ਪੰਜਾਬੀ ਮੂਲ ਦਾ ਬੱਲੇਬਾਜ਼ ਯੁਵਰਾਜ ਸਮਰਾ, ਜਿਸ ਦਾ ਸੁਪਨਾ ਬੁਮਰਾਹ ਦੇ ਸਾਹਮਣੇ ਖੇਡਣਾ ਹੈ, ਉਸ ਦੀ ਇੰਨੀ ਚਰਚਾ ਕਿਉਂ ਹੋ ਰਹੀ ਹੈ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਯੁਵਰਾਜ ਟੀ-20 ਵਰਲਡ ਕੱਪ ਦੇ ਇਤਿਹਾਸ 'ਚ ਸੈਂਕੜਾ ਲਗਾਉਣ ਵਾਲੇ ਸਭ ਤੋਂ ਘੱਟ ਉਮਰ ਦੇ ਬੱਲੇਬਾਜ਼ ਬਣ ਗਏ ਹਨ।
ਪੜ੍ਹਨ ਦਾ ਸਮਾਂ: 5 ਮਿੰਟ

ਯੁਵਰਾਜ ਸਮਰਾ, ਜਿਨ੍ਹਾਂ ਦਾ ਨਾਂਅ ਉਨ੍ਹਾਂ ਦੇ ਪਿਤਾ ਨੇ ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ 'ਤੇ ਰੱਖਿਆ, ਦੀ ਚਰਚਾ ਅੱਜ ਹਰ ਪਾਸੇ ਹੈ।

ਪੰਜਾਬੀ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਇਹ ਕੈਨੇਡੀਅਨ ਬੱਲੇਬਾਜ਼ ਟੀ-20 ਵਰਲਡ ਕੱਪ ਦੇ ਇਤਿਹਾਸ 'ਚ ਸੈਂਕੜਾ ਲਗਾਉਣ ਵਾਲੇ ਸਭ ਤੋਂ ਘੱਟ ਉਮਰ ਦੇ ਬੱਲੇਬਾਜ਼ ਬਣ ਗਏ ਹਨ।

ਮਹਿਜ਼ 19 ਸਾਲ 141 ਦਿਨਾਂ ਦੀ ਉਮਰ 'ਚ ਯੁਵਰਾਜ ਸਮਰਾ ਨੇ ਨਿਊਜ਼ੀਲੈਂਡ ਖ਼ਿਲਾਫ਼ ਸੈਂਚੁਰੀ ਲਗਾ ਇਤਿਰਾਸ ਰਚ ਦਿੱਤਾ ਹੈ। ਅਜਿਹਾ ਕਰਕੇ ਉਨ੍ਹਾਂ ਨੇ ਪਾਕਿਸਤਾਨ ਦੇ ਅਹਿਮਦ ਸ਼ਹਿਜ਼ਾਦ ਦਾ ਰਿਕਾਰਡ ਤੋੜਿਆ ਜਿਨ੍ਹਾਂ ਨੇ 22 ਸਾਲ 127 ਦਿਨਾਂ ਦੀ ਉਮਰ 'ਚ ਸਾਲ 2014 'ਚ ਬੰਗਲਾਦੇਸ਼ ਖ਼ਿਲਾਫ਼ ਸੈਂਕੜਾ ਜੜਿਆ ਸੀ।

Sorry, we can’t display this part of the story on this lightweight mobile page.

ਚੇੱਨਈ ਦੇ ਮੈਦਾਨ 'ਤੇ ਯੁਵਰਾਜ ਦੀ ਸ਼ਾਨਦਾਰ ਪਾਰੀ ਬਦੌਲਤ ਕੈਨੇਡਾ ਦੀ ਟੀਮ ਨੇ ਨਿਊਜ਼ੀਲੈਂਡ ਨੂੰ 4 ਵਿਕਟਾਂ ਦੇ ਨੁਕਸਾਨ 'ਤੇ 174 ਦੌਰਾਂ ਦਾ ਟੀਚਾ ਦਿੱਤਾ ਸੀ ਜਿਸ ਨੂੰ ਕੀਵੀਆਂ ਨੇ 15.1 ਓਵਰਾਂ 'ਚ ਸਿਰਫ਼ 2 ਵਿਕਟਾਂ ਗੁਆ ਕੇ ਹਾਸਲ ਕਰ ਲਿਆ।

ਹਾਲਾਂਕਿ ਯੁਵਰਾਜ ਸਮਰਾ ਦੀ ਤੂਫ਼ਾਨੀ ਪਾਰੀ ਕੈਨੇਡਾ ਨੂੰ ਮੈਚ ਤਾਂ ਨਹੀਂ ਜਿਤਾ ਸਕੀ ਪਰ ਉਨ੍ਹਾਂ ਦਾ ਸ਼ਾਨਦਾਰ ਪ੍ਰਦਰਸ਼ਨ ਚਰਚਾ ਦਾ ਵਿਸ਼ਾ ਜ਼ਰੂਰ ਬਣ ਗਿਆ ਹੈ।

ਕ੍ਰਿਕਟ ਕੈਨੇਡਾ ਨੂੰ ਦਿੱਤੇ ਇੱਕ ਇੰਟਰਵਿਊ 'ਚ ਯੁਵਰਾਜ ਸਮਰਾ ਨੇ ਕਿਹਾ ਸੀ, "ਮੈਂ ਟੀ-20 ਵਰਲਡ ਕੱਪ ਸਿਰਫ਼ ਨਾਂਅ ਲਈ ਨਹੀਂ ਖੇਡਣਾ ਚਾਹੁੰਦਾ। ਮੈਂ ਚਾਹੁੰਦਾ ਹਾਂ ਕਿ ਅਜਿਹੀ ਪਾਰੀ ਖੇਡਾਂ ਕਿ ਦੁਨੀਆ ਯਾਦ ਰੱਖੇ। ਟੀ-20 ਵਰਲਡ ਕੱਪ ਮੇਰੇ ਲਈ ਬਹੁਤ ਵੱਡਾ ਮੰਚ ਹੈ ਅਤੇ ਮੈਂ ਚਾਹੁੰਦਾ ਹਾਂ ਕਿ ਇੱਥੇ ਖੇਡੀਆਂ ਪਾਰੀਆਂ ਜ਼ਰੀਏ ਮੇਰੇ ਲਈ ਅੱਗੇ ਹੋਰ ਦਰਵਾਜ਼ੇ ਖੁੱਲ੍ਹਣ।"

ਯੁਵਰਾਜ ਸਮਰਾ ਦੱਸਦੇ ਹਨ ਕਿ ਕ੍ਰਿਕਟ ਦਾ ਸ਼ੌਕ ਉਨ੍ਹਾਂ ਨੂੰ ਆਪਣੇ ਪਿਤਾ ਸਦਕਾ ਪਿਆ। ਉਨ੍ਹਾਂ ਦੇ ਪਿਤਾ ਬਲਜੀਤ ਸਮਰਾ ਖ਼ੁਦ ਵੀ ਕ੍ਰਿਕਟ ਖੇਡਦੇ ਰਹੇ ਹਨ ਅਤੇ ਇਸੇ ਕਰਕੇ ਉਨ੍ਹਾਂ ਆਪਣੇ ਪੁੱਤਰ ਦਾ ਨਾਂਅ ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਦੇ ਨਾਂਅ 'ਤੇ ਰੱਖਿਆ। ਪਿਤਾ ਸ਼ੁਰੂ ਤੋਂ ਹੀ ਚਾਹੁੰਦੇ ਸਨ ਕਿ ਉਨ੍ਹਾਂ ਦਾ ਬੇਟਾ ਯੁਵਰਾਜ ਵਾਂਗ ਖੇਡੇ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਯੁਵਰਾਜ ਸਮਰਾ ਦੱਸਦੇ ਹਨ ਕਿ ਕ੍ਰਿਕਟ ਦਾ ਸ਼ੌਕ ਉਨ੍ਹਾਂ ਨੂੰ ਆਪਣੇ ਪਿਤਾ ਸਦਕਾ ਪਿਆ

'ਆਪਣੀ ਖੇਡ ਖੇਡਣਾ ਚਾਹੁੰਦਾ ਹਾਂ'

ਹਾਲਾਂਕਿ ਯੁਵਰਾਜ ਕਹਿੰਦੇ ਹਨ, "ਮੈਂ ਕ੍ਰਿਕਟ ਦੀ ਦੁਨੀਆ 'ਚ ਆਪਣੀ ਵੱਖਰੀ ਛਾਪ ਛੱਡਣਾ ਚਾਹੁੰਦਾ ਹਾਂ। ਮੈਂ ਕਿਸੇ ਹੋਰ ਖਿਡਾਰੀ ਦੀ ਨਕਲ ਨਹੀਂ ਕਰਨਾ ਚਾਹੁੰਦਾ। ਮੈਂ ਆਪਣੀ ਤਰ੍ਹਾਂ ਦੀ ਖੇਡ ਖੇਡਣਾ ਚਾਹੁੰਦਾ ਹਾਂ।"

ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਵੈੱਬਸਾਈਟ 'ਤੇ ਦਿੱਤੀ ਜਾਣਕਾਰੀ ਮੁਤਾਬਕ ਯੁਵਰਾਜ ਟੀ-20 ਵਿਸ਼ਵ ਕੱਪ ਦੇ ਇਤਿਹਾਸ 'ਚ ਸੈਂਕੜਾ ਲਗਾਉਣ ਵਾਲੇ ਸਭ ਤੋਂ ਘੱਟ ਉਮਰ ਦੇ ਅਤੇ ਇਸ ਫਾਰਮੈਟ 'ਚ ਤੀਜੇ ਸਭ ਤੋਂ ਘੱਟ ਉਮਰ ਦੇ ਬੱਲੇਬਾਜ਼ ਬਣ ਗਏ ਹਨ।

ਨਿਊਜ਼ੀਲੈਂਡ ਖ਼ਿਲਾਫ਼ ਉਨ੍ਹਾਂ ਮਹਿਜ਼ 65 ਗੇਂਦਾਂ 'ਚ 110 ਦੌੜਾਂ ਦੀ ਪਾਰੀ ਖੇਡੀ, ਜਿਸ ਵਿੱਚ 6 ਛੱਕੇ ਅਤੇ 11 ਚੌਕੇ ਸ਼ਾਮਲ ਸਨ। ਇਹ ਯੁਵਰਾਜ ਸਮਰਾ ਦੀ ਪਹਿਲੀ ਅੰਤਰਰਾਸ਼ਟਰੀ ਸੈਂਚੁਰੀ ਹੈ।

ਯੁਵਰਾਜ ਸਮਰਾ ਦੇ ਹੁਣ ਤੱਕ ਦੇ ਕ੍ਰਿਕਟ ਕਰੀਅਰ 'ਤੇ ਨਜ਼ਰ ਮਾਰੀਏ ਤਾਂ ਉਨ੍ਹਾਂ ਨੇ ਟੀ-20 ਫਾਰਮੈਟ 'ਚ 19 ਮੈਚ ਖੇਡੇ ਹਨ, ਜਿੱਥੇ ਉਨ੍ਹਾਂ 569 ਦੌੜਾਂ ਬਣਾਈਆਂ ਅਤੇ ਉਨ੍ਹਾਂ ਦਾ ਸਭ ਤੋਂ ਵੱਧ ਸਕੋਰ 110 ਰਿਹਾ। ਇੱਕ ਰੋਜ਼ਾ (ਵਨ ਡੇਅ) ਫਾਰਮੈਟ ਵਿੱਚ ਸਮਰਾ ਨੇ 8 ਮੈਚਾਂ 'ਚ 172 ਦੌੜਾਂ ਬਣਾਈਆਂ ਅਤੇ ਉਨ੍ਹਾਂ ਦਾ ਸਭ ਤੋਂ ਵੱਧ ਸਕੋਰ 53 ਦੌੜਾਂ ਰਿਹਾ।

29 ਸਤੰਬਰ 2006 ਨੂੰ ਬਰੈਂਪਟਨ, ਓਨਟਾਰੀਓ (ਕੈਨੇਡਾ) ਵਿੱਚ ਜਨਮੇ ਯੁਵਰਾਜ ਸਮਰਾ ਨੂੰ ਕ੍ਰਿਕਟ ਦਾ ਸ਼ੌਕ ਬਚਪਨ ਤੋਂ ਹੀ ਸੀ।

ਯੁਵਰਾਜ ਆਪਣੇ ਕ੍ਰਿਕਟ ਕਰੀਅਰ ਦਾ ਸਿਹਰਾ ਆਪਣੇ ਮਾਪਿਆਂ ਸਿਰ ਬੰਨ੍ਹਦੇ ਹਨ। ਉਨ੍ਹਾਂ ਦੇ ਪਿਤਾ ਬਲਜੀਤ ਸਮਰਾ ਕੈਨੇਡਾ ਵਿੱਚ ਰੈਸਟੋਰੈਂਟ ਦੇ ਕਾਰੋਬਾਰ ਨਾਲ ਜੁੜੇ ਹਨ, ਪਰ ਇਸ ਦੇ ਬਾਵਜੂਦ ਉਹ ਆਪਣਾ ਜ਼ਿਆਦਾਤਰ ਸਮਾਂ ਯੁਵਰਾਜ ਨੂੰ ਦਿੰਦੇ ਹਨ।

ਯੁਵਰਾਜ ਦੱਸਦੇ ਹਨ ਕਿ ਉਨ੍ਹਾਂ ਦੀ ਮਾਤਾ ਹੋਸ਼ਿਆਰ ਸਮਰਾ ਨੇ ਉਨ੍ਹਾਂ ਦੀ ਖ਼ਾਤਰ ਕਾਫ਼ੀ ਸਮਾਂ ਪਹਿਲਾਂ ਨੌਕਰੀ ਛੱਡ ਦਿੱਤੀ ਸੀ। ਅਭਿਆਸ ਲਈ ਲੈ ਕੇ ਜਾਣ ਤੋਂ ਲੈ ਕੇ ਵਾਪਸ ਲਿਆਉਣ ਤੱਕ, ਘੰਟਿਆਂ ਤੱਕ ਸਟੇਡੀਅਮ 'ਚ ਬੈਠ ਕੇ ਮੈਚ ਦੇਖਣਾ ਅਤੇ ਖੇਡ ਸੁਧਾਰਨ ਲਈ ਸੁਝਾਅ ਦੇਣਾ, ਬਚਪਨ ਤੋਂ ਹੀ ਮਾਤਾ-ਪਿਤਾ ਨੇ ਆਪਣਾ ਪੂਰਾ ਸਮਾਂ ਉਨ੍ਹਾਂ ਨੂੰ ਸਮਰਪਿਤ ਕੀਤਾ ਹੈ।

ਬੀਬੀਸੀ ਸਪੋਰਟਸ ਦੀ ਰਿਪੋਰਟ ਮੁਤਾਬਕ ਯੁਵਰਾਜ ਸਮਰਾ ਨੇ ਕਿਹਾ, "ਵਿਸ਼ਵ ਕੱਪ ਵਿੱਚ ਸਭ ਤੋਂ ਘੱਟ ਉਮਰ ਦੇ ਖਿਡਾਰੀ ਵਜੋਂ ਇਹ ਮੁਕਾਮ ਹਾਸਲ ਕਰਨਾ ਮੇਰੇ ਲਈ ਸੁਪਨਾ ਸੱਚ ਹੋਣ ਵਰਗਾ ਹੈ।"

ਕੈਨੇਡਾ ਕ੍ਰਿਕਟ ਨੂੰ ਦਿੱਤੇ ਇਕ ਇੰਟਰਵਿਊ ਵਿੱਚ ਯੁਵਰਾਜ ਦੇ ਪਿਤਾ ਨੇ ਕਿਹਾ, "ਮੈਂ ਯੁਵੀ ਦਾ ਹਰ ਮੈਚ ਬਰੀਕੀ ਨਾਲ ਦੇਖਦਾ ਹਾਂ। ਜਦੋਂ ਕਦੇ ਉਹ ਚੰਗਾ ਪ੍ਰਦਰਸ਼ਨ ਨਹੀਂ ਕਰਦਾ ਤਾਂ ਉਸ ਨਾਲ ਬੈਠ ਕੇ ਖੇਡ ਬਾਰੇ ਵਿਚਾਰ ਕਰਦਾ ਹਾਂ। ਉਹ ਧਿਆਨ ਨਾਲ ਸੁਣਨ ਵਾਲਾ ਹੈ। ਮੇਰੇ ਵੱਲੋਂ ਦਿੱਤੇ ਸੁਝਾਅ ਗੌਰ ਨਾਲ ਸੁਣਦਾ ਹੈ ਅਤੇ ਜਦੋਂ ਵੀ ਉਹ ਵਧੀਆ ਪਾਰੀ ਖੇਡਦਾ ਹੈ ਤਾਂ ਸਾਡਾ ਦਿਲ ਖੁਸ਼ ਹੋ ਜਾਂਦਾ ਹੈ। ਅਸੀਂ ਬਹੁਤ ਮਾਣ ਮਹਿਸੂਸ ਕਰਦੇ ਹਾਂ।"

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 29 ਸਤੰਬਰ 2006 ਨੂੰ ਬਰੈਂਪਟਨ, ਓਨਟਾਰੀਓ (ਕੈਨੇਡਾ) ਵਿੱਚ ਜਨਮੇ ਯੁਵਰਾਜ ਸਮਰਾ ਨੂੰ ਕ੍ਰਿਕਟ ਦਾ ਸ਼ੌਕ ਬਚਪਨ ਤੋਂ ਹੀ ਸੀ

ਮਾਪਿਆ ਦਾ ਸਾਥ

ਯੁਵਰਾਜ ਦੱਸਦੇ ਹਨ ਕਿ ਉਨ੍ਹਾਂ ਦੇ ਮਾਪਿਆਂ ਕਦੇ ਪੜ੍ਹਾਈ ਨੂੰ ਲੈਕੇ ਉਨ੍ਹਾਂ 'ਤੇ ਬੋਝ ਨਹੀਂ ਪਾਇਆ।

ਉਹ ਕਹਿੰਦੇ ਹਨ, "ਮੈਂ ਸਿਰਫ਼ 70 ਫੀਸਦੀ ਅੰਕ ਲਿਆਉਣ ਦਾ ਟੀਚਾ ਰੱਖਦਾ ਸੀ। ਮਾਪੇ ਵੀ ਚਾਹੁੰਦੇ ਸਨ ਕਿ ਮੈਂ ਸਿਰਫ਼ ਪਾਸ ਹੋਣ ਵੱਲ ਧਿਆਨ ਦੇਵਾਂ ਅਤੇ ਆਪਣਾ ਪੂਰਾ ਧਿਆਨ ਮੈਚ ਪ੍ਰੈਕਟਿਸ 'ਤੇ ਰੱਖਾਂ। ਇਸ ਕਰਕੇ ਮੈਂ ਪੜ੍ਹਾਈ ਦਾ ਵੱਧ ਦਬਾਅ ਨਹੀਂ ਲਿਆ ਅਤੇ ਪੂਰਾ ਧਿਆਨ ਆਪਣੀ ਖੇਡ ਨੂੰ ਹੋਰ ਬਿਹਤਰ ਬਣਾਉਣ 'ਤੇ ਲਾ ਸਕਿਆ।"

ਖੇਡ 'ਚ ਆਉਣ ਵਾਲੇ ਉਤਾਰ-ਚੜ੍ਹਾਅ ਬਾਰੇ ਗੱਲ ਕਰਦੇ ਹੋਏ ਯੁਵਰਾਜ ਕਹਿੰਦੇ ਹਨ, "ਮੈਂ ਕਦੇ ਨਕਾਰਾਤਮਕ ਨਹੀਂ ਸੋਚਦਾ। ਹਮੇਸ਼ਾ ਸਕਾਰਾਤਮਕ ਸੋਚਦਾ ਹਾਂ ਅਤੇ ਕਦੇ ਆਪਣੇ ਉੱਤੇ ਸ਼ੱਕ ਨਹੀਂ ਕਰਦਾ। ਜੇ ਕਦੇ ਚੰਗਾ ਪ੍ਰਦਰਸ਼ਨ ਨਾ ਹੋ ਰਿਹਾ ਹੋਵੇ ਤਾਂ ਆਪਣੇ ਪਿਤਾ ਜਾਂ ਸੀਨੀਅਰ ਖਿਡਾਰੀਆਂ ਤੋਂ ਸਲਾਹ ਲੈਂਦਾ ਹਾਂ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ ਤਾਂ ਜੋ ਦੁਬਾਰਾ ਫਾਰਮ ਵਿੱਚ ਆ ਸਕਾਂ। ਉਨ੍ਹਾਂ ਦੀ ਸਲਾਹ ਮੈਨੂੰ ਬਹੁਤ ਮਦਦ ਕਰਦੀ ਹੈ।"

ਭਾਰਤੀ ਗੇਂਦਬਾਜ਼ਾਂ ਬਾਰੇ ਪੁੱਛੇ ਸਵਾਲ ਦੇ ਜਵਾਬ 'ਚ ਸਮਰਾ ਕਹਿੰਦੇ ਹਨ, "ਮੈਂ ਭਾਰਤੀ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦਾ ਵੱਡਾ ਪ੍ਰਸ਼ੰਸਕ ਹਾਂ। ਉਹ ਦੁਨੀਆ ਦੇ ਬਿਹਤਰੀਨ ਗੇਂਦਬਾਜ਼ਾਂ ’ਚੋਂ ਇੱਕ ਹਨ ਅਤੇ ਮੈਂ ਉਨ੍ਹਾਂ ਨੂੰ ਪਿਚ 'ਤੇ ਫੇਸ ਕਰਨਾ ਚਾਹੁੰਦਾ ਹਾਂ।"

ਯੁਵਰਾਜ ਦੇ ਪਿਤਾ ਬਲਜੀਤ ਸਮਰਾ ਚਾਹੁੰਦੇ ਹਨ ਕਿ ਉਹ ਕ੍ਰਿਕਟ ਦੇ ਤਿੰਨੇ ਫਾਰਮੈਟ ਖੇਡੇ ਹਨ। ਅਜੇ ਸਿਰਫ਼ ਟੀ-20 ਅਤੇ 50 ਫਾਰਮੈਟ 'ਚ ਖੇਡਣ ਦਾ ਮੌਕਾ ਮਿਲਿਆ। ਉਹ ਚਾਹੁੰਦੇ ਹਨ ਕਿ ਯੁਵਰਾਜ ਸਿਰਫ ਕੈਨੇਡੀਅਨ ਕ੍ਰਿਕਟ ਟੀਮ ਤੱਕ ਹੀ ਸੀਮਤ ਨਾ ਰਹੇ ਅਤੇ ਬਾਕੀਆਂ ਲੀਗਜ਼ 'ਚ ਵੀ ਖੇਡੇ।

ਉਹ ਚਾਹੁੰਦੇ ਹਨ ਕਿ ਇੱਕ ਦਿਨ ਉਨ੍ਹਾਂ ਦਾ ਬੇਟਾ ਆਈਪੀਐੱਲ ਖੇਡੇ। ਬਲਜੀਤ ਸਮਰਾ ਕਹਿੰਦੇ ਹਨ, "ਬੇਸ਼ੱਕ ਅਸੀਂ ਪੰਜਾਬ ਤੋਂ ਹਾਂ ਪਰ ਮੈਂ ਚਾਹੁੰਦਾ ਹੈ ਕਿ ਯੁਵਰਾਜ ਮੁੰਬਈ ਇੰਡੀਅਨਜ਼ ਵੱਲੋਂ ਆਈਪੀਐੱਲ ਦੇ ਮੈਦਾਨ 'ਚ ਉਤਰੇ। ਮੇਰੀ ਦਿਲੀ ਇੱਛਾ ਹੈ ਕਿ ਮੈਂ ਉਸ ਨੂੰ ਮੁੰਬਈ ਇੰਡੀਅਨਜ਼ ਦੀ ਜਰਸੀ 'ਚ ਦੇਖਾਂ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)