ਤੇਲ ਦੁਨੀਆ 'ਚ ਪਹਿਲੀ ਵਾਰ ਕਦੋਂ ਨਿਕਲਿਆ ਸੀ, ਕਦੋਂ ਪਤਾ ਲੱਗੀ ਤੇਲ ਦੀ ਤਾਕਤ, ਜਾਣੋ ਤੇਲ ਦਾ ਇਤਿਹਾਸ

    • ਲੇਖਕ, ਟਿਮ ਹਰਫੋਰਡ
    • ਰੋਲ, ਬੀਬੀਸੀ
  • ਪੜ੍ਹਨ ਦਾ ਸਮਾਂ: 8 ਮਿੰਟ

ਸਾਲ ਸੀ 1859 ਅਤੇ ਤਾਰੀਖ ਸੀ 27 ਅਗਸਤ, ਅਮਰੀਕੀ ਵਪਾਰੀ ਐਡਵਿਨ ਡ੍ਰੇਕ ਨੂੰ ਇੱਕ ਸੁਨੇਹਾ ਮਿਲਿਆ ਜਿਸਨੂੰ ਪੜ੍ਹ ਕੇ ਉਹ ਗੁੱਸੇ 'ਚ ਆ ਗਏ। ਸੁਨੇਹੇ ਵਿੱਚ ਲਿਖਿਆ ਸੀ, "ਆਪਣਾ ਕਰਜ਼ਾ ਚੁਕਾਓ, ਹਾਰ ਮੰਨੋ ਅਤੇ ਘਰ ਵਾਪਸ ਜਾਓ।"

ਡ੍ਰੇਕ "ਰੌਕ ਆਇਲ" ਦੀ ਖੋਜ ਕਰ ਰਹੇ ਸਨ। ਇਹ ਇੱਕ ਤਰ੍ਹਾਂ ਦਾ ਭੂਰੇ ਰੰਗ ਦਾ ਕੱਚਾ ਤੇਲ ਹੁੰਦਾ ਹੈ। ਪੱਛਮੀ ਪੈਨਸਿਲਵੇਨੀਆ ਦੀ ਜ਼ਮੀਨ 'ਤੇ ਇਸ ਤੇਲ ਦੇ ਬੁਲਬੁਲੇ ਵੇਖੇ ਗਏ ਸਨ।

ਡ੍ਰੇਕ ਦਾ ਇਰਾਦਾ ਇਸ "ਰੌਕ ਆਇਲ" ਤੋਂ ਕੈਰੋਸੀਨ (ਮਿੱਟੀ ਦਾ ਤੇਲ) ਕੱਢਣ ਦਾ ਸੀ ਤਾਂ ਜੋ ਲੈਂਪ ਬਾਲੇ ਜਾ ਸਕਣ।

ਉਸ ਜ਼ਮਾਨੇ ਵਿੱਚ ਲੈਂਪ ਬਾਲਣ ਲਈ ਵ੍ਹੇਲ ਤੋਂ ਕੱਢਿਆ ਜਾਣ ਵਾਲੇ ਤੇਲ ਦਾ ਇਸਤੇਮਾਲ ਹੁੰਦਾ ਸੀ ਅਤੇ ਇਹ ਹੌਲੀ-ਹੌਲੀ ਮਹਿੰਗਾ ਹੁੰਦਾ ਜਾ ਰਿਹਾ ਸੀ।

ਹਾਲਾਂਕਿ ਸੁਨੇਹਾ ਮਿਲਣ ਤੋਂ ਕੁਝ ਸਮਾਂ ਪਹਿਲਾਂ ਹੀ ਇੱਕ ਖੁਦਾਈ ਦੌਰਾਨ ਤੇਲ ਮਿਲ ਗਿਆ ਅਤੇ ਜਦੋਂ ਇਹ ਤੇਲ ਬਾਹਰ ਨਿਕਲਿਆ ਸੀ ਤਾਂ ਇਸ ਦਾ ਦਬਾਅ ਕੁਝ ਇਸ ਕਦਰ ਸੀ ਕਿ ਜ਼ਮੀਨ ਤੋਂ 21 ਮੀਟਰ ਦੀ ਉਚਾਈ ਤੱਕ ਇਸਦਾ ਫੁਹਾਰਾ ਪਹੁੰਚ ਗਿਆ।

ਇਸ ਘਟਨਾ ਨੇ ਵ੍ਹੇਲ ਮੱਛੀਆਂ ਦੀ ਜ਼ਿੰਦਗੀ ਬਚਾ ਲਈ ਅਤੇ ਦੁਨੀਆ ਬਦਲਣ ਦੀ ਸ਼ੁਰੂਆਤ ਹੋ ਗਈ।

ਤੇਲ ਦੀ ਖੋਜ ਤੋਂ ਸਾਲ ਬਾਅਦ

ਡ੍ਰੇਕ ਨੂੰ ਜਿਸ ਥਾਂ 'ਤੇ ਇਹ ਤੇਲ ਮਿਲਿਆ ਸੀ, ਉਸ ਤੋਂ ਕੁਝ ਕਿਲੋਮੀਟਰ ਦੱਖਣ 'ਚ ਜੋ ਘਟਨਾਵਾਂ ਹੋਈਆਂ, ਉਸ ਨਾਲ ਬਾਅਦ ਦੇ ਸਾਲਾਂ ਵਿੱਚ ਇਹ ਸੰਕੇਤ ਮਿਲੇ ਕਿ ਆਉਣ ਵਾਲੇ ਕੱਲ੍ਹ 'ਚ ਕੀ ਹੋਣ ਵਾਲਾ ਸੀ।

ਨਿਊਯਾਰਕ ਟਾਈਮਜ਼ ਦੀ ਇੱਕ ਰਿਪੋਰਟ ਮੁਤਾਬਕ 1864 'ਚ ਪੈਨਸਿਲਵੇਨੀਆ ਦੇ ਪਿਟਹੋਲ ਸਿਟੀ ਵਿੱਚ ਜਦੋਂ ਤੇਲ ਦੀ ਖੋਜ ਹੋਈ ਸੀ ਉਦੋਂ ਉੱਥੇ ਦਰਜਨਾਂ ਮੀਲ ਦੇ ਦਾਇਰੇ 'ਚ 50 ਲੋਕ ਵੀ ਨਹੀਂ ਰਹਿੰਦੇ ਸਨ।

ਪਰ ਤੇਲ ਦੀ ਖੋਜ ਦੇ ਸਾਲ ਭਰ ਅੰਦਰ ਹੀ ਪਿਟਹੋਲ ਸ਼ਹਿਰ 'ਚ 10 ਹਜ਼ਾਰ ਲੋਕ ਰਹਿਣ ਲੱਗੇ, 50 ਹੋਟਲ, ਦੇਸ਼ ਦੇ ਸਭ ਤੋਂ ਮਸਰੂਫ਼ ਡਾਕਘਰਾਂ 'ਚ ਇੱਕ ਪੋਸਟ ਆਫਿਸ, ਦੋ ਟੈਲੀਗ੍ਰਾਮ ਸੈਂਟਰ ਅਤੇ ਵੈਸ਼ਿਆਘਰ ਖੁੱਲ੍ਹ ਗਏ।

ਬਦਲੇ ਹਾਲਾਤਾਂ ਦੌਰਾਨ ਉੱਥੇ ਕੁਝ ਲੋਕ ਰਈਸ ਹੋ ਗਏ ਪਰ ਪਿਟਹੋਲ ਸ਼ਹਿਰ ਇੱਕ ਅਸਲ ਅਰਥਵਿਵਸਥਾ ਦੀਆਂ ਦੂਜੀਆਂ ਜ਼ਰੂਰੀ ਸ਼ਰਤਾਂ ਪੂਰੀਆਂ ਨਹੀਂ ਕਰਦਾ ਸੀ। ਨਤੀਜਾ ਇਹ ਹੋਇਆ ਕਿ ਪਿਟਹੋਲ ਦੀ ਚਮਕ ਸਾਲ ਦੇ ਅੰਦਰ ਹੀ ਫਿੱਕੀ ਪੈ ਗਈ।

ਪਿਟਹੋਲ ਦੀ ਤੇਲ 'ਤੇ ਨਿਰਭਰ ਅਰਥਵਿਵਸਥਾ ਜ਼ੋਰ ਨਹੀਂ ਫੜ੍ਹ ਪਾਈ ਪਰ ਤੇਲ ਲਈ ਸਾਡੀ ਪਿਆਸ ਵੱਧਦੀ ਅਤੇ ਵੱਧਦੀ ਹੀ ਚਲੀ ਗਈ।

ਦੁਨੀਆ ਦੀ ਊਰਜਾ ਜ਼ਰੂਰਤ

ਹੁਣ ਤਾਂ ਹਾਲਾਤ ਅਜਿਹੇ ਬਣ ਗਏ ਹਨ ਕਿ ਇਹ ਕਿਹਾ ਜਾ ਸਕਦਾ ਹੈ ਕਿ ਦੁਨੀਆ ਦੀ ਅਰਥ ਵਿਵਸਥਾ ਤੇਲ 'ਤੇ ਟਿਕੀ ਹੋਈ ਹੈ ਅਤੇ ਇਹ ਦੁਨੀਆ ਦੀ ਊਰਜਾ ਲੋੜ ਦੀ ਇੱਕ ਤਿਹਾਈ ਮੰਗ ਪੂਰੀ ਕਰਦਾ ਹੈ।

ਇਹ ਕੋਲੇ ਨਾਲੋਂ ਵੱਧ ਹੈ ਅਤੇ ਪਰਮਾਣੂ, ਪਨਬਿਜਲੀ ਅਤੇ ਹੋਰ ਗੈਰ-ਰਵਾਇਤੀ ਊਰਜਾ ਸਰੋਤਾਂ ਦੀ ਸਾਂਝੀ ਸਮਰੱਥਾ ਦਾ ਦੁੱਗਣਾ ਹੈ।

ਤੇਲ ਅਤੇ ਗੈਸ ਬਿਜਲੀ ਦੀ ਸਾਡੀ ਲੋੜ ਦੀ ਇੱਕ ਚੌਥਾਈ ਮੰਗ ਨੂੰ ਪੂਰੀ ਕਰਦਾ ਹੈ। ਇੰਨਾ ਹੀ ਨਹੀਂ ਇਹ ਪਲਾਸਟਿਕ ਸੈਕਟਰ ਲਈ ਕੱਚਾ ਮਾਲ ਵੀ ਮੁਹੱਈਆ ਕਰਵਾਉਂਦਾ ਹੈ।

ਇਸ ਤੋਂ ਇਲਾਵਾ ਟਰਾਂਸਪੋਰਟ ਖੇਤਰ ਵੀ ਸੀ। ਐਡਵਿਨ ਡ੍ਰੇਕ ਨੂੰ ਇਹ ਲੱਗਾ ਸੀ ਕਿ ਗੈਸੋਲੀਨ ਕੌਣ ਖਰੀਦੇਗਾ ਪਰ ਕੰਬਸਚਨ ਇੰਜਨ ਨੇ ਉਨ੍ਹਾਂ ਦੇ ਇਸ ਸਵਾਲ ਦਾ ਜਵਾਬ ਦੇ ਦਿੱਤਾ।

ਕਾਰ ਤੋਂ ਟਰੱਕ, ਮਾਲਵਾਹਕ ਜਹਾਜ਼ ਤੋਂ ਲੈਕੇ ਜੈੱਟ ਜਹਾਜ਼ ਤੱਕ, ਤੇਲ ਹੀ ਹੈ ਜੋ ਸਾਡੀ ਦੁਨੀਆ ਚਲਾ ਰਿਹਾ ਹੈ।

ਇਸ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਇਹ ਤੇਲ ਦੀ ਕੀਮਤ ਹੀ ਹੈ ਜੋ ਸੰਭਾਵੀ ਤੌਰ 'ਤੇ ਦੁਨੀਆ ਦੀ ਸਭ ਤੋਂ ਮਹੱਤਵਪੂਰਨ ਕੀਮਤ ਹੈ।

ਸਾਲ 1973 'ਚ ਜਦੋਂ ਕੁਝ ਅਰਬ ਮੁਲਕਾਂ ਨੇ ਕੁਝ ਅਮੀਰ ਦੇਸ਼ਾਂ ਨੂੰ ਤੇਲ ਦੀ ਵਿਕਰੀ 'ਤੇ ਰੋਕ ਲਗਾਉਣ ਦਾ ਐਲਾਨ ਕੀਤਾ ਸੀ ਤਾਂ ਉਸ ਸਮੇਂ ਮਹਿਜ਼ ਛੇ ਮਹੀਨਿਆਂ ਦੇ ਅੰਦਰ ਹੀ ਤੇਲ ਦੀ ਕੀਮਤ ਤਿੰਨ ਡਾਲਰ ਪ੍ਰਤੀ ਬੈਰਲ ਤੋਂ 12 ਡਾਲਰ ਤੱਕ ਪਹੁੰਚ ਗਈ ਸੀ।

ਇਸ ਘਟਨਾ ਤੋਂ ਬਾਅਦ ਦੁਨੀਆ ਭਰ 'ਚ ਆਰਥਿਕ ਸੁਸਤੀ ਦਾ ਮਾਹੌਲ ਦੇਖਿਆ ਗਿਆ। ਸਾਲ 1978, 1990 ਅਤੇ 2001 ਵਿੱਚ ਤੇਲ ਦੀਆਂ ਕੀਮਤਾਂ ਵਧਣ ਤੋਂ ਬਾਅਦ ਅਮਰੀਕਾ ਵਿੱਚ ਮੰਦੀ ਆ ਗਈ ਸੀ।

ਕੁਝ ਅਰਥ ਸ਼ਾਸਤਰੀ ਤਾਂ ਇਹ ਵੀ ਮੰਨਦੇ ਹਨ ਕਿ ਤੇਲ ਦੀਆਂ ਕੀਮਤਾਂ 'ਚ ਰਿਕਾਰਡ ਵਾਧਾ ਹੀ ਸਾਲ 2008 ਦੀ ਗਲੋਬਲ ਮੰਦੀ ਦੀ ਵਜ੍ਹਾ ਸੀ ਹਾਲਾਂਕਿ ਇਸ ਵਾਸਤੇ ਬੈਂਕਿੰਗ ਸੰਕਟ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਸੀ।

ਜਿਵੇਂ-ਜਿਵੇਂ ਤੇਲ ਦੀ ਕੀਮਤ ਵੱਧਦੀ ਹੈ, ਅਰਥਵਿਵਸਥਾਵਾਂ ਵੀ ਉਸੇ ਰਾਹ ਨੂੰ ਅਪਣਾਉਂਦੀਆਂ ਹਨ।

ਪਰ ਇਹ ਸਵਾਲ ਉੱਠਦਾ ਹੈ ਕਿ ਅਸੀਂ ਤੇਲ 'ਤੇ ਇਸ ਕਦਰ ਨਿਰਭਰ ਕਿਉਂ ਹੋ ਗਏ। ਤੇਲ ਦੇ ਇਤਿਹਾਸ 'ਤੇ ਡੇਨੀਅਲ ਯੇਰਗਿਨ ਦੀ ਕਿਤਾਬ 'ਦਿ ਪ੍ਰਾਈਜ਼' ਦੀ ਸ਼ੁਰੂਆਤ ਵਿੰਸਟਨ ਚਰਚਿਲ ਦੀ ਇੱਕ ਦੁਚਿੱਤੀ ਤੋਂ ਹੁੰਦੀ ਹੈ।

1911 'ਚ ਚਰਚਿਲ ਨੂੰ ਰੋਇਲ ਨੇਵੀ (ਯੁਨਾਈਟੇੱਡ ਕਿੰਗਡਮ ਦੀ ਸ਼ਾਹੀ ਜਲ ਸੈਨਾ) ਦਾ ਮੁਖੀ ਨਿਯੁਕਤ ਕੀਤਾ ਗਿਆ ਸੀ।

ਇਹ ਸ਼ੁਰੂਆਤੀ ਉਨ੍ਹਾਂ ਕੁਝ ਫੈਸਲਿਆਂ 'ਚੋਂ ਇੱਕ ਸੀ ਜਿਸ ਤੋਂ ਇਹ ਪਤਾ ਲੱਗਣਾ ਸੀ ਕਿ ਕੀ ਬ੍ਰਿਟਿਸ਼ ਸਾਮਰਾਜ ਵੇਲਸ਼ ਕੋਲੇ, ਸੁਰੱਖਿਅਤ ਮੂਲ ਜਾਂ ਦੂਰ ਸਥਿਰ ਫਾਰਸ (ਮੌਜੂਦਾ ਈਰਾਨ) ਦੇ ਤੇਲ ਨਾਲ ਚੱਲਣ ਵਾਲੇ ਨਵੇਂ ਜੰਗੀ ਬੇੜਿਆਂ ਨਾਲ ਤੇਜ਼ੀ ਨਾਲ ਹੋ ਰਹੇ ਜਰਮਨੀ ਦੇ ਵਿਸਥਾਰ ਦੀ ਚੁਣੌਤੀ ਦਾ ਸਾਹਮਣਾ ਕਰੇਗਾ ਜਾਂ ਨਹੀਂ।

ਅਜਿਹੇ ਅਸੁਰੱਖਿਅਤ ਸਰੋਤ 'ਤੇ ਕੋਈ ਕਿਉਂ ਭਰੋਸਾ ਕਰੇਗਾ ? ਕਿਉਂਕਿ ਤੇਲ ਵਾਲੇ ਜੰਗੀ ਬੇੜੇ ਜਲਦੀ 'ਚ ਬਣਾਏ ਗਏ ਸਨ ਅਤੇ ਬਾਲਣ ਨਾਲ ਚੱਲਣ ਕਾਰਨ ਇਸ 'ਚ ਘੱਟ ਲੋਕਾਂ ਦੀ ਵੀ ਲੋੜ ਹੁੰਦੀ ਸੀ। ਨਾਲ ਹੀ ਜੰਗੀ ਬੇੜੇ 'ਚ ਹਥਿਆਰ ਅਤੇ ਗੋਲਾ-ਬਾਰੂਦ ਰੱਖਣ ਲਈ ਵੱਧ ਸਮਰੱਥਾ ਸੀ।

ਤੇਲ, ਕੋਲੇ ਤੋਂ ਬਿਹਤਰ ਬਾਲਣ ਸੀ

ਅਪ੍ਰੈਲ 1912 ਵਿੱਚ ਚਰਚਿਲ ਨੇ ਇਸੇ ਤਰਕ ਨੂੰ ਤਰਜੀਹ ਦਿੱਤੀ ਕਿ ਤੇਲ 'ਤੇ ਸਾਡੀ ਨਿਰਭਰਤਾ ਹੈ ਅਤੇ ਉਦੋਂ ਤੋਂ ਵਿਸ਼ਵ ਰਾਜਨੀਤੀ ਦੀ ਨੁਹਾਰ ਬਦਲੀ।

ਚਰਚਿਲ ਦੇ ਫੈਸਲੇ ਤੋਂ ਬਾਅਦ, ਬ੍ਰਿਟਿਸ਼ ਟ੍ਰੇਜਰੀ ਨੇ ਬੀਪੀ (ਮੂਲ ਰੂਪ ਨਾਲ ਬ੍ਰਿਟਿਸ਼ ਪੈਟਰੋਲੀਅਮ) ਦੇ ਪੂਰਬੀ ਐਂਗਲੋ-ਫਾਰਸੀ ਆਇਲ ਕੰਪਨੀ 'ਚ ਬਹੁਮਤ ਹਿੱਸੇਦਾਰੀ ਖਰੀਦੀ।

1951 'ਚ ਈਰਾਨ ਸਰਕਾਰ ਨੇ ਤੇਲ ਕੰਪਨੀ ਦਾ ਰਾਸ਼ਟਰੀਕਰਨ ਕੀਤਾ। ਅੰਗ੍ਰੇਜ਼ਾਂ ਨੇ ਵਿਰੋਧ ਕੀਤਾ "ਇਹ ਸਾਡੀ ਕੰਪਨੀ ਹੈ" ਈਰਾਨੀਆਂ ਨੇ ਜਵਾਬ ਦਿੱਤਾ "ਇਹ ਸਾਡਾ ਤੇਲ ਹੈ"

ਬਾਅਦ 'ਚ ਦਹਾਕਿਆਂ ਦੌਰਾਨ ਪੂਰੀ ਦੁਨੀਆ 'ਚ ਇਸ ਤਰਕ ਨੂੰ ਦੁਹਰਾਇਆ ਗਿਆ।

ਤੇਲ ਦੇ ਖੇਤਰ 'ਚ ਕੁਝ ਮੁਲਕਾਂ ਨੇ ਬਹੁਤ ਚੰਗਾ ਕੀਤਾ। ਸਾਊਦੀ ਅਰਬ ਧਰਤੀ 'ਤੇ ਸਭ ਤੋਂ ਅਮੀਰ ਮੁਲਕਾਂ 'ਚੋਂ ਇੱਕ ਹੈ ਅਤੇ ਇਸ ਪਿੱਛੇ ਵੱਡੇ ਤੇਲ ਭੰਡਾਰਨ ਦਾ ਧੰਨਵਾਦ ਕਰਨਾ ਬਣਦਾ ਹੈ।

ਇਸ ਦੀ ਸਰਕਾਰੀ ਤੇਲ ਕੰਪਨੀ, ਸਾਊਦੀ ਅਰਾਮਕੋ, ਐੱਪਲ, ਗੂਗਲ ਜਾਂ ਐਮਾਜ਼ੋਨ ਤੋਂ ਵੀ ਵੱਧ ਕੀਮਤ ਦੀ ਹੈ।

ਸਾਊਦੀ ਅਰਾਮਕੋ, ਦੁਨੀਆ ਦੀ ਸਭ ਤੋਂ ਮੁਨਾਫੇ ਵਾਲੀ ਤੇਲ ਕੰਪਨੀ ਹੈ ਜਿਸ ਨੂੰ ਹਾਲ ਹੀ 'ਚ "ਡ੍ਰੋਨ" ਹਮਲਿਆਂ ਨਾਲ ਨਿਸ਼ਾਨਾ ਬਣਾਇਆ ਗਿਆ ਸੀ। (ਇਸ ਘਟਨਾ ਨਾਲ ਤੇਲ ਦੀਆਂ ਕੀਮਤਾਂ ਅਸਮਾਨ ਛੂਹ ਸਕਦੀਆਂ ਹਨ)

ਫਿਰ ਵੀ ਕੋਈ ਵੀ ਦੇਸ਼ ਜਾਪਾਨ ਜਾਂ ਜਰਮਨੀ ਵਾਂਗ ਸਾਊਦੀ ਅਰਬ ਦੀ ਆਧੁਨਿਕ ਅਰਥਵਿਵਸਥਾ ਨੂੰ ਲੈਕੇ ਗੁੰਮਰਾਹ ਨਹੀਂ ਹੋਵੇਗਾ। ਸ਼ਾਇਦ ਇਹ ਇੱਕ ਵੱਡੇ ਪੈਮਾਨੇ 'ਤੇ ਪਿਟਹੋਲ ਸ਼ਹਿਰ ਵਰਗਾ ਹੀ ਹੈ।

ਹੋਰਨਾਂ ਥਾਂਵਾਂ 'ਤੇ ਈਰਾਕ ਤੋਂ ਈਰਾਨ ਅਤੇ ਵੈਨੇਜ਼ੂਏਲਾ ਤੋਂ ਨਾਈਜੀਰੀਆ ਤੱਕ, ਕੁਝ ਤੇਲ ਸਮਰੱਥ ਮੁਲਕਾਂ ਨੇ ਇਸ ਖੋਜ ਲਈ ਧੰਨਵਾਦ ਕੀਤਾ ਸੀ। ਅਰਥਸ਼ਾਸਤਰੀ ਇਸਨੂੰ "ਤੇਲ ਸ਼ਰਾਪ" ਕਹਿੰਦੇ ਹਨ।

ਇਸ 'ਤੇ 1960 ਦੇ ਦਹਾਕੇ ਦੀ ਸ਼ੁਰੂਆਤ 'ਚ ਵੈਨੇਜ਼ੂਏਲਾ ਦੇ ਪੈਟਰੋਲੀਅਮ ਮੰਤਰੀ ਜੁਆਨ ਪਾਬਲੋ ਪੇਰੇਜ਼ ਅਲਫੋਂਜੋ ਦਾ ਹੋਰ ਵੀ ਵਿਸਥਾਰਿਤ ਵਰਣਨ ਸੀ। ਉਨ੍ਹਾਂ ਨੇ 1975 'ਚ ਇਸਨੂੰ "ਇਹ ਸ਼ੈਤਾਨ ਦਾ ਮਲਮੂਤਰ ਹੈ" ਕਰਾਰ ਦਿੱਤਾ ਅਤੇ ਕਿਹਾ ਕਿ "ਅਸੀਂ ਸ਼ੈਤਾਨ ਦੇ ਮਲਮੂਤਰ 'ਚ ਡੁੱਬ ਰਹੇ ਹਾਂ।"

ਤੇਲ ਦੀ ਬਹੁਤ ਸਮੱਸਿਆ ਕਿਉਂ ਹੈ ?

ਇਸਦੀ ਬਰਾਮਦ ਕਰਨ ਨਾਲ ਤੁਹਾਡੀ ਮੁਦਰਾ ਦਾ ਮੁੱਲ ਵਧ ਜਾਂਦਾ ਹੈ ਜੋ ਉਸ ਦੇਸ਼ 'ਚ ਉਤਪਾਦਨ ਕਰਨ ਲਈ ਤੇਲ ਤੋਂ ਇਲਾਵਾ ਹਰ ਚੀਜ਼ ਨੂੰ ਮਹਿੰਗਾ ਬਣਾ ਸਕਦਾ ਹੈ।

ਇਸ ਦਾ ਮਤਲਬ ਹੈ ਕਿ ਮੈਨੂਫੈਕਚਰਿੰਗ ਜਾਂ ਜਟਿਲ ਸੇਵਾ ਉਦਯੋਗਾਂ ਨੂੰ ਵਿਕਸਿਤ ਕਰਨਾ ਮੁਸ਼ਕਿਲ ਹੋ ਸਕਦਾ ਹੈ।

ਇਤਿਹਾਸਕ ਰੂਪ ਨਾਲ, ਕਈ ਸਿਆਸੀ ਲੀਡਰਾਂ ਨੇ ਆਪਣੇ ਅਤੇ ਆਪਣੇ ਸਹਿਯੋਗੀਆਂ ਲਈ ਆਪਣੇ ਦੇਸ਼ ਦੇ ਤੇਲ ਦਾ ਏਕਾਧਿਕਾਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਤਾਨਾਸ਼ਾਹੀ ਕੋਈ ਅਸਧਾਰਣ ਗੱਲ ਨਹੀਂ ਹੈ। ਪੈਸਾ ਕੁਝ ਚੀਜ਼ਾਂ ਲਈ ਹੈ ਪਰ ਇਸ ਨਾਲ ਅਰਥਵਿਵਸਥਾ ਕਮਜ਼ੋਰ ਹੋ ਜਾਂਦੀ ਹੈ।

ਇਹੀ ਕਾਰਨ ਹੈ ਕਿ ਅਸੀਂ ਤੇਲ ਦੇ ਬਦਲੇ ਕੁਝ ਹੋਰ ਚੀਜ਼ ਦਾ ਇਸਤੇਮਾਲ ਕਰਨ ਦੀ ਉਮੀਦ ਕਰਦੇ ਹਾਂ। ਜਲਵਾਯੂ ਪਰਿਵਰਤਨ ਸਪੱਸ਼ਟ ਤੌਰ 'ਤੇ ਇੱਕ ਹੋਰ ਸਮੱਸਿਆ ਹੈ।

ਪਰ ਤੇਲ ਹੁਣ ਤੱਕ ਬੈਟਰੀ ਦਾ ਥਾਂ ਘੇਰੀ ਬੈਠਿਆ। ਅਜਿਹਾ ਇਸ ਲਈ ਕਿਉਂਕਿ ਚਲਦੀਆਂ ਮਸ਼ੀਨਾਂ ਲਈ ਉਸਦਾ ਆਪਣਾ ਖੁਦ ਦਾ ਊਰਜਾ ਸਰੋਤ ਬਿਹਤਰ ਹੋਣਾ ਚਾਹੀਦਾ ਹੈ।

ਇੱਕ ਕਿਲੋਗ੍ਰਾਮ ਗੈਸੋਲੀਨ 'ਚ ਉਨੀ ਹੀ ਮਾਤਰਾ 'ਚ ਊਰਜਾ ਹੁੰਦੀ ਹੈ ਜਿੰਨੀ 60 ਕਿਲੋਗ੍ਰਾਮ ਬੈਟਰੀ 'ਚ ਹੁੰਦੀ ਹੈ ਅਤੇ ਵਰਤੋਂ ਤੋਂ ਬਾਅਦ ਗਾਇਬ ਹੋਣ ਦੀ ਸੁਵਿਧਾਜਨਕ ਖਾਸੀਅਤ ਹੁੰਦੀ ਹੈ। ਮੰਦਭਾਗਾ ਹੈ ਕਿ ਖਾਲੀ ਬੈਟਰੀਆਂ ਪੂਰੀ ਤਰ੍ਹਾਂ ਭਾਰੀਆਂ ਹੁੰਦੀਆਂ ਹਨ।

ਇਲੈਕਟ੍ਰਿਕ ਕਾਰਾਂ ਆਖਿਰਕਾਰ ਟੁੱਟਣ ਲੱਗਦੀਆਂ ਹਨ। ਇਲੈਕਟ੍ਰਿਕ ਜੰਬੋ ਪਲੇਨ ਇੱਕ ਹੋਰ ਗੰਭੀਰ ਚੁਣੌਤੀ ਬਣ ਗਏ ਹਨ।

ਇੱਕ ਸਮਾਂ ਸੀ ਜਦੋਂ ਅਜਿਹਾ ਲੱਗਦਾ ਸੀ ਕਿ ਤੇਲ ਦੀ ਕੀਮਤ ਬੇਕਾਬੂ ਹੋ ਜਾਵੇਗੀ। ਇਸਨੂੰ "ਪੀਕ ਆਇਲ" ਕਿਹਾ ਜਾਂਦਾ ਸੀ। ਇਸਨੇ ਤੇਜ਼ੀ ਨਾਲ ਕੀਮਤ ਵਧਾਉਣ ਦਾ ਕੰਮ ਕੀਤਾ ਅਤੇ ਸਾਨੂੰ ਸਵੱਛ ਅਤੇ ਨਵੀਨਕਰਨੀ ਅਰਥਵਿਵਸਥਾ ਵੱਲ ਵੱਧਣ ਲਈ ਪ੍ਰੇਰਿਆ।

ਪਰ ਅਸਲ 'ਚ ਅੱਜ ਤੇਲ ਦੇ ਜਿੰਨੇ ਭੰਡਾਰ ਹਨ ਉਸ ਦੀ ਤੁਲਨਾ 'ਚ ਖਪਤ ਬਹੁਤ ਵੱਧ ਹੈ।

ਇਹ ਹਾਈਡ੍ਰੋਲਿਕ ਫਰੈਕਚਰਿੰਗ ਜਾਂ "ਫ੍ਰੈਕਿੰਗ" ਦੇ ਤੇਜ਼ੀ ਨਾਲ ਵਿਕਾਸ ਦੇ ਹਿੱਸੇ ਕਾਰਨ ਹੈ। ਇਹ ਇੱਕ ਅਜਿਹੀ ਵਿਵਾਦਪੂਰਨ ਪ੍ਰਕਿਰਿਆ ਹੈ ਜਿਸ 'ਚ ਤੇਲ ਅਤੇ ਗੈਸ ਨੂੰ ਛੱਡਣ ਲਈ ਪਾਣੀ, ਰੇਤ ਅਤੇ ਰਸਾਇਨਾਂ ਨੂੰ ਉੱਚ ਦਬਾਅ 'ਚ ਜ਼ਮੀਨ ਦੇ ਹੇਠਾਂ ਪੰਪ ਕੀਤਾ ਜਾਂਦਾ ਹੈ।

ਅਜਿਹਾ ਲੱਗਦਾ ਹੈ ਕਿ ਅਸੀਂ ਅਜੇ ਵੀ "ਸ਼ੈਤਾਨ ਦੇ ਮਲਮੂਤਰ" 'ਚ ਡੁੱਬ ਰਹੇ ਹਨ ਅਤੇ ਕੁਝ ਸਮੇਂ ਤੱਕ ਇਹ ਇੰਝ ਹੀ ਜਾਰੀ ਰਹਿ ਸਕਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)