ਚੀਨ ਦੀਆਂ 'ਮੋਟਾਪਾ ਜੇਲ੍ਹਾਂ' ਜਿੱਥੇ ਦਿਨ ਵਿੱਚ ਦੋ ਵਾਰ ਵਜ਼ਨ ਤੋਲਣਾ ਤੇ ਸਖ਼ਤ ਕਸਰਤ ਕਰਨੀ ਲਾਜ਼ਮੀ ਹੈ ਅਤੇ ਸਨੈਕਸ 'ਤੇ ਪੂਰੀ ਤਰ੍ਹਾਂ ਪਾਬੰਦੀ ਹੈ
ਤਸਵੀਰ ਸਰੋਤ, TL Huang
- ਲੇਖਕ, ਸਾਰਾ ਬੈਲ
- ਰੋਲ, ਗਲੋਬਲ ਡਿਜ਼ਿਟਲ ਹੈਲਥ
- ਪੜ੍ਹਨ ਦਾ ਸਮਾਂ: 8 ਮਿੰਟ
ਸੋਸ਼ਲ ਮੀਡੀਆ 'ਤੇ ਅਜਿਹੇ ਵੀਡੀਓ ਪੋਸਟ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚ ਲੋਕ ਇੱਕ ਵੱਡੇ ਸਪੋਰਟਸ ਹਾਲ ਵਿੱਚ ਕਸਰਤ ਕਰਦੇ ਹੋਏ, ਕੈਂਟੀਨ ਦੇ ਖਾਣੇ ਲਈ ਲਾਈਨ ਵਿੱਚ ਖੜ੍ਹੇ ਹੋਏ ਅਤੇ ਸਾਂਝੇ ਕਮਰਿਆਂ ਵਿੱਚ ਸੌਂਦੇ ਹੋਏ ਨਜ਼ਰ ਆ ਰਹੇ ਹਨ।
ਫਿਟਨੈਸ ਦੀ ਇਹ ਨਵੀਂ ਥਾਂ ਕੋਈ ਸ਼ਾਨਦਾਰ ਸਪਾ ਰਿਟਰੀਟ ਨਹੀਂ ਹੈ, ਸਗੋਂ ਚੀਨ ਦਾ ਇੱਕ ਅਜਿਹਾ ਕੈਂਪ ਹੈ ਜੋ ਫੌਜੀ ਅਨੁਸ਼ਾਸਨ ਵਾਲੇ ਅੰਦਾਜ਼ ਵਿੱਚ ਚਲਾਇਆ ਹੈ। ਕੁਝ ਲੋਕ ਇਸਨੂੰ "ਮੋਟਾਪਾ ਜੇਲ੍ਹ" ਵੀ ਕਹਿੰਦੇ ਹਨ, ਇੱਥੇ ਸਨੈਕਸ ਖਾਣ 'ਤੇ ਸਖ਼ਤ ਪਾਬੰਦੀ ਹੁੰਦੀ ਹੈ ਅਤੇ ਦਿਨ ਵਿੱਚ ਦੋ ਵਾਰ ਵਜ਼ਨ ਕਰਵਾਉਣਾ ਲਾਜ਼ਮੀ ਹੁੰਦਾ ਹੈ।
ਚੀਨੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ, ਸਾਰੇ ਚੀਨ ਵਿੱਚ ਅਜਿਹੇ ਲਗਭਗ 1,000 ਕੈਂਪ ਹਨ। ਚੀਨ ਵੀ ਦੁਨੀਆ ਭਰ ਵਿੱਚ ਫੈਲ ਰਹੇ ਮੋਟਾਪੇ ਦੇ ਸੰਕਟ ਨਾਲ ਜੂਝ ਰਿਹਾ ਹੈ। ਕੋਈ ਵਿਅਕਤੀ 600 ਡਾਲਰ ਦੇ ਕੇ ਇੱਕ ਮਹੀਨੇ ਲਈ ਇੱਥੇ ਬੁਕਿੰਗ ਕਰਵਾ ਸਕਦਾ ਹੈ, ਜਿਸ ਵਿੱਚ ਰਹਿਣ, ਖਾਣ ਅਤੇ ਰੋਜ਼ਾਨਾ ਕਸਰਤ ਦੀਆਂ ਕਲਾਸਾਂ ਸ਼ਾਮਲ ਹੁੰਦੀਆਂ ਹਨ।
ਕੰਟੈਂਟ ਕ੍ਰੀਏਟ ਟੀਐਲ ਹੁਆਂਗ, ਜਿਨ੍ਹਾਂ ਨੇ ਇੰਸਟਾਗ੍ਰਾਮ 'ਤੇ 'eggeats' ਨਾਮ ਨਾਲ ਆਪਣਾ ਅਨੁਭਵ ਸਾਂਝਾ ਕੀਤਾ, ਨੇ ਬੀਬੀਸੀ ਵਰਲਡ ਸਰਵਿਸ ਦੇ ਪੋਡਕਾਸਟ 'ਵ੍ਹਟ ਇਨ ਦਿ ਵਰਲਡ' ਨੂੰ ਦੱਸਿਆ ਕਿ ਉਨ੍ਹਾਂ ਨੂੰ ਇਹ ਥਾਂ "ਸੱਚਮੁੱਚ ਇੱਕ ਜੇਲ੍ਹ ਵਰਗੀ ਲੱਗੀ" ਕਿਉਂਕਿ ਉਹ 28 ਦਿਨਾਂ ਤੱਕ ਕੈਂਪ ਤੋਂ ਬਾਹਰ ਨਹੀਂ ਗਏ ਅਤੇ ਉਨ੍ਹਾਂ ਨੂੰ ਹਰ ਵੇਲੇ ਆਪਣੇ ਵਜ਼ਨ 'ਤੇ ਨਜ਼ਰ ਰੱਖਣੀ ਪੈਂਦੀ ਸੀ।
ਤਸਵੀਰ ਸਰੋਤ, TL Huang
ਉਹ ਕਹਿੰਦੇ ਹਨ, "ਸਾਡੇ ਟ੍ਰੇਨਰ ਸਾਡੀ ਨਿਗਰਾਨੀ ਲਈ ਉੱਥੇ ਮੌਜੂਦ ਰਹਿੰਦੇ ਸਨ। ਉਹ ਇਹ ਯਕੀਨੀ ਬਣਾਉਂਦੇ ਸਨ ਕਿ ਅਸੀਂ ਚੋਰੀ-ਛਿਪੇ ਜੰਕ ਫੂਡ ਨਾ ਖਾਈਏ, ਆਪਣੀਆਂ ਸਾਰੀਆਂ ਕਲਾਸਾਂ ਵਿੱਚ ਹਾਜ਼ਰ ਰਹੀਏ। ਅਸੀਂ ਬਿਨਾਂ ਕਿਸੇ ਢੁਕਵੇਂ ਕਾਰਨ ਦੇ ਕੋਈ ਵੀ ਕਲਾਸ ਨਾ ਛੱਡ ਸਕਦੇ ਸੀ ਜਾਂ ਕੈਂਪ ਤੋਂ ਬਾਹਰ ਨਹੀਂ ਜਾ ਸਕਦੇ ਸੀ।"
ਹਾਲਾਂਕਿ ਹੁਆਂਗ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਹ ਤਰੀਕਾ ਪ੍ਰਭਾਵਸ਼ਾਲੀ ਲੱਗਾ, ਪਰ ਪੋਸ਼ਣ ਮਾਹਿਰ ਮੰਨਦੇ ਹਨ ਕਿ ਵਜ਼ਨ ਘਟਾਉਣ ਦੇ ਅਜਿਹੇ ਸਖ਼ਤ ਤਰੀਕੇ ਸਿਹਤ ਅਤੇ ਮਾਨਸਿਕ ਹਾਲਤ ਨੂੰ ਗੰਭੀਰ ਨੁਕਸਾਨ ਪਹੁੰਚਾ ਸਕਦੇ ਹਨ।
ਪਰਸਨਲ ਟ੍ਰੇਨਰ ਅਤੇ ਪੋਸ਼ਣ ਮਾਹਿਰ ਲਿਊਕ ਹੈਨਾ ਕਹਿੰਦੇ ਹਨ, "ਕੁਝ ਕੈਂਪਾਂ ਦਾ ਟਾਰਗੇਟ ਕਥਿਤ ਤੌਰ 'ਤੇ ਹਰ ਦਿਨ ਇੱਕ ਕਿਲੋ ਵਜ਼ਨ ਘਟਾਉਣਾ ਹੁੰਦਾ ਹੈ। ਇਹ ਮਾਤਰਾ ਉਸ ਹੱਦ ਤੋਂ ਕਾਫ਼ੀ ਵੱਧ ਹੈ ਜਿਸਨੂੰ ਮੈਡੀਕਲ ਨਿਗਰਾਨੀ ਹੇਠ ਵੀ ਬਾਲਗਾਂ ਲਈ ਸੁਰੱਖਿਅਤ ਮੰਨਿਆ ਜਾਂਦਾ ਹੈ।"
ਤਾਂ ਫਿਰ ਇਹ ਕੈਂਪ ਕੰਮ ਕਿਵੇਂ ਕਰਦੇ ਹਨ ਅਤੇ ਇਹ ਇੰਨੇ ਮਸ਼ਹੂਰ ਕਿਵੇਂ ਹੋ ਗਏ?
'ਬਦਲਾਅ ਲਿਆਉਣ ਦਾ ਸਮਾਂ ਆ ਗਿਆ ਹੈ'
ਤਸਵੀਰ ਸਰੋਤ, AFP via Getty Images
ਹੁਆਂਗ ਦੱਸਦੇ ਹਨ ਕਿ ਉਨ੍ਹਾਂ ਨੂੰ ਇਨ੍ਹਾਂ ਕੈਂਪਾਂ ਬਾਰੇ ਸਭ ਤੋਂ ਪਹਿਲਾਂ ਆਪਣੀ ਮਾਂ ਤੋਂ ਪਤਾ ਲੱਗਿਆ, ਜੋ ਚੀਨੀ ਮੂਲ ਦੇ ਹਨ। ਚੀਨ ਵਿੱਚ ਇੱਕਲੇ ਘੁੰਮਣ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਸਿਹਤ "ਬਿਲਕੁਲ ਵੀ ਠੀਕ ਨਹੀਂ ਲੱਗ ਰਹੀ ਸੀ।'' ਉਨ੍ਹਾਂ ਦਾ ਰੂਟੀਨ ਖਰਾਬ ਹੋ ਗਿਆ ਸੀ ਅਤੇ ਉਹ ਬਾਹਰੋਂ ਮੰਗਾਇਆ ਹੋਇਆ ਖਾਣਾ ਬਹੁਤ ਜ਼ਿਆਦਾ ਖਾ ਰਹੇ ਸਨ।
ਹੁਆਂਗ ਦੱਸਦੇ ਹਨ ਕਿ ਪਿਛਲੇ ਤਿੰਨ ਸਾਲਾਂ ਵਿੱਚ ਉਨ੍ਹਾਂ ਦਾ ਵਜ਼ਨ ਲਗਭਗ 20 ਕਿਲੋ ਵੱਧ ਗਿਆ ਸੀ। ਇਸ ਗੱਲ ਨੂੰ ਲੈਕੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੇ ਉਨ੍ਹਾਂ 'ਤੇ ਕਈ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ, ਜਿਸ ਨਾਲ ਉਨ੍ਹਾਂ ਨੂੰ ਇਹ ਮਹਿਸੂਸ ਹੋਣ ਲੱਗ ਪਿਆ ਕਿ "ਹੁਣ ਬਦਲਾਅ ਲਿਆਉਣ ਦਾ ਸਮਾਂ ਆ ਗਿਆ ਹੈ।"
ਉਹ ਕਹਿੰਦੇ ਹਨ, "ਮੈਨੂੰ ਅਜਿਹਾ ਲੱਗਦਾ ਸੀ ਜਿਵੇਂ ਲੋਕ ਮੇਰੇ ਮੋਟਾਪੇ ਨੂੰ ਲੈ ਕੇ ਮੇਰਾ ਮਜ਼ਾਕ ਉਡਾ ਰਹੇ ਹਨ। ਪਰ ਨਾਲ ਹੀ ਮੈਨੂੰ ਇਹ ਵੀ ਲੱਗਿਆ ਕਿ ਸ਼ਾਇਦ ਉਹ ਇੱਕ ਤਰ੍ਹਾਂ ਨਾਲ ਮੈਨੂੰ 'ਸਖ਼ਤ ਪਿਆਰ' ਦੇ ਰਹੇ ਸਨ।"
ਕੈਂਪ ਵਿੱਚ ਜਾਣਾ ਇੱਕ "ਬਹੁਤ ਵੱਡਾ ਕਲਚਰ ਸ਼ੌਕ" ਸੀ, ਪਰ ਹੁਆਂਗ ਕਹਿੰਦੇ ਹਨ ਕਿ ਉੱਥੇ ਹਿੱਸਾ ਲੈਣ ਵਾਲਿਆਂ ਵਿੱਚ ਡੂੰਘੀ ਦੋਸਤੀ ਸੀ, ਕਿਉਂਕਿ ਉਹ ਸਾਰੇ ਮਿਲ ਕੇ ਵਜ਼ਨ ਘਟਾ ਰਹੇ ਸਨ।
ਹਰ ਦਿਨ - ਜਿਸਦੀ ਸ਼ੁਰੂਆਤ ਸਵੇਰੇ 7.30 ਵਜੇ ਭਾਰ ਤੋਲਣ ਨਾਲ ਹੁੰਦੀ ਸੀ - ਵਿੱਚ ਚਾਰ ਘੰਟਿਆਂ ਦੀ ਕਸਰਤ ਸ਼ਾਮਲ ਹੁੰਦੀ ਸੀ, ਜਿਸ ਵਿੱਚ ਸਪਿਨ ਕਲਾਸ, ਟ੍ਰੈਂਪੋਲਿਨਿੰਗ, ਹਾਈ-ਇੰਟੈਂਸਿਟੀ ਇੰਟਰਵਲ ਟ੍ਰੇਨਿੰਗ (ਐਚਆਈਆਈਟੀ), ਤਬਾਤਾ - ਜੋ ਐਚਆਈਆਈਟੀ ਦਾ ਹੀ ਇੱਕ ਹੋਰ ਸਖ਼ਤ ਰੂਪ ਹੈ - ਅਤੇ ਵਜ਼ਨ ਉਠਾਉਣਾ ਸ਼ਾਮਲ ਸੀ।
ਨਾਸ਼ਤੇ ਵਿੱਚ ਚਾਰ ਉਬਲੇ ਆਂਡੇ, ਅੱਧਾ ਟਮਾਟਰ ਅਤੇ ਖੀਰੇ ਦੇ ਦੋ ਟੁਕੜੇ ਹੋ ਸਕਦੇ ਸਨ। ਇੱਕ ਵੀਡੀਓ ਵਿੱਚ, ਹੁਆਂਗ ਆਪਣੇ ਦੁਪਹਿਰ ਦੇ ਖਾਣੇ ਨੂੰ ਰੇਟ ਕਰਦੇ ਹਨ - ਜਿਸ ਵਿੱਚ ਝੀਂਗੇ, ਭਾਫ਼ ਵਿੱਚ ਪੱਕੀਆਂ ਸਬਜ਼ੀਆਂ ਅਤੇ ਬੀਨ ਕਰਡ ਜਾਂ ਭਾਫ਼ ਵਿੱਚ ਪਕੀ ਮੱਛੀ, ਚੀਨੀ ਅਜਵਾਇਨ, ਭਾਫ਼ ਵਿੱਚ ਪੱਕੀਆਂ ਹਰੀ ਪੱਤੇਦਾਰ ਸਬਜ਼ੀਆਂ ਅਤੇ ਫੁੱਲਗੋਭੀ ਸ਼ਾਮਲ ਹੁੰਦੀ ਸੀ।
ਉਹ ਕਹਿੰਦੇ ਹਨ ਕਿ ਇਹ ਖਾਣੇ "ਚੰਗੇ, ਸੰਤੁਲਿਤ ਅਤੇ ਰੋਜ਼ਾਨਾ ਦੇ ਚੀਨੀ ਖਾਣੇ ਵਾਂਗ ਹੀ ਬਣਾਏ ਜਾਂਦੇ ਹਨ"।
ਮਹਿਮਾਨਾਂ ਤੋਂ ਉਮੀਦ ਕੀਤੀ ਜਾਂਦੀ ਸੀ ਕਿ ਉਹ ਰਾਤ ਦੇ ਖਾਣੇ ਤੋਂ ਬਾਅਦ ਇੱਕ ਘੰਟੇ ਦੀ ਆਖ਼ਰੀ ਸਪਿਨ ਕਲਾਸ ਵਿੱਚ ਹਿੱਸਾ ਲੈਣ ਅਤੇ ਫਿਰ ਰਾਤ 7.30 ਵਜੇ ਦੂਜੀ ਵਾਰ ਆਪਣਾ ਭਰ ਤੋਲਣ। ਉਸ ਤੋਂ ਬਾਅਦ ਉਹ ਨਹਾ ਕੇ ਆਰਾਮ ਕਰ ਸਕਦੇ ਸਨ।
ਹੁਆਂਗ ਕਹਿੰਦੇ ਹਨ ਕਿ ਪਹਿਲੇ ਹਫ਼ਤੇ ਤੱਕ ਇਹ ਰੁਟੀਨ ਉਨ੍ਹਾਂ ਨੂੰ "ਬਹੁਤ ਨਵਾਂ" ਲੱਗਿਆ, ਪਰ ਫਿਰ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਨੂੰ ਇਸਨੂੰ ਹੋਰ ਤਿੰਨ ਹਫ਼ਤਿਆਂ ਤੱਕ ਜਾਰੀ ਰੱਖਣਾ ਹੋਵੇਗਾ। ਆਪਣੇ ਦੋਸਤਾਂ ਨੂੰ ਮੈਸੇਜ ਕਰਦੇ ਰਹਿਣ ਨਾਲ ਉਨ੍ਹਾਂ ਨੂੰ ਹੌਸਲਾ ਮਿਲਦਾ ਰਿਹਾ।
ਹਾਲਾਂਕਿ ਉਨ੍ਹਾਂ ਨੇ ਉੱਥੋਂ ਦੀਆਂ ਸੁਵਿਧਾਵਾਂ ਨੂੰ ਜੇਲ੍ਹ ਵਰਗਾ ਦੱਸਿਆ, ਫਿਰ ਵੀ ਹੁਆਂਗ ਮੰਨਦੇ ਹਨ ਕਿ ਇਹ ਸਭ ਕਰਨਾ ਫਾਇਦੇਮੰਦ ਰਿਹਾ। ਉਨ੍ਹਾਂ ਨੇ 28 ਦਿਨਾਂ ਵਿੱਚ 6 ਕਿੱਲੋ ਵਜ਼ਨ ਘਟਾ ਲਿਆ।
ਹੁਆਂਗ ਕਹਿੰਦੇ ਹਨ, "ਇਸ ਨਾਲ ਮੈਨੂੰ ਇੱਕ ਤਰ੍ਹਾਂ ਦਾ 'ਹਾਰਡ ਰੀਸੈਟ' ਮਿਲਿਆ ਅਤੇ ਉਹ ਸਰੀਰਕ ਢਾਂਚਾ ਮਿਲਿਆ ਜਿਸਦੀ ਮੈਨੂੰ ਲੋੜ ਸੀ।"
'ਆਮ ਵਿਕਾਸ ਵਿੱਚ ਰੁਕਾਵਟ'
ਤਸਵੀਰ ਸਰੋਤ, Getty Images
ਪਰ ਮਾਹਿਰ ਸਾਵਧਾਨੀ ਵਰਤਣ ਦੀ ਵੀ ਸਲਾਹ ਦਿੰਦੇ ਹਨ। ਲੰਦਨ ਦੇ ਨਿੱਜੀ ਟ੍ਰੇਨਰ ਲਿਊਕ ਹੈਨਾ ਕਹਿੰਦੇ ਹਨ ਕਿ ਇਨ੍ਹਾਂ ਕੈਂਪਾਂ ਦਾ ਤਰੀਕਾ ਇਸ ਲਈ ਹੋਰ ਵੀ ਜ਼ਿਆਦਾ ਚਿੰਤਾਜਨਕ ਹੈ, ਕਿਉਂਕਿ ਜਦੋਂ ਤੁਸੀਂ ਵਜ਼ਨ ਘਟਾਉਂਦੇ ਹੋ ਤਾਂ ਤੁਹਾਡੀ ਚਰਬੀ ਦੇ ਨਾਲ-ਨਾਲ ਮਾਸਪੇਸ਼ੀਆਂ ਦੇ ਟਿਸ਼ੂ ਟੁੱਟਦੇ ਹਨ। ਇਸ ਲਈ ਜੇ ਤੁਸੀਂ ਬਹੁਤ ਜ਼ਿਆਦਾ ਕਸਰਤ ਵਰਗੇ ਸਖਤ ਤਰੀਕੇ ਅਪਣਾਉਂਦੇ ਹੋ, ਤਾਂ ਤੁਸੀਂ ਮਾਸਪੇਸ਼ੀਆਂ ਦੇ ਟਿਸ਼ੂਆਂ ਦੇ ਟੁੱਟਣ ਦਾ ਖਤਰਾ ਵਧਾ ਰਹੇ ਹੋ।
ਇਹ ਗੱਲ ਉਸ ਵੇਲੇ ਹੋਰ ਵੀ ਚਿੰਤਾਜਨਕ ਹੋ ਜਾਂਦੀ ਹੈ, ਜਦੋਂ ਬੱਚੇ ਜਾਂ ਨੌਜਵਾਨ ਇਸ ਤਰ੍ਹਾਂ ਨਾਲ ਆਪਣਾ ਵਜ਼ਨ ਘਟਾਉਂਦੇ ਹਨ।
ਉਹ ਕਹਿੰਦੇ ਹਨ, "ਇਸ ਤਰ੍ਹਾਂ ਨਾਲ ਤੁਸੀਂ ਉਨ੍ਹਾਂ ਦੇ ਆਮ ਵਿਕਾਸ ਵਿੱਚ ਵੀ ਰੁਕਾਵਟ ਪਾ ਸਕਦੇ ਹੋ। ਮਤਲਬ, ਇਸਦਾ ਅਸਰ ਇਸ ਗੱਲ 'ਤੇ ਪੈ ਸਕਦਾ ਹੈ ਕਿ ਭਵਿੱਖ ਵਿੱਚ ਉਨ੍ਹਾਂ ਦੀ ਲੰਬਾਈ ਕਿੰਨੀ ਹੋਵੇਗੀ ਅਤੇ ਉਨ੍ਹਾਂ ਦੀਆਂ ਹੱਡੀਆਂ ਕਿੰਨੀਆਂ ਤੰਦਰੁਸਤ ਰਹਿਣਗੀਆਂ।"
ਇਸ ਨਾਲ ਮਨੋਵਿਗਿਆਨਕ ਸਮੱਸਿਆਵਾਂ ਵੀ ਪੈਦਾ ਹੋ ਸਕਦੀਆਂ ਹਨ, ਜਿਵੇਂ ਕਿ 'ਈਟਿੰਗ ਡਿਸਆਰਡਰ' (ਖਾਣ-ਪੀਣ ਨਾਲ ਸੰਬੰਧਤ ਬਿਮਾਰੀ) ਦਾ ਖਤਰਾ ਕਾਫ਼ੀ ਵਧ ਜਾਣਾ।
ਉਹ ਕਹਿੰਦੇ ਹਨ, "ਕੁਝ ਲੋਕ ਸੱਚਮੁਚ ਬਹੁਤ ਵਜ਼ਨ ਘਟਾ ਲੈਂਦੇ ਹਨ, ਜਿਸ ਕਾਰਨ ਇਹ ਤਰੀਕਾ ਉਨ੍ਹਾਂ ਨੂੰ ਕਾਫ਼ੀ ਆਕਰਸ਼ਕ ਲੱਗਦਾ ਹੈ, ਪਰ ਜਦੋਂ ਉਹ ਆਪਣੀ ਆਮ ਜ਼ਿੰਦਗੀ ਵਿੱਚ ਵਾਪਸ ਆਉਂਦੇ ਹਨ, ਤਾਂ ਉਨ੍ਹਾਂ ਵਿੱਚੋਂ ਜ਼ਿਆਦਾਤਰ ਲੋਕ ਆਪਣਾ ਘਟਾਇਆ ਹੋਇਆ ਵਜ਼ਨ ਬਹੁਤ ਜਲਦ ਹੀ ਮੁੜ ਵਧਾ ਲੈਂਦੇ ਹਨ, ਕਿਉਂਕਿ ਇਸ ਤਰੀਕੇ ਨਾਲ ਵਜ਼ਨ ਵਧਣ ਦੇ ਅਸਲ ਕਾਰਨਾਂ ਜਾਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਹੁੰਦਾ।"
ਯੂਕੇ ਦੀ ਨੇਸ਼ਨਲ ਹੈਲਥ ਸਰਵਿਸ 1 ਤੋਂ 2 ਪੌਂਡ (ਐਲਬੀਐਸ) ਜਾਂ 0.5 ਤੋਂ 1 ਕਿਲੋਗ੍ਰਾਮ ਤੱਕ ਹੌਲੀ-ਹੌਲੀ ਵਜ਼ਨ ਘਟਾਉਣ ਦੀ ਸਲਾਹ ਦਿੰਦੀ ਹੈ।
ਹੈਨਾ ਕਹਿੰਦੇ ਹਨ ਕਿ ਲੋਕਾਂ ਨੂੰ ਇਸਦੀ ਬਜਾਏ ਆਪਣੇ ਆਮ ਮਾਹੌਲ ਵਿੱਚ ਹੌਲੀ-ਹੌਲੀ ਆਪਣੀਆਂ ਆਦਤਾਂ ਵਿੱਚ ਬਦਲਾਅ ਲਿਆਉਣ 'ਤੇ ਧਿਆਨ ਦੇਣਾ ਚਾਹੀਦਾ ਹੈ। ਜਿਵੇਂ ਕਿ ਨਿਯਮਿਤ ਤੌਰ 'ਤੇ ਪੋਸ਼ਟਿਕ ਭੋਜਨ ਦਾ ਖਾਣਾ, ਚੰਗੀ ਮਾਤਰਾ ਵਿੱਚ ਪ੍ਰੋਟੀਨ ਲੈਣਾ ਅਤੇ ਕਿਸੇ ਹੁਨਰ ਲਈ ਕਸਰਤ ਕਰਨਾ, ਖੇਡਾਂ ਖੇਡਣਾ ਅਤੇ ਮਨੋਰੰਜਨ ਲਈ ਕਸਰਤ ਕਰਨੀ, ਨਾ ਕਿ ਸਜ਼ਾ ਵਜੋਂ ਕਸਰਤ ਕਰਨੀ।
ਅਸਲ ਵਿੱਚ, ਬਾਅਦ ਦੇ ਇੱਕ ਇੰਸਟਾਗ੍ਰਾਮ ਵੀਡੀਓ ਵਿੱਚ ਟੀਜੇ ਹੁਅੰਗ ਕਹਿੰਦੇ ਹਨ ਕਿ ਸਭ ਤੋਂ ਮੁਸ਼ਕਲ ਕੰਮ ਘਰ ਵਾਪਸ ਆਉਣਾ ਸੀ, ਕਿਉਂਕਿ ਉਨ੍ਹਾਂ ਦੇ ਸਰੀਰ ਨੂੰ ਹੁਣ ਪਤਾ ਹੀ ਨਹੀਂ ਸੀ ਕਿ "ਸਧਾਰਣ" ਤਰੀਕੇ ਨਾਲ ਖਾਣ ਕਿਵੇਂ ਹੁੰਦਾ ਹੈ।
ਸਿਹਤਮੰਦ ਆਹਾਰ ਵਿੱਚ ਹਰ ਦਿਨ ਘੱਟੋ-ਘੱਟ ਪੰਜ ਵਾਰ ਫਲ ਅਤੇ ਸਬਜ਼ੀਆਂ ਸ਼ਾਮਲ ਹੋਣੀਆਂ ਚਾਹੀਦੀਆਂ ਹਨ, ਨਾਲ ਹੀ ਹਫ਼ਤੇ ਵਿੱਚ 150 ਮਿੰਟ ਤੱਕ ਐਕਟਿਵ ਰਹਿਣ ਦਾ ਟੀਚਾ ਹੋਣਾ ਚਾਹੀਦਾ ਹੈ।
ਮੀਠੇ ਪੇਅ ਪਦਾਰਥਾਂ ਦੀ ਬਜਾਏ ਪਾਣੀ ਪੀਣਾ ਅਤੇ ਵੱਧ ਚਰਬੀ ਅਤੇ ਵੱਧ ਚੀਨੀ ਵਾਲੇ ਖਾਣਿਆਂ ਦੀ ਖਪਤ ਘਟਾਉਣਾ ਵੀ ਮਦਦਗਾਰ ਹੋ ਸਕਦਾ ਹੈ।
ਵਿਤਕਰਾ
ਬੀਬੀਸੀ ਦੀ ਗਲੋਬਲ ਚਾਈਨਾ ਯੂਨਿਟ ਦੇ ਵਾਨਕਿੰਗ ਝਾਂਗ ਦੱਸਦੀ ਹਨ ਕਿ ਚੀਨ ਵਿੱਚ ਵਜ਼ਨ ਘਟਾਉਣ ਵਾਲੇ ਕੈਂਪਾਂ ਦਾ ਰੁਝਾਨ 2000 ਦੇ ਦਹਾਕੇ ਦੀ ਸ਼ੁਰੂਆਤ ਵਿੱਚ ਵਧਿਆ।
ਇਸਦੀ ਸ਼ੁਰੂਆਤ ਇੱਕ ਟੀਵੀ ਪ੍ਰੋਗਰਾਮ ਤੋਂ ਬਾਅਦ ਹੋਈ, ਜਿਸ ਵਿੱਚ ਵਜ਼ਨ ਘਟਾਉਣ ਵਾਲੀਆਂ ਸੰਸਥਾਵਾਂ ਦੇ ਅੰਦਰ ਦੀਆਂ ਗਤੀਵਿਧੀਆਂ ਦਿਖਾਈਆਂ ਗਈਆਂ ਸਨ। ਇਨ੍ਹਾਂ ਸ਼ੋਅਜ਼ ਦੇ ਕੋਚਾਂ ਨੇ ਆਪਣੇ ਖੁਦ ਦੇ ਵਜ਼ਨ ਘਟਾਉਣ ਵਾਲੇ ਕੈਂਪ ਖੋਲ੍ਹਣ ਦਾ ਫ਼ੈਸਲਾ ਕੀਤਾ।
ਪਰ ਰੁਝਾਨ ਵਿੱਚ ਅਸਲ ਉਛਾਲ ਪਿਛਲੇ ਦਸ ਸਾਲਾਂ ਵਿੱਚ ਆਇਆ ਹੈ, ਜਦੋਂ ਤੋਂ ਸੋਸ਼ਲ ਮੀਡੀਆ ਦਾ ਪ੍ਰਭਾਵ ਵਧਿਆ ਹੈ।
ਝਾਂਗ ਕਹਿੰਦੇ ਹਨ, "ਜੇ ਤੁਸੀਂ ਚੀਨ ਦੇ ਸੋਸ਼ਲ ਮੀਡੀਆ 'ਤੇ ਜਾਓ, ਤਾਂ ਤੁਹਾਨੂੰ ਵਜ਼ਨ ਘਟਾਉਣ ਵਾਲੇ ਕੈਂਪਾਂ ਦੇ ਆਯੋਜਕਾਂ ਜਾਂ ਇਨ੍ਹਾਂ ਕੈਂਪਾਂ ਵਿੱਚ ਹਿੱਸਾ ਲੈਣ ਵਾਲੇ ਕਲਾਇੰਟਾਂ ਵੱਲੋਂ ਪੋਸਟ ਕੀਤੀ ਗਈ ਬਹੁਤ ਸਾਰੀ ਵੱਖ-ਵੱਖ ਕਿਸਮ ਦੀ ਸਮੱਗਰੀ ਦੇਖਣ ਨੂੰ ਮਿਲੇਗੀ।"
ਝਾਂਗ ਦੱਸਦੇ ਹਨ ਕਿ ਇਹ ਕੈਂਪ, ਹੁਆਂਗ ਵੱਲੋਂ ਅਟੈਂਡ ਕੀਤੇ ਗਏ ਆਮ, ਸਖਤ ਅਨੁਸ਼ਾਸਨ ਵਾਲੇ ਕੈਂਪਾਂ ਤੋਂ ਲੈ ਕੇ ਬਹੁਤ ਹੀ ਜ਼ਿਆਦਾ ਸਖ਼ਤ ਅਨੁਸ਼ਾਸਨ ਵਾਲੇ ਵੀ ਹੋ ਸਕਦੇ ਹਨ - ਅਜਿਹੇ ਕੈਂਪ ਜਿੱਥੇ ਡਾਰਮ (ਸਾਂਝੇ ਕਮਰੇ) ਦੇ ਬਾਹਰ ਸੀਸੀਟੀਵੀ ਕੈਮਰੇ ਲੱਗੇ ਹੋ ਸਕਦੇ ਹਨ, ਤਾਂ ਜੋ ਕੋਈ ਬਾਹਰੋਂ ਖਾਣਾ ਨਾ ਮੰਗਵਾ ਸਕੇ।
ਤਸਵੀਰ ਸਰੋਤ, TL Huang
ਜਾਂ ਫਿਰ ਦੂਜੇ ਪਾਸੇ, ਇਹ "ਬਹੁਤ ਹੀ ਸ਼ਾਨਦਾਰ, ਹਾਈ-ਐਂਡ ਰਿਟਰੀਟ ਸਟਾਈਲ ਦੇ ਹੋ ਸਕਦੇ ਹਨ, ਜਿੱਥੇ ਤੁਸੀਂ ਕਿਸੇ ਖੂਬਸੂਰਤ ਝੀਲ ਦੇ ਨਜ਼ਾਰੇ ਦਾ ਆਨੰਦ ਲੈਂਦੇ ਹੋਏ ਟ੍ਰੇਡਮਿਲ 'ਤੇ ਦੌੜ ਸਕਦੇ ਹੋ।"
ਅਜਿਹੇ ਕਿਸੇ ਵੀ ਕੈਂਪ ਵੱਲ ਆਕਰਸ਼ਣ ਦਾ ਮੁੱਖ ਕਾਰਨ ਹੈ - ਦੁਨੀਆ ਭਰ ਵਿੱਚ ਮੋਟਾਪੇ ਦੀ ਦਿੱਕਤ। ਲਗਭਗ ਦੋ-ਤਿਹਾਈ ਦੇਸ਼ਾਂ ਵਿੱਚ, 50% ਤੋਂ ਵੱਧ ਨੌਜਵਾਨ ਜ਼ਿਆਦਾ ਵਜ਼ਨ ਵਾਲੇ ਜਾਂ ਮੋਟੇ ਮੰਨੇ ਜਾਂਦੇ ਹਨ। ਚੀਨ ਦੇ ਸਿਹਤ ਅਧਿਕਾਰੀਆਂ ਮੁਤਾਬਕ, ਦੇਸ਼ ਵਿੱਚ ਲਗਭਗ 34% ਨੌਜਵਾਨ ਜ਼ਿਆਦਾ ਵਜ਼ਨ ਵਾਲੇ ਮੰਨੇ ਜਾਂਦੇ ਹਨ, ਜਦਕਿ 16% ਮੋਟੇ ਮੰਨੇ ਜਾਂਦੇ ਹਨ।
ਬੀਬੀਸੀ ਦੇ ਝਾਂਗ ਦੱਸਦੇ ਹਨ ਕਿ ਇਸ ਵਿੱਚ ਇੱਕ ਸੱਭਿਆਚਾਰਕ ਪੱਖ ਵੀ ਹੈ। "ਚੀਨ ਇੱਕ ਅਜਿਹਾ ਦੇਸ਼ ਹੈ ਜਿੱਥੇ ਵੱਖ-ਵੱਖ ਤਰ੍ਹਾਂ ਦੇ ਵਜ਼ਨ ਨੂੰ ਲੈ ਕੇ ਸਵੀਕਾਰਤਾ ਅਤੇ ਸਹਿਣਸ਼ੀਲਤਾ ਕਾਫ਼ੀ ਘੱਟ ਹੈ। ਇਸਦਾ ਮਤਲਬ ਹੈ ਕਿ ਜੇ ਤੁਹਾਡਾ ਵਜ਼ਨ ਜ਼ਿਆਦਾ ਹੈ, ਤਾਂ ਤੁਹਾਨੂੰ ਕੰਮ ਦੀ ਥਾਂ ਜਾਂ ਡੇਟਿੰਗ ਦੀ ਦੁਨੀਆ ਵਿੱਚ ਵੱਧ ਵਿਤਕਰੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ।"
ਚੌਲ, ਡੰਪਲਿੰਗ ਅਤੇ ਨੂਡਲਜ਼ ਵਿੱਚ ਮਿਲਣ ਵਾਲੇ ਰਿਫਾਈਨਡ ਕਾਰਬਜ਼ ਇੱਕ ਵੱਡੀ ਸਮੱਸਿਆ ਹਨ। ਇਸ ਤੋਂ ਇਲਾਵਾ, ਇੱਕ ਹੋਰ ਗੱਲ ਇਹ ਵੀ ਹੈ ਕਿ ਦੁਨੀਆ ਭਰ ਵਿੱਚ ਲੋਕ ਆਪਣਾ ਖਾਲੀ ਸਮਾਂ ਬਾਹਰ ਬਿਤਾਉਣ ਦੀ ਬਜਾਏ ਘਰ ਦੇ ਅੰਦਰ ਹੀ ਆਪਣੇ ਫ਼ੋਨ ਜਾਂ ਟੈਬਲੈਟ 'ਤੇ ਲੱਗੇ ਰਹਿੰਦੇ ਹਨ।
ਇਸ ਵਿਚਕਾਰ, ਹੁਆਂਗ ਦੇ ਇੰਸਟਾਗ੍ਰਾਮ ਤੋਂ ਪਤਾ ਲੱਗਦਾ ਹੈ ਕਿ ਉਹ ਇਸ ਵੇਲੇ ਥਾਈਲੈਂਡ ਵਿੱਚ ਹਨ ਅਤੇ ਇੱਕ ਹੋਰ 30 ਦਿਨਾਂ ਦੇ ਵਜ਼ਨ ਘਟਾਉਣ ਵਾਲੇ ਚੈਲੈਂਜ ਵਿੱਚ ਹਿੱਸਾ ਲੈ ਰਹੇ ਹਨ। ਉੱਥੇ ਉਹ ਭੈੜੀ ਗਰਮੀ ਵਿੱਚ ਹਰ ਰੋਜ਼ ਦੋ ਘੰਟੇ ਕਸਰਤ ਕਰ ਰਹੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
ਤਾਜ਼ਾ ਘਟਨਾਕ੍ਰਮ
ਦ੍ਰਿਸ਼ਟੀਕੋਣ
ਪਾਠਕਾਂ ਦੀ ਪਸੰਦ
ਸਮੱਗਰੀ ਉਪਲਬਧ ਨਹੀਂ ਹੈ