You’re viewing a text-only version of this website that uses less data. View the main version of the website including all images and videos.
ਅਮਰੀਕਾ ਦੀ ਨਜ਼ਰ ਈਰਾਨ ਦੇ ਖਾਰਗ ਟਾਪੂ 'ਤੇ ਕਿਉਂ ਹੈ, ਇਸ ਨੂੰ ਉਸ ਮੁਲਕ ਦੀ ਜੀਵਨ ਰੇਖਾ ਕਿਉਂ ਮੰਨਿਆ ਜਾਂਦਾ
- ਲੇਖਕ, ਰਾਬਰਟ ਗਰੀਨਾਲ, ਐਲਿਸ ਡੇਵਿਸ
- ਲੇਖਕ, ਫ੍ਰੈਂਕ ਗਾਰਡਨਰ
- ਰੋਲ, ਬੀਬੀਸੀ ਪੱਤਰਕਾਰ
- ...ਤੋਂ, ਰਿਆਧ
- ਪੜ੍ਹਨ ਦਾ ਸਮਾਂ: 6 ਮਿੰਟ
ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਈਰਾਨ ਦੇ ਖਾਰਗ ਟਾਪੂ 'ਤੇ ਅੱਗੇ ਵੀ ਸੈਨਿਕ ਕਾਰਵਾਈ ਕਰਨ ਦੀ ਚੇਤਾਵਨੀ ਦਿੱਤੀ ਹੈ। ਇਹ ਛੋਟਾ ਜਿਹਾ ਟਾਪੂ ਈਰਾਨ ਦੇ ਤੱਟ ਦੇ ਨੇੜੇ ਸਥਿਤ ਹੈ, ਜਿੱਥੇ ਵੱਡੇ ਤੇਲ ਭੰਡਾਰ ਮੌਜੂਦ ਹਨ।
ਖਾਰਗ ਨੂੰ ਆਰਥਿਕ ਤੌਰ 'ਤੇ ਈਰਾਨ ਦੀ ਜੀਵਨਰੇਖਾ ਵੀ ਮੰਨਿਆ ਜਾਂਦਾ ਹੈ।
ਐਤਵਾਰ ਨੂੰ ਫਾਈਂਨੈਸ਼ੀਅਲ ਟਾਈਮਜ਼ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਡੌਨਲਡ ਟਰੰਪ ਨੇ ਕਿਹਾ ਕਿ ਉਹ ਈਰਾਨ ਦੇ ਤੇਲ 'ਤੇ "ਕਬਜ਼ਾ" ਕਰਨਾ ਚਾਹੁੰਦੇ ਹਨ ਅਤੇ ਖਾਰਗ ਟਾਪੂ ਨੂੰ ਆਪਣੇ ਕਬਜ਼ੇ ਵਿੱਚ ਲੈਣ ਬਾਰੇ ਵੀ ਸੋਚ ਰਹੇ ਹਨ। ਪਰ ਉਨ੍ਹਾਂ ਨੇ ਇਹ ਵੀ ਕਿਹਾ ਕਿ ਅਜਿਹੀ ਕਾਰਵਾਈ ਦਾ ਮਤਲਬ ਹੋਵੇਗਾ ਕਿ "ਸਾਨੂੰ ਕੁਝ ਸਮੇਂ ਲਈ ਉੱਥੇ (ਖਾਰਗ ਟਾਪੂ 'ਤੇ) ਰਹਿਣਾ ਪਵੇਗਾ।"
13 ਮਾਰਚ ਨੂੰ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਖਾਰਗ ਟਾਪੂ ਦੀਆਂ ਫੌਜੀ ਸਹੂਲਤਾਂ "ਪੂਰੀ ਤਰ੍ਹਾਂ ਨਸ਼ਟ ਕਰ ਦਿੱਤੀਆਂ ਗਈਆਂ" ਹਨ, ਪਰ ਉਸ ਨੇ ਇਸ ਦੇ ਤੇਲ ਢਾਂਚੇ ਨੂੰ ਨਿਸ਼ਾਨਾ ਬਣਾਉਣ ਤੋਂ ਰੋਕਿਆ।
ਇਸ ਮਹੀਨੇ ਦੇ ਸ਼ੁਰੂ ਵਿੱਚ, ਅਮਰੀਕੀ ਨਿਊਜ਼ ਆਊਟਲੈੱਟ ਐਕਸੀਓਸ ਨੇ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ ਚਾਰ ਸਰੋਤਾਂ ਦੇ ਹਵਾਲੇ ਨਾਲ ਕਿਹਾ ਕਿ ਪ੍ਰਸ਼ਾਸਨ ਈਰਾਨ 'ਤੇ ਦਬਾਅ ਬਣਾਉਣ ਲਈ ਟਾਪੂ ਨੂੰ ਕਬਜ਼ੇ ਵਿੱਚ ਲੈਣ ਜਾਂ ਉਸਦੀ ਨਾਕਾਬੰਦੀ ਕਰਨ ਦੀ ਯੋਜਨਾ 'ਤੇ ਵਿਚਾਰ ਕਰ ਰਿਹਾ ਸੀ, ਤਾਂ ਜੋ ਸਟ੍ਰੇਟ ਆਫ ਹਾਰਮੁਜ਼ ਨੂੰ ਦੁਬਾਰਾ ਖੋਲ੍ਹਿਆ ਜਾ ਸਕੇ।
ਦਰਅਸਲ, ਸਟ੍ਰੇਟ ਆਫ ਹਾਰਮੁਜ਼ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਸ਼ਿਪਿੰਗ ਰਸਤੇ ਵਿੱਚੋਂ ਇੱਕ ਹੈ ਅਤੇ ਈਰਾਨ ਦੇ ਤਟ ਦੇ ਦੱਖਣ ਵਿੱਚ ਸਥਿਤ ਹੈ।
ਇਹ ਵੀ ਅਟਕਲਾਂ ਲਗਾਈਆਂ ਜਾ ਰਹੀਆਂ ਹਨ ਕਿ ਕੀ ਕਿਸੇ ਸਮੇਂ ਅਮਰੀਕੀ ਫੌਜਾਂ ਖਾਰਗ ਟਾਪੂ ਨੂੰ ਆਪਣੇ ਕਬਜ਼ੇ ਵਿੱਚ ਲੈਣ ਦੀ ਕੋਸ਼ਿਸ਼ ਕਰ ਸਕਦੀਆਂ ਹਨ।
ਇਸ ਦਾ ਕਬਜ਼ਾ ਨਾ ਸਿਰਫ਼ ਈਰਾਨ ਦੀ ਤੇਲ ਬਰਾਮਦਗੀ ਨੂੰ ਰੋਕ ਦੇਵੇਗਾ, ਸਗੋਂ ਇਹ ਇੱਕ ਅਜਿਹਾ ਮੰਚ ਵੀ ਪ੍ਰਦਾਨ ਕਰ ਸਕਦਾ ਹੈ ਜਿੱਥੋਂ ਮੁੱਖ ਭੂਖੰਡ 'ਤੇ ਹਮਲੇ ਕੀਤੇ ਜਾ ਸਕਣ।
ਬੀਬੀਸੀ ਦੇ ਸਿਕਿਊਰਿਟੀ ਬ੍ਰੀਫ਼ ਦੇ ਸੁਰੱਖਿਆ ਵਿਸ਼ਲੇਸ਼ਕ ਮਾਈਕੀ ਕੇਅ ਦਾ ਕਹਿਣਾ ਹੈ ਕਿ ਟਾਪੂ 'ਤੇ ਕਬਜ਼ੇ ਨਾਲ ਇਸਲਾਮਿਕ ਰੈਵੋਲਿਊਸ਼ਨ ਗਾਰਡ ਕੋਰਪਸ ਆਰਥਿਕ ਜੀਵਨ ਰੇਖਾ ਪ੍ਰਭਾਵਸ਼ਾਲੀ ਢੰਗ ਨਾਲ ਕੱਟ ਜਾਵੇਗੀ, ਜਿਸ ਨਾਲ ਯੁੱਧ ਕਰਨ ਦੀ ਉਸਦੀ ਸਮਰੱਥਾ ਪ੍ਰਭਾਵਿਤ ਹੋਵੇਗੀ।
ਈਰਾਨ ਲਈ ਖਾਰਗ ਟਾਪੂ ਕਿਉਂ ਮਹੱਤਵਪੂਰਨ ਹੈ?
ਖਾਰਗ ਟਾਪੂ ਈਰਾਨ ਦੇ ਤੱਟ ਤੋਂ ਸਿਰਫ਼ 15 ਨਾਟਿਕਲ ਮੀਲ (24 ਕਿਲੋਮੀਟਰ) ਦੂਰ ਇੱਕ ਛੋਟਾ ਪਥਰੀਲਾ ਟਾਪੂ ਹੈ।
ਆਪਣੇ ਛੋਟੇ ਆਕਾਰ ਦੇ ਬਾਵਜੂਦ, ਇਹ ਈਰਾਨ ਦੇ ਊਰਜਾ ਢਾਂਚੇ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੈ।
ਉੱਤਰੀ ਖਾੜੀ ਵਿੱਚ ਸਥਿਤ ਇਸ ਛੋਟੇ ਪਰ ਅਹਿਮ ਟਾਪੂ 'ਤੇ ਅਮਰੀਕਾ ਦਾ ਹਮਲਾ ਕਰਨਾ ਈਰਾਨ ਦੀ ਅਰਥਵਿਵਸਥਾ ਦੀ ਮੁੱਖ ਨਸ 'ਤੇ ਵਾਰ ਕਰਨ ਦੇ ਬਰਾਬਰ ਹੈ।
ਈਰਾਨ ਦੇ ਕੱਚੇ ਤੇਲ ਦਾ 90 ਫੀਸਦੀ ਹਿੱਸਾ ਇਸੇ ਟਾਪੂ 'ਤੇ ਮੌਜੂਦ ਟਰਮੀਨਲ ਤੋਂ ਆਉਂਦਾ ਹੈ। ਇਹ ਤੇਲ ਮੁੱਖ ਭੂਮੀ ਤੋਂ ਪਾਈਪਲਾਈਨ ਰਾਹੀਂ ਇੱਥੇ ਲਿਆਂਦਾ ਜਾਂਦਾ ਹੈ।
ਟਰੰਪ ਨੇ ਖ਼ਾਸ ਤੌਰ 'ਤੇ ਇਨ੍ਹਾਂ ਪਾਈਪਲਾਈਨਾਂ ਨੂੰ ਨਿਸ਼ਾਨਾ ਬਣਾਉਣ ਦੀ ਸੰਭਾਵਨਾ ਦਾ ਜ਼ਿਕਰ ਕੀਤਾ ਹੈ, ਪਰ ਉਨ੍ਹਾਂ ਨੇ ਇਹ ਵੀ ਕਿਹਾ ਕਿ ਹੁਣ ਤੱਕ ਉਹ ਇਸ ਤਰ੍ਹਾਂ ਕਰਨ ਤੋਂ ਬਚਦੇ ਰਹੇ ਹਨ, ਤਾਂ ਜੋ ਈਰਾਨ ਦੀ ਅਰਥਵਿਵਸਥਾ ਨੂੰ ਲੰਬੇ ਸਮੇਂ ਲਈ ਨੁਕਸਾਨ ਨਾ ਪਹੁੰਚੇ।
16 ਮਾਰਚ ਨੂੰ ਟਰੰਪ ਨੇ ਕਿਹਾ, "ਅਸੀਂ ਇਸਨੂੰ ਪੰਜ ਮਿੰਟ ਦੇ ਨੋਟਿਸ 'ਤੇ ਕਰ ਸਕਦੇ ਹਾਂ ਅਤੇ ਇਹ ਨਸ਼ਟ ਹੋ ਜਾਵੇਗਾ। ਸਿਰਫ਼ ਮੈਨੂੰ ਇੱਕ ਸ਼ਬਦ ਕਹਿਣਾ ਹੈ ਅਤੇ ਪਾਈਪਲਾਈਨ ਵੀ ਖ਼ਤਮ ਹੋ ਜਾਣਗੀਆਂ। ਪਰ ਉਨ੍ਹਾਂ ਨੂੰ ਦੁਬਾਰਾ ਬਣਾਉਣ ਵਿੱਚ ਲੰਬਾ ਸਮਾਂ ਲੱਗੇਗਾ।"
ਹਰ ਰੋਜ਼, ਇਹ ਟਰਮੀਨਲ ਲਗਭਗ 1.3 ਮਿਲੀਅਨ ਬੈਰਲ ਕੱਚੇ ਤੇਲ ਨੂੰ ਪ੍ਰੋਸੈਸ ਕਰਦਾ ਹੈ ਜੋ ਈਰਾਨ ਦੇ ਤਿੰਨ ਮੁੱਖ ਸਮੁੰਦਰੀ ਖੇਤਰਾਂ, ਅਬੂਜ਼ਰ, ਫੋਰੂਜ਼ਾਨ ਅਤੇ ਦੋਰੂਦ ਤੋਂ ਜਟਿਲ ਅੰਡਰਵਾਟਰ ਪਾਈਪਲਾਈਨਾਂ ਦੇ ਜਾਲ ਰਾਹੀਂ ਲਿਆਂਦਾ ਜਾਂਦਾ ਹੈ।
ਅਤੇ ਇਸਦੀ ਭੰਡਾਰਨ ਸਮਰੱਥਾ 18 ਮਿਲੀਅਨ ਬੈਰਲ ਹੈ, ਜੋ ਕਿ ਆਮ ਹਾਲਾਤਾਂ ਵਿੱਚ ਲਗਭਗ 10-12 ਦਿਨਾਂ ਦੇ ਬਰਾਮਦਗੀ ਦੇ ਬਰਾਬਰ ਹੁੰਦਾ ਹੈ।
ਖਾਰਗ ਟਾਪੂ ਦੇ ਘਾਟਾਂ 'ਤੇ 8.5 ਕਰੋੜ ਗੈਲਨ ਤੱਕ ਦੀ ਸਮਰੱਥਾ ਵਾਲੇ ਬਹੁਤ ਵੱਡੇ ਟੈਂਕਰ ਆ ਸਕਦੇ ਹਨ ਅਤੇ ਇੱਥੇ ਤੇਲ ਲੋਡ ਕਰ ਸਕਦੇ ਹਨ। ਇਸਦਾ ਤੱਟ ਡੂੰਘੇ ਪਾਣੀ ਦੇ ਨੇੜੇ ਹੈ, ਜੋ ਮੁੱਖ ਭੂਖੰਡ ਦੇ ਥੋੜ੍ਹੇ ਗਹਿਰੇ ਤਟ ਤੋਂ ਵੱਖਰਾ ਹੈ।
ਇੱਥੇ ਲੋਡ ਹੋਣ ਤੋਂ ਬਾਅਦ ਇਹ ਟੈਂਕਰ ਖਾੜੀ ਰਾਹੀਂ ਵਾਪਸ ਜਾਂਦੇ ਹਨ ਅਤੇ ਹੋਰਮੁਜ਼ ਸਟ੍ਰੇਟ ਦੇ ਰਾਹੀਂ ਬਾਹਰ ਨਿਕਲਦੇ ਹਨ। ਇੱਥੋਂ ਇਹ ਚੀਨ ਜਾਂਦੇ ਹਨ, ਜੋ ਈਰਾਨੀ ਤੇਲ ਦਾ ਮੁੱਖ ਖਰੀਦਦਾਰ ਹੈ।
13 ਮਾਰਚ ਦੇ ਹਮਲੇ ਬਾਰੇ ਅਮਰੀਕਾ ਅਤੇ ਈਰਾਨ ਨੇ ਕੀ ਕਿਹਾ?
13 ਮਾਰਚ ਨੂੰ ਟਰੰਪ ਨੇ ਕਿਹਾ ਕਿ ਅਮਰੀਕੀ ਸੈਂਟ੍ਰਲ ਕਮਾਂਡ (ਸੈਂਟਕੌਮ) ਨੇ "ਮੱਧ-ਪੂਰਬ ਦੇ ਇਤਿਹਾਸ ਦੀਆਂ ਸਭ ਤੋਂ ਤਾਕਤਵਰ ਬੰਬਾਰੀਆਂ ਵਿੱਚੋਂ ਇੱਕ ਨੂੰ ਅੰਜਾਮ ਦਿੱਤਾ ਅਤੇ ਈਰਾਨ ਦੇ ਸਭ ਤੋਂ ਅਹਿਮ ਟਿਕਾਣੇ ਖਾਰਗ ਟਾਪੂ 'ਤੇ ਸਥਿਤ ਹਰ ਸੈਨਿਕ ਨਿਸ਼ਾਨੇ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ।"
ਟਰੰਪ ਨੇ ਇਹ ਵੀ ਕਿਹਾ ਕਿ "ਸ਼ਿਸ਼ਟਾਚਾਰ ਕਾਰਨ" ਉਨ੍ਹਾਂ ਨੇ ਟਾਪੂ ਦੇ ਤੇਲ ਟਿਕਾਣਿਆਂ ਨੂੰ ਨਸ਼ਟ ਨਾ ਕਰਨ ਦਾ ਬਦਲ ਚੁਣਿਆ।
ਸੈਂਟਕੌਮ ਨੇ ਕਿਹਾ ਕਿ ਅਮਰੀਕੀ ਫੌਜ ਨੇ "ਖਾਰਗ ਟਾਪੂ 'ਤੇ 90 ਤੋਂ ਵੱਧ ਈਰਾਨੀ ਸੈਨਿਕ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ, ਜਦਕਿ ਤੇਲ ਨਾਲ ਜੁੜੇ ਢਾਂਚੇ ਨੂੰ ਸੁਰੱਖਿਅਤ ਰੱਖਿਆ।"
ਈਰਾਨੀ ਸਟੇਟ ਮੀਡੀਆ ਨੇ ਰਿਪੋਰਟ ਕੀਤਾ ਕਿ ਟਾਪੂ ਦੀਆਂ ਤੇਲ ਸਹੂਲਤਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਫਾਰਸ ਨਿਊਜ਼ ਏਜੰਸੀ ਨੇ ਕਿਹਾ ਕਿ ਅਮਰੀਕੀ ਹਮਲੇ ਹਵਾਈ ਰੱਖਿਆ ਪ੍ਰਣਾਲੀਆਂ, ਨੇਵੀ ਬੇਸ, ਹਵਾਈ ਅੱਡੇ ਦੇ ਕੰਟ੍ਰੋਲ ਟਾਵਰ ਅਤੇ ਹੈਲੀਕਾਪਟਰ ਹੈਂਗਰ ਨੂੰ ਨਿਸ਼ਾਨਾ ਬਣਾਉਂਦੇ ਸਨ।
ਖਾਰਗ ਟਾਪੂ ਦਾ ਇਤਿਹਾਸ ਕੀ ਹੈ?
ਦੇਸ਼ ਦੀ ਫੌਜ ਨੇ ਚੇਤਾਵਨੀ ਦਿੱਤੀ ਕਿ ਜੇਕਰ ਉਸ ਦੀ ਊਰਜਾ ਸਹੂਲਤਾਂ 'ਤੇ ਹਮਲਾ ਕੀਤਾ ਗਿਆ ਤਾਂ ਅਮਰੀਕਾ ਨਾਲ ਕੰਮ ਕਰਨ ਵਾਲੀਆਂ ਕੰਪਨੀਆਂ ਦੀ ਤੇਲ ਅਤੇ ਊਰਜਾ ਢਾਂਚੇ ਨੂੰ "ਤੁਰੰਤ ਨਸ਼ਟ ਕਰ ਦਿੱਤਾ ਜਾਵੇਗਾ ਅਤੇ ਸੁਆਹ ਵਿੱਚ ਬਦਲ ਦਿੱਤਾ ਜਾਵੇਗਾ"।
ਟਾਪੂ ਦੇ ਢਾਂਚੇ ਨੂੰ ਨਸ਼ਟ ਕਰਨ ਲਈ ਫੌਜੀ ਕਾਰਵਾਈ ਈਰਾਨ ਲਈ ਬਹੁਤ ਵੱਡਾ ਨੁਕਸਾਨ ਸਾਬਤ ਹੋਵੇਗੀ।
ਇਹ ਸੰਘਰਸ਼ ਵਿੱਚ ਇੱਕ ਵੱਡੀ ਤੀਬਰਤਾ ਵੀ ਲਿਆਵੇਗੀ।
ਇਸ ਨਾਲ ਵਿਸ਼ਵ ਪੱਧਰ 'ਤੇ ਤੇਲ ਦੀਆਂ ਕੀਮਤਾਂ ਹੋਰ ਵਧ ਸਕਦੀਆਂ ਹਨ ਅਤੇ ਇਹ ਵੀ ਸੰਭਾਵਨਾ ਹੈ ਕਿ ਈਰਾਨ ਮੱਧ ਪੂਰਬ ਵਿੱਚ ਹੋਰ ਤੇਲ ਢਾਂਚੇ ਨੂੰ ਨਿਸ਼ਾਨਾ ਬਣਾਏ।
ਜੰਗ ਦੇ ਇੱਕ ਮਹੀਨੇ ਬਾਅਦ ਵੀ ਈਰਾਨ ਕੋਲ ਆਪਣੇ ਖਾੜੀ ਅਰਬ ਗੁਆਂਢੀਆਂ ਅਤੇ ਜਹਾਜ਼ਾਂ ਖ਼ਿਲਾਫ਼ ਘੱਟ ਲਾਗਤ ਵਾਲੇ ਉੱਚ ਵਿਸਫੋਟਕ ਡਰੋਨ ਵੱਡੀ ਗਿਣਤੀ ਵਿੱਚ ਲਾਂਚ ਕਰਨ ਦੀ ਸਮਰੱਥਾ ਹੈ।
ਇਹ ਸੰਭਵ ਹੈ ਕਿ ਇਹ ਨਿਸ਼ਾਨਿਆਂ ਨੂੰ ਵਧਾ ਕੇ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਵਾਲੀਆਂ ਡੀਸੈਲੀਨੇਸ਼ਨ ਪਲਾਂਟਾਂ ਵਰਗੇ ਮਹੱਤਵਪੂਰਨ ਢਾਂਚੇ ਨੂੰ ਵੀ ਸ਼ਾਮਲ ਕਰ ਸਕਦਾ ਹੈ।
ਖਾਰਗ ਟਾਪੂ ਨੇ 2,000 ਸਾਲ ਪਹਿਲਾਂ ਪਰਸ਼ੀਅਨ ਸਮਰਾਜ ਦੇ ਸਮੇਂ ਤੋਂ ਖਾੜੀ ਵਿੱਚ ਰਣਨੀਤਕ ਭੂਮਿਕਾ ਨਿਭਾਈ ਹੈ, ਜਦੋਂ ਇਸਦੇ ਕੁਦਰਤੀ ਚਸ਼ਮੇ ਇਸਨੂੰ ਇੱਕ ਮਹੱਤਵਪੂਰਨ ਵਪਾਰਕ ਬੰਦਰਗਾਹ ਬਣਾਉਂਦੇ ਸਨ।
16ਵੀਂ ਅਤੇ 17ਵੀਂ ਸਦੀ ਵਿੱਚ ਇਹ ਪੁਰਤਗਾਲੀ ਅਤੇ ਡੱਚ ਸ਼ਾਸਨ ਹੇਠ ਸੀ ਅਤੇ 1900 ਦੇ ਸ਼ੁਰੂ ਵਿੱਚ ਇੱਥੇ ਉੱਚ ਸੁਰੱਖਿਆ ਵਾਲੀ ਜੇਲ੍ਹ ਵੀ ਸੀ।
ਫਿਰ 1950 ਦੇ ਦਹਾਕੇ ਵਿੱਚ ਮੁਹੰਮਦ ਰਜ਼ਾ ਪਹਿਲਵੀ ਦੇ ਰਾਜ ਦੌਰਾਨ ਹਾਈਡ੍ਰੋਕਾਰਬਨ ਸਟੋਰੇਜ ਅਤੇ ਵੰਡ ਕੇਂਦਰ ਦੀ ਨਿਰਮਾਣ ਸ਼ੁਰੂ ਹੋਈ, ਜੋ ਜਲਦੀ ਹੀ ਈਰਾਨ ਦਾ ਮੁੱਖ ਬਰਾਮਦਗੀ ਕੇਂਦਰ ਬਣ ਗਿਆ।
24 ਵਰਗ ਕਿਲੋਮੀਟਰ ਦੇ ਇਸ ਟਾਪੂ ਨੇ 1960 ਦੇ ਦਹਾਕੇ ਤੋਂ ਈਰਾਨੀ ਤੇਲ ਬਰਾਮਦਗੀ ਵਿੱਚ ਕੇਂਦਰੀ ਭੂਮਿਕਾ ਨਿਭਾਈ ਹੈ, ਜਦੋਂ ਇਸਦੇ ਢਾਂਚੇ ਅਮਰੀਕੀ ਤੇਲ ਕੰਪਨੀ ਅਮੋਕੋ ਦੀ ਹਿੱਸੇਦਾਰੀ ਨਾਲ ਵਿਕਸਤ ਕੀਤੀ ਗਈ ਸੀ। ਅਤੇ 1979 ਦੀ ਇਸਲਾਮਿਕ ਕ੍ਰਾਂਤੀ ਤੱਕ ਟਾਪੂ ਦੀ ਕੁਝ ਸੰਰਚਨਾ ਉੱਥੇ ਕੰਮ ਕਰਨ ਵਾਲੀਆਂ ਅਮਰੀਕੀ ਕੰਪਨੀਆਂ ਦੀ ਮਲਕੀਅਤ ਵਿੱਚ ਸੀ।
ਬੀਬੀਸੀ ਮੁੰਡੋ ਵੱਲੋਂ ਵਾਧੂ ਰਿਪੋਰਟਿੰਗ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ