You’re viewing a text-only version of this website that uses less data. View the main version of the website including all images and videos.
ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਬਰੀ ਕਰਨ ਦੇ ਪਿੱਛੇ ਹਾਈਕੋਰਟ ਨੇ ਕੀ ਕਾਰਨ ਦੱਸੇ? ਮੁੱਖ ਗਵਾਹ ਖੱਟਾ ਸਿੰਘ ਬਾਰੇ ਕੀ ਕਿਹਾ
- ਲੇਖਕ, ਹਰਮਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
- ਪੜ੍ਹਨ ਦਾ ਸਮਾਂ: 6 ਮਿੰਟ
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 2002 ਦੇ ਪੱਤਰਕਾਰ ਰਾਮ ਚੰਦਰ ਛੱਤਰਪਤੀ ਕਤਲ ਮਾਮਲੇ ਵਿੱਚ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਬਰੀ ਕਰ ਦਿੱਤਾ ਹੈ।
ਹਾਈਕੋਰਟ ਨੇ 2019 ਵਿੱਚ ਟ੍ਰਾਇਲ ਕੋਰਟ ਵੱਲੋਂ ਦਿੱਤੀ ਉਮਰ ਕੈਦ ਦੀ ਸਜ਼ਾ ਨੂੰ ਰੱਦ ਕਰਦਿਆਂ ਕਿਹਾ ਕਿ ਇਸਤਗਾਸਾ ਪੱਖ ਰਾਮ ਰਹੀਮ ਖ਼ਿਲਾਫ਼ ਅਪਰਾਧਕ ਸਾਜ਼ਿਸ਼ ਦਾ ਇਲਜ਼ਾਮ "ਵਾਜਬ ਸ਼ੱਕ ਤੋਂ ਪਰੇ" ਸਾਬਤ ਨਹੀਂ ਕਰ ਸਕਿਆ।
ਇਸ ਸਬੰਧ ਵਿੱਚ ਅਦਾਲਤ ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਕਤਲ ਦੀ ਅਪਰਾਧਿਕ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦੇ ਦਾਅਵਿਆਂ ਦੀ ਪੁਸ਼ਟੀ ਕਰਨ ਵਾਲੇ 'ਸਬੂਤਾਂ ਦੀ ਕਮੀ, ਇੱਕ ਅਹਿਮ ਪੁਲਿਸ ਗਵਾਹ ਦੀ ਪੁੱਛਗਿੱਛ ਨਾ ਹੋਣਾ, ਮੁੱਖ ਗਵਾਹ ਖੱਟਾ ਸਿੰਘ ਦਾ ਭਰੋਸੇਯੋਗ ਨਾ ਹੋਣਾ ਅਤੇ ਜਾਂਚ ਵਿੱਚ ਖਾਮੀਆਂ ਦਾ ਹਵਾਲਾ ਦਿੱਤਾ ਹੈ'।
ਚੀਫ ਜਸਟਿਸ ਸ਼ੀਲ ਨਾਗੂ ਅਤੇ ਜਸਟਿਸ ਵਿਕਰਮ ਅਗਰਵਾਲ ਦੀ ਵਿਸ਼ੇਸ਼ ਬੈਂਚ ਨੇ ਸ਼ਨੀਵਾਰ ਨੂੰ 113 ਸਫ਼ਿਆਂ ਦਾ ਫ਼ੈਸਲਾ ਸੁਣਾਇਆ, ਜੋ ਸੋਮਵਾਰ ਨੂੰ ਜਨਤਕ ਕੀਤਾ ਗਿਆ।
ਛੱਤਰਪਤੀ ਕਤਲ ਮਾਮਲਾ ਕੀ ਹੈ?
ਰਾਮ ਚੰਦਰ ਛੱਤਰਪਤੀ ਸ਼ਾਮ ਨੂੰ ਛਪਦੇ ਅਖ਼ਬਾਰ "ਪੂਰਾ ਸੱਚ" ਦੇ ਸੰਪਾਦਕ ਸਨ।
24 ਅਕਤੂਬਰ 2002 ਨੂੰ ਹਰਿਆਣਾ ਦੇ ਸਿਰਸਾ ਵਿੱਚ ਆਪਣੇ ਘਰ ਦੇ ਬਾਹਰ ਉਨ੍ਹਾਂ 'ਤੇ ਗੋਲੀ ਚਲਾਈ ਗਈ ਸੀ, ਜਦੋਂ ਉਹ ਪਰਿਵਾਰ ਨਾਲ ਖਾਣਾ ਖਾ ਰਹੇ ਸਨ।
ਗੰਭੀਰ ਜ਼ਖ਼ਮਾਂ ਕਾਰਨ ਉਨ੍ਹਾਂ ਦੀ 21 ਨਵੰਬਰ 2002 ਨੂੰ ਦਿੱਲੀ ਦੇ ਅਪੋਲੋ ਹਸਪਤਾਲ ਵਿੱਚ ਮੌਤ ਹੋ ਗਈ ਸੀ।
ਛੱਤਰਪਤੀ ਨੇ ਆਪਣੇ ਅਖ਼ਬਾਰ ਵਿੱਚ ਡੇਰਾ ਮੁਖੀ 'ਤੇ ਸਾਧਵੀਆਂ ਦੇ ਜਿਨਸ਼ੀ ਸ਼ੋਸ਼ਣ ਦੇ ਇਲਜ਼ਾਮਾਂ ਬਾਰੇ ਅਤੇ ਡੇਰੇ ਬਾਰੇ ਆਲੋਚਨਾਤਮਕ ਲੇਖ ਪ੍ਰਕਾਸ਼ਿਤ ਕੀਤੇ ਸਨ।
'ਮੁੱਖ ਗਵਾਹ ਦੀ ਭਰੋਸੇਯੋਗ ਨਾ ਹੋਣਾ'
ਅਦਾਲਤ ਨੇ ਫੈਸਲੇ ਵਿੱਚ ਕਿਹਾ ਕਿ 'ਇਸਤਗਾਸਾ ਪੱਖ ਦਾ ਮੁੱਖ ਗਵਾਹ ਖੱਟਾ ਸਿੰਘ ਭਰੋਸੇਯੋਗ ਨਹੀਂ ਹੈ'।
ਫ਼ੈਸਲੇ ਵਿੱਚ ਕਿਹਾ ਗਿਆ, "ਖੱਟਾ ਸਿੰਘ ਵਰਗੇ ਗਵਾਹ 'ਤੇ ਬਿਲਕੁਲ ਵੀ ਭਰੋਸਾ ਨਹੀਂ ਕੀਤਾ ਜਾ ਸਕਦਾ। ਉਹ ਕਈ ਸਾਲ ਚੁੱਪ ਰਿਹਾ ਅਤੇ ਬਾਅਦ ਵਿੱਚ ਇੱਕ ਪਾਲੇ ਤੋਂ ਦੂਜੇ ਪਾਲੇ ਵਿੱਚ ਗੇਂਦ ਵਾਂਗ ਉੱਛਲਦਾ ਰਿਹਾ।"
ਅਦਾਲਤ ਦੇ ਹੁਕਮ ਮੁਤਾਬਕ 16 ਸਤੰਬਰ 2017 ਨੂੰ ਖੱਟਾ ਸਿੰਘ ਆਪਣੇ ਬਿਆਨ ਤੋਂ ਮੁੱਕਰ ਗਿਆ ਸੀ ਅਤੇ ਉਸਨੇ ਸੀਬੀਆਈ 'ਤੇ ਦਬਾਅ ਬਣਾਉਣ ਦੇ ਇਲਜ਼ਾਮ ਵੀ ਲਗਾਏ ਸਨ, ਪਰ ਬਾਅਦ ਵਿੱਚ ਇਸਤਗਾਸਾ ਦੇ ਹੱਕ ਵਿੱਚ ਡੇਰਾ ਮੁਖੀ ਖ਼ਿਲਾਫ਼ ਬਿਆਨ ਦੇ ਦਿੱਤਾ ਸੀ।
ਅਦਾਲਤ ਨੇ ਕਿਹਾ, "ਅੰਤ ਵਿੱਚ ਅਸੀਂ ਜਿਸ ਅਟੱਲ ਨਤੀਜੇ 'ਤੇ ਪਹੁੰਚਦੇ ਹਾਂ, ਉਹ ਇਹ ਹੈ ਕਿ ਉਹ (ਖੱਟਾ ਸਿੰਘ) ਕੋਈ ਭਰੋਸੇਯੋਗ ਗਵਾਹ ਨਹੀਂ ਸੀ ਅਤੇ ਉਸਦੇ ਬਿਆਨ ਦੀ ਪੁਸ਼ਟੀ ਲਈ ਕਾਫੀ ਸਬੂਤ ਵੀ ਮੌਜੂਦ ਨਹੀਂ ਸਨ। ਇਸ ਲਈ ਉਸਦੀ ਗਵਾਹੀ 'ਤੇ ਭਰੋਸਾ ਨਹੀਂ ਕੀਤਾ ਜਾ ਸਕਦਾ।"
ਖੱਟਾ ਸਿੰਘ ਕੋਣ ਹੈ ?
ਖੱਟਾ ਸਿੰਘ ਡੇਰਾ ਮੁਖੀ ਦਾ ਕਥਿਤ ਡਰਾਈਵਰ ਸੀ। 26 ਦਸੰਬਰ 2006 ਨੂੰ ਪਹਿਲੀ ਵਾਰ ਉਸਦਾ ਜ਼ਿਕਰ ਹੋਇਆ ਸੀ।
ਉਸਨੇ ਕਿਸੇ ਹੋਰ ਕੇਸ (ਰਣਜੀਤ ਕਤਲ ਕੇਸ) ਵਿੱਚ ਡੇਰਾ ਮੁਖੀ, ਕ੍ਰਿਸ਼ਨ ਲਾਲ ਅਤੇ ਚਾਰ ਹੋਰਨਾਂ ਬੰਦਿਆਂ ਖ਼ਿਲਾਫ਼ ਆਪਣੇ ਬਿਆਨ ਦਰਜ ਕਰਵਾਏ ਸਨ।
ਮਗਰੋਂ ਉਹ 29 ਮਾਰਚ 2007 ਨੂੰ ਆਪਣੇ ਇਸ ਬਿਆਨ ਤੋਂ ਵੀ ਪਲਟ ਗਿਆ ਸੀ ਅਤੇ ਇਲਜ਼ਾਮ ਲਾਇਆ ਸੀ ਕਿ ਸੀਬੀਆਈ ਡੇਰਾ ਮੁਖੀ ਨੂੰ ਝੂਠਾ ਫਸਾਉਣ ਲਈ ਉਸ 'ਤੇ ਦਬਾਅ ਪਾ ਰਹੀ ਹੈ।
ਫਿਰ ਛੱਤਰਪਤੀ ਦੇ ਕਤਲ ਤੋਂ ਪੰਜ ਸਾਲ ਬਾਅਦ 21 ਜੂਨ 2006 ਨੂੰ ਖੱਟਾ ਸਿੰਘ ਨੇ ਛੱਤਰਪਤੀ ਕਤਲ ਕੇਸ ਵਿੱਚ ਡੇਰਾ ਮੁਖੀ ਖ਼ਿਲਾਫ਼ ਆਪਣਾ ਬਿਆਨ ਦਰਜ ਕਰਵਾਇਆ ਸੀ।
ਖੱਟਾ ਸਿੰਘ ਨੇ ਕੀ ਇਲਜ਼ਾਮ ਲਾਇਆ ਸੀ
ਖੱਟਾ ਸਿੰਘ ਨੇ ਇਲਜ਼ਾਮ ਲਾਇਆ ਸੀ ਕਿ "23 ਅਕਤੂਬਰ 2002 ਨੂੰ ਉਹ ਰਾਮ ਰਹੀਮ ਨਾਲ ਸਤਸੰਗ ਵਾਸਤੇ ਜਲੰਧਰ ਗਿਆ ਸੀ। ਜਦੋਂ ਉਹ ਡੇਰੇ ਵਿੱਚ ਵਾਪਸ ਆਏ ਤਾਂ ਹੋਰਨਾਂ ਮੁਲਜ਼ਮਾਂ ਨੇ ਡੇਰਾ ਮੁਖੀ ਨੂੰ "ਪੂਰਾ ਸੱਚ" ਦੀਆਂ ਖਬਰਾਂ ਦਿਖਾਈਆਂ।"
"ਇਸ ਨਾਲ ਡੇਰਾ ਮੁਖੀ ਭੜਕ ਗਿਆ ਅਤੇ ਉਸਨੇ ਕੁਲਦੀਪ ਸਿੰਘ, ਨਿਰਮਲ ਸਿੰਘ ਅਤੇ ਕ੍ਰਿਸ਼ਨ ਲਾਲ ਨੂੰ ਰਾਮ ਚੰਦਰ ਛੱਤਰਪਤੀ ਦਾ ਕਤਲ ਕਰਨ ਦਾ ਨਿਰਦੇਸ਼ ਦਿੱਤਾ।"
ਕੇਸ ਦੀ ਸੁਣਵਾਈ ਦੌਰਾਨ ਖੱਟਾ ਸਿੰਘ ਇਸ ਬਿਆਨ ਤੋਂ ਵੀ ਮੁੱਕਰ ਗਿਆ ਸੀ ਅਤੇ ਇਲਜ਼ਾਮ ਲਗਾਏ ਕਿ ਸੀਬੀਆਈ ਨੇ ਡਰਾ ਕੇ ਉਸ ਤੋਂ ਬਿਆਨ ਦਵਾਇਆ ਹੈ। ਪਰ ਫਿਰ ਉਸ ਨੇ ਸੀਬੀਆਈ ਦੇ ਹੱਕ ਵਿੱਚ ਅਤੇ ਡੇਰਾ ਮੁਖੀ ਖ਼ਿਲਾਫ਼ ਬਿਆਨ ਦਿੱਤਾ ਸੀ।
ਅਦਾਲਤ ਨੇ ਕਿਹਾ ਸੀ ਕਿ ਖੱਟਾ ਸਿੰਘ ਦੇ ਬਿਆਨ ਤੋਂ ਇਲਾਵਾ ਅਜਿਹਾ ਕੋਈ ਸਬੂਤ ਨਹੀਂ ਹੈ ਕਿ ਉਹ 23 ਅਕਤੂਬਰ ਨੂੰ ਜਲੰਧਰ ਗਿਆ ਸੀ। ਇਸ ਤੋਂ ਇਲਾਵਾ ਜਾਂਚ ਅਧਿਕਾਰੀ ਨੇ ਮੰਨਿਆ ਕਿ ਰਾਮ ਰਹੀਮ ਦੇ ਜਲੰਧਰ ਦੌਰੇ ਦੀ ਪੁਸ਼ਟੀ ਸੀਬੀਆਈ ਵੱਲੋਂ ਨਹੀਂ ਕੀਤੀ ਗਈ।
ਅਹਿਮ ਗਵਾਹ ਤੋਂ ਪੁੱਛਗਿੱਛ ਨਾ ਕਰਨਾ
ਅਦਾਲਤ ਨੇ ਕਿਹਾ ਕਿ ਸਬ-ਇੰਸਪੈਕਟਰ ਰਾਮ ਚੰਦਰ, ਜਿਨ੍ਹਾਂ ਨੇ ਗੋਲੀਬਾਰੀ ਤੋਂ ਬਾਅਦ ਜ਼ਖ਼ਮੀ ਪੱਤਰਕਾਰ ਦਾ ਬਿਆਨ ਦਰਜ ਕੀਤਾ ਸੀ, ਨੂੰ ਗਵਾਹ ਵਜੋਂ ਪੇਸ਼ ਨਹੀਂ ਕੀਤਾ ਗਿਆ।
ਅਦਾਲਤ ਨੇ ਕਿਹਾ ਕਿ ਇੰਨੇ ਮਹੱਤਵਪੂਰਨ ਗਵਾਹ ਨੂੰ ਨਾ ਬੁਲਾਉਣਾ ਮਾਮਲੇ ਵਿੱਚ ਸ਼ੱਕ ਪੈਦਾ ਕਰਦਾ ਹੈ।
ਅਦਾਲਤ ਨੇ ਕਿਹਾ, "ਕਿਸੇ ਵੀ ਹਾਲਤ ਵਿੱਚ ਜਦੋਂ ਇੰਨਾ ਮਹੱਤਵਪੂਰਨ ਬਿਆਨ ਰਿਕਾਰਡ 'ਤੇ ਨਹੀਂ ਲਿਆਂਦਾ ਜਾਂਦਾ ਅਤੇ ਇੰਨੇ ਮਹੱਤਵਪੂਰਨ ਗਵਾਹ ਤੋਂ ਪੁੱਛਗਿੱਛ ਨਹੀਂ ਕੀਤੀ ਜਾਂਦੀ, ਤਾਂ ਅਦਾਲਤ ਦੇ ਮਨ ਵਿੱਚ ਇੱਕ ਸ਼ੱਕ ਪੈਦਾ ਹੋ ਜਾਂਦਾ ਹੈ। ਸ਼ੱਕ ਦਾ ਲਾਭ ਲਾਜ਼ਮੀ ਤੌਰ 'ਤੇ ਮਲੁਜ਼ਮ ਨੂੰ ਹੀ ਜਾਣਾ ਚਾਹੀਦਾ ਹੈ।"
ਇਲਜ਼ਾਮ "ਵਾਜਬ ਸ਼ੱਕ ਤੋਂ ਪਰੇ" ਸਾਬਤ ਨਹੀਂ ਹੋਇਆ
ਅਦਾਲਤ ਨੇ ਕਿਹਾ ਕਿ ਇਸਤਗਾਸਾ ਰਾਮ ਰਹੀਮ ਦੀ ਸਾਜ਼ਿਸ਼ ਵਿੱਚ ਭੂਮਿਕਾ ਸਾਬਤ ਨਹੀਂ ਕਰ ਸਕੀ। ਜਿੱਥੇ ਦੋ ਸੰਭਾਵਨਾਵਾਂ ਮੌਜੂਦ ਹੋਣ, ਉੱਥੇ ਦੋਸ਼ੀ ਨੂੰ ਸ਼ੱਕ ਦਾ ਫ਼ਾਇਦਾ ਮਿਲਦਾ ਹੈ।
ਅਦਾਲਤ ਨੇ ਕਿਹਾ, "ਇਹ ਕਾਨੂੰਨ ਦਾ ਇੱਕ ਸਥਾਪਤ ਸਿਧਾਂਤ ਹੈ ਕਿ ਜਿੱਥੇ ਦੋ ਸੰਭਾਵਨਾਵਾਂ, ਇੱਕ ਅਪਰਾਧ ਕਰਨ ਦੀ ਅਤੇ ਦੂਜੀ ਨਿਰਦੋਸ਼ ਹੋਣ ਦੀ, ਵਾਜਬ ਤੌਰ 'ਤੇ ਸੰਭਵ ਹੋਣ, ਮੁਲਜ਼ਮ ਸ਼ੱਕ ਦੇ ਲਾਭ ਦਾ ਹੱਕਦਾਰ ਹੈ।"
ਜਾਂਚ ਵਿੱਚ ਖ਼ਾਮੀਆਂ
ਅਦਾਲਤ ਨੇ ਕਿਹਾ ਕਿ ਹਸਪਤਾਲ ਦੇ ਰਿਕਾਰਡ ਅਨੁਸਾਰ ਛੱਤਰਪਤੀ ਹਮਲੇ ਤੋਂ ਬਾਅਦ ਕਈ ਦਿਨ ਤੱਕ "ਸਥਿਰ ਹਾਲਤ" ਵਿੱਚ ਸਨ, ਪਰ ਜਾਂਚਕਰਤਾਵਾਂ ਨੇ ਉਨ੍ਹਾਂ ਦਾ ਬਿਆਨ ਦੁਬਾਰਾ ਦਰਜ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।
ਅਦਾਲਤ ਨੇ ਇਹ ਵੀ ਕਿਹਾ ਕਿ ਲੱਗਦਾ ਹੈ ਕਿ ਮੁੱਖ ਗਵਾਹ 'ਤੇ ਜਾਂਚ ਖ਼ਤਮ ਕਰਨ ਲਈ ਦਬਾਅ ਬਣਾਇਆ ਗਿਆ ਸੀ।
ਅਦਾਲਤ ਨੇ ਕਿਹਾ, "…ਇਹ ਜਾਪਦਾ ਹੈ ਕਿ ਉਸਨੂੰ (ਖੱਟਾ ਸਿੰਘ) ਸੀਬੀਆਈ ਦੁਆਰਾ ਬਿਆਨ ਦੇਣ ਲਈ ਮਜਬੂਰ ਕੀਤਾ ਗਿਆ ਸੀ ਕਿਉਂਕਿ ਸੀਬੀਆਈ ਜਾਂਚ ਨੂੰ ਪੂਰਾ ਕਰਨ ਲਈ ਦਬਾਅ ਹੇਠ ਸੀ।"
ਅਦਲਾਤ ਨੇ ਫੈਸਲੇ ਵਿੱਚ ਅੱਗੇ ਲਿਖਿਆ, "ਖੱਟਾ ਸਿੰਘ ਨੇ ਆਪਣੀਆਂ ਕਈ ਅਰਜ਼ੀਆਂ ਵਿੱਚ ਇਹ ਕਿਹਾ ਸੀ। ਇਹ ਗੰਭੀਰ ਚਿੰਤਾ ਦਾ ਵਿਸ਼ਾ ਹੈ ਕਿ ਇੱਕ ਪ੍ਰਮੁੱਖ ਜਾਂਚ ਏਜੰਸੀ ਨੇ ਮਾਮਲੇ ਵਿੱਚ ਸਫ਼ਲ ਹੋਣ ਲਈ ਇਸ ਤਰ੍ਹਾਂ ਦੀ ਵਿਧੀ ਅਪਣਾਈ। ਕੋਸ਼ਿਸ਼ ਮਾਮਲੇ ਦੀ ਤਹਿ ਤੱਕ ਜਾਣ ਅਤੇ ਸੱਚਾਈ ਨੂੰ ਸਾਹਮਣੇ ਲਿਆਉਣ ਦੀ ਹੋਣੀ ਚਾਹੀਦੀ ਸੀ।"
ਰਾਮ ਰਹੀਮ ਦੇ ਵਕੀਲ ਨੇ ਕੀ ਕਿਹਾ
ਡੇਰਾ ਸੱਚਾ ਸੌਦਾ ਦੇ ਬੁਲਾਰੇ ਅਤੇ ਰਾਮ ਰਹੀਮ ਦੇ ਵਕੀਲ ਜਿਤੇਂਦਰ ਖੁਰਾਣਾ ਨੇ ਕਿਹਾ, "ਹਾਈਕੋਰਟ ਨੇ ਕਿਹਾ ਕਿ ਮੁੱਖ ਗਵਾਹ ਖੱਟਾ ਸਿੰਘ ਭਰੋਸੇਯੋਗ ਨਹੀਂ ਹੈ। ਕਦੀ ਉਹ ਰਾਮ ਰਹੀਮ ਦੇ ਖਿਲਾਫ ਬਿਆਨ ਦਿੰਦਾ ਹੈ। ਕਦੀ ਉਹ ਸੀਬੀਆਈ ਦੇ ਖਿਲਾਫ ਬਿਆਨ ਦਿੰਦਾ ਹੈ। ਉਹ ਵਾਰ-ਵਾਰ ਆਪਣੇ ਬਿਆਨ ਤੋਂ ਮੁੱਕਰ ਜਾਂਦਾ ਹੈ, ਉਹ ਭਰੋਸੇਯੋਗ ਨਹੀਂ ਹੈ।"
ਖੁਰਾਣਾ ਨੇ ਕਿਹਾ, "ਹਾਈਕੋਰਟ ਨੇ ਜਾਂਚ ਵਿੱਚ ਉੱਤੇ ਵੀ ਸਵਾਲ ਖੜੇ ਕੀਤੇ ਹਨ। ਹਾਈ ਕੋਰਟ ਨੇ ਕਿਹਾ ਜਦੋਂ ਛੱਤਰਪਤੀ ਦੀ ਹਾਲਤ ਵਿੱਚ ਸੁਧਾਰ ਸੀ ਤਾਂ ਉਸਦਾ ਬਿਆਨ ਦਰਜ ਨਹੀਂ ਕੀਤਾ ਗਿਆ।"
ਉਹਨਾਂ ਕਿਹਾ, "ਖੱਟਾ ਸਿੰਘ ਨੇ ਦਾਅਵਾ ਕੀਤਾ ਸੀ ਕਿ ਉਹ ਸੰਤ ਰਾਮ ਰਹੀਮ ਨਾਲ ਜਲੰਧਰ ਤੋਂ ਵਾਪਸ ਆਇਆ ਸੀ, ਜਦੋਂ ਕਤਲ ਦੀ ਕਥਿਤ ਸਾਜ਼ਿਸ਼ ਘੜੀ ਗਈ। ਪਰ ਇਹ ਸਾਬਤ ਨਹੀਂ ਹੋਇਆ ਕਿ ਸੰਤ ਰਾਮ ਰਹੀਮ ਉਸ ਦਿਨ ਜਲੰਧਰ ਸੀ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ