ਅਤੇ ਉਹ ਆਪਸ ਵਿੱਚ ਜੈਵਿਕ ਤੌਰ 'ਤੇ ਭਰਾ ਭੈਣ ਵੀ ਨਹੀਂ ਸਨ।
ਇਨ੍ਹਾਂ ਟੈਸਟ ਨਤੀਜਿਆਂ ਨਾਲ ਉਨ੍ਹਾਂ ਨੂੰ 'ਬਹੁਤ ਗੁੱਸਾ' ਆਇਆ ਅਤੇ ਬਹੁਤ ਸਾਰੇ ਅਜਿਹੇ ਸਵਾਲ ਖੜ੍ਹੇ ਹੋਏ ਜਿਨ੍ਹਾਂ ਦੇ ਜਵਾਬ ਨਹੀਂ ਸਨ... ਡੋਨਰ ਕੌਣ ਸਨ ਅਤੇ ਕੀ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਕੋਈ ਜਾਂਚ ਕੀਤੀ ਗਈ ਸੀ ਜਾਂ ਨਹੀਂ?
ਬੇਥ ਕਹਿੰਦੇ ਹਨ, ''ਜਿੱਥੇ ਪਹਿਲਾਂ ਸਾਡੇ ਕੋਲ ਡੋਨਰ ਫਿਨ ਦੀ ਇੱਕ ਚੰਗੀ ਪ੍ਰੋਫ਼ਾਈਲ ਸੀ ਅਤੇ ਸਾਨੂੰ ਲੱਗਦਾ ਸੀ ਕਿ ਅਸੀਂ ਪਰਿਵਾਰ ਅਤੇ ਸਿਹਤ ਦਾ ਇਤਿਹਾਸ ਜਾਣਦੇ ਹਾਂ ਅਤੇ ਹੁਣ ਸਾਡੇ ਕੋਲ ਕੁਝ ਵੀ ਨਹੀਂ ਸੀ।"
ਬੇਥ ਅਤੇ ਲੌਰਾ ਨੇ ਫਿਰਦੇਵਸ ਅਤੇ ਹੌਡਸਨ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਦੋਵਾਂ ਵਿੱਚੋਂ ਕਿਸੇ ਨੇ ਵੀ ਕੋਈ ਜਵਾਬ ਨਹੀਂ ਦਿੱਤਾ।
ਬੀਬੀਸੀ ਨੇ ਇਹ ਪਤਾ ਲਗਾਉਣ ਵਿੱਚ ਕਈ ਮਹੀਨੇ ਲਗਾਏ ਕਿ ਬੇਥ ਅਤੇ ਲੌਰਾ ਨਾਲ ਆਖ਼ਿਰ ਹੋਇਆ ਕੀ ਸੀ।
ਆਪਣੀ ਜਾਂਚ ਦੌਰਾਨ, ਸਾਨੂੰ ਦੋ ਹੋਰ ਬ੍ਰਿਟਿਸ਼ ਪਰਿਵਾਰ ਮਿਲੇ, ਜਿਨ੍ਹਾਂ ਦਾ ਇਲਾਜ ਫਿਰਦੇਵਸ ਨੇ ਕੀਤਾ ਸੀ ਅਤੇ ਉਨ੍ਹਾਂ ਨੂੰ ਵੀ ਸ਼ੱਕ ਸੀ ਕਿ ਉਨ੍ਹਾਂ ਦੇ ਆਈਵੀਐੱਫ਼ ਇਲਾਜ ਦੌਰਾਨ ਗ਼ਲਤ ਡੋਨਰ ਵਰਤੇ ਗਏ ਸਨ।
ਉਨ੍ਹਾਂ ਪਰਿਵਾਰਾਂ ਨੇ ਵੀ ਵਪਾਰਕ ਡੀਐੱਨਏ ਟੈਸਟ ਕਰਵਾਏ ਸਨ, ਜਿਨ੍ਹਾਂ ਤੋਂ ਸੰਕੇਤ ਮਿਲਦਾ ਹੈ ਕਿ ਉਨ੍ਹਾਂ ਦੇ ਸ਼ੱਕ ਸਹੀ ਸਨ।
ਬੇਥ ਅਤੇ ਲੌਰਾ ਇਹ ਸਵਾਲ ਉਠਾ ਰਹੀਆਂ ਹਨ ਕਿ ਕੀ ਉਨ੍ਹਾਂ ਦੇ ਕਲੀਨਿਕ ਨੇ ਵਾਕਈ ਡੋਨਰ ਫਿਨ ਦਾ ਸਪਰਮ ਮੰਗਵਾਇਆ ਵੀ ਸੀ ਜਾਂ ਨਹੀਂ।
ਜਦੋਂ ਅਸੀਂ ਫਿਰਦੇਵਸ ਨਾਲ ਸੰਪਰਕ ਕੀਤਾ, ਤਾਂ ਉਨ੍ਹਾਂ ਨੇ ਕਿਹਾ ਕਿ ਡੋਗੁਸ ਵਿੱਚ ਸਪਰਮ ਆਰਡਰ ਕਰਨ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਨਹੀਂ ਸੀ ਅਤੇ ਡੋਨਰ ਫਿਨ ਨਾਲ ਜੁੜੀ ਕਿਸੇ ਵੀ ਮੰਗ ਦੀ ਜਾਣਕਾਰੀ ਉਨ੍ਹਾਂ ਨੂੰ ਨਹੀਂ ਦਿੱਤੀ ਗਈ ਸੀ।
ਉਨ੍ਹਾਂ ਨੇ ਬੇਥ ਅਤੇ ਲੌਰਾ ਦੇ ਵਪਾਰਕ ਡੀਐੱਨਏ ਟੈਸਟ ਦੀ ਭਰੋਸੇਯੋਗਤਾ 'ਤੇ ਵੀ ਸਵਾਲ ਉਠਾਇਆ। ਉਨ੍ਹਾਂ ਦਾ ਕਹਿਣਾ ਹੈ ਕਿ ਇਹ 'ਪੂਰੀ ਨਿਸ਼ਚਿਤਤਾ' ਨਾਲ ਨਹੀਂ ਕਿਹਾ ਜਾ ਸਕਦਾ ਕਿ ਗ਼ਲਤ ਡੋਨਰ ਵਰਤਿਆ ਗਿਆ ਸੀ।
ਫਿਰਦੇਵਸ ਨੇ ਬੀਬੀਸੀ ਨੂੰ ਇਹ ਵੀ ਦੱਸਿਆ ਕਿ 2011 ਤੋਂ 2014 ਦੇ ਵਿਚਕਾਰ, ਜਦੋਂ ਬੇਥ ਅਤੇ ਲੌਰਾ ਉੱਥੇ ਮਰੀਜ਼ ਸਨ, ਉਨ੍ਹਾਂ ਨੇ 'ਆਈਵੀਐਫ਼ ਇਲਾਜ ਕੀਤਾ ਹੀ ਨਹੀਂ', ਜਦਕਿ ਉਸੇ ਅਰਸੇ ਵਿੱਚ ਡੋਗੁਸ ਦੀ ਆਪਣੀ ਵੈਬਸਾਈਟ 'ਤੇ ਉਨ੍ਹਾਂ ਵੱਲੋਂ ਕੀਤੇ ਜਾਣ ਵਾਲੇ ਪ੍ਰੋਸੀਜਰਾਂ ਦਾ ਵਿਸਥਾਰਿਤ ਵੇਰਵਾ ਮੌਜੂਦ ਸੀ।
ਡੋਗੁਸ ਕਲੀਨਿਕ, ਜਿਸ ਨੂੰ ਫਿਰਦੇਵਸ ਬੇਥ ਅਤੇ ਲੌਰਾ ਦੇ ਇਲਾਜ ਦੀ ਜ਼ਿੰਮੇਵਾਰ ਦੱਸ ਰਹੀਆਂ ਹਨ, ਨੇ ਵੀ ਸਾਡੀ ਟਿੱਪਣੀ ਦੀ ਮੰਗ 'ਤੇ ਕੋਈ ਜਵਾਬ ਨਹੀਂ ਦਿੱਤਾ।

2015 ਤੱਕ ਫਿਰਦੇਵਸ ਅਤੇ ਹੌਡਸਨ ਦੋਵੇਂ ਡੋਗੁਸ ਛੱਡ ਚੁੱਕੀਆਂ ਸਨ ਅਤੇ ਉੱਤਰੀ ਸਾਈਪ੍ਰਸ ਦੇ ਹੀ ਇੱਕ ਹੋਰ ਕਲੀਨਿਕ ਵਿੱਚ ਇਕੱਠੇ ਕੰਮ ਕਰ ਰਹੀਆਂ ਸਨ।
ਹੌਡਸਨ, ਜੋ ਹੁਣ ਉਸ ਇਲਾਕੇ ਵਿੱਚ ਕੰਮ ਨਹੀਂ ਕਰਦੇ ਹਨ, ਉਨ੍ਹਾਂ ਨੇ ਇਸ ਸਵਾਲ 'ਤੇ ਬੀਬੀਸੀ ਦੇ ਕਿਸੇ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ ਕਿ ਕੀ ਉਨ੍ਹਾਂ ਨੇ ਸਪਰਮ ਦਾ ਆਰਡਰ ਫਿਰਦੇਵਸ ਤੱਕ ਪਹੁੰਚਾਇਆ ਸੀ ਜਾਂ ਨਹੀਂ।
ਬੇਥ, ਲੌਰਾ ਅਤੇ ਬੱਚਿਆਂ ਨੇ ਹੁਣ ਹੋਰ ਵੀ ਡੀਐੱਨਏ ਟੈਸਟ ਕਰਵਾਏ ਹਨ, ਜੋ ਮਾਨਤਾ ਪ੍ਰਾਪਤ ਹਨ ਅਤੇ ਬ੍ਰਿਟੇਨ ਦੀਆਂ ਅਦਾਲਤਾਂ ਵਿੱਚ ਵਰਤੇ ਜਾ ਸਕਦੇ ਹਨ। ਇਨ੍ਹਾਂ ਤੋਂ ਪੁਸ਼ਟੀ ਹੋਈ ਹੈ ਕਿ ਜੇਮਸ ਅਤੇ ਕੇਟ ਆਪਸ ਵਿੱਚ ਜੈਵਿਕ ਤੌਰ 'ਤੇ ਜੁੜੇ ਨਹੀਂ ਹਨ ਅਤੇ ਦੋਵਾਂ ਦਾ ਜਨਮ ਇੱਕੋ ਸਪਰਮ ਡੋਨਰ ਤੋਂ ਨਹੀਂ ਹੋਇਆ ਹੈ।
ਇੱਕ ਪ੍ਰਮੁੱਖ ਫੋਰੈਂਸਿਕ ਜੈਨੇਟਿਕਸ ਮਾਹਰ, ਜਿਨ੍ਹਾਂ ਨੇ ਪਰਿਵਾਰ ਦੇ ਸਾਰੇ ਟੈਸਟ ਦਾ ਵਿਸ਼ਲੇਸ਼ਣ ਕੀਤਾ ਹੈ, ਨੇ ਸਾਨੂੰ ਦੱਸਿਆ ਕਿ ਇਹ ਸੰਭਾਵਨਾ ਘੱਟ ਹੈ ਕਿ ਦੋਵਾਂ ਵਿੱਚੋਂ ਕੋਈ ਵੀ ਬੱਚਾ ਜੈਵਿਕ ਤੌਰ 'ਤੇ ਡੋਨਰ ਫਿਨ ਨਾਲ ਜੁੜਿਆ ਹੋਵੇ।
ਅਸੀਂ ਡੈਨਮਾਰਕ ਦੇ ਸਪਰਮ ਬੈਂਕ ਕ੍ਰਾਯੋਸ ਇੰਟਰਨੈਸ਼ਨਲ ਨਾਲ ਵੀ ਗੱਲ ਕੀਤੀ, ਜਿੱਥੋਂ ਬੇਥ ਅਤੇ ਲੌਰਾ, ਅਤੇ ਸਾਡੀ ਜਾਂਚ ਵਿੱਚ ਸ਼ਾਮਲ ਇੱਕ ਹੋਰ ਪਰਿਵਾਰ, ਮੰਨਦੇ ਸਨ ਕਿ ਸਪਰਮ ਮੰਗਵਾਇਆ ਗਿਆ ਸੀ।
ਕੰਪਨੀ ਦੇ ਸੀਈਓ ਓਲੇ ਸ਼ੂ ਕਹਿੰਦੇ ਹਨ, "ਸਾਡੇ ਕੋਲ ਸੁਰੱਖਿਆ ਦੀਆਂ ਕਈ ਪ੍ਰਕਿਰਿਆਵਾਂ ਹਨ, ਪਰ ਕਦੇ ਵੀ 100 ਫੀਸਦੀ ਦੀ ਗਾਰੰਟੀ ਨਹੀਂ ਦਿੱਤੀ ਜਾ ਸਕਦੀ। ਆਖ਼ਿਰਕਾਰ ਇਹ ਇਨਸਾਨਾਂ ਦਾ ਕੰਮ ਹੈ।"
ਹਾਲਾਂਕਿ, ਉਹ ਇਹ ਵੀ ਜੋੜਦੇ ਹਨ ਕਿ ਕ੍ਰਾਯੋਸ ਦੇ 45 ਸਾਲਾਂ ਦੇ ਇਤਿਹਾਸ ਵਿੱਚ ਅਜਿਹੀ ਕਿਸੇ ਗ਼ਲਤੀ ਦਾ ਕੋਈ ਰਿਕਾਰਡ ਨਹੀਂ ਹੈ।
ਯੂਰਪ ਭਰ ਦੇ ਕਈ ਪ੍ਰਜਨਨ ਮਾਹਰਾਂ ਨੇ ਬੀਬੀਸੀ ਨੂੰ ਦੱਸਿਆ ਕਿ ਆਈਵੀਐੱਫ਼ ਪ੍ਰਕਿਰਿਆ ਦੌਰਾਨ ਗ਼ਲਤੀ ਨਾਲ ਗ਼ਲਤ ਡੋਨਰ ਦੀ ਵਰਤੋਂ ਹੋ ਜਾਣਾ ਬਹੁਤ ਹੀ ਦੁਰਲਭ ਹੁੰਦਾ ਹੈ।
ਹਾਲਾਂਕਿ, ਸਾਡੇ ਮਾਹਰਾਂ ਦਾ ਕਹਿਣਾ ਹੈ ਕਿ ਜੇ ਇਸੇ ਤਰ੍ਹਾਂ ਦੀ ਇੰਨੀ ਵੱਡੀ ਗ਼ਲਤੀ ਇੱਕ ਹੀ ਮੈਡੀਕਲ ਟੀਮ ਨਾਲ ਇੱਕ ਤੋਂ ਵੱਧ ਵਾਰ ਹੁੰਦੀ ਹੈ, ਤਾਂ ਇਹ 'ਲਾਪਰਵਾਹੀ' ਜਾਂ ਇੱਥੋਂ ਤੱਕ ਕਿ 'ਧੋਖਾਧੜੀ' ਵੱਲ ਵੀ ਇਸ਼ਾਰਾ ਕਰ ਸਕਦੀ ਹੈ।

ਨਤੀਜਿਆਂ ਨੂੰ ਦੇਖਣ ਤੋਂ ਬਾਅਦ ਬ੍ਰਿਟਿਸ਼ ਫਰਟੀਲਿਟੀ ਸੁਸਾਇਟੀ ਦੇ ਡਾਕਟਰ ਆਇਪੋਕ੍ਰੇਟਿਸ ਸਾਰਿਸ ਕਹਿੰਦੇ ਹਨ, "ਇਹ ਮਰੀਜ਼ਾਂ ਲਈ ਬਹੁਤ ਡਰਾਉਣੀ ਸਥਿਤੀ ਹੈ। ਬ੍ਰਿਟੇਨ ਵਿੱਚ ਮੈਂ ਅਜਿਹਾ ਕੋਈ ਮਾਮਲਾ ਕਦੇ ਨਹੀਂ ਸੁਣਿਆ। ਕਿਸੇ ਵੀ ਆਈਵੀਐੱਫ਼ ਯੂਨਿਟ ਲਈ ਸਭ ਤੋਂ ਵੱਡਾ ਡਰ ਇਹੀ ਹੁੰਦਾ ਹੈ ਕਿ ਕਿਤੇ ਐਗ, ਸਪਰਮ ਜਾਂ ਭਰੂਣ ਵਿੱਚ ਗੜਬੜ ਨਾ ਹੋ ਜਾਵੇ।"
ਉੱਤਰੀ ਸਾਈਪ੍ਰਸ ਦੇ ਆਪਣੇ ਪ੍ਰਜਨਨ ਕਾਨੂੰਨ ਹਨ, ਪਰ ਬ੍ਰਿਟੇਨ ਦੇ ਉਲਟ ਉੱਥੇ ਕੋਈ ਸੁਤੰਤਰ ਪ੍ਰਜਨਨ ਨਿਯਮ ਨਹੀਂ ਹਨ, ਜੋ ਕਲੀਨਿਕਾਂ ਦੀ ਨਿਗਰਾਨੀ ਕਰੇ, ਮਾਪਦੰਡ ਲਾਗੂ ਕਰੇ ਅਤੇ ਲੋੜ ਪੈਣ 'ਤੇ ਉਹਨਾਂ ਦੇ ਲਾਇਸੈਂਸ ਰੱਦ ਕਰ ਸਕੇ।
ਉੱਥੇ ਰਹਿਣ ਵਾਲੀ ਵਕੀਲ ਅਤੇ ਸਮਾਜਿਕ ਕਾਰਕੁਨ ਮੀਨ ਅਤਲੀ ਕਹਿੰਦੀ ਹਨ, "ਜੋ ਕਲੀਨਿਕ ਕਾਨੂੰਨ ਦੀ ਪਾਲਣਾ ਕਰਦੇ ਹਨ, ਉਹ ਇਸ ਲਈ ਕਰਦੇ ਹਨ ਕਿਉਂਕਿ ਉਨ੍ਹਾਂ ਦੇ ਮਾਲਕਾਂ ਦੀ ਅੰਤਰ-ਆਤਮਾ ਉਨ੍ਹਾਂ ਨੂੰ ਅਜਿਹਾ ਕਰਨ ਲਈ ਕਹਿੰਦੀ ਹੈ। ਸਰਕਾਰ ਵੱਲੋਂ ਉਨ੍ਹਾਂ 'ਤੇ ਇਸ ਲਈ ਕੋਈ ਦਬਾਅ ਨਹੀਂ ਪਾਇਆ ਜਾਂਦਾ।"
ਰੇਗੂਲੇਸ਼ਨ ਦੀ ਪ੍ਰਕਿਰਿਆ ਮਹਿੰਗੀ ਹੁੰਦੀ ਹੈ ਅਤੇ ਇਹੀ ਕਾਰਨ ਹੈ ਕਿ ਬ੍ਰਿਟੇਨ ਵਰਗੇ ਦੇਸ਼ਾਂ ਵਿੱਚ ਇਲਾਜ ਵੀ ਜ਼ਿਆਦਾ ਮਹਿੰਗਾ ਹੋ ਜਾਂਦਾ ਹੈ। ਬ੍ਰਿਟਿਸ਼ ਫਰਟੀਲਿਟੀ ਸੁਸਾਇਟੀ ਦੇ ਸਾਰਿਸ ਕਹਿੰਦੇ ਹਨ ਕਿ ਇਹ ਇੱਕ ਵੱਡਾ ਕਾਰਨ ਹੋ ਸਕਦਾ ਹੈ, ਜਿਸ ਕਾਰਨ ਉੱਤਰੀ ਸਾਈਪ੍ਰਸ ਪ੍ਰਜਨਨ ਟ੍ਰੀਟਮੈਂਟ ਲਈ ਇੰਨੀ ਹਰਮਨ-ਪਿਆਰੀ ਥਾਂ ਬਣ ਗਿਆ ਹੈ।
ਅਸੀਂ ਉਨ੍ਹਾਂ ਲੋਕਾਂ ਦੀ ਮਾਨਸਿਕ ਸਿਹਤ ਨੂੰ ਲੈ ਕੇ ਵੀ ਚਿੰਤਾ ਸੁਣੀ, ਜਿਨ੍ਹਾਂ ਨੂੰ ਇਹ ਪਤਾ ਲੱਗੇ ਕਿ ਉਨ੍ਹਾਂ ਦੇ ਡੋਨਰ ਉਹ ਨਹੀਂ ਸਨ, ਜਿੰਨ੍ਹਾਂ ਨੂੰ ਉਹ ਸਮਝਦੇ ਰਹੇ।
ਯੂਕੇ ਦੀ ਚੈਰਿਟੀ ਡੋਨਰ ਕਨਸੇਪਸ਼ਨ ਨੈਟਵਰਕ ਦੀ ਨੀਨਾ ਬਾਰਨਸਲੇ ਕਹਿੰਦੀ ਹੈ ਕਿ ਅਜਿਹੀ ਜਾਣਕਾਰੀ ਦਾ ਉਨ੍ਹਾਂ 'ਤੇ ਡੂੰਘਾ ਅਸਰ' ਪੈ ਸਕਦਾ ਹੈ।
'ਮੈਂ ਆਪਣੇ ਬੱਚੇ ਨਾਲ ਝੂਠ ਨਹੀਂ ਬੋਲਣਾ ਚਾਹੁੰਦੀ'

ਬੀਬੀਸੀ ਨੇ ਦੋ ਹੋਰ ਬ੍ਰਿਟਿਸ਼ ਪਰਿਵਾਰਾਂ ਨਾਲ ਵੀ ਗੱਲ ਕੀਤੀ ਹੈ, ਜਿਨ੍ਹਾਂ ਦਾ ਇਲਾਜ ਬੇਥ ਅਤੇ ਲੌਰਾ ਦੇ ਮੁਕਾਬਲੇ ਹਾਲ ਦੇ ਸਾਲਾਂ ਵਿੱਚ ਫਿਰਦੇਵਸ ਨੇ ਕੀਤਾ ਸੀ ਅਤੇ ਉਨ੍ਹਾਂ ਨੂੰ ਵੀ ਲੱਗਦਾ ਹੈ ਕਿ ਉਨ੍ਹਾਂ ਨੂੰ ਗ਼ਲਤ ਡੋਨਰ ਦਿੱਤੇ ਗਏ।
ਉਹ ਆਪਣੀ ਪਛਾਣ ਜ਼ਾਹਰ ਨਹੀਂ ਕਰਨਾ ਚਾਹੁੰਦੇ, ਪਰ ਉਹ ਮਿਰੈਕਲ ਆਈਵੀਐੱਫ਼ ਸੈਂਟਰ ਦੇ ਮਰੀਜ਼ ਸਨ, ਜਿਸ ਨੂੰ ਫਿਰਦੇਵਸ ਨੇ 2019 ਵਿੱਚ ਸਥਾਪਿਤ ਕੀਤਾ ਸੀ।
ਦੋਵੇਂ ਪਰਿਵਾਰਾਂ ਨੂੰ ਆਪਣੇ ਬੱਚਿਆਂ ਲਈ ਐਗ ਡੋਨਰ ਦੀ ਲੋੜ ਸੀ ਅਤੇ ਉਨ੍ਹਾਂ ਨੂੰ ਸ਼ੱਕ ਹੋਇਆ ਕਿ ਜੋ ਐਗ ਉਨ੍ਹਾਂ ਨੂੰ ਦਿੱਤੇ ਗਏ ਸਨ, ਉਹ, ਉਹ ਨਹੀਂ ਸਨ ਜਿਨ੍ਹਾਂ ਨੂੰ ਉਨ੍ਹਾਂ ਨੇ ਚੁਣਿਆ ਸੀ। ਇਸ ਤੋਂ ਬਾਅਦ ਕਰਵਾਏ ਗਏ ਡੀਐੱਨਏ ਟੈਸਟ ਤੋਂ ਉਨ੍ਹਾਂ ਦੇ ਖਦਸ਼ੇ ਸਹੀ ਸਾਬਤ ਹੁੰਦੇ ਨਜ਼ਰ ਆਏ।
ਅਸੀਂ ਜਿਸ ਔਰਤ ਨੂੰ ਕੈਥਰੀਨ ਕਹਿ ਰਹੇ ਹਾਂ, ਉਹ ਕਹਿੰਦੀ ਹੈ, "ਮੈਂ ਨਹੀਂ ਚਾਹੁੰਦੀ ਕਿ ਲੋਕ ਇਹ ਸਮਝਣ ਕਿ ਮੈਨੂੰ ਅਜਿਹਾ ਬੱਚਾ ਚਾਹੀਦਾ ਹੈ ਜੋ ਦਿਖਣ ਵਿੱਚ ਬਿਲਕੁਲ ਮੇਰੇ ਵਰਗਾ ਹੋਵੇ, ਮਸਲਾ ਉਹ ਨਹੀਂ ਹੈ।"
"ਮੈਂ ਆਪਣੇ ਬੱਚੇ ਨਾਲ ਇਹ ਝੂਠ ਨਹੀਂ ਬੋਲਣਾ ਚਾਹੁੰਦੀ ਕਿ ਉਹ ਕਿੱਥੋਂ ਆਏ ਹਨ।"
ਜਦੋਂ ਅਸੀਂ ਫਿਰਦੇਵਸ ਨੂੰ ਦੱਸਿਆ ਕਿ ਇਨ੍ਹਾਂ ਦੋਵੇਂ ਪਰਿਵਾਰਾਂ ਨੂੰ ਲੱਗਿਆ ਕਿ ਉਨ੍ਹਾਂ ਨੂੰ ਗੁਮਰਾਹ ਕੀਤਾ ਗਿਆ, ਤਾਂ ਉਨ੍ਹਾਂ ਨੇ ਕਿਹਾ ਕਿ ਐਗ ਡੋਨਰਾਂ ਦੀ ਚੋਣ ਪੂਰੀ ਤਰ੍ਹਾਂ ਮਿਰੈਕਲ ਆਈਵੀਐਫ਼ ਸੈਂਟਰ ਨੇ ਕੀਤੀ ਸੀ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਉਨ੍ਹਾਂ ਦਾ ਕਲੀਨਿਕ ਮਰੀਜ਼ਾਂ ਨੂੰ ਅਜਿਹੀਆਂ ਐਗ ਡੋਨਰ ਪ੍ਰੋਫ਼ਾਈਲ ਨਹੀਂ ਦਿੰਦਾ, ਜਿਨ੍ਹਾਂ ਵਿੱਚ ਕਿਸੇ 'ਖ਼ਾਸ ਵਿਅਕਤੀ' ਦਾ ਵੇਰਵਾ ਹੋਵੇ ਅਤੇ ਨਾ ਹੀ ਉਹ ਕਿਸੇ ਡੋਨਰ ਦੀ ਨਸਲੀ ਪਿਛੋਕੜ ਦੀ ਕੋਈ ਗਾਰੰਟੀ ਦਿੰਦਾ ਹੈ।
ਫਿਰਦੇਵਸ ਦੇ ਮੁਤਾਬਕ, ਇਹ ਸਾਰੀ ਜਾਣਕਾਰੀ ਸਹਿਮਤੀ ਫਾਰਮ ਵਿੱਚ ਸਾਫ਼-ਸਾਫ਼ ਦਰਜ ਸੀ, ਜਿਸ 'ਤੇ ਇਲਾਜ ਤੋਂ ਪਹਿਲਾਂ ਸਾਰੇ ਮਰੀਜ਼ਾਂ ਨੇ ਦਸਤਖ਼ਤ ਕੀਤੇ ਸਨ ਅਤੇ ਇਹ ਸਭ 'ਸਪਸ਼ਟ ਤੌਰ 'ਤੇ ਦੱਸਿਆ ਗਿਆ ਸੀ'।
ਹਾਲਾਂਕਿ, ਜਿਨ੍ਹਾਂ ਦੋ ਪਰਿਵਾਰਾਂ ਨਾਲ ਅਸੀਂ ਗੱਲ ਕੀਤੀ, ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੱਗਦਾ ਸੀ ਕਿ ਉਨ੍ਹਾਂ ਨੇ ਖ਼ੁਦ ਇੱਕ ਖ਼ਾਸ ਡੋਨਰ ਚੁਣਿਆ ਹੈ ਅਤੇ ਇਹ ਗੱਲ ਉਨ੍ਹਾਂ ਨੂੰ ਕਦੇ ਵੀ ਸਪਸ਼ਟ ਨਹੀਂ ਕੀਤੀ ਗਈ ਸੀ ਕਿ ਅੰਤਿਮ ਫ਼ੈਸਲਾ ਕਲੀਨਿਕ ਹੀ ਕਰੇਗਾ।
ਬੀਬੀਸੀ ਨੇ ਉਹ 'ਐਗ ਡੋਨਰ ਪ੍ਰੋਫ਼ਾਈਲ' ਵੀ ਵੇਖੇ ਹਨ, ਜੋ ਮਿਰੈਕਲ ਆਈਵੀਐੱਫ਼ ਸੈਂਟਰ ਨੇ ਕੈਥਰੀਨ ਅਤੇ ਇੱਕ ਹੋਰ ਪਰਿਵਾਰ ਨੂੰ ਦਿੱਤੇ ਸਨ।
ਕੈਥਰੀਨ ਕਹਿੰਦੀ ਹੈ ਕਿ ਉਹ ਆਪਣੇ ਬੱਚੇ ਨਾਲ ਬਿਨਾਂ ਕਿਸੇ ਸ਼ਰਤ ਦੇ ਪਿਆਰ ਕਰਦੀ ਹਨ, ਪਰ ਜੇ ਉਨ੍ਹਾਂ ਨੂੰ ਪਹਿਲਾਂ ਹੀ ਪੂਰੀ ਜਾਣਕਾਰੀ ਹੁੰਦੀ ਕਿ ਉਨ੍ਹਾਂ ਦਾ ਚੁਣਿਆ ਹੋਇਆ ਡੋਨਰ ਸ਼ਾਇਦ ਵਰਤਿਆ ਹੀ ਨਾ ਜਾਵੇ, ਤਾਂ ਉਹ ਆਈਵੀਐੱਫ਼ ਇਲਾਜ ਨਹੀਂ ਕਰਵਾਉਂਦੀਆਂ।
ਫਿਰਦੇਵਸ ਨੇ ਸਾਨੂੰ ਦੱਸਿਆ ਕਿ ਮਿਰੈਕਲ ਆਈਵੀਐੱਫ਼ ਵਿੱਚ ਉਨ੍ਹਾਂ ਵੱਲੋਂ ਕੀਤੇ ਗਏ ਸਾਰੇ ਇਲਾਜ ਕਾਨੂੰਨ ਦੇ ਮੁਤਾਬਕ ਸਨ ਅਤੇ ਮਰੀਜ਼ਾਂ ਦੇ ਵੇਰਵੇ ਗੁਪਤ ਹੋਣ ਕਾਰਨ ਉਹ ਸਾਡੇ ਸਾਰੇ ਸਵਾਲਾਂ ਦੇ ਜਵਾਬ ਨਹੀਂ ਦੇ ਸਕਦੇ।
'ਅਸੀਂ ਅਜੇ ਵੀ ਇੱਕ ਪਰਿਵਾਰ ਹਾਂ'

ਬੇਥ ਅਤੇ ਲੌਰਾ ਨੂੰ ਆਪਣੇ ਬੱਚਿਆਂ ਨੂੰ ਇਹ ਦੱਸੇ ਹੋਏ ਹੁਣ ਦੋ ਸਾਲ ਹੋ ਚੁੱਕੇ ਹਨ ਕਿ ਸੰਭਵ ਹੈ ਫਿਨ ਉਨ੍ਹਾਂ ਦਾ ਡੋਨਰ ਨਾ ਰਿਹਾ ਹੋਵੇ।
ਜੇਮਸ ਅਜੇ ਵੀ ਇਸ ਸੱਚਾਈ ਨੂੰ ਸਮਝਣ ਅਤੇ ਕਬੂਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਉਨ੍ਹਾਂ ਦਾ ਕਹਿਣਾ ਹੈ, "ਤੁਸੀਂ ਕਿਸੇ ਨੂੰ ਕੁਝ ਦੱਸ ਕੇ ਅਚਾਨਕ ਇਹ ਨਹੀਂ ਕਹਿ ਸਕਦੇ ਕਿ, ਇਹ ਸਹੀਂ ਹੈ। ਇਹ ਗ਼ਲਤ ਹੈ। ਪਛਾਣ ਸਭ ਤੋਂ ਅਹਿਮ ਚੀਜ਼ ਹੁੰਦੀ ਹੈ। ਇਹੀ ਤੈਅ ਕਰਦੀ ਹੈ ਕਿ ਤੁਸੀਂ ਇੱਕ ਇਨਸਾਨ ਵਜੋਂ ਕੌਣ ਹੋ।"
ਬੱਚਿਆਂ ਨੂੰ ਹੁਣ ਪਤਾ ਹੈ ਕਿ ਉਹ ਜੈਵਿਕ ਤੌਰ 'ਤੇ ਆਪਸ ਵਿੱਚ ਜੁੜੇ ਨਹੀਂ ਹਨ, ਪਰ ਇਸ ਨਾਲ ਉਨ੍ਹਾਂ ਦੇ ਵਿਚਕਾਰ ਦਾ ਪਿਆਰ ਘੱਟ ਨਹੀਂ ਹੋਇਆ ਹੈ।
ਕੇਟ ਕਹਿੰਦੀ ਹਨ, "ਅਸੀਂ ਸਾਰੇ ਇਕੱਠੇ ਵੱਡੇ ਹੋਏ ਹਾਂ ਅਤੇ ਸਾਡੀਆਂ ਮਾਵਾਂ ਨੇ ਹੀ ਸਾਨੂੰ ਪਾਲ਼ਿਆ ਹੈ। ਖੂਨ ਦਾ ਰਿਸ਼ਤਾ ਨਾ ਵੀ ਹੋਵੇ, ਫਿਰ ਵੀ ਅਸੀਂ ਇੱਕ ਪਰਿਵਾਰ ਹਾਂ।"
ਬੇਥ ਅਤੇ ਲੌਰਾ ਕਹਿੰਦੀਆਂ ਹਨ, "ਸਾਡੇ ਕੋਲ ਦੋ ਸ਼ਾਨਦਾਰ ਬੱਚੇ ਹਨ। ਆਖ਼ਿਰਕਾਰ, ਸਭ ਠੀਕ ਹੋ ਜਾਵੇਗਾ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
































