'ਉਮਰ-ਕੈਦ ਵੀ ਕਾਫ਼ੀ ਨਹੀਂ', ਕੋਵਿਡ ਕਾਲ ਦੌਰਾਨ ਹਿਰਾਸਤ 'ਚ ਪਿਓ-ਪੁੱਤਰ ਦੀ ਹੋਈ ਸੀ ਮੌਤ, ਤਾਮਿਲਨਾਡੂ 'ਚ 9 ਪੁਲਿਸ ਮੁਲਾਜ਼ਮਾਂ ਨੂੰ ਫਾਂਸੀ ਦੀ ਸਜ਼ਾ

ਮਦੁਰੈ ਦੀ ਇੱਕ ਅਦਾਲਤ ਨੇ ਸਾਤਾਨੁਕੁਲਮ ਪੁਲਿਸ ਸਟੇਸ਼ਨ ਵਿੱਚ ਪਿਓ-ਪੁੱਤ ਦੀ ਮੌਤ ਦੇ ਮਾਮਲੇ ਵਿੱਚ 9 ਲੋਕਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਸਾਰੇ ਦੋਸ਼ੀਆਂ ਨੂੰ ਜੁਰਮਾਨਾ ਵੀ ਲਗਾਇਆ ਗਿਆ ਹੈ।
ਤਾਮਿਲਨਾਡੂ ਦੇ ਤੂਤੀਕੋਰਿਨ ਜ਼ਿਲ੍ਹੇ ਦੇ ਸਾਤਾਨੁਕੁਲਮ ਦੇ ਵਪਾਰੀ ਜੈਰਾਜ ਅਤੇ ਉਨ੍ਹਾਂ ਦੇ ਬੇਟੇ ਬੇਨਿਕਸ ਨੂੰ 19 ਜੂਨ 2020 ਨੂੰ ਕਰੋਨਾ ਕਾਲ ਦੌਰਾਨ ਪੁਲਿਸ ਨੇ ਹਿਰਾਸਤ ਵਿੱਚ ਲਿਆ ਅਤੇ ਬੁਰੀ ਤਰ੍ਹਾਂ ਕੁੱਟਿਆ ਸੀ।
ਇਸ ਤੋਂ ਬਾਅਦ 21 ਜੂਨ ਨੂੰ ਦੋਹਾਂ ਨੂੰ ਕੋਵਿਲਪੱਟੀ ਜੇਲ੍ਹ ਵਿੱਚ ਰੱਖਿਆ ਗਿਆ। 22 ਜੂਨ ਦੀ ਰਾਤ ਕਰੀਬ 9 ਵਜੇ ਬੇਨਿਕਸ ਦੀ ਮੌਤ ਹੋ ਗਈ, ਜਦਕਿ ਅਗਲੀ ਸਵੇਰ ਜੈਰਾਜ ਦੀ ਵੀ ਮੌਤ ਹੋ ਗਈ ਸੀ।
ਇਸ ਮਾਮਲੇ ਨੇ ਦੇਸ਼ ਭਰ ਵਿੱਚ ਹੰਗਾਮਾ ਪੈਦਾ ਕਰ ਦਿੱਤਾ ਸੀ। ਇਸ ਤੋਂ ਬਾਅਦ ਮਦਰਾਸ ਹਾਈ ਕੋਰਟ ਦੀ ਮਦੁਰੈ ਬੈਂਚ ਨੇ ਖ਼ੁਦ ਨੋਟਿਸ ਲੈਂਦਿਆਂ ਪੁਲਿਸ ਤੋਂ ਰਿਪੋਰਟ ਮੰਗੀ। ਬਾਅਦ ਵਿੱਚ ਇਹ ਮਾਮਲਾ ਸੀਬੀਆਈ ਨੂੰ ਸੌਂਪ ਦਿੱਤਾ ਗਿਆ।
ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਸਾਤਾਨੁਕੁਲਮ ਥਾਣੇ ਦਾ ਇੰਸਪੈਕਟਰ ਸ਼੍ਰੀਧਰ ਸੀ। ਉਸ ਤੋਂ ਇਲਾਵਾ ਕਈ ਹੋਰ ਪੁਲਿਸ ਮੁਲਾਜ਼ਮਾਂ ਦੇ ਖ਼ਿਲਾਫ ਵੀ ਮਾਮਲਾ ਦਰਜ ਕੀਤਾ ਗਿਆ।
ਸਾਰੇ 10 ਮੁਲਜ਼ਮਾਂ ਨੂੰ ਸਸਪੈਂਡ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਅਤੇ ਮਦੁਰੈ ਕੇਂਦਰੀ ਜੇਲ੍ਹ ਵਿੱਚ ਰੱਖਿਆ ਗਿਆ। ਇਨ੍ਹਾਂ ਵਿੱਚੋਂ ਇੱਕ ਮੁਲਜ਼ਮ ਪਾਲਦੁਰਈ ਦੀ ਅਗਸਤ 2020 ਵਿੱਚ ਕੋਵਿਡ ਕਰਕੇ ਮੌਤ ਹੋ ਗਈ।
'ਮਨੁੱਖੀ ਸਨਮਾਨ ਦੀ ਉਲੰਘਣ'

ਸੀਬੀਆਈ ਨੇ ਇਸ ਮਾਮਲੇ ਵਿੱਚ ਦੋ ਹਿੱਸਿਆਂ ਵਿੱਚ 2,427 ਪੰਨਿਆਂ ਦੀ ਚਾਰਜਸ਼ੀਟ ਦਾਖ਼ਲ ਕੀਤੀ। ਕੇਸ ਦੀ ਸੁਣਵਾਈ ਮਦੁਰੈ ਦੀ ਫ਼ਰਸਟ ਐਡੀਸ਼ਨਲ ਸੈਸ਼ਨਜ਼ ਕੋਰਟ ਵਿੱਚ ਹੋਈ ਅਤੇ ਸਾਰੇ ਮੁਲਜ਼ਮਾਂ ਦੀਆਂ ਜ਼ਮਾਨਤ ਅਰਜ਼ੀਆਂ ਖਾਰਿਜ ਕਰ ਦਿੱਤੀਆਂ ਗਈਆਂ।
23 ਮਾਰਚ ਨੂੰ ਅਦਾਲਤ ਨੇ ਸਾਰੇ ਮੁਲਜ਼ਮਾਂ ਨੂੰ ਦੋਸ਼ੀ ਠਹਿਰਾਇਆ ਅਤੇ 6 ਅਪ੍ਰੈਲ ਨੂੰ ਸਜ਼ਾ ਦਾ ਐਲਾਨ ਕੀਤਾ।
ਜੱਜ ਮੁਥੁਕੁਮਾਰਨ ਨੇ ਸਜ਼ਾ ਸੁਣਾਉਣ ਤੋਂ ਪਹਿਲਾਂ ਕਈ ਸਖ਼ਤ ਟਿੱਪਣੀਆਂ ਕੀਤੀਆਂ। ਉਨ੍ਹਾਂ ਨੇ ਕਿਹਾ, "ਉਨ੍ਹਾਂ ਨੇ ਦੋਹਾਂ ਨੂੰ ਮਾਰਨ ਦੇ ਇਰਾਦੇ ਨਾਲ ਅਜਿਹਾ ਕੀਤਾ। ਜਦੋਂ ਪੁੱਛਿਆ ਗਿਆ ਕਿ ਇਸ ਮਾਮਲੇ ਵਿੱਚ ਕਿਸ ਤਰ੍ਹਾਂ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਕੇਂਦਰ ਸਰਕਾਰ ਨੇ ਕਿਹਾ ਕਿ ਜ਼ਿਆਦਾ ਤੋਂ ਜ਼ਿਆਦਾ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ। ਇਸੇ ਤਰ੍ਹਾਂ ਤਾਮਿਲਨਾਡੂ ਸਰਕਾਰ ਨੇ ਵੀ ਕਿਹਾ ਕਿ ਦੋਸ਼ੀਆਂ ਨੂੰ ਜ਼ਿਆਦਾ ਤੋਂ ਜ਼ਿਆਦਾ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।"
ਜੱਜ ਨੇ ਕਿਹਾ ਕਿ ਇਹ, "ਮਨੁੱਖੀ ਸਨਮਾਨ ਦਾ ਪੂਰੀ ਤਰ੍ਹਾਂ ਉਲੰਘਣ ਹੈ।"
ਉਨ੍ਹਾਂ ਨੇ ਕਿਹਾ, "ਅਦਾਲਤ ਇਸ ਨੂੰ ਇਓਂ ਹੀ ਨਜ਼ਰਅੰਦਾਜ਼ ਨਹੀਂ ਕਰ ਸਕਦੀ। ਬਦਲਣ ਦਾ ਮੌਕਾ ਦਿੱਤੇ ਜਾਣ ਬਾਅਦ ਵੀ ਉਹ ਨਹੀਂ ਬਦਲੇ ਹਨ। ਉਨ੍ਹਾਂ 'ਤੇ ਇਸ ਤਰ੍ਹਾਂ ਦਾ ਹਮਲਾ ਸਿਰਫ਼ ਇਸ ਲਈ ਕੀਤਾ ਗਿਆ ਕਿਉਂਕਿ ਉਨ੍ਹਾਂ ਨੇ ਕਰੋਨਾ ਕਾਲ ਵਿੱਚ ਆਪਣੀ ਦੁਕਾਨ ਖੋਲ੍ਹੀ ਸੀ। ਜੇ ਮਦਰਾਸ ਹਾਈ ਕੋਰਟ ਨੇ ਇਸ ਕੇਸ ਦਾ ਸਵੈ-ਨੋਟਿਸ ਨਾ ਲਿਆ ਹੁੰਦਾ, ਤਾਂ ਇਹ ਕੇਸ ਉਨ੍ਹਾਂ ਦੀਆਂ ਦੇਹਾਂ ਨੂੰ ਦਫਨਾਉਣ ਤੋਂ ਪਹਿਲਾਂ ਹੀ ਦਫ਼ਨਾ ਦਿੱਤਾ ਗਿਆ ਹੁੰਦਾ।"
ਜੱਜ ਨੇ ਕਿਹਾ, "ਉਨ੍ਹਾਂ ਨੇ ਨਿਹੱਥੇ ਲੋਕਾਂ 'ਤੇ ਹਮਲਾ ਕੀਤਾ। ਉਨ੍ਹਾਂ ਨੂੰ ਮਾਫ਼ ਨਹੀਂ ਕੀਤਾ ਜਾਣਾ ਚਾਹੀਦਾ। ਉਮਰ ਜਾਂ ਪਰਿਵਾਰਕ ਪਿੱਠਭੂਮੀ ਦੇ ਅਧਾਰ 'ਤੇ ਉਨ੍ਹਾਂ ਨੂੰ ਘੱਟ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ। ਉਹ ਸਾਰੇ ਪੜ੍ਹੇ ਲਿਖੇ ਹਨ। ਪੁਲਿਸ, ਜਿਸ ਦਾ ਕੰਮ ਜਨਤਾ ਦੀ ਰੱਖਿਆ ਕਰਨਾ ਸੀ, ਉਨ੍ਹਾਂ ਨੇ ਇਸ ਤਰ੍ਹਾਂ ਹਮਲਾ ਕੀਤਾ ਜਿਵੇਂ ਰਾਖੀ ਲਈ ਲਗਾਈ ਤਾਰ ਹੀ ਫ਼ਸਲਾਂ ਨੂੰ ਖ਼ਤਮ ਕਰ ਦੇਵੇ।"
ਉਨ੍ਹਾਂ ਨੇ ਕਿਹਾ ਕਿ ਇਹ ਦੇਖ ਕੇ ਉਨ੍ਹਾਂ ਦਾ ਦਿਲ ਦੁਖਦਾ ਹੈ,"ਬੇਨਿਕਸ ਦੀ ਮਾਂ ਦੇ ਦੁੱਖ ਨੂੰ ਕੋਈ ਘੱਟ ਨਹੀਂ ਕਰ ਸਕਦਾ। ਇੱਕ ਪਰਿਵਾਰ ਉੱਜੜ ਗਿਆ ਹੈ। ਉਨ੍ਹਾਂ ਲਈ ਉਮਰ ਕੈਦ ਵੀ ਕਾਫ਼ੀ ਨਹੀਂ ਹੋਏਗੀ।"
ਜੱਜ ਨੇ ਕਿਹਾ ਕਿ ਇਹ ਇੱਕ ਦੁਰਲੱਭ ਮਾਮਲਾ ਹੈ।
ਜੱਜ ਨੇ ਹਰ ਇੱਕ ਦੋਸ਼ੀ ਲਈ ਸਜ਼ਾ ਸੁਣਾਉਂਦਿਆਂ ਕਿਹਾ, "ਉਹ ਸੋਚ ਸਕਦੇ ਹਨ ਕਿ ਅਜਿਹਾ ਅਪਰਾਧ ਕਰਨ ਬਾਅਦ ਉਹ 14 ਸਾਲ ਬਾਅਦ ਛੁੱਟ ਜਾਣਗੇ। ਪਰ ਅਦਾਲਤ ਅਜਿਹਾ ਹੋਣ ਦੇਣ ਲਈ ਤਿਆਰ ਨਹੀਂ ਹੈ।"
ਕਿਸ ਨੂੰ ਕਿੰਨੀ ਸਜ਼ਾ ਅਤੇ ਜੁਰਮਾਨਾ ?

ਤਸਵੀਰ ਸਰੋਤ, handout
ਮੁੱਖ ਦੋਸ਼ੀ ਇੰਸਪੈਕਟਰ ਸ਼੍ਰੀਧਰ ਸਮੇਤ ਸਾਰੇ 9 ਮੁਲਜ਼ਮਾਂ ਨੂੰ ਦੋਹਰੀ ਫਾਂਸੀ ਤੋਂ ਇਲਾਵਾ ਵੱਖ-ਵੱਖ ਧਾਰਾਵਾਂ ਵਿੱਚੋਂ ਇੱਕ ਤੋਂ ਲੈ ਕੇ ਸੱਤ ਸਾਲ ਦੀ ਸਜ਼ਾ ਅਤੇ ਕੁੱਲ 76.38 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ।
ਅਦਾਲਤ ਨੇ ਇੰਸਪੈਕਟਰ ਸ਼੍ਰੀਧਰ 'ਤੇ 24.10 ਲੱਖ ਰੁਪਏ ਦਾ ਜੁਰਮਾਨਾ ਲਗਾਇਆ।
ਦੂਜੇ ਦੋਸ਼ੀ ਬਾਲਕ੍ਰਿਸ਼ਨ ਨੂੰ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਇੱਕ ਤੋਂ ਸੱਤ ਸਾਲ ਦੀ ਕੈਦ, ਦੋਹਰੀ ਫਾਂਸੀ ਅਤੇ 16.80 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ।
ਤੀਜੇ ਦੋਸ਼ੀ ਰਘੁਣਘੇਸ਼ ਨੂੰ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਇੱਕ ਤੋਂ ਸੱਤ ਸਾਲ ਦੀ ਕੈਦ, ਦੋਹਰੀ ਫਾਂਸੀ ਦੀ ਸਜ਼ਾ ਅਤੇ 5.20 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ।
ਚੌਥੇ ਦੋਸ਼ੀ ਹੈਡ ਕਾਂਸਟੇਬਲ ਮੁਰੂਗਨ ਨੂੰ ਦੋਹਰੀ ਮੌਤ ਦੀ ਸਜ਼ਾ ਦੇ ਨਾਲ ਕਾਨੂੰਨ ਦੀਆਂ ਵੱਖੋ-ਵੱਖ ਧਾਰਾਵਾਂ ਤਹਿਤ ਇੱਕ ਤੋਂ ਸੱਤ ਸਾਲ ਦੀ ਕੈਦ ਅਤੇ 10.10 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ।
ਪੰਜਵੇਂ ਦੋਸ਼ੀ ਸਾਮਦੁਰਈ ਨੂੰ ਦੋਹਰੀ ਮੌਤ ਦੀ ਸਜ਼ਾ, ਇੱਕ ਤੋਂ ਲੈ ਕੇ ਸੱਤ ਸਾਲ ਕੈਦ ਅਤੇ 5.60 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ।
ਛੇਵੇਂ ਦੋਸ਼ੀ ਮੁਥੂਰਾਜਾ ਨੂੰ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਇੱਕ ਤੋਂ ਲੈ ਕੇ ਸੱਤ ਸਾਲ ਦੀ ਕੈਦ ਅਤੇ ਦੋਹਰੀ ਮੌਤ ਦੀ ਸਜ਼ਾ ਸੁਣਾਈ ਗਈ। ਇਸ ਤੋਂ ਇਲਾਵਾ 3.20 ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ।
ਸੱਤਵੇਂ ਦੋਸ਼ੀ ਸੇਲਾਦੁਰਈ ਨੂੰ ਦੋਹਰੀ ਮੌਤ ਦੀ ਸਜ਼ਾ ਤੋਂ ਇਲਾਵਾ ਇੱਕ ਤੋਂ ਸੱਤ ਸਾਲ ਦੀ ਕੈਦ ਅਤੇ 14.40 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ।
ਅੱਠਵੇਂ ਦੋਸ਼ੀ ਥਾਮਸ ਫਰਾਂਸਿਸ ਨੂੰ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਇੱਕ ਤੋਂ ਸੱਤ ਸਾਲ ਦੀ ਕੈਦ, ਦੋਹਰੀ ਮੌਤ ਦੀ ਸਜ਼ਾ ਅਤੇ 10.54 ਲੱਖ ਰੁਪਏ ਦਾ ਜੁਰਮਾਨਾ ਲਗਾਇਆ।
ਅਤੇ ਨੌਵੇਂ ਦੋਸ਼ੀ ਵੇਲੁਮੁਥੂ ਨੂੰ ਵੀ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਇੱਕ ਤੋਂ ਸੱਤ ਸਾਲ ਦੀ ਕੈਦ, ਦੋਹਰੀ ਮੌਤ ਦੀ ਸਜ਼ਾ ਅਤੇ 10.54 ਲੱਖ ਰੁਪਏ ਦਾ ਜੁਰਮਾਨਾ ਲਗਾਇਆ।
ਬੇਨਿਕਸ ਦੀ ਭੈਣ ਨੇ ਕੀ ਕਿਹਾ ?
ਬੇਨਿਕਸ ਦੀ ਭੈਣ ਨੇ ਪੱਤਰਕਾਰਾਂ ਨੂੰ ਕਿਹਾ, "2020 ਵਿੱਚ ਜਾਂਚ ਦੇ ਨਾਮ 'ਤੇ ਮੇਰੇ ਪਿਤਾ ਅਤੇ ਭਰਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਛੇ ਸਾਲ ਬਾਅਦ ਵੀ ਸਾਨੂੰ ਉਮੀਦ ਸੀ ਕਿ ਇਨਸਾਫ ਮਿਲੇਗਾ ਅਤੇ ਅੱਜ ਇਨਸਾਫ ਮਿਲਿਆ ਹੈ।"
ਉਨ੍ਹਾਂ ਨੇ ਕਿਹਾ ਕਿ ਇਹ ਸਿਰਫ਼ ਉਨ੍ਹਾਂ ਦੇ ਪਰਿਵਾਰ ਨਹੀਂ, ਬਲਕਿ ਆਮ ਲੋਕਾਂ ਲਈ ਵੀ ਨਿਆਂ ਹੈ।
ਉਨ੍ਹਾਂ ਨੇ ਕਿਹਾ, "ਅਸੀਂ ਚਾਹੁੰਦੇ ਸੀ ਕਿ ਕਿਸੇ ਹੋਰ ਪਰਿਵਾਰ ਨਾਲ ਅਜਿਹਾ ਨਾ ਹੋਵੇ। ਜੇ ਦੋਸ਼ੀ ਅੱਗੇ ਅਪੀਲ ਕਰਨਗੇ ਤਾਂ ਅਸੀਂ ਵੀ ਅਦਾਲਤ ਜਾਵਾਂਗੇ ਅਤੇ ਆਖ਼ਰੀ ਸਾਹ ਤੱਕ ਲੜਾਂਗੇ।"
ਅਦਾਲਤ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਕਿ ਅਜਿਹੇ ਮਾਮਲੇ ਦੁਬਾਰਾ ਨਹੀਂ ਹੋਣੇ ਚਾਹੀਦੇ। ਜੱਜ ਨੇ ਉਮੀਦ ਜਤਾਈ, "ਅਸੀਂ ਉਮੀਦ ਕਰਦੇ ਹਾਂ ਕਿ ਇਹ ਦੁਬਾਰਾ ਨਹੀਂ ਹੋਏਗਾ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ





























