ਸਾਊਦੀ ਅਰਬ ਵਿੱਚ ਮਿਜ਼ਾਈਲ ਹਮਲੇ 'ਚ ਮਾਰੇ ਗਏ ਭਾਰਤੀ ਮਜ਼ਦੂਰ ਦੀ ਪਤਨੀ ਨੇ ਕੀ ਦੱਸਿਆ

ਤਸਵੀਰ ਕੈਪਸ਼ਨ, ਰਿਤੂ ਅਤੇ ਗੋਪਾਲ ਦਾ ਵਿਆਹ ਲਗਭਗ 6 ਸਾਲ ਪਹਿਲਾਂ ਹੋਇਆ ਸੀ ਅਤੇ ਉਨ੍ਹਾਂ ਦਾ ਇੱਕ ਬੱਚਾ ਵੀ ਹੈ
    • ਲੇਖਕ, ਸਈਅਦ ਮੋਜ਼ਿਜ਼ ਇਮਾਮ
    • ਰੋਲ, ਬੀਬੀਸੀ ਪੱਤਰਕਾਰ
  • ਪੜ੍ਹਨ ਦਾ ਸਮਾਂ: 6 ਮਿੰਟ

"ਮੈਂ ਆਪਣੇ ਪਤੀ ਨਾਲ ਰਾਤ ਕਰੀਬ 9:22 ਵਜੇ ਵੀਡੀਓ ਕਾਲ 'ਤੇ ਗੱਲ ਕਰ ਰਹੀ ਸੀ। ਪਰ ਅਚਾਨਕ ਫ਼ੋਨ ਕਟ ਗਿਆ। ਫਿਰ ਮੈਂ ਕਈ ਵਾਰ ਕਾਲ ਕੀਤੀ, ਪਰ ਗੱਲ ਨਹੀਂ ਹੋ ਸਕੀ। ਇਸ ਤੋਂ ਬਾਅਦ ਮੈਂ ਬਿਸਤਰਾ ਵਿਛਾ ਕੇ ਸੌਂ ਗਈ। ਸਵੇਰੇ ਕਿਸੇ ਦਾ ਫ਼ੋਨ ਆਇਆ ਕਿ ਇਸ ਤਰ੍ਹਾਂ ਦੀ ਘਟਨਾ ਹੋਈ ਹੈ, ਪਰ ਮੈਨੂੰ ਯਕੀਨ ਨਹੀਂ ਹੋਇਆ।"

"ਕੁਝ ਦੇਰ ਬਾਅਦ 19 ਮਾਰਚ ਨੂੰ ਮੇਰੇ ਛੋਟੇ ਭਰਾ ਦਾ ਫ਼ੋਨ ਆਇਆ, ਜੋ ਸਾਊਦੀ ਅਰਬ ਦੇ ਰਿਆਦ ਵਿੱਚ ਰਹਿੰਦਾ ਹੈ। ਉਸ ਨੇ ਦੱਸਿਆ ਕਿ ਜੀਜਾ ਨਹੀਂ ਰਹੇ।"

ਇਹ ਕਹਿੰਦੇ-ਕਹਿੰਦੇ ਰਿਤੂ ਗੌਤਮ ਰੋਣ ਲੱਗ ਪੈਂਦੇ ਹਨ। ਉਨ੍ਹਾਂ ਦਾ ਵਿਆਹ ਰਵੀ ਗੋਪਾਲ ਨਾਲ ਲਗਭਗ 6 ਸਾਲ ਪਹਿਲਾਂ ਹੋਇਆ ਸੀ ਅਤੇ ਉਨ੍ਹਾਂ ਦਾ ਇੱਕ ਬੱਚਾ ਵੀ ਹੈ।

ਉੱਤਰ ਪ੍ਰਦੇਸ਼ ਵਿੱਚ ਸੀਤਾਪੁਰ ਦੇ ਬਘਾਇਨ ਪਿੰਡ ਦੇ ਰਹਿਣ ਵਾਲੇ ਰਵੀ ਗੋਪਾਲ ਦੀ 18 ਮਾਰਚ ਨੂੰ ਸਾਉਦੀ ਅਰਬ ਦੀ ਰਾਜਧਾਨੀ ਰਿਆਦ ਵਿੱਚ ਕਥਿਤ ਤੌਰ 'ਤੇ ਇੱਕ ਮਿਜ਼ਾਈਲ ਹਮਲੇ ਵਿੱਚ ਮੌਤ ਹੋ ਗਈ।

ਪਿੰਡ ਵਿੱਚ ਸੰਵੇਦਨਾ ਪ੍ਰਗਟ ਕਰਨ ਆਈਆਂ ਮਹਿਲਾਵਾਂ ਨਾਲ ਘਿਰੇ ਰਿਤੂ ਕਹਿੰਦੇ ਹਨ, "ਮੇਰੀ ਦੁਨੀਆ ਉੱਜੜ ਗਈ।"

ਰਵੀ ਗੋਪਾਲ ਦਾ ਅੱਧਾ ਮਕਾਨ ਪੱਕਾ ਹੈ। ਆਪਣੇ ਘਰ ਦੇ ਕੱਚੇ ਵਿਹੜੇ ਵਿੱਚ ਬੈਠੇ ਰਿਤੂ ਕਹਿੰਦੇ ਹਨ ਕਿ ਉਨ੍ਹਾਂ ਦਾ ਸੁਪਨਾ ਸੀ ਕਿ ਉਹ ਆਪਣੇ ਬੱਚੇ ਨੂੰ ਚੰਗੀ ਸਿੱਖਿਆ ਦੇਣਗੇ, ਪਰ ਹੁਣ ਸਭ ਖ਼ਤਮ ਹੋ ਗਿਆ ਹੈ।

Sorry, we can’t display this part of the story on this lightweight mobile page.
ਤਸਵੀਰ ਕੈਪਸ਼ਨ, ਪਿੰਡ ਵਿੱਚ ਸੰਵੇਦਨਾ ਪ੍ਰਗਟ ਕਰਨ ਆਈਆਂ ਮਹਿਲਾਵਾਂ ਨਾਲ ਘਿਰੇ ਰਿਤੂ ਕਹਿੰਦੇ ਹਨ, "ਮੇਰੀ ਦੁਨੀਆ ਉੱਜੜ ਗਈ"

ਅਮਰੀਕਾ ਅਤੇ ਇਜ਼ਰਾਈਲ ਦੇ ਹਮਲੇ ਤੋਂ ਬਾਅਦ ਤੋਂ ਹੀ ਈਰਾਨ ਖਾੜੀ ਦੇਸ਼ਾਂ ਵਿੱਚ ਸਥਿਤ ਅਮਰੀਕਾ ਦੇ ਫੌਜੀ ਟਿਕਾਣਿਆਂ 'ਤੇ ਹਮਲੇ ਕਰ ਰਿਹਾ ਹੈ।

20 ਮਾਰਚ ਨੂੰ ਰਿਆਦ ਵਿੱਚ ਭਾਰਤੀ ਦੂਤਘਰ ਨੇ ਐਕਸ 'ਤੇ ਜਾਣਕਾਰੀ ਸਾਂਝੀ ਕਰਦੇ ਹੋਏ ਲਿਖਿਆ, "ਭਾਰਤੀ ਦੂਤਘਰ 18 ਮਾਰਚ ਦੀਆਂ ਹਾਲੀਆ ਘਟਨਾਵਾਂ ਵਿੱਚ ਰਿਆਦ ਵਿੱਚ ਇੱਕ ਭਾਰਤੀ ਨਾਗਰਿਕ ਦੇ ਦੁਖਦਾਈ ਦੇਹਾਂਤ 'ਤੇ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹੈ।"

ਪਰ ਦੂਤਘਰ ਨੇ ਘਟਨਾ ਦੀ ਵਿਸਥਾਰਪੂਰਵਕ ਜਾਣਕਾਰੀ ਨਹੀਂ ਦਿੱਤੀ ਹੈ।

ਕਿਵੇਂ ਹੋਈ ਘਟਨਾ

ਤਸਵੀਰ ਕੈਪਸ਼ਨ, ਰਵੀ ਗੋਪਾਲ ਦਾ ਅੱਧਾ ਮਕਾਨ ਪੱਕਾ ਹੈ

ਰਵੀ ਗੋਪਾਲ ਲਗਭਗ ਸਾਢੇ ਤਿੰਨ ਸਾਲ ਤੋਂ ਰਿਆਦ ਵਿੱਚ ਇੱਕ ਫੈਕਟਰੀ ਵਿੱਚ ਕੰਮ ਕਰ ਰਹੇ ਸਨ।

ਉਨ੍ਹਾਂ ਦੇ ਭਰਾ ਮਨਮੋਹਨ ਦਿਆਲ ਕਹਿੰਦੇ ਹਨ, "ਪਿਛਲੇ ਸਾਲ ਜੁਲਾਈ ਵਿੱਚ ਉਹ ਘਰ ਆਏ ਸਨ। ਭੈਣ ਦਾ ਵਿਆਹ ਸੀ, ਜਿਸ ਕਰਕੇ ਸਿਰ ਕਰਜ਼ਾ ਹੋ ਗਿਆ ਸੀ। ਫਿਰ ਉਹ ਦੁਬਾਰਾ ਕਮਾਉਣ ਲਈ ਰਿਆਦ ਚਲੇ ਗਏ ਸਨ, ਤਾਂ ਜੋ ਘਰ ਦੀ ਆਰਥਿਕ ਸਥਿਤੀ ਸੁਧਾਰ ਸਕਣ, ਪਰ ਹੁਣ ਉਨ੍ਹਾਂ ਦੀ ਮੌਤ ਦੀ ਖ਼ਬਰ ਮਿਲੀ ਹੈ।"

ਮਨਮੋਹਨ ਘਟਨਾ ਵਾਲੇ ਦਿਨ ਦਾ ਜ਼ਿਕਰ ਕਰਦੇ ਹੋਏ ਦੱਸਦੇ ਹਨ, "ਮੈਂ ਲਖਨਊ ਵਿੱਚ ਸੀ ਅਤੇ ਆਪਣੇ ਬੱਚਿਆਂ ਨੂੰ ਸਕੂਲ ਛੱਡਣ ਜਾ ਰਿਹਾ ਸੀ। ਉਸੇ ਵੇਲੇ ਭਰਾ ਦੇ ਦੋਸਤ ਦਾ ਫ਼ੋਨ ਆਇਆ ਕਿ ਫੈਕਟਰੀ 'ਤੇ ਮਿਜ਼ਾਈਲ ਡਿੱਗੀ ਹੈ ਅਤੇ ਰਵੀ ਗੋਪਾਲ ਦੀ ਮੌਤ ਹੋ ਗਈ ਹੈ। ਪਹਿਲਾਂ ਮੈਨੂੰ ਯਕੀਨ ਨਹੀਂ ਹੋਇਆ ਅਤੇ ਮੈਂ ਫ਼ੋਨ ਕੱਟ ਦਿੱਤਾ।"

ਤਸਵੀਰ ਕੈਪਸ਼ਨ, ਰਵੀ ਗੋਪਾਲ ਦੇ ਭਰਾ ਮਨਮੋਹਨ ਦਿਆਲ ਦੱਸਦੇ ਹਨ ਕਿ ਭੈਣ ਦੇ ਵਿਆਹ ਕਾਰਨ ਪਰਿਵਾਰ 'ਤੇ ਕਰਜ਼ਾ ਹੋ ਗਿਆ ਸੀ, ਹਾਲਾਤ ਸੁਧਾਰਨ ਲਈ ਗੋਪਾਲ ਦੂਜੀ ਵਾਰ ਰਿਆਦ ਗਏ ਸਨ

ਉਹ ਅੱਗੇ ਦੱਸਦੇ ਹਨ ਕਿ ਉਨ੍ਹਾਂ ਦੇ ਚਾਚੇ ਦਾ ਪੁੱਤਰ ਵੀ ਰਿਆਦ ਵਿੱਚ ਹੈ, ਜਿਸ ਨੇ ਇਸ ਘਟਨਾ ਦੀ ਪੁਸ਼ਟੀ ਕੀਤੀ।

ਮਨਮੋਹਨ ਕਹਿੰਦੇ ਹਨ, "ਜੰਗ ਸ਼ੁਰੂ ਹੋਣ ਤੋਂ ਬਾਅਦ ਕਈ ਵਾਰ ਗੱਲ ਹੋਈ। ਉਨ੍ਹਾਂ ਨੇ ਦੱਸਿਆ ਕਿ ਮਿਜ਼ਾਇਲਾਂ ਡਿੱਗ ਰਹੀਆਂ ਹਨ, ਪਰ ਉਹ ਸੁਰੱਖਿਅਤ ਹਨ। ਅਸੀਂ ਉਨ੍ਹਾਂ ਨੂੰ ਵਾਪਸ ਆਉਣ ਲਈ ਕਿਹਾ, ਪਰ ਉਨ੍ਹਾਂ ਨੇ ਦੱਸਿਆ ਕਿ ਉਡਾਣਾਂ ਬੰਦ ਹਨ ਅਤੇ ਟਿਕਟਾਂ ਵੀ ਮਹਿੰਗੀਆਂ ਹਨ। ਹੁਣ ਉਨ੍ਹਾਂ ਦੀ ਦੇਹ ਆ ਰਹੀ ਹੈ।"

ਪਰਿਵਾਰ ਦੇ ਅਨੁਸਾਰ, ਰਵੀ ਗੋਪਾਲ ਸਤੰਬਰ 2025 ਵਿੱਚ ਦੂਜੀ ਵਾਰ ਰਿਆਦ ਗਏ ਸਨ। ਇਸ ਤੋਂ ਪਹਿਲਾਂ ਉਹ ਘਰੇ ਰਹਿੰਦੇ ਹੋਏ ਖੇਤੀ ਦਾ ਕੰਮ ਕਰਦੇ ਸਨ, ਪਰ ਰਿਆਦ ਵਿੱਚ ਉਨ੍ਹਾਂ ਨੂੰ ਡਰਾਈਵਰ ਦਾ ਕੰਮ ਮਿਲ ਗਿਆ ਸੀ।

ਮਨਮੋਹਨ ਦਿਆਲ ਮੁਤਾਬਕ, "ਉਨ੍ਹਾਂ ਨਾਲ ਕੰਮ ਕਰਨ ਵਾਲਿਆਂ ਨੇ ਦੱਸਿਆ ਕਿ ਜਿਸ ਫੈਕਟਰੀ ਵਿੱਚ ਰਵੀ ਕੰਮ ਕਰਦੇ ਸਨ, ਉਸ ਦੇ ਨੇੜੇ ਮਿਜ਼ਾਈਲ ਹਮਲਾ ਹੋਇਆ, ਜਿਸ ਨਾਲ ਕੰਧ ਢਹਿ ਗਈ ਅਤੇ ਉਹ ਮਲਬੇ ਹੇਠਾਂ ਦਬ ਗਏ।"

ਉਨ੍ਹਾਂ ਨੇ ਦੱਸਿਆ, "ਰਵੀ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਦੇਹ ਦੀ ਪਛਾਣ ਉਨ੍ਹਾਂ ਦੇ ਸਹਿਕਰਮੀ ਰਾਮ ਨਿਵਾਸ ਨੇ ਕੀਤੀ।"

ਮਹਮੂਦਾਬਾਦ ਦੇ ਉਪ-ਜ਼ਿਲ੍ਹਾ ਅਧਿਕਾਰੀ ਬੀਕੇ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਪ੍ਰਸ਼ਾਸਨ ਅੱਗੇ ਦੀ ਕਾਰਵਾਈ ਲਈ ਪਰਿਵਾਰ ਦੇ ਸੰਪਰਕ ਵਿੱਚ ਹੈ।

24 ਮਾਰਚ ਨੂੰ ਜਦੋਂ ਬੀਬੀਸੀ ਨਿਊਜ਼ ਹਿੰਦੀ ਦੀ ਟੀਮ ਮਨਮੋਹਨ ਦਿਆਲ ਨਾਲ ਗੱਲ ਕਰ ਰਹੀ ਸੀ, ਉਸ ਵੇਲੇ ਹੀ ਰਿਆਦ ਸਥਿਤ ਭਾਰਤੀ ਦੂਤਘਰ ਦੇ ਅਧਿਕਾਰੀਆਂ ਦਾ ਫ਼ੋਨ ਆਇਆ ਕਿ ਰਵੀ ਗੋਪਾਲ ਦੀ ਮ੍ਰਿਤਕ ਦੇਹ ਨੂੰ ਲਖਨਊ ਭੇਜਿਆ ਜਾ ਰਿਹਾ ਹੈ।

25 ਮਾਰਚ ਨੂੰ ਰਵੀ ਗੋਪਾਲ ਦੀ ਮ੍ਰਿਤਕ ਦੇਹ ਲਖਨਊ ਸਥਿਤ ਅਮੌਸੀ ਏਅਰਪੋਰਟ 'ਤੇ ਪਹੁੰਚ ਗਈ।

ਵਿਦੇਸ਼ ਮੰਤਰਾਲੇ ਨੇ ਕੀ ਕਿਹਾ

ਤਸਵੀਰ ਸਰੋਤ, ANI

ਤਸਵੀਰ ਕੈਪਸ਼ਨ, ਵਿਦੇਸ਼ ਮੰਤਰਾਲੇ ਦੇ ਵਧੀਕ ਸਕੱਤਰ (ਖਾੜੀ) ਅਸੀਮ ਆਰ. ਮਹਾਜਨ

ਭਾਰਤੀ ਦੂਤਘਰ ਨੇ ਸਾਊਦੀ ਅਰਬ ਵਿੱਚ ਇਸ ਮੌਤ ਦੀ ਪੁਸ਼ਟੀ ਕੀਤੀ ਹੈ, ਪਰ ਘਟਨਾ ਦਾ ਵਿਸਥਾਰਪੂਰਵਕ ਵੇਰਵਾ ਨਹੀਂ ਦਿੱਤਾ ਹੈ।

'ਦਿ ਟ੍ਰਿਬਿਊਨ' ਦੇ ਮੁਤਾਬਕ, ਵਿਦੇਸ਼ ਮੰਤਰਾਲੇ ਦੇ ਵਧੀਕ ਸਕੱਤਰ (ਖਾੜੀ) ਅਸੀਮ ਆਰ. ਮਹਾਜਨ ਨੇ ਸ਼ੁੱਕਰਵਾਰ ਨੂੰ ਇੱਕ ਬ੍ਰੀਫਿੰਗ ਦੌਰਾਨ ਕਿਹਾ ਕਿ ਸਰਕਾਰ ਨੂੰ 18 ਮਾਰਚ ਦੀ ਦੇਰ ਰਾਤ ਰਿਆਦ ਵਿੱਚ ਹੋਏ ਇੱਕ ਹਮਲੇ ਵਿੱਚ "ਇੱਕ ਭਾਰਤੀ ਨਾਗਰਿਕ ਦੀ ਮੌਤ" ਦੀਆਂ ਰਿਪੋਰਟਾਂ ਮਿਲੀਆਂ ਹਨ।

ਹਾਲਾਂਕਿ, ਉਨ੍ਹਾਂ ਨੇ ਘਟਨਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਨਹੀਂ ਦਿੱਤੀ।

ਉਨ੍ਹਾਂ ਨੇ ਦੁਖੀ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਕਿਹਾ ਕਿ ਰਿਆਦ ਸਥਿਤ ਭਾਰਤੀ ਦੂਤਘਰ ਪਰਿਵਾਰ ਦੇ ਸੰਪਰਕ ਵਿੱਚ ਹੈ ਅਤੇ ਮ੍ਰਿਤਕ ਦੇਹ ਨੂੰ ਜਲਦੀ ਭਾਰਤ ਲਿਆਉਣ ਲਈ ਸਥਾਨਕ ਅਧਿਕਾਰੀਆਂ ਨਾਲ ਤਾਲਮੇਲ ਕਰ ਰਿਹਾ ਹੈ।

ਰਿਆਦ ਸਥਿਤ ਭਾਰਤੀ ਦੂਤਘਰ ਨੇ ਵੀ ਸੋਸ਼ਲ ਮੀਡੀਆ ਪੋਸਟ ਰਾਹੀਂ ਘਟਨਾ 'ਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ।

ਖਾੜੀ ਖੇਤਰ ਦੀ ਸਥਿਤੀ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 12 ਮਾਰਚ, 2026 ਨੂੰ ਬਹਿਰੀਨ ਦੇ ਮੁਹਰੱਕ ਵਿੱਚ ਈਰਾਨੀ ਹਮਲੇ ਤੋਂ ਬਾਅਦ ਬਾਲਣ ਟੈਂਕਾਂ ਤੋਂ ਉੱਠਦਾ ਧੂੰਏਂ ਦਾ ਗੁਬਾਰ

ਮੱਧ ਪੂਰਬ ਵਿੱਚ ਜਾਰੀ ਸੰਘਰਸ਼ ਦੇ ਵਿਚਕਾਰ ਖਾੜੀ ਖੇਤਰ ਵਿੱਚ ਵੱਖ-ਵੱਖ ਘਟਨਾਵਾਂ ਵਿੱਚ ਛੇ ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ ਹੈ, ਜਦਕਿ ਇੱਕ ਵਿਅਕਤੀ ਅਜੇ ਵੀ ਲਾਪਤਾ ਹੈ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਦਿੱਤੀ।

ਬ੍ਰੀਫ਼ਿੰਗ ਦੌਰਾਨ ਵਧੀਕ ਸਕੱਤਰ (ਖਾੜੀ) ਅਸੀਮ ਆਰ. ਮਹਾਜਨ ਨੇ ਦੱਸਿਆ ਕਿ ਭਾਰਤੀ ਮਿਸ਼ਨ ਸਥਾਨਕ ਅਧਿਕਾਰੀਆਂ ਨਾਲ ਮਿਲਕੇ ਲਾਪਤਾ ਵਿਅਕਤੀ ਦਾ ਪਤਾ ਲਗਾਉਣ ਅਤੇ ਮ੍ਰਿਤਕਾਂ ਦੀਆਂ ਦੇਹਾਂ ਨੂੰ ਜਲਦੀ ਭਾਰਤ ਲਿਆਉਣ ਦੇ ਯਤਨ ਕਰ ਰਹੇ ਹਨ।

ਉਨ੍ਹਾਂ ਕਿਹਾ, "ਬਦਕਿਸਮਤੀ ਨਾਲ ਛੇ ਭਾਰਤੀ ਨਾਗਰਿਕਾਂ ਦੀ ਜਾਨ ਚਲੀ ਗਈ ਹੈ ਅਤੇ ਇੱਕ ਵਿਅਕਤੀ ਲਾਪਤਾ ਹੈ। ਸਾਊਦੀ ਅਰਬ, ਓਮਾਨ, ਇਰਾਕ ਅਤੇ ਸੰਯੁਕਤ ਅਰਬ ਅਮੀਰਾਤ ਵਿੱਚ ਸਾਡੇ ਮਿਸ਼ਨ ਸਬੰਧਤ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿੱਚ ਹਨ।"

ਵਿਦੇਸ਼ ਮੰਤਰਾਲੇ ਨੇ ਇਹ ਵੀ ਕਿਹਾ ਕਿ ਖਾੜੀ ਖੇਤਰ ਵਿੱਚ ਯਾਤਰਾ ਦੀ ਸਥਿਤੀ ਹੌਲੀ-ਹੌਲੀ ਠੀਕ ਹੋ ਰਹੀ ਹੈ ਅਤੇ ਵੱਡੀ ਗਿਣਤੀ ਵਿੱਚ ਯਾਤਰੀ ਭਾਰਤ ਵਾਪਸ ਆ ਚੁੱਕੇ ਹਨ।

ਮਹਾਜਨ ਨੇ ਦੱਸਿਆ, "28 ਫ਼ਰਵਰੀ ਤੋਂ ਹੁਣ ਤੱਕ ਕਰੀਬ 3 ਲੱਖ ਯਾਤਰੀ ਇਸ ਖੇਤਰ ਤੋਂ ਭਾਰਤ ਵਾਪਸ ਆ ਚੁੱਕੇ ਹਨ।"

ਉਨ੍ਹਾਂ ਇਹ ਵੀ ਕਿਹਾ ਕਿ ਸਥਿਤੀ ਨੂੰ ਸੰਭਾਲਣ ਲਈ ਵਾਧੂ ਉਡਾਣਾਂ ਚਲਾਈਆਂ ਜਾ ਰਹੀਆਂ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)