ਰਾਘਵ ਚੱਢਾ ਨੇ ਆਪਣੇ ਖ਼ਿਲਾਫ਼ ਹੋਏ ਐਕਸ਼ਨ ਉੱਤੇ ਚੁੱਕੇ ਸਵਾਲ, ਸੀਐੱਮ ਮਾਨ ਨੇ ਦਿੱਤਾ ਇਹ ਜਵਾਬ
ਤਸਵੀਰ ਸਰੋਤ, Raghav Chadha/FB / Aam Aadmi Party-Punjab/FB
ਆਮ ਆਦਮੀ ਪਾਰਟੀ ਨੇ ਲੰਘੀ 2 ਅਪ੍ਰੈਲ ਨੂੰ ਰਾਜ ਸਭਾ ਵਿੱਚ ਆਪਣੇ ਡਿਪਟੀ ਲੀਡਰ ਰਾਘਵ ਚੱਢਾ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਉਨ੍ਹਾਂ ਦੀ ਥਾਂ ਪੰਜਾਬ ਤੋਂ ਰਾਜ ਸਭਾ ਸਾਂਸਦ ਡਾਕਟਰ ਅਸ਼ੋਕ ਮਿੱਤਲ ਨੂੰ ਡਿਪਟੀ ਲੀਡਰ ਬਣਾਇਆ ਗਿਆ ਹੈ।
ਹੁਣ, ਰਾਘਵ ਚੱਢਾ ਨੇ ਇੱਕ ਵੀਡੀਓ ਜਾਰੀ ਕਰਦਿਆਂ ਪਾਰਟੀ ਦੇ ਇਸ ਫੈਸਲੇ 'ਤੇ ਸਵਾਲ ਚੁੱਕੇ ਹਨ।
ਲਗਭਗ 2 ਮਿੰਟ ਤੋਂ ਵੀ ਲੰਮੇ ਆਪਣੇ ਇਸ ਵੀਡੀਓ ਵਿੱਚ ਰਾਘਵ ਚੱਢਾ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਨੇ ਰਾਜ ਸਭਾ ਸਕੱਤਰੇਤ ਨੂੰ ਕਿਹਾ ਹੈ ਕਿ ਰਾਘਵ ਚੱਢਾ ਦੇ ਸੰਸਦ 'ਚ ਬੋਲਣ 'ਤੇ ਰੋਕ ਲਗਾ ਦਿੱਤੀ ਜਾਵੇ।
ਉਨ੍ਹਾਂ ਆਪਣੇ ਸੋਸ਼ਲ ਮੀਡੀਆ 'ਤੇ ਜਾਰੀ ਵੀਡੀਓ ਦੇ ਨਾਲ ਲਿਖਿਆ, ''ਚੁੱਪ ਕਰਵਾਇਆ ਗਿਆ ਹਾਂ, ਹਾਰਿਆ ਨਹੀਂ ਹਾਂ। - ਆਮ ਆਦਮੀ ਪਾਰਟੀ ਨੂੰ ਮੇਰਾ ਸੰਦੇਸ਼।''
'ਜਨਤਾ ਦੇ ਮੁੱਦੇ ਚੁੱਕੇ ਹਨ, ਅੱਗੇ ਵੀ ਚੁੱਕਦਾ ਰਹਾਂਗਾ'
ਤਸਵੀਰ ਸਰੋਤ, The India Today Group via Getty Images
ਜਾਰੀ ਵੀਡੀਓ ਵਿੱਚ ਰਾਘਵ ਚੱਢਾ ਨੇ ਕਿਹਾ, ''ਮੈਨੂੰ ਜਦੋਂ-ਜਦੋਂ ਸੰਸਦ 'ਚ ਬੋਲਣ ਦਾ ਮੌਕਾ ਮਿਲਦਾ ਹੈ, ਮੈਂ ਜਨਤਾ ਦੇ ਮੁੱਦੇ ਚੁੱਕਦਾ ਹਾਂ। ਅਤੇ ਸ਼ਾਇਦ ਅਜਿਹੇ ਮੁੱਦੇ ਚੁੱਕਦਾ ਹਾਂ, ਜਿਨ੍ਹਾਂ ਨੂੰ ਆਮ ਤੌਰ 'ਤੇ ਸੰਸਦ 'ਚ ਨਹੀਂ ਚੁੱਕਿਆ ਜਾਂਦਾ ਹੈ।''
ਪਰ ਕੀ ਜਨਤਾ ਦੇ ਮੁੱਦੇ ਚੁੱਕਣਾ ਕੋਈ ਅਪਰਾਧ ਹੈ? ਕੀ ਮੈਂ ਕੋਈ ਗੁਨਾਹ ਕਰ ਦਿੱਤਾ ਹੈ, ਕੋਈ ਗਲਤੀ ਕਰ ਦਿੱਤੀ ਹੈ?
''ਇਹ ਸਵਾਲ ਅੱਜ ਮੈਂ ਇਸ ਲਈ ਪੁੱਛ ਰਿਹਾ ਹਾਂ ਕਿਉਂਕਿ ਆਮ ਆਦਮੀ ਪਾਰਟੀ ਨੇ ਰਾਜ ਸਭਾ ਸਕੱਤਰੇਤ ਨੂੰ ਇਹ ਕਿਹਾ ਹੈ ਕਿ ਰਾਘਵ ਚੱਢਾ ਦੇ ਸੰਸਦ 'ਚ ਬੋਲਣ 'ਤੇ ਰੋਕ ਲਗਾ ਦਿੱਤੀ ਜਾਵੇ।''
''ਭਲਾ ਮੇਰੇ ਬੋਲਣ 'ਤੇ ਕੋਈ ਰੋਕ ਕਿਉਂ ਲਗਾਉਣਾ ਚਾਹੇਗਾ? ਮੈਂ ਤਾਂ ਜਦੋਂ ਗੱਲ ਕਰਦਾ ਹਾਂ ਦੇਸ਼ ਦੇ ਆਮ ਆਦਮੀ ਦੀ ਗੱਲ ਕਰਦਾ ਹਾਂ। ਏਅਰਪੋਰਟ 'ਤੇ ਮਿਲ ਰਹੇ ਮਹਿੰਗੇ ਖਾਣੇ ਦੀ ਗੱਲ ਰੱਖੀ, ਜੋਮੈਟੋ..ਬਲਿੰਕਇਟ ਦੇ ਡਿਲੀਵਰੀ ਰਾਈਡਰਜ਼ ਦੀ ਸਮੱਸਿਆ ਰੱਖੀ, ਖਾਣੇ 'ਚ ਮਿਲਾਵਟ ਦਾ ਮੁੱਦਾ ਚੁੱਕਿਆ, ਟੋਲ ਪਲਾਜ਼ਾ ਲੁੱਟ ਤੋਂ ਲੈਕੇ ਬੈਂਕ ਚਾਰਜਿਜ਼ ਲੁੱਟ ਦੀ ਗੱਲ ਕੀਤੀ।''
''ਇੱਥੋਂ ਤੱਕ ਕਿ ਮੱਧਮ ਵਰਗ 'ਤੇ ਟੈਕਸ ਦੇ ਬੋਝ ਤੋਂ ਲੈਕੇ ਕੰਟੈਂਟ ਕ੍ਰੀਏਟਰਜ਼ 'ਤੇ ਸਟ੍ਰਾਈਕ ਕਿਉਂ ਕੀਤੀ ਜਾਂਦੀ ਹੈ, ਟੈਲੀਕਾਮ ਕੰਪਨੀਆਂ ਕਿਵੇਂ 12 ਮਹੀਨਿਆਂ 'ਚ ਸਾਡੇ ਕੋਲੋਂ 13 ਵਾਰ ਰੀਚਾਰਜ ਕਰਾਉਂਦੀਆਂ ਹਨ' ਵਰਗੇ ਕਈ ਮੁੱਦੇ ਅਸੀਂ ਸੰਸਦ 'ਚ ਚੁੱਕੇ।''
ਉਨ੍ਹਾਂ ਸਵਾਲ ਕੀਤਾ, ''ਇਹ ਮੁੱਦੇ ਚੁੱਕਣ ਨਾਲ ਦੇਸ਼ ਦੇ ਆਮ ਆਦਮੀ ਦਾ ਤਾਂ ਫਾਇਦਾ ਹੋਇਆ ਪਰ ਇਸ ਨਾਲ ਆਮ ਆਦਮੀ ਪਾਰਟੀ ਦਾ ਕੀ ਨੁਕਸਾਨ ਹੋਇਆ? ਕੋਈ ਮੈਨੂੰ ਬੋਲਣ ਤੋਂ ਕਿਉਂ ਰੋਕਣਾ ਚਾਹੇਗਾ?''
ਇਸ ਦੌਰਾਨ ਰਾਘਵ ਚੱਢਾ ਨੇ ਆਮ ਲੋਕਾਂ ਦੇ ਵਿਸ਼ਵਾਸ ਅਤੇ ਸਾਥ ਲਈ ਉਨ੍ਹਾਂ ਦਾ ਧੰਨਵਾਦ ਕੀਤਾ।
ਪਾਰਟੀ 'ਚ ਆਗੂ ਬਦਲਣਾ ਇੱਕ ਆਮ ਪ੍ਰਕਿਰਿਆ - ਡਾਕਟਰ ਅਸ਼ੋਕ ਮਿੱਤਲ
ਤਸਵੀਰ ਸਰੋਤ, Ashok Kumar Mittal/FB
ਖ਼ਬਰ ਏਜੰਸੀ ਪੀਟੀਆਈ ਨਾਲ ਗੱਲ ਕਰਦਿਆਂ ਡਾਕਟਰ ਅਸ਼ੋਕ ਮਿੱਤਲ, ਜੋ ਰਾਘਵ ਚੱਢਾ ਦੀ ਥਾਂ ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ 'ਚ ਡਿਪਟੀ ਸਪੀਕਰ ਬਣਾਏ ਗਏ ਹਨ, ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੀ ਕੋਈ ਜਾਣਕਾਰੀ ਨਹੀਂ ਹੈ ਕਿ ਪਾਰਟੀ ਨੇ ਰਾਜ ਸਭਾ ਨੂੰ ਚੱਢਾ ਦੇ ਬੋਲਣ 'ਤੇ ਰੋਕ ਲਗਾਉਣ ਲਈ ਕਿਹਾ ਹੈ।
ਉਨ੍ਹਾਂ ਕਿਹਾ, ''ਪਾਰਟੀ ਵਿੱਚ ਆਗੂ ਜਾਂ ਉਪ-ਆਗੂ ਦਾ ਬਦਲਾਅ ਇੱਕ ਆਮ ਪ੍ਰਕਿਰਿਆ ਹੈ। ਪਹਿਲਾਂ ਐਨਡੀ ਗੁਪਤਾ ਜੀ ਡਿਪਟੀ ਲੀਡਰ ਸਨ, ਹੁਣ ਰਾਘਵ ਚੱਢਾ ਹੋ ਗਏ, ਅੱਜ ਮੈਂ ਹਾਂ, ਕੱਲ ਕੋਈ ਹੋਰ ਆ ਜਾਵੇਗਾ।''
ਉਨ੍ਹਾਂ ਕਿਹਾ ਕਿ ''ਪਾਰਟੀ ਚਾਹੁੰਦੀ ਹੈ ਕਿ ਆਗੂਆਂ ਨੂੰ ਵੱਖ-ਵੱਖ ਅਹੁਦਿਆਂ 'ਤੇ ਸਿੱਖਣ ਦਾ ਮੌਕਾ ਮਿਲੇ। ਸ਼ਾਇਦ ਉਸੇ ਸਿਲਸਿਲੇ 'ਚ ਮੈਨੂੰ ਇਹ ਜਿੰਮੇਵਾਰੀ ਸੌਂਪੀ ਗਈ ਹੈ।''
ਤਸਵੀਰ ਸਰੋਤ, Hindustan Times via Getty Images
ਪੰਜਾਬ ਦੇ ਸੀਐੱਮ ਭਗਵੰਤ ਮਾਨ ਨੇ ਕੀ ਕਿਹਾ
ਤਸਵੀਰ ਸਰੋਤ, Aam Aadmi Party - Punjab/FB
ਇੱਕ ਪ੍ਰੈੱਸ ਕਾਨਫਰੰਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਜਦੋਂ ਪੱਤਰਕਾਰਾਂ ਵੱਲੋਂ ਰਾਘਵ ਚੱਢਾ ਨੂੰ ਹਟਾਏ ਜਾਣ ਮਗਰੋਂ ਆਏ ਉਨ੍ਹਾਂ ਦੇ ਬਿਆਨ ਬਾਰੇ ਪੁੱਛਿਆ ਗਿਆ ਤਾਂ ਸੀਐੱਮ ਮਾਨ ਨੇ ਕਿਹਾ, ''ਬਿਆਨ ਉਨ੍ਹਾਂ ਵੱਲੋਂ ਆਇਆ ਹੈ, ਉਨ੍ਹਾਂ ਨੂੰ ਪੁੱਛ ਲੈਣਾ ਪਰ ਪਾਰਟੀ ਇਸ ਤਰ੍ਹਾਂ ਕਰਦੀ ਰਹਿੰਦੀ ਹੈ ਕਿ ਪਾਰਲੀਮੈਂਟਰੀ ਬੋਰਡ ਦਾ ਲੀਡਰ ਜਾਂ ਡਿਪਟੀ ਲੀਡਰ ਬਦਲਦਾ ਰਹਿੰਦਾ ਹੈ।''
''ਜਦੋਂ ਮੈਂ ਪਹਿਲੀ ਵਾਰ ਵੋਟਾਂ ਜਿੱਤਿਆ ਸੀ, ਚਾਰ ਜਣੇ ਸੀ ਅਸੀਂ। ਉਸ ਵੇਲੇ ਡਾਕਟਰ ਗਾਂਧੀ ਜੀ ਨੂੰ ਪਾਰਲੀਮੈਂਟਰੀ ਬੋਰਡ ਦਾ ਡਿਪਟੀ ਲੀਡਰ ਬਣਾਇਆ ਸੀ। ਬਾਅਦ ਵਿੱਚ ਮੈਂ ਵੀ ਇਸ ਅਹੁਦੇ 'ਤੇ ਰਿਹਾ ਹਾਂ।''
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, ''ਪਾਰਟੀ ਅਜਿਹੇ ਛੋਟੇ-ਮੋਟੇ ਫੈਸਲੇ ਲੈਂਦੀ ਰਹਿੰਦੀ ਹੈ। ਉਨ੍ਹਾਂ ਨੇ ਆਪਣੇ ਬਿਆਨ 'ਚ ਕੀ ਕਿਹਾ ਜਾਂ ਨਹੀਂ ਕਿਹਾ, ਇਹ ਉਨ੍ਹਾਂ ਦੀ ਮਰਜ਼ੀ ਹੈ।''
ਉਨ੍ਹਾਂ ਕਿਹਾ, ''ਜਦੋਂ ਅਸੀਂ ਵਿਰੋਧੀ ਧਿਰ 'ਚ ਬੈਠਦੇ ਹਾਂ ਤਾਂ ਕਈ ਵਾਰ ਅਜਿਹੇ ਮੁੱਦੇ ਹੁੰਦੇ ਹਨ, ਜਿਸ 'ਚ ਸਾਰੀ ਵਿਰੋਧੀ ਧਿਰ ਨੇ ਇੱਕ ਹੀ ਫੈਸਲਾ ਲੈਣਾ ਹੁੰਦਾ ਹੈ ਵਾਕ ਆਊਟ ਦਾ ਜਾਂ ਵਿਰੋਧ ਕਰਨ ਦਾ, ਜੇ ਉਸ 'ਚ ਕੋਈ ਵਿਅਕਤੀ ਪਾਰਟੀ ਲਾਈਨ ਤੋੜਦਾ ਹੈ, ਇਹ ਤਾ ਫਿਰ ਵਿਪ ਦੇ ਖਿਲਾਫ ਹੋ ਜਾਂਦਾ ਹੈ ਨਾ।''
''ਵਿਪ ਦੇ ਖਿਲਾਫ ਜਾਓਗੇ ਤਾਂ ਕਾਰਵਾਈ ਹੋਵੇਗੀ।''
ਉਨ੍ਹਾਂ ਕਿਹਾ, ''ਜੇ ਕੋਈ ਪਾਰਟੀ ਵੱਲੋਂ ਲਾਈਨ ਹੈ ਕਿ ਅੱਜ ਲੀਗਲ ਵੋਟਾਂ ਨੂੰ ਕੱਟਣ ਦੇ ਮੁੱਦੇ 'ਤੇ ਬੋਲਣਾ ਹੈ। ਗੁਜਰਾਤ 'ਚ ਸਾਡੇ 160 ਆਗੂਆਂ ਵਲੰਟੀਅਰਾਂ 'ਤੇ ਪਰਚੇ ਕੀਤੇ ਗਏ, ਪੰਜਾਬ 'ਚ ਧਰਮ-ਜਾਤੀ ਦੇ ਆਧਾਰ 'ਤੇ ਲੜਾਈ ਕਰਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ...ਇਨ੍ਹਾਂ ਮੁੱਦਿਆਂ 'ਤੇ ਬੋਲਣਾ ਹੈ। ਇਨ੍ਹਾਂ ਦੀ ਬਜਾਏ ਜੇ ਕੋਈ ਏਅਰਪੋਰਟ 'ਤੇ ਸਮੋਸਿਆਂ ਦੇ ਰੇਟ ਜਾਂ ਪਿਜ਼ਾ ਦੀ ਡਿਲੀਵਰੀ 30 ਦੀ ਬਜਾਏ 40 ਮਿੰਟਾਂ 'ਚ ਹੋਣੀ ਚਾਹੀਦੀ ਹੈ, ਅਜਿਹੇ ਮੁੱਦੇ ਚੁੱਕੇਗਾ ਤਾਂ ਲੱਗੇਗਾ ਨਹੀਂ ਤੁਹਾਨੂੰ ਕਿ ਕਿਸੇ ਹੋਰ ਸਟੇਸ਼ਨ ਤੋਂ ਬੋਲ ਰਿਹਾ ਹੈ।''
'ਅਰਵਿੰਦ ਕੇਰੀਵਾਲ ਦੀ ਗ੍ਰਿਫ਼ਤਾਰੀ ਸਮੇਂ ਤੁਸੀਂ ਕਿਤੇ ਜਾਕੇ ਲੁਕ ਗਏ' - ਸੌਰਭ ਭਾਰਦਵਾਜ
ਤਸਵੀਰ ਸਰੋਤ, ANI
ਆਮ ਆਦਮੀ ਪਾਰਟੀ ਵੱਲੋਂ ਰਾਜ ਸਭਾ ਵਿੱਚ ਪਾਰਟੀ ਦੇ ਡਿਪਟੀ ਲੀਡਰ ਦੀ ਜ਼ਿੰਮੇਵਾਰੀ ਰਾਘਵ ਚੱਢਾ ਦੀ ਥਾਂ ਅਸ਼ੋਕ ਕੁਮਾਰ ਮਿੱਤਲ ਨੂੰ ਸੌਂਪੇ ਜਾਣ ਤੋਂ ਬਾਅਦ ਪ੍ਰਤੀਕਿਰਿਆਵਾਂ ਦਾ ਦੌਰ ਜਾਰੀ ਹੈ।
ਦਿੱਲੀ ਵਿੱਚ ਆਮ ਆਦਮੀ ਪਾਰਟੀ ਪ੍ਰਧਾਨ ਅਤੇ ਪਾਰਟੀ ਦੇ ਕੌਮੀ ਬੁਲਾਰੇ ਸੌਰਭ ਭਾਰਦਵਾਜ ਨੇ ਰਾਘਵ ਚੱਢਾ 'ਤੇ ਗੰਭੀਰ ਇਲਜ਼ਾਮ ਲਗਾਏ ਹਨ।
ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਸਮੇਂ ਰਾਘਵ ਚੱਢਾ ਦੇ "ਦੇਸ਼ ਵਿੱਚ ਨਾ ਹੋਣ" ਅਤੇ "ਲੁਕਣ" ਦਾ ਇਲਜ਼ਾਮ ਲਗਾਇਆ।
ਸੌਰਭ ਭਾਰਦਵਾਜ ਨੇ ਕਿਹਾ, "ਅਰਵਿੰਦ ਕੇਜਰੀਵਾਲ ਜੀ ਨੂੰ ਮੁੱਖ ਮੰਤਰੀ ਰਹਿੰਦਿਆਂ ਸਰਕਾਰ ਨੇ ਇੱਕ ਝੂਠੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ, ਤੁਸੀਂ ਉਸ ਵੇਲੇ ਵੀ ਦੇਸ਼ ਵਿੱਚ ਨਹੀਂ ਸੀ। ਤੁਸੀਂ ਕਿਤੇ ਜਾ ਕੇ ਲੁਕ ਗਏ।"
ਇਸ ਤੋਂ ਇਲਾਵਾ ਸੌਰਭ ਭਾਰਦਵਾਜ ਨੇ ਰਾਘਵ ਚੱਢਾ 'ਤੇ ਸੰਸਦ ਵਿੱਚ "ਸਾਫ਼ਟ ਪੀਆਰ ਕਰਨ" ਦਾ ਇਲਜ਼ਾਮ ਲਗਾਉਂਦੇ ਹੋਏ ਕਿਹਾ, "ਸੰਸਦ ਵਿੱਚ ਇੱਕ ਛੋਟੀ ਪਾਰਟੀ ਕੋਲ ਬਹੁਤ ਹੀ ਸੀਮਿਤ ਸਮਾਂ ਹੁੰਦਾ ਹੈ ਅਤੇ ਉਸ ਵਿੱਚ ਜੇ ਕੋਈ ਸਮੋਸਿਆਂ ਦੀ ਗੱਲ ਉਠਾ ਰਿਹਾ ਹੈ ਤਾਂ ਇਸ ਤੋਂ ਵੱਧ ਜ਼ਰੂਰੀ ਹੈ ਕਿ ਦੇਸ਼ ਦੇ ਵੱਡੇ ਮੁੱਦਿਆਂ ਦੀ ਗੱਲ ਕੀਤੀ ਜਾਵੇ।"
ਉਨ੍ਹਾਂ ਕਿਹਾ, "ਹਾਲ ਹੀ ਵਿੱਚ ਜਦੋਂ ਸਾਰੀਆਂ ਵਿਰੋਧੀ ਪਾਰਟੀਆਂ ਨੇ ਮੁੱਖ ਚੋਣ ਕਮਿਸ਼ਨਰ ਦੇ ਮਹਾਂਦੋਸ਼ ਲਈ ਇੱਕ ਪ੍ਰਸਤਾਵ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਤੁਸੀਂ ਇਸ 'ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ। ਜਦੋਂ ਵੀ ਕੋਈ ਮੁੱਦਾ ਹੋਵੇ, ਜਿਸਨੂੰ ਲੈਕੇ ਵਿਰੋਧੀ ਧਿਰ ਵਾਕ ਆਊਟ ਕਰਦੀ ਹੈ, ਤੁਸੀਂ ਵਾਕ ਆਊਟ ਨਹੀਂ ਕਰਦੇ।
"ਪਿਛਲੇ ਕਾਫ਼ੀ ਸਮੇਂ ਤੋਂ ਮੈਂ ਦੇਖਿਆ ਹੈ ਕਿ ਤੁਸੀਂ ਕੋਈ ਵੀ ਮੁੱਦਾ ਸਦਨ ਵਿੱਚ ਨਹੀਂ ਉਠਾਇਆ, ਜਿਸ ਵਿੱਚ ਤੁਸੀਂ ਪ੍ਰਧਾਨ ਮੰਤਰੀ ਜਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਤੋਂ ਸਵਾਲ ਕੀਤਾ ਹੋਵੇ। ਇੰਝ ਡਰ ਕੇ ਰਾਜਨੀਤੀ ਕਿਵੇਂ ਚੱਲੇਗੀ?"
ਸੌਰਭ ਭਾਰਦਵਾਜ ਨੇ ਅੱਗੇ ਕਿਹਾ, "ਅਸੀਂ ਪੰਜਾਬ ਦੇ ਮੁੱਦੇ ਚੁੱਕਣੇ ਹਨ, ਜਿਥੋਂ ਤੁਸੀਂ ਚੁਣ ਕੇ ਆਉਂਦੇ ਹੋ। ਤੁਸੀਂ ਉਹ ਮੁੱਦੇ ਵੀ ਚੁੱਕਣ ਤੋਂ ਘਬਰਾਉਂਦੇ ਹੋ। ਗੁਜਰਾਤ ਵਿੱਚ ਪਾਰਟੀ ਦੇ ਲਗਭਗ 160 ਵਰਕਰਾਂ 'ਤੇ ਝੂਠੇ ਮਾਮਲਿਆਂ ਤਹਿਤ ਐਫ਼ਆਈਆਰ ਦਰਜ ਕੀਤੀ ਗਈ, ਕਈਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਤੁਸੀਂ ਉਸ 'ਤੇ ਵੀ ਚੁੱਪ ਰਹੇ।"
'ਆਪ' ਵਿੱਚ ਕਿਵੇਂ ਸ਼ਾਮਲ ਹੋਏ ਰਾਘਵ ਚੱਢਾ
ਹੁਣ ਇੱਕ ਨਜ਼ਰ ਮਾਰਦੇ ਹਾਂ ਰਾਘਵ ਚੱਢਾ ਦੇ ਸਿਆਸੀ ਤੇ ਨਿੱਜੀ ਸਫ਼ਰ ਉੱਤੇ
ਜਿਸ ਵੇਲੇ ਅੰਨਾ ਹਜ਼ਾਰੇ ਅਤੇ ਅਰਵਿੰਦ ਕੇਜਰੀਵਾਲ ਦਿੱਲੀ ਵਿੱਚ ਅੰਦੋਲਨ ਕਰ ਰਹੇ ਸਨ, ਉਸੇ ਵੇਲੇ ਰਾਘਵ ਦੀ ਮੁਲਾਕਾਤ ਅਰਵਿੰਦ ਕੇਜਰੀਵਾਲ ਨਾਲ ਹੋਈ ਸੀ।
ਫਿਰ ਸਾਲ 2012 ਵਿੱਚ ਉਹ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ।
ਰਾਘਵ ਚੱਢਾ ਦੇ ਪਰਿਵਾਰ ਦਾ ਸਬੰਧ ਜਲੰਧਰ ਨਾਲ ਹੈ ਅਤੇ ਕਈ ਦਹਾਕੇ ਪਹਿਲਾਂ ਹੀ ਉਨ੍ਹਾਂ ਦਾ ਪਰਿਵਾਰ ਦਿੱਲੀ ਆ ਕੇ ਵਸ ਗਿਆ ਸੀ।
ਤਸਵੀਰ ਸਰੋਤ, Raghav Chadha/FB
ਦਿੱਲੀ ਅਤੇ ਲੰਡਨ ਤੋਂ ਕੀਤੀ ਪੜ੍ਹਾਈ
ਰਾਘਵ ਚੱਢਾ ਨੇ ਦਿੱਲੀ ਦੇ ਮਾਰਡਨ ਸਕੂਲ ਤੋਂ ਪੜ੍ਹਾਈ ਕੀਤੀ ਹੈ। ਉਨ੍ਹਾਂ ਨੇ ਸਾਲ 2009 ਵਿੱਚ ਦਿੱਲੀ ਯੂਨੀਵਰਸਿਟੀ ਤੋਂ ਬੀ.ਕਾਮ ਦੀ ਡਿਗਰੀ ਪ੍ਰਾਪਤ ਕੀਤੀ।
ਇਸ ਮਗਰੋਂ ਸਾਲ 2011 ਵਿੱਚ ਉਨ੍ਹਾਂ ਨੇ ਇੰਸਟੀਚਿਊਟ ਆਫ਼ ਚਾਰਟਡ ਅਕਾਊਂਟੈਂਟਸ ਆਫ਼ ਇੰਡੀਆ ਤੋਂ ਸੀਏ ਕੀਤੀ। ਚੱਢਾ ਪੇਸ਼ੇ ਤੋਂ ਇੱਕ ਚਾਰਟਿਡ ਅਕਾਊਂਟੈਂਟ ਹਨ।
ਇੱਕ ਇੰਟਰਵਿਊ ਵਿੱਚ ਉਨ੍ਹਾਂ ਦੱਸਿਆ ਸੀ ਕਿ ਉਨ੍ਹਾਂ ਨੇ ਲੰਡਨ ਵਿੱਚ ਵੀ ਕੁਝ ਸਮਾਂ ਪੜ੍ਹਾਈ ਕੀਤੀ ਹੈ ਅਤੇ ਉਨ੍ਹਾਂ ਨੂੰ ਲੰਡਨ 'ਚ ਸਮਾਂ ਬਿਤਾਉਣਾ ਚੰਗਾ ਵੀ ਲੱਗਦਾ ਹੈ।
ਇਸੇ ਇੰਟਰਵਿਊ ਦੌਰਾਨ ਉਨ੍ਹਾਂ ਇਹ ਵੀ ਦੱਸਿਆ ਕਿ ਵਿਦੇਸ਼ 'ਚ ਪੜ੍ਹਨ ਮਗਰੋਂ ਉਹ ਸਵਦੇਸ ਪਰਤ ਆਏ ਕਿਉਂਕਿ ਉਨ੍ਹਾਂ ਨੂੰ ਆਪਣੇ ਦੇਸ਼ ਨਾਲ ਪਿਆਰ ਹੈ ਅਤੇ ਉਨ੍ਹਾਂ ਦੇ ਮਾਪੇ ਵੀ ਇੱਥੇ ਹੀ ਰਹਿੰਦੇ ਹਨ।
ਸੀਏ ਤੋਂ ਸਿਆਸਤ ਤੱਕ
ਤਸਵੀਰ ਸਰੋਤ, Hindustan Times via Getty Images
ਆਮ ਆਦਮੀ ਪਾਰਟੀ ਦਾ ਇੱਕ ਚਰਚਿਤ ਨੌਜਵਾਨ ਚਿਹਰਾ ਮੰਨੇ ਜਾਂਦੇ ਰਾਘਵ ਚੱਢਾ ਪੇਸ਼ੇ ਤੋਂ ਚਾਰਟਰਡ ਅਕਉਂਟੈਂਟ ਹਨ।
'ਆਪ' ਵਿੱਚ ਸ਼ਾਮਲ ਹੋਣ ਤੋਂ ਬਾਅਦ, ਸਾਲ 2013 ਵਿੱਚ ਉਹ 'ਆਪ' ਦਾ ਚੋਣ ਮੈਨੀਫੈਸਟੋ ਬਣਾਉਣ ਵਾਲੀ ਕਮੇਟੀ ਦੇ ਮੈਂਬਰ ਵੀ ਸਨ।
ਰਾਘਵ ਚੱਢਾ ਨੇ ਦਿੱਲੀ ਸਰਕਾਰ ਵਿੱਚ ਸਾਬਕਾ ਵਿੱਤ ਮੰਤਰੀ ਮਨੀਸ਼ ਸਿਸੋਦੀਆ ਦੇ ਵਿੱਤੀ ਸਲਾਹਕਾਰ ਵਜੋਂ ਵੀ ਕੰਮ ਕੀਤਾ ਹੈ।
ਉਹ ਦਿੱਲੀ ਦੇ ਰਜਿੰਦਰ ਨਗਰ ਤੋਂ ਵਿਧਾਇਕ ਅਤੇ ਦਿੱਲੀ ਜਲ ਬੋਰਡ ਦੇ ਚੇਅਰਮੈਨ ਵੀ ਰਹੇ ਹਨ। ਉਨ੍ਹਾਂ ਨੇ ਪਾਰਟੀ ਦੇ ਕੌਮੀ ਬੁਲਾਰੇ ਵਜੋਂ ਵੀ ਭੂਮਿਕਾ ਨਿਭਾਈ ਹੈ।
2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਰਾਘਵ ਚੱਢਾ ਨੂੰ ਪੰਜਾਬ ਦਾ ਕੋ-ਇੰਚਾਰਜ ਨਿਯੁਕਤ ਕੀਤਾ ਸੀ। ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਹੋਈ ਵੱਡੀ ਜਿੱਤ ਵਿੱਚ ਉਨ੍ਹਾਂ ਦਾ ਵੀ ਅਹਿਮ ਰੋਲ ਰਿਹਾ ਹੈ।
ਹਾਲਾਂਕਿ ਸਾਲ 2019 ਵਿੱਚ ਉਨ੍ਹਾਂ ਨੇ ਜਦੋਂ ਭਾਜਪਾ ਆਗੂ ਰਮੇਸ਼ ਬਿਧੂੜੀ ਖ਼ਿਲਾਫ਼ ਦੱਖਣੀ ਦਿੱਲੀ ਤੋਂ ਲੋਕ ਸਭਾ ਦੀ ਚੋਣ ਲੜੀ ਤਾਂ ਉਹ ਹਾਰ ਗਏ ਸਨ।
ਇਸ ਮਗਰੋਂ 2020 ਵਿੱਚ ਉਹ ਦਿੱਲੀ ਦੇ ਰਜਿੰਦਰ ਨਗਰ ਤੋਂ ਚੋਣ ਜਿੱਤ ਕੇ ਵਿਧਾਇਕ ਬਣੇ।
ਸਾਲ 2022 ਵਿੱਚ ਪੰਜਾਬ 'ਚ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਤਾਂ ਰਾਘਵ ਚੱਢਾ ਨੂੰ ਪੰਜਾਬ ਤੋਂ ਰਾਜ ਸਭਾ ਮੈਂਬਰ ਬਣਨ ਦਾ ਮੌਕਾ ਮਿਲਿਆ।
ਮੈਂ ਸਿਆਸਤ ਨੂੰ ਨਹੀਂ ਸਗੋਂ ਸਿਆਸਤ ਨੇ ਮੈਨੂੰ ਚੁਣਿਆ- ਰਾਘਵ ਚੱਢਾ
ਤਸਵੀਰ ਸਰੋਤ, Getty Images
ਆਮ ਆਦਮੀ ਪਾਰਟੀ ਦੀ ਅਧਿਕਾਰਿਤ ਵੈੱਬਸਾਈਟ 'ਤੇ ਦਿੱਤੀ ਜਾਣਕਾਰੀ ਮੁਤਾਬਕ, ਰਾਘਵ ਦਾ ਮੰਨਣਾ ਹੈ ਕਿ ਉਨ੍ਹਾਂ ਨੇ ਸਿਆਸਤ ਨੂੰ ਨਹੀਂ ਚੁਣਿਆ, ਸਗੋਂ ਸਿਆਸਤ ਨੇ ਉਨ੍ਹਾਂ ਨੂੰ ਚੁਣਿਆ ਹੈ।
ਇਹ ਗੱਲ ਉਨ੍ਹਾਂ ਨੇ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਵਿੱਚ ਵੀ ਆਖੀ ਸੀ।
ਰਾਘਵ ਨੇ ਕਿਹਾ, ''ਮੇਰਾ ਪਰਿਵਾਰ ਮੇਰੇ 'ਆਪ' ਮੈਂਬਰ ਵਜੋਂ ਸਿਆਸਤ ਵਿੱਚ ਆਉਣ ਦੇ ਵਿਚਾਰ ਨਾਲ ਬਹੁਤ ਸਹਿਜ ਸੀ ਕਿਉਂਕਿ ਇਹ ਉਸੇ ਨੈਤਿਕਤਾ ਨਾਲ ਬਣੀ ਪਾਰਟੀ ਸੀ, ਜਿਸ ਦਾ ਉਹ ਭ੍ਰਿਸ਼ਟਾਚਾਰ ਵਿਰੋਧੀ ਅੰਦੋਲਨ 'ਚ ਸਮਰਥਨ ਕਰਦੇ ਸਨ।''
ਕਿੰਨੀ ਜਾਇਦਾਦ ਦੇ ਮਾਲਕ ਹਨ ਰਾਘਵ ਚੱਢਾ
ਰਾਜ ਸਭਾ ਮੈਂਬਰ ਵਜੋਂ ਆਪਣੀ ਨਾਮਜ਼ਦਗੀ ਵੇਲੇ ਰਾਘਵ ਚੱਢਾ ਨੇ ਜੋ ਹਲਫਨਾਮਾ ਦਾਇਰ ਕੀਤਾ ਸੀ, ਉਸ ਮੁਤਾਬਕ ਉਨ੍ਹਾਂ ਕੋਲ 36 ਲੱਖ ਰੁਪਏ ਦੀ ਜਾਇਦਾਦ ਹੈ।
ਜਾਣਕਾਰੀ ਮੁਤਾਬਕ, ਉਨ੍ਹਾਂ ਦੀ ਕੋਈ ਦੇਣਦਾਰੀ ਨਹੀਂ ਹੈ।
ਇਸੇ ਹਲਫ਼ਨਾਮੇ ਮੁਤਾਬਕ, ਉਨ੍ਹਾਂ ਕੋਲ ਇੱਕ ਸਵਿਫ਼ਟ ਕਾਰ ਹੈ।
ਸਾਲ 2020 ਵਿੱਚ ਦਾਇਰ ਕੀਤੇ ਉਨ੍ਹਾਂ ਦੇ ਹਲਫ਼ਨਾਮੇ ਅਨੁਸਾਰ, ਉਸ ਵੇਲੇ ਉਨ੍ਹਾਂ ਕੋਲ 19 ਲੱਖ ਦੀ ਜਾਇਦਾਦ ਸੀ।
ਰਾਘਵ ਖ਼ਿਲਾਫ਼ ਕਿੰਨੇ ਅਪਰਾਧਿਕ ਮਾਮਲੇ ਦਰਜ
ਤਸਵੀਰ ਸਰੋਤ, Getty Images
ਮਾਈਨੇਤਾ ਡਾਟ ਇੰਫ਼ੋ 'ਤੇ ਉਨ੍ਹਾਂ ਦੇ ਤਾਜ਼ਾ ਦਾਇਰ ਹਲਫ਼ਨਾਮੇ ਮੁਤਾਬਕ, ਚੱਢਾ ਖ਼ਿਲਾਫ਼ ਕੁੱਲ ਤਿੰਨ ਅਪਰਾਧਿਕ ਮਾਮਲੇ ਦਰਜ ਹਨ।
ਇਨ੍ਹਾਂ ਵਿੱਚ ਮਾਣਹਾਨੀ ਅਤੇ ਜਨਤਕ ਤੌਰ 'ਤੇ ਦੁਰਵਿਹਾਰ ਕਰਨ ਸਬੰਧੀ ਮਾਮਲੇ ਦਰਜ ਹਨ।
ਜਾਣਕਾਰੀ ਮੁਤਾਬਕ, ਕਿਸੇ ਵੀ ਮਾਮਲੇ ਵਿੱਚ ਰਾਘਵ ਨੂੰ ਅਜੇ ਤੱਕ ਕੋਈ ਸਜ਼ਾ ਨਹੀਂ ਹੋਈ ਹੈ।
ਰਾਘਵ-ਪਰਿਣੀਤੀ ਦੀ ਪ੍ਰੇਮ ਕਹਾਣੀ
ਤਸਵੀਰ ਸਰੋਤ, Raghav Chadha/Insta
ਆਪਣੇ ਵਿਆਹ ਮਗਰੋਂ ਕੁਝ ਨਿੱਜੀ ਚੈਨਲਾਂ ਨੂੰ ਦਿੱਤੇ ਇੰਟਰਵਿਊ ਵਿੱਚ ਦੋਵਾਂ ਨੇ ਦੱਸਿਆ ਸੀ ਕਿ ਉਹ ਪਹਿਲੀ ਵਾਰ ਲੰਡਨ ਵਿੱਚ ਇੱਕ ਪ੍ਰੋਗਰਾਮ ਵਿੱਚ ਮਿਲੇ ਸਨ ਜਿੱਥੇ ਦੋਵਾਂ ਨੂੰ ਆਪੋ-ਆਪਣੀ ਫੀਲਡ ਵਿੱਚ ਚੰਗਾ ਕੰਮ ਕਰਨ ਲਈ ਐਵਾਰਡ ਮਿਲ ਰਿਹਾ ਸੀ।
ਦੋਵਾਂ ਨੇ ਦੱਸਿਆ ਸੀ ਕਿ ਨਾਸ਼ਤੇ ਦੇ ਟੇਬਲ ਉੱਤੇ ਹੋਈ ਮੁਲਾਕਾਤ ਦੋਸਤੀ ਵਿੱਚ ਬਦਲ ਗਈ ਸੀ।
ਪਰ ਦੋਵਾਂ ਵਿਚਾਲੇ ਨਜ਼ਦੀਕੀ ਉਦੋਂ ਵਧੀ ਜਦੋਂ ਪੰਜਾਬ ਵਿੱਚ ਪਰੀਣਿਤੀ ਦੀ ਚਮਕੀਲਾ ਫ਼ਿਲਮ ਦੀ ਸ਼ੂਟਿੰਗ ਚੱਲ ਰਹੀ ਸੀ।
24 ਸਤੰਬਰ 2023 ਨੂੰ ਦੋਵਾਂ ਦੇ ਵਿਆਹ ਦੀਆਂ ਰਸਮਾਂ ਰਾਜਸਥਾਨ ਦੇ ਉਦੈਪੁਰ ਵਿੱਚ ਸੰਪੰਨ ਹੋਈਆਂ। ਹੁਣ ਦੋਵਾਂ ਦਾ ਇੱਕ ਬੇਟਾ ਵੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
ਤਾਜ਼ਾ ਘਟਨਾਕ੍ਰਮ
ਦ੍ਰਿਸ਼ਟੀਕੋਣ
ਪਾਠਕਾਂ ਦੀ ਪਸੰਦ
ਸਮੱਗਰੀ ਉਪਲਬਧ ਨਹੀਂ ਹੈ