ਨਿਤੀਸ਼ ਕੁਮਾਰ : 17 ਸਾਲਾਂ ਤੋਂ ਬਿਹਾਰ ਦੀ ਸੱਤਾ ਉੱਤੇ ਕਾਬਜ਼ ਨਿਤੀਸ਼ ਦੀ ਲੀਡਰਸ਼ਿਪ ਵਿਚ ਕੀ ਹੈ ਖ਼ਾਸ

ਤਸਵੀਰ ਸਰੋਤ, Getty Images

ਪੜ੍ਹਨ ਦਾ ਸਮਾਂ: 6 ਮਿੰਟ

ਨਿਤੀਸ਼ ਕੁਮਾਰ ਨੇ ਬਿਹਾਰ ਦੇ ਮੁੱਖ ਮੰਤਰੀ ਅਹੁਦੇ ਅਸਤੀਫਾ ਦੇ ਕੇ ਆਰਜੇਡੀ ਦੇ ਤੇਸਜਵੀ ਯਾਦਵ ਨਾਲ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ।

ਨਿਤੀਸ਼ ਕੁਮਾਰ ਨੇ ਪਹਿਲਾਂ ਰਾਜਪਾਲ ਫਾਗੂ ਚੌਹਾਨ ਨਾਲ ਮੁਲਾਕਾਤ ਕਰ ਕੇ ਆਪਣੀ ਅਸਤੀਫ਼ਾ ਉਨ੍ਹਾਂ ਨੂੰ ਸੌਂਪਿਆ ਅਤੇ ਫਿਰ ਤੇਜਸਵੀ ਯਾਦਵ ਨਾਲ ਮੁਲਾਕਾਤ ਕਰਨ ਪਹੁੰਚੇ।

ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਨਿਤੀਸ਼ ਕੁਮਾਰ ਨੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਵਿਧਾਇਕ ਅਤੇ ਸੰਸਦ ਮੈਂਬਰ ਐੱਨਡੀਏ ਤੋਂ ਵੱਖ ਹੋਣਾ ਚਾਹੁੰਦੇ ਸਨ।

ਗਠਜੋੜ ਵਿੱਚ ਸ਼ਾਮਿਲ ਭਾਜਪਾ ਨਾਲ ਮਤਭੇਦ ਵਿਚਾਲੇ ਜਨਤਾ ਦਲ ਯੂ ਨੇ ਮੰਗਲਵਾਰ ਨੂੰ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੀ ਬੈਠਕ ਸੱਦੀ ਸੀ।

ਤਸਵੀਰ ਸਰੋਤ, Ani

ਤਸਵੀਰ ਕੈਪਸ਼ਨ, ਜੇਡੀਯੂ ਨੂੰ 2020 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੁੱਲ 43 ਸੀਟਾਂ ਮਿਲੀਆਂ ਸਨ ਅਤੇ ਉਨ੍ਹਾਂ ਦੀ ਭਾਈਵਾਲ ਭਾਜਪਾ ਨੂੰ 74 ਸੀਟਾਂ ਮਿਲੀਆਂ ਸਨ।

ਰਾਜਪਾਲ ਨੂੰ ਅਸਤੀਫ਼ਾ ਦੇਣ ਤੋਂ ਬਾਅਦ ਨਿਤੀਸ਼ ਕੁਮਾਰ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਦੇ ਘਰ ਪਹੁੰਚੇ ਸਨ ਜਿੱਥੇ ਉਨ੍ਹਾਂ ਤੇਜਸਵੀ ਯਾਦਵ ਨਾਲ ਮੁਲਾਕਾਤ ਕੀਤੀ ਅਤੇ ਰਾਜਪਾਲ ਨਾਲ ਮੁੜ ਮੁਲਾਕਾਤ ਕਰ ਕੇ ਜੇਡੀਯੂ ਅਤੇ ਆਰਜੇਡੀ ਦੀ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ।

ਪਟਨਾ ਦੇ ਰਾਜਭਵਨ ਵਿੱਚ ਨਿਤੀਸ਼ ਕੁਮਾਰ ਨੇ ਪੱਤਰਕਾਰਾਂ ਨੂੰ ਦੱਸਿਆ, "ਅਸੀਂ ਉਧਰ ਸੀ, ਜਿਨ੍ਹਾਂ ਨਾਲ ਅੱਜ ਅਸੀਂ ਰਸਤਾ ਖ਼ਤਮ ਕਰ ਲਿਆ ਹੈ।"

"ਅਸੀਂ ਸੱਤ ਪਾਰਟੀਆਂ ਦੇ 164 ਅਤੇ ਇੱਕ ਆਜ਼ਾਦ ਵਿਧਾਇਕ ਦੇ ਸਮਰਥਨ ਦਾ ਦਾਅਵਾ ਪੇਸ਼ ਕੀਤਾ ਹੈ। ਹੁਣ ਰਾਜਪਾਲ 'ਤੇ ਹੈ ਕਿ ਉਹ ਕਦੋਂ ਸਾਨੂੰ ਸਰਕਾਰ ਬਣਾਉਣ ਦਾ ਸੱਦਾ ਦਿੰਦੇ ਹਨ।"

ਭਾਜਪਾ ਨੇ ਕਿਹਾ ਹੈ ਕਿ ਨਿਤੀਸ਼ ਕੁਮਾਰ ਨੇ ਬਿਹਾਰ ਦੀ ਜਨਤਾ ਅਤੇ ਭਾਜਪਾ ਦੇ ਨਾਲ ਧੋਖਾ ਕੀਤਾ ਹੈ। ਬਿਹਾਰ ਭਾਜਪਾ ਦੇ ਪ੍ਰਧਾਨ ਸੰਜੇ ਜਾਇਸਵਾਲ ਨੇ ਪਟਨਾ ਵਿੱਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਬਿਹਾਰ ਦੀ ਜਨਤਾ ਇਸ ਨੂੰ ਬਿਲਕੁਲ ਬਰਦਾਸ਼ਤ ਨਹੀਂ ਕਰੇਗੀ।

ਜੇਡੀਯੂ ਨੂੰ 2020 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕੁੱਲ 43 ਸੀਟਾਂ ਮਿਲੀਆਂ ਸਨ ਅਤੇ ਉਨ੍ਹਾਂ ਦੀ ਭਾਈਵਾਲ ਭਾਜਪਾ ਨੂੰ 74 ਸੀਟਾਂ ਮਿਲੀਆਂ ਸਨ।

ਬੀਬੀਸੀ ਪੱਤਰਕਾਰ ਕੀਰਤੀ ਦੁਬੇ ਵੱਲੋਂ ਨੀਤੀਸ਼ ਕੁਮਾਰ ਵੱਲੋਂ ਸਾਲ 2020 ਵਿੱਚ ਲਿਖੀ ਇੱਕ ਰਿਪੋਰਟ ਤੁਹਾਡੀ ਨਜ਼ਰ ਵਿੱਚ-

ਟਿਕੇ ਰਹਿਣ ਦਾ ਹੁਨਰ

ਨਿਤੀਸ਼ ਕੁਮਾਰ ਬਿਹਾਰ ਦੀ ਰਾਜਨੀਤੀ ਦੇ ਅਜਿਹੇ ਖਿਡਾਰੀ ਹਨ, ਜਿਨ੍ਹਾਂ ਨੂੰ ਸੱਤਾ ਦੀ ਖੇਡ ਵਿੱਚ ਪੈਰ ਜਮਾਈ ਰੱਖਣਾ ਆਉਂਦਾ ਹੈ।

ਸਾਲ 2010 ਦੀਆਂ ਚੋਣਾਂ ਵਿੱਚ ਨਿਤੀਸ਼ ਕੁਮਾਰ ਦੀ ਪਾਰਟੀ ਦਾ ਚੋਣ ਨਾਅਰਾ ਹੁੰਦਾ ਸੀ- "ਬਾਤ ਬਣਾਨੇ ਵਾਲੇ ਕੋ 15 ਸਾਲ, ਔਰ ਕਾਮ ਕਰਨੇ ਵਾਲੇ ਕੋ 15 ਸਾਲ?"

ਪਰ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਦੋਵਾਂ ਹੀ ਲਾਲੂ ਯਾਦਵ ਦੇ 15 ਸਾਲ ਅਤੇ ਨੀਤੀਸ਼ ਦੇ 15 ਸਾਲ ਲੋਕਾਂ ਦੇ ਸਾਹਮਣੇ ਸਨ। ਸਮਰਥਕਾਂ ਅਤੇ ਵਿਰੋਧੀਆਂ ਦੀ ਬੋਲੀ ਵਿੱਚ 'ਜੰਗਲ ਰਾਜ' ਅਤੇ 'ਚੰਗੇ ਸ਼ਾਸਨ' ਵਿੱਚ ਟੱਕਰ ਸੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜੋ ਨੀਤੀਸ਼ ਕਦੇ ਮੋਦੀ ਨੂੰ ਫਿਰਕੂ ਦਸਦੇ ਸਨ ਉਨ੍ਹਾਂ ਨੇ 2019 ਵਿੱਚ ਮੋਦੀ ਲਈ ਵੋਟਾਂ ਵੀ ਮੰਗੀਆਂ

ਗਠਜੋੜ ਦੀ ਸਿਆਸਤ

ਸਾਲ 2014 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਬੀਜੇਪੀ ਨਾਲ ਗਠਜੋੜ ਤੋੜ ਕੇ ਨਿਤੀਸ਼ ਕੁਮਾਰ ਲੋਕ ਸਭਾ ਚੋਣਾਂ ਵਿੱਚ ਇਕੱਲੇ ਖੜ੍ਹੇ ਪਰ ਉਨ੍ਹਾਂ ਨੂੰ ਕਰਾਰੀ ਹਾਰ ਦਾ ਮੂੰਹ ਦੇਖਣਾ ਪਿਆ ਸੀ।

ਡੀਐਮ ਦਿਵਾਕਰ ਕਹਿੰਦੇ ਹਨ, "ਜੀਤਨਰਾਮ ਮਾਂਝੀ ਨੂੰ ਨਿਤੀਸ਼ ਕੁਮਾਰ ਨੇ ਇਸ ਲਈ ਮੁੱਖ ਮੰਤਰੀ ਬਣਾਇਆ ਕਿਉਂਕਿ ਉਨ੍ਹਾਂ ਨੂੰ 2014 ਵਿੱਚ ਅਪਰ ਕਾਸਟ ਵੋਟਾਂ ਨਹੀਂ ਮਿਲੀਆਂ ਸਨ ਅਤੇ ਉਨ੍ਹਾਂ ਨੇ ਦਲਿਤਾਂ ਨੂੰ ਇਹ ਸੁਨੇਹਾ ਦੇਣਾ ਚਾਹਿਆ ਸੀ ਕਿ ਉਨ੍ਹਾਂ ਦੇ ਭਾਈਚਾਰੇ ਦੇ ਇੱਕ ਵਿਅਕਤੀ ਨੂੰ ਸੱਤਾਂ ਦੀ ਚੋਟੀ 'ਤੇ ਬਿਠਾ ਰਹੇ ਹਨ।"

ਪਰ ਮਈ 2014 ਵਿੱਚ ਮੁੱਖ ਮੰਤਰੀ ਦਾ ਆਹੁਦਾ ਛੱਡਣ ਵਾਲੇ ਨਿਤੀਸ਼ ਕੁਮਾਰ ਫ਼ਰਵਰੀ 2015 ਵਿੱਚ ਜੀਤਨਰਾਮ ਮਾਂਝੀ ਨੂੰ ਪਾਰਟੀ ਵਿੱਚੋਂ ਕੱਢ ਕੇ ਖ਼ੁਦ 130 ਵਿਧਾਇਕਾਂ ਨਾਲ ਰਾਜ ਭਵਨ ਪਹੁੰਚੇ ਅਤੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਦਿੱਤਾ।

ਇਹ ਵੀ ਪੜ੍ਹੋ-

ਇਸਤੋਂ ਠੀਕ ਬਾਅਦ ਵਿਧਾਨ ਸਭਾ ਚੋਣਾਂ ਵਿੱਚ ਲਾਲੂ ਦੇ 15 ਸਾਲਾਂ ਦੇ ਸ਼ਾਸਨ ਦੇ ਖ਼ਿਲਾਫ਼ ਲੜਕੇ ਸੱਤਾ ਵਿੱਚ ਆਉਣ ਵਾਲੇ ਨਿਤੀਸ਼ ਕੁਮਾਰ ਨੇ ਇਹ ਸਮਝ ਲਿਆ ਕਿ ਬਿਹਾਰ ਵਿੱਚ ਗਠਜੋੜ ਬਿਨ੍ਹਾਂ ਸਰਕਾਰ ਬਣਾਉਣਾ ਸੰਭਵ ਨਹੀਂ ਹੈ ਅਤੇ ਇਥੋਂ ਹੀ ਜੇਪੀ ਅਤੇ ਕਪੂਰੀ ਠਾਕੁਰ ਦੇ ਨਾਲ ਰਾਜਨੀਤੀ ਸਿਖਣ ਵਾਲੇ ਲਾਲੂ ਪ੍ਰਸਾਦ ਯਾਦਵ ਅਤੇ ਨਿਤੀਸ਼ ਕੁਮਾਰ ਇਕੱਠੇ ਹੋਏ।

ਬਿਹਾਰ ਵਿੱਚ ਦੋਵਾਂ ਆਗੂਆਂ ਦੇ 'ਸਮਾਜਿਕ ਨਿਆਂ ਦੇ ਨਾਲ ਵਿਕਾਸ' ਦੇ ਨਾਅਰੇ ਨੇ ਸੂਬੇ ਵਿੱਚ ਬੀਜੇਪੀ ਦੇ 'ਵਿਕਾਸ' ਦੇ ਨਾਅਰੇ ਨੂੰ ਠੰਡਾ ਕਰ ਦਿੱਤਾ।

ਅਸਤੀਫ਼ਾ ਤੇ ਪਟਨਾ ਵਿੱਚ ਸਿਆਸੀ ਗਰਮਜੋਸ਼ੀ

ਪਰ 27 ਜੁਲਾਈ, 2017 ਨੂੰ ਪਟਨਾ ਵਿੱਚ ਸਿਆਸੀ ਸਰਗਰਮੀ ਉਸ ਵੇਲੇ ਵੱਧ ਗਈ ਜਦੋਂ ਨਿਤੀਸ਼ ਕੁਮਾਰ, ਰਾਜਪਾਲ ਕੇਸਰੀ ਨਾਥ ਤ੍ਰਿਪਾਠੀ ਨੂੰ ਮਿਲਣ ਰਾਜਭਵਨ ਪਹੁੰਚੇ ਅਤੇ ਆਪਣਾ ਅਸਤੀਫ਼ਾ ਸੌਂਪ ਦਿੱਤਾ।

ਨਿਤੀਸ਼ ਨੇ ਇਹ ਅਸਤੀਫ਼ਾ ਸੂਬੇ ਦੇ ਉਸ ਸਮੇਂ ਦੇ ਉੱਪ ਮੁੱਖ ਮੰਤਰੀ ਤੇਜਸਵੀ ਯਾਦਵ 'ਤੇ ਲੱਗੇ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਤੋਂ ਬਾਅਦ ਦਿੱਤਾ ਸੀ, ਅਤੇ ਉਨਾਂ ਇਲਜ਼ਾਮਾਂ ਨੂੰ ਹੀ ਅਸਤੀਫ਼ੇ ਦਾ ਕਾਰਨ ਦੱਸਿਆ ਸੀ।

ਤਸਵੀਰ ਸਰੋਤ, NITISH Kumar/bbc

ਤਸਵੀਰ ਕੈਪਸ਼ਨ, ਕਾਲਜ ਦੇ ਦਿਨਾਂ ਵਿੱਚ ਨਿਤੀਸ਼ ਕੁਮਾਰ ਰਾਜ ਕਪੂਰ ਦੀਆਂ ਫ਼ਿਲਮਾਂ ਦੇ ਦੀਵਾਨੇ ਸਨ ਅਤੇ ਦੋਸਤਾਂ ਦਾ ਇਸ ਸੰਬੰਧ ਵਿੱਚ ਹਾਸਾ-ਠੱਠਾ ਵੀ ਬਰਦਾਸ਼ਤ ਨਹੀਂ ਕਰਦੇ ਸਨ

ਇਸ ਤੋਂ ਠੀਕ ਬਾਅਦ ਨਿਤੀਸ਼ ਕੁਮਾਰ ਉਸ ਬੀਜੇਪੀ ਨਾਲ ਸੱਤਾ ਵਿੱਚ ਆਏ ਜਿਸ ਬਾਰੇ ਭਰੀ ਸੰਸਦ ਵਿੱਚ ਉਨ੍ਹਾਂ ਨੇ ਕਿਹਾ ਸੀ, 'ਮਿੱਟੀ ਵਿੱਚ ਮਿਲ ਜਾਵਾਂਗਾਂ ਪਰ ਭਾਜਪਾ ਨਾਲ ਨਹੀਂ ਜਾਵਾਂਗਾ।'

ਤਦੇ ਨਿਤੀਸ਼ ਨਾਲ ਉੱਪ ਮੁੱਖ ਮੰਤਰੀ ਰਹੇ ਤੇਜਸਵੀ ਨੇ ਉਨ੍ਹਾਂ ਦੀ ਇਸ ਸਿਆਸੀ ਚਾਲ ਕਰਕੇ ਉਨ੍ਹਾਂ ਨੂੰ 'ਪਲਟੂਰਾਮ' ਕਹਿਣਾ ਸ਼ੁਰੂ ਕਰ ਦਿੱਤਾ ਸੀ।

ਰਾਜਨੀਤੀ ਸਮੀਕਰਣਾਂ ਅਤੇ ਸੰਭਾਵਨਾਵਾਂ ਦਾ ਖੇਡ ਹੈ। ਇਸ ਤੱਥ ਨੂੰ ਸਾਬਤ ਕਰਦੇ ਹੋਏ ਉਹ ਨੀਤੀਸ਼ ਕੁਮਾਰ, ਜੋ ਨਰਿੰਦਰ ਮੋਦੀ ਦੇ "ਫ਼ਿਰਕੂ ਅਕਸ" ਤੋਂ ਕਤਰਾਉਂਦੇ ਰਹੇ, ਉਨ੍ਹਾਂ ਨੇ 2019 ਦੀਆਂ ਲੋਕ ਸਭਾਂ ਚੋਣਾਂ ਵਿੱਚ ਮੰਚ ਤੋਂ ਨਰਿੰਦਰ ਮੋਦੀ ਲਈ ਵੋਟਾਂ ਮੰਗੀਆਂ ਅਤੇ ਸਾਲ 2020 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਨਰਿੰਦਰ ਮੋਦੀ ਨੇ ਨਿਤੀਸ਼ ਕੁਮਾਰ ਲਈ ਵੋਟਾਂ ਮੰਗੀਆਂ।

ਵੀਡੀਓ: ਬੀਬੀਸੀ ਪੰਜਾਬੀ ਨੂੰ ਇੰਝ ਲਿਆਓ ਆਪਣੀ ਹੋਮ ਸਕਰੀਨ ’ਤੇ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਇੰਜੀਨੀਅਰ ਬਾਬੂ ਤੋਂ ਸੁਸ਼ਾਸਨ ਬਾਬੂ ਤੱਕ

ਪਟਨਾ ਸ਼ਹਿਰ ਨਾਲ ਲੱਗਦੇ ਬਖ਼ਤਿਆਰਪੁਰ ਵਿੱਚ 1 ਮਾਰਚ, 1951 ਨੂੰ ਨਿਤੀਸ਼ ਕੁਮਾਰ ਦਾ ਜਨਮ ਹੋਇਆ। ਨਿਤੀਸ਼ ਕੁਮਾਰ ਬਿਹਾਰ ਇੰਜੀਨੀਅਰਿੰਗ ਕਾਲਜ ਤੋਂ ਇਲੈਕਟ੍ਰੀਕਲ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਅਤੇ ਇਸ ਦੌਰਾਨ ਉਹ ਇੰਜੀਨੀਅਰਿੰਗ ਬਾਬੂ ਦੇ ਨਾਮ ਨਾਲ ਜਾਣੇ ਜਾਂਦੇ ਸਨ।

ਨਿਤੀਸ਼ ਕੁਮਾਰ ਜੈਪ੍ਰਕਾਸ਼ ਨਰਾਇਣ ਦੇ ਸੰਪੂਰਣ ਕ੍ਰਾਂਤੀ ਅੰਦੋਲਣ ਵਿੱਚੋਂ ਨਿਕਲਣ ਵਾਲੇ ਨੇਤਾ ਹਨ ਜੋ ਬਿਹਾਰ ਦੀ ਸੱਤਾ ਵਿੱਚ ਡੇਢ ਦਹਾਕਿਆਂ ਤੱਕ ਕੇਂਦਰ ਵਿੱਚ ਰਹੇ।

ਇੰਜੀਨੀਅਰਿੰਗ ਕਾਲਜ ਵਿੱਚ ਉਨ੍ਹਾਂ ਦੇ ਦੋਸਤ ਅਤੇ ਜਮਾਤੀ ਰਹੇ ਅਰੁਣ ਸਿਨਹਾਂ ਨੇ ਆਪਣੀ ਕਿਤਾਬ, 'ਨਿਤੀਸ਼ ਕੁਮਾਰ: ਦਾ ਰਾਈਜ਼ ਆਫ਼ ਬਿਹਾਰ' ਵਿੱਚ ਲਿਖਿਆ ਹੈ ਕਿ ਕਾਲਜ ਦੇ ਦਿਨਾਂ ਵਿੱਚ ਨਿਤੀਸ਼ ਕੁਮਾਰ ਰਾਜ ਕਪੂਰ ਦੀਆਂ ਫ਼ਿਲਮਾਂ ਦੇ ਦੀਵਾਨੇ ਸਨ। ਉਹ ਇਸ ਹੱਦ ਤੱਕ ਫ਼ਿਲਮਾਂ ਦੇਖਦੇ ਸਨ ਕਿ ਇਸ ਮਾਮਲੇ ਵਿੱਚ ਦੋਸਤਾਂ ਦਾ ਹਾਸਾ ਠੱਠਾ ਵੀ ਬਰਦਾਸ਼ਤ ਨਹੀਂ ਕਰਦੇ ਸਨ।

ਤਸਵੀਰ ਸਰੋਤ, Hindustan Times

ਤਸਵੀਰ ਕੈਪਸ਼ਨ, ਬਿਹਾਰ ਵਿੱਚ ਦਲਿਤਾਂ ਦੇ ਸਭ ਤੋਂ ਵੱਡੇ ਆਗੂ ਰਾਮਵਿਲਾਸ ਪਾਸਵਾਨ (ਐਨ ਖੱਭੇ) ਹੋਏ ਪਰ ਜਾਣਕਾਰਾਂ ਮੁਤਾਬਕ ਦਲਿਤਾਂ ਲਈ ਠੋਸ ਕੰਮ ਨਿਤੀਸ਼ ਕੁਮਾਰ (ਵਿਚਕਾਰ) ਨੇ ਕੀਤਾ

ਸਿਆਸੀ ਸਫ਼ਰ ਦੀ ਸ਼ੁਰੂਆਤ

ਨਿਤੀਸ਼ ਕੁਮਾਰ ਨੂੰ 150 ਰੁਪਏ ਦੀ ਸਕਾਲਰਸ਼ਿਪ ਮਿਲਿਆ ਕਰਦੀ ਸੀ ਜਿਸ ਨਾਲ ਉਹ ਹਰ ਮਹੀਨੇ ਕਿਤਾਬਾਂ, ਮੈਗ਼ਜ਼ੀਨ ਖ਼ਰੀਦ ਲਿਉਂਦੇ। ਇਹ ਉਹ ਚੀਜ਼ਾਂ ਹੁੰਦੀਆਂ ਜੋ ਉਸ ਸਮੇਂ ਹੋਰ ਬਿਹਾਰੀ ਵਿਦਿਆਰਥੀਆਂ ਲਈ ਸੁਫ਼ਨੇ ਵਰਗੀਆਂ ਸਨ। ਪਰ ਸੁਤੰਤਰਤਾ ਸੈਲਾਨੀ ਦੇ ਬੇਟੇ ਨਿਤੀਸ਼ ਕੁਮਾਰ ਦਾ ਝੁਕਾਅ ਹਮੇਸ਼ਾਂ ਸਿਆਸਤ ਵੱਲ ਰਿਹਾ।

ਲਾਲੂ ਯਾਦਵ ਅਤੇ ਜਾਰਜ ਫਰਨਾਂਡੇਜ਼ ਦੀ ਛਤਰ ਛਾਇਆ ਵਿੱਚ ਰਾਜਨੀਤੀ ਦੀ ਸ਼ੁਰੂਆਤ ਕਰਨ ਵਾਲੇ ਨਿਤੀਸ਼ ਕੁਮਾਰ ਨੇ ਸਿਆਸਤ ਵਿੱਚ 46 ਸਾਲ ਦਾ ਲੰਬਾ ਸਫ਼ਰ ਤੈਅ ਕਰ ਲਿਆ ਹੈ।

ਜਦੋਂ 1995 ਵਿੱਚ ਸਮਤਾ ਪਾਰਟੀ ਨੂੰ ਮਹਿਜ਼ ਸੱਤ ਸੀਟਾਂ ਮਿਲੀਆਂ ਤਾਂ ਨੀਤੀਸ਼ ਕੁਮਾਰ ਨੇ ਇਹ ਸਮਝ ਲਿਆ ਕਿ ਸੂਬੇ ਵਿੱਚ ਤਿੰਨ ਪਾਰਟੀਆਂ ਅਲੱਗ-ਅਲੱਗ ਲੜਾਈ ਨਹੀ ਲੜ ਸਕਦੀਆਂ। ਇਸ ਤਰ੍ਹਾਂ 1996 ਵਿੱਚ ਨੀਤੀਸ਼ ਕੁਮਾਰ ਨੇ ਬੀਜੇਪੀ ਨਾਲ ਗਠਜੋੜ ਕਰ ਲਿਆ

ਇਸ ਸਮੇਂ ਲਾਲ ਕ੍ਰਿਸ਼ਨ ਅਡਵਾਨੀ ਅਤੇ ਅਟਲ ਬਿਹਾਰੀ ਵਾਜਪੇਈ ਦੇ ਹੱਥਾਂ ਵਿੱਚ ਵਾਗਡੋਰ ਹੋਇਆ ਕਰਦੀ ਸੀ। ਇਸ ਗਠਜੋੜ ਦਾ ਨੀਤੀਸ਼ ਕੁਮਾਰ ਨੂੰ ਫ਼ਾਇਦਾ ਹੋਇਆ ਅਤੇ ਸਾਲ 2000 ਵਿੱਚ ਉਹ ਪਹਿਲੀ ਵਾਰ ਮੁੱਖ ਮੰਤਰੀ ਬਣੇ, ਹਾਲਾਂਕਿ ਇਹ ਆਹੁਦਾ ਉਨ੍ਹਾਂ ਨੂੰ ਮਹਿਜ਼ ਸੱਤ ਦਿਨਾਂ ਲਈ ਮਿਲਿਆ, ਪਰ ਉਹ ਆਪਣੇ ਆਪ ਨੂੰ ਲਾਲੂ ਦੇ ਵਿਰੁੱਧ ਇੱਕ ਠੋਸ ਵਿਕਲਪ ਬਣਾਉਣ ਵਿੱਚ ਕਾਮਯਾਬ ਹੋ ਗਏ।

ਮਹਾਦਲਿਤਾਂ ਦੀ ਸਿਆਸਤ

2007 ਵਿੱਚ ਨਿਤੀਸ਼ ਕੁਮਾਰ ਨੇ ਦਲਿਤਾਂ ਵਿੱਚ ਵੀ ਸਭ ਤੋਂ ਪਛੜੀਆਂ ਜਾਤੀਆਂ ਲਈ 'ਮਹਾਂਦਲਿਤ' ਕੈਟੇਗਰੀ ਬਣਾਈ। ਇਸ ਲਈ ਸਰਕਾਰੀ ਯੋਜਨਾਵਾਂ ਲਿਆਂਦੀਆਂ ਗਈਆਂ। 2010 ਵਿੱਚ ਘਰ, ਪੜ੍ਹਾਈ ਲਈ ਕਰਜ਼ਾ, ਸਕੂਲੀ ਪੋਸ਼ਾਕ ਦੇਣ ਦੀ ਯੋਜਨਾ ਲਿਆਂਦੀ ਗਈ।

ਤਸਵੀਰ ਸਰੋਤ, Getty Images

ਅੱਜ ਬਿਹਾਰ ਵਿੱਚ ਸਾਰੀਆਂ ਦਲਿਤ ਜਾਤੀਆਂ ਨੂੰ ਮਹਾਂਦਲਿਤ ਦੀ ਕੈਟੇਗਰੀ ਵਿੱਚ ਪਾ ਦਿੱਤਾ ਗਿਆ ਹੈ। ਸਾਲ 2018 ਵਿੱਚ ਪਾਸਵਾਨਾਂ ਨੂੰ ਵੀ ਮਹਾਂਦਲਿਤ ਦਾ ਦਰਜਾ ਦੇ ਦਿੱਤਾ ਗਿਆ।

ਵੈਸੇ ਤਾਂ ਬਿਹਾਰ ਵਿੱਚ ਦਲਿਤਾਂ ਦੇ ਸਭ ਤੋਂ ਵੱਡੇ ਆਗੂ ਰਾਮਵਿਲਾਸ ਪਾਸਵਾਨ ਹੋਏ ਪਰ ਇਹ ਮੰਨਿਆ ਜਾਂਦਾ ਹੈ ਕਿ ਜਾਣਕਾਰ ਕਹਿੰਦੇ ਹਨ ਕਿ ਦਲਿਤਾਂ ਲਈ ਠੋਸ ਕੰਮ ਨਿਤੀਸ਼ ਕੁਮਾਰ ਨੇ ਕੀਤਾ।

ਨਿਤੀਸ਼ ਖ਼ੁਦ 4 ਫ਼ੀਸਦ ਆਬਾਦੀ ਵਾਲੀ ਕੁਰਮੀ ਜਾਤੀ ਤੋਂ ਹਨ। ਪਰ ਸੱਤਾ ਵਿੱਚ ਰਹਿੰਦੇ ਹੋਏ ਉਨ੍ਹਾਂ ਨੇ ਉਸ ਪਾਰਟੀ ਨਾਲ ਹੀ ਗਠਜੋੜ ਕਰਕੇ ਹੀ ਚੋਣਾਂ ਲੜੀਆਂ ਜਿਸ ਕੋਲ ਠੋਸ ਜਾਤੀ ਵਰਗ ਦੇ ਵੋਟਰ ਹੋਣ।

ਭਾਵੇਂ ਉਹ ਬੀਜੇਪੀ ਦੇ ਨਾਲ ਲੜੀਆਂ ਗਈਆਂ ਚੋਣਾਂ ਹੋਣ, ਜਿਥੇ ਬੀਜੇਪੀ ਦੇ ਸਮਰਥਕ ਮੰਨੇ ਜਾਣ ਵਾਲੇ ਸਵਰਣ ਵੋਟਰਾਂ ਦਾ ਸਾਥ ਉਨ੍ਹਾਂ ਨੂੰ ਮਿਲਿਆ ਜਾਂ ਫ਼ਿਰ 2015 ਵਿੱਚ ਯਾਦਵ-ਮੁਸਲਮਾਨ ਆਧਾਰ ਵਾਲੀ ਆਰਜੇਡੀ ਦੇ ਸਾਥ ਨਾਲ ਚੋਣਾਂ ਲੜੀਆਂ ਹੋਣ।

ਨਰਮ ਅਤੇ ਕੋਮਲ ਅਕਸ ਵਾਲੇ ਨਿਤੀਸ਼ ਕੁਮਾਰ ਸਿਆਸਤ ਦੇ ਮਾਮਲੇ ਵਿੱਚ ਉਨੇਂ ਹੀ ਬੇਰਹਿਮ ਹੋ ਸਕਦੇ ਹਨ ਜਿੰਨੇਂ ਕਿ ਦੂਸਰੇ ਸਿਆਸੀ ਆਗੂ।

ਮਨੀਕਾਂਤ ਕਹਿੰਦੇ ਹਨ, " ਉਨ੍ਹਾਂ ਨੇ ਸ਼ਰਦ ਯਾਦਵ ਅਤੇ ਜਾਰਜ ਫਰਨਾਂਡੇਜ਼ ਨਾਲ ਕੀ ਕੀਤਾ ਇਹ ਸਭ ਨੂੰ ਪਤਾ ਹੈ, ਜਾਰਜ ਦੇ ਆਖ਼ਰੀ ਦਿਨ ਕਿਵੇਂ ਬੀਤੇ ਇਹ ਕਿਸੇ ਤੋਂ ਲੁਕਿਆ ਨਹੀਂ ਹੈ।"

ਨਿਤੀਸ਼ ਕੁਮਾਰ ਦੀ ਪਾਰਟੀ ਕੋਲ ਕੋਈ ਵੀ ਸੰਸਥਾਗਤ ਢਾਂਚਾ ਨਹੀਂ ਹੈ, ਬਿਹਾਰ ਦੇ ਸੁਦੁਰ ਜਿਲ੍ਹੇ ਵਿੱਚ ਜੇਡੀਯੂ ਕੋਲ ਬੂਥ ਪੱਧਰ ਤੱਕ ਦੇ ਵਰਕਰ ਨਹੀਂ ਹਨ, ਪਰ ਇਹ ਨਿਤੀਸ਼ ਕੁਮਾਰ ਦੀ ਰਾਜਨੀਤਕ ਕੁਸ਼ਲਤਾ ਹੀ ਰਹੀ ਹੈ ਕਿ ਉਹ ਸੂਬੇ ਵਿੱਚ ਵੋਟਾਂ ਦੇ ਆਧਾਰ ਅਤੇ ਵਰਕਰਾਂ ਵਾਲੀ ਪਾਰਟੀਆਂ ਨੂੰ ਕੰਢੇ ਲਾ ਕੇ ਇੰਨੇ ਸਾਲਾਂ ਤੱਕ ਸੱਤਾ ਦਾ ਧੁਰਾ ਬਣੇ ਰਹੇ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)