ਅੰਤੜੀਆਂ ਦੇ ਕੈਂਸਰ ਦਾ ਪਤਾ ਕਿਵੇਂ ਲਗਾਇਆ ਜਾਵੇ, ਜਿਸ ਦੇ ਨੌਜਵਾਨਾਂ ਵਿੱਚ ਕੇਸ ਵਧ ਰਹੇ ਹਨ

ਪੜ੍ਹਨ ਦਾ ਸਮਾਂ: 6 ਮਿੰਟ

ਅਮਰੀਕੀ ਅਭਿਨੇਤਾ ਜੇਮਜ਼ ਵੈਨ ਡੇਰ ਬੀਕ ਦਾ 48 ਸਾਲ ਦੀ ਉਮਰ ਵਿੱਚ ਅੰਤੜੀਆਂ ਦੇ ਕੈਂਸਰ ਨਾਲ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੂੰ ਅਮਰੀਕੀ ਟੀਨ ਡਰਾਮਾ ਡਾਸਨਸ ਕ੍ਰੀਕ ਵਿੱਚ ਆਪਣੀ ਭੂਮਿਕਾ ਨਾਲ ਖਾਸੀ ਪ੍ਰਸਿੱਧੀ ਮਿਲੀ ਸੀ।

ਉਨ੍ਹਾਂ ਦੇ ਪਰਿਵਾਰ ਨੇ ਸੋਸ਼ਲ ਮੀਡੀਆ 'ਤੇ ਪੋਸਟ ਕੀਤੇ ਇੱਕ ਬਿਆਨ ਵਿੱਚ ਕਿਹਾ, "ਸਾਡੇ ਪਿਆਰੇ ਜੇਮਜ਼ ਡੇਵਿਡ ਵੈਨ ਡੇਰ ਬੀਕ ਅੱਜ ਸਵੇਰੇ ਸ਼ਾਂਤੀ ਨਾਲ ਗੁਜ਼ਰ ਗਏ। ਉਨ੍ਹਾਂ ਨੇ ਆਪਣੇ ਆਖਰੀ ਦਿਨਾਂ ਵਿੱਚ ਹਿੰਮਤ, ਵਿਸ਼ਵਾਸ ਅਤੇ ਸ਼ਾਲੀਨਤਾ ਬਣਾਈ ਰੱਖੀ।"

ਉਨ੍ਹਾਂ ਨੂੰ ਸਾਲ 2023 ਦੇ ਅਖੀਰਲੇ ਅੱਧ ਵਿੱਚ ਬਿਮਾਰੀ ਬਾਰੇ ਪਤਾ ਲੱਗਿਆ ਸੀ ਪਰ ਜਨਤਕ ਤੌਰ 'ਤੇ ਇਹ ਖ਼ਬਰ ਨਵੰਬਰ 2024 ਵਿੱਚ ਸਾਂਝੀ ਕੀਤੀ ਸੀ।

ਬਿਜ਼ਨਸ ਇਨਸਾਈਡਰ ਨਾਲ ਇੱਕ ਇੰਟਰਵਿਊ ਵਿੱਚ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੇ ਪਹਿਲੀ ਵਾਰ ਆਪਣੀਆਂ ਅੰਤੜੀਆਂ ਦੀਆਂ ਗਤੀਵਿਧੀਆਂ ਵਿੱਚ ਬਦਲਾਅ ਦੇਖੇ - ਅੰਤੜੀਆਂ ਦੇ ਕੈਂਸਰ ਦਾ ਇੱਕ ਆਮ ਲੱਛਣ। ਉਨ੍ਹਾਂ ਨੇ ਸ਼ੁਰੂ ਵਿੱਚ ਕੌਫੀ ਪੀਣਾ ਬੰਦ ਕਰ ਦਿੱਤਾ ਅਤੇ ਬਾਅਦ ਵਿੱਚ ਸਕ੍ਰੀਨਿੰਗ ਟੈਸਟ ਕਰਵਾਇਆ।

ਟੈਸਟ ਤੋਂ ਪਤਾ ਲੱਗਾ ਕਿ ਉਨ੍ਹਾਂ ਨੂੰ ਤੀਜੀ ਸਟੇਜ ਦਾ ਕੈਂਸਰ ਸੀ, ਭਾਵ ਇਹ ਨੇੜਲੇ ਲਿੰਫ ਨੋਡਾਂ ਵਿੱਚ ਫੈਲ ਗਿਆ ਸੀ।

ਵੈਨ ਡੇਰ ਬੀਕ ਦਾ ਮਾਮਲਾ ਕੋਈ ਪਹਿਲਾ ਜਾਂ ਵਿਲੱਖਣ ਮਾਮਲਾ ਨਹੀਂ ਹੈ। ਅੰਤੜੀਆਂ ਦਾ ਕੈਂਸਰ ਜਾਂ ਬਾਉਲ ਕੈਂਸਰ - ਜਿਸਨੂੰ ਕੋਲੋਰੈਕਟਲ ਕੈਂਸਰ ਵੀ ਕਿਹਾ ਜਾਂਦਾ ਹੈ - ਦੇ ਮਾਮਲੇ ਨੌਜਵਾਨਾਂ ਵਿੱਚ ਤੇਜ਼ੀ ਨਾਲ ਸਾਹਮਣੇ ਆ ਰਹੇ ਹਨ।

ਅੰਤੜੀਆਂ ਦਾ ਕੈਂਸਰ ਕੀ ਹੈ?

ਅੰਤੜੀਆਂ ਦਾ ਕੈਂਸਰ ਕੋਲਨ ਜਾਂ ਗੁਦਾ ਦੀ ਪਰਤ ਵਿੱਚ ਅਸਧਾਰਨ ਵਾਧੇ ਤੋਂ ਵਿਕਸਤ ਹੁੰਦਾ ਹੈ ਅਤੇ ਜੇਕਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਫੈਲ ਸਕਦਾ ਹੈ।

ਸਕ੍ਰੀਨਿੰਗ ਨਾਲ ਸ਼ੁਰੂਆਤੀ ਖੋਜ ਵਿੱਚ ਸੁਧਾਰ ਹੋਇਆ ਹੈ ਅਤੇ ਮੌਤਾਂ ਦੇ ਮਾਮਲੇ ਘਟੇ ਹਨ, ਪਰ 50 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿੱਚ ਇਹ ਮਾਮਲੇ ਵਧ ਰਹੇ ਹਨ।

ਮੁੱਖ ਲੱਛਣ ਜਿਨ੍ਹਾਂ ਵੱਲ ਧਿਆਨ ਦੇਣਾ ਚਾਹੀਦਾ ਹੈ:

  • ਮਲ ਵਿੱਚ ਖੂਨ ਆਉਣਾ
  • ਮਲ ਤਿਆਗਣ ਦੀਆਂ ਆਦਤਾਂ ਲਗਾਤਾਰ ਬਦਲਾਅ, ਜਿਵੇਂ ਕਿ ਜ਼ਿਆਦਾ ਵਾਰ ਟਾਇਲਟ ਜਾਣਾ ਜਾਂ ਤੁਹਾਡਾ ਮਲ ਦਾ ਪਤਲਾ ਜਾਂ ਸਖ਼ਤ ਹੋ ਜਾਣਾ
  • ਪੇਟ ਵਿੱਚ ਲਗਾਤਾਰ ਦਰਦ ਜਾਂ ਅਫਾਰਾ

ਹੋਰ ਲੱਛਣਾਂ ਵਿੱਚ ਬਿਨਾਂ ਕਿਸੇ ਕਾਰਨ ਵਜ਼ਨ ਘਟਣਾ, ਥਕਾਵਟ, ਚੱਕਰ ਆਉਣਾ ਅਤੇ ਇਹ ਮਹਿਸੂਸ ਹੋਣਾ ਕਿ ਤੁਹਾਡਾ ਪੇਟ ਚੰਗੀ ਤਰ੍ਹਾਂ ਖਾਲੀ ਨਹੀਂ ਹੋਇਆ ਹੈ ਆਦਿ ਸ਼ਾਮਲ ਹੋ ਸਕਦੇ ਹਨ।

ਇਨ੍ਹਾਂ ਲੱਛਣਾਂ ਦੇ ਹੋਣ ਦਾ ਮਤਲਬ ਇਹ ਨਹੀਂ ਨਹੀਂ ਕਿ ਕੈਂਸਰ ਹੀ ਹੋਵੇ। ਹਾਲਾਂਕਿ, ਮਾਹਿਰ ਸਲਾਹ ਦਿੰਦੇ ਹਨ ਕਿ ਜੇ ਇਹ ਲੱਛਣ ਤਿੰਨ ਹਫ਼ਤਿਆਂ ਜਾਂ ਇਸ ਤੋਂ ਵੱਧ ਸਮੇਂ ਤੱਕ ਰਹਿਣ, ਜਾਂ ਜੇ ਕੁਝ ਠੀਕ ਨਾ ਲੱਗੇ ਤਾਂ ਡਾਕਟਰੀ ਮਦਦ ਲਓ।

ਗੰਭੀਰ ਮਾਮਲਿਆਂ ਵਿੱਚ ਅੰਤੜੀਆਂ ਵਿੱਚ ਬਲੌਕੇਜ ਆ ਸਕਦੀ ਹੈ, ਜਿਸ ਨਾਲ ਪੇਟ ਵਿੱਚ ਤੇਜ਼ ਦਰਦ, ਕਬਜ਼ ਅਤੇ ਉਲਟੀਆਂ ਹੋ ਸਕਦੀਆਂ ਹਨ। ਅਜਿਹੀ ਸਥਿਤੀ ਵਿੱਚ ਤੁਰੰਤ ਡਾਕਟਰੀ ਮਦਦ ਦੀ ਲੋੜ ਹੁੰਦੀ ਹੈ।

ਅੰਤੜੀਆਂ ਦਾ ਕੈਂਸਰ ਅਕਸਰ ਠੀਕ ਹੋ ਸਕਦਾ ਹੈ, ਖ਼ਾਸ ਕਰਕੇ ਜੇ ਇਹ ਸ਼ੁਰੂਆਤੀ ਪੜਾਅ ਵਿੱਚ ਪਛਾਣ ਲਿਆ ਜਾਵੇ।

ਇਲਾਜ ਵੱਖ-ਵੱਖ ਹੋ ਸਕਦਾ ਹੈ। ਵੱਖ-ਵੱਖ ਮਾਮਲਿਆਂ 'ਚ ਲੋੜ ਅਨੁਸਾਰ ਸਰਜਰੀ ਜਾਂ ਕੀਮੋਥੈਰੇਪੀ ਅਤੇ ਰੇਡੀਓਥੈਰੇਪੀ ਦਾ ਮਿਲਿਆ-ਜੁਲਿਆ ਇਲਾਜ ਸ਼ਾਮਲ ਹੋ ਸਕਦਾ ਹੈ।

ਕੈਂਸਰ ਰਿਸਰਚ ਯੂਕੇ ਦੇ ਅਨੁਸਾਰ, ਸ਼ੁਰੂਆਤੀ ਸਟੇਜ ਵਿੱਚ ਪਤਾ ਲੱਗਣ ਵਾਲੇ 90% ਤੋਂ ਵੱਧ ਲੋਕ ਪੰਜ ਸਾਲ ਜਾਂ ਇਸ ਤੋਂ ਵੱਧ ਸਮੇਂ ਤੱਕ ਜਿਉਂਦੇ ਰਹਿੰਦੇ ਹਨ, ਜਦਕਿ ਆਖ਼ਰੀ ਸਟੇਜ ਵਿੱਚ ਪਤਾ ਲੱਗਣ 'ਤੇ ਇਹ ਦਰ 44% ਰਹਿ ਜਾਂਦੀ ਹੈ।

ਘੱਟ ਉਮਰ ਦੇ ਲੋਕਾਂ ਵਿੱਚ ਵਧ ਰਹੇ ਮਾਮਲੇ

ਯੂਕੇ ਦੇ ਸੇਂਟ ਮਾਰਕਸ ਹਸਪਤਾਲ ਵਿੱਚ ਕਨਸਲਟੈਂਟ ਗੈਸਟ੍ਰੋਐਂਟਰੋਲੋਜਿਸਟ ਪ੍ਰੋਫੈਸਰ ਕੇਵਿਨ ਮੋਨਾਹਨ ਨੇ ਹਾਲ ਹੀ ਵਿੱਚ ਬੀਬੀਸੀ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਕਿਹਾ, "ਯੂਕੇ ਸਮੇਤ ਦੁਨੀਆ ਭਰ ਵਿੱਚ 50 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿੱਚ ਅੰਤੜੀਆਂ ਦੇ ਕੈਂਸਰ ਦੇ ਮਾਮਲੇ ਵਧ ਰਹੇ ਹਨ ਅਤੇ ਇਹ ਇੱਕ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ।"

ਉਨ੍ਹਾਂ ਅੱਗੇ ਕਿਹਾ, "ਸਾਨੂੰ ਅਜਿਹੇ ਤਰੀਕੇ ਵਿਕਸਤ ਕਰਨੇ ਪੈਣਗੇ, ਜਿਨ੍ਹਾਂ ਨਾਲ ਅਸੀਂ ਇਨ੍ਹਾਂ ਕੈਂਸਰਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਰੋਕ ਸਕੀਏ।"

ਹਾਲ ਹੀ ਵਿੱਚ ਦ ਲੈਂਸੇਟ ਵਿੱਚ ਪ੍ਰਕਾਸ਼ਿਤ ਹੋਈ ਅਮੈਰੀਕਨ ਕੈਂਸਰ ਸੋਸਾਇਟੀ ਦੀ ਖੋਜ, ਜਿਸ ਵਿੱਚ ਵਰਲਡ ਹੈਲਥ ਆਰਗਨਾਈਜ਼ੇਸ਼ਨ ਦੇ 2017 ਤੱਕ ਦੇ ਡੇਟਾ ਦਾ ਇਸਤੇਮਾਲ ਕੀਤਾ ਗਿਆ ਸੀ, ਵਿੱਚ ਪਤਾ ਲੱਗਿਆ ਕਿ ਅਧਿਐਨ ਕੀਤੇ ਗਏ 50 ਦੇਸ਼ਾਂ ਵਿੱਚੋਂ 27 ਵਿੱਚ ਘੱਟ ਉਮਰ ਦੇ ਲੋਕਾਂ ਵਿੱਚ ਅੰਤੜੀਆਂ ਦੇ ਕੈਂਸਰ ਦੇ ਮਾਮਲੇ ਵਧ ਰਹੇ ਹਨ।

ਪਹਿਲੀ ਵਾਰ, ਇਹ ਵਾਧਾ ਲੈਟਿਨ ਅਮਰੀਕਾ, ਕੈਰੀਬੀਆਈ ਖੇਤਰ, ਪੂਰਬੀ ਯੂਰਪ ਅਤੇ ਏਸ਼ੀਆ ਦੇ ਕੁਝ ਹਿੱਸਿਆਂ ਵਿੱਚ ਵੇਖਿਆ ਗਿਆ।

ਹਾਲਾਂਕਿ ਮਾਮਲੇ ਵਧ ਰਹੇ ਹਨ, ਪਰ ਇਹ ਬਿਮਾਰੀ ਅਜੇ ਵੀ ਘੱਟ ਉਮਰ ਦੇ ਲੋਕਾਂ ਵਿੱਚ ਕਾਫ਼ੀ ਘੱਟ (ਰੇਅਰ) ਹੈ।

ਕਿਨ੍ਹਾਂ ਕਾਰਨਾਂ ਕਰਕੇ ਵਧਦਾ ਇਸ ਬਿਮਾਰੀ ਦਾ ਖਤਰਾ

ਇਸ ਵਾਧੇ ਦਾ ਕੋਈ ਸਪਸ਼ਟ ਕਾਰਨ ਨਹੀਂ ਹੈ। ਮੋਟਾਪਾ, ਅਲਟਰਾ-ਪ੍ਰੋਸੈਸਡ ਭੋਜਨ, ਐਂਟੀਬਾਇਓਟਿਕਸ, ਅੰਤੜੀਆਂ ਦੇ ਮਾਈਕ੍ਰੋਬਾਇਓਮ ਵਿੱਚ ਬਦਲਾਅ, ਹਵਾ ਪ੍ਰਦੂਸ਼ਣ ਅਤੇ ਮਾਈਕ੍ਰੋਪਲਾਸਟਿਕ - ਇਨ੍ਹਾਂ ਸਾਰਿਆਂ ਨੂੰ ਸੰਭਾਵਿਤ ਕਾਰਨ ਵਜੋਂ ਦਰਸਾਇਆ ਗਿਆ ਹੈ।

ਹਾਲਾਂਕਿ ਇਸ ਦਾ ਸਹੀ ਕਾਰਨ ਅਜੇ ਤੱਕ ਪਤਾ ਨਹੀਂ ਹੈ ਪਰ ਮਾਹਿਰ ਕਹਿੰਦੇ ਹਨ ਕਿ ਕਈ ਕਾਰਨਾਂ ਕਰਕੇ ਇਸ ਬਿਮਾਰੀ ਦਾ ਖਤਰਾ ਵਧ ਜਾਂਦਾ ਹੈ:

  • ਉਮਰ (ਜ਼ਿਆਦਾਤਰ ਮਾਮਲੇ ਅਜੇ ਵੀ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿੱਚ ਹੁੰਦੇ ਹਨ)
  • ਲਾਲ ਅਤੇ ਪ੍ਰੋਸੈਸਡ ਮਾਸ ਦਾ ਵੱਧ ਇਸਤੇਮਾਲ
  • ਤੰਬਾਕੂਨੋਸ਼ੀ
  • ਜ਼ਿਆਦਾ ਸ਼ਰਾਬ ਪੀਣਾ
  • ਮੋਟਾਪਾ
  • ਅੰਤੜੀਆਂ ਵਿੱਚ ਪਾਲਿਪਸ ਹਿਸਟਰੀ

ਅੰਤੜੀਆਂ ਦੇ ਜ਼ਿਆਦਾਤਰ ਕੈਂਸਰ ਵਿਰਾਸਤ ਵਿੱਚ ਨਹੀਂ ਮਿਲਦੇ, ਭਾਵ ਜੈਨੇਟਿਕ ਨਹੀਂ ਹੁੰਦੇ। ਹਾਲਾਂਕਿ ਕੁਝ ਜੈਨੇਟਿਕ ਸਥਿਤੀਆਂ, ਜਿਵੇਂ ਲਿੰਚ ਸਿੰਡਰੋਮ, ਇਸ ਦਾ ਖਤਰਾ ਕਾਫ਼ੀ ਵਧਾ ਦਿੰਦੀਆਂ ਹਨ।

ਵਿਗਿਆਨੀਆਂ ਦਾ ਕਹਿਣਾ ਹੈ ਕਿ ਅੱਧੇ ਤੋਂ ਵੱਧ ਮਾਮਲੇ ਸਿਹਤਮੰਦ ਜੀਵਨਸ਼ੈਲੀ ਨਾਲ ਰੋਕੇ ਜਾ ਸਕਦੇ ਹਨ, ਜਿਸ ਵਿੱਚ ਨਿਯਮਿਤ ਕਸਰਤ, ਵਧੇਰੇ ਫਾਈਬਰ ਅਤੇ ਘੱਟ ਚਰਬੀ ਵਾਲੀ ਖੁਰਾਕ ਖਾਣਾ, ਦਿਨ ਵਿੱਚ ਛੇ ਤੋਂ ਅੱਠ ਗਿਲਾਸ ਪਾਣੀ ਪੀਣਾ ਅਤੇ ਸਿਹਤਮੰਦ ਵਜ਼ਨ ਬਣਾਈ ਰੱਖਣਾ ਸ਼ਾਮਲ ਹੈ।

ਇਨ੍ਹਾਂ ਮਾਮਲਿਆਂ ਵਿੱਚ ਵਾਧੇ ਨੂੰ ਹੋਰ ਚੰਗੀ ਤਰ੍ਹਾਂ ਸਮਝਣ ਲਈ ਸੇਂਟ ਮਾਰਕਸ ਦੇ ਖੋਜਕਰਤਾ ਇੱਕ ਸਦੀ ਤੱਕ ਸੰਭਾਲ ਕੇ ਰੱਖੇ ਗਏ ਅੰਤੜੀਆਂ ਦੇ ਕੈਂਸਰ ਦੇ ਨਮੂਨਿਆਂ ਦਾ ਵਿਸ਼ਲੇਸ਼ਣ ਕਰ ਰਹੇ ਹਨ।

ਸੰਭਾਲ ਕੇ ਰੱਖੇ ਇਹ ਟਿਸ਼ੂ, ਜਿਨ੍ਹਾਂ ਦਾ ਹੁਣ ਐਡਵਾਂਸ ਮੌਲੀਕਿਊਲਰ ਤਕਨੀਕਾਂ ਦੀ ਵਰਤੋਂ ਕਰਕੇ ਅਧਿਐਨ ਕੀਤਾ ਜਾ ਰਿਹਾ ਹੈ, ਇਹ ਸਮਝਣ ਵਿੱਚ ਮਦਦ ਕਰ ਸਕਦੇ ਹਨ ਕਿ ਵੱਧ ਗਿਣਤੀ ਵਿੱਚ ਨੌਜਵਾਨਾਂ ਵਿੱਚ ਅਜਿਹੇ ਮਾਮਲੇ ਕਿਉਂ ਸਾਹਮਣੇ ਆ ਰਹੇ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)