You’re viewing a text-only version of this website that uses less data. View the main version of the website including all images and videos.
ਸਿੰਧੂ ਘਾਟੀ ਸੱਭਿਅਤਾ: ਉੱਨਤ ਸ਼ਹਿਰੀ ਯੋਜਨਾ ਤੋਂ ਲੈ ਕੇ ਕੁਝ ਅਣਸੁਲਝੇ ਰਾਜ਼ਾਂ ਤੱਕ, ਜਿਨ੍ਹਾਂ ਬਾਰੇ ਅਸੀਂ ਬਹੁਤ ਘੱਟ ਜਾਣਦੇ ਹਾਂ
- ਲੇਖਕ, ਡੈਜ਼ੀ ਸਟੀਫਨ
- ਰੋਲ, ਬੀਬੀਸੀ ਪੱਤਰਕਾਰ
- ਪੜ੍ਹਨ ਦਾ ਸਮਾਂ: 8 ਮਿੰਟ
ਬਹੁ-ਮੰਜ਼ਿਲਾਂ ਇੱਟਾਂ ਦੇ ਘਰ, ਇਕਸਾਰ ਸੜਕਾਂ ਅਤੇ ਫਲੱਸ਼ਿੰਗ ਟਾਇਲਟਾਂ ਸਣੇ ਇੱਕ ਵਿਕਸਿਤ ਨਿਕਾਸੀ ਪ੍ਰਣਾਲੀ। ਕੁਝ ਜਾਣਿਆ-ਪਛਾਣਿਆ ਲੱਗਦਾ ਹੈ?
ਇਹ ਕਿਸੇ ਆਧੁਨਿਕ ਸ਼ਹਿਰ ਵਰਗਾ ਲੱਗ ਸਕਦਾ ਹੈ, ਪਰ ਦਰਅਸਲ ਇਹ ਹਜ਼ਾਰਾਂ ਸਾਲ ਪਹਿਲਾਂ ਦੀ ਪ੍ਰਾਚੀਨ ਸਿੰਧੂ ਘਾਟੀ ਸੱਭਿਆਚਾਰ ਦੇ ਸ਼ਹਿਰੀ ਕੇਂਦਰਾਂ ਦਾ ਵਰਣਨ ਕਰਦਾ ਹੈ।
ਇਸ ਸੱਭਿਆਚਾਰ ਨੂੰ ਬਹੁਤ ਹੀ ਵਿਕਸਿਤ ਮੰਨਿਆ ਜਾਂਦਾ ਹੈ ਅਤੇ ਇਹ ਪ੍ਰਾਚੀਨ ਮਿਸਰ ਅਤੇ ਪ੍ਰਾਚੀਨ ਮੈਸੋਪੋਟੇਮੀਆ ਦੇ ਸਮੇਂ ਨਾਲ ਹੀ ਮੌਜੂਦ ਸੀ, ਫਿਰ ਵੀ ਅਸੀਂ ਇਸ ਬਾਰੇ ਤੁਲਨਾਤਮਕ ਤੌਰ 'ਤੇ ਬਹੁਤ ਘੱਟ ਜਾਣਦੇ ਹਾਂ।
ਇਹ ਇੱਕ ਰਹੱਸ ਹੈ ਜਿਸ ਬਾਰੇ ਵਿਦਵਾਨ ਕਹਿੰਦੇ ਹਨ ਕਿ ਇਸ ਦਾ ਇੱਕ ਕਾਰਨ ਉਨ੍ਹਾਂ ਦੀ ਅਜੇ ਤੱਕ ਨਾ ਪੜ੍ਹੀ ਜਾ ਸਕੀ ਲਿਪੀ ਹੈ, ਨਾਲ ਹੀ ਇਹ ਵੀ ਕਿ ਉਨ੍ਹਾਂ ਦਾ ਸਮਾਜ ਸ਼ਾਇਦ ਉਸ ਸਮੇਂ ਦੇ ਹੋਰ ਸਮਾਜਾਂ ਨਾਲੋਂ ਵੱਧ ਨਿਰਪੱਖ ਵਾਲਾ ਸੀ।
ਉਹ ਕੌਣ ਸਨ?
ਯੂਕੇ ਦੇ ਯੂਨੀਵਰਸਿਟੀ ਆਫ ਆਕਸਫੋਰਡ ਅਤੇ ਯੂਨੀਵਰਸਿਟੀ ਕਾਲਜ ਲੰਡਨ ਦੇ ਲੈਕਚਰਾਰ ਡਾ. ਸੰਗਰਾਲਿੰਗਮ ਰਮੇਸ਼ ਦੇ ਅਨੁਸਾਰ, ਸਿੰਧੂ ਘਾਟੀ ਦੀ ਸੱਭਿਅਤਾ ਦਾ ਸਭ ਤੋਂ ਵਿਕਸਿਤ ਦੌਰ 2600 ਈਸਾਪੂਰਵ ਤੋਂ 1900 ਈਸਾਪੂਰਵ ਤੱਕ ਮੌਜੂਦ ਸੀ, ਹਾਲਾਂਕਿ ਇਸ ਦਾ ਵਿਕਾਸ ਇਸ ਤੋਂ ਵੀ ਕਾਫ਼ੀ ਪਹਿਲਾਂ, ਲਗਭਗ 4000 ਈਸਾਪੂਰਵ ਦੇ ਆਸਪਾਸ ਸ਼ੁਰੂ ਹੋ ਗਿਆ ਸੀ।
ਇਹ ਸਿੰਧੂ ਦਰਿਆ ਦੇ ਆਲੇ-ਦੁਆਲੇ ਕੇਂਦ੍ਰਿਤ ਸੀ, ਜੋ ਅਜੋਕੇ ਪਾਕਿਸਤਾਨ ਅਤੇ ਭਾਰਤ ਵਿੱਚ ਹੈ।
ਇਸ ਵਿੱਚ ਪਿੰਡਾਂ ਦੀ ਖੇਤੀਬਾੜੀ ਵਾਲੀਆਂ ਕਮਿਊਨਿਟੀਆਂ ਦੇ ਨਾਲ-ਨਾਲ 1400 ਤੋਂ ਵੱਧ ਕਸਬੇ ਅਤੇ ਸ਼ਹਿਰ ਸ਼ਾਮਲ ਸਨ, ਜਿਨ੍ਹਾਂ ਵਿੱਚ ਸਭ ਤੋਂ ਵੱਡੇ ਹੜੱਪਾ ਅਤੇ ਮੋਹਨਜੋਦਾੜੋ ਸਨ।
ਰਮੇਸ਼ ਨੇ ਕਿਹਾ ਕਿ ਇਹ ਪ੍ਰਾਚੀਨ ਮਿਸਰ ਅਤੇ ਪ੍ਰਾਚੀਨ ਮੇਸੋਪੋਟਾਮੀਆ ਦੋਵਾਂ ਨਾਲੋਂ ਵੱਡੀ ਸੀ, ਜਿਸ ਵਿੱਚ ਲਗਭਗ 80,000 ਬਸਤੀਆਂ ਵਿੱਚ 10 ਲੱਖ ਦੇ ਕਰੀਬ ਆਬਾਦੀ ਸੀ।
ਉਹ ਕੁਝ ਕਾਰਨਾਂ ਕਰਕੇ ਵਿਸ਼ੇਸ਼ ਮੰਨੇ ਜਾਂਦੇ ਹਨ।
1. ਉੱਨਤ ਸ਼ਹਿਰੀ ਯੋਜਨਾ
ਰਮੇਸ਼ ਦੇ ਅਨੁਸਾਰ, ਸਿੰਧੂ ਘਾਟੀ ਪਹਿਲੀਆਂ ਸੱਭਿਅਤਾਵਾਂ ਵਿੱਚੋਂ ਇੱਕ ਸੀ ਜਿਸ ਨੇ ਇੱਟਾਂ ਨਾਲ ਘਰ ਬਣਾਏ ਅਤੇ ਉਨ੍ਹਾਂ ਨੇ ਮਿਆਰੀ ਆਕਾਰ ਵੀ ਵਰਤੇ।
ਉਨ੍ਹਾਂ ਨੇ ਕਿਹਾ, "ਸ਼ਹਿਰ ਸਿੱਧੀਆਂ ਗਲੀਆਂ ਨਾਲ ਸਿੱਧੇ ਕੋਣਾਂ ਵਿੱਚ ਬਣਾਏ ਗਏ ਸਨ। ਉੱਥੇ ਖੂਹ ਵੀ ਸਨ, ਘਰਾਂ ਵਿੱਚ ਬਾਥਰੂਮ ਸਨ, ਰੋਮਨ ਤੋਂ 2,000 ਸਾਲ ਪਹਿਲਾਂ ਇੱਕ ਸੀਵਰੇਜ ਸਿਸਟਮ ਸੀ।"
ਰਮੇਸ਼ ਨੇ ਕਿਹਾ ਕਿ ਇਹ ਗੰਦਗੀ ਨਿਕਾਸ ਪ੍ਰਣਾਲੀ ਅਤੇ ਨਹਾਉਣ ਵਾਲੀਆਂ ਥਾਵਾਂ ਦੀ ਖੁਦਾਈ ਇਸ ਗੱਲ ਨੂੰ ਦਰਸਾਉਂਦੀ ਹੈ ਕਿ ਇਸ ਸੱਭਿਅਤਾ ਨੂੰ ਬਿਮਾਰੀਆਂ ਬਾਰੇ ਜਾਣਕਾਰੀ ਸੀ ਅਤੇ ਇਸ ਨੇ "ਸਫਾਈ ਨੂੰ ਮਹੱਤਵ ਦਿੱਤਾ"।
ਸ਼ਹਿਰੀ ਖੇਤਰਾਂ ਦੀ ਸੰਘਣੇਪਣ ਨੇ ਸਪਲਾਈ ਚੇਨ ਲੋਜਿਸਟਿਕਸ ਨੂੰ ਵੀ ਸੰਭਵ ਬਣਾਇਆ, ਜਿਸ ਨਾਲ ਵਪਾਰ ਕਰਨ ਵਿੱਚ ਸਹੂਲਤ ਮਿਲੀ।
ਰਮੇਸ਼ ਦਾ ਕਹਿਣਾ ਹੈ, "ਉਨ੍ਹਾਂ ਨੇ ਪ੍ਰਾਚੀਨ ਮੇਸੋਪੋਟਾਮੀਆ ਨਾਲ ਵਪਾਰ ਕੀਤਾ, ਖ਼ਾਸ ਕਰਕੇ ਕੱਚੇ ਮਾਲ ਜਿਵੇਂ ਕਿ ਲੱਕੜ, ਮੋਤੀ, ਤਾਂਬਾ, ਸੋਨਾ ਅਤੇ ਕਪਾਹ ਦੇ ਕੱਪੜਿਆਂ ਦੇ ਸੰਦਰਭ ਵਿੱਚ।"
2. ਸਾਂਝੀ ਹਕੂਮਤ
ਰਮੇਸ਼ ਨੇ ਕਿਹਾ ਕਿ ਸ਼ਹਿਰੀ ਖੇਤਰਾਂ ਦੀ ਸੰਰਚਨਾ ਕੁਝ ਹੋਰ ਵੀ ਦਰਸਾਉਂਦੀ ਹੈ।
ਉਨ੍ਹਾਂ ਨੇ ਕਿਹਾ, "ਇਹ ਇਸ ਗੱਲ ਦਾ ਸਬੂਤ ਹੈ ਕਿ ਇੱਕ ਵਧੀਆ ਤਰੀਕੇ ਨਾਲ ਕੰਮ ਕਰਨ ਵਾਲੀ ਨਾਗਰਿਕ ਅਥਾਰਟੀ ਸੀ, ਜੋ ਸ਼ਹਿਰਾਂ ਅਤੇ ਬਸਤੀਆਂ ਦੇ ਢਾਂਚੇ ਨੂੰ ਸੰਭਾਲ ਰਹੀ ਸੀ।"
"ਉਨ੍ਹਾਂ ਦੀ ਹਕੂਮਤ ਦਾ ਰੂਪ ਹੋਰ ਵੀ ਜ਼ਿਆਦਾ ਸੁਧਾਰਿਆ ਹੋਇਆ ਸੀ, ਜੋ ਕੇਂਦ੍ਰਿਤ ਹੋਣ ਦੀ ਬਜਾਏ ਸਾਂਝੀ ਸੀ ਅਤੇ ਮਹਿਲਾਂ ਜਾਂ ਉੱਚ ਵਰਗ ਦੇ ਕੋਈ ਸਬੂਤ ਨਹੀਂ ਮਿਲਦੇ।"
ਉਸ ਨੇ ਕਿਹਾ ਕਿ ਇਹ ਗੱਲ ਸਿੰਧੂ ਘਾਟੀ ਦੀ ਸੱਭਿਅਤਾ ਨੂੰ ਹੋਰ ਸਮਾਨ ਸਮਾਜਾਂ ਤੋਂ ਵੱਖ ਕਰਦੀ ਹੈ।
ਉਹ ਕਹਿੰਦੇ ਹਨ, "ਪੁਰਾਤੱਤਵ ਸਬੂਤ ਇਹ ਦਰਸਾਉਂਦੇ ਹਨ ਕਿ ਇਹ ਹਕੂਮਤ ਦਾ ਦਿਖਾਵਾ ਕਰਨ ਵਾਲੇ ਸ਼ਾਸਕਾਂ ਉੱਤੇ ਘੱਟ ਕੇਂਦ੍ਰਿਤ ਸੀ, ਜਿਵੇਂ ਕਿ ਮਿਸਰ ਜਾਂ ਮੇਸੋਪੋਟਾਮੀਆ ਵਿੱਚ ਜਿੱਥੇ ਫਿਰਓਨ (ਪ੍ਰਾਚੀਨ ਮਿਸਰ ਦੇ ਸਰਬਉੱਚ ਰਾਜੇ) ਅਤੇ ਮਹਿਲ-ਮੰਦਰ ਸੰਸਥਾਵਾਂ ਸਪੱਸ਼ਟ ਹਨ।"
"ਉਨ੍ਹਾਂ ਖੇਤਰਾਂ ਵਿੱਚ ਅਧਿਕਾਰ ਕੇਂਦ੍ਰਿਤ ਸੀ ਅਤੇ ਬਹੁਤ ਹੀ ਦਿਖਾਈ ਦੇਣ ਵਾਲਾ ਸੀ, ਜੋ ਵੱਡੀਆਂ ਇਮਾਰਤਾਂ, ਪ੍ਰਸ਼ਾਸਕੀ ਲਿਖਤਾਂ ਅਤੇ ਰਾਜਸੀ ਪ੍ਰਦਰਸ਼ਨ ਰਾਹੀਂ ਪ੍ਰਗਟ ਹੁੰਦਾ ਸੀ।"
3. ਤੁਲਨਾਤਮਕ ਤੌਰ 'ਤੇ ਸਮਾਨ ਅਤੇ ਸ਼ਾਂਤਮਈ
ਇਸ ਗੱਲ ਦੇ ਸਬੂਤ ਮਿਲਦੇ ਹਨ ਕਿ ਸਿੰਧੂ ਘਾਟੀ ਵਿੱਚ ਕੁਝ ਸਮਾਜਿਕ ਦਰਜਾਬੰਦੀ ਸੀ, ਪਰ ਇਹ ਉਸ ਸਮੇਂ ਦੀਆਂ ਹੋਰ ਸੱਭਿਅਤਾਵਾਂ ਨਾਲੋਂ ਘੱਟ ਸਪੱਸ਼ਟ ਹੈ।
ਰਮੇਸ਼ ਕਹਿੰਦੇ ਹਨ, "ਮਿਸਰ ਅਤੇ ਮੇਸੋਪੋਟਾਮੀਆ ਵਿੱਚ ਸਮਾਜਿਕ ਵਰਗੀਕਰਨ ਨੂੰ ਪਛਾਨਣਾ ਆਸਾਨ ਹੈ, ਸਿੰਧੂ ਘਾਟੀ ਵਿੱਚ ਘਰਾਂ ਦੇ ਆਕਾਰ ਵਿੱਚ ਫਰਕ ਤਾਂ ਮਿਲਦਾ ਹੈ, ਪਰ ਇਹ ਆਮ ਤੌਰ 'ਤੇ ਘੱਟ ਹੁੰਦਾ ਹੈ।"
ਅਤੇ ਜਦੋਂ ਕਿ ਪੁਰਾਤੱਤਵ-ਵਿਗਿਆਨੀਆਂ ਨੂੰ ਸਦਮੇ ਦੇ ਸਬੂਤ ਵਾਲੇ ਕੁਝ ਪਿੰਜਰ ਮਿਲੇ ਹਨ, ਕੁਝ ਸੋਚਦੇ ਹਨ ਕਿ ਉਹ ਦੂਜੇ ਸਮਾਜਾਂ ਨਾਲੋਂ ਵਧੇਰੇ ਸ਼ਾਂਤਮਈ ਸਨ।
ਰਮੇਸ਼ ਦੱਸਦੇ ਹਨ, "ਜੰਗ ਨਾਲ ਸਬੰਧਤ ਸਪੱਸ਼ਟ ਨਿਸ਼ਾਨ ਬਹੁਤ ਘੱਟ ਹਨ, ਹਥਿਆਰਾਂ ਨਾਲ ਭਰਪੂਰ ਉੱਚ ਵਰਗ ਦੇ ਸੰਦਰਭ ਵੀ ਘੱਟ ਹਨ ਅਤੇ ਕੁਝ ਪਿੰਜਰ ਨਮੂਨਿਆਂ ਵਿੱਚ ਸਿਰ ਦੀਆਂ ਸੱਟਾਂ ਦੀ ਦਰ ਪ੍ਰਾਚੀਨ ਨੀਅਰ ਈਸਟ ਦੇ ਕੁਝ ਹਿੱਸਿਆਂ ਨਾਲੋਂ ਘੱਟ ਮਿਲਦੀ ਹੈ।"
ਪਰ ਉਨ੍ਹਾਂ ਨੇ ਮੰਨਿਆ ਕਿ ਇਸਦਾ ਇਹ ਮਤਲਬ ਨਹੀਂ ਕਿ ਉਹ ਹਿੰਸਕ ਨਹੀਂ ਸਨ ਅਤੇ ਸਬੂਤਾਂ ਦੀ ਘਾਟ ਸੰਭਾਲ ਨਾਲ ਸਬੰਧਤ ਪੱਖਪਾਤ ਦਾ ਨਤੀਜਾ ਵੀ ਹੋ ਸਕਦੀ ਹੈ।
ਉਨ੍ਹਾਂ ਨੇ ਦੱਸਿਆ, "ਜੇ ਕੋਈ ਸਮਾਜ ਜੰਗ ਨੂੰ ਮਜ਼ਬੂਤ ਢਾਂਚਿਆਂ ਅਤੇ ਲਿਖਤਾਂ ਰਾਹੀਂ ਪ੍ਰਗਟ ਨਹੀਂ ਕਰਦਾ, ਜਾਂ ਜੇ ਉਹ ਸਮੱਗਰੀ ਬਚਦੀ ਨਹੀਂ ਤਾਂ ਬਾਅਦ ਦੇ ਨਿਰੀਖਕਾਂ ਨੂੰ ਟਕਰਾਅ ਦਾ ਸੰਕੇਤ ਘੱਟ ਦਿਖਾਈ ਦੇ ਸਕਦਾ ਹੈ, ਭਾਵੇਂ ਹਿੰਸਾ ਮੌਜੂਦ ਰਹੀ ਹੋਵੇ।"
ਅਣਸੁਲਝੇ ਰਾਜ਼
ਪਰ ਸਿੰਧੂ ਘਾਟੀ ਦੀ ਸੱਭਿਅਤਾ ਬਾਰੇ ਅਜੇ ਵੀ ਕਾਫ਼ੀ ਕੁਝ ਹੈ ਜੋ ਅਸੀਂ ਨਹੀਂ ਜਾਣਦੇ।
ਰਮੇਸ਼ ਨੇ ਕਿਹਾ ਕਿ ਇਸ ਦਾ ਇੱਕ ਕਾਰਨ ਇਹ ਵੀ ਹੈ ਕਿ ਇਸਦਾ ਵੱਡਾ ਹਿੱਸਾ ਅਜੇ ਤੱਕ ਖੁਦਾਈ ਹੀ ਨਹੀਂ ਹੋਇਆ।
ਉਨ੍ਹਾਂ ਨੇ ਕਿਹਾ, "ਉਹ ਅਜੇ ਵੀ ਪੱਛਮੀ ਭਾਰਤ ਵਿੱਚ ਨਵੇਂ ਸਥਾਨ ਲੱਭ ਰਹੇ ਹਨ ਅਤੇ ਇਹ ਸੱਭਿਅਤਾ ਅਫ਼ਗਾਨਿਸਤਾਨ ਤੱਕ ਵੀ ਫੈਲੀ ਹੋਈ ਸੀ, ਪਰ ਉੱਥੋਂ ਦੇ ਹਾਲਾਤ ਕਾਰਨ ਇਸ ਸਮੇਂ ਜ਼ਿਆਦਾ ਖੁਦਾਈ ਨਹੀਂ ਕੀਤੀ ਜਾ ਸਕਦੀ।"
ਇਹ ਇਸ ਗੱਲ ਕਰਕੇ ਵੀ ਹੋ ਸਕਦਾ ਹੈ ਕਿ ਉਨ੍ਹਾਂ ਨੇ ਕਿਸ ਤਰ੍ਹਾਂ ਦੀਆਂ ਇਮਾਰਤਾਂ ਬਣਾਈਆਂ ਅਤੇ ਕਿਹੜੇ ਤਰੀਕੇ ਵਰਤੇ।
"ਮਿਸਰ ਅਤੇ ਮੇਸੋਪੋਟਾਮੀਆ ਨੇ ਪੱਥਰ ਦੇ ਮਜ਼ਬੂਤ ਸਮਾਰਕ ਛੱਡੇ ਹਨ, ਜਦਕਿ ਸਿੰਧੂ ਘਾਟੀ ਵਿੱਚ ਜ਼ਿਆਦਾਤਰ ਮਿੱਟੀ ਦੀ ਇੱਟ ਅਤੇ ਪੱਕੀ ਇੱਟ ਨਾਲ ਨਿਰਮਾਣ ਕੀਤਾ ਗਿਆ।"
"ਪੱਥਰ ਦੇ ਵੱਡੇ ਮੰਦਰ, ਮਹਿਲ ਜਾਂ ਸ਼ਾਹੀ ਕਬਰਾਂ ਨਾ ਹੋਣ ਕਰਕੇ, ਸਿੰਧੂ ਸੱਭਿਅਤਾ ਦੇ ਢਾਂਚੇ ਨੂੰ ਸਮਝਣਾ ਔਖਾ ਹੈ।"
ਪਰ ਇੱਕ ਹੋਰ ਕਾਰਨ ਵੀ ਹੈ, ਕਿਊਨੀਫਾਰਮ, ਜੋ ਪ੍ਰਾਚੀਨ ਮੇਸੋਪੋਟਾਮੀਆ ਦੀਆਂ ਸਭ ਤੋਂ ਪੁਰਾਣੀਆਂ ਲਿਖਤ ਪ੍ਰਣਾਲੀਆਂ ਵਿੱਚੋਂ ਇੱਕ ਹੈ, ਅਸੀਂ ਅਜੇ ਤੱਕ ਸਿੰਧੂ ਘਾਟੀ ਦੀ ਲਿਪੀ ਨੂੰ ਸਮਝਣ ਵਿੱਚ ਸਫ਼ਲ ਨਹੀਂ ਹੋ ਸਕੇ।
ਮੁੰਬਈ ਦੇ ਟਾਟਾ ਇੰਸਟੀਚਿਊਟ ਆਫ ਫੰਡਾਮੈਂਟਲ ਰਿਸਰਚ ਦੀ ਡਾ. ਨਿਸ਼ਾ ਯਾਦਵ ਮਜ਼ਾਕ ਵਿੱਚ ਕਹਿੰਦੀ ਹੈ, ਇਹ ਲਿਪੀ ਸਿੱਧੂ ਘਾਟੀ ਦੇ ਸਥਾਨਾਂ 'ਤੇ ਮਿਲੀਆਂ ਮੁਹਰਾਂ 'ਤੇ ਮਿਲੀ ਹੈ ਅਤੇ "ਇਹ ਸਭ ਤੋਂ ਜ਼ਿਆਦਾ ਪੜ੍ਹੀ ਗਈ ਪਰ ਅਜੇ ਤੱਕ ਨਾ ਸਮਝੀ ਗਈ ਲਿਪੀ ਹੈ।"
ਉਨ੍ਹਾਂ ਨੇ ਕਿਹਾ, "ਹਰ 10 ਦਿਨਾਂ ਵਿੱਚ ਮੈਨੂੰ ਇੱਕ ਈ-ਮੇਲ ਆਉਂਦੀ ਹੈ, ਜਿਸ ਵਿੱਚ ਲਿਖਿਆ ਹੁੰਦਾ ਹੈ, 'ਠੀਕ ਹੈ, ਮੈਂ ਇੰਡਸ ਲਿਪੀ ਦਾ ਭੇਦ ਖੋਲ੍ਹ ਲਿਆ ਹੈ'।"
ਪਰ ਹੁਣ ਤੱਕ ਕਿਸੇ ਵੀ ਵਿਆਖਿਆ ਨੂੰ ਵਿਗਿਆਨਕ ਸਹਿਮਤੀ ਨਹੀਂ ਮਿਲੀ।
ਯਾਦਵ ਕਹਿੰਦੀ ਹੈ ਕਿ ਇਸ ਲਿਪੀ ਨੂੰ ਸਮਝਣਾ ਮੁਸ਼ਕਲ ਹੈ ਕਿਉਂਕਿ ਇਹ ਬਹੁਤ ਛੋਟੀ ਹੁੰਦੀ ਹੈ। ਆਮ ਤੌਰ 'ਤੇ ਹਰ ਮੁਹਰ 'ਤੇ ਸਿਰਫ਼ ਪੰਜ ਤੋਂ 14 ਚਿੰਨ੍ਹਾਂ ਤੱਕ ਹੀ ਹੁੰਦੀ ਹੈ ਅਤੇ ਅਜੇ ਤੱਕ ਇਸ ਲਈ ਰੋਜ਼ੇਟਾ ਸਟੋਨ ਵਰਗੀ ਕੋਈ ਵਸਤੂ ਨਹੀਂ ਮਿਲੀ।
ਰੋਜ਼ੇਟਾ ਸਟੋਨ 'ਤੇ ਇੱਕ ਫਰਮਾਨ ਤਿੰਨ ਲਿਪੀਆਂ ਵਿੱਚ ਲਿਖਿਆ ਹੋਇਆ ਹੈ, ਮਿਸਰੀ ਹਾਇਰੋਗਲਿਫਿਕ, ਮਿਸਰੀ ਡੈਮੋਟਿਕ ਅਤੇ ਪ੍ਰਾਚੀਨ ਯੂਨਾਨੀ, ਜਿਸ ਨੇ ਹਾਇਰੋਗਲਿਫਿਕ ਲਿਪੀ ਨੂੰ ਸਮਝਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ।
ਪਰ ਉਨ੍ਹਾਂ ਦੀ ਆਪਣੀ ਖੋਜ, ਜਿਸ ਵਿੱਚ ਕੰਪਿਊਟਰ ਮਾਡਲਿੰਗ ਦੀ ਮਦਦ ਨਾਲ ਚਿੰਨ੍ਹਾਂ ਵਿੱਚ ਪੈਟਰਨ ਲੱਭਣ ਦੀ ਕੋਸ਼ਿਸ਼ ਕੀਤੀ ਗਈ, ਨੇ ਲਿਪੀ ਵਿੱਚ ਵਿਆਕਰਣ ਦੇ ਨਿਯਮਾਂ ਅਤੇ "ਅੰਦਰੂਨੀ ਤਰਕ" ਦੇ ਸਬੂਤ ਲੱਭੇ ਹਨ।
ਉਨ੍ਹਾਂ ਨੇ ਦੱਸਿਆ, "ਜੇ ਅਸੀਂ ਇਸਨੂੰ ਪੜ੍ਹ ਸਕੀਏ… ਤਾਂ ਇਹ ਇੱਕ ਅਜਿਹੀ ਕੁੰਜੀ ਹੋਵੇਗੀ ਜੋ ਕਈ ਦਰਵਾਜ਼ੇ ਖੋਲ੍ਹ ਦੇਵੇਗੀ। ਅਤੇ ਹਰ ਦਰਵਾਜ਼ੇ ਰਾਹੀਂ ਗਿਆਨ ਦੀ ਇੱਕ ਵੱਡੀ ਲਹਿਰ ਆਵੇਗੀ, ਜੋ ਸਾਨੂੰ ਇਸ ਸੱਭਿਅਤਾ ਦੇ ਵੱਖ-ਵੱਖ ਪੱਖਾਂ ਬਾਰੇ ਬਹੁਤ ਮਹੱਤਵਪੂਰਨ ਜਾਣਕਾਰੀ ਦੇਵੇਗੀ।"
ਯਾਦਵ ਨੇ ਕਿਹਾ ਕਿ ਇਹ ਲਿਪੀ ਸੱਭਿਅਤਾ ਦੇ ਵਿਸ਼ਵਾਸਾਂ ਅਤੇ ਸੋਚ ਨੂੰ ਸਮਝਣ ਵਿੱਚ ਮਦਦ ਕਰ ਸਕਦੀ ਹੈ, ਨਾਲ ਹੀ ਵਪਾਰ ਅਤੇ ਮੁਹਰਾਂ ਦੀ ਭੂਮਿਕਾ ਬਾਰੇ ਹੋਰ ਜਾਣਕਾਰੀ ਵੀ ਦੇ ਸਕਦੀ ਹੈ।
ਉਨ੍ਹਾਂ ਨਾਲ ਕੀ ਹੋਇਆ?
ਸਿੰਧੂ ਘਾਟੀ ਦੀ ਸੱਭਿਅਤਾ ਦੇ ਪਤਨ ਲਈ ਇੱਕ ਮੁੱਖ ਸਿਧਾਂਤ ਵਾਤਾਵਰਣ ਸਬੰਧੀ ਬਦਲਾਅ ਨੂੰ ਮੰਨਿਆ ਜਾਂਦਾ ਹੈ।
ਰਮੇਸ਼ ਦੱਸਦੇ ਹਨ, "ਲਗਭਗ 1900 ਈਸਾਪੂਰਵ ਦੇ ਆਸਪਾਸ ਸਥਾਨ ਛੱਡੇ ਜਾਣ ਲੱਗ ਪਏ ਸਨ ਅਤੇ ਪੁਰਾਤੱਤਵ ਵਿਦਵਾਨ ਅਤੇ ਮੌਸਮੀ ਤਬਦੀਲੀ ਦੇ ਮਾਹਰ ਇਸਨੂੰ ਮਾਨਸੂਨ ਵਿੱਚ ਬਦਲਾਅ ਨਾਲ ਜੋੜਦੇ ਹਨ।"
ਉਨ੍ਹਾਂ ਨੇ ਕਿਹਾ ਕਿ ਮੋਹਨਜੋਦੜੋ ਵਿੱਚ ਖੁਦਾਈ ਦੌਰਾਨ ਇਹ ਸਬੂਤ ਵੀ ਮਿਲੇ ਹਨ ਕਿ ਲੋਕ ਹੜ੍ਹਾਂ ਦੇ ਪ੍ਰਭਾਵ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਸਨ।
ਰਮੇਸ਼ ਦੇ ਅਨੁਸਾਰ, ਇਸ ਗੱਲ ਨੂੰ ਸਮਝਣਾ ਆਧੁਨਿਕ ਸਮਾਜਾਂ ਲਈ ਮਹੱਤਵਪੂਰਨ ਹੋ ਸਕਦਾ ਹੈ, ਕਿਉਂਕਿ ਜੇ ਅੱਜ ਹਿਮਾਲਿਆ ਦੇ ਗਲੇਸ਼ੀਅਰ ਤੇਜ਼ੀ ਨਾਲ ਪਿਘਲਣ ਲੱਗ ਪਏ, ਤਾਂ ਇਤਿਹਾਸ ਦੁਬਾਰਾ ਦੋਹਰਾਇਆ ਜਾ ਸਕਦਾ ਹੈ।
ਉਨ੍ਹਾਂ ਅਨੁਸਾਰ, ਸਿੰਧੂ ਘਾਟੀ ਦੀ ਸੱਭਿਅਤਾ ਦੀ ਸਹਿਮਤੀ ਅਧਾਰਿਤ ਹਕੂਮਤ, ਜੋ ਲੰਬੇ ਸਮੇਂ ਦੀ ਸੋਚ ਨੂੰ ਸੰਭਵ ਬਣਾਉਂਦੀ ਸੀ, ਉਨ੍ਹਾਂ ਨੂੰ ਬਚਾਉਣ ਲਈ ਕਾਫ਼ੀ ਨਹੀਂ ਸੀ ਪਰ ਇਹ ਆਧੁਨਿਕ ਸਮਾਜਾਂ ਲਈ ਕਾਰਗਰ ਹੋ ਸਕਦੀ ਹੈ।
ਉਨ੍ਹਾਂ ਨੇ ਕਿਹਾ, "ਉਨ੍ਹਾਂ ਕੋਲ ਇਹ ਜਾਣਨ ਲਈ ਤਕਨਾਲੋਜੀ ਨਹੀਂ ਸੀ ਕਿ ਅਸਲ ਵਿੱਚ ਕੀ ਹੋ ਰਿਹਾ ਸੀ। ਪਰ ਸਾਡੇ ਕੋਲ ਉਹ ਤਕਨਾਲੋਜੀ ਸਮਰੱਥਾ ਹੈ, ਜਿਸਦਾ ਸਹੀ ਤਰੀਕੇ ਨਾਲ ਇਸਤੇਮਾਲ ਕਰਕੇ ਅਸੀਂ ਇਹ ਯਕੀਨੀ ਬਣਾ ਸਕਦੇ ਹਾਂ ਕਿ ਸਾਡੀ ਸੱਭਿਅਤਾ ਕਾਇਮ ਰਹੇ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ