10 ਮਹੀਨੇ ਦੀ ਬੱਚੀ ਨੇ ਬਚਾਈਆਂ 5 ਜਾਨਾਂ, ਜਾਣੋ ਪੂਰੀ ਕਹਾਣੀ

ਤਸਵੀਰ ਸਰੋਤ, Amrita institute of medical sciences, Kochi

ਤਸਵੀਰ ਕੈਪਸ਼ਨ, 10 ਮਹੀਨੇ ਦੀ ਬੱਚੀ ਆਲਿਨ
    • ਲੇਖਕ, ਇਮਰਾਨ ਕੁਰੈਸ਼ੀ
    • ਰੋਲ, ਬੀਬੀਸੀ ਹਿੰਦੀ ਲਈ
  • ਪੜ੍ਹਨ ਦਾ ਸਮਾਂ: 5 ਮਿੰਟ

ਕੇਰਲ 'ਚ 10 ਮਹੀਨੇ ਦੀ ਬੱਚੀ ਨੇ ਅੰਗਦਾਨ ਕਰ ਪੰਜ ਜਣਿਆਂ ਦੀ ਜਾਨ ਬਚਾਈ ਪਰ ਉਸ ਦੇ ਪਿਤਾ ਦੇ ਫੈਸਲੇ ਤੋਂ ਬਿਨਾਂ ਇਹ ਸੰਭਵ ਨਹੀਂ ਸੀ।

ਪਿਤਾ ਅਰੁਣ ਅਬ੍ਰਾਹਮ ਦੇ ਜ਼ਹਿਨ ਤੋਂ ਕਾਲਜ ਦੇ ਦਿਨਾਂ ਦੌਰਾਨ ਸੁਣੇ ਇੱਕ ਭਾਸ਼ਣ ਦੀ ਯਾਦ ਨਹੀਂ ਮਿਟੀ ਸੀ ਅਤੇ ਉਨ੍ਹਾਂ ਨੂੰ ਇਸੇ ਯਾਦ ਤੋਂ ਪ੍ਰੇਰਣਾ ਮਿਲੀ।

ਆਲਿਨ ਦੇ ਪਿਤਾ ਅਰੁਣ ਅਬ੍ਰਾਹਮ ਨੇ ਇਹ ਫੈਸਲਾ ਉਸ ਮੁਸ਼ਕਿਲ ਪਲ 'ਚ ਲਿਆ, ਜਦੋਂ ਡਾਕਟਰਾਂ ਨੇ ਬੱਚੀ ਨੂੰ ਬ੍ਰੇਨ ਡੈੱਡ ਘੋਸ਼ਿਤ ਕਰ ਦਿੱਤਾ।

ਇਸਦੇ ਨਾਲ ਹੀ ਆਲਿਨ ਸ਼ੇਰਿਨ ਅਬ੍ਰਾਹਮ ਕੇਰਲ ਦੀ ਸਭ ਤੋਂ ਘੱਟ ਉਮਰ ਦੀ ਅੰਗ ਦਾਨੀ ਬਣ ਗਈ।

ਆਲਿਨ ਇੱਕ ਕਾਰ ਹਾਦਸੇ 'ਚ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ ਸੀ।

ਆਲਿਨ ਦਾ ਲੀਵਰ ਅਤੇ ਇੱਕ ਕਿਡਨੀ ਪਹਿਲਾਂ ਹੀ ਦੋ ਗੰਭੀਰ ਰੂਪ ਨਾਲ ਬੀਮਾਰ ਬੱਚਿਆਂ 'ਚ ਟ੍ਰਾਂਸਪਲਾਂਟ ਕੀਤੇ ਜਾ ਚੁੱਕੇ ਹਨ ਜਦੋਂਕਿ ਦਿਲ ਦਾ ਵਾਲਵ, ਦੂਜਾ ਗੁਰਦਾ ਅਤੇ ਅੱਖਾਂ ਨੂੰ ਲੈਕੇ ਕੋਚੀ ਦੇ ਨਾਲ ਤਿਰੁਵਨੰਤਪੁਰਮ ਦੇ ਤਿੰਨ ਹਸਪਤਾਲਾਂ 'ਚ ਲੋੜਵੰਦਾਂ ਨਾਲ ਮੈਚ ਕਰਵਾਉਣ ਦੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ।

33 ਸਾਲ ਦੇ ਅਬ੍ਰਾਹਮ ਨੇ ਬੀਬੀਸੀ ਨੂੰ ਦੱਸਿਆ,'ਜਦੋਂ ਡਾਕਟਰਾਂ ਨੇ ਸਾਨੂੰ ਦੱਸਿਆ ਕਿ ਉਹ ਬ੍ਰੇਨ ਡੈੱਡ ਹੈ ਤਾਂ ਸਾਨੂੰ ਬਹੁਤ ਸਦਮਾ ਲੱਗਾ। ਫੈਸਲਾ ਲੈਣਾ ਬਹੁਤ ਮੁਸ਼ਕਿਲ ਸੀ ਪਰ ਮੈਂ ਆਪਣੀ ਪਤਨੀ ਸ਼ੇਰਿਨ ਐਨ ਜੋਹਨ ਨੂੰ ਪੁੱਛਿਆ ਅਤੇ ਉਨ੍ਹਾਂ ਨੇ ਤੁਰੰਤ ਸਹਿਮਤੀ ਦੇ ਦਿੱਤੀ। ਮੇਰੀ ਪਤਨੀ ਨੇ ਕਿਹਾ ਕਿ ਸਾਨੂੰ ਹੋਰ ਜ਼ਿੰਦਗੀਆਂ ਬਚਾਉਣ ਲਈ ਅੰਗਦਾਨ ਕਰਨਾ ਚਾਹੀਦਾ ਹੈ।'

ਉਨ੍ਹਾਂ ਕਿਹਾ, ' 2013 'ਚ ਕਿਡਨੀ ਫਾਊਂਡੇਸ਼ਨ ਦੇ ਫਾਦਰ ਡੇਵਿਸ ਨੇ ਕਾਲਜ 'ਚ ਅੰਗਦਾਨ 'ਤੇ ਇੱਕ ਭਾਸ਼ਣ ਦਿੱਤਾ ਸੀ। ਮੈਨੂੰ ਇਸੇ ਤੋਂ ਪ੍ਰੇਰਣਾ ਮਿਲਦੀ ਹੈ। ਉਦੋਂ ਮੈਂ ਬੀਕੌਮ ਦੀ ਪੜ੍ਹਾਈ ਕਰ ਰਿਹਾ ਸੀ। ਉਸ ਦਿਨ ਮੈਂ ਸੰਕਲਪ ਲਿਆ ਸੀ ਕਿ ਜੇਕਰ ਮੇਰੇ ਨਾਲ ਕੁਝ ਹੁੰਦਾ ਹੈ ਤਾਂ ਮੈਂ ਆਪਣੇ ਸਾਰੇ ਅੰਗਾਂ ਨੂੰ ਦਾਨ ਕਰ ਦਿਆਂਗਾ।'

Sorry, we can’t display this part of the story on this lightweight mobile page.

ਸ਼੍ਰੀ ਚਿਤਰਾ ਤਿਰੂਨਾਲ ਇੰਸਟੀਚਿਊਟ ਆਫ ਮੈਡੀਕਲ ਸਾਇੰਸੈਸ ਐਂਡ ਟੈਕਨਾਲੋਜੀ ਤਿਰੂਵਨੰਤਪੁਰਮ ਦੇ ਨਿਊਰੋਸਰਜਰੀ ਦੇ ਪ੍ਰੋਫੈਸਰ ਡਾ. ਈਸ਼ਵਰ ਐਚ. ਵੀ. ਨੇ ਬੀਬੀਸੀ ਨੂੰ ਦੱਸਿਆ,'ਇਹ ਮਰ ਚੁੱਕੇ ਦਾਨੀ ਤੋਂ ਅੰਗਦਾਨ ਅਤੇ ਟ੍ਰਾਂਸਪਲਾਂਟ ਨੂੰ ਵੱਡਾ ਹੁਲਾਰਾ ਹੈ। ਆਲਿਨ ਨੇ ਦੇਸ 'ਚ ਅੰਗ ਦਾਨ ਕਰਨ ਬਾਰੇ ਧਾਰਨਾ ਬਦਲੀ ਹੈ।'

ਇਹ ਵੀ ਸੰਜੋਗ ਹੈ ਕਿ ਪਿਛਲੇ ਮਹੀਨੇ ਤਿਰੁਵਨੰਤਪੁਰਮ ਸਰਕਾਰੀ ਮੈਡੀਕਲ ਕਾਲਜ ਹਸਪਤਾਲ 'ਚ ਹਾਲ ਹੀ 'ਚ ਸਥਾਪਿਤ ਕੇਰਲ ਸਕਿਨ ਬੈਂਕ 'ਚ 91 ਸਾਲਾ ਆਨੰਦਵੱਲੀ ਅੱਮਾਲ ਚਮੜੀ ਅਤੇ ਅੱਖਾਂ ਦੇ ਕੋਰਨੀਆ ਦੀ ਮ੍ਰਿਤ ਡੋਨਰ ਬਣੀ।

ਤਸਵੀਰ ਸਰੋਤ, Amrita institute of medical sciences, Kochi

ਤਸਵੀਰ ਕੈਪਸ਼ਨ, ਦਿਲ ਦਾ ਵਾਲਵ ਅਤੇ ਜਿਗਰ ਤਿਰੁਵਨੰਤਪੁਰਮ ਦੇ ਵੱਖ-ਵੱਖ ਹਸਪਤਾਲਾਂ ਵਿੱਚ ਭੇਜਿਆ ਗਿਆ

ਆਲਿਨ ਦੇ ਨਾਲ ਕੀ ਹੋਇਆ ?

ਆਲਿਨ ਨੂੰ ਦੁਰਘਟਨਾ ਦੌਰਾਨ ਗੰਭੀਰ ਅੰਦਰੂਨੀ ਸੱਟਾਂ ਲੱਗੀਆਂ ਸਨ ਜਦੋਂਕਿ ਉਨ੍ਹਾਂ ਦੇ ਸਰੀਰ ਦੇ ਬਾਹਰਲੇ ਹਿੱਸੇ 'ਤੇ ਇੱਕ ਝਰੀਟ ਤੱਕ ਨਹੀਂ ਆਈ ਸੀ।

ਪੰਜ ਫਰਵਰੀ ਨੂੰ ਕੋਟਾਯਮ-ਤਿਰੁਵੱਲਾ ਰੋਡ 'ਤੇ ਆਲਿਨ ਆਪਣੀ ਮਾਂ ਅਤੇ ਨਾਨਾ-ਨਾਨੀ ਨਾਲ ਕਾਰ 'ਚ ਸਫ਼ਰ ਕਰ ਰਹੀ ਸੀ। ਉਦੋਂ ਅਚਾਨਕ ਸਾਹਮਣਿਓਂ ਆ ਰਹੀ ਕਾਰ ਨੇ ਸਿੱਧੀ ਟੱਕਰ ਮਾਰ ਦਿੱਤੀ। ਬਾਕੀ ਮੁਸਾਫ਼ਰਾਂ ਨੂੰ ਮਾਮੂਲੀ ਸੱਟਾਂ ਆਈਆਂ ਸਨ।

ਗੰਭੀਰ ਹਾਲਤ 'ਚ ਆਲਿਨ ਨੂੰ ਪਹਿਲਾਂ ਚੰਗਾਨਾਸ਼ਸ਼ੇਰੀ ਅਤੇ ਤਿਰੁਵੱਲਾ ਦੇ ਹਸਪਤਾਲਾਂ 'ਚ ਲਿਜਾਇਆ ਗਿਆ। ਇਸ ਤੋਂ ਬਾਅਦ ਕੋਚੀ ਦੇ ਅੰਮ੍ਰਿਤਾ ਇੰਸਟੀਚਿਊਟ ਆਫ ਮੈਡੀਕਲ ਸਾਇੰਸੈਸ ਪਹੁੰਚਾਇਆ ਗਿਆ।

ਡਾਕਟਰਾਂ ਦੀ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੀ ਜਾਨ ਨਹੀਂ ਬਚ ਸਕੀ ਅਤੇ ਛੇ ਫਰਵਰੀ ਨੂੰ ਆਲਿਨ ਬ੍ਰੇਨ ਡੈੱਡ ਘੋਸ਼ਿਤ ਕਰ ਦਿੱਤਾ ਗਿਆ। ਉਸੇ ਦਿਨ ਉਸ ਦੇ ਮਾਤਾ-ਪਿਤਾ ਨੇ ਅੰਗਦਾਨ ਲਈ ਸਹਿਮਤੀ ਪੱਤਰ 'ਤੇ ਹਸਤਾਖਰ ਕੀਤੇ।

ਉਸ ਦੇਵੇਂ ਗੁਰਦੇ ਤਿਰੁਵਨੰਤਪੁਰਮ ਮੈਡੀਕਲ ਕਾਲਜ ਹਸਪਤਾਲ ਭੇਜੇ ਗਏ।

ਹਾਰਟ ਵਾਲਵ ਅਤੇ ਲੀਵਰ ਤਿਰੁਵਨੰਤਪੁਰਮ ਦੇ ਵੱਖ-ਵੱਖ ਹਸਪਤਾਲਾਂ 'ਚ ਭੇਜੇ ਗਏ। ਅੱਖਾਂ ਅੰਮ੍ਰਿਤਾ ਇੰਸਟੀਚਿਊਟ ਆਫ ਮੈਡੀਕਲ ਸਾਇੰਸੈਂਸ, ਕੋਚੀ ਦੇ ਆਈ ਬੈਂਕ ਨੂੰ ਸੌਂਪੀਆਂ ਗਈਆਂ।

ਪਹਿਲੀ ਲਾਭਪਾਤਰੀ 6 ਮਹੀਨੇ ਦੀ ਧ੍ਰੀਆ ਸੀ ਜੋ ਜਿਗਰ ਨਕਾਰਾ ਹੋ ਜਾਣ ਨਾਲ ਜੂਝ ਰਹੀ ਸੀ। ਕੇਆਈਐਮਐਸ ਹੈਲਥ ਮੁਤਾਬਕ, ਤਿੰਨ ਮਹੀਨੇ ਦੀ ਉਮਰ 'ਚ ਉਸਦਾ ਇੱਕ ਇਲਾਜ ਹੋਇਆ ਸੀ ਪਰ ਕਾਮਯਾਬ ਨਹੀਂ ਰਿਹਾ ਸੀ। ਇਸੇ ਦੌਰਾਨ ਲੀਵਰ ਫੇਲ੍ਹ ਹੋਇਆ ਅਤੇ ਜਾਨ ਬਚਾਉਣ ਲਈ ਲੀਵਰ ਬਦਲਣ ਦੀ ਸਲਾਹ ਦਿੱਤੀ ਗਈ ਸੀ।

13 ਫਰਵਰੀ ਦੀ ਰਾਤ 10.30 ਵਜੇ ਸ਼ੁਰੂ ਹੋਇਆ ਟ੍ਰਾਂਸਪਲਾਂਟ ਆਪ੍ਰੇਸ਼ਨ ਅਗਲੇ ਦਿਨ ਸਵੇਰੇ ਛੇ ਵਜੇ ਪੂਰਾ ਹੋਇਆ। ਧ੍ਰੀਆ ਦੀ ਸਥਿਤੀ ਸਥਿਰ ਦੱਸੀ ਗਈ ਹੈ ਹਾਲਾਂਕਿ ਡਾਕਟਰਾਂ ਨੇ ਕਿਹਾ ਕਿ ਨਵੇਂ ਅੰਗ ਨੂੰ ਸਰੀਰ ਦੇ ਪੂਰੀ ਤਰ੍ਹਾਂ ਅਨੁਕੂਲ ਹੋਣ 'ਚ ਸਮਾਂ ਲੱਗਦਾ ਹੈ।

ਧ੍ਰੀਆ ਦੇ ਚਾਚਾ ਵਿਨੋਦ ਇੱਕ ਮਜ਼ਦੂਰ ਹਨ। ਉਨ੍ਹਾਂ ਨੇ ਦੱਸਿਆ, ' ਜਨਮ ਤੋਂ ਇੱਕ ਮਹੀਨੇ ਦੇ ਅੰਦਰ ਹੀ ਉਸ ਦੀਆਂ ਅੱਖਾਂ ਪੀਲੀਆਂ ਹੋ ਗਈਆਂ ਸਨ। ਸਕੈਨ 'ਚ ਲੀਵਰ ਦੀ ਖ਼ਰਾਬੀ ਸਾਹਮਣੇ ਆਈ। ਧ੍ਰੀਆ ਦੇ ਪਿਤਾ ਪੱਥਰ ਦੀ ਖਾਣ ਵਿੱਚ ਕੰਮ ਕਰਦੇ ਹਨ।'

ਆਲਿਨ ਦੀ ਇੱਕ ਕਿਡਨੀ ਤਿਰੁਵਨੰਤਪੁਰਮ ਗਵਰਨਮੈਂਟ ਮੈਡੀਕਲ ਕਾਲਜ ਹਸਪਤਾਲ 'ਚ 10 ਸਾਲਾ ਬੱਚੇ ਨੂੰ ਦਿੱਤੀ ਗਈ ਹੈ।

ਕਿਸੇ ਮਰੀਜ਼ ਦੀ 'ਦਿਮਾਗੀ ਮੌਤ ਹੋ ਗਈ ਹੈ' ਘੋਸ਼ਿਤ ਕਰਨ 'ਚ ਕਿੰਨਾ ਸਮਾਂ ਲੱਗਦਾ ਹੈ?

ਡਾ. ਈਸ਼ਵਰ ਦੇ ਮੁਤਾਬਕ, ਬਾਲਿਗਾਂ ਦੀ ਤੁਲਨਾ 'ਚ ਬੱਚਿਆਂ ਨੂੰ ਬ੍ਰੇਨ ਡੈੱਡ ਘੋਸ਼ਿਤ ਕਰਨਾ ਵਧੇਰੇ ਪੇਚੀਦਾ ਹੁੰਦਾ ਹੈ। ਬਾਲਗਾਂ ਦੇ ਮਾਮਲੇ ਵਿੱਚ ਫੈਸਲਾ ਛੇ ਘੰਟਿਆਂ ਦੇ ਅੰਦਰ ਲਿਆ ਜਾ ਸਕਦਾ ਹੈ।

ਡਾ. ਈਸ਼ਵਰ ਨੇ ਦੱਸਿਆ, "ਇੱਕ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਬ੍ਰੇਨ ਡੈੱਡ ਘੋਸ਼ਿਤ ਕਰਨ ਵਿੱਚ ਕਰੀਬ 12 ਘੰਟੇ ਲੱਗਦੇ ਹਨ। ਜੇਕਰ ਬੱਚਾ ਇੱਕ ਮਹੀਨੇ ਦਾ ਹੋਵੇ ਤਾਂ ਇਸ ਵਿੱਚ ਕਰੀਬ 24 ਘੰਟੇ ਲੱਗਦੇ ਹਨ।"

ਤਸਵੀਰ ਸਰੋਤ, Amrita institute of medical sciences, Kochi

ਤਸਵੀਰ ਕੈਪਸ਼ਨ, ਪੰਜ ਫਰਵਰੀ ਨੂੰ ਕੋਟਾਯਮ-ਤਿਰੁਵੱਲਾ ਰੋਡ 'ਤੇ ਆਲਿਨ ਇੱਕ ਸੜਕ ਹਾਦਸੇ 'ਚ ਜ਼ਖਮੀ ਹੋ ਗਈ ਸੀ

ਡਾ. ਈਸ਼ਵਰ ਨੇ ਆਪਣੀ 91 ਸਾਲਾਂ ਮਾਂ ਦੀ ਉਦਾਹਰਣ ਵੀ ਦਿੱਤੀ, ਜਿਨ੍ਹਾਂ ਦਾ ਦੇਹਾਂਤ ਉਨ੍ਹਾਂ ਦੇ ਘਰ 'ਤੇ ਹੋਇਆ ਸੀ। ਉਨ੍ਹਾਂ ਪਹਿਲਾਂ ਹੀ ਆਪਣੀ ਸਕਿਨ ਅਤੇ ਕੋਰਨੀਆ ਦਾਨ ਕਰਨ ਦਾ ਸੰਕਲਪ ਲਿਆ ਸੀ।

ਉਨ੍ਹਾਂ ਕਿਹਾ, "ਉਨ੍ਹਾਂ ਦੇ ਮੌਤ ਤੋਂ ਛੇ ਘੰਟਿਆਂ ਦੇ ਅੰਦਰ ਸਕਿਨ ਬੈਂਕ ਤੋਂ ਪਲਾਸਟਿਕ ਸਰਜਨ ਘਰ ਆਏ ਅਤੇ ਦੋਵੇਂ ਪੱਟਾਂ ਤੋਂ ਇੱਕ ਮਿਮੀ. ਮੋਟਾਈ 'ਚ 20 ਸੈਮੀ. ਚਮੜੀ ਸੁਰੱਖਿਅਤ ਤਰੀਕੇ ਨਾਲ ਕੱਢੀ। ਇਹ ਚਮੜੀ ਸੜਨ ਦੇ ਗੰਭੀਰ ਜ਼ਖਮਾਂ ਵਾਲੇ ਮਰੀਜ਼ਾਂ ਦੇ ਇਲਾਜ 'ਚ ਇਸਤੇਮਾਲ ਕੀਤੀ ਜਾਂਦੀ ਹੈ।"

ਡਾ. ਈਸ਼ਵਰ ਨੇ ਕਿਹਾ,' ਇਸ ਚਮੜੀ ਨੂੰ ਸਕਿਨ ਬੈਂਕ 'ਚ ਮਾਈਨਸ ਛੇ ਡਿਗਰੀ ਤਾਪਮਾਨ 'ਤੇ ਤਰਲ ਨਾਈਟ੍ਰੋਜਨ 'ਚ ਸੁਰੱਖਿਅਤ ਰੱਖਿਆ ਜਾਂਦਾ ਹੈ। ਜਦੋਂ ਕੋਈ ਮਰੀਜ਼ ਗੰਭੀਰ ਰੂਪ ਨਾਲ ਸੜ ਜਾਂਦਾ ਹੈ ਤਾਂ ਪ੍ਰੋਸੈੱਸ ਕੀਤੀ ਗਈ ਚਮੜੀ ਨੂੰ ਸੜੇ ਹੋਏ ਹਿੱਸੇ 'ਤੇ ਟ੍ਰਾਂਸਪਲਾਂਟ ਕੀਤਾ ਜਾਂਦਾ ਹੈ। ਇਹ ਕੁਝ ਮਹੀਨਿਆਂ ਤੱਕ ਪ੍ਰਭਾਵੀ ਰਹਿੰਦੀ ਹੈ ਅਤੇ ਕੁਦਰਤੀ ਚਮੜੀ ਆਉਣ ਤੋਂ ਬਾਅਦ ਆਪਣੇ ਆਪ ਹਟ ਜਾਂਦੀ ਹੈ।'

ਉਨ੍ਹਾਂ ਨੇ ਇਹ ਵੀ ਕਿਹਾ ਕਿ ਦਾਨੀ ਦੀ ਉਮਰ ਅਹਿਮ ਨਹੀਂ ਹੁੰਦੀ। ਬਸ਼ਰਤੇ ਵਿਅਕਤੀ ਡੀਹਾਈਡ੍ਰੇਸ਼ਨ ਜਾਂ ਚਮੜੀ ਰੋਗ ਤੋਂ ਪੀੜਤ ਨਾ ਹੋਵੇ।

ਸਮਾਜ ਦੇ ਵੱਖ-ਵੱਖ ਵਰਗਾਂ ਤੋਂ ਆਲਿਨ ਨੂੰ ਸ਼ਰਧਾਂਜਲੀਆਂ ਮਿਲਣ ਦੌਰਾਨ, ਕੇਰਲ ਸਰਕਾਰ ਨੇ ਉਨ੍ਹਾਂ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਦੇ ਆਦੇਸ਼ ਦਿੱਤੇ ਹਨ।

ਐਤਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਪਥਾਨਾਮਥਿੱਟਾ ਦੇ ਸੀਐਸਆਈ ਕਬਰਿਸਤਾਨ ਵਿੱਚ ਆਲਿਨ ਨੂੰ ਸਪੁਰਦ-ਏ-ਖ਼ਾਕ ਕੀਤਾ ਗਿਆ। ਕਈ ਮੰਤਰੀਆਂ ਨੇ ਵੀ ਆਲਿਨ ਨੂੰ ਸ਼ਰਧਾਂਜਲੀ ਭੇਟ ਕੀਤੀ। ਮੰਤਰੀ ਵੀ.ਐਸ. ਵਸਵਨ ਨੇ ਕਿਹਾ ਕਿ ਪਰਿਵਾਰ ਨੇ ਆਪਣੇ ਫੈਸਲੇ ਨਾਲ ਮਨੁੱਖਤਾ ਦੀ ਮਿਸਾਲ ਪੇਸ਼ ਕੀਤੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)