ਪੰਜਾਬ ਕਿੰਗਜ਼ ਦੇ ਪ੍ਰਿਆਂਸ਼ ਆਰਿਆ ਨੇ ਕੀਤੀ ਛੱਕਿਆਂ-ਚੌਕਿਆਂ ਦੀ ਬਰਸਾਤ, ਲਖਨਊ ਸੁਪਰ ਜਾਇੰਟਸ ਨੂੰ ਹਰਾ ਪੰਜਾਬ ਟੀਮ ਨੇ ਬਣਾਇਆ ਜਿੱਤ ਦਾ ਇਹ ਰਿਕਾਰਡ

ਤਸਵੀਰ ਸਰੋਤ, Pankaj Nangia/Getty Images

ਤਸਵੀਰ ਕੈਪਸ਼ਨ, ਪੰਜਾਬ ਵੱਲੋਂ ਪ੍ਰਿਆਂਸ਼ ਆਰਿਆ ਨੇ 37 ਗੇਂਦਾਂ 'ਤੇ 93 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ (ਫਾਈਲ ਫੋਟੋ)
ਪੜ੍ਹਨ ਦਾ ਸਮਾਂ: 5 ਮਿੰਟ

ਆਈਪੀਐਲ 2026 ਵਿੱਚ ਪੰਜਾਬ ਕਿੰਗਜ਼ ਦੀ ਜਿੱਤ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਨਿਊ ਚੰਡੀਗੜ੍ਹ ਵਿਖੇ ਐਤਵਾਰ ਨੂੰ ਖੇਡੇ ਗਏ ਇਸ ਮੁਕਾਬਲੇ ਵਿੱਚ ਪੰਜਾਬ ਕਿੰਗਜ਼ ਨੇ ਲਖਨਊ ਸੁਪਰਜਾਇੰਟਸ ਨੂੰ 54 ਦੌੜਾਂ ਨਾਲ ਹਰਾ ਦਿੱਤਾ ਹੈ।

ਇਸਦੇ ਨਾਲ ਹੀ ਪੰਜਾਬ ਕਿੰਗਜ਼ ਨੇ ਆਈਪੀਐਲ ਦੇ 19 ਸਾਲ ਦੇ ਇਤਿਹਾਸ ਵਿੱਚ ਪਹਿਲੇ 6 ਮੁਕਾਬਲਿਆਂ ਵਿੱਚੋਂ ਇੱਕ ਵੀ ਮੈਚ ਨਾ ਹਾਰਨ ਦਾ ਰਿਕਾਰਡ ਕਾਇਮ ਕੀਤਾ।

ਇਸ ਸੀਜ਼ਨ ਵਿੱਚ ਪੰਜਾਬ ਨੇ ਸਭ ਤੋਂ ਵੱਧ ਸਕੋਰ ਬਣਾਉਣ ਦਾ ਵੀ ਰਿਕਾਰਡ ਬਣਾਇਆ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਆਰਸੀਬੀ ਦੇ ਨਾਮ ਸੀ, ਜਿਨ੍ਹਾਂ ਨੇ ਚੇੱਨਈ ਖਿਲਾਫ਼ 3 ਵਿਕਟਾਂ ਗਵਾ ਕੇ 250 ਦੌੜਾਂ ਬਣਾਈਆਂ ਸਨ।

ਇਸ ਜਿੱਤ ਦੇ ਨਾਲ ਪੰਜਾਬ ਕਿੰਗਜ਼ 6 ਮੈਚਾਂ ਵਿੱਚ 11 ਅੰਕਾਂ ਨਾਲ ਪੁਆਇੰਟਸ ਟੇਬਲ ਵਿੱਚ ਟਾਪ 'ਤੇ ਬਣੀ ਹੋਈ ਹੈ।

ਦੂਜੇ ਪਾਸੇ, ਲਖਨਊ ਸੁਪਰ ਜਾਇੰਟਸ ਨੇ ਹੁਣ ਤੱਕ ਖੇਡੇ ਗਏ 6 ਮੈਚਾਂ ਵਿੱਚੋਂ 2 ਜਿੱਤੇ ਹਨ ਅਤੇ 4 ਹਾਰੇ ਹਨ, ਪੁਆਇੰਟਸ ਟੇਬਲ ਵਿੱਚ ਟੀਮ 8ਵੇਂ ਸਥਾਨ 'ਤੇ ਹੈ।

Sorry, we can’t display this part of the story on this lightweight mobile page.

ਤਸਵੀਰ ਸਰੋਤ, Pankaj Nangia/Getty Images

ਤਸਵੀਰ ਕੈਪਸ਼ਨ, ਲਖਨਊ ਲਈ ਸਭ ਤੋਂ ਵੱਧ ਦੌੜਾਂ ਕਪਤਾਨ ਰਿਸ਼ਭ ਪੰਤ ਨੇ ਬਣਾਈਆਂ (ਫਾਈਲ ਫੋਟੋ)

ਮੈਚ ਦੀ ਗੱਲ ਕਰੀਏ ਤਾਂ ਪੰਜਾਬ ਵੱਲੋਂ ਪ੍ਰਿਆਂਸ਼ ਆਰਿਆ ਨੇ 37 ਗੇਂਦਾਂ 'ਤੇ 93 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਨ੍ਹਾਂ ਨੇ ਆਪਣੀ ਪਾਰੀ ਵਿੱਚ 9 ਛੱਕੇ ਅਤੇ 4 ਚੌਕੇ ਲਗਾਏ।

ਇਸ ਦੌਰਾਨ ਪ੍ਰਿਆਂਸ਼ ਆਰਿਆ ਦਾ ਸਾਥ ਦਿੱਤਾ ਕੂਪਰ ਕੋਨੋਲੀ ਨੇ। ਉਨ੍ਹਾਂ ਨੇ ਧਮਾਕੇਦਾਰ ਪਾਰੀ ਖੇਡਦੇ ਹੋਏ 46 ਗੇਂਦਾਂ 'ਤੇ 8 ਚੌਕਿਆਂ ਅਤੇ 7 ਛੱਕਿਆਂ ਦੀ ਮਦਦ ਨਾਲ 87 ਦੌੜਾਂ ਦੀ ਪਾਰੀ ਖੇਡੀ।

ਲਖਨਊ ਲਈ ਸਭ ਤੋਂ ਵੱਧ ਦੌੜਾਂ ਕਪਤਾਨ ਰਿਸ਼ਭ ਪੰਤ ਨੇ ਬਣਾਈਆਂ। ਉਨ੍ਹਾਂ ਨੇ 23 ਗੇਂਦਾਂ ਵਿੱਚ 43 ਦੌੜਾਂ ਜੋੜੀਆਂ।

ਉਨ੍ਹਾਂ ਤੋਂ ਇਲਾਵਾਂ ਮਿਚੇਲ ਮਾਰਕਸ਼ ਨੇ 40 ਅਤੇ ਐਡਨ ਮਾਰਕਰਮ ਨੇ 42 ਦੌੜਾਂ ਦਾ ਯੋਗਦਾਨ ਦਿੱਤਾ।

ਪੰਜਾਬ ਲਈ ਗੇਂਦਬਾਜ਼ੀ ਕਰਦੇ ਹੋਏ ਮਾਰਕੋ ਜੈਨਸਨ ਨੇ ਦੋ ਵਿਕਟਾਂ ਲਈਆਂ ਜਦਕਿ ਅਰਸ਼ਦੀਪ ਸਿੰਘ, ਵਿਜੇਕੁਮਾਰ ਵੈਸ਼ਾਖ ਅਤੇ ਯੁਜ਼ਵੇਂਦਰ ਚਹਿਲ ਨੇ ਇੱਕ-ਇੱਕ ਵਿਕਟ ਲਈ।

ਲਖਨਊ ਲਈ ਐਮ ਸਿਧਾਰਥ ਨੇ 2 ਵਿਕਟਾਂ ਲਈਆਂ ਜਦਕਿ ਮੋਹਸਿਨ ਖਾਨ ਅਤੇ ਮੁਹੰਮਦ ਸ਼ਮੀ ਦੇ ਖਾਤੇ ਇੱਕ-ਇੱਕ ਵਿਕਟ ਆਇਆ।

ਪ੍ਰਿਆਂਸ਼ ਤੇ ਕੂਪਰ ਦਾ ਕਮਾਲ

ਤਸਵੀਰ ਸਰੋਤ, Pankaj Nangia/Getty Images

ਤਸਵੀਰ ਕੈਪਸ਼ਨ, ਪ੍ਰਿਆਂਸ਼ ਆਰਿਆ ਅਤੇ ਪ੍ਰਿਟੀ ਜ਼ਿੰਟਾ (ਫਾਈਲ ਫੋਟੋ)

ਇਸ ਮੈਚ ਵਿੱਚ ਪੰਜਾਬ ਕਿੰਗਜ਼ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਮੈਚ ਦੀ ਤੀਜੀ ਹੀ ਗੇਂਦ 'ਤੇ ਪ੍ਰਭਸਿਮਰਨ ਸਿੰਘ ਜ਼ੀਰੋ 'ਤੇ ਆਉਟ ਹੋ ਗਏ।

ਅਜਿਹੇ ਵਿੱਚ ਪ੍ਰਿਆਂਸ਼ ਤੇ ਕੂਪਰ ਨੇ ਪਾਰੀ ਨੂੰ ਸਿਰਫ਼ ਸੰਭਾਲਿਆ ਹੀ ਨਹੀਂ ਸਗੋਂ ਟੀਮ ਨੂੰ ਵੱਡੇ ਸਕੋਰ ਤੱਕ ਪਹੁੰਚਣ ਵਿੱਚ ਅਹਿਮ ਰੋਲ ਅਦਾ ਕੀਤਾ।

ਦੋਵੇਂ ਬੱਲੇਬਾਜ਼ਾਂ ਨੇ ਦੂਜੇ ਵਿਕਟ ਲਈ 182 ਦੌੜਾਂ ਦੀ ਸਾਂਝੇਦਾਰੀ ਕੀਤੀ। ਇਹ ਆਈਪੀਐਲ ਵਿੱਚ ਕਿਸੇ ਵੀ ਵਿਕਟ ਲਈ ਪੰਜਾਬ ਦੀ ਵੱਲੋਂ ਸਭ ਤੋਂ ਵੱਡੀ ਸਾਂਝੇਦਾਰੀ ਹੈ।

ਪ੍ਰਿਆਂਸ਼ ਆਰਿਆ ਨੇ 19 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ, ਜਦਕਿ ਕੋਨੋਲੀ ਨੇ 35 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਬਣਾਇਆ। ਇਸ ਸ਼ਾਨਦਾਰ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਪਲੇਅਰ ਆਫ਼ ਦਿ ਮੈਚ ਚੁਣਿਆ ਗਿਆ।

46 ਗੇਂਦਾਂ ਵਿੱਚ 87 ਦੌੜਾਂ ਬਣਾਉਣ ਵਾਲੇ ਕੋਨੋਲੀ ਨੂੰ ਪ੍ਰਿੰਸ ਯਾਦਵ ਨੇ ਆਉਟ ਕੀਤਾ। ਠੀਕ ਅਗਲੇ ਹੀ ਓਵਰ ਵਿੱਚ, ਐਮ. ਸਿਧਾਰਥ ਨੇ ਪ੍ਰਿਆਂਸ਼ ਆਰਿਆ ਦਾ ਵਿਕਟ ਲਿਆ। ਪ੍ਰਿਆਂਸ਼ ਨੇ 37 ਗੇਂਦਾਂ ਵਿੱਚ 93 ਦੌੜਾਂ ਬਣਾਈਆਂ।

ਇਸ ਤੋਂ ਬਾਅਦ ਜੋ ਖਿਡਾਰੀ ਬੱਲੇਬਾਜ਼ੀ ਕਰਨ ਆਏ, ਉਨ੍ਹਾਂ ਨੇ ਕੁਝ ਸਮੇਂ ਲਈ ਚੰਗਾ ਖੇਡ ਦਿਖਾਇਆ ਪਰ ਜਲਦੀ ਹੀ ਆਉਟ ਹੋ ਗਏ। ਸਿਰਫ਼ ਸਟੋਇਨਿਸ ਹੀ ਕੁਝ ਸਮੇਂ ਤੱਕ ਟਿਕ ਕੇ ਖੇਡੇ ਅਤੇ ਉਨ੍ਹਾਂ ਨੇ 29 ਦੌੜਾਂ ਬਣਾਈਆਂ।

ਪ੍ਰਿਯਾਂਸ਼ ਆਰੀਆ ਦੀ ਪ੍ਰਸ਼ੰਸਾ ਕਰਦਿਆਂ ਭਾਰਤ ਦੇ ਸਾਬਕਾ ਕ੍ਰਿਕਟਰ ਮੁਹੰਮਦ ਕੈਫ਼ ਨੇ ਐਕਸ 'ਤੇ ਲਿਖਿਆ, ''ਪ੍ਰਿਯਾਂਸ਼ ਆਰਿਆ ਇੱਕ ਬਹੁਤ ਹੀ ਸਾਫ਼ ਦਿਮਾਗ ਵਾਲਾ ਬੱਲੇਬਾਜ਼ ਹੈ। ਸਿਰਫ਼ 24 ਸਾਲ ਦੀ ਉਮਰ ਵਿੱਚ ਉਹ ਗੇਂਦ ਨੂੰ ਬਿਨਾਂ ਕਿਸੇ ਉਲਝਣ ਦੇ ਆਪਣੇ ਸਟਰੋਕ ਵਿੱਚ ਮੈਰਿਟ 'ਤੇ ਖੇਡਦਾ ਹੈ। 37 ਗੇਂਦਾਂ 'ਤੇ 9 ਛੱਕਿਆਂ ਦੀ ਮਦਦ ਨਾਲ ਉਸ ਦੀਆਂ 93 ਦੌੜਾਂ ਨੇ ਲਖਨਊ ਸੁਪਰ ਜਾਇੰਟਸ ਤੋਂ ਬਹੁਤ ਜਲਦੀ ਮੈਚ ਖੋਹ ਲਿਆ। ਆਰਿਆ ਦਾ ਸਟ੍ਰੋਕ ਪਲੇ ਉਸਨੂੰ ਇੱਕ ਅਜਿਹਾ ਖਿਡਾਰੀ ਬਣਾਉਂਦਾ ਹੈ ਜਿਸਦੇ ਅੱਗੇ ਸ਼ਾਨਦਾਰ ਭਵਿੱਖ ਹੈ।''

ਬਣੇ ਇਹ ਰਿਕਾਰਡ

  • ਪੰਜਾਬ ਨੇ ਆਈਪੀਐਲ ਦੇ 19 ਸਾਲ ਦੇ ਇਤਿਹਾਸ ਵਿੱਚ ਪਹਿਲੇ 6 ਮੁਕਾਬਲਿਆਂ ਵਿੱਚੋਂ ਇੱਕ ਵੀ ਮੈਚ ਨਾ ਹਾਰਨ ਦਾ ਰਿਕਾਰਡ ਬਣਾਇਆ
  • ਸੀਜ਼ਨ ਵਿੱਚ ਪੰਜਾਬ ਕਿੰਗਜ਼ ਨੇ ਸਭ ਤੋਂ ਵੱਧ ਸਕੋਰ ਬਣਾਉਣ ਦਾ ਰਿਕਾਰਡ ਬਣਾਇਆ, 254/7
  • ਇਸ ਸੀਜ਼ਨ ਦੇ ਇੱਕ ਮੈਚ ਵਿੱਚ ਸਭ ਤੋਂ ਵੱਧ ਛੱਕੇ ਲੱਗਣ ਦਾ ਰਿਕਾਰਡ ਵੀ ਬਣਿਆ
  • ਸੀਜ਼ਨ ਵਿੱਚ, ਸਾਂਝੇਦਾਰੀ 'ਚ ਸਭ ਤੋਂ ਵੱਡਾ ਸਕੋਰ ਬਣਾਉਣ ਦਾ ਰਿਕਾਰਡ, 182 ਦੌੜਾਂ (ਪੰਜਾਬ ਲਈ)

ਮੈਚ ਹਾਰਨ ਤੋਂ ਬਾਅਦ ਕੀ ਬੋਲੇ ਪੰਤ?

ਤਸਵੀਰ ਸਰੋਤ, Pankaj Nangia/Getty Images

ਤਸਵੀਰ ਕੈਪਸ਼ਨ, ਰਿਸ਼ਭ ਪੰਤ ਨੇ ਕਿਹਾ ਕਿ ਪੰਜਾਬ ਕਿੰਗਜ਼ ਦੀ ਤਾਰੀਫ਼ ਕਰਨੀ ਹੋਵੇਗੀ ਕਿ ਉਨ੍ਹਾਂ ਨੇ ਬਹੁਤ ਵਧੀਆ ਅਤੇ ਪੂਰੇ ਜੋਸ਼ ਨਾਲ ਖੇਡਿਆ (ਫਾਈਲ ਫੋਟੋ)

ਮੈਚ ਤੋਂ ਬਾਅਦ ਹਾਰ ਦੀ ਵਜ੍ਹਾ ਦੱਸਦੇ ਹੋਏ ਐਲਐਸਜੀ ਦੇ ਕਪਤਾਨ ਰਿਸ਼ਭ ਪੰਤ ਨੇ ਕਿਹਾ, "ਕੋਈ ਇੱਕ ਖਾਸ ਕਾਰਨ ਦੱਸਣਾ ਮੁਸ਼ਕਲ ਹੈ, ਗੇਂਦਬਾਜ਼ਾਂ ਨੇ ਚੰਗਾ ਪ੍ਰਦਰਸ਼ਨ ਕੀਤਾ। ਹਾਲਾਂਕਿ ਕੁਝ ਗੱਲਾਂ ਚਿੰਤਾ ਦਾ ਵਿਸ਼ਾ ਹਨ, ਪਰ ਬੱਲੇਬਾਜ਼ੀ ਵਿੱਚ ਕੁਝ ਸਕਾਰਾਤਮਕ ਪੱਖ ਵੀ ਸਨ।"

ਆਯੁਸ਼ ਬਡੋਨੀ ਨੂੰ ਬਤੌਰ ਸਲਾਮੀ ਬੱਲੇਬਾਜ਼ ਚੁਣਨ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਕਿਹਾ, "ਇਹ ਫੈਸਲਾ ਅੱਜ ਨਹੀਂ ਲਿਆ ਗਿਆ, ਇਸ ਦੀ ਯੋਜਨਾ ਪਹਿਲਾਂ ਤੋਂ ਹੀ ਬਣਾਈ ਗਈ ਸੀ। ਅਸੀਂ ਇਹ ਕੋਸ਼ਿਸ਼ ਇਸ ਲਈ ਕੀਤੀ ਹੈ ਤਾਂ ਜੋ ਫਰੰਟ ਰੋਅ ਦੇ ਖਿਡਾਰੀਆਂ 'ਤੇ ਦਬਾਅ ਘੱਟ ਹੋ ਸਕੇ। ਸਾਨੂੰ ਆਪਣੀ ਟੀਮ 'ਤੇ ਭਰੋਸਾ ਹੈ, ਪਰ ਪੰਜਾਬ ਕਿੰਗਜ਼ ਦੀ ਤਾਰੀਫ਼ ਕਰਨੀ ਹੋਵੇਗੀ ਕਿ ਉਨ੍ਹਾਂ ਨੇ ਬਹੁਤ ਵਧੀਆ ਅਤੇ ਪੂਰੇ ਜੋਸ਼ ਨਾਲ ਖੇਡਿਆ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)