'ਬੈਕਅਪ ਪਾਸਪੋਰਟ' ਕੀ ਹੈ, ਜਿਸ ਨੂੰ ਹਾਸਲ ਕਰਨ ਲਈ ਕਈ ਲੋਕ ਆਪਣੇ ਦਾਦਕਿਆਂ ਤੇ ਨਾਨਕਿਆਂ ਦੇ ਰਿਕਾਰਡ ਫਰੋਲ ਰਹੇ

ਪਾਸਪੋਰਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਜਿਵੇਂ ਗਲੋਬਲ ਅਨਿਸ਼ਚਿਤਤਾ ਵੱਧ ਰਹੀ ਹੈ, ਦੂਜੇ ਪਾਸਪੋਰਟ ਲੋਕਾਂ ਲਈ ਆਪਣੇ ਵਿਕਲਪ ਵਧਾਉਣ ਦਾ ਇੱਕ ਢੰਗ ਬਣ ਰਹੇ ਹਨ
    • ਲੇਖਕ, ਏਲੀ ਕੋਬ
    • ਰੋਲ, ਬੀਬੀਸੀ ਨਿਊਜ਼
  • ਪੜ੍ਹਨ ਦਾ ਸਮਾਂ: 10 ਮਿੰਟ

ਦਸੰਬਰ 2025 ਵਿੱਚ ਕੈਨੇਡਾ ਵੱਲੋਂ ਵੰਸ਼ ਦੇ ਆਧਾਰ 'ਤੇ ਨਾਗਰਿਕਤਾ ਦੇ ਨਿਯਮਾਂ ਵਿੱਚ ਢਿੱਲ ਦੇਣ ਤੋਂ ਬਾਅਦ ਕਈ ਅਮਰੀਕੀਆਂ ਨੇ ਆਪਣੇ ਪਰਿਵਾਰਕ ਇਤਿਹਾਸ ਦੀ ਖੋਜ ਸ਼ੁਰੂ ਕਰ ਦਿੱਤੀ, ਤਾਂ ਜੋ ਉਹ ਕੈਨੇਡੀਆਈ ਨਾਗਰਿਕਤਾ ਦਾ ਦਾਅਵਾ ਕਰ ਸਕਣ।

ਕੁਝ ਲੋਕਾਂ ਦੇ ਮਨ ਵਿੱਚ ਇਹ ਵਿਚਾਰ ਆਇਆ: ਕੀ ਕੋਈ ਲੰਬੇ ਸਮੇਂ ਤੋਂ ਭੁਲਾ ਦਿੱਤੇ ਗਏ ਦਾਦਾ-ਦਾਦੀ/ਨਾਨਾ-ਨਾਨੀ ਦੂਜਾ ਪਾਸਪੋਰਟ ਦਿਵਾ ਸਕਦੇ ਹਨ? ਇਹ ਸਵਾਲ ਦੁਨੀਆਂ ਭਰ ਵਿੱਚ ਤੇਜ਼ੀ ਨਾਲ ਪੁੱਛਿਆ ਜਾ ਰਿਹਾ ਹੈ।

ਜਦੋਂ ਵਾਸ਼ਿੰਗਟਨ ਦੇ ਐਵਰੇਟ ਦੀ ਨਾਵਲਕਾਰ ਐਮਿਲੀ ਹਿਲ ਨੇ ਕੈਨੇਡਾ ਦੇ ਵੰਸ਼ ਆਧਾਰਿਤ ਨਾਗਰਿਕਤਾ ਨਿਯਮਾਂ ਵਿੱਚ ਹਾਲ ਹੀ ਵਿੱਚ ਹੋਈਆਂ ਤਬਦੀਲੀਆਂ ਬਾਰੇ ਸੁਣਿਆ, ਤਾਂ ਉਨ੍ਹਾਂ ਨੇ ਤੁਰੰਤ ਸੋਚਿਆ ਕਿ ਕੀ ਪਰਿਵਾਰਕ ਸਬੰਧ ਉਨ੍ਹਾਂ ਨੂੰ ਇਸ ਲਈ ਯੋਗ ਬਣਾ ਸਕਦੇ ਹਨ।

ਉਹ ਦੱਸਦੇ ਹਨ ਕਿ ਉਨ੍ਹਾਂ ਦੀ ਦਾਦੀ ਦਾ ਜਨਮ ਮੌਂਟਰਿਅਲ ਵਿੱਚ ਹੋਇਆ ਸੀ, "ਮੈਨੂੰ ਅਜਿਹਾ ਲੱਗਿਆ ਜਿਵੇਂ ਮੇਰੇ 'ਤੇ ਬਿਜਲੀ ਚਮਕ ਰਹੀ ਹੋਵੇ। ਇਹ ਸੰਭਾਵਨਾ 26 ਸਾਲ ਦਾ ਸੁਪਨਾ ਸੱਚ ਹੋਣ ਵਰਗਾ ਸੀ।"

ਇੱਕ ਹਫ਼ਤੇ ਦੇ ਅੰਦਰ ਹੀ ਉਨ੍ਹਾਂ ਨੇ ਸਾਰੇ ਦਸਤਾਵੇਜ਼ ਇਕੱਠੇ ਕਰ ਲਏ ਅਤੇ ਅਰਜ਼ੀ ਜਮ੍ਹਾ ਕਰਵਾ ਦਿੱਤੀ। ਮਨਜ਼ੂਰੀ ਮਿਲਣ 'ਤੇ, ਉਹ ਬ੍ਰਿਟਿਸ਼ ਕੋਲੰਬੀਆ ਵਿੱਚ ਸਥਾਈ ਰੂਪ ਨਾਲ ਵਸਣ ਦੀ ਉਮੀਦ ਕਰਦੇ ਹਨ।

ਹਿਲ ਕਹਿੰਦੇ ਹਨ, "ਮੈਂ 'ਘਰ' ਪਰਤਣਾ ਚਾਹੁੰਦੀ ਹਾਂ ਅਤੇ ਆਪਣੇ ਦਾਦਾ-ਦਾਦੀ ਦੀ ਧਰਤੀ 'ਤੇ ਆਪਣੀ ਊਰਜਾ ਲਗਾਉਣਾ ਚਾਹੁੰਦੀ ਹਾਂ।"

ਪਰ ਅਮਰੀਕੀ ਹੀ ਇਕੱਲੇ ਅਜਿਹੇ ਨਹੀਂ ਹਨ ਜੋ ਅਚਾਨਕ ਆਪਣੇ ਬਜ਼ੁਰਗਾਂ ਵੱਲ ਧਿਆਨ ਦੇ ਰਹੇ ਹਨ। ਦੁਨੀਆਂ ਭਰ ਵਿੱਚ ਲੋਕ ਪਰਿਵਾਰਕ ਰਿਕਾਰਡ, ਜਨਮ ਰਿਕਾਰਡ ਅਤੇ ਵੰਸ਼ਾਵਲੀ ਵੈੱਬਸਾਈਟਾਂ ਨੂੰ ਖੰਗਾਲ ਕੇ ਵਾਧੂ ਨਾਗਰਿਕਤਾ ਦੀ ਤਲਾਸ਼ ਕਰ ਰਹੇ ਹਨ।

ਪਾਸਪੋਰਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਦੂਜੇ ਪਾਸਪੋਰਟ ਬਦਲ ਨੂੰ ਖੁੱਲ੍ਹਾ ਰੱਖਣ ਦੇ ਇੱਕ ਤਰੀਕੇ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ

ਦੋਹਰੀ ਨਾਗਰਿਕਤਾ ਦਾ ਰੁਝਾਨ ਕਿਉਂ ਵਧ ਰਿਹਾ ਹੈ?

ਦੋਹਰੀ ਨਾਗਰਿਕਤਾ ਵਿੱਚ ਵਧਦੀ ਰੁਚੀ ਰਾਸ਼ਟਰੀਅਤਾ ਦੇ ਬਾਰੇ ਲੋਕਾਂ ਦੀ ਸੋਚ ਵਿੱਚ ਆਈ ਵੱਡੀ ਤਬਦੀਲੀ ਨੂੰ ਦਰਸਾਉਂਦੀ ਹੈ। ਪੀੜ੍ਹੀਆਂ ਤੋਂ ਪਾਸਪੋਰਟ ਮੁੱਖ ਰੂਪ ਨਾਲ ਇਹ ਸੰਕੇਤ ਦਿੰਦੇ ਰਹੇ ਹਨ ਕਿ ਕੋਈ ਵਿਅਕਤੀ ਕਿੱਥੋਂ ਆਇਆ ਹੈ, ਅੱਜ ਉਹ ਇਹ ਵੀ ਤੈਅ ਕਰਦੇ ਹਨ ਕਿ ਲੋਕ ਕਿੱਥੋਂ ਯਾਤਰਾ ਕਰ ਸਕਦੇ ਹਨ, ਕੰਮ ਕਰ ਸਕਦੇ ਹਨ ਅਤੇ ਰਹਿ ਸਕਦੇ ਹਨ।

ਕੁਝ ਸਮਾਂ ਪਹਿਲਾਂ ਤੱਕ, ਕਈ ਦੇਸ਼ਾਂ ਨੇ ਦੋਹਰੀ ਨਾਗਰਿਕਤਾ ਨੂੰ ਸੀਮਤ ਜਾਂ ਵਰਜਿਤ ਕਰ ਰੱਖਿਆ ਸੀ, ਜਿਸ ਦੇ ਕਾਰਨ ਇੱਕ ਤੋਂ ਜ਼ਿਆਦਾ ਪਾਸਪੋਰਟ ਦਾ ਰਿਵਾਜ ਅੱਜ ਦੀ ਤੁਲਨਾ ਵਿੱਚ ਕਿਧਰੇ ਘੱਟ ਸੀ।

ਹਾਲਾਂਕਿ ਭੂ-ਰਾਜਨੀਤਕ ਤਣਾਅ, ਮਹਾਮਾਰੀ ਦੇ ਕਾਰਨ ਸੀਮਾਵਾਂ ਦਾ ਬੰਦ ਹੋਣਾ ਅਤੇ ਵੀਜ਼ਾ ਨਿਯਮਾਂ ਵਿੱਚ ਬਦਲਾਅ ਆਲਮੀ ਗਤੀਸ਼ੀਲਤਾ ਨੂੰ ਨਵਾਂ ਰੂਪ ਦੇ ਰਹੇ ਹਨ ਅਤੇ ਦੂਰ ਦੁਰਾਡੇ ਡਿਜੀਟਲ ਰਿਮੋਟ ਨਾਲ ਕੰਮ ਕਰਨ ਵਾਲੇ ਲੋਕਾਂ ਦੀ ਵਧਦੀ ਆਬਾਦੀ ਨੂੰ ਉਤਸ਼ਾਹ ਦੇ ਰਹੇ ਹਨ।

ਅਜਿਹੇ ਵਿੱਚ ਦੂਜੇ ਪਾਸਪੋਰਟ ਬਦਲ ਨੂੰ ਖੁੱਲ੍ਹਾ ਰੱਖਣ ਦੇ ਇੱਕ ਤਰੀਕੇ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ।

ਤੇਲ-ਅਵੀਵ ਯੂਨੀਵਰਸਿਟੀ ਵਿੱਚ ਸਮਾਜ-ਸ਼ਾਸਤਰ ਦੇ ਐਸੋਸੀਏਟ ਪ੍ਰੋਫੈਸਰ ਯੋਸੀ ਹਰਪਾਜ਼ ਜਿਨ੍ਹਾਂ ਦਾ ਅਧਿਐਨ ਨਾਗਰਿਕਤਾ, ਪਰਵਾਸ ਅਤੇ ਦੋਹਰੀ ਨਾਗਰਿਕਤਾ ਦੇ ਆਲਮੀ ਰੁਝਾਨਾਂ 'ਤੇ ਕੇਂਦਰਿਤ ਹੈ, ਦੱਸਦੇ ਹਨ, "ਦੂਜੀ ਨਾਗਰਿਕਤਾ ਹਾਸਲ ਕਰਨ ਦੇ ਦੋ ਮੁੱਖ ਕਾਰਨ ਗਤੀਸ਼ੀਲਤਾ ਅਤੇ ਸੁਰੱਖਿਆ ਹੈ। ਕੁਝ ਨਸਲੀ ਘੱਟਗਿਣਤੀਆਂ ਲਈ ਇਹ ਵਿਤਕਰਾ ਜਾਂ ਅੱਤਿਆਚਾਰ ਤੋਂ ਬਚਾਅ ਦਾ ਇੱਕ ਤਰੀਕਾ ਵੀ ਹੈ।"

ਪਾਸਪੋਰਟ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਰਿਮੋਟ ਕੰਮ ਨੇ ਲੋਕਾਂ ਲਈ ਸਰਹੱਦਾਂ ਪਾਰ ਰਹਿ ਕੇ ਕੰਮ ਕਰਨਾ ਆਸਾਨ ਬਣਾਇਆ ਹੈ, ਜਿਸ ਨਾਲ ਦੂਜੀ ਨਾਗਰਿਕਤਾ ਵਿੱਚ ਦਿਲਚਸਪੀ ਵਧੀ ਹੈ

ਲੰਡਨ ਸਕੂਲ ਆਫ ਇਕਨੋਮਿਕਸ ਵਿੱਚ ਰਾਜਨੀਤਕ ਸਮਾਜਸ਼ਸਤਰ ਦੀ ਐਸੋਸੀਏਟ ਪ੍ਰੋਫੈਸਰ ਅਤੇ 'ਦਿ ਗੋਲਡਨ ਪਾਸਪੋਰਟ: ਗਲੋਬਲ ਮੋਬਿਲਿਟੀ ਫਾਰ ਮਿਲੇਨਿਯਰਜ' ਦੀ ਲੇਖਕਾ ਕ੍ਰਿਸਟਿਨ ਸੁਰਾਕ ਦਾ ਕਹਿਣਾ ਹੈ ਕਿ ਦੋਹਰੀ ਨਾਗਰਿਕਤਾ ਵਿੱਚ ਵਾਧਾ ਰਾਜਨੀਤਕ ਅਨਿਸ਼ਚਤਤਾ ਦੀ ਵਧਦੀ ਭਾਵਨਾ ਤੋਂ ਵੀ ਪ੍ਰੇਰਿਤ ਹੈ।

ਉਹ ਸਮਝਾਉਂਦੇ ਹਨ, "ਕਦੇ ਸਥਿਰ ਲੋਕਤੰਤਰ ਮੰਨੇ ਜਾਣ ਵਾਲੇ ਦੇਸ਼ ਕਈ ਲੋਕਾਂ ਨੂੰ ਓਨੇ ਸਥਿਰ ਨਹੀਂ ਲੱਗਦੇ।"

"ਬ੍ਰੈਕਜ਼ਿਟ ਦੇ ਚੱਲਦੇ ਕਈ ਬ੍ਰਿਟਿਸ਼ ਨਾਗਰਿਕਾਂ ਨੇ ਆਪਣੇ ਆਇਰਿਸ਼ ਦਾਦਾ-ਦਾਦੀ ਨੂੰ ਲੱਭ ਕੇ ਯੂਰਪੀ ਸੰਘ ਦੀ ਮੈਂਬਰਸ਼ਿਪ ਦੇ ਲਾਭ ਬਣਾਏ ਰੱਖਣ ਲਈ ਆਇਰਿਸ਼ ਨਾਗਰਿਕਤਾ ਲੈ ਲਈ। ਪਿਛਲੇ ਕੁਝ ਸਾਲਾਂ ਵਿੱਚ ਅਮਰੀਕੀ ਰਾਜਨੀਤੀ ਦੇ ਜ਼ਿਆਦਾ ਰਾਜਨੀਤੀਕਰਨ ਦਾ ਵੀ ਅਜਿਹਾ ਹੀ ਪ੍ਰਭਾਵ ਪਿਆ ਹੈ, ਜਿਸ ਨਾਲ ਲੋਕ ਯੂਰਪੀ ਸੰਘ ਤੋਂ ਬਾਹਰ ਨਿਕਲਣ ਦੇ ਬਦਲ ਤਲਾਸ਼ ਰਹੇ ਹਨ।"

ਸੁਰਾਕ ਅੱਗੇ ਕਹਿੰਦੇ ਹਨ ਕਿ ਬੇਸ਼ੱਕ ਉਹ ਤੁਰੰਤ ਜਾਂ ਬਿਲਕੁਲ ਵੀ ਅੱਗੇ ਨਾ ਵਧਣ, ਫਿਰ ਵੀ ਕਈ ਬਿਨੈਕਾਰ ਇਹ ਜਾਣ ਕੇ ਮਾਨਸਿਕ ਸ਼ਾਂਤੀ ਚਾਹੁੰਦੇ ਹਨ ਕਿ ਕੋਈ ਨਾ ਕੋਈ ਰਸਤਾ ਜ਼ਰੂਰ ਹੈ।

ਉਹ ਕਹਿੰਦੇ ਹਨ, "ਇਹ ਨਾਗਰਿਕਤਾ ਇੱਕ ਬੀਮਾ ਪਾਲਿਸੀ ਦੀ ਤਰ੍ਹਾਂ ਹੈ।"

ਮਾਰਕੋ ਪਰਮੁਨਿਯਨ

ਫੈਮਿਲੀ ਟ੍ਰੀ ਵਿੱਚ ਛੁਪਿਆ ਹੋਇਆ ਪਾਸਪੋਰਟ

ਕਈ ਲੋਕਾਂ ਲਈ ਇਹ ਖੋਜ ਪਰਿਵਾਰਕ ਇਤਿਹਾਸ ਤੋਂ ਸ਼ੁਰੂ ਹੁੰਦੀ ਹੈ।

2016 ਵਿੱਚ ਬ੍ਰੈਕਜ਼ਿਟ ਜਨਮਤ ਸੰਗ੍ਰਹਿ ਦੇ ਬਾਅਦ, ਆਇਰਿਸ਼ ਪਾਸਪੋਰਟ ਲਈ ਬਿਨੈਕਾਰਾਂ ਵਿੱਚ ਭਾਰੀ ਵਾਧਾ ਹੋਇਆ ਕਿਉਂਕਿ ਬ੍ਰਿਟਿਸ਼ ਨਾਗਰਿਕ ਯੂਰਪ ਦੇ ਅੰਦਰ ਆਉਣ ਜਾਣ ਦੀ ਆਜ਼ਾਦੀ ਬਣਾਏ ਰੱਖਣ ਦੇ ਤਰੀਕੇ ਤਲਾਸ਼ ਰਹੇ ਸਨ।

ਆਇਰਲੈਂਡ ਵਿੱਚ ਪੈਦਾ ਹੋਏ ਆਇਰਿਸ਼ ਮਾਤਾ-ਪਿਤਾ ਜਾਂ ਦਾਦਾ-ਦਾਦੀ ਵਾਲੇ ਕਿਸੇ ਵੀ ਵਿਅਕਤੀ ਨੂੰ ਆਇਰਿਸ਼ ਨਾਗਰਿਕਤਾ ਦਾ ਅਧਿਕਾਰ ਹੈ ਅਤੇ ਯੂਕੇ ਦੋਹਰੀ ਨਾਗਰਿਕਤਾ ਦੀ ਆਗਿਆ ਦਿੰਦਾ ਹੈ।

ਆਇਰਲੈਂਡ ਦੇ ਵਿਦੇਸ਼ ਮਾਮਲਿਆਂ ਦੇ ਵਿਭਾਗ ਦੇ ਅਨੁਸਾਰ, 2017 ਅਤੇ 2020 ਦੇ ਵਿਚਕਾਰ ਗ੍ਰੇਟ ਬ੍ਰਿਟੇਨ ਵਿੱਚ ਰਹਿਣ ਵਾਲੇ ਲੋਕਾਂ ਨੂੰ 350,000 ਤੋਂ ਜ਼ਿਆਦਾ ਆਇਰਿਸ਼ ਪਾਸਪੋਰਟ ਜਾਰੀ ਕੀਤੇ ਗਏ।

ਪਰਵਾਸ ਸਬੰਧੀ ਵਕੀਲ ਵੰਸ਼ ਆਧਾਰਿਤ ਨਾਗਰਿਕਤਾ ਵਿੱਚ ਇਸੇ ਤਰ੍ਹਾਂ ਦੀ ਰੁਚੀ ਦੇਖ ਰਹੇ ਹਨ।

ਇਤਾਲਵੀ ਨਾਗਰਿਕਤਾ ਸਹਾਇਤਾ ਦੇ ਸੰਸਥਾਪਕ ਅਤੇ ਸੀਈਓ, ਇਤਾਲਵੀ ਵਕੀਲ ਮਾਰਕੋ ਪਰਮੁਨਿਯਨ ਕਹਿੰਦੇ ਹਨ, "ਪਿਛਲੇ ਕੁਝ ਸਾਲਾਂ ਵਿੱਚ ਵਿਸ਼ੇਸ਼ ਰੂਪ ਨਾਲ ਇਸ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ।"

ਪਰਮੁਨਿਯਨ ਦਾ ਕਹਿਣਾ ਹੈ ਕਿ ਇਤਾਲਵੀ ਨਾਗਰਿਕਤਾ ਹਾਸਲ ਕਰਨ ਦੀ ਉਮੀਦ ਰੱਖਣ ਵਾਲੇ ਕਈ ਲੋਕ ਸ਼ੁਰੂ ਵਿੱਚ ਆਪਣੇ ਪਰਿਵਾਰ ਦੇ ਇਤਿਹਾਸ ਬਾਰੇ ਜ਼ਿਆਦਾ ਜਾਣਨ ਦੀ ਇੱਛਾ ਨਾਲ ਇਸ ਪ੍ਰਕਿਰਿਆ ਵਿੱਚ ਸ਼ਾਮਲ ਹੁੰਦੇ ਹਨ।

ਉਹ ਕਹਿੰਦੇ ਹਨ, "ਉਹ ਆਪਣੇ ਬਜ਼ੁਰਗਾਂ ਦੇ ਪਿਛੋਕੜ ਬਾਰੇ ਜਾਣਨ ਲਈ ਉਤਸੁਕ ਰਹਿੰਦੇ ਹਨ। ਉਹ ਕਿੱਥੋਂ ਆਏ ਸਨ ਅਤੇ ਉਹ ਸੱਭਿਆਚਰਕ ਅਤੇ ਭਾਸ਼ਾ ਜੋ ਉਨ੍ਹਾਂ ਦੇ ਪਰਿਵਾਰ ਦੀਆਂ ਜੜਾਂ ਦਾ ਨਿਰਮਾਣ ਕਰਦੀ ਹੈ।"

ਪਰ ਵਿਵਹਾਰਕ ਪਹਿਲੂ ਵੀ ਅਕਸਰ ਅਹਿਮ ਭੂਮਿਕਾ ਨਿਭਾਉਂਦੇ ਹਨ।

ਪਾਸਪੋਰਟ

ਤਸਵੀਰ ਸਰੋਤ, Getty Images

ਉਹ ਕਹਿੰਦੇ ਹਨ, "ਨਿਸ਼ਚਤ ਰੂਪ ਨਾਲ ਉਹ ਰਣਨੀਤਕ ਕਾਰਨਾਂ ਨਾਲ ਵੀ ਯੂਰਪੀ ਸੰਘ ਦੀ ਨਾਗਰਿਕਤਾ ਹਾਸਲ ਕਰਨਾ ਚਾਹੁੰਦੇ ਹਨ।"

"ਤੇਜ਼ੀ ਨਾਲ ਆਲਮੀ ਹੁੰਦੇ ਸਮਾਜ ਵਿੱਚ ਰਹਿਣ ਨਾਲ ਲੋਕਾਂ ਨੂੰ ਇਹ ਅਹਿਸਾਸ ਹੋਇਆ ਹੈ ਕਿ ਉਨ੍ਹਾਂ ਦੇ ਰਹਿਣ, ਕੰਮ ਕਰਨ ਅਤੇ ਯਾਤਰਾ ਕਰਨ ਦੇ ਬਦਲ ਹੁਣ ਓਨੇ ਸੀਮਤ ਨਹੀਂ ਹਨ ਜਿੰਨੇ ਪਹਿਲਾਂ ਹੋਇਆ ਕਰਦੇ ਸਨ।"

ਵਿਲਟਸ਼ਾਇਰ ਵਿੱਚ ਰਹਿਣ ਵਾਲੇ ਜੈਮੀ ਕਾਲਡਵੇਲ ਨੂੰ ਆਇਰਿਸ਼ ਨਾਗਰਿਕਤਾ ਲਈ ਆਪਣੀ ਯੋਗਤਾ ਦਾ ਅਹਿਸਾਸ ਉਦੋਂ ਹੋਇਆ ਜਦੋਂ ਉਨ੍ਹਾਂ ਦੇ ਇੱਕ ਦੋਸਤ ਨੇ ਦੱਸਿਆ ਕਿ ਉਹ ਅਰਜ਼ੀ ਦੇ ਰਹੇ ਹਨ। ਉਨ੍ਹਾਂ ਨੇ 2019 ਵਿੱਚ ਆਪਣੀ ਅਰਜ਼ੀ ਜਮਾ ਕੀਤੀ, ਜਦੋਂ ਬ੍ਰਿਟੇਨ ਯੂਰਪੀ ਸੰਘ ਤੋਂ ਬਾਹਰ ਨਿਕਲਣ ਦੀ ਤਿਆਰੀ ਕਰ ਰਿਹਾ ਸੀ।

ਉਹ ਕਹਿੰਦੇ ਹਨ, "ਮੈਨੂੰ ਇਹ ਖਿਆਲ ਵੀ ਨਹੀਂ ਆਇਆ ਸੀ ਕਿ ਮੈਂ ਪਾਤਰ ਹੋ ਸਕਦਾ ਹਾਂ। ਮੈਂ ਮੁੱਖ ਰੂਪ ਨਾਲ ਆਪਣੇ ਬੱਚਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਰਜ਼ੀ ਦਿੱਤੀ ਸੀ।"

ਜਦੋਂ ਆਖਿਰਕਾਰ ਪਾਸਪੋਰਟ ਆ ਗਏ ਤਾਂ ਕਾਲਡਵੇਲ ਨੇ ਉਸ ਪਲ ਨੂੰ ਇੱਕ ਛੋਟੇ ਜਿਹੇ ਪਰਿਵਾਰਕ ਜਸ਼ਨ ਵਿੱਚ ਬਦਲ ਦਿੱਤਾ।

ਉਹ ਕਹਿੰਦੇ ਹਨ, "ਮੈਂ ਗਿਨੀਜ਼ ਬੀਅਰ ਲਿਆਇਆ, ਕੁਝ ਸੇਲਟਿਕ ਸੰਗੀਤ ਵਜਾਇਆ ਅਤੇ ਪਾਸਪੋਰਟ ਪੇਸ਼ ਕੀਤੇ। ਉਹ ਅਸਲ ਵਿੱਚ ਸਿਰਫ਼ ਗਿਨੀਜ਼ ਵਿੱਚ ਹੀ ਰੁਚੀ ਰੱਖਦੇ ਸਨ।"

ਉਦੋਂ ਤੋਂ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਤਿੰਨੋਂ ਬੱਚਿਆਂ ਨੂੰ ਮੌਕਿਆਂ ਦੀ ਅਹਿਮੀਅਤ ਦਾ ਕਿਧਰੇ ਜ਼ਿਆਦਾ ਅਹਿਸਾਸ ਹੋ ਗਿਆ ਹੈ। ਦੋ ਬੱਚੇ ਪਹਿਲਾਂ ਹੀ ਨੀਦਰਲੈਂਡਜ਼ ਵਿੱਚ ਕੰਮ ਕਰ ਚੁੱਕੇ ਹਨ ਅਤੇ ਇੱਕ ਦੂਜਾ ਬੱਚਾ ਯੂਨੀਵਰਸਿਟੀ ਵਿੱਚ ਭਾਸ਼ਾ ਦੀ ਡਿਗਰੀ ਹਾਸਲ ਕਰਨ ਲਈ ਵਿਦੇਸ਼ ਵਿੱਚ ਪੜ੍ਹਾਈ ਕਰਨ ਦੀ ਯੋਜਨਾ ਬਣਾ ਰਿਹਾ ਹੈ।

ਕਾਲਡਵੇਲ ਕਹਿੰਦੇ ਹਨ, "ਮੈਂ ਚਾਹੁੰਦੀ ਹਾਂ ਕਿ ਮੇਰੇ ਬੱਚੇ ਦੂਜੇ ਦੇਸ਼ਾਂ ਵਿੱਚ ਰਹਿਣ ਅਤੇ ਕੰਮ ਕਰਨ ਦਾ ਅਨੁਭਵ ਕਰਨ। ਯੂਰਪੀ ਪਾਸਪੋਰਟ ਹੋਣ ਨਾਲ ਇਹ ਬਹੁਤ ਆਸਾਨ ਹੋ ਜਾਂਦਾ ਹੈ।"

ਕੈਨੇਡੀਆਈ ਨਾਗਰਿਕਤਾ ਲਈ ਨਵੀਂ ਹੋੜ

15 ਦਸੰਬਰ 2025 ਨੂੰ ਪਾਸ ਕੀਤੇ ਕੈਨੇਡਾ ਦੇ ਵੰਸ਼ ਆਧਾਰਿਤ ਨਾਗਰਿਕਤਾ ਨਿਯਮਾਂ ਲਈ ਕੀਤੇ ਗਏ ਪਰਿਵਰਤਨਾਂ ਨੇ ਵੰਸ਼ ਦੇ ਆਧਾਰ 'ਤੇ ਨਾਗਰਿਕਤਾ ਹਾਸਲ ਕਰਨ ਦੀ ਪ੍ਰਵਿਰਤੀ ਨੂੰ ਨਵੀਂ ਗਤੀ ਪ੍ਰਦਾਨ ਕੀਤੀ ਹੈ।

ਇਹ ਪਰਿਵਰਤਨ ਉਨ੍ਹਾਂ ਪਹਿਲੇ ਨਿਯਮਾਂ ਦੀਆਂ ਕਮੀਆਂ ਨੂੰ ਦੂਰ ਕਰਦੇ ਹਨ ਜਿਨ੍ਹਾਂ ਕਾਰਨ ਵਿਦੇਸ਼ ਵਿੱਚ ਪੈਦਾ ਹੋਏ ਕੁਝ ਕੈਨੇਡੀਆਈ ਨਾਗਰਿਕ ਆਪਣੇ ਬੱਚਿਆਂ ਨੂੰ ਨਾਗਰਿਕਤਾ ਪ੍ਰਦਾਨ ਕਰਨ ਵਿੱਚ ਅਸਮਰੱਥ ਸਨ।

ਇਹ ਬਦਲਾਅ ਦੇਸ਼ ਦੇ ਬਾਹਰ ਰਹਿਣ ਵਾਲੇ ਹਜ਼ਾਰਾਂ ਵੰਸ਼ਜ਼ਾਂ ਲਈ ਯੋਗਤਾ ਦਾ ਘੇਰਾ ਵਧਾ ਸਕੇ।

ਕੈਲਗਰੀ ਸਥਿਤ ਅੱਕਾ ਬਿਜ਼ਨਸ ਇਮੀਗ੍ਰੇਸ਼ਨ ਲਾਅ ਦੀ ਸੰਸਥਾਪਕ ਐਵਲਿਨ ਅੱਕਾ ਕਹਿੰਦੀ ਹੈ, "ਅਸੀਂ ਨਿਸ਼ਚਤ ਰੂਪ ਨਾਲ ਕੈਨੇਡਾ ਦੀ ਨਾਗਰਿਕਤਾ ਬਾਰੇ ਪੁੱਛਗਿੱਛ ਕਰਨ ਵਾਲੇ ਅਮਰੀਕੀਆਂ ਦੀ ਗਿਣਤੀ ਵਿੱਚ ਵਾਧਾ ਦੇਖਿਆ ਹੈ।"

"ਅਮਰੀਕੀ ਆਪਣੇ ਪਰਿਵਾਰਕ ਇਤਿਹਾਸ ਦੀ ਜਾਂਚ ਕਰ ਰਹੇ ਹਨ ਤਾਂ ਕਿ ਪਤਾ ਲੱਗ ਸਕੇ ਕਿ ਕੀ ਉਨ੍ਹਾਂ ਦੇ ਕੋਈ ਕੈਨੇਡੀਆਈ ਮੂਲ ਹਨ। ਅਸੀਂ ਲੋਕਾਂ ਨੂੰ ਇਹ ਸਮਝਾਉਣ ਲਈ ਕਈ ਸਲਾਹ ਸੈਸ਼ਨ ਕਰ ਰਹੇ ਹਾਂ ਕਿ ਉਨ੍ਹਾਂ ਨੂੰ ਪਾਤਰਤਾ ਹਾਸਲ ਕਰਨ ਲਈ ਕੀ-ਕੀ ਜਾਣਕਾਰੀ ਦੇਣੀ ਹੋਵੇਗੀ।"

ਹਾਲਾਂਕਿ ਅੱਕਾ ਦੇ ਕਈ ਗਾਹਕ ਨਾਗਰਿਕਤਾ ਨੂੰ ਸਿਰਫ਼ ਇੱਕ ਸੁਰੱਖਿਆ ਕਵਚ ਦੇ ਰੂਪ ਵਿੱਚ ਦੇਖਦੇ ਹਨ, ਉੱਥੇ ਹੀ ਕੁਝ ਹੋਰ ਲੋਕ ਜਲਦੀ ਕੈਨੇਡਾ ਵਿੱਚ ਵੱਸਣ ਦੀ ਯੋਜਨਾ ਬਣਾ ਰਹੇ ਹਨ।

ਉਹ ਅੱਗੇ ਕਹਿੰਦੇ ਹਨ, "ਕੁਝ ਲੋਕ ਕੈਨੇਡਾ ਵਿੱਚ ਸੇਵਾਮੁਕਤ ਹੋਣ ਵਿੱਚ ਵੀ ਰੁਚੀ ਰੱਖਦੇ ਹਨ ਕਿਉਂਕਿ ਉੱਥੇ ਨਾਗਰਿਕਾਂ ਨੂੰ ਸਿਹਤ ਸਬੰਧੀ ਕਈ ਲਾਭ ਮਿਲਦੇ ਹਨ।"

ਸ਼ਿਕਾਗੋ ਵਿੱਚ ਰਹਿਣ ਵਾਲੇ ਸਾਫਟਵੇਅਰ ਇੰਜੀਨੀਅਰ ਜਾਰਜ ਐੱਮ ਨੂੰ ਪਿਛਲੇ ਹਫ਼ਤੇ ਉਦੋਂ ਪਤਾ ਲੱਗਿਆ ਉਹ ਇਸ ਕਾਨੂੰਨ ਲਈ ਪਾਤਰ ਹੋ ਸਕਦੇ ਹਨ, ਜਦੋਂ ਉਨ੍ਹਾਂ ਨੇ ਇਸ ਬਾਰੇ ਇੱਕ ਆਨਲਾਈਨ ਚਰਚਾ ਦੇਖੀ।

ਕੁਝ ਹੀ ਦਿਨਾਂ ਵਿੱਚ ਉਨ੍ਹਾਂ ਨੇ ਆਪਣੇ ਪਰਿਵਾਰ ਦੀ ਵੰਸ਼ਾਵਲੀ ਨੂੰ ਆਪਣੀ ਦਾਦੀ ਦੇ ਪਿਤਾ ਤੱਕ ਪਹੁੰਚਾਉਣ ਵਾਲੇ ਦਸਤਾਵੇਜ਼ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ, ਜਿਨ੍ਹਾਂ ਦਾ ਜਨਮ ਕੈਨੇਡਾ ਵਿੱਚ ਹੋਇਆ ਸੀ।

ਉਹ ਕਹਿੰਦੇ ਹਨ, "ਕੈਨੇਡਾ ਦਾ ਪਾਸਪੋਰਟ ਹਾਸਲ ਕਰਨਾ ਤਾਂ ਬਹੁਤ ਹੀ ਆਸਾਨ ਲੱਗਦਾ ਹੈ। ਜੇਕਰ ਮੌਕਾ ਹੋਵੇ ਤਾਂ ਉਸ ਨੂੰ ਖੁੱਲ੍ਹਾ ਰੱਖਣਾ ਸਮਝਦਾਰੀ ਨਹੀਂ ਹੈ।"

ਪਾਸਪੋਰਟ

ਤਸਵੀਰ ਸਰੋਤ, Getty Images

ਜਦੋਂ ਨਾਗਰਿਕਤਾ ਇੱਕ ਬਚਾਅ ਦੀ ਯੋਜਨਾ ਬਣ ਜਾਂਦੀ ਹੈ

ਸਥਿਰ ਲੋਕਤੰਤਰਾਂ ਵਿੱਚ ਕਈ ਬਿਨੈਕਾਰ ਦੂਜੀ ਨਾਗਰਿਕਤਾ ਨੂੰ ਐਮਰਜੈਂਸੀ ਯੋਜਨਾ ਦੇ ਰੂਪ ਵਿੱਚ ਦੇਖਦੇ ਹਨ, ਪਰ ਦੁਨੀਆਂ ਦੇ ਹੋਰ ਹਿੱਸਿਆਂ ਵਿੱਚ ਇਹ ਕਿਧਰੇ ਜ਼ਰੂਰੀ ਹੋ ਸਕਦੀ ਹੈ।

ਪਿਛਲੇ ਇੱਕ ਦਹਾਕੇ ਵਿੱਚ ਕਈ ਵੈਨੇਜ਼ੁਏਲਾ ਵਾਸੀਆਂ ਨੇ ਸਪੈਨਿਸ਼ ਜਾਂ ਇਤਾਲਵੀ ਨਾਗਰਿਕਤਾ ਲਈ ਅਰਜ਼ੀ ਦਿੱਤੀ ਹੈ, ਜਿਸ ਦਾ ਆਧਾਰ ਉਨ੍ਹਾਂ ਦੇ ਪਰਿਵਾਰਕ ਸਬੰਧ ਹਨ ਜੋ 19ਵੀਂ ਸਦੀ ਦੇ ਉਤਰਾਅ ਅਤੇ 20ਵੀਂ ਸਦੀ ਦੀ ਸ਼ੁਰੂਆਤ ਵਿੱਚ ਦੱਖਣ ਅਮਰੀਕਾ ਵਿੱਚ ਹੋਏ ਯੂਰਪੀ ਪਰਵਾਸ ਦੀਆਂ ਲਹਿਰਾਂ ਨਾਲ ਜੁੜੇ ਹਨ।

ਇਹ ਇਤਿਹਾਸਕ ਸਬੰਧ ਹੁਣ ਉਨ੍ਹਾਂ ਦੇ ਕੁਝ ਵੰਸ਼ਜਾਂ ਲਈ ਦੂਜੀ ਨਾਗਰਿਕਤਾ ਹਾਸਲ ਕਰਨ ਦਾ ਕਾਨੂੰਨੀ ਮਾਰਗ ਪ੍ਰਦਾਨ ਕਰਦੇ ਹਨ।

ਹਰਪਾਜ਼ ਦੇ ਅਨੁਸਾਰ, ਦੂਜੇ ਪਾਸਪੋਰਟ ਅਕਸਰ ਕਈ ਸਾਲਾਂ ਤੱਕ ਸੁਸਤ ਹੀ ਪਏ ਰਹਿੰਦੇ ਹਨ ਅਤੇ ਦੋਹਰੀ ਨਾਗਰਿਕਤਾ ਵਾਲੇ ਲੋਕ ਸਿਰਫ਼ ਗੰਭੀਰ ਸੰਕਟਾਂ ਦੇ ਦੌਰਾਨ ਹੀ ਵੱਡੀ ਗਿਣਤੀ ਵਿੱਚ ਦੇਸ਼ ਛੱਡਦੇ ਹਨ, ਜਿਵੇਂ ਕਿ 2019-2020 ਵਿੱਚ ਹਾਂਗਕਾਂਗ 'ਤੇ ਚੀਨ ਦੇ ਕੰਟਰੋਲ ਦਾ ਸਖ਼ਤ ਹੋਣਾ ਅਤੇ 2000 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਅਰਜਨਟੀਨਾ ਦਾ ਆਰਥਿਕ ਪਤਨ।

ਵੈਨੇਜ਼ੁਏਲਾ ਦੇ ਆਰਥਿਕ ਅਤੇ ਰਾਜਨੀਤਕ ਸੰਕਟ ਦੇ ਗਹਿਰਾਉਣ ਦੇ ਨਾਲ ਹੀ ਵੰਸ਼ਜ ਸਬੰਧ ਪਰਵਾਸ ਦਾ ਇੱਕ ਮਹੱਤਵਪੂਰਨ ਮਾਰਗ ਬਣ ਗਏ ਹਨ।

ਸਪੇਨ ਦੇ ਰਾਸ਼ਟਰੀ ਅੰਕੜਾ ਸੰਸਥਾਨ ਦੇ ਅਨੁਸਾਰ ਇਕੱਲੇ ਸਪੇਨ ਵਿੱਚ ਹੀ 2024 ਵਿੱਚ 35,000 ਤੋਂ ਜ਼ਿਆਦਾ ਵੈਨੇਜ਼ੁਏਲਾ ਵਾਸੀਆਂ ਨੇ ਨਾਗਰਿਕਤਾ ਹਾਸਲ ਕੀਤੀ, ਜਿਸ ਨਾਲ ਉਹ ਉਸ ਸਾਲ ਨਾਗਰਿਕਤਾ ਹਾਸਲ ਕਰਨ ਵਾਲੇ ਸਭ ਤੋਂ ਵੱਡੇ ਸਮੂਹਾਂ ਵਿੱਚੋਂ ਇੱਕ ਬਣ ਗਏ।

ਵੈਨੇਜ਼ੁਏਲਾ ਵਾਸੀ ਹੁਣ ਸਪੇਨ ਵਿੱਚ ਸਭ ਤੋਂ ਵੱਡੇ ਪਰਵਾਸੀ ਸਮੂਹਾਂ ਵਿੱਚੋਂ ਹਨ, ਜਿਨ੍ਹਾਂ ਦੀ ਪਰਵਾਸੀ ਆਬਾਦੀ ਲਗਭਗ 700,000 ਹੈ।

ਲਗਜ਼ਰੀ ਪਾਸਪੋਰਟ ਬਾਜ਼ਾਰ

ਦੂਜੇ ਪਾਸੇ, ਕੁਝ ਲੋਕ ਤਾਂ ਸਿੱਧੇ-ਸਿੱਧੇ ਦੂਜਾ ਪਾਸਪੋਰਟ ਖਰੀਦ ਰਹੇ ਹਨ।

ਦਸਬੰਰ ਵਿੱਚ ਅਮਰੀਕਾ ਨੇ ਟਰੰਪ ਗੋਲਡ ਕਾਰਡ ਲਾਂਚ ਕੀਤਾ, ਜਿਸ ਤਹਿਤ ਵਿਦੇਸ਼ੀ ਨਾਗਰਿਕ 15,000 ਡਾਲਰ ਦੀ ਪ੍ਰੋਸੈਸਿੰਗ ਫੀਸ ਅਤੇ ਅਮਰੀਕੀ ਸਰਕਾਰ ਨੂੰ 10 ਲੱਖ ਡਾਲਰ ਦਾ ਯੋਗਦਾਨ ਦੇ ਕੇ ਅਮਰੀਕੀ ਨਿਵਾਸ ਅਤੇ ਨਾਗਰਿਕਤਾ ਹਾਸਲ ਕਰ ਸਕਦੇ ਹਨ।

ਕਈ ਛੋਟੇ ਦੇਸ਼, ਵਿਸ਼ੇਸ਼ ਰੂਪ ਨਾਲ ਕੈਰੇਬਿਆਈ ਅਤੇ ਯੂਰਪ ਦੇ ਕੁਝ ਹਿੱਸਿਆਂ ਵਿੱਚ ਨਿਵੇਸ਼ ਦੇ ਜ਼ਰੀਏ ਨਾਗਰਿਕਤਾ ਪ੍ਰੋਗਰਾਮ ਚਲਾ ਰਹੇ ਹਨ, ਜੋ ਉਨ੍ਹਾਂ ਵਿਦੇਸ਼ੀਆਂ ਨੂੰ ਨਾਗਰਿਕਤਾ ਪ੍ਰਦਾਨ ਕਰਦੇ ਹਨ ਜੋ ਸਰਕਾਰੀ ਵਿਕਾਸ ਯੋਜਨਾਵਾਂ ਜਾਂ ਜਾਇਦਾਦਾਂ ਬਾਜ਼ਾਰਾਂ ਵਿੱਚ ਮਹੱਤਵਪੂਰਨ ਧਨ ਰਾਸ਼ੀ ਦਾ ਯੋਗਦਾਨ ਪਾਉਂਦੇ ਹਨ।

ਸਮਰਥਕਾਂ ਦਾ ਕਹਿਣਾ ਹੈ ਕਿ ਇਹ ਪ੍ਰੋਗਰਾਮ ਛੋਟੀਆਂ ਅਰਥਵਿਵਸਥਾਵਾਂ ਲਈ ਬੇਹੱਦ ਜ਼ਰੂਰੀ ਮਾਲੀਆ ਪੈਦਾ ਕਰਦੇ ਹਨ। ਫਿਰ ਵੀ ਜ਼ਿਆਦਾਤਰ ਪਾਸਪੋਰਟਾਂ ਦੇ ਵਧਦੇ ਵਪਾਰ ਨਾਲ ਆਲਮੀ ਗਤੀਸ਼ੀਲਤਾ ਵਿੱਚ ਮੌਜੂਦ ਗਹਿਰੀਆਂ ਅਸਮਾਨਤਾਵਾਂ ਵੀ ਉਜਾਗਰ ਹੁੰਦੀਆਂ ਹਨ।

ਸੁਰਾਕ ਕਹਿੰਦੇ ਹਨ, "ਇਹ ਬਾਜ਼ਾਰ ਦੇਸ਼ਾਂ ਦੇ ਵਿਚਕਾਰ ਅਸਮਾਨਤਾ ਯਾਨੀ ਕਿਸੇ ਵਿਅਕਤੀ ਦੀ ਨਾਗਰਿਕਤਾ ਅਤੇ ਪਾਸਪੋਰਟ ਤੋਂ ਉਸ ਨੂੰ ਕੀ ਮਿਲਦਾ ਹੈ ਅਤੇ ਦੇਸ਼ਾਂ ਦੇ ਅੰਦਰ ਅਸਮਾਨਤਾ, ਯਾਨੀ ਅਜਿਹੇ ਪ੍ਰੋਗਰਾਮਾਂ ਦਾ ਖਰਚ ਉਠਾਉਣ ਵਿੱਚ ਸਮਰੱਥ ਲੋਕਾਂ ਅਤੇ ਅਸਮਰੱਥ ਲੋਕਾਂ ਵਿਚਕਾਰ ਅਸਮਾਨਤਾ ਦੇ ਚੌਰਾਹੇ 'ਤੇ ਉੱਭਰਿਆ ਹੈ।"

ਦਿਲਚਸਪ ਗੱਲ ਇਹ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਨਿਵੇਸ਼ ਜ਼ਰੀਏ ਨਾਗਰਿਕਤਾ ਹਾਸਲ ਕਰਨ ਦੇ ਬਾਜ਼ਾਰ ਵਿੱਚ ਤੁਰਕੀ ਇੱਕ ਪ੍ਰਮੁੱਖ ਖਿਡਾਰੀ ਦੇ ਰੂਪ ਵਿੱਚ ਉੱਭਰਿਆ ਹੈ।

ਨਾਗਰਿਕਤਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਨਾਗਰਿਕਤਾ ਸਮਾਗਮ ਕੈਨੇਡੀਅਨ ਬਣਨ ਦੀ ਆਖਰੀ ਪੜਾਅ ਹੁੰਦੇ ਹਨ, ਜਿੱਥੇ ਅਰਜ਼ੀਦਾਰ ਨਾਗਰਿਕਤਾ ਦੀ ਕਸਮ ਖਾਂਦੇ ਹਨ

ਸੁਰਾਕ ਦੇ ਅਨੁਸਾਰ, ਆਲਮੀ ਪੱਧਰ 'ਤੇ ਨਿਵੇਸ਼ ਜ਼ਰੀਏ ਨਾਗਰਿਕਤਾ ਲਈ ਸਵੀਕਾਰ ਅਰਜ਼ੀਆਂ ਵਿੱਚੋਂ ਲਗਭਗ ਅੱਧੀਆਂ ਅਰਜ਼ੀਆਂ ਤੁਰਕੀ ਦੀਆਂ ਹਨ।

ਉਹ ਕਹਿੰਦੇ ਹਨ, "ਛੋਟੇ ਦੀਪਾਂ 'ਤੇ ਆਧਾਰਿਤ ਪ੍ਰੋਗਰਾਮਾਂ ਦੇ ਉਲਟ, ਤੁਰਕੀ ਇੱਕ ਵੱਡਾ ਖੇਤਰੀ ਕੇਂਦਰ ਹੈ ਅਤੇ ਇਸ ਲਈ ਯੋਗਤਾ ਹਾਸਲ ਕਰਨਾ ਮੁਕਾਬਲਤਨ ਆਸਾਨ ਹੈ।"

ਬਿਨੈਕਾਰਾਂ ਨੂੰ ਘੱਟ ਤੋਂ ਘੱਟ 400,000 ਡਾਲਰ ਮੁੱਲ ਦੀ ਜਾਇਦਾਦਾਂ ਖਰੀਦਣੀ ਹੁੰਦੀ ਹੈ ਅਤੇ ਉਸ ਨੂੰ ਤਿੰਨ ਸਾਲ ਤੱਕ ਆਪਣੇ ਕੋਲ ਰੱਖਣਾ ਹੁੰਦਾ ਹੈ।

ਸੁਰਾਕ ਦੱਸਦੇ ਹਨ ਕਿ ਇਹ ਪ੍ਰੋਗਰਾਮ ਇਰਾਕ, ਈਰਾਨ, ਪਾਕਿਸਤਾਨ ਅਤੇ ਸੀਰੀਆ ਵਰਗੇ ਸੀਮਤ ਪਰਵਾਸ ਵਾਲੇ ਦੇਸ਼ਾਂ ਵਿੱਚ ਬਿਨੈਕਾਰਾਂ ਲਈ ਵਿਸ਼ੇਸ਼ ਰੂਪ ਨਾਲ ਆਕਰਸ਼ਕ ਸਾਬਤ ਹੋਇਆ ਹੈ।

"ਬੇਸ਼ੱਕ ਇੱਕ ਆਮ ਤੁਰਕੀ ਪਾਸਪੋਰਟ ਨਾਲ ਯੂਰਪੀ ਸੰਘ ਵਿੱਚ ਬਿਨਾਂ ਵੀਜ਼ੇ ਦੇ ਪ੍ਰਵੇਸ਼ ਨਾ ਮਿਲੇ, ਫਿਰ ਵੀ ਇਹ ਕਈ ਹੋਰ ਪਾਸਪੋਰਟਾਂ ਤੋਂ ਬਿਹਤਰ ਹੈ।"

ਇਹ ਅਪੀਲ ਦੁਨੀਆਂ ਭਰ ਦੇ ਪਾਸਪੋਰਟਾਂ ਦੁਆਰਾ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਵਿੱਚ ਮੌਜੂਦ ਵਿਆਪਕ ਅੰਤਰ ਨੂੰ ਦਰਸਾਉਂਦੀ ਹੈ।

ਹੇਨਲੀ ਪਾਸਪੋਰਟ ਇੰਡੈਕਸ ਦੇ ਅਨੁਸਾਰ, 2026 ਵਿੱਚ ਦੁਨੀਆਂ ਦਾ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਸਿੰਗਾਪੁਰ-192 ਠਿਕਾਣਿਆਂ ਲਈ ਬਿਨਾ ਵੀਜ਼ੇ ਦੇ ਯਾਤਰਾ ਦੀ ਆਗਿਆ ਦਿੰਦਾ ਹੈ, ਜਦੋਂਕਿ ਸਭ ਤੋਂ ਘੱਟ ਰੈਂਕਿੰਗ ਵਾਲਾ ਪਾਸਪੋਰਟ ਅਫ਼ਗਾਨਿਸਤਾਨ, ਸਿਰਫ਼ 24 ਟਿਕਾਣਿਆਂ ਤੱਕ ਹੀ ਪਹੁੰਚ ਪ੍ਰਦਾਨ ਕਰਦਾ ਹੈ।

ਜਿਵੇਂ ਜਿਵੇਂ ਆਉਣ-ਜਾਣ ਦਾ ਮਹੱਤਵ ਵਧਦਾ ਜਾ ਰਿਹਾ ਹੈ, ਅਜਿਹਾ ਲੱਗਦਾ ਹੈ ਕਿ ਨਾਗਰਿਕਤਾ ਨੂੰ ਹੀ ਇੱਕ ਰਣਨੀਤਕ ਸੰਪਤੀ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ।

ਜ਼ਿਆਦਾਤਰ ਲੋਕਾਂ ਲਈ ਡੈਸਕ ਦੀ ਦਰਾਜ ਵਿੱਚ ਰੱਖਿਆ ਪਾਸਪੋਰਟ ਹੁਣ ਸਿਰਫ਼ ਪਛਾਣ ਪੱਤਰ ਨਹੀਂ, ਬਲਕਿ ਇੱਕ ਪ੍ਰਕਾਰ ਦਾ ਬੀਮਾ ਬਣ ਗਿਆ ਹੈ-ਇੱਕ ਅਨਿਸ਼ਚਤ ਦੁਨੀਆਂ ਵਿੱਚ ਇੱਕ ਬੈਕਅਪ ਯੋਜਨਾ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)