ਅਮ੍ਰਿਤਪਾਲ ਸਿੰਘ: ਲੰਡਨ ’ਚ ਭਾਰਤੀ ਹਾਈ ਕਮਿਸ਼ਨ ਦੀ ਇਮਾਰਤ ਬਾਹਰ ਤੋਂ ਲਾਹਿਆ ਗਿਆ ਭਾਰਤੀ ਝੰਡਾ

ਤਸਵੀਰ ਸਰੋਤ, Google

ਤਸਵੀਰ ਕੈਪਸ਼ਨ, ਪ੍ਰਦਰਸ਼ਨਕਾਰੀਆਂ ਨੇ ਬ੍ਰਿਟੇਨ ਸਥਿਤ ਭਾਰਤੀ ਹਾਈ ਕਮਿਸ਼ਨ ਦੀਆਂ ਖਿੜਕੀਆਂ ਤੋੜ ਦਿੱਤੀਆਂ

ਲੰਡਨ ਵਿਚਲੇ ਭਾਰਤੀ ਹਾਈ ਕਮਿਸ਼ਨ ਵਿੱਚ ਅਮ੍ਰਿਤਪਾਲ ਸਿੰਘ ਖ਼ਿਲਾਫ਼ ਚੱਲ ਰਹੀ ਪੰਜਾਬ ਪੁਲਿਸ ਦੀ ਕਾਰਵਾਈ ਦਾ ਵਿਰੋਧ ਕਰਦਿਆਂ ਐਤਵਾਰ ਨੂੰ ਕੁਝ ਸਿੱਖ ਸੰਗਠਨਾਂ ਵਲੋਂ ਮੁਜ਼ਾਹਰਾ ਕੀਤਾ ਗਿਆ ਸੀ।

ਭਾਰਤੀ ਵਿਦੇਸ਼ ਮੰਤਰਾਲੇ ਮੁਤਾਬਕ ਮੁਜ਼ਾਹਰਾਕਾਰੀ ਇਮਾਰਤ ਦੇ ਅੰਦਰ ਦਾਖਲ ਹੋ ਗਏ ਸਨ ਅਤੇ ਉਨ੍ਹਾਂ ਨੇ ਭਾਰਤੀ ਹਾਈ ਕਮਿਸ਼ਨ ਦੀ ਇਮਾਰਤ ਤੋਂ ਭਾਰਤੀ ਝੰਡਾ ਉਤਾਰ ਦਿੱਤਾ ਗਿਆ। ਜਿਸ ਦੀਆਂ ਕੁਝ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਵੀ ਦੇਖੀਆਂ ਗਈਆਂ ਹਨ।

ਪ੍ਰਦਰਸ਼ਨਕਾਰੀ ਐਤਵਾਰ ਨੂੰ ਭਾਰਤੀ ਹਾਈ ਕਮਿਸ਼ਨ ਦੇ ਦਫ਼ਤਰ ਬਾਹਰ ਪਹੁੰਚੇ ਸਨ। ਪੀਏ ਖ਼ਬਰ ਏਜੰਸੀ ਨੇ ਕਿਹਾ ਕਿ ਭੀੜ ਦੇ ਮੈਂਬਰਾਂ ਨੂੰ ਸਿੱਖ ਵੱਖਵਾਦੀ ਮੁਹਿੰਮ ‘ਖ਼ਾਲਿਸਤਾਨ’ ਦੇ ਸਮਰਥਕ ਮੰਨਿਆ ਜਾ ਰਿਹਾ ਹੈ।

ਇਸ ਘਟਨਾ ਦੇ ਸਬੰਧ ਵਿੱਚ ਨਵੀਂ ਦਿੱਲੀ ਵਿੱਚ ਬ੍ਰਿਟੇਨ ਦੇ ਸਭ ਤੋਂ ਸੀਨੀਅਰ ਕੂਟਨੀਤਿਕ ਨੂੰ ਐਤਵਾਰ ਦੇਰ ਸ਼ਾਮ ਭਾਰਤੀ ਵਿਦੇਸ਼ ਮੰਤਰਾਲੇ ਵਲੋਂ ਤਲਬ ਕੀਤਾ ਗਿਆ ਸੀ।

ਭਾਰਤੀ ਵਿਦੇਸ਼ ਮੰਤਰਾਲੇ ਨੇ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨ ਦੇ ਖ਼ਿਲਾਫ਼ 'ਵੱਖਵਾਦੀ ਅਤੇ ਕੱਟੜਪੰਥੀ ਅਨਸਰਾਂ' ਵੱਲੋਂ ਕੀਤੀਆਂ ਗਈਆਂ ਕਾਰਵਾਈਆਂ ’ਤੇ ਭਾਰਤ ਦਾ ਸਖ਼ਤ ਵਿਰੋਧ ਦਰਜ ਕਰਵਾਇਆ ਸੀ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਸਾਲ 2021 ਵਿੱਚ ਵੀ ਯੂਕੇ ਵਿੱਚ ਖਾਲਿਸਤਾਨ ਹਮਾਇਤੀਆਂ ਵਲੋਂ ਪ੍ਰਦਰਸ਼ਨ ਕੀਤੇ ਗਏ ਸਨ

ਤਸਵੀਰ ਸਰੋਤ, ANI

ਭੰਨਤੋੜ ਮਾਮਲੇ ’ਚ ਇੱਕ ਗ੍ਰਿਫ਼ਤਾਰ

ਮੈਟਰੋਪੋਲੀਟਨ ਪੁਲਿਸ ਮੁਤਾਬਕ ਬ੍ਰਿਟੇਨ ਵਿੱਚ ਕੁਝ ਖਾਲਿਸਤਾਨ ਪੱਖ਼ੀ ਸਿੱਖ ਜਥੇਬੰਦੀਆਂ ਵਲੋਂ ਰੋਸ ਮੁਜ਼ਾਹਰਾ ਕੀਤਾ ਗਿਆ ਸੀ।

ਪੁਲਿਸ ਮੁਤਾਬਕ ਇਸ ਦੌਰਾਨ ਭੀੜ ਨੇ ਭਾਰਤੀ ਹਾਈ ਕਮਿਸ਼ਨ ਦੀ ਇਮਾਰਤ ਦੀਆਂ ਦੋ ਖਿੜਕੀਆਂ ਤੋੜ ਦਿੱਤੀਆਂ ਸਨ।

ਇਸ ਮਾਮਲੇ ਵਿੱਚ ਹਿੰਸਕ ਵਿਵਹਾਰ ਅਖ਼ਤਿਆਰ ਕਰਨ ਦੇ ਸ਼ੱਕ ਵਿੱਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਪੁਲਿਸ ਅਧਿਕਾਰੀਆਂ ਨੂੰ ਐਤਵਾਰ ਨੂੰ ਬਰਤਾਨਵੀ ਸਮੇਂ ਮੁਤਾਬਕ ਕਰੀਬ 13:50 ਵਜੇ ਭਾਰਤੀ ਹਾਈ ਕਮਿਸ਼ਨ ਦੇ ਦਫ਼ਤਰ ਬਾਹਰ ਹੋ ਰਹੇ ਪ੍ਰਦਰਸ਼ਨ ਦੌਰਾਨ ਹਿੰਸਕ ਹੋਏ ਮੁਜ਼ਾਹਰਾਕਾਰੀਆਂ ’ਤੇ ਕਾਬੂ ਪਾਉਣ ਲਈ ਬੁਲਾਇਆ ਗਿਆ ਸੀ।

ਪੁਲਿਸ ਦੇ ਇੱਕ ਬੁਲਾਰੇ ਮੁਤਾਬਕ ਉਥੇ ਮੌਜੂਦ ਭੀੜ ਵਿੱਚੋਂ ਜ਼ਿਆਦਾਤਰ ਲੋਕ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਉਥੋਂ ਚਲੇ ਗਏ ਸਨ।

ਸੋਸ਼ਲ ਮੀਡੀਆ 'ਤੇ ਵੀਡੀਓਜ਼ ਵਿੱਚ ਭੀੜ ਨੂੰ ਹੱਥਾਂ ਵਿੱਚ ‘ਖਾਲਿਸਤਾਨ’ ਦੇ ਬੈਨਰ ਲਹਿਰਾਉਂਦਿਆਂ ਦਿਖਾਇਆ ਗਿਆ ਅਤੇ ਇੱਕ ਵਿਅਕਤੀ ਇਮਾਰਤ ਦੀ ਪਹਿਲੀ ਮੰਜ਼ਿਲ ਦੀ ਬਾਲਕੋਨੀ ਤੋਂ ਭਾਰਤੀ ਝੰਡਾ ਲਾਹੁੰਦਿਆ ਦੇਖਿਆ ਗਿਆ ਸੀ।

ਮੈਟਰੋਪੋਲੀਟਨ ਪੁਲਿਸ ਨੇ ਕਿਹਾ ਕਿ ਇਸ ਘਟਨਾ ਵਿੱਚ ਦੋ ਸੁਰੱਖਿਆ ਗਾਰਡ ਜ਼ਖਮੀ ਹੋਏ ਹਨ, ਜਿਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਉਣ ਦੀ ਲੋੜ ਨਹੀਂ ਪਈ ਹੈ। ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਪੰਜਾਬ ਪੁਲਿਸ ਵਲੋਂ ਅਮ੍ਰਿਤਪਾਲ ਦੀ ਭਾਲ ਜਾਰੀ ਹੈ

ਪੰਜਾਬ ਵਿੱਚ ਅਮ੍ਰਿਤਪਾਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪੁਲਿਸ ਕਾਰਵਾਈ ਜਾਰੀ

  • ਪੰਜਾਬ ਪੁਲਿਸ ਅਮ੍ਰਿਤਪਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਵੱਡੀ ਕਾਰਵਾਈ ਵਿੱਚ ਲੱਗੀ ਹੋਈ ਹੈ
  • ਪੁਲਿਸ ਦਾ ਦਾਅਵਾ ਅਮ੍ਰਿਤਪਾਲ ਸਿੰਘ ਦੇ 112 ਸਾਥੀਆਂ ਨੂੰ ਗ੍ਰਿਫ਼ਤਾਰ ਕਰ ਲਏ ਗਏ ਹਨ
  • ਪੁਲਿਸ ਅਮ੍ਰਿਤਪਾਲ ਸਿੰਘ ਦੇ 4 ਸਾਥੀਆਂ ਨੂੰ ਅਸਾਮ ਦੇ ਡਿਬਰੂਗੜ੍ਹ ਲੈ ਜਾਇਆ ਗਿਆ ਹੈ
  • ਪੰਜਾਬ ਪੁਲਿਸ ਅਜੇ ਵੀ ਸੂਬੇ ਵਿੱਚ ਥਾਂ-ਥਾਂ ਛਾਪੇਮਾਰੀ ਕਰ ਰਹੀ ਹੈ
  • ਸਿੱਖ ਸੰਗਠਨਾਂ ਦੇ ਮੈਂਬਰਾਂ ਵਲੋਂ ਲੰਡਨ ਵਿਚਲੇ ਭਾਰਤੀ ਹਾਈ ਕਮਿਸ਼ਨ

ਭਾਰਤੀ ਵਿਦੇਸ਼ ਮੰਤਰਾਲੇ ਨੇ ਕੀ ਕਿਹਾ

ਭਾਰਤੀ ਵਿਦੇਸ਼ ਮੰਤਰਾਲੇ ਨੇ ਵਲੋਂ ਜਾਰੀ ਇੱਕ ਬਿਆਨ ਮੁਤਾਬਕ ਭਾਰਤੀ ਹਾਈ ਕਮਿਸ਼ਨ ਵਿੱਚ ਮੁਜ਼ਾਹਰਾਕਾਰੀਆਂ ਦੇ ਦਾਖਲੇ ਦਾ ਨੋਟਿਸ ਲੈਂਦਿਆ ਨਵੀਂ ਦਿੱਲੀ ਵਿੱਚ ਬ੍ਰਿਟੇਨ ਦੇ ਸਭ ਤੋਂ ਸੀਨੀਅਰ ਕੂਟਨੀਤਿਕ ਤੋਂ ਭਾਰਤੀ ਹਾਈ ਕਮਿਸ਼ਨ ਦੇ ਸੁਰੱਖਿਆ ਪ੍ਰਬੰਧਾਂ ਬਾਰੇ ਸਪੱਸ਼ਟੀਕਰਨ ਮੰਗਿਆ ਗਿਆ ਸੀ।

ਮੰਤਰਾਲੇ ਮੁਤਾਬਕ ਸੁਰੱਖਿਆ ਪ੍ਰਬੰਧਾਂ ਦੀ ਅਣਹੋਂਦ ਦੇ ਚਲਦਿਆਂ ਮੁਹਜ਼ਾਰਾਕਾਰੀ ਹਾਈ ਕਮਿਸ਼ਨ ਦੀ ਇਮਾਰਤ ਵਿੱਚ ਦਾਖ਼ਲ ਹੋ ਸਕੇ ਸਨ।

ਮੰਤਰਾਲੇ ਮੁਤਾਬਕ ਉਮੀਦ ਕੀਤੀ ਜਾਂਦੀ ਹੈ ਕਿ ਯੂਕੇ ਸਰਕਾਰ ਐਤਵਾਰ ਦੀ ਘਟਨਾ ਵਿੱਚ ਸ਼ਾਮਲ ਹਰ ਇੱਕ ਵਿਅਕਤੀ ਦੀ ਪਛਾਣ ਕਰਕੇ ਉਸ ਨੂੰ ਗ੍ਰਿਫ਼ਤਾਰ ਕਰੇਗੀ ਤੇ ਉਨ੍ਹਾਂ ਖ਼ਿਲਾਫ਼ ਮੁਕੱਦਮਾਂ ਚਲਾਏਗੀ।

ਆਸ ਹੈ ਕਿ ਬਰਤਾਨਵੀ ਸਰਕਾਰ ਅਜਿਹੀਆਂ ਘਟਨਾਵਾਂ ਨੂੰ ਦੁਬਾਰਾ ਵਾਪਰਨ ਤੋਂ ਰੋਕਣ ਲਈ ਸਖ਼ਤ ਕਦਮ ਚੁੱਕੇਗੀ।

ਘਟਨਾ ਦੀ ਨਿੰਦਾ

ਇਸ ਘਟਨਾ 'ਤੇ ਪ੍ਰਤੀਕਿਰਿਆ ਦਿੰਦੇ ਹੋਏ, ਲੰਡਨ ਦੇ ਮੇਅਰ ਸਾਦਿਕ ਖ਼ਾਨ ਨੇ ਇੱਕ ਟਵੀਟ ਕੀਤਾ। ਉਨ੍ਹਾਂ ਲਿਖਿਆ,“ ਮੈਂ ਭਾਰਤੀ ਹਾਈ ਕਮਿਸ਼ਨ ਵਿੱਚ ਅੱਜ ਹੋਈਆਂ ਹਿੰਸਕ ਕਾਰਵਾਈਆਂ ਅਤੇ ਭੰਨਤੋੜ ਸਖ਼ਤ ਦੀ ਨਿੰਦਾ ਕੀਤੀ ਹੈ।”

“ਸਾਡੇ ਸ਼ਹਿਰ ਵਿੱਚ ਇਸ ਤਰ੍ਹਾਂ ਦੇ ਵਿਵਹਾਰ ਲਈ ਕੋਈ ਥਾਂ ਨਹੀਂ ਹੈ।”

ਤਸਵੀਰ ਸਰੋਤ, Mayor of London, Sadik Khan/Twitter

ਭਾਰਤ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨਰ ਐਲੇਕਸ ਐਲਿਸ ਨੇ ਇਸ ਦੀ ਨਖੇਧੀ ਕਰਦਿਆਂ ਘਟਨਾ ਨੂੰ ‘ਨਿਰਾਸ਼ਾਜਨਕ’ ਅਤੇ ‘ਪੂਰੀ ਤਰ੍ਹਾਂ ਅਸਵਿਕਾਰਨਯੋਗ’ ਦੱਸਿਆ ਹੈ।

ਤਸਵੀਰ ਸਰੋਤ, Alex Ellis/Twitter

ਤਸਵੀਰ ਕੈਪਸ਼ਨ, ਯੂਕੇ ਦੇ ਹਾਈ ਕਮਿਸ਼ਨਰ ਐਲੇਕਸ ਐਲਿਸ ਨੇ ਹੋਏ ਹਿੰਸਕ ਪ੍ਰਦਰਸ਼ਨ ਦੀ ਨਿਖੇਧੀ ਕੀਤੀ।

ਪੰਜਾਬ ਦੀ ਸਥਿਤੀ ’ਤੇ ਤਨਮਨਜੀਤ ਸਿੰਘ ਢੇਸੀ ਨੇ ਜਤਾਈ ਚਿੰਤਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਯੂਕੇ ਦੇ ਪੰਜਾਬੀ ਮੂਲ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ

ਯੂਕੇ ਦੇ ਪੰਜਾਬੀ ਮੂਲ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੇ ਪੰਜਾਬ ਦੇ ਹਾਲਾਤ ਬਾਰੇ ਚਿੰਤਾ ਕਰਦਿਆਂ ਇੱਕ ਟਵੀਟ ਕੀਤਾ ਹੈ।

ਤਸਵੀਰ ਸਰੋਤ, Tanmanjeet Singh dhesi/Twitter

ਉਨ੍ਹਾਂ ਲਿਖਿਆ,“ਭਾਰਤ ਤੋਂ ਪੰਜਾਬ ਵਿੱਚ ਇੰਟਰਨੈਟ ਬੰਦਾ ਕੀਤੇ ਜਾਣ, ਵੱਡੇ ਪੱਧਰ 'ਤੇ ਗ੍ਰਿਫਤਾਰੀਆਂ ਹੋਣ ਅਤੇ ਇਕੱਠਾਂ 'ਤੇ ਪਾਬੰਦੀਆਂ ਲਾਏ ਜਾਣ ਬਾਰੇ ਆ ਰਹੀਆਂ ਰਿਪੋਰਟਾਂ ਚਿੰਤਾਜਨਕ ਹਨ।”

“ਅਰਦਾਸ ਕਰਦਾ ਹਾਂ ਕਿ ਤਣਾਅ ਭਰੀ ਸਥਿਤੀ ਜਲਦ ਠੀਕ ਹੋ ਜਾਵੇਗੀ ਤੇ ਸਾਰਿਆਂ ਦੇ ਮਨੁੱਖੀ ਅਧਿਕਾਰਾਂ ਦਾ ਸਨਮਾਨ ਕੀਤਾ ਜਾਵੇਗਾ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ)