ਈਰਾਨ ਵਿੱਚ ਡੇਗੇ ਗਏ ਅਮਰੀਕੀ ਲੜਾਕੂ ਜਹਾਜ਼ ਐੱਫ-15 ਬਾਰੇ ਹੁਣ ਤੱਕ ਕੀ ਪਤਾ ਲੱਗਾ, ਇਸ ਜਹਾਜ਼ ਦੀ ਕੀ ਹੈ ਖਾਸੀਅਤ

ਤਸਵੀਰ ਸਰੋਤ, Getty Images
ਅਮਰੀਕਾ ਦਾ ਇੱਕ ਐਫ-15 ਲੜਾਕੂ ਜਹਾਜ਼ ਈਰਾਨ ਦੇ ਦੱਖਣੀ ਹਿੱਸੇ ਵਿੱਚ ਡੇਗੇ ਜਾਣ ਦੀ ਖ਼ਬਰ ਹੈ ਅਤੇ ਉਸਦੇ ਚਾਲਕ ਦਲ ਨੂੰ ਲੱਭਣ ਲਈ ਖੋਜ ਅਤੇ ਬਚਾਅ ਅਭਿਆਨ ਚਲਾਇਆ ਜਾ ਰਿਹਾ ਹੈ।
ਬੀਬੀਸੀ ਦੇ ਅਮਰੀਕੀ ਸਹਿਯੋਗੀ ਸੀਬੀਐਸ ਨਿਊਜ਼ ਮੁਤਾਬਕ, ਦੋ ਸਰੋਤਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ।
ਦੋ ਅਮਰੀਕੀ ਅਧਿਕਾਰੀਆਂ ਨੇ ਸੀਬੀਐਸ ਨਿਊਜ਼ ਨੂੰ ਦੱਸਿਆ ਹੈ ਕਿ ਡੇਗੇ ਗਏ ਐਫ-15 ਲੜਾਕੂ ਜਹਾਜ਼ ਦੇ ਚਾਲਕ ਦਲ ਦੇ ਇੱਕ ਮੈਂਬਰ ਨੂੰ ਬਚਾ ਲਿਆ ਗਿਆ ਹੈ।
ਅਧਿਕਾਰੀਆਂ ਮੁਤਾਬਕ, ਚਾਲਕ ਦਲ ਦੇ ਇਸ ਮੈਂਬਰ ਨੂੰ ਅਮਰੀਕੀ ਫੌਜ ਨੇ ਬਚਾਇਆ ਹੈ।
ਈਰਾਨੀ ਫੌਜਾਂ ਵੀ ਗੁਆਚੇ ਪਾਇਲਟ ਦੀ ਭਾਲ ਕਰ ਰਹੀਆਂ ਹਨ। ਇਹ ਗੱਲ ਈਰਾਨ ਦੇ ਸਰਕਾਰੀ ਮੀਡੀਆ ਨੇ ਦੱਸੀ ਹੈ।

ਤਸਵੀਰ ਸਰੋਤ, STATE MEDIA
ਈਰਾਨ ਵੱਲੋਂ ਪੇਸ਼ਕਸ਼ ਦਿੱਤੀ ਗਈ ਹੈ ਕਿ ਜੋ ਕੋਈ ਵੀ ਲਾਪਤਾ ਅਮਰੀਕੀ ਪਾਇਲਟ ਨੂੰ ਜ਼ਿੰਦਾ ਫੜ੍ਹੇਗਾ, ਉਸਨੂੰ ਇਨਾਮ ਦਿੱਤਾ ਜਾਵੇਗਾ। ਇਹ ਗੱਲ ਈਰਾਨੀ ਸਰਕਾਰੀ ਟੀਵੀ ਨੇ ਦੱਸੀ ਹੈ।
ਰਿਪੋਰਟਾਂ ਮੁਤਾਬਕ, ਖੋਜ ਅਤੇ ਬਚਾਅ ਕਾਰਜਾਂ ਦੌਰਾਨ ਅਮਰੀਕੀ ਕਰੂਜ਼ 'ਤੇ ਵੀ ਗੋਲੀਆਂ ਚਲਾਈਆਂ ਗਈਆਂ।
'ਅਸੀਂ ਜੰਗ ਵਿੱਚ ਹਾਂ' - ਟਰੰਪ

ਤਸਵੀਰ ਸਰੋਤ, Getty Images
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਅਮਰੀਕੀ ਨੈੱਟਵਰਕ ਐਨਬੀਸੀ ਨੂੰ ਕਿਹਾ, "ਅਸੀਂ ਜੰਗ ਵਿੱਚ ਹਾਂ", ਅਤੇ ਲੜਾਕੂ ਜਹਾਜ਼ 'ਤੇ ਹੋਏ ਹਮਲੇ ਦਾ ਅਸਰ ਈਰਾਨ ਨਾਲ ਕਿਸੇ ਵੀ ਗੱਲਬਾਤ 'ਤੇ ਨਹੀਂ ਪਵੇਗਾ।
ਜ਼ਿਕਰਯੋਗ ਹੈ ਕਿ ਇਹ ਘਟਨਾ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਬੁੱਧਵਾਰ ਨੂੰ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਸੀ ਕਿ ਈਰਾਨ ਦੀ ਡਰੋਨ ਅਤੇ ਮਿਜ਼ਾਈਲ ਸਮਰੱਥਾ "ਤਬਾਹ" ਕਰ ਦਿੱਤੀ ਗਈ ਹੈ।
ਈਰਾਨ ਨੇ ਇੱਕ ਹੋਰ ਅਮਰੀਕੀ ਜੰਗੀ ਜਹਾਜ਼ ਡੇਗਣ ਦਾ ਦਾਅਵਾ ਕੀਤਾ
ਈਰਾਨ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਉਸਨੇ ਪਰਸ਼ੀਅਨ ਖਾੜੀ ਦੇ ਉੱਪਰ ਇੱਕ ਹੋਰ ਅਮਰੀਕੀ ਜੰਗੀ ਜਹਾਜ਼ ਨੂੰ ਡੇਗ ਦਿੱਤਾ ਹੈ।
ਅਮਰੀਕੀ ਮੀਡੀਆ ਦਾ ਕਹਿਣਾ ਹੈ ਕਿ ਪਹਿਲਾਂ ਡੇਗੇ ਗਏ ਜਹਾਜ਼ ਲਈ ਚੱਲ ਰਹੇ ਖੋਜ ਅਤੇ ਬਚਾਅ ਅਭਿਆਨ ਦੌਰਾਨ ਸਟ੍ਰੇਟ ਆਫ਼ ਹੋਰਮੁਜ਼ ਦੇ ਨੇੜੇ ਏ-10 ਲੜਾਕੂ ਜਹਾਜ਼ 'ਤੇ ਹਮਲਾ ਕੀਤਾ ਗਿਆ।
ਪਾਇਲਟ ਨੇ ਜਹਾਜ਼ ਤੋਂ ਬਾਹਰ ਛਾਲ ਮਾਰ ਦਿੱਤੀ ਅਤੇ ਉਸਨੂੰ ਬਚਾ ਲਿਆ ਗਿਆ ਹੈ।
ਦੱਖਣੀ ਈਰਾਨ ਦੇ ਉੱਪਰ ਇੱਕ ਜਹਾਜ਼, ਦੋ ਹੈਲੀਕਾਪਟਰ ਉੱਡਦੇ ਦੇਖੇ ਗਏ
ਬੀਬੀਸੀ ਵੈਰੀਫ਼ਾਈ ਨੇ ਉਸ ਵੀਡੀਓ ਦੀ ਪੁਸ਼ਟੀ ਕੀਤੀ ਹੈ, ਜਿਸ ਵਿੱਚ ਇੱਕ ਅਮਰੀਕੀ ਜਹਾਜ਼ ਨੂੰ ਦੋ ਹੈਲੀਕਾਪਟਰਾਂ ਦੇ ਨਾਲ ਦੱਖਣੀ ਈਰਾਨ ਦੇ ਉੱਪਰ ਉੱਡਦੇ ਹੋਏ ਦੇਖਿਆ ਜਾ ਰਿਹਾ ਹੈ।
ਬੀਬੀਸੀ ਵੈਰੀਫ਼ਾਈ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਇਹ ਵੀਡੀਓ ਖੁਜ਼ੇਸਤਾਨ ਸੂਬੇ ਵਿੱਚ, ਕਾਰੂਨ ਨਦੀ 'ਤੇ ਬਣੇ ਇੱਕ ਪੁਲ ਦੇ ਨੇੜੇ ਇਸ ਥਾਂ 'ਤੇ ਫਿਲਮਾਇਆ ਗਿਆ ਹੈ, ਜਿਸ ਦੀ ਲੋਕੇਸ਼ਨ ਹੈ : 32.263547, 49.077475.
ਵੀਡੀਓ ਦੇ ਸਮੇਂ ਦੀ ਵੀ ਜਾਂਚ ਕੀਤੀ ਗਈ ਹੈ ਅਤੇ ਇਹ ਵੀ ਜਾਂਚਿਆ ਗਿਆ ਹੈ ਕਿ ਇਸ ਵਿੱਚ ਏਆਈ ਨਾਲ ਛੇੜਛਾੜ ਦੇ ਕੋਈ ਸੰਕੇਤ ਤਾਂ ਨਹੀਂ ਹਨ।
ਅਮਰੀਕੀ ਮੀਡੀਆ ਵਿੱਚ ਸਾਹਮਣੇ ਆਈਆਂ ਰਿਪੋਰਟਾਂ ਵਿੱਚ ਅਧਿਕਾਰੀਆਂ ਨੇ ਨਾਮ ਨਾ ਜ਼ਾਹਿਰ ਕਰਨ ਦੀ ਸ਼ਰਤ 'ਤੇ ਦੱਸਿਆ ਹੈ ਕਿ ਈਰਾਨ ਦੇ ਉੱਪਰ ਇੱਕ ਅਮਰੀਕੀ ਲੜਾਕੂ ਜਹਾਜ਼ ਨੂੰ ਗਿਰਾਏ ਜਾਣ ਤੋਂ ਬਾਅਦ ਉਸਦੀ ਤਲਾਸ਼ ਲਈ ਅਭਿਆਨ ਚਲਾਇਆ ਜਾ ਰਿਹਾ ਹੈ।
ਇਸ ਆਪਰੇਸ਼ਨ ਨਾਲ ਜੁੜੇ ਹੋਏ ਹੋਰ ਵੀਡੀਓ ਫੁਟੇਜ ਦੀ ਵੀ ਬੀਬੀਸੀ ਵੈਰੀਫ਼ਾਈ ਜਾਂਚ ਕਰ ਰਿਹਾ ਹੈ।
ਅਮਰੀਕਾ ਦੇ ਐਫ-15ਈ ਜੈੱਟ ਬਾਰੇ ਅਹਿਮ ਜਾਣਕਾਰੀ

ਤਸਵੀਰ ਸਰੋਤ, Getty Images
ਕ੍ਰਿਸ ਪਾਰਟ੍ਰਿਜ
ਬੀਬੀਸੀ ਨਿਊਜ਼ ਦੇ ਹਥਿਆਰ ਵਿਸ਼ਲੇਸ਼ਕ
ਸੋਸ਼ਲ ਮੀਡੀਆ 'ਤੇ ਪੋਸਟ ਕੀਤੇ ਗਏ ਇੱਕ ਦੁਰਘਟਨਾਗ੍ਰਸਤ ਜਹਾਜ਼ ਦੇ ਮਲਬੇ ਤੋਂ ਪਤਾ ਲੱਗਦਾ ਹੈ ਕਿ ਇਹ ਐਫ-15ਈ ਸਟ੍ਰਾਈਕ ਈਗਲ ਦੇ ਮਲਬੇ ਨਾਲ ਮੇਲ ਖਾਂਦਾ ਹੈ।
ਇਹ ਲੜਾਕੂ ਜਹਾਜ਼ ਹਵਾ-ਤੋਂ-ਜ਼ਮੀਨ ਅਤੇ ਹਵਾ-ਤੋਂ-ਹਵਾ ਦੋਵੇਂ ਕਿਸਮ ਦੇ ਮਿਸ਼ਨਾਂ ਲਈ ਡਿਜ਼ਾਈਨ ਕੀਤਾ ਗਿਆ ਹੈ।
ਈਰਾਨ ਦੇ ਮਾਮਲੇ ਵਿੱਚ, ਸੰਭਵ ਹੈ ਕਿ ਇਨ੍ਹਾਂ ਦੀ ਵਰਤੋਂ ਈਰਾਨੀ ਡਰੋਨ ਅਤੇ ਕਰੂਜ਼ ਮਿਜ਼ਾਇਲਾਂ ਨੂੰ ਮਾਰ ਗਿਰਾਉਣ ਲਈ ਰੱਖਿਆਤਮਕ ਹਵਾਈ ਕਾਰਵਾਈ ਵਿੱਚ ਕੀਤੀ ਗਈ ਹੋਵੇ।
ਆਪਣੀ ਹਵਾ ਤੋਂ ਜ਼ਮੀਨ 'ਤੇ ਹਮਲੇ ਦੀ ਭੂਮਿਕਾ ਵਿੱਚ, ਇਹ ਜੈੱਟ ਲੇਜ਼ਰ ਅਤੇ ਜੀਪੀਐਸ ਰਾਹੀਂ ਸਟੀਕ ਗੋਲਾ-ਬਾਰੂਦ ਦੇ ਨਾਲ-ਨਾਲ ਹੋਰ ਬੰਬ ਗਿਰਾਉਣ ਵਿੱਚ ਵੀ ਸਮਰੱਥ ਹੈ।
ਇਸ ਜਹਾਜ਼ ਵਿੱਚ ਦੋ ਕਰੂ ਮੈਂਬਰ (ਚਾਲਕ ਦਲ) ਹੁੰਦੇ ਹਨ। ਅੱਗੇ ਵਾਲੀ ਸੀਟ 'ਤੇ ਪਾਇਲਟ ਜੋ ਜੈੱਟ ਉਡਾਉਂਦਾ ਹੈ ਅਤੇ ਪਿੱਛੇ ਵਾਲੀ ਸੀਟ 'ਤੇ ਹਥਿਆਰ ਪ੍ਰਣਾਲੀ ਅਧਿਕਾਰੀ ਹੁੰਦਾ ਹੈ।
ਸਾਨੂੰ ਠੀਕ ਤੌਰ 'ਤੇ ਪਤਾ ਨਹੀਂ ਹੈ ਕਿ ਇਸ ਅਮਰੀਕੀ ਜਹਾਜ਼ ਦੇ ਡਿੱਗਣ ਦਾ ਕਾਰਨ ਕੀ ਸੀ, ਪਰ ਜੇਕਰ ਇਸਨੂੰ ਈਰਾਨ ਨੇ ਗਿਰਾਇਆ ਹੈ ਤਾਂ ਇਸਦਾ ਸਭ ਤੋਂ ਸੰਭਾਵਿਤ ਕਾਰਨ ਸਤਹ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਸਾਈਲ (ਐਸਏਐਮ) ਹੋ ਸਕਦੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
































