ਆਰਟੇਮਿਸ II ਦੇ ਲਾਂਚ ਤੋਂ ਲੈ ਕੇ ਹੁਣ ਤੱਕ ਕੀ-ਕੀ ਹੋਇਆ, ਪੁਲਾੜ 'ਚ ਪਹੁੰਚੇ ਯਾਤਰੀਆਂ ਨੇ ਕੀ ਕਿਹਾ

ਤਸਵੀਰ ਸਰੋਤ, Getty Images
- ਲੇਖਕ, ਰੇਬੇਕਾ ਮੋਰੇਲ, ਐਲੀਸਨ ਫਰਾਂਸਿਸ, ਕੇਵਿਨ ਚਰਚ, ਪੱਲਬ ਘੋਸ਼
- ਰੋਲ, ਬੀਬੀਸੀ ਨਿਊਜ਼
- ਪੜ੍ਹਨ ਦਾ ਸਮਾਂ: 6 ਮਿੰਟ
ਨਾਸਾ ਦਾ ਆਰਟੇਮਿਸ 2 ਮਿਸ਼ਨ ਹੁਣ ਘਰ ਵੱਲ ਪਰਤ ਰਿਹਾ ਹੈ।
ਪੰਜਾਹ ਸਾਲਾਂ ਤੋਂ ਵੱਧ ਸਮੇਂ ਬਾਅਦ ਚੰਦਰਮਾ ਲਈ ਨਾਸਾ ਦਾ ਇਹ ਪਹਿਲਾ ਮਿਸ਼ਨ ਲਾਂਚ ਹੋਇਆ ਸੀ, ਜਿਸ ਨੇ ਚੰਨ ਵੱਲ ਉਡਾਣ ਭਰੀ।
ਇਸ ਕਰੂ ਦੇ ਮੈਂਬਰ ਧਰਤੀ ਤੋਂ ਇੰਨੀ ਦੂਰ ਗਏ ਜਿੰਨਾ ਅੱਜ ਤੱਕ ਕੋਈ ਨਹੀਂ ਗਿਆ।
ਨਾਸਾ ਦੇ ਆਰਟੇਮਿਸ ਪ੍ਰੋਗਰਾਮ ਵਿੱਚ ਕਈ ਸਾਲਾਂ ਦੀ ਮਿਹਨਤ ਲੱਗੀ ਹੈ, ਹਜ਼ਾਰਾਂ ਲੋਕ ਇਸ ਨਾਲ ਜੁੜੇ ਰਹੇ ਹਨ ਅਤੇ ਹੁਣ ਤੱਕ ਇਸ 'ਤੇ ਤਕਰੀਬਨ 93 ਅਰਬ ਡਾਲਰ ਖ਼ਰਚ ਹੋ ਚੁੱਕੇ ਹਨ।
ਇਸ ਮਿਸ਼ਨ ਨੂੰ ਲੈ ਕੇ ਲੋਕਾਂ ਅੰਦਰ ਕੁਝ ਸਵਾਲ ਹਨ, ਜਿਵੇਂ ਕਿ ਇਹ ਮਿਸ਼ਨ ਕੀ ਹੈ, ਰਾਕੇਟ ਰਾਹੀਂ ਕੌਣ-ਕੌਣ ਉਪਰ ਗਿਆ, ਆਰਟੇਮਿਸ ਦੇ ਚਾਲਕ ਦਲ ਦਾ ਧਰਤੀ ਨਾਲ ਕਦੋਂ ਸੰਪਰਕ ਟੁੱਟਦਾ, ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਦੇਣ ਦੀ ਇਸ ਰਿਪੋਰਟ ਵਿੱਚ ਕੋਸ਼ਿਸ਼ ਕਰਾਂਗੇ।
1.ਆਰਟੇਮਿਸ II ਮਿਸ਼ਨ ਕੀ ਹੈ?

ਤਸਵੀਰ ਸਰੋਤ, Getty Images
ਆਰਟੇਮਿਸ II ਮਿਸ਼ਨ ਦਾ ਮਕਸਦ, 1960 ਅਤੇ 1970 ਦਹਾਕੇ ਦੇ ਅਪੋਲੋ ਮਿਸ਼ਨਾਂ ਤੋਂ ਬਾਅਦ ਪਹਿਲੀ ਵਾਰ ਇਨਸਾਨ ਨੂੰ ਚੰਦਰਮਾ ਦੀ ਧਰਤੀ 'ਤੇ ਲੈਂਡ ਕਰਵਾਉਣਾ ਹੈ।
ਇਸ ਮਿਸ਼ਨ 'ਚ ਨਾਸਾ ਦੇ ਵਿਸ਼ਾਲ ਸਪੇਸ ਲਾਂਚ ਸਿਸਟਮ (ਐਸਐਲਐਸ) ਰਾਕੇਟ ਅਤੇ ਓਰੀਅਨ ਸਪੇਸ ਕੈਪਸੂਲ ਦੀ ਪਹਿਲੀ ਮਨੁੱਖੀ ਉਡਾਣ ਸ਼ਾਮਿਲ ਹੈ।
ਇਹ ਪੁਲਾੜੀ ਵਾਹਨ ਧਰਤੀ ਤੋਂ 4 ਲੱਖ 6 ਹਜ਼ਾਰ 771 ਕਿਲੋਮੀਟਰ ਦੂਰ ਗਿਆ।
ਇਸ ਨੇ ਮਨੁੱਖ ਦੇ ਸਪੇਸ ਵਿੱਚ ਸਭ ਤੋਂ ਦੂਰ ਜਾਣ ਦਾ ਰਿਕਾਰਡ ਤੋੜਿਆ ਹੈ
ਪੁਲਾੜ ਯਾਤਰੀਆਂ ਨੇ ਟੈਸਟ ਕਰਨਾ ਸੀ ਕਿ ਓਰੀਅਨ ਕਿਵੇਂ ਕੰਮ ਕਰਦਾ ਹੈ। ਉਨ੍ਹਾਂ ਨੇ ਇਸ ਵਿੱਚ ਕੈਪਸੂਲ ਨੂੰ ਧਰਤੀ ਦੀ ਓਰਬਿਟ 'ਚ ਮਨੁੱਖੀ ਢੰਗ ਨਾਲ ਪਹੁੰਚਾਉਣ ਅਤੇ ਭਵਿੱਖ 'ਚ ਚੰਦਰਮਾ ਲੈਂਡਿੰਗ ਲਈ ਸਪੇਸਕ੍ਰਾਫਟ ਨੂੰ ਸਹੀ ਢੰਗ ਨਾਲ ਸੈੱਟ ਕਰਨ ਦੀ ਪ੍ਰੈਕਟਿਸ ਕਰਨੀ ਸੀ।
2. ਆਰਟੇਮਿਸ II ਕਦੋਂ ਲਾਂਚ ਹੋਇਆ?

ਤਸਵੀਰ ਸਰੋਤ, Getty Images
ਆਰਟੇਮਿਸ II ਮਿਸ਼ਨ ਲਈ ਰਾਕੇਟ ਨੇ ਸਥਾਨਕ ਸਮੇਂ ਅਨੁਸਾਰ ਬੁੱਧਵਾਰ (ਭਾਰਤੀ ਸਮੇਂ ਅਨੁਸਾਰ ਵੀਰਵਾਰ ਸਵੇਰੇ) ਕੇਪ ਕੈਨੇਵਰਲ, ਫਲੋਰੀਡਾ ਵਿਖੇ ਕੈਨੇਡੀ ਸਪੇਸ ਸੈਂਟਰ ਤੋਂ ਉਡਾਣ ਭਰੀ।
ਨਾਸਾ ਨੇ ਦੱਸਿਆ ਕਿ ਇਹ ਪੂਰੀ ਪ੍ਰਕਿਰਿਆ "ਬਿਨਾਂ ਕਿਸੇ ਰੁਕਾਵਟ ਦੇ" ਪੂਰੀ ਹੋਈ ਅਤੇ ਸਾਰੇ ਪੁਲਾੜ ਯਾਤਰੀ "ਬਹੁਤ ਚੰਗਾ ਕਰ ਰਹੇ ਹਨ।"
3. ਕੀ ਆਰਟੇਮਿਸ II ਚੰਦਰਮਾ 'ਤੇ ਉਤਰਿਆ?
ਨਹੀਂ। ਦਰਅਸਲ ਇਹ ਮਿਸ਼ਨ ਸਾਲ 2028 'ਚ ਆਯੋਜਿਤ ਆਰਟੇਮਿਸ IV ਮਿਸ਼ਨ ਤਹਿਤ ਚੰਦਰਮਾ 'ਤੇ ਲੈਂਡਿੰਗ ਦਾ ਆਧਾਰ ਬਣਾਉਣ ਲਈ ਕੀਤਾ ਜਾ ਰਿਹਾ।
10 ਦਿਨਾਂ ਦੇ ਆਰਟੇਮਿਸ II ਮਿਸ਼ਨ ਦੌਰਾਨ, ਪੁਲਾੜ ਯਾਤਰੀ ਚੰਦਰਮਾ ਦੀ ਸਤ੍ਹਾ 'ਤੇ ਨਹੀਂ ਉਤਰਨਗੇ। ਇਸ ਦੀ ਬਜਾਏ ਚੰਦਰਮਾ ਦੀ ਪਰਿਕਰਮਾ ਕਰਦੇ ਹੋਏ ਧਰਤੀ ਤੋਂ ਓਨੀ ਦੂਰ ਜਾਣਗੇ, ਜਿੰਨਾ ਅਜੇ ਤੱਕ ਕੋਈ ਨਹੀਂ ਗਿਆ।
ਇਸ ਮਿਸ਼ਨ ਦੌਰਾਨ ਕੋਈ ਵੀ ਚੰਨ 'ਤੇ ਨਹੀਂ ਉਤਰੇਗਾ। ਓਰਾਇਨ ਕੈਪਸੂਲ ਸਿਰਫ਼ ਇਸਦੇ ਚਾਰੇ ਪਾਸੇ ਚੱਕਰ ਲਗਾਏਗਾ।
4. ਲਾਂਚ ਵਿੱਚ ਕਿਹੜੀਆਂ ਚੁਣੌਤੀਆਂ ਆਈਆਂ?

ਤਸਵੀਰ ਸਰੋਤ, Getty Images
ਦਸੰਬਰ 2024 ਵਿੱਚ, ਇਸ ਪੁਲਾੜ ਏਜੰਸੀ ਨੇ ਟੀਚਾ ਮਿੱਥਿਆ ਸੀ ਕਿ ਆਰਟੇਮਿਸ II ਨੂੰ ਅਪ੍ਰੈਲ 2026 ਦੇ ਅਖੀਰ ਤੋਂ ਪਹਿਲਾਂ ਲਾਂਚ ਕਰ ਦਿੱਤਾ ਜਾਵੇਗਾ।
ਫਰਵਰੀ ਵਿੱਚ ਸੰਭਾਵੀ ਲਾਂਚ ਨੂੰ ਇਸ ਕਰਕੇ ਰੱਦ ਕਰ ਦਿੱਤਾ ਗਿਆ ਕਿਉਂਕਿ ਪ੍ਰੀ-ਫਲਾਈਟ ਟੈਸਟ, ਜਿਸਨੂੰ ਵੈੱਟ ਡਰੈੱਸ ਰਿਹਰਸਲ ਵੀ ਕਿਹਾ ਜਾਂਦਾ ਹੈ, ਵਿੱਚ ਲਾਂਚ ਟਾਵਰ ਨੂੰ ਰਾਕੇਟ ਨਾਲ ਜੋੜਨ ਵਾਲੇ ਹਿੱਸੇ 'ਚ ਹਾਈਡ੍ਰੋਜਨ ਫਿਊਲ ਲੀਕ ਹੋ ਗਿਆ ਸੀ।
ਮਾਰਚ 'ਚ ਹੋਣ ਵਾਲਾ ਸੰਭਾਵੀ ਲਾਂਚ ਵੀ ਹੀਲੀਅਮ ਲੀਕ ਹੋਣ ਕਾਰਨ ਰੱਦ ਕਰਨਾ ਪਿਆ ਸੀ।
ਫਿਰ ਇਸ ਰਾਕੇਟ ਨੇ ਸਥਾਨਕ ਸਮੇਂ ਅਨੁਸਾਰ ਬੁੱਧਵਾਰ (ਭਾਰਤੀ ਸਮੇਂ ਅਨੁਸਾਰ ਵੀਰਵਾਰ ਸਵੇਰੇ) ਨੂੰ ਉਡਾਣ ਭਰੀ।
5.ਚਾਲਕ ਦਲ ਵਿੱਚ ਕੌਣ-ਕੌਣ ਹੈ?
ਆਰਟੇਮਿਸ-II ਕਰੂ ਵਿੱਚ ਕੁੱਲ ਚਾਰ ਮੈਂਬਰ ਸ਼ਾਮਿਲ ਹਨ, ਜਿਨ੍ਹਾਂ ਵਿੱਚ ਨਾਸਾ ਕਮਾਂਡਰ ਰੀਡ ਵਾਈਸਮੈਨ, ਪਾਇਲਟ ਵਿਕਟਰ ਗਲੋਵਰ ਅਤੇ ਮਿਸ਼ਨ ਸਪੈਸ਼ਲਿਸਟ ਕ੍ਰਿਸਟੀਨਾ ਕੋਚ ਸ਼ਾਮਿਲ ਹਨ। ਇਸ ਤੋਂ ਇਲਾਵਾ ਇੱਕ ਹੋਰ ਮਿਸ਼ਨ ਸਪੈਸ਼ਲਿਸਟ ਜੇਰੇਮੀ ਹੈਨਸਨ ਜੋ ਕਿ ਕੈਨੇਡਾ ਦੀ ਸਪੇਸ ਏਜੰਸੀ ਨਾਲ ਜੁੜੇ ਹਨ, ਵੀ ਇਸ ਮਿਸ਼ਨ ਦਾ ਹਿੱਸਾ ਹਨ।
ਆਰਟੇਮਿਸ 2 ਮਿਸ਼ਨ ਨੇ ਸ਼ੁੱਕਰਵਾਰ ਨੂੰ ਇੱਕ ਮਹੱਤਵਪੂਰਨ ਇੰਜਣ ਬਰਨ ਪੂਰਾ ਕਰ ਲਿਆ ਸੀ।
ਕੈਨੇਡੀਅਨ ਪੁਲਾੜ ਯਾਤਰੀ ਜੇਰੇਮੀ ਹੈਨਸਨ ਨੇ ਬਰਨ ਪੂਰਾ ਹੋਣ ਤੋਂ ਬਾਅਦ ਜਾਰੀ ਆਪਣੇ ਪਹਿਲੇ ਸੰਦੇਸ਼ ਵਿੱਚ ਕਿਹਾ, "ਮਨੁੱਖਤਾ ਨੇ ਇੱਕ ਵਾਰ ਫਿਰ ਦਿਖਾਇਆ ਹੈ ਕਿ ਅਸੀਂ ਕੀ ਕਰ ਸਕਦੇ ਹਾਂ।"
ਉਨ੍ਹਾਂ ਕਿਹਾ, "ਭਵਿੱਖ ਲਈ ਤੁਹਾਡੀਆਂ ਉਮੀਦਾਂ ਹੀ ਸਾਨੂੰ ਹੁਣ ਚੰਨ ਦੇ ਚਾਰੇ ਪਾਸੇ ਜਾਣ ਦੀ ਇਸ ਯਾਤਰਾ ਵਿੱਚ ਅੱਗੇ ਵਧਾ ਰਹੀਆਂ ਹਨ।"
ਹੈਨਸਨ ਨੇ ਨਾਸਾ ਦੇ ਲਾਈਵ ਸਟ੍ਰੀਮ 'ਤੇ ਕਿਹਾ, "ਇੱਥੇ ਉੱਪਰ ਚੰਨ ਵੱਲ ਜਾਂਦੇ ਹੋਏ ਅਸੀਂ ਸਾਰੇ ਚੰਗਾ ਮਹਿਸੂਸ ਕਰ ਰਹੇ ਹਾਂ।"

ਤਸਵੀਰ ਸਰੋਤ, Getty Images
6. ਚਾਲਕ ਦਲ ਦਾ ਰਹਿਣਾ-ਸਹਿਣਾ ਕਿਹੋ ਜਿਹਾ ਹੈ?
ਇਸ ਮਿਸ਼ਨ ਵਿੱਚ ਗਏ ਚਾਰੇ ਪੁਲਾੜ ਯਾਤਰੀ ਓਰਾਇਨ ਕੈਪਸੂਲ ਵਿੱਚ ਸਮਾਂ ਬਿਤਾ ਰਹੇ ਹਨ। ਇਸ ਛੋਟੀ ਜਿਹੀ ਜਗ੍ਹਾਂ ਵਿੱਚ ਹੀ ਉਹ ਕਸਰਤ ਕਰ ਰਹੇ ਹਨ, ਖਾਣਾ, ਸੌਣਾ ਅਤੇ ਕੰਮ ਕਰ ਰਹੇ ਹਨ।
ਪੁਲਾੜ ਯਾਤਰੀ ਕੋਲ ਪੀਣ ਅਤੇ ਆਪਣਾ ਭੋਜਨ ਤਿਆਰ ਕਰਨ ਲਈ ਵਾਟਰ ਡਿਸਪੈਂਸਰ ਹੈ।
ਹਰ ਕਿਸੇ ਨੇ ਯਾਤਰਾ ਲਈ ਆਪਣਾ ਮਨਪਸੰਦ ਭੋਜਨ ਚੁਣਿਆ ਹੈ। ਹੈਚ ਦੇ ਹੇਠਾਂ ਵਾਲਾ ਸਟੈੱਪ ਫਲਾਈਵ੍ਹੀਲ ਕਸਰਤ ਮਸ਼ੀਨ ਵਜੋਂ ਕੰਮ ਕਰਦਾ ਹੈ।
ਉਡਾਣ ਤੋਂ ਪਹਿਲਾਂ ਦੱਸਿਆ ਗਿਆ ਸੀ ਕਿ ਪੁਲਾੜ ਯਾਤਰੀ ਹਰ ਰੋਜ਼ ਤੀਹ ਮਿੰਟ ਕਸਰਤ ਕਰਨਗੇ।
ਸਭ ਤੋਂ ਜ਼ਰੂਰੀ ਚੀਜ਼ ਟਾਇਲਟ, ਜੋ ਫਰਸ਼ ਦੇ ਹੇਠਾਂ ਹੈ।
ਇਸ ਨੂੰ ਇਸ ਤਰ੍ਹਾਂ ਬਣਾਇਆ ਗਿਆ ਹੈ ਕਿ ਟਾਇਲਟ ਦੀ ਵਰਤੋਂ ਕਰਦੇ ਸਮੇਂ ਸਪੇਸ ਵਿੱਚ ਆਉਣ ਵਾਲੀਆਂ ਚੁਣੌਤੀਆਂ ਨੂੰ ਪਾਰ ਕੀਤਾ ਜਾ ਸਕੇ।
ਹਾਲਾਂਕਿ, ਇਹ ਜ਼ਿਆਦਾ ਨਿੱਜੀ ਨਹੀਂ ਹੈ।
7. ਪੁਲਾੜ ਤੋਂ ਕਿਹੜੀਆਂ ਤਸਵੀਰਾਂ ਭੇਜੀਆਂ ਗਈਆਂ?
ਨਾਸਾ ਨੇ ਚੰਨ ਦੇ ਚਾਰੇ ਪਾਸੇ ਆਪਣੀ ਯਾਤਰਾ 'ਤੇ ਜਾ ਰਹੇ ਆਰਟੇਮਿਸ-2 ਦੇ ਚਾਲਕ ਦਲ ਵੱਲੋਂ ਲਈਆਂ ਧਰਤੀ ਦੀਆਂ ਪਹਿਲੀਆਂ ਹਾਈ-ਰੇਜ਼ੋਲੂਸ਼ਨ ਤਸਵੀਰਾਂ ਸਾਂਝੀਆਂ ਕੀਤੀਆਂ ਹਨ।
ਨਾਸਾ ਦੇ ਮੁਤਾਬਕ, ਮਿਸ਼ਨ ਦੇ ਕਮਾਂਡਰ ਰੀਡ ਵਾਈਜ਼ਮੈਨ ਨੇ ਇਹ 'ਸ਼ਾਨਦਾਰ' ਤਸਵੀਰਾਂ ਉਸ ਵੇਲੇ ਖਿੱਚੀਆਂ, ਜਦੋਂ ਕਰੂ ਨੇ ਆਖ਼ਰੀ ਇੰਜਣ ਬਰਨ ਪੂਰਾ ਕੀਤਾ।
ਪਹਿਲੀ ਤਸਵੀਰ ਨੂੰ 'ਹੈਲੋ, ਵਰਲਡ' ਨਾਮ ਦਿੱਤਾ ਗਿਆ ਹੈ। ਇਸ ਵਿੱਚ ਐਟਲਾਂਟਿਕ ਮਹਾਂਸਾਗਰ ਦਿੱਸਦਾ ਹੈ, ਜਿਸਦੇ ਚਾਰੇ ਪਾਸੇ ਵਾਯੂਮੰਡਲ ਦੀ ਹਲਕੀ ਚਮਕ ਹੈ।
ਇਸ ਦੌਰਾਨ ਧਰਤੀ ਸੂਰਜ ਨੂੰ ਅੰਸ਼ਿਕ ਤੌਰ 'ਤੇ ਢੱਕਦੀ ਹੋਈ ਦਿੱਸ ਰਹੀ ਹੈ ਅਤੇ ਦੋਵੇਂ ਧਰੁਵਾਂ 'ਤੇ ਹਰੀ ਔਰੋਰਾ ਰੌਸ਼ਨੀ ਵੀ ਨਜ਼ਰ ਆ ਰਹੀ ਹੈ।
ਇਸ ਤਸਵੀਰ ਵਿੱਚ ਧਰਤੀ ਸਾਨੂੰ ਉਲਟੀ ਦਿੱਸਦੀ ਹੈ, ਜਿਸ ਵਿੱਚ ਖੱਬੇ ਪਾਸੇ ਪੱਛਮੀ ਸਾਹਰਾ ਮਾਰੂਥਲ ਅਤੇ ਆਈਬੇਰੀਅਨ ਪ੍ਰਾਇਦੀਪ ਦਿੱਸਦੇ ਹਨ, ਜਦਕਿ ਸੱਜੇ ਪਾਸੇ ਦੱਖਣੀ ਅਮਰੀਕਾ ਦਾ ਪੂਰਬੀ ਹਿੱਸਾ ਦਿੱਸਦਾ ਹੈ।
8. ਜਦੋਂ 40 ਮਿੰਟ ਲਈ ਸੰਪਰਕ ਟੁੱਟਿਆ

ਤਸਵੀਰ ਸਰੋਤ, Getty Images
ਇਸ ਦੌਰਾਨ ਆਰਟੇਮਿਸ ਦੇ ਚਾਲਕ ਦਲ ਦਾ ਧਰਤੀ ਨਾਲ ਸੰਪਰਕ ਵੀ ਟੁੱਟਦਾ ਹੈ।
ਸਥਾਨਕ ਸਮੇਂ ਅਨੁਸਾਰ ਸੋਮਵਾਰ ਨੂੰ ਕਰੀਬ 23:47 ਬੀਐੱਸਟੀ (18: 47 ਈਡੀਟੀ) 'ਤੇ, ਜਿਵੇਂ ਹੀ ਪੁਲਾੜ ਯਾਤਰੀ ਚੰਦਰਮਾ ਦੇ ਪਿੱਛੋਂ ਲੰਘੇ ਤਾਂ ਪੁਲਾੜ ਯਾਨ ਅਤੇ ਧਰਤੀ ਵਿਚਕਾਰ ਸੰਚਾਰ ਨੂੰ ਸਮਰੱਥ ਬਣਾਉਣ ਵਾਲੇ ਰੇਡੀਓ ਅਤੇ ਲੇਜ਼ਰ ਸਿਗਨਲਾਂ ਨੂੰ ਚੰਦਰਮਾ ਨੇ ਖੁਦ ਰੋਕ ਦਿੱਤਾ।
ਚੰਨ ਦੇ ਦੁਆਲੇ ਪਿਛਲੇ ਪਾਸੇ ਜਾਣ ਵੇਲੇ ਪੁਲਾੜ ਯਾਤਰੀਆਂ ਦਾ ਨਾਸਾ ਨਾਲੋਂ ਸੰਪਰਕ ਕਰੀਬ 40 ਮਿੰਟਾਂ ਤੱਕ ਟੁੱਟਿਆ ਰਿਹਾ।
ਧਰਤੀ ਨਾਲ ਮੁੜ ਸੰਪਰਕ ਵਿੱਚ ਆਉਣ ਬਾਰੇ ਪੁਲਾੜ ਯਾਤਰੀ ਕ੍ਰਿਸਟੀਨਾ ਕੋਚ ਨੇ ਕਿਹਾ ਮੈਨੂੰ ਲੱਗਦਾ ਹੈ ਕਿ ਸਭ ਤੋਂ ਅਹਿਮ ਪਲ ਚੰਨ ਦੇ ਦੂਰ ਵਾਲਿਓਂ ਪਾਸਿਓਂ ਪਰਤ ਕੇ ਆਉਣਾ ਅਤੇ ਸੰਪਰਕ ਤੋਂ ਬਾਹਰ ਰਹਿਣ ਦੇ 45 ਮਿੰਟਾਂ ਬਾਅਦ ਮੁੜ ਧਰਤੀ ਨੂੰ ਦੇਖਣਾ ਸੀ।
9. ਇਹ ਮਿਸ਼ਨ ਇਤਿਹਾਸਕ ਤੇ ਜ਼ਰੂਰੀ ਕਿਉਂ ਹੈ?
ਪੁਲਾੜ ਵਿੱਚ ਮੌਜੂਦ ਸਾਡੇ ਸਭ ਤੋਂ ਨੇੜਲੇ ਗੁਆਂਢੀ ਦੇ ਚਾਰੇ ਪਾਸੇ ਉਨ੍ਹਾਂ ਦੀ ਇਹ ਯਾਤਰਾ ਅੱਗੇ ਚੱਲ ਕੇ ਚੰਦਰਮਾ 'ਤੇ ਉਤਰਨ ਅਤੇ ਅਖੀਰ ਉੱਥੇ ਇੱਕ ਬੇਸ ਬਣਾਉਣ ਦਾ ਰਾਹ ਪੱਧਰਾ ਕਰੇਗੀ।
ਪੰਜਾਹ ਸਾਲ ਤੋਂ ਵੀ ਪਹਿਲਾਂ, ਅਮਰੀਕਾ ਦੇ ਅਪੋਲੋ ਮਿਸ਼ਨਾਂ ਨੇ ਇਤਿਹਾਸ ਰਚਿਆ ਸੀ, ਜਦੋਂ ਪਹਿਲੀ ਵਾਰ ਇਨਸਾਨ ਨੇ ਚੰਦਰਮਾ ਦੀ ਸਤ੍ਹਾ 'ਤੇ ਕਦਮ ਰੱਖਿਆ ਸੀ।
ਚੰਨ ਦੀ ਜ਼ਮੀਨ ਦੇਖਣ ਵਿੱਚ ਭਾਵੇਂ ਹੀ ਸੁੱਕੀ, ਧੂੜ ਭਰੀ ਅਤੇ ਬੰਜਰ ਲਗਦੀ ਹੋਵੇ, ਪਰ ਹਕੀਕਤ ਇਸ ਤੋਂ ਬਿਲਕੁਲ ਵੱਖ ਹੈ।
ਨੈਚੁਰਲ ਹਿਸਟਰੀ ਮਿਊਜ਼ੀਅਮ ਦੀ ਗ੍ਰਹਿ ਵਿਗਿਆਨੀ ਪ੍ਰੋਫੈਸਰ ਸਾਰਾ ਰਸੇਲ ਕਹਿੰਦੇ ਹਨ, "ਚੰਨ ਵਿੱਚ ਉਹੀ ਤੱਤ ਮੌਜੂਦ ਹਨ ਜੋ ਸਾਨੂੰ ਧਰਤੀ 'ਤੇ ਮਿਲਦੇ ਹਨ।"
"ਮਿਸਾਲ ਵਜੋਂ ਰੇਅਰ ਅਰਥ ਐਲੀਮੈਂਟ (ਦੁਰਲੱਭ ਤੱਤ) ਜੋ ਧਰਤੀ 'ਤੇ ਬਹੁਤ ਘੱਟ ਮਿਲਦੀਆਂ ਹਨ, ਚੰਨ ਦੇ ਕੁਝ ਹਿੱਸਿਆਂ ਵਿੱਚ ਸ਼ਾਇਦ ਇੰਨੀ ਮਾਤਰਾ ਵਿੱਚ ਮੌਜੂਦ ਹੋਣ ਕਿ ਉਨ੍ਹਾਂ ਨੂੰ ਕੱਢਿਆ ਜਾ ਸਕੇ।"
ਇਨ੍ਹਾਂ ਵਿੱਚ ਲੋਹਾ ਅਤੇ ਟਾਈਟੇਨੀਅਮ ਜਿਹੀਆਂ ਧਾਤਾਂ ਵੀ ਹਨ ਅਤੇ ਹੀਲੀਅਮ ਵੀ, ਜਿਸ ਦਾ ਇਸਤੇਮਾਲ ਸੁਪਰਕੰਡਕਟਰ ਤੋਂ ਲੈ ਕੇ ਮੈਡੀਕਲ ਉਪਕਰਨਾਂ ਤੱਕ, ਕਈ ਚੀਜ਼ਾਂ ਵਿਚ ਹੁੰਦਾ ਹੈ।
ਪਰ ਜਿਸ ਸਰੋਤ ਨੇ ਸਭ ਤੋਂ ਵੱਧ ਧਿਆਨ ਖਿੱਚਿਆ ਹੈ, ਉਹ ਸਭ ਤੋਂ ਹੈਰਾਨ ਕਰਨ ਵਾਲਾ ਵੀ ਹੈ-ਪਾਣੀ।
ਰਸੇਲ ਕਹਿੰਦੇ ਹਨ, "ਚੰਨ ਦੇ ਕੁਝ ਖਣਿਜਾਂ ਵਿੱਚ ਪਾਣੀ ਫਸਿਆ ਹੋਇਆ ਹੈ ਅਤੇ ਧਰੁਵਾਂ 'ਤੇ ਵੀ ਪਾਣੀ ਦੀ ਚੰਗੀ ਮਾਤਰਾ ਮੌਜੂਦ ਹੈ।"
ਉਹ ਕਹਿੰਦੇ ਹਨ ਕਿ ਉੱਥੇ ਅਜਿਹੇ ਟੋਏ ਹਨ ਜੋ ਹਮੇਸ਼ਾ ਛਾਂ ਵਿੱਚ ਰਹਿੰਦੇ ਹਨ, ਜਿੱਥੇ ਬਰਫ਼ ਜਮ੍ਹਾ ਹੋ ਸਕਦੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ































