'ਮੈਨੂੰ ਕੁਝ ਵੀ ਯਾਦ ਨਹੀਂ ਹੈ' - ਐਪਸਟਿਨ ਦੀ ਪੀੜਤਾ ਨੇ ਕਿਹਾ ਕਿ ਉਸਨੂੰ ਨਸ਼ੀਲਾ ਪਦਾਰਥ ਦਿੱਤਾ ਗਿਆ ਅਤੇ ਉਸ ਨਾਲ ਬਲਾਤਕਾਰ ਕੀਤਾ ਗਿਆ

ਤਸਵੀਰ ਕੈਪਸ਼ਨ, ਜੈਫਰੀ ਐਪਸਟੀਨ 'ਤੇ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਗਾਉਣ ਵਾਲੀ ਮਹਿਲਾ ਨੇ ਬੀਬੀਸੀ ਨੂੰ ਇੰਟਰਵਿਊ ਦਿੱਤਾ
    • ਲੇਖਕ, ਵਿਕਟੋਰੀਆ ਡਰਬੀਸ਼ਾਇਰ
    • ਰੋਲ, ਬੀਬੀਸੀ ਨਿਊਜ਼ਲਾਈਟ
  • ਪੜ੍ਹਨ ਦਾ ਸਮਾਂ: 6 ਮਿੰਟ

ਚੇਤਾਵਨੀ: ਇਸ ਕਹਾਣੀ ਵਿੱਚ ਜਿਨਸੀ ਹਿੰਸਾ ਦੇ ਗ੍ਰਾਫਿਕ ਵੇਰਵੇ ਸ਼ਾਮਲ ਹਨ।

ਇੱਕ ਮਹਿਲਾ, ਜਿਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਦੋਸ਼ੀ ਕਰਾਰ ਦਿੱਤੇ ਗਏ ਜਿਨਸੀ ਅਪਰਾਧੀ ਜੈਫਰੀ ਐਪਸਟਿਨ ਨੇ ਨਸ਼ੀਲਾ ਪਦਾਰਥ ਦਿੱਤਾ ਅਤੇ ਉਨ੍ਹਾਂ ਨਾਲ ਬਲਾਤਕਾਰ ਕੀਤਾ, ਉਨ੍ਹਾਂ ਨੇ ਹੁਣ ਪਹਿਲੀ ਵਾਰ ਬੀਬੀਸੀ ਨਿਊਜ਼ਨਾਈਟ ਦੇ ਸਾਹਮਣੇ ਜਨਤਕ ਤੌਰ 'ਤੇ ਆਪਣੀ ਆਪਬੀਤੀ ਸੁਣਾਈ ਹੈ।

ਉਨ੍ਹਾਂ ਨੇ ਆਪਣੀ ਪਛਾਣ ਗੁਪਤ ਰੱਖਣ ਦੀ ਸ਼ਰਤ 'ਤੇ ਗੱਲ ਕੀਤੀ ਹੈ ਅਤੇ ਬੀਬੀਸੀ ਇਸ ਰਿਪੋਰਟ ਵਿੱਚ ਉਨ੍ਹਾਂ ਨੂੰ 'ਨਿਕੀ' ਨਾਮ ਨਾਲ ਸੰਬੋਧਿਤ ਕਰੇਗਾ।

ਪੀੜਤ ਮਹਿਲਾ ਨੇ ਦੱਸਿਆ ਕਿ ਉਹ ਉਸ ਬਦਨਾਮ ਫ਼ਾਇਨੈਂਸਰ ਨੂੰ ਉਸ ਵੇਲੇ ਮਿਲੇ ਸਨ ਜਦੋਂ ਉਹ 19 ਸਾਲ ਦੇ ਸਨ ਅਤੇ ਇੱਕ ਮਾਡਲ ਵਜੋਂ ਕੰਮ ਕਰ ਰਹੇ ਸਨ।

ਉਨ੍ਹਾਂ ਨੇ ਦੱਸਿਆ ਕਿ ਫ਼ਲੋਰਿਡਾ ਦੇ ਪਾਮ ਬੀਚ ਵਿੱਚ ਐਪਸਟਿਨ ਦੇ ਸਮੁੰਦਰ ਕਿਨਾਰੇ ਬਣੇ ਆਲੀਸ਼ਾਨ ਘਰ ਵਿੱਚ ਉਨ੍ਹਾਂ ਨੂੰ ਮਸਾਜ ਦੇਣ ਤੋਂ ਬਾਅਦ, ਐਪਸਟਿਨ ਨੇ ਉਨ੍ਹਾਂ ਨੂੰ ਪੀਣ ਲਈ ਪਾਣੀ ਦਿੱਤਾ। ਪਾਣੀ ਪੀਣ ਤੋਂ ਬਾਅਦ ਉਹ ਕਈ ਘੰਟਿਆਂ ਤੱਕ ਬੇਹੋਸ਼ ਰਹੇ ਅਤੇ ਉਨ੍ਹਾਂ ਨੂੰ ਯਕੀਨ ਹੈ ਕਿ ਉਸੇ ਦੌਰਾਨ ਐਪਸਟਿਨ ਨੇ ਉਨ੍ਹਾਂ ਨਾਲ ਰੇਪ ਕੀਤਾ।

ਨਿਕੀ ਨੇ ਕਿਹਾ ਕਿ ਐਪਸਟਿਨ ਦੀਆਂ ਹੋਰ ਪੀੜਤ ਮਹਿਲਾਵਾਂ ਵੱਲੋਂ ਆਪਣੀਆਂ ਕਹਾਣੀਆਂ ਸਾਂਝੀਆਂ ਕਰਨ ਤੋਂ ਬਾਅਦ ਉਨ੍ਹਾਂ ਨੂੰ ਵੀ ਅੱਗੇ ਆਉਣ ਦਾ ਹੌਸਲਾ ਮਿਲਿਆ।

ਹੁਣ ਉਹ ਅਮਰੀਕੀ ਨਿਆਂ ਵਿਭਾਗ ਤੋਂ ਮੰਗ ਕਰ ਰਹੇ ਹਨ ਕਿ ਐਪਸਟਿਨ ਨਾਲ ਜੁੜੀਆਂ ਉਨ੍ਹਾਂ ਦੀਆਂ ਸਾਰੀਆਂ ਬਚੀਆਂ ਹੋਈਆਂ ਫ਼ਾਈਲਾਂ ਜਨਤਕ ਕੀਤੀਆਂ ਜਾਣ।

Sorry, we can’t display this part of the story on this lightweight mobile page.

'ਉਸ ਭਿਆਨਕ ਤਜਰਬੇ ਨੂੰ ਦੁਬਾਰਾ ਨਾ ਜੀਣ ਲਈ ਤੁਸੀਂ ਕੁਝ ਵੀ ਕਰਨ ਨੂੰ ਤਿਆਰ ਹੋ ਜਾਂਦੇ ਹੋ'

ਬੀਬੀਸੀ ਨਿਊਜ਼ਨਾਈਟ ਨਾਲ ਇੱਕ ਵਿਸਤ੍ਰਿਤ ਇੰਟਰਵਿਊ ਵਿੱਚ ਨਿਕੀ ਨੇ ਐਪਸਟਿਨ ਵੱਲੋਂ ਕੀਤੇ ਗਏ ਦੁਰਵਿਵਹਾਰ ਦਾ ਵਿਸਥਾਰ ਨਾਲ ਵਰਣਨ ਕੀਤਾ।

ਜਿਵੇਂ ਕਿ ਐਪਸਟਿਨ ਦੀਆਂ ਹੋਰ ਪੀੜਤਾਂ ਨੇ ਵੀ ਦੱਸਿਆ ਹੈ, ਨਿਕੀ ਅਤੇ ਐਪਸਟਿਨ ਵਿਚਕਾਰ ਗੱਲਬਾਤ ਦੀ ਸ਼ੁਰੂਆਤ ਮਸਾਜ ਤੋਂ ਹੋਈ ਸੀ। ਐਪਸਟਿਨ ਨੇ ਨਿਕੀ ਨੂੰ ਆਪਣਾ ਟਾਪ ਅਤੇ ਬ੍ਰਾਅ ਉਤਾਰਣ ਲਈ ਕਿਹਾ।

ਨਿਕੀ ਨੇ ਕਿਹਾ, "ਮੈਂ ਸੱਚਮੁੱਚ ਇਹੀ ਸੋਚਿਆ ਸੀ ਕਿ, ਠੀਕ ਹੈ, ਸ਼ਾਇਦ ਇਹ ਕੋਈ ਬੁੱਢਾ ਅਤੇ ਅਮੀਰ ਆਦਮੀ ਹੈ ਜਿਸ ਦਾ ਕੋਈ ਅਜੀਬ ਜਿਹਾ ਜਨੂੰਨ (fetish) ਹੈ, ਤਾਂ ਠੀਕ ਹੈ। ਜੋ ਵੀ ਸੀ। ਮੇਰਾ ਮਤਲਬ ਹੈ ਕਿ ਇਸ ਨਾਲ ਮੇਰੇ ਘਰ ਦਾ ਕਿਰਾਇਆ ਨਿਕਲ ਜਾਂਦਾ ਸੀ।"

ਪਰ ਕੁਝ ਹਫ਼ਤਿਆਂ ਬਾਅਦ, ਜਦੋਂ ਨਿਕੀ ਦੁਬਾਰਾ ਐਪਸਟਿਨ ਨੂੰ ਮਿਲਣ ਗਏ ਤਾਂ ਉਨ੍ਹਾਂ ਦਾ ਅਨੁਭਵ ਬਿਲਕੁਲ ਵੱਖਰਾ ਸੀ।

ਨਿਕੀ ਨੇ ਦੱਸਿਆ, "ਤਾਂ ਮੈਂ ਪਿਛਲੀ ਵਾਰ ਦੀ ਤਰ੍ਹਾਂ ਹੀ ਆਪਣਾ ਟਾਪ ਉਤਾਰ ਦਿੱਤਾ। ਮੈਂ ਉਸਦੇ ਪੈਰਾਂ ਤੋਂ ਮਸਾਜ ਸ਼ੁਰੂ ਕੀਤੀ ਅਤੇ ਹੌਲੀ-ਹੌਲੀ ਉੱਪਰ ਵਧੀ। ਜਦੋਂ ਮੈਂ ਉਸ ਦੀਆਂ ਜੰਘਾਂ ਦੇ ਉੱਪਰੀ ਹਿੱਸੇ ਅਤੇ ਫਿਰ ਉਸਦੀ ਛਾਤੀ ਤੱਕ ਪਹੁੰਚੀ ਤਾਂ ਉਸ ਨੇ ਮੇਰੀ ਜੀਨਸ ਨੂੰ ਖਿੱਚਿਆ, ਲੱਗਿਆ ਜਿਵੇਂ ਉਹ ਮੇਰੀ ਜੀਨਸ ਦਾ ਬਟਨ ਖੋਲ੍ਹਣਾ ਚਾਹੁੰਦਾ ਹੋਵੇ।"

ਨਿਕੀ ਨੇ ਐਪਸਟਿਨ ਨੂੰ ਕਿਹਾ ਕਿ ਉਨ੍ਹਾਂ ਨੂੰ ਪੀਰੀਅਡਸ ਹੋ ਰਹੇ ਹਨ, ਹਾਲਾਂਕਿ ਇਹ ਗੱਲ ਸੱਚ ਨਹੀਂ ਸੀ।

ਨਿਕੀ ਨੂੰ ਯਾਦ ਹੈ ਕਿ ਐਪਸਟਿਨ ਨੇ ਫਿਰ ਵੀ ਉਨ੍ਹਾਂ ਨੂੰ ਉਸ ਨਾਲ ਜਿਨਸੀ ਸੰਬੰਧ ਬਣਾਉਣ ਲਈ ਉਕਸਾਇਆ ਅਤੇ ਉਸਦੇ ਸਾਹਮਣੇ ਹੀ ਹਸਤਮੈਥੁਨ ਕਰਨਾ ਸ਼ੁਰੂ ਕਰ ਦਿੱਤਾ।

ਨਿਕੀ ਨੇ ਤੁਰੰਤ ਆਪਣੇ ਕੱਪੜੇ ਪਹਿਨ ਲਏ ਅਤੇ ਮਨ ਹੀ ਮਨ ਆਪਣੇ ਆਪ ਨੂੰ ਕਿਹਾ ਕਿ ਉਸਨੂੰ "ਜਲਦੀ ਤੋਂ ਜਲਦੀ ਇੱਥੋਂ ਨਿਕਲ ਜਾਣਾ ਚਾਹੀਦਾ ਹੈ।"

ਉਹ ਆਪਣੇ ਹੱਥਾਂ ਤੋਂ ਮਸਾਜ ਦਾ ਤੇਲ ਧੋਣ ਲਈ ਬਾਥਰੂਮ ਵਿੱਚ ਗਏ ਅਤੇ ਜਦੋਂ ਉਹ ਵਾਪਸ ਆਏ ਤਾਂ ਐਪਸਟਿਨ ਨੇ ਉਨ੍ਹਾਂ ਨੂੰ ਪੀਣ ਲਈ ਥੋੜ੍ਹਾ ਜਿਹਾ ਪਾਣੀ ਦਿੱਤਾ।

ਨਿਕੀ ਨੇ ਦੱਸਿਆ, "ਮੈਂ ਥੋੜ੍ਹਾ ਪਾਣੀ ਪੀਤਾ ਅਤੇ ਉਸ ਤੋਂ ਬਾਅਦ ਘੱਟੋ-ਘੱਟ 12 ਘੰਟਿਆਂ ਤੱਕ ਮੈਨੂੰ ਕੁਝ ਵੀ ਯਾਦ ਨਹੀਂ ਹੈ।''

''ਸਭ ਕੁਝ ਹਨ੍ਹੇਰਾ ਹੈ, ਮੈਨੂੰ ਕੁਝ ਵੀ ਯਾਦ ਨਹੀਂ ਹੈ''

ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਦੀ ਜਾਗ ਖੁੱਲ੍ਹੀ ਤਾਂ ਉਨ੍ਹਾਂ ਬਿਮਾਰ, ਸੁਸਤ ਅਤੇ ਭਾਰੀਪਨ ਮਹਿਸੂਸ ਹੋ ਰਿਹਾ ਸੀ। ਨਿਕੀ ਨੇ ਕਿਹਾ ਕਿ ਜਦੋਂ ਉਹ ਬਾਥਰੂਮ ਗਏ ਤਾਂ ਅਜਿਹੇ ਨਿਸ਼ਾਨ ਸਨ ਜਿਨ੍ਹਾਂ ਤੋਂ ਪਤਾ ਲੱਗਦਾ ਸੀ ਕਿ ਉਨ੍ਹਾਂ ਨੇ ਸੈਕਸ ਕੀਤਾ ਸੀ, ਹਾਲਾਂਕਿ ਉਨ੍ਹਾਂ ਨੂੰ ਸੈਕਸ ਕਰਨ ਦੀ ਕੋਈ ਗੱਲ ਯਾਦ ਨਹੀਂ ਸੀ।

ਉਨ੍ਹਾਂ ਕਿਹਾ, "ਮੈਂ ਕਈ ਤਰ੍ਹਾਂ ਦੀ ਸਾਇਕੋਥੈਰੇਪੀ ਕਰਵਾਈ ਤਾਂ ਜੋ ਮੈਨੂੰ ਕੁਝ ਤਾਂ ਯਾਦ ਆ ਸਕੇ, ਪਰ ਸਭ ਕੁਝ ਹਨ੍ਹੇਰਾ ਹੈ, ਮੈਨੂੰ ਕੁਝ ਵੀ ਯਾਦ ਨਹੀਂ ਹੈ। ਪਰ ਮੈਂ ਤਰਕ ਦੇ ਆਧਾਰ 'ਤੇ ਕਈ ਤਰ੍ਹਾਂ ਦੇ ਅਨੁਮਾਨ ਲਗਾ ਸਕਦੀ ਹਾਂ, ਜੋ ਮੈਨੂੰ ਲੱਗਦਾ ਹੈ ਕਿ ਕਾਫ਼ੀ ਹੱਦ ਤੱਕ ਸਹੀ ਹੋਣਗੇ।"

ਉਨ੍ਹਾਂ ਨੂੰ ਯਕੀਨ ਹੈ ਕਿ ਐਪਸਟਿਨ ਨੇ ਉਨ੍ਹਾਂ ਨੂੰ ਨਸ਼ੀਲੀ ਦਵਾਈ ਦਿੱਤੀ ਅਤੇ ਉਸਦਾ ਜਿਨਸੀ ਸ਼ੋਸ਼ਣ ਕੀਤਾ।

ਉਸੇ ਦਿਨ ਬਾਅਦ ਵਿੱਚ ਜਦੋਂ ਨਿਕੀ ਨੇ ਐਪਸਟਿਨ ਨੂੰ ਦੇਖਿਆ ਤਾਂ ਉਸ ਨੇ ਨਿਕੀ ਨੂੰ ਕਿਹਾ ਕਿ ਉਹ ਜਾਣ ਤੋਂ ਪਹਿਲਾਂ ਇੱਕ ਵਾਰ ਹੋਰ ਉਸ ਦੀ ਮਾਲਿਸ਼ ਕਰ ਦੇਵੇ।

ਉਨ੍ਹਾਂ ਨੇ ਦੱਸਿਆ, ਕਿ ਫਿਰ ਉਦੋਂ ਐਪਸਟਿਨ ਨੇ ਉਨ੍ਹਾਂ ਦੇ ਸਭ ਤੋਂ ਭਿਆਨਕ ਸ਼ੱਕ ਦੀ ਪੁਸ਼ਟੀ ਕਰ ਦਿੱਤੀ।

ਨਿਕੀ ਨੇ ਦੱਸਿਆ, "ਉਸ ਨੇ ਇੱਕ ਵਾਰ ਫਿਰ ਮੇਰੀ ਜੀਨਸ ਖਿੱਚਣ ਦੀ ਕੋਸ਼ਿਸ਼ ਕੀਤੀ ਅਤੇ ਮੈਂ ਕਿਹਾ, 'ਨਹੀਂ, ਨਹੀਂ, ਮੈਨੂੰ ਪੀਰੀਅਡਸ ਹੋ ਰਹੇ ਹਨ' ਅਤੇ ਉਸ ਨੇ ਕਿਹਾ, 'ਤੈਨੂੰ ਮੈਨੂੰ ਝੂਠ ਬੋਲਣ ਦੀ ਲੋੜ ਨਹੀਂ ਹੈ, [ਨਿਕੀ]'।''

ਨਿਕੀ ਨੇ ਕਿਹਾ ਕਿ ਬਾਅਦ ਵਿੱਚ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਐਪਸਟਿਨ ਨੂੰ ਇਹ ਗੱਲ ਸਿਰਫ਼ ਇਸ ਲਈ ਪਤਾ ਹੋ ਸਕਦੀ ਸੀ ਕਿ ਉਸਨੂੰ ਪੀਰੀਅਡਸ ਨਹੀਂ ਹੋ ਰਹੇ ਸਨ, ਕਿਉਂਕਿ ਉਸ ਨੇ ਨਿਕੀ ਦੇ ਬੇਹੋਸ਼ ਹੋਣ 'ਤੇ ਉਨ੍ਹਾਂ ਨਾਲ ਬਲਾਤਕਾਰ ਕੀਤਾ ਹੋਵੇਗਾ।

ਇਸ ਸ਼ੋਸ਼ਣ ਤੋਂ ਬਾਅਦ, ਨਿਕੀ ਨੂੰ ਅਜਿਹੇ ਖ਼ਿਆਲ ਆਉਣ ਲੱਗੇ ਕਿ ਕੀ ਚੰਗਾ ਰਹੇਗਾ ਕਿ ਜੇ ਉਨ੍ਹਾਂ ਦੇ ਬੱਚੇ ਉਨ੍ਹਾਂ ਤੋਂ ਬਿਨਾਂ ਰਹਿਣ।

ਇਸ ਸ਼ੋਸ਼ਣ ਤੋਂ ਬਚਣ ਬਾਰੇ ਉਨ੍ਹਾਂ ਕਿਹਾ, "ਮੈਨੂੰ ਨਹੀਂ ਪਤਾ ਕਿ ਮੈਂ ਇਸ ਤੋਂ ਕਿਵੇਂ ਬਾਹਰ ਆ ਸਕੀ।''

ਐਪਸਟਿਨ ਦੀਆਂ ਸਾਰੀਆਂ ਫ਼ਾਈਲਾਂ "ਸਹੀ ਤਰੀਕੇ, ਇਮਾਨਦਾਰੀ ਅਤੇ ਨੈਤਿਕ ਤੌਰ 'ਤੇ" ਜਾਰੀ ਕੀਤੀਆਂ ਜਾਣੀਆਂ ਚਾਹੀਦੀਆਂ ਹਨ

ਪਿਛਲੇ ਸਾਲ ਨਵੰਬਰ ਮਹੀਨੇ ਵਿੱਚ, ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਾਂਗਰਸ ਵੱਲੋਂ ਪਾਸ ਕੀਤੇ ਇੱਕ ਕਾਨੂੰਨ 'ਤੇ ਦਸਤਖ਼ਤ ਕੀਤੇ, ਜਿਸ ਵਿੱਚ ਨਿਆਂ ਵਿਭਾਗ ਨੂੰ ਐਪਸਟਿਨ ਦੀ ਜਾਂਚ ਨਾਲ ਜੁੜੀ ਸਾਰੀ ਸਮੱਗਰੀ ਜਾਰੀ ਕਰਨ ਲਈ ਕਿਹਾ ਗਿਆ ਸੀ।

ਪਰ ਲੱਖਾਂ ਦਸਤਾਵੇਜ਼ ਜਾਰੀ ਹੋਣ ਤੋਂ ਬਾਅਦ, ਏਜੰਸੀ ਨੂੰ ਦੋਵੇਂ ਪੱਖਾਂ ਵੱਲੋਂ ਤਿੱਖੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ। ਅਮਰੀਕੀ ਕਾਨੂੰਨਸਾਜ਼ਾਂ ਨੇ ਏਜੰਸੀ 'ਤੇ ਇਲਜ਼ਾਮ ਲਗਾਇਆ ਕਿ ਉਸ ਨੇ ਪੀੜਤਾਂ ਦੀ ਪਛਾਣ ਸੁਰੱਖਿਅਤ ਰੱਖਣ ਵਿੱਚ ਲਾਪਰਵਾਹੀ ਕੀਤੀ ਜਦਕਿ ਅਜਿਹੇ ਲੋਕਾਂ ਦੀ ਪਛਾਣ ਨੂੰ ਲੁਕਾਇਆ ਜੋ ਪੀੜਿਤ ਨਹੀਂ ਸਨ।

ਨਿਆਂ ਵਿਭਾਗ ਨੇ ਅਜੇ ਤੱਕ ਲਗਭਗ 20 ਲੱਖ ਫ਼ਾਈਲਾਂ ਜਾਰੀ ਨਹੀਂ ਕੀਤੀਆਂ ਹਨ।

ਇਸ ਗੱਲ ਤੋਂ ਨਿਕੀ ਨੂੰ ਬਹੁਤ ਨਾਰਾਜ਼ਗੀ ਹੈ ਕਿ ਇਸ ਜਨਤਕ ਪਾਰਦਰਸ਼ਤਾ ਲਈ ਕਾਂਗਰਸ ਦੇ ਇੱਕ ਕਾਨੂੰਨ ਦੀ ਲੋੜ ਪਈ।

ਉਨ੍ਹਾਂ ਕਿਹਾ, "ਇਹ ਮੇਰੇ ਅਤੇ ਬਾਕੀ ਸਭ ਲੋਕਾਂ ਦੇ ਟੈਕਸ ਦੇ ਪੈਸਿਆਂ ਦੀ ਪੂਰੀ ਤਰ੍ਹਾਂ ਬਰਬਾਦੀ ਹੈ, ਪੂਰੀ ਤਰ੍ਹਾਂ ਬਰਬਾਦੀ।'' ਅਤੇ ਇਸ ਤੋਂ ਵੀ ਵੱਧ, ਇਸ ਕਾਨੂੰਨ ਦਾ ਨਾਮ - ਐਪਸਟਿਨ ਟ੍ਰਾਂਸਪੇਰੈਂਸੀ ਐਕਟ - ਉਨ੍ਹਾਂ ਨੂੰ ਹੋਰ ਪਰੇਸ਼ਾਨ ਕਰਦਾ ਹੈ, ਕਿਉਂਕਿ ਉਨ੍ਹਾਂ ਦੇ ਮੁਤਾਬਕ ਇਹ ਇੱਕ ਸ਼ੋਸ਼ਣ ਕਰਨ ਵਾਲੇ ਅਤੇ ਉਸ ਦੇ ਕੰਮਾਂ ਦਾ ਵਡਿਆਈ ਦਾ ਕੰਮ ਕਰਦਾ ਰਹਿੰਦਾ ਹੈ।

ਉਨ੍ਹਾਂ ਕਿਹਾ, "ਤੁਸੀਂ ਇਸ ਦਾ ਨਾਮ 'ਸਰਵਾਈਵਰਜ਼ [ਐਕਟ]' ਜਾਂ 'ਵਰਜੀਨੀਆ ਟ੍ਰਾਂਸਪੇਰੈਂਸੀ ਐਕਟ' ਜਾਂ ਕੁਝ ਹੋਰ ਕਿਉਂ ਨਹੀਂ ਰੱਖਦੇ? ਪਰ ਨਹੀਂ, ਅਸੀਂ ਅੱਗੇ ਵਧ ਕੇ ਇਸ ਭਿਆਨਕ, ਘਿਨਾਉਣੇ ਇਨਸਾਨ ਦੀ ਵਡਿਆਈ ਕਰਦੇ ਰਹਾਂਗੇ, ਜੋ ਪੂਰੀ ਤਰ੍ਹਾਂ ਇੱਕ ਰਾਖਸ਼ ਹੈ।"

ਜਿਹੜੀਆਂ ਦੋ ਮਿਲੀਅਨ ਫ਼ਾਈਲਾਂ ਅਜੇ ਤੱਕ ਜਨਤਕ ਨਹੀਂ ਕੀਤੀਆਂ ਗਈਆਂ ਹਨ, ਉਨ੍ਹਾਂ ਬਾਰੇ ਨਿਕੀ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਉਨ੍ਹਾਂ ਨੂੰ "ਸਹੀ ਤਰੀਕੇ ਨਾਲ, ਇਮਾਨਦਾਰੀ ਨਾਲ ਅਤੇ ਨੈਤਿਕ ਤੌਰ 'ਤੇ" ਜਾਰੀ ਕੀਤਾ ਜਾਵੇ।

"ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਬਹੁਤ ਵੱਡੀ ਮੰਗ ਹੈ। ਮੈਂ ਚਾਹੁੰਦੀ ਹਾਂ ਕਿ ਅਸੀਂ ਆਪਣੇ ਜ਼ਖਮਾਂ ਨੂੰ ਭਰ ਸਕੀਏ।"

ਨਿਕੀ ਨੇ ਕਿਹਾ, ਪਰ ਜਦੋਂ ਤੁਹਾਡਾ ਸ਼ੋਸ਼ਣ ਕਰਨ ਵਾਲਾ ਹਰ ਜਗ੍ਹਾ ਮੌਜੂਦ ਲੱਗਦਾ ਹੋਵੇ, ਤਾਂ ਉਭਰਨਾ ਹੋਣਾ ਮੁਸ਼ਕਲ ਹੁੰਦਾ ਹੈ।

"ਜਦੋਂ ਹਰ ਮੋੜ 'ਤੇ, ਤੁਸੀਂ ਜੋ ਵੀ ਚੈਨਲ ਚਲਾਓ, ਕਿਰਿਆਨੇ ਦੀ ਦੁਕਾਨ ਵਿੱਚ ਕਤਾਰ ਵਿੱਚ ਪਈਆਂ ਮੈਗਜ਼ੀਨਾਂ ਦੇ ਕਵਰ ਪੇਜ 'ਤੇ, ਸੋਸ਼ਲ ਮੀਡੀਆ 'ਤੇ... ਹਰ ਜਗ੍ਹਾ ਲਗਾਤਾਰ ਉਹੀ ਗੱਲ ਉਛਾਲੀ ਜਾਂਦੀ ਹੈ ਅਤੇ ਸਾਡੇ ਸਾਹਮਣੇ ਲਿਆਂਦੀ ਜਾਂਦੀ ਹੈ, ਇਸ ਨਾਲ ਸਾਨੂੰ ਠੀਕ ਹੋਣ ਦਾ ਮੌਕਾ ਨਹੀਂ ਮਿਲਦਾ।''

"ਅਸੀਂ ਬਚੇ ਹੋਏ ਲੋਕ ਇਸ ਸਮੇਂ ਸਿਆਸੀ ਭਾਸ਼ਣ ਦੇ ਮੋਹਰੇ ਤੋਂ ਵੱਧ ਕੁਝ ਨਹੀਂ ਹਾਂ ਅਤੇ ਇਹ ਘਿਣਾਉਣਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)