ਟਰੰਪ ਦੀ ਡੈਡਲਾਈਨ ਖ਼ਤਮ ਹੋਣ ਤੋਂ ਪਹਿਲਾਂ ਅਮਰੀਕਾ ਤੇ ਈਰਾਨ ਜੰਗਬੰਦੀ ਲਈ ਹੋਏ ਸਹਿਮਤ, ਈਰਾਨ ਨੇ ਪਾਕਿਸਤਾਨ ਦਾ ਕੀਤਾ ਧੰਨਵਾਦ

ਤਸਵੀਰ ਸਰੋਤ, Tom Williams/CQ-Roll Call, Inc via Getty Images

ਤਸਵੀਰ ਕੈਪਸ਼ਨ, ਅਮਰੀਕਾ ਅਤੇ ਈਰਾਨ ਵਿਚਕਾਰ ਦੋ ਹਫਤਿਆਂ ਲਈ ਸੀਜ਼ਫਾਇਰ ਦੀ ਸਹਿਮਤੀ ਹੋਈ ਹੈ।
ਪੜ੍ਹਨ ਦਾ ਸਮਾਂ: 8 ਮਿੰਟ

ਪਾਕਿਸਤਾਨ ਦੀ ਵਿਚੋਲਗੀ ਨਾਲ ਅਮਰੀਕਾ ਅਤੇ ਈਰਾਨ ਦੋ ਹਫਤਿਆਂ ਦੀ ਜੰਗਬੰਦੀ ਲਈ ਸਹਿਮਤ ਹੋ ਗਏ ਹਨ।

ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ ਕਿ ਪਾਕਿਸਤਾਨ ਦੀ ਅਗਵਾਈ ਵਿੱਚ ਹੋਈ ਗੱਲਬਾਤ ਤੋਂ ਬਾਅਦ, ਜੇਕਰ ਈਰਾਨ ਹੋਰਮੁਜ਼ ਸਟ੍ਰੇਟ ਤੋਂ ਜਹਾਜ਼ਾਂ ਦੀ ਆਵਾਜਾਈ ਨੂੰ ਇਜਾਜ਼ਤ ਦੇਣ 'ਤੇ ਸਹਿਮਤ ਹੋ ਜਾਂਦਾ ਹੈ ਤਾਂ ਅਮਰੀਕਾ ਅਤੇ ਈਰਾਨ ਦੇ ਵਿਚਕਾਰ ਜੰਗਬੰਦੀ ਹੋ ਜਾਵੇਗੀ।

ਉਨ੍ਹਾਂ ਨੇ ਕਿਹਾ, "ਮੈਂ ਈਰਾਨ 'ਤੇ ਬੰਬਬਾਰੀ ਅਤੇ ਹਮਲੇ ਦੋ ਹਫ਼ਤਿਆਂ ਲਈ ਰੋਕਣ 'ਤੇ ਸਹਿਮਤ ਹਾਂ।"

Sorry, we can’t display this part of the story on this lightweight mobile page.

ਟਰੰਪ ਨੇ ਕਿਹਾ ਕਿ ਇਸ ਜੰਗਬੰਦੀ 'ਤੇ ਦੋਵੇਂ ਪੱਖ ਸਹਿਮਤ ਹਨ।

ਟਰੰਪ ਨੇ ਅੱਗੇ ਕਿਹਾ ਕਿ ਉਹ ਇਨ੍ਹਾਂ ਦੋ ਹਫ਼ਤਿਆਂ ਦੀ ਜੰਗਬੰਦੀ ਲਈ ਉਦੋਂ ਹੀ ਸਹਿਮਤ ਹੋਣਗੇ, ਜੇ ਇਸਲਾਮਿਕ ਰਿਪਬਲਿਕ ਆਫ ਈਰਾਨ ਹੋਰਮੁਜ਼ ਸਟ੍ਰੇਟ ਨੂੰ ਪੂਰੀ ਤਰ੍ਹਾਂ, ਤੁਰੰਤ ਅਤੇ ਸੁਰੱਖਿਅਤ ਢੰਗ ਨਾਲ ਖੋਲ੍ਹਣ ਲਈ ਰਾਜ਼ੀ ਹੋ ਜਾਂਦਾ ਹੈ।

ਤਸਵੀਰ ਸਰੋਤ, Reuters

ਤਸਵੀਰ ਕੈਪਸ਼ਨ, ਤੇਹਰਾਨ ਵਿੱਚ ਦੋ ਹਫਤਿਆਂ ਦੇ ਸੀਜ਼ਫਾਇਰ ਦੀ ਖੁਸ਼ੀ ਮਨਾਉਣ ਪਹੁੰਚੇ ਲੋਕ

ਇਸੇ ਦੌਰਾਨ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗ਼ਚੀ ਨੇ ਵੀ ਐਲਾਨ ਕੀਤਾ ਹੈ ਕਿ ਜੇ ਈਰਾਨ 'ਤੇ ਹਮਲੇ ਰੋਕ ਦਿੱਤੇ ਜਾਂਦੇ ਹਨ ਤਾਂ ਈਰਾਨ ਜੰਗਬੰਦੀ ਲਈ ਸਹਿਮਤ ਹੋ ਜਾਵੇਗਾ।

ਉਨ੍ਹਾਂ ਨੇ ਅੱਗੇ ਕਿਹਾ, "ਦੋ ਹਫ਼ਤਿਆਂ ਦੇ ਇਸ ਸਮੇਂ ਦੌਰਾਨ ਹੋਰਮੁਜ਼ ਸਟ੍ਰੇਟ ਰਾਹੀਂ ਜਹਾਜ਼ਾਂ ਦੀ ਸੁਰੱਖਿਅਤ ਆਵਾਜਾਈ ਸੰਭਵ ਹੋਵੇਗੀ।"

ਅਰਾਗ਼ਚੀ ਦੇ ਮੁਤਾਬਕ, "ਇਹ ਪ੍ਰਬੰਧ ਈਰਾਨ ਦੀਆਂ ਫੌਜਾਂ ਨਾਲ ਤਾਲਮੇਲ ਕਰਕੇ ਲਾਗੂ ਕੀਤਾ ਜਾਵੇਗਾ ਅਤੇ ਇਸ ਵਿੱਚ ਤਕਨੀਕੀ ਪਾਬੰਦੀਆਂ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇਗਾ।"

ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਈਰਾਨ ਨਾਲ ਚੱਲ ਰਹੇ ਅਮਰੀਕਾ-ਇਜ਼ਰਾਇਲ ਯੁੱਧ ਦੌਰਾਨ ਕਈ ਡੈਡਲਾਈਨਾਂ ਤੈਅ ਕੀਤੀਆਂ, ਮੰਗਾਂ ਰੱਖੀਆਂ ਅਤੇ ਧਮਕੀਆਂ ਦਿੱਤੀਆਂ।

ਉਨ੍ਹਾਂ ਨੇ ਕਿਹਾ ਸੀ ਕਿ ਈਰਾਨ 'ਤੇ ਹਮਲਿਆਂ ਦਾ ਨਵਾਂ ਦੌਰ ਬਹੁਤ ਹੀ ਤਬਾਹਕੁੰਨ ਹੋਵੇਗਾ। ਇਹ ਮੰਗਲਵਾਰ ਨੂੰ ਵਾਸ਼ਿੰਗਟਨ ਸਮੇਂ ਮੁਤਾਬਕ ਰਾਤ 8 ਵਜੇ (ਭਾਰਤੀ ਸਮੇਂ ਅਨੁਸਾਰ ਬੁੱਧਵਾਰ ਸਵੇਰੇ 5:30 ਵਜੇ) ਤੋਂ ਸ਼ੁਰੂ ਹੋ ਸਕਦਾ ਹੈ। ਪਰ ਹੁਣ ਨਵਾਂ ਐਲਾਨ ਕੀਤਾ ਗਿਆ ਹੈ।

ਕੀ ਬੋਲੇ ਟਰੰਪ

ਤਸਵੀਰ ਸਰੋਤ, Brendan SMIALOWSKI / AFP via Getty Image

ਤਸਵੀਰ ਕੈਪਸ਼ਨ, 7 ਅਪ੍ਰੈਲ ਨੂੰ ਵ੍ਹਾਈਟ ਹਾਊਸ ਦੇ ਸਾਹਮਣੇ ਈਰਾਨ ਜੰਗ ਦੇ ਵਿਰੋਧ ਵਿੱਚ ਰੈਲੀ ਕੱਢੀ ਗਈ ਸੀ

ਇਸ ਤੋਂ ਪਹਿਲਾਂ ਟਰੁੱਥ ਸ਼ੋਸ਼ਲ 'ਤੇ ਆਪਣੀ ਲੰਬੀ ਪੋਸਟ ਵਿੱਚ ਟਰੰਪ ਨੇ ਕਿਹਾ, "ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਅਤੇ ਫ਼ੀਲਡ ਮਾਰਸ਼ਲ ਆਸਿਮ ਮੁਨੀਰ ਦੇ ਨਾਲ ਹੋਈ ਗੱਲਬਾਤ ਦੇ ਅਧਾਰ 'ਤੇ ਕਿਉਂਕਿ ਉਨ੍ਹਾਂ ਨੇ ਮੈਨੂੰ ਅਪੀਲ ਕੀਤੀ ਕਿ ਅੱਜ ਰਾਤ ਈਰਾਨ 'ਤੇ ਵਿਨਾਸ਼ਕਾਰੀ ਫ਼ੌਜੀ ਕਾਰਵਾਈ ਨੂੰ ਫ਼ਿਲਹਾਲ ਰੋਕਿਆ ਜਾਵੇ- ਮੈਂ, ਈਰਾਨ 'ਤੇ ਬੰਬਾਰੀ ਅਤੇ ਹਮਲੇ ਨੂੰ ਦੋ ਹਫ਼ਤਿਆਂ ਲਈ ਰੋਕਣ ਵਾਸਤੇ ਸਹਿਮਤ ਹਾਂ। ਪਰ ਇਸ ਸ਼ਰਤ 'ਤੇ ਕਿ ਇਸਲਾਮਿਕ ਰਿਪਬਲਿਕ ਆਫ ਈਰਾਨ, ਹੋਰਮੁਜ਼ ਸਟ੍ਰੇਟ ਨੂੰ ਪੂਰੀ ਤਰ੍ਹਾਂ, ਤੁਰੰਤ ਅਤੇ ਸੁਰੱਖਿਅਤ ਤਰੀਕੇ ਨਾਲ ਖੋਲ੍ਹਣ 'ਤੇ ਸਹਿਮਤ ਹੋਵੇ।"

ਉਨ੍ਹਾਂ ਨੇ ਕਿਹਾ, "ਇਹ ਇੱਕ ਦੋਤਰਫ਼ਾ ਜੰਗਬੰਦੀ ਹੋਏਗੀ।"

ਟਰੰਪ ਨੇ ਇਸ ਦੇ ਪਿੱਛੇ ਕਾਰਨ ਦੱਸਦਿਆਂ ਕਿਹਾ ਕਿ ਅਮਰੀਕਾ ਆਪਣੇ ਸਾਰੇ ਫ਼ੌਜੀ ਉਦੇਸ਼ਾਂ ਨੂੰ ਨਾ ਸਿਰਫ਼ ਹਾਸਿਲ ਕਰ ਚੁੱਕਿਆ ਹੈ, ਬਲਕਿ ਉਨ੍ਹਾਂ ਤੋਂ ਅੱਗੇ ਨਿਕਲ ਚੁੱਕਿਆ ਹੈ। ਅਤੇ ਈਰਾਨ ਨਾਲ ਲੰਬੇ ਸਮੇਂ ਦੀ ਸ਼ਾਂਤੀ ਅਤੇ ਮੱਧ ਪੂਰਬ ਵਿੱਚ ਸਥਾਈ ਸ਼ਾਂਤੀ ਨੂੰ ਲੈ ਕੇ ਇੱਕ ਫੈਸਲਾਕੁੰਨ ਸਮਝੌਤੇ ਦੇ ਬਹੁਤ ਨੇੜੇ ਪਹੁੰਚ ਚੁੱਕਿਆ ਹੈ।

ਉਨ੍ਹਾਂ ਨੇ ਦਾਅਵਾ ਕੀਤਾ ਕਿ ਈਰਾਨ ਵੱਲੋਂ 10 ਬਿੰਦੂਆਂ ਦਾ ਇੱਕ ਪ੍ਰਸਤਾਅ ਮਿਲਿਆ ਹੈ, ਜਿਸ ਨੂੰ ਗੱਲਬਾਤ ਲਈ ਇੱਕ ਵਿਹਾਰਕ ਅਧਾਰ ਮੰਨਿਆ ਜਾ ਰਿਹਾ ਹੈ। ਟਰੰਪ ਮੁਤਾਬਕ, "ਅਮਰੀਕਾ ਅਤੇ ਈਰਾਨ ਵਿਚਕਾਰ ਵਿਵਾਦ ਤੇ ਤਕਰੀਬਨ ਸਾਰੇ ਅਹਿਮ ਮੁੱਦਿਆਂ 'ਤੇ ਸਹਿਮਤੀ ਬਣ ਚੁੱਕੀ ਹੈ, ਪਰ ਇਹ ਦੋ ਹਫਤਿਆਂ ਦਾ ਸਮਾਂ ਸਮਝੌਤੇ ਨੂੰ ਅੰਤਿਮ ਰੂਪ ਦੇਣ ਅਤੇ ਰਸਮੀ ਤੌਰ 'ਤੇ ਲਾਗੂ ਕਰਨ ਲਈ ਦਿੱਤਾ ਜਾਏਗਾ।"

ਅੰਤ ਵਿੱਚ ਟਰੰਪ ਨੇ ਕਿਹਾ, "ਸੰਯੁਕਤ ਰਾਜ ਅਮਰੀਕਾ ਦੇ ਰਾਸ਼ਟਰਪਤੀ ਵਜੋਂ, ਮੈਂ ਅਤੇ ਨਾਲ ਹੀ ਮੱਧ ਪੂਰਬ ਦੇਸ਼ਾਂ ਦੀ ਨੁਮਾਇੰਦਗੀ ਕਰਦਿਆਂ, ਲੰਬੇ ਸਮੇਂ ਤੋਂ ਚੱਲੇ ਆ ਰਹੇ ਮੁੱਦੇ ਦੇ ਹੱਲ ਦੇ ਨੇੜੇ ਪਹੁੰਚਣਾ ਸਨਮਾਨ ਦੀ ਗੱਲ ਹੈ। "

ਈਰਾਨ ਨੇ ਕੀ ਕਿਹਾ?

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਈਰਾਨ ਦੇ ਵਿਦੇਸ਼ ਮੰਤਰੀ ਅਬਾਸ ਨੇ ਕਿਹਾ ਹੈ ਕਿ ਈਰਾਨ ਸੀਜ਼ਫਾਇਰ ਲਈ ਸਹਿਮਤ ਹੋਵੇਗਾ ਜੇਕਰ ਈਰਾਨ 'ਤੇ ਹਮਲੇ ਰੋਕੇ ਜਾਣਗੇ ਤਾਂ।

ਬੀਬੀਸੀ ਪਰਸ਼ੀਅਨ ਦੀ ਸੀਨੀਅਰ ਰਿਪੋਰਟ ਗੋਂਚੇ ਹਬੀਬਜ਼ਾਦ ਮੁਤਾਬਕ ਈਰਾਨ ਦੀ ਸੁਪਰੀਮ ਨੈਸ਼ਨਲ ਸਕਿਉਰਟੀ ਕਾਉਂਸਿਲ ਨੇ ਸ਼ਰਤਾਂ ਦੇ ਨਾਲ ਜੰਗਬੰਦੀ ਦਾ ਐਲਾਨ ਕੀਤਾ। ਇਸ ਤੋਂ ਬਾਅਦ ਇੱਕ ਬਿਆਨ ਵਿੱਚ ਕਿਹਾ ਹੈ ਕਿ ਸਮਝੌਤੇ ਦੇ ਬਿਓਰੇ ਨੂੰ ਅੰਤਿਮ ਰੂਪ ਦੇਣ ਲਈ ਜ਼ਿਆਦਾਤਰ ਪੰਦਰਾਂ ਦਿਨਾਂ ਦੇ ਅੰਦਰ ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ਵਿਚਕਾਰ ਗੱਲਬਾਤ ਹੋਏਗੀ।

ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਗੱਲਬਾਤ ਇਸ ਲਈ ਹੋਏਗੀ ਤਾਂਕਿ "ਮੈਦਾਨ ਵਿੱਚ ਈਰਾਨ ਦੀ ਜਿੱਤ ਨੂੰ ਸਿਆਸੀ ਗੱਲਬਾਤ ਵਿੱਚ ਵੀ ਮਜ਼ਬੂਤ ਕੀਤਾ ਜਾ ਸਕੇ।"

ਈਰਾਨ ਦੀ ਸੁਪਰੀਮ ਨੈਸ਼ਨਲ ਸਕਿਉਰਟੀ ਕਾਉਂਸਲ ਦੇ ਬਿਆਨ ਮੁਤਾਬਕ ਅਮਰੀਤਾ ਨੇ ਇਨ੍ਹਾਂ ਗੱਲਾਂ 'ਤੇ ਸਹਿਮਤੀ ਜਤਾਈ ਹੈ।

ਈਰਾਨ ਖ਼ਿਲਾਫ਼ ਆਰਮੀ ਹਮਲਾਵਰ ਕਾਰਵਾਈ ਦੋਬਾਰਾ ਨਾ ਕਰਨ ਦੀ ਗਾਰੰਟੀ।

ਸਟ੍ਰੇਟ ਆਫ ਹੋਮਰੁਜ਼ 'ਤੇ ਈਰਾਨ ਦਾ ਕੰਟਰੋਲ ਜਾਰੀ ਰਹਿਣਾ।

ਯੁਰੇਨੀਅਮ ਅਨਰਿਚਮੈਂਚ ਨੂੰ ਸਵੀਕਾਰ ਕਰਨਾ।

ਸਾਰੇ ਬੈਨ ਹਟਾਉਣਾ।

ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਅਤੇ ਇੰਟਰਨੈਸ਼ਨਲ ਐਟਾਮਿਕ ਐਨਰਜੀ ਏਜੰਸੀ ਦੇ ਸਾਰੇ ਪ੍ਰਸਤਾਅ ਖ਼ਤਮ ਕਰਨਾ।

ਈਰਾਨ ਨੂੰ ਮੁਆਵਜ਼ਾ ਦੇਣਾ।

ਖੇਤਰ ਤੋਂ ਅਮਰੀਕੀ ਲੜਾਕੂ ਬਲਾਂ ਦੀ ਵਾਪਸੀ।

ਅਤੇ ਸਾਰੇ ਮੋਰਚਿਆਂ 'ਤੇ ਯੁੱਧ ਰੋਕਣਾ, ਜਿਸ ਵਿੱਚ ਲੈਬਨਾਨ ਦੀ ਇਸਲਾਮਿਕ ਰੈਜੇਸਟੈਂਸ ਖ਼ਿਲਾਫ਼ ਕਾਰਵਾਈ ਵੀ ਸ਼ਾਮਲ ਹੈ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕੀ ਕਿਹਾ?

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸ਼ਰੀਫ ਅਤੇ ਟਰੰਪ ਦੀ ਜਨਵਰੀ ਮਹੀਨੇ ਦੀ ਤਸਵੀਰ , ਜਿਸ ਵਿੱਚ ਉਹ ਬੋਰਡ ਆਫ ਪੀਸ ਮੀਟਿੰਗ ਦੌਰਾਨ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ

ਅਮਰੀਕਾ ਅਤੇ ਈਰਾਨ ਵਿਚਕਾਰ ਦੋ ਹਫਤਿਆਂ ਲਈ ਸੀਜ਼ਫਾਇਰ ਦੀ ਜਾਣਕਾਰੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਵੱਲੋਂ ਸਾਂਝੀ ਕੀਤੀ ਗਈ।

ਗੱਲਬਾਤ ਦੀ ਵਚੋਲਗੀ ਕਰ ਰਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਬਾਜ਼ ਸ਼ਰੀਫ਼ ਨੇ ਕਿਹਾ ਹੈ ਕਿ ਜੰਗਬੰਦੀ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਈ ਹੈ।

ਟਰੰਪ ਵੱਲੋਂ ਦਿੱਤੀ ਡੈਡਲਾਈਨ ਦੇ ਖ਼ਤਮ ਹੋਣ ਤੋਂ ਠੀਕ 10 ਮਿੰਟ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਐਕਸ ਉੱਤੇ ਪੋਸਟ ਪਾਈ ,ਉਨ੍ਹਾਂ ਨੇ ਕਿਹਾ, "ਬਹੁਤ ਨਿਮਰਤਾ ਨਾਲ ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਈਰਾਨ ਦੇ ਇਸਲਾਮੀ ਗਣਰਾਜ ਅਤੇ ਅਮਰੀਕਾ ਨੇ ਆਪਣੇ ਸਾਥੀਆਂ ਸਮੇਤ ਲੈਬਨਾਨ ਅਤੇ ਹੋਰ ਥਾਵਾਂ ਸਮੇਤ ਹਰ ਜਗ੍ਹਾ ਤੁਰੰਤ ਜੰਗਬੰਦੀ 'ਤੇ ਸਹਿਮਤੀ ਜਤਾ ਦਿੱਤੀ ਹੈ, ਜੋ ਤੁਰੰਤ ਪ੍ਰਭਾਵ ਨਾਲ ਲਾਗੂ ਹੈ।"

ਉਨ੍ਹਾਂ ਨੇ ਇਸ ਕਦਮ ਦਾ ਸਵਾਗਤ ਕੀਤਾ ਅਤੇ ਵਫ਼ਦਾਂ ਨੂੰ ਸ਼ੁੱਕਰਵਾਰ, 10 ਅਪ੍ਰੈਲ ਨੂੰ ਇਸਲਾਮਾਬਾਦ ਆਉਣ ਦਾ ਸੱਦਾ ਦਿੱਤਾ, "ਤਾਂ ਜੋ ਸਾਰੇ ਵਿਵਾਦਾਂ ਦੇ ਨਿਪਟਾਰੇ ਲਈ ਅੰਤਿਮ ਸਮਝੌਤੇ ਵਾਸਤੇ ਹੋਰ ਗੱਲਬਾਤ ਕੀਤੀ ਜਾ ਸਕੇ।"

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਈਰਾਨ ਨਾਲ ਜੰਗਬੰਦੀ ਸਮਝੌਤੇ ਲਈ ਸਥਾਨਕ ਸਮੇਂ ਮੁਤਾਬਕ ਰਾਤ 8 ਵਜੇ ਤੱਕ ਦੀ ਮਿਆਦ ਤੈਅ ਕੀਤੀ ਸੀ ਅਤੇ ਸਮਝੌਤਾ ਨਾ ਹੋਣ ਦੀ ਸੂਰਤ ਵਿੱਚ ਸਖ਼ਤ ਚੇਤਾਵਨੀ ਦਿੱਤੀ ਸੀ।

ਮਿਆਦ ਖਤਮ ਹੋਣ ਤੋਂ ਸਿਰਫ਼ ਦੱਸ ਮਿੰਟ ਪਹਿਲਾਂ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਕਿਹਾ ਕਿ ਜੰਗਬੰਦੀ "ਤੁਰੰਤ ਪ੍ਰਭਾਵ ਨਾਲ ਲਾਗੂ" ਹੋ ਗਈ ਹੈ।

ਸ਼ਰੀਫ਼ ਨੇ ਕਿਹਾ, "ਦੋਵਾਂ ਪੱਖਾਂ ਨੇ ਕਾਬਿਲੇ-ਤਾਰੀਫ਼ ਸਮਝਦਾਰੀ ਅਤੇ ਸੂਝਬੂਝ ਦਿਖਾਈ ਹੈ ਅਤੇ ਅਮਨ ਤੇ ਸਥਿਰਤਾ ਨੂੰ ਅੱਗੇ ਵਧਾਉਣ ਲਈ ਰਚਨਾਤਮਕ ਤਰੀਕੇ ਨਾਲ ਜੁੜੇ ਰਹੇ ਹਨ।"

ਉਨ੍ਹਾਂ ਨੇ ਕਿਹਾ, "ਸਾਨੂੰ ਪੂਰੀ ਉਮੀਦ ਹੈ ਕਿ 'ਇਸਲਾਮਾਬਾਦ ਟਾਕਸ' ਟਿਕਾਊ ਅਮਨ ਕਾਇਮ ਕਰਨ ਵਿੱਚ ਕਾਮਯਾਬ ਹੋਣਗੀਆਂ ਅਤੇ ਅਸੀਂ ਆਉਣ ਵਾਲੇ ਦਿਨਾਂ ਵਿੱਚ ਹੋਰ ਚੰਗੀਆਂ ਖ਼ਬਰਾਂ ਸਾਂਝੀਆਂ ਕਰਨ ਦੀ ਉਮੀਦ ਕਰਦੇ ਹਾਂ।"

ਈਰਾਨ ਨੇ ਪਾਕਿਸਤਾਨ ਦਾ ਸ਼ੁਕਰੀਆ ਅਦਾ ਕਰਦਿਆਂ ਕੀ ਐਲਾਨ ਕੀਤਾ ?

ਤਸਵੀਰ ਸਰੋਤ, SAYED HASSAN/GETTY IMAGES

ਤਸਵੀਰ ਕੈਪਸ਼ਨ, ਅੱਬਾਸ ਅਰਾਗਚੀ ਨੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਅਤੇ ਫ਼ੀਲਡ ਮਾਰਸ਼ਲ ਦਾ ਜੰਗਬੰਦੀ ਦੀਆਂ ਕੋਸ਼ਿਸ਼ਾਂ ਲਈ ਧੰਨਵਾਦ ਕੀਤਾ ਹੈ।

ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਪਾਕਿਸਤਾਨ ਦੇ ਪ੍ਰਧਾਨਮੰਤਰੀ ਅਤੇ ਫ਼ੀਲਡ ਮਾਰਸ਼ਲ ਦਾ ਜੰਗਬੰਦੀ ਦੀਆਂ ਕੋਸ਼ਿਸ਼ਾਂ ਲਈ ਧੰਨਵਾਦ ਕੀਤਾ ਹੈ।

ਅੱਬਾਸ ਅਰਾਗਚੀ ਨੇ ਸ਼ੋਸ਼ਲ ਮੀਡੀਆ ਪਲੇਟਫ਼ਾਰਮ ਐਕਸ 'ਤੇ ਬਿਆਨ ਜਾਰੀ ਕੀਤਾ। ਉਨ੍ਹਾਂ ਨੇ ਕਿਹਾ, "ਈਰਾਨ ਵੱਲੋਂ ਮੈਂ ਆਪਣੇ ਪਿਆਰੇ ਭਰਾਵਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਅਤੇ ਫ਼ੀਲਡ ਮਾਰਸ਼ਲ ਮੁਨੀਰ ਦਾ ਜੰਗ ਖ਼ਤਮ ਕਰਨ ਦੀਆਂ ਕੋਸ਼ਿਸ਼ਾਂ ਲਈ ਧੰਨਵਾਦ ਅਦਾ ਕਰਦਾ ਹਾਂ।"

ਤਸਵੀਰ ਸਰੋਤ, X/ARAGHCHI

ਤਸਵੀਰ ਕੈਪਸ਼ਨ, ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਦਾ ਐਕਸ 'ਤੇ ਜਾਰੀ ਹੋਇਆ ਬਿਆਨ

"ਪ੍ਰਧਾਨ ਮੰਤਰੀ ਸ਼ਰੀਫ਼ ਨੇ ਭਾਈਚਾਰੇ ਦੀ ਅਪੀਲ ਕੀਤੀ, ਅਮਰੀਕਾ ਨੇ 15 ਬਿੰਦੂਆਂ ਵਾਲੀ ਗੱਲਬਾਤ ਦਾ ਪ੍ਰਸਤਾਅ ਦਿੱਤਾ ਅਤੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਈਰਾਨ ਦੇ 10 ਬਿੰਦੂਆਂ ਵਾਲੇ ਪ੍ਰਸਤਾਅ ਨੂੰ ਗੱਲਬਾਤ ਦੇ ਅਧਾਰ ਵਜੋਂ ਸਵੀਕਾਰ ਕਰਨ ਦਾ ਐਲਾਨ ਕੀਤਾ।"

ਅੱਬਾਸ ਅਰਾਗਚੀ ਨੇ ਐਲਾਨ ਕਰਦਿਆਂ ਲਿਖਿਆ, "ਇਸ ਸਭ ਨੂੰ ਧਿਆਨ ਵਿੱਚ ਰੱਖਦਿਆਂ, ਮੈਂ ਈਰਾਨ ਦੀ ਸੁਪਰੀਮ ਨੈਸ਼ਨਲ ਸਕਿਉਰਟੀ ਕਾਉਂਸਿਲ ਵੱਲੋਂ ਇਹ ਐਲਾਨ ਕਰਦਾ ਹਾਂ ਕਿ ਜੇ ਈਰਾਨ 'ਤੇ ਹਮਲੇ ਰੋਕੇ ਜਾਂਦੇ ਹਨ, ਤਾਂ ਸਾਡੀ ਤਾਕਤਵਰ ਫੌਜ ਆਪਣੀ ਰੱਖਿਆਤਮਕ ਕਾਰਵਾਈ ਬੰਦ ਕਰ ਦੇਵੇਗੀ। ਦੋ ਹਫ਼ਤਿਆਂ ਦੇ ਸਮੇਂ ਲਈ ਹੋਰਮੁਜ਼ ਸਟ੍ਰੇਟ ਤੋਂ ਸੁਰੱਖਿਅਤ ਆਵਾਜਾਈ ਈਰਾਨੀ ਫੌਜ ਦੇ ਨਾਲ ਤਾਲਮੇਲ ਅਤੇ ਤਕਨੀਕੀ ਸੀਮਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਸੰਭਵ ਹੋਏਗੀ।"

ਇਸ ਤੋਂ ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਵੀ ਜੰਗਬੰਦੀ ਹੋਣ 'ਤੇ ਅਮਰੀਕਾ ਅਤੇ ਈਰਾਨ ਦਾ ਸ਼ੁਕਰੀਆ ਅਦਾ ਕੀਤਾ ਸੀ।

ਅਮਰੀਕਾ ਅਤੇ ਈਰਾਨ ਦੀ ਜੰਗਬੰਦੀ 'ਤੇ ਇਜ਼ਰਾਇਲ ਦੀ ਪਹਿਲੀ ਪ੍ਰਤੀਕਿਰਿਆ

ਤਸਵੀਰ ਸਰੋਤ, RONEN ZVULUN/POOL/AFP VIA GETTY IMAGES

ਤਸਵੀਰ ਕੈਪਸ਼ਨ, ਇਜ਼ਰਾਇਲ ਨੇ ਕਿਹਾ ਹੈ ਕਿ ਲੈਬਨਾਨ ਵਿੱਚ ਜੰਗਬੰਦੀ ਲਾਗੂ ਨਹੀਂ ਹੋਏਗੀ।

ਇਜ਼ਰਾਇਲ ਨੇ ਅਮਰੀਕਾ ਅਤੇ ਈਰਾਨ ਦਰਮਿਆਨ ਹੋਏ ਜੰਗਬੰਦੀ ਦੇ ਫ਼ੈਸਲੇ ਨੂੰ ਮੰਨ ਲਿਆ ਹੈ। ਪਰ ਉਨ੍ਹਾਂ ਨੇ ਸਪਸ਼ਟ ਕੀਤਾ ਕਿ ਲੈਬਨਾਨ ਵਿੱਚ ਜੰਗਬੰਦੀ ਲਾਗੂ ਨਹੀਂ ਹੋਏਗੀ।

ਇਜ਼ਰਾਇਲ ਨੇ ਆਪਣੇ ਅਧਿਕਾਰਤ ਬਿਆਨ ਵਿੱਚ ਕਿਹਾ, "ਅਸੀਂ ਰਾਸ਼ਟਰਪਤੀ ਟਰੰਪ ਦੇ ਉਸ ਫ਼ੈਸਲੇ ਦਾ ਸਮਰਥਨ ਕਰਦੇ ਹਾਂ ਜਿਸ ਵਿੱਚ ਈਰਾਨ 'ਤੇ ਹਮਲੇ ਦੋ ਹਫ਼ਤਿਆਂ ਲਈ ਰੋਕਣ ਦੀ ਗੱਲ ਕਹੀ ਗਈ ਹੈ। ਬਸ਼ਰਤੇ ਈਰਾਨ ਹੋਰਮੁਜ਼ ਸਟ੍ਰੇਟ ਖੋਲ੍ਹੇ ਅਤੇ ਅਮਰੀਕਾ, ਇਜ਼ਰਾਇਲ ਅਤੇ ਹੋਰ ਦੇਸ਼ਾਂ 'ਤੇ ਹਮਲੇ ਬੰਦ ਕਰੇ।"

ਅੱਗੇ ਕਿਹਾ ਗਿਆ ਹੈ, "ਇਜ਼ਰਾਇਲ ਅਮਰੀਕਾ ਦੀ ਉਸ ਕੋਸ਼ਿਸ਼ ਦਾ ਸਮਰਥਨ ਕਰਦਾ ਹੈ ਜਿਸ ਵਿੱਚ ਇਹ ਯਕੀਨੀ ਕਰਨਾ ਹੈ ਕਿ ਈਰਾਨ ਹੁਣ ਪਰਮਾਣੂ ਹਥਿਆਰ, ਮਿਜ਼ਾਈਲ ਜਾਂ ਅੱਤਵਾਦ ਦਾ ਖ਼ਤਰਾ ਨਾ ਬਣੇ। ਨਾ ਅਮਰੀਕਾ ਲਈ, ਨਾ ਇਜ਼ਰਾਇਲ ਲਈ, ਨਾ ਈਰਾਨ ਦੇ ਅਰਬ ਗੁਆਂਢੀਆਂ ਲਈ ਅਤੇ ਨਾ ਹੀ ਦੁਨੀਆਂ ਲਈ।"

"ਅਮਰੀਕਾ ਨੇ ਇਜ਼ਰਾਇਲ ਨੂੰ ਦੱਸਿਆ ਹੈ ਕਿ ਉਹ ਇਨ੍ਹਾਂ ਟੀਚਿਆਂ ਨੂੰ ਹਾਸਿਲ ਕਰਨ ਲਈ ਪ੍ਰਤੀਬੱਧ ਹੈ। ਆਉਣ ਵਾਲੀ ਗੱਲਬਾਤ ਵਿੱਚ ਇਨ੍ਹਾਂ ਟੀਚਿਆਂ ਨੂੰ ਅਮਰੀਕਾ ਸਾਡੇ ਅਤੇ ਸਾਡੇ ਖੇਤਰੀ ਸਹਿਯੋਗੀਆਂ ਨਾਲ ਸਾਂਝਾ ਕਰੇਗਾ। "

ਗੌਰ ਕਰਨ ਵਾਲਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਐਕਸ ਪੋਸਟ ਵਿੱਚ ਦੱਸਿਆ ਸੀ ਕਿ 'ਲੈਬਨਾਨ ਵਿੱਚ ਵੀ ਜੰਗਬੰਦੀ' ਲਾਗੂ ਹੋਏਗੀ। ਪਰ ਇਜ਼ਰਾਇਲ ਨੇ ਕਿਹਾ ਹੈ ਕਿ ਲੈਬਨਾਨ ਵਿੱਚ ਜੰਗਬੰਦੀ ਲਾਗੂ ਨਹੀਂ ਹੋਏਗੀ।

ਸੀਜ਼ਫਾਇਰ ਕੀ ਹੁੰਦਾ ਹੈ ਅਤੇ ਇਸ ਦੀ ਉਲੰਘਣਾ ਦਾ ਕੀ ਮਤਲਬ ਹੁੰਦਾ ਹੈ?

ਸੀਜ਼ਫਾਇਰ ਭਾਵ ਸੰਘਰਸ਼ ਵਿਰਾਮ ਜਿਸ ਨੂੰ ਪੰਜਾਬੀ ਵਿੱਚ ਜੰਗਬੰਦੀ ਕਿਹਾ ਜਾਂਦਾ ਹੈ।

ਜਦੋਂ ਦੋ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਜੰਗ ਰੋਕਣ ਉੱਤ ਸਹਿਮਤੀ ਬਣੇ ਤਾਂ ਇਸ ਨੂੰ ਸੀਜ਼ਫਾਇਰ ਕਹਿੰਦੇ ਹਨ। ਕਈ ਵਾਰ ਦੋਵੇਂ ਪੱਖ ਆਪਸ ਵਿੱਚ ਗੱਲ ਕਰਕੇ ਸੀਜ਼ਫਾਇਰ ਕਰਦੇ ਹਨ ਅਤੇ ਕਈ ਵਾਰ ਕੋਈ ਵਿਚੋਲਗੀ ਕਰਦਾ ਹੈ।

ਸੀਜ਼ਫਾਇਰ ਅਸਥਾਈ ਵੀ ਹੋ ਸਕਦਾ ਹੈ ਅਤੇ ਸਥਾਈ ਵੀ ਹੋ ਸਕਦਾ ਹੈ।

ਜੇਕਰ ਕਿਸੇ ਦੇਸ਼ ਦੀ ਫੌਜ ਸੀਜ਼ਫਾਇਰ ਹੋਣ ਦੇ ਬਾਵਜੂਦ ਵੀ ਹਮਲਾ ਕਰਨਾ ਸ਼ੁਰੂ ਕਰ ਦੇਵੇ ਤਾਂ ਉਸ ਨੂੰ ਸੀਜ਼ਫਾਇਰ ਦੀ ਉਲੰਘਣਾ ਕਿਹਾ ਜਾਂਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)