You’re viewing a text-only version of this website that uses less data. View the main version of the website including all images and videos.
ਕੈਂਸਰ ਦਾ ਕਾਰਨ ਬਣਨ ਵਾਲਾ ਐਚਪੀਵੀ ਕੀ ਹੁੰਦਾ ਹੈ, ਜਿਸ ਕਾਰਨ ਇਸ ਵਿਅਕਤੀ ਨੂੰ ਆਪਣੀ ਜੀਭ ਤੱਕ ਗੁਆਉਣੀ ਪੈ ਸਕਦੀ ਸੀ
- ਲੇਖਕ, ਲੀ ਬੂਬੇਅਰ
- ਰੋਲ, ਬੀਬੀਸੀ ਵੇਲਜ਼
- ਪੜ੍ਹਨ ਦਾ ਸਮਾਂ: 5 ਮਿੰਟ
ਦੋ ਬੱਚਿਆਂ ਦੇ ਇਸ ਪਿਤਾ ਨੇ ਆਪਣੀ ਜੀਭ ਲਗਭਗ ਗੁਆ ਹੀ ਦਿੱਤੀ ਸੀ, ਜਦੋਂ ਉਨ੍ਹਾਂ ਦੇ ਜਬਾੜ੍ਹੇ ਹੇਠਾਂ ਇੱਕ ਛੋਟੀ ਜਿਹੀ ਗੱਠ, ਕੈਂਸਰ ਨਿਕਲੀ।
ਐਂਥਨੀ ਪੇਰਿਅਮ ਨੇ ਪਹਿਲੀ ਵਾਰ ਗੱਠ ਮਹਿਸੂਸ ਹੋਣ ਤੋਂ ਬਾਅਦ ਆਪਣੇ ਡਾਕਟਰ ਨੂੰ ਦਿਖਾਇਆ ਅਤੇ ਕੁਝ ਹੀ ਹਫ਼ਤਿਆਂ ਵਿੱਚ ਪਤਾ ਲੱਗ ਗਿਆ ਗਿਆ ਕਿ ਉਨ੍ਹਾਂ ਨੂੰ ਸਿਰ ਅਤੇ ਗਰਦਨ ਵਿੱਚ ਹਿਊਮਨ ਪੈਪੀਲੋਮਾਵਾਇਰਸ (HPV) ਨਾਲ ਜੁੜਿਆ ਕੈਂਸਰ ਹੋ ਗਿਆ ਹੈ।
ਐਚਪੀਵੀ ਵਾਇਰਸਾਂ ਦਾ ਇੱਕ ਆਮ ਸਮੂਹ ਹੈ ਜੋ ਚਮੜੀ ਨੂੰ ਪ੍ਰਭਾਵਿਤ ਕਰਦਾ ਹੈ। ਅਕਸਰ ਲੋਕਾਂ ਨੂੰ ਇਸ ਨਾਲ ਕੋਈ ਸਮੱਸਿਆ ਨਹੀਂ ਹੁੰਦੀ, ਪਰ ਐਚਪੀਵੀ ਦੀਆਂ ਕੁਝ ਖਾਸ ਕਿਸਮਾਂ ਕੈਂਸਰ ਜਾਂ ਜਣਨ ਅੰਗਾਂ ਦੇ ਵਾਰਟਸ ਦਾ ਕਾਰਨ ਬਣ ਸਕਦੀਆਂ ਹਨ।
ਯੂਕੇ ਦੇ ਵੇਲਜ਼ ਦੀ ਰਾਜਧਾਨੀ ਕਾਰਡਿਫ਼ ਦੇ ਰਹਿਣ ਵਾਲੇ ਐਂਥਨੀ ਕਹਿੰਦੇ ਹਨ, "ਮੈਂ ਐਚਪੀਵੀ ਬਾਰੇ ਸਿਰਫ਼ ਸਰਵੀਕਲ ਕੈਂਸਰ ਦੇ ਸੰਦਰਭ ਵਿੱਚ ਸੁਣਿਆ ਸੀ। ਮੈਨੂੰ ਨਹੀਂ ਪਤਾ ਸੀ ਕਿ ਇਹ ਇਸ ਤਰ੍ਹਾਂ ਦੇ ਕੈਂਸਰ ਵੀ ਕਰ ਸਕਦਾ ਹੈ, ਖਾਸ ਕਰਕੇ ਮਰਦਾਂ ਵਿੱਚ।"
ਇਸ ਲੇਖ ਵਿੱਚ ਸ਼ਾਮਲ ਕੁਝ ਤਸਵੀਰਾਂ ਪਾਠਕਾਂ/ਦਰਸ਼ਕਾਂ ਨੂੰ ਪਰੇਸ਼ਾਨ ਕਰ ਸਕਦੀਆਂ ਹਨ।
'ਮੈਂ ਆਪਣੀ ਜੀਭ ਗੁਆ ਸਕਦਾ ਸੀ ਜਾਂ ਮਰ ਵੀ ਸਕਦਾ ਸੀ'
ਐਂਥਨੀ ਨੇ ਅੱਗੇ ਕਿਹਾ, "ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦਾ ਹਾਂ ਕਿ ਮੈਂ ਅਜੇ ਵੀ ਖਾ ਅਤੇ ਬੋਲ ਸਕਦਾ ਹਾਂ, ਪਰ ਜੇ ਮੈਂ ਹੋਰ ਦੇਰ ਕਰਦਾ ਤਾਂ ਮੈਂ ਆਪਣੀ ਜੀਭ ਗੁਆ ਸਕਦਾ ਸੀ ਜਾਂ ਮਰ ਵੀ ਸਕਦਾ ਸੀ।"
ਐਨਐਚਐਸ ਵੇਲਜ਼ ਦਾ ਕਹਿਣਾ ਹੈ ਕਿ ਜ਼ਿਆਦਾਤਰ ਲੋਕ ਜਿਨ੍ਹਾਂ ਨੂੰ ਐਚਪੀਵੀ ਦੀ ਲਾਗ ਲੱਗਦੀ ਹੈ, ਉਨ੍ਹਾਂ ਦੇ ਸਰੀਰ ਤੋਂ ਇਹ ਵਾਇਰਸ ਆਪਣੇ ਆਪ ਹੀ ਖ਼ਤਮ ਹੋ ਜਾਂਦਾ ਹੈ।
ਪਰ ਇਸ ਨਾਲ ਜਣਨ ਅੰਗਾਂ ਦੇ ਵਾਰਟਸ (ਜੇਨਿਟਲ ਵਾਰਟਸ) ਹੋ ਸਕਦੇ ਹਨ ਜਾਂ ਕੈਂਸਰ ਵੀ ਹੋ ਸਕਦਾ ਹੈ - ਮਰਦਾਂ ਵਿੱਚ ਅਕਸਰ ਸਿਰ ਅਤੇ ਗਰਦਨ ਦਾ ਕੈਂਸਰ, ਅਤੇ ਔਰਤਾਂ ਵਿੱਚ ਸਰਵੀਕਲ ਕੈਂਸਰ।
ਐਨਐਚਐਸ 12 ਅਤੇ 13 ਸਾਲ ਦੇ ਬੱਚਿਆਂ ਅਤੇ ਉਨ੍ਹਾਂ ਲੋਕਾਂ ਜਿਨ੍ਹਾਂ ਨੂੰ ਐਚਪੀਵੀ ਦਾ ਵਧੇਰੇ ਖ਼ਤਰਾ ਹੁੰਦਾ ਹੈ, ਉਨ੍ਹਾਂ ਲਈ ਵੈਕਸੀਨ ਦੀ ਸਿਫ਼ਾਰਸ਼ ਕਰਦਾ ਹੈ।
ਉਨ੍ਹਾਂ ਕਿਹਾ, "ਜੇ ਤੁਹਾਨੂੰ ਕਿਤੇ ਕੋਈ ਗੱਠ ਮਹਿਸੂਸ ਹੋਵੇ, ਭਾਵੇਂ ਉਸ ਵਿੱਚ ਦਰਦ ਨਾ ਹੋਵੇ, ਤਾਂ ਵੀ ਉਸਦੀ ਜਾਂਚ ਜ਼ਰੂਰ ਕਰਵਾਓ।''
''ਇਸ ਤਰ੍ਹਾਂ ਦੇ ਕੈਂਸਰ ਬਾਰੇ ਘੱਟ ਗੱਲ ਹੁੰਦੀ ਹੈ, ਖਾਸ ਕਰਕੇ ਮਰਦਾਂ ਵਿੱਚ। ਸਮੇਂ ਸਿਰ ਕੋਈ ਐਕਸ਼ਨ ਲੈਣਾ ਵਾਕਈ ਜਾਨ ਬਚਾਉਣ ਵਾਲਾ ਹੋ ਸਕਦਾ ਹੈ।''
'ਸਭ ਤੋਂ ਪਹਿਲਾ ਖਿਆਲ ਆਪਣੇ ਦੋ ਬੱਚਿਆਂ ਦਾ ਆਇਆ'
ਕੋਈ ਲੱਛਣ ਨਾ ਹੋਣ ਦੇ ਬਾਵਜੂਦ ਮਾਰਚ 2023 ਵਿੱਚ ਸੀਟੀ ਸਕੈਨ, ਬਾਇਓਪਸੀ ਅਤੇ ਐਮਆਰਆਈ ਰਾਹੀਂ ਉਨ੍ਹਾਂ ਬਿਮਾਰੀ ਦੀ ਪੁਸ਼ਟੀ ਹੋਈ।
41 ਸਾਲਾ ਐਂਥਨੀ ਮੁਤਾਬਕ, "ਉਸ ਸਮੇਂ ਮੇਰਾ ਇੱਕ ਤਿੰਨ ਸਾਲ ਦਾ ਅਤੇ ਇੱਕ ਛੇ ਸਾਲ ਦਾ ਬੱਚਾ ਸੀ। ਮੈਨੂੰ ਪਹਿਲਾਂ ਆਪਣੇ ਨਹੀਂ ਸਗੋਂ ਉਨ੍ਹਾਂ ਬਾਰੇ ਖਿਆਲ ਆਇਆ। ਮੈਂ ਉਨ੍ਹਾਂ ਲਈ ਪੂਰੀ ਤਰ੍ਹਾਂ ਡਰ ਗਿਆ ਸੀ।"
ਐਂਥਨੀ ਦੀ ਗਰਦਨ ਵਿੱਚੋਂ 44 ਲਿੰਫ ਨੋਡਜ਼ ਕੱਢੇ ਗਏ ਅਤੇ ਆਖ਼ਿਰਕਾਰ ਰੋਬੋਟ-ਅਸਿਸਟਡ ਸਰਜਰੀ ਦੀ ਮਦਦ ਨਾਲ ਉਨ੍ਹਾਂ ਦੀ ਜੀਭ ਦੇ ਹੇਠਲੇ ਹਿੱਸੇ ਵਿੱਚ ਪ੍ਰਾਈਮਰੀ ਟਿਊਮਰ ਲੱਭਿਆ ਗਿਆ।
ਉਨ੍ਹਾਂ ਕਿਹਾ, "ਉਨ੍ਹਾਂ ਨੇ ਮੈਨੂੰ ਦੱਸਿਆ ਕਿ ਇਹ ਸਹੀ ਸਮੇਂ 'ਤੇ ਪਕੜ 'ਚ ਆ ਗਿਆ ਸੀ।"
"ਇੱਕ ਲਿੰਫ ਨੋਡ ਫਟਣ ਵਾਲਾ ਸੀ। ਜੇ ਇਹ ਹੋਰ ਅੱਗੇ ਵੱਧ ਜਾਂਦਾ ਤਾਂ ਇਹ ਫੈਲ ਸਕਦਾ ਸੀ।"
ਰੇਡੀਓਥੈਰੇਪੀ ਅਤੇ ਕੀਮੋਥੈਰੇਪੀ ਬਹੁਤ ਮੁਸ਼ਕਲ ਰਹੀ ਅਤੇ ਇਸ ਦੌਰਾਨ ਐਂਥਨੀ ਦਾ ਵਜ਼ਨ 22 ਕਿਲੋਗ੍ਰਾਮ ਤੱਕ ਘੱਟ ਹੋ ਗਿਆ।
ਉਨ੍ਹਾਂ ਕਿਹਾ: "ਮੇਰੀ ਸਾਰੀ ਲਾਰ ਸੁੱਕ ਗਈ ਸੀ।"
"ਪਾਣੀ ਪੀਣਾ ਵੀ ਔਖਾ ਹੋ ਗਿਆ ਸੀ ਕਿਉਂਕਿ ਮੇਰੇ ਮੂੰਹ ਵਿੱਚ ਹਰ ਚੀਜ਼ ਪਾਊਡਰ ਵਰਗੀ ਹੋ ਜਾਂਦੀ ਸੀ।
"ਮੈਂ ਇੰਨਾ ਕਮਜ਼ੋਰ ਹੋ ਗਿਆ ਸੀ ਕਿ ਮੈਨੂੰ ਵੀਲਚੇਅਰ ਦੀ ਲੋੜ ਪੈ ਗਈ।"
ਉਨ੍ਹਾਂ ਅੱਗੇ ਕਿਹਾ, "ਵੀਲਚੇਅਰ 'ਤੇ ਬੈਠ ਕੇ ਕੌਰੀਡੋਰ ਰਾਹੀਂ ਰੇਡੀਓਥੈਰੇਪੀ ਲਈ ਜਾਣਾ ਮੇਰੀ ਮਾਨਸਿਕ ਸਿਹਤ 'ਤੇ ਅਸਰ ਪਾ ਰਿਹਾ ਸੀ।''
"ਪਰ ਮੇਰੇ ਪਰਿਵਾਰ ਨੇ ਮੈਨੂੰ ਇਸ ਤੋਂ ਉਭਰਣ ਦੀ ਹਿੰਮਤ ਦਿੱਤੀ ਅਤੇ ਮੈਂ ਆਪਣਾ 40ਵਾਂ ਜਨਮਦਿਨ ਮਨਾਉਣ ਲਈ ਜ਼ਿੰਦਾ ਰਹਿਣਾ ਚਾਹੁੰਦਾ ਸੀ।"
ਐਚਪੀਵੀ ਕੀ ਹੈ?
ਐਚਪੀਵੀ ਚਮੜੀ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਇਸ ਦੀਆਂ 100 ਤੋਂ ਵੱਧ ਵੱਖ-ਵੱਖ ਕਿਸਮਾਂ ਹਨ।
ਇਹ ਜਣਨ ਅੰਗਾਂ ਦੇ ਹਿੱਸਿਆਂ (ਖੇਤਰ) ਵਿੱਚ ਸਕਿਨ-ਟੂ-ਸਕਿਨ ਸੰਪਰਕ (ਚਮੜੀ ਨਾਲ ਚਮੜੀ ਦੇ ਛੂਹਣ ਨਾਲ), ਵਜਾਈਨਲ, ਐਨਲ ਜਾਂ ਓਰਲ ਸੈਕਸ ਅਤੇ ਸੈਕਸ ਟੌਇਜ਼ ਸਾਂਝੇ ਕਰਨ ਨਾਲ ਫੈਲ ਸਕਦਾ ਹੈ।
ਵੇਲਜ਼ ਵਿੱਚ ਇੱਕ ਨੈਸ਼ਨਲ ਇਮਿਊਨਾਈਜ਼ੇਸ਼ਨ ਪ੍ਰੋਗਰਾਮ ਤਹਿਤ ਵੈਕਸੀਨ ਦਿੱਤੀ ਜਾਂਦੀ ਹੈ ਅਤੇ ਇਹ ਉਨ੍ਹਾਂ ਮਾਮਲਿਆਂ 'ਚ ਸਭ ਤੋਂ ਵਧੀਆ ਕੰਮ ਕਰਦੀ ਹੈ ਜਦੋਂ 12 ਅਤੇ 13 ਸਾਲ ਦੀ ਉਮਰ 'ਚ ਬੱਚਿਆਂ ਨੂੰ ਦੇ ਦਿੱਤੀ ਜਾਵੇ।
ਯੂਨੀਵਰਸਿਟੀ ਹਸਪਤਾਲ ਵੇਲਜ਼ ਦਾ ਕਹਿਣਾ ਹੈ ਕਿ 2008 ਵਿੱਚ ਵੈਕਸੀਨ ਦੀ ਸ਼ੁਰੂਆਤ ਹੋਣ ਤੋਂ ਬਾਅਦ ਇਸ ਵੈਕਸੀਨ ਨੇ 20 ਸਾਲ ਦੀ ਉਮਰ ਦੀਆਂ ਮਹਿਲਾਵਾਂ ਵਿੱਚ ਸਰਵੀਕਲ ਕੈਂਸਰ ਦੀ ਦਰ ਲਗਭਗ 90% ਘਟਾ ਦਿੱਤੀ ਹੈ।
ਕਾਰਡਿਫ਼ ਐਂਡ ਵੈਲੇ ਹੈਲਥ ਬੋਰਡ ਦੇ ਕਨਸਲਟੈਂਟ ਓਟੋਲੈਰਿੰਗੋਲੋਜਿਸਟ ਅਤੇ ਹੈੱਡ ਐਂਡ ਨੈੱਕ ਸਰਜਨ ਸੰਦੀਪ ਬੇਰੀ ਨੇ ਮਾਪਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਵੈਕਸੀਨ ਲਗਵਾਉਣ।
ਉਨ੍ਹਾਂ ਕਿਹਾ, "ਐਚਪੀਵੀ ਵੈਕਸੀਨ ਸਾਲਾਂ ਤੋਂ ਦੁਨੀਆ ਭਰ ਵਿੱਚ ਵਰਤੀ ਜਾ ਰਹੀ ਹੈ, ਇਹ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਹੈ ਅਤੇ ਵੇਲਜ਼ ਵਿੱਚ ਨੈਸ਼ਨਲ ਇਮਿਊਨਾਈਜ਼ੇਸ਼ਨ ਪ੍ਰੋਗਰਾਮ ਦਾ ਹਿੱਸਾ ਹੈ।
"ਇਹ ਵੈਕਸੀਨ ਕੁੜੀਆਂ ਅਤੇ ਮੁੰਡਿਆਂ ਦੋਵਾਂ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦੀ ਹੈ, ਐਚਪੀਵੀ ਨਾਲ ਜੁੜੇ ਕੈਂਸਰਾਂ ਤੋਂ ਬਚਾਉਂਦੀ ਹੈ ਅਤੇ ਕੁੱਲ ਮਿਲਾ ਕੇ ਜਨਤਕ ਸਿਹਤ ਨੂੰ ਮਜ਼ਬੂਤ ਬਣਾਉਂਦੀ ਹੈ।
ਉਨ੍ਹਾਂ ਦੱਸਿਆ ਕਿ "ਇਹ ਵੈਕਸੀਨ 8 ਸਾਲ ਦੀ ਉਮਰ ਵਿੱਚ ਜਾਂ ਸੈਕਸ਼ੁਅਲੀ ਐਕਟਿਵੀ ਸ਼ੁਰੂ ਹੋਣ ਤੋਂ ਪਹਿਲਾਂ ਦਿੱਤੀ ਜਾਂਦੀ ਹੈ ਕਿਉਂਕਿ ਇਸ ਸਮੇਂ ਇਮਿਊਨ ਸਿਸਟਮ ਸਭ ਤੋਂ ਵਧੀਆ ਤਰੀਕੇ ਨਾਲ ਪ੍ਰਤੀਕਿਰਿਆ ਕਰਦਾ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ