ਮਾਹਵਾਰੀ ਦੇ ਖੂਨ ਵਿੱਚ ਕਿਹੜੇ ਰਹੱਸ ਲੁਕੇ ਹੋਏ ਹਨ, ਇਸ ਨਾਲ ਸ਼ੂਗਰ ਸਣੇ ਕਿਹੜੀਆਂ ਬਿਮਾਰੀਆਂ ਦਾ ਪਤਾ ਲੱਗ ਸਕਦਾ ਹੈ

    • ਲੇਖਕ, ਸੈਂਡੀ ਓਂਗ
    • ਰੋਲ, ਬੀਬੀਸੀ ਨਿਊਜ਼
  • ਪੜ੍ਹਨ ਦਾ ਸਮਾਂ: 10 ਮਿੰਟ

ਮਾਹਵਾਰੀ ਵਿੱਚੋਂ ਲੰਘਣ ਵਾਲੀਆਂ ਬਹੁਤੀਆਂ ਔਰਤਾਂ ਵਾਂਗ ਐਮਾ ਬੈਕਲੁੰਡ ਵੀ ਹਰ ਮਹੀਨੇ ਨਿਕਲਣ ਵਾਲੇ ਇਸ ਖ਼ੂਨ ਬਾਰੇ ਜ਼ਿਆਦਾ ਨਹੀਂ ਸੋਚਦੀ ਸੀ। ਪਰ ਜਦੋਂ ਬਾਇਓਟੈਕ ਸਟਾਰਟਅਪ ਨੈਕਸਟਜੈਨ ਜੇਨ ਨੇ 2023 ਵਿੱਚ ਉਸ ਤੋਂ ਪੀਰੀਅਡ ਦਾ ਖੂਨ ਮੰਗਿਆ, ਤਾਂ ਉਸ ਨੇ ਬਿਨਾਂ ਹਿਚਕਿਚਾਏ ਮਦਦ ਕੀਤੀ। ਬੈਕਲੁੰਡ ਨੇ ਇੱਕ ਮਹਾਵਾਰੀ ਚੱਕਰ ਦੌਰਾਨ ਵਰਤੇ ਗਏ ਅੱਠ ਟੈਂਪਾਨ ਸੰਭਾਲੇ ਅਤੇ ਉਹਨਾਂ ਨੂੰ ਡਾਕ ਰਾਹੀਂ ਕੰਪਨੀ ਦੀ ਲੈਬੋਰਟਰੀ ਓਕਲੈਂਡ, ਕੈਲੀਫੋਰਨੀਆ ਭੇਜ ਦਿੱਤਾ।

ਇਹ ਮੰਗ ਥੋੜ੍ਹੀ ਅਜੀਬ ਜ਼ਰੂਰ ਸੀ, ਪਰ ਉਸ ਲਈ ਇਹ ਕਰਨਾ ਔਖਾ ਨਹੀਂ ਸੀ। ਉਹ ਖੁਸ਼ੀ ਨਾਲ ਮਦਦ ਕਰਨ ਲਈ ਤਿਆਰ ਸੀ। ਉਸ ਦੀ ਉਮੀਦ ਸੀ ਕਿ ਇਸ ਨਾਲ ਭਵਿੱਖ ਦੀਆਂ ਕੁੜੀਆਂ ਨੂੰ ਉਹ ਦਰਦ ਨਾ ਸਹਿਣਾ ਪਵੇ ਜੋ ਉਸ ਨੇ ਵੱਡੀ ਹੁੰਦੀ ਨੇ ਸਹਿਆ ਹੈ।

ਬੈਕਲੁੰਡ ਅਮਰੀਕਾ ਦੇ ਮਿਨੇਸੋਟਾ ਦੀ 27 ਸਾਲ ਦੀ ਗ੍ਰੈਜੂਏਟ ਵਿਦਿਆਰਥਣ ਹੈ, ਉਹ ਕਹਿੰਦੀ ਹੈ, "ਜਦੋਂ ਮੈਂ 11 ਸਾਲ ਦੀ ਹੋਈ ਤਾਂ ਮੈਨੂੰ ਪਹਿਲੀ ਵਾਰ ਪੀਰੀਅਡ ਆਏ। ਮੈਨੂੰ ਲੱਗਿਆ ਕਿ ਮੈਂ ਮਰ ਰਹੀ ਹਾਂ। ਮੈਨੂੰ ਯਾਦ ਹੈ ਕਿ ਮੈਂ ਆਪਣੀ ਮਾਂ ਨੂੰ ਕਿਹਾ ਸੀ ਕਿ ਮੈਨੂੰ ਹਸਪਤਾਲ ਜਾਣਾ ਪਵੇਗਾ।"

"ਉਸ ਤੋਂ ਬਾਅਦ ਲਗਭਗ ਹਰ ਪੀਰੀਅਡ ਇਸੇ ਤਰ੍ਹਾਂ ਦਾ ਰਿਹਾ। ਮੈਂ ਹਰ ਮਹੀਨੇ ਉਲਟੀਆਂ ਕਰਦੀ ਸੀ। ਮੈਂ ਸਮਾਜਿਕ ਗਤੀਵਿਧੀਆਂ ਅਤੇ ਸਕੂਲ ਤੋਂ ਵੀ ਰਹਿ ਜਾਂਦੀ ਸੀ। ਇਹ ਇੱਕ ਤਿੱਖਾ, ਚੁਭਣ ਵਾਲਾ ਅਤੇ ਬਹੁਤ ਤਕਲੀਫ਼ ਵਾਲਾ ਦਰਦ ਹੁੰਦਾ ਸੀ ਜੋ ਲਗਾਤਾਰ ਚੱਲਦਾ ਰਹਿੰਦਾ ਸੀ।"

ਬੈਕਲੁੰਡ ਨੂੰ ਇਹ ਪਤਾ ਲੱਗਣ ਵਿੱਚ 13 ਸਾਲ ਲੱਗ ਗਏ ਕਿ ਉਸਨੂੰ ਐਂਡੋਮੀਟ੍ਰਿਓਸਿਸ ਹੈ। ਇਹ ਇੱਕ ਲੰਬੇ ਸਮੇਂ ਤੱਕ ਰਹਿਣ ਵਾਲੀ ਅਤੇ ਕਾਫ਼ੀ ਤਕਲੀਫ਼ ਭਰੀ ਬਿਮਾਰੀ ਹੈ। ਇਸ ਵਿੱਚ ਬੱਚੇਦਾਨੀ ਦੀ ਅੰਦਰਲੀ ਪਰਤ ਦਾ ਟਿਸ਼ੂ ਬੱਚੇਦਾਨੀ ਤੋਂ ਬਾਹਰ ਵਧਣਾ ਸ਼ੁਰੂ ਹੋ ਜਾਂਦਾ ਹੈ।

ਐਂਡੋਮੀਟ੍ਰਿਓਸਿਸ ਕਾਰਨ ਦੁਨੀਆ ਭਰ ਵਿੱਚ ਲਗਭਗ 19 ਕਰੋੜ ਲੋਕ ਪ੍ਰਭਾਵਿਤ ਹਨ। ਇਹ ਗਿਣਤੀ ਪ੍ਰਜਨਨ ਉਮਰ ਦੀਆਂ ਔਰਤਾਂ ਦਾ ਲਗਭਗ ਦਸਵਾਂ ਹਿੱਸਾ ਹੈ। ਇਸ ਬਿਮਾਰੀ ਕਾਰਨ ਭਾਰੀ ਪੀਰੀਅਡ, ਤਿੱਖਾ ਪੈਲਵਿਕ ਦਰਦ, ਬਲੈਡਰ ਜਾਂ ਅੰਤੜੀਆਂ ਨਾਲ ਸੰਬੰਧਿਤ ਸਮੱਸਿਆਵਾਂ ਅਤੇ ਕਈ ਵਾਰ ਬਾਂਝਪਨ ਵੀ ਹੋ ਸਕਦਾ ਹੈ।

ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਇਸ ਦੀ ਪਛਾਣ ਕਰਨ ਵਿੱਚ ਆਮ ਤੌਰ 'ਤੇ ਪੰਜ ਤੋਂ 12 ਸਾਲ ਲੱਗ ਜਾਂਦੇ ਹਨ, ਜਿਵੇਂ ਬੈਕਲੁੰਡ ਦੇ ਮਾਮਲੇ ਵਿੱਚ ਹੋਇਆ।

ਇਸ ਦੀ ਪੁਸ਼ਟੀ ਲਈ ਲੈਪਰੋਸਕੋਪੀ ਕਰਨੀ ਪੈਂਦੀ ਹੈ। ਇਹ ਇੱਕ ਮੈਡੀਕਲ ਪ੍ਰਕਿਰਿਆ ਹੈ ਜਿਸ ਵਿੱਚ ਪੈਲਵਿਕ ਕੈਵਿਟੀ ਵਿੱਚ ਇੱਕ ਛੋਟਾ ਕੈਮਰਾ ਪਾਇਆ ਜਾਂਦਾ ਹੈ। ਇਹ ਗੱਲ ਨੈਕਸਟ ਜੇਨ ਦੀ ਸਹਿ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਰਿਧੀ ਤਰੀਆਲ ਦੱਸਦੀ ਹੈ।

ਇਸ ਕਰਕੇ ਤਰੀਆਲ ਅਤੇ ਕੁਝ ਹੋਰ ਸਟਾਰਟਅਪ ਇਸ ਬਿਮਾਰੀ ਦੀ ਪਛਾਣ ਲਈ ਨਵਾਂ ਟੈਸਟ ਬਣਾਉਣ 'ਤੇ ਕੰਮ ਕਰ ਰਹੇ ਹਨ। ਉਨ੍ਹਾਂ ਦਾ ਟੀਚਾ ਇੱਕ ਅਜਿਹਾ ਟੈਸਟ ਬਣਾਉਣਾ ਹੈ ਜੋ ਸਰਜਰੀ ਨਾਲੋਂ ਤੇਜ਼, ਸਸਤਾ ਅਤੇ ਘੱਟ ਦਰਦ ਵਾਲਾ ਹੋਵੇ। ਇਹ ਟੈਸਟ ਸਿਰਫ਼ ਐਂਡੋਮੀਟ੍ਰਿਓਸਿਸ ਹੀ ਨਹੀਂ, ਸਗੋਂ ਹੋਰ ਜਾਣਕਾਰੀ ਵੀ ਦੇ ਸਕਦਾ ਹੈ।

ਉਨ੍ਹਾਂ ਦੇ ਅਨੁਸਾਰ ਇਸ ਦਾ ਰਾਜ ਪੀਰੀਅਡ ਦੇ ਖੂਨ ਵਿੱਚ ਹੈ।

ਮੈਡੀਕਲ ਸੋਨੇ ਦੀ ਖਾਣ

ਡਾਕਟਰ ਲਗਭਗ 6000 ਸਾਲਾਂ ਤੋਂ ਪਿਸ਼ਾਬ ਦੇ ਨਮੂਨਿਆਂ ਦੀ ਜਾਂਚ ਕਰਦੇ ਆ ਰਹੇ ਹਨ। ਇਹ ਰਿਵਾਜ ਬਾਬੀਲੋਨੀਅਨ ਅਤੇ ਸੁਮੇਰੀਅਨ ਸੱਭਿਆਚਾਰ ਦੇ ਵੇਲੇ ਤੋਂ ਚੱਲਦਾ ਆ ਰਿਹਾ ਹੈ। ਇਸ ਤੋਂ ਬਾਅਦ ਇੱਕ ਅਤੇ ਦੋ ਸਦੀਆਂ ਪਹਿਲਾਂ ਮਲ ਤੇ ਨਸਾਂ ਦੇ ਖੂਨ ਦੀ ਜਾਂਚ ਵੀ ਸ਼ੁਰੂ ਹੋਈ।

ਪਰ ਪੀਰੀਅਡ ਦੇ ਖੂਨ ਨੂੰ ਕਦੇ ਵੀ ਵੱਡਾ ਕਲੀਨੀਕਲ ਧਿਆਨ ਨਹੀਂ ਮਿਲਿਆ। ਹਾਲਾਂਕਿ ਇਹ ਇੱਕ ਜਟਿਲ ਤਰਲ ਹੈ। ਇਸ ਦਾ ਅੱਧਾ ਹਿੱਸਾ ਆਮ ਖੂਨ ਹੁੰਦਾ ਹੈ, ਜਦਕਿ ਬਾਕੀ ਹਿੱਸੇ ਵਿੱਚ ਪ੍ਰੋਟੀਨ, ਹਾਰਮੋਨ, ਬੈਕਟੀਰੀਆ, ਐਂਡੋਮੀਟ੍ਰਿਅਲ ਟਿਸ਼ੂ ਅਤੇ ਵਿਜਾਈਨਲ ਕੈਵਿਟੀ, ਸਰਵਿਕਸ, ਫੈਲੋਪੀਅਨ ਟਿਊਬਾਂ ਅਤੇ ਅੰਡਾਸ਼ਿਆਂ ਤੋਂ ਝੜੇ ਸੈੱਲ ਹੁੰਦੇ ਹਨ।

ਤਰੀਆਲ ਕਹਿੰਦੀ ਹੈ, "ਤੁਹਾਨੂੰ ਇੱਥੇ ਉਹ ਸੈੱਲ ਕਿਸਮਾਂ ਅਤੇ ਮੋਲਿਕਿਊਲਰ ਨਿਸ਼ਾਨ ਮਿਲਦੇ ਹਨ ਜੋ ਪੂਰੇ ਖੂਨ, ਲਾਰ ਜਾਂ ਹੋਰ ਨਮੂਨਿਆਂ ਵਿੱਚ ਨਹੀਂ ਮਿਲਦੇ। ਇਹ ਦਰਅਸਲ ਇੱਕ ਕੁਦਰਤੀ ਬਾਇਓਪਸੀ ਵਾਂਗ ਹੈ ਜੋ ਪ੍ਰਜਨਨ ਅੰਗਾਂ ਬਾਰੇ ਜਾਣਕਾਰੀ ਦਿੰਦੀ ਹੈ।"

ਉਨ੍ਹਾਂ ਦੀ ਕੰਪਨੀ ਨੈਕਸਟਜੈਨ ਜੇਨ ਬੈਕਲੁੰਡ ਵਰਗੀਆਂ ਵਲੰਟੀਅਰ ਔਰਤਾਂ ਨੂੰ ਖ਼ਾਸ ਤੌਰ 'ਤੇ ਤਿਆਰ ਕੀਤੇ ਕਪਾਹ ਦੇ ਟੈਂਪੂਨ ਭੇਜਦੀ ਹੈ। ਕੰਪਨੀ ਨੇ 2014 ਵਿੱਚ ਆਪਣੀ ਸਥਾਪਨਾ ਤੋਂ ਬਾਅਦ 330 ਤੋਂ ਵੱਧ ਔਰਤਾਂ ਤੋਂ 2000 ਤੋਂ ਵੱਧ ਮਾਹਵਾਰੀ ਨਮੂਨਿਆਂ ਦਾ ਵਿਸ਼ਲੇਸ਼ਣ ਕੀਤਾ ਹੈ।

ਅਮਰੀਕਾ ਦੇ ਨੌਰਥਵੈੱਲ ਹੈਲਥ ਦੇ ਫੀਨਸਟੀਨ ਇੰਸਟੀਚਿਊਟ ਫਾਰ ਮੈਡੀਕਲ ਰਿਸਰਚ ਵਿੱਚ ਕੰਮ ਕਰਨ ਵਾਲੀ ਪ੍ਰਜਨਨ ਜੀਵ ਵਿਗਿਆਨੀ ਕ੍ਰਿਸਟੀਨ ਮੈਟਜ਼ ਕਹਿੰਦੀ ਹੈ, "ਮਹਾਵਾਰੀ ਦੇ ਖੂਨ ਨਾਲ ਬੱਚੇਦਾਨੀ ਨਾਲ ਸੰਬੰਧਿਤ ਕਈ ਬਿਮਾਰੀਆਂ ਬਾਰੇ ਪਤਾ ਲਗਾਇਆ ਜਾ ਸਕਦਾ ਹੈ।"

ਮੈਟਜ਼ ਨੇ ਇੱਕ ਦਹਾਕੇ ਤੋਂ ਵੀ ਵੱਧ ਸਮੇਂ ਤੋਂ ਪਹਿਲਾਂ ਐਂਡੋਮੀਟ੍ਰਿਓਸਿਸ ਦੇ ਬਾਇਓਮਾਰਕਰ ਲੱਭਣ ਲਈ ਮਾਹਵਾਰੀ ਦੇ ਖੂਨ ਦਾ ਅਧਿਐਨ ਸ਼ੁਰੂ ਕੀਤਾ ਸੀ।

ਹੁਣ ਉਹ ਇਹ ਵੀ ਜਾਣਨਾ ਚਾਹੁੰਦੀ ਹੈ ਕਿ ਕੀ ਇਹ ਸਰੀਰ ਦਾ ਤਰਲ ਹੋਰ ਬਿਮਾਰੀਆਂ ਬਾਰੇ ਵੀ ਸੰਕੇਤ ਦੇ ਸਕਦਾ ਹੈ। ਇਨ੍ਹਾਂ ਵਿੱਚ ਐਂਡੋਮੀਟ੍ਰਿਅਲ ਕੈਂਸਰ, ਐਡੇਨੋਮਾਇਓਸਿਸ ਸ਼ਾਮਲ ਹਨ, ਜਿਸ ਵਿੱਚ ਬੱਚੇਦਾਨੀ ਦੀ ਅੰਦਰਲੀ ਪਰਤ ਬੱਚੇਦਾਨੀ ਦੀ ਕੰਧ ਵਿੱਚ ਵਧਣ ਲੱਗ ਪੈਂਦੀ ਹੈ ਅਤੇ ਐਂਡੋਮੀਟ੍ਰਾਈਟਿਸ ਵੀ ਸ਼ਾਮਲ ਹੈ, ਜਿਸ ਵਿੱਚ ਬੱਚੇਦਾਨੀ ਦੀ ਅੰਦਰਲੀ ਪਰਤ ਵਿੱਚ ਲਗਾਤਾਰ ਸੋਜਿਸ਼ ਰਹਿੰਦੀ ਹੈ।

ਮੈਟਜ਼ ਕਹਿੰਦੀ ਹੈ, "ਮਹਾਵਾਰੀ ਦਾ ਤਰਲ ਬੱਚੇਦਾਨੀ ਦੀ ਸਿਹਤ ਨੂੰ ਸਮਝਣ ਲਈ ਬਹੁਤ ਮਹੱਤਵਪੂਰਨ ਹੈ। ਇਸ ਤਰ੍ਹਾਂ ਦੀ ਜਾਣਕਾਰੀ ਲੈਣ ਦਾ ਹੋਰ ਕੋਈ ਸੌਖਾ ਤਰੀਕਾ ਸਾਡੇ ਕੋਲ ਨਹੀਂ ਹੈ। ਇਹ ਇੱਕ ਬਹੁਤ ਹੀ ਵਿਲੱਖਣ ਜੀਵ ਵਿਗਿਆਨਕ ਨਮੂਨਾ ਹੈ।"

ਉਦਾਹਰਨ ਵਜੋਂ, ਇੱਕ ਅਧਿਐਨ ਵਿੱਚ 385 ਪ੍ਰੋਟੀਨ ਮਿਲੇ ਜੋ ਸਿਰਫ਼ ਮਾਹਵਾਰੀ ਦੇ ਖੂਨ ਵਿੱਚ ਹੀ ਪਾਏ ਗਏ।

ਮਹੀਨੇ ਵਿੱਚ ਇੱਕ ਵਾਰ ਮਿਲਣ ਤੋਂ ਇਲਾਵਾ, ਪੀਰੀਅਡ ਦੇ ਖੂਨ ਦਾ ਇੱਕ ਹੋਰ ਵੱਡਾ ਫ਼ਾਇਦਾ ਇਹ ਹੈ ਕਿ ਇਹ ਬੱਚੇਦਾਨੀ ਦੀ ਸਿਹਤ ਦੀ ਹੋਰ ਪੂਰੀ ਤਸਵੀਰ ਦਿੰਦਾ ਹੈ। ਇਸਦੇ ਮੁਕਾਬਲੇ ਐਂਡੋਮੀਟ੍ਰਿਅਲ ਬਾਇਓਪਸੀ ਦੌਰਾਨ ਸਿਰਫ਼ ਥੋੜ੍ਹਾ ਜਿਹਾ ਟਿਸ਼ੂ ਲਿਆ ਜਾਂਦਾ ਹੈ।

ਮੈਟਜ਼ ਕਹਿੰਦੀ ਹੈ, "ਬੱਚੇਦਾਨੀ ਲਗਭਗ ਇੱਕ ਗ੍ਰੇਪਫਰੂਟ ਦੇ ਆਕਾਰ ਦੀ ਹੁੰਦੀ ਹੈ, ਇਸ ਲਈ ਐਂਡੋਮੀਟ੍ਰਿਅਲ ਬਾਇਓਪਸੀ ਨਾਲ ਪੂਰੀ ਜਾਂਚ ਨਹੀਂ ਹੋ ਸਕਦੀ। ਮੈਂ ਅਧਿਐਨ ਵਿੱਚ ਸ਼ਾਮਲ ਔਰਤਾਂ ਨੂੰ ਮੈਨਸਟ੍ਰੂਅਲ ਕੱਪ ਦੀ ਮਦਦ ਨਾਲ ਨਮੂਨੇ ਇਕੱਠੇ ਕਰਨ ਲਈ ਕਹਿੰਦੀ ਹਾਂ। ਪਰ ਮਾਹਵਾਰੀ ਦਾ ਤਰਲ ਸ਼ੈੱਡ ਐਂਡੋਮੈਟਰੀਅਮ ਹੁੰਦੀ ਹੈ।"

ਵੱਖਰੇ ਬਾਇਓਮਾਰਕਰ ਦੀ ਖੋਜ

ਕਿਉਂਕਿ ਲੰਬੇ ਸਮੇਂ ਤੱਕ ਪੀਰੀਅਡ ਦਾ ਖੂਨ ਵਿਗਿਆਨਕ ਖੋਜ ਲਈ ਅਣਗੌਲਿਆ ਕੀਤਾ ਜਾਂਦਾ ਰਿਹਾ ਹੈ, ਇਸ ਲਈ ਅਜੇ ਇਹ ਸਪਸ਼ਟ ਨਹੀਂ ਕਿ ਐਂਡੋਮੀਟ੍ਰਿਓਸਿਸ ਲਈ ਅਜਿਹੇ ਵਿਲੱਖਣ ਬਾਇਓਮਾਰਕਰ ਮਿਲ ਸਕਣਗੇ ਜੋ ਡਾਇਗਨੋਸਟਿਕ ਟੈਸਟ ਲਈ ਪੂਰੀ ਤਰ੍ਹਾਂ ਭਰੋਸੇਯੋਗ ਹੋਣ।

ਪਰ ਮੈਟਜ਼ ਅਤੇ ਉਨ੍ਹਾਂ ਦੇ ਖੋਜ ਸਾਥੀ ਜੈਨੇਟਿਸਿਸਟ ਪੀਟਰ ਗਰੇਗਰਸਨ ਨੇ 3,700 ਤੋਂ ਵੱਧ ਔਰਤਾਂ ਦਾ ਅਧਿਐਨ ਕੀਤਾ ਹੈ ਅਤੇ ਹੁਣ ਤੱਕ ਨਤੀਜੇ ਹੌਂਸਲਾ ਦੇਣ ਵਾਲੇ ਹਨ।

ਮੈਟਜ਼ ਕਹਿੰਦੀ ਹੈ, "ਕਈ ਤਰ੍ਹਾਂ ਦੇ ਅੰਤਰ ਮਿਲੇ ਹਨ।" ਸਭ ਤੋਂ ਪਹਿਲਾਂ, ਜਿਨ੍ਹਾਂ ਔਰਤਾਂ ਵਿੱਚ ਐਂਡੋਮੀਟ੍ਰਿਓਸਿਸ ਦੀ ਪਛਾਣ ਹੋ ਚੁੱਕੀ ਹੈ, ਉਨ੍ਹਾਂ ਦੀ ਬੱਚੇਦਾਨੀ ਵਿੱਚ "ਨੈਚਰਲ ਕਿਲਰ" ਸੈੱਲ ਕਾਫ਼ੀ ਘੱਟ ਹੁੰਦੇ ਹਨ।

ਇਹ ਇਮੀਊਨ ਸੈੱਲ ਗਰਭਧਾਰਨ ਦੇ ਸ਼ੁਰੂਆਤੀ ਦੌਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਇਹ ਭ੍ਰੂਣ ਨੂੰ ਬੱਚੇਦਾਨੀ ਵਿੱਚ ਟਿਕਣ ਵਿੱਚ ਮਦਦ ਕਰਦੇ ਹਨ, ਪਲੇਸੈਂਟਾ ਦੇ ਵਿਕਾਸ ਵਿੱਚ ਸਹਾਇਤਾ ਕਰਦੇ ਹਨ ਅਤੇ ਇੰਫੈਕਸ਼ਨ ਤੋਂ ਸੁਰੱਖਿਆ ਦਿੰਦੇ ਹਨ।

ਮੈਟਜ਼ ਕਹਿੰਦੀ ਹੈ, "ਇਹ ਪ੍ਰਜਨਨ ਸਮਰੱਥਾ ਨਾਲ ਜੁੜੇ ਹਨ, ਇਸ ਲਈ ਜੇ ਇਨ੍ਹਾਂ ਦੀ ਗਿਣਤੀ ਘੱਟ ਹੋਵੇ ਤਾਂ ਇਹ ਚੰਗੀ ਗੱਲ ਨਹੀਂ।"

ਉਨ੍ਹਾਂ ਦੀ ਟੀਮ ਨੇ ਸਟ੍ਰੋਮਲ ਫਾਈਬ੍ਰੋਬਲਾਸਟ ਸੈੱਲਾਂ ਵਿੱਚ ਵੀ ਇਕ ਮਹੱਤਵਪੂਰਨ ਅੰਤਰ ਦੇਖਿਆ। ਇਹ ਸੈੱਲ ਹਰ ਪੀਰੀਅਡ ਤੋਂ ਬਾਅਦ ਬੱਚੇਦਾਨੀ ਦੀ ਪਰਤ ਦੀ ਮੁਰੰਮਤ ਅਤੇ ਨਵੀਂ ਬਣਤਰ ਵਿੱਚ ਮਦਦ ਕਰਦੇ ਹਨ।

ਜਦੋਂ ਐਂਡੋਮੀਟ੍ਰਿਓਸਿਸ ਮੌਜੂਦ ਹੁੰਦਾ ਹੈ, ਤਾਂ ਇਹ ਸੈੱਲ ਵੱਧ ਸੋਜਿਸ਼ ਨਾਲ ਜੁੜੇ ਨਿਸ਼ਾਨ ਦਿਖਾਉਂਦੇ ਹਨ। ਨਾਲ ਹੀ ਇਹ ਉਹ ਬਦਲਾਅ ਪੈਦਾ ਕਰਨ ਵਿੱਚ ਘੱਟ ਸਮਰੱਥ ਹੁੰਦੇ ਹਨ ਜੋ ਬੱਚੇਦਾਨੀ ਨੂੰ ਗਰਭਧਾਰਨ ਲਈ ਤਿਆਰ ਕਰਦੇ ਹਨ।

ਇਹ ਹਾਲਤ ਹੋਰ ਬਿਮਾਰੀਆਂ ਨਾਲ ਵੀ ਜੁੜੀ ਹੋਈ ਹੈ, ਜਿਵੇਂ ਪੋਲੀਸਿਸਟਿਕ ਓਵਰੀਅਨ ਸਿੰਡਰੋਮ (ਪੀਸੀਓਸੀਐੱਸ) ਅਤੇ ਵਾਰ-ਵਾਰ ਗਰਭਪਾਤ

ਮੈਟਜ਼ ਦੀ ਲੈਬ ਨੇ ਇਹ ਵੀ ਪਾਇਆ ਕਿ ਐਂਡੋਮੀਟ੍ਰਿਓਸਿਸ ਵਾਲੇ ਮਰੀਜ਼ਾਂ ਵਿੱਚ ਕੁਝ ਜੀਨਾਂ ਦਾ ਪ੍ਰਗਟਾਵਾ ਬਦਲਿਆ ਹੋਇਆ ਹੁੰਦਾ ਹੈ। ਇਹ ਸਾਰੇ ਅੰਤਰ ਇਕੱਠੇ ਮਿਲ ਕੇ ਉਹ ਸੰਕੇਤ ਹੋ ਸਕਦੇ ਹਨ ਜਿਨ੍ਹਾਂ ਦੀ ਮਦਦ ਨਾਲ ਡਾਕਟਰ ਪੀਰੀਅਡ ਦੇ ਖੂਨ ਦੀ ਜਾਂਚ ਦੇ ਆਧਾਰ 'ਤੇ ਐਂਡੋਮੀਟ੍ਰਿਓਸਿਸ ਲਈ ਇੱਕ ਨਵਾਂ, ਘੱਟ ਦਰਦ ਵਾਲਾ ਡਾਇਗਨੋਸਟਿਕ ਟੈਸਟ ਤਿਆਰ ਕਰ ਸਕਦੇ ਹਨ।

ਮੈਟਜ਼ ਨੂੰ ਉਮੀਦ ਹੈ ਕਿ ਉਹ 2027 ਤੱਕ ਘਰ ਵਿੱਚ ਵਰਤਣ ਵਾਲੇ ਡਾਇਗਨੋਸਟਿਕ ਕਿਟ ਲਈ ਅਮਰੀਕੀ ਫੂਡ ਐਂਡ ਡਰੱਗਜ਼ ਐਡਮਿਨਸਟ੍ਰੇਸ਼ਨ ਤੋਂ ਮਨਜ਼ੂਰੀ ਲਈ ਅਰਜ਼ੀ ਦੇਵੇਗੀ।

ਦੂਜੇ ਪਾਸੇ ਨੈਕਸਟਜੈਨ ਜੇਨ ਦੇ ਖੋਜਕਾਰ ਮਾਹਵਾਰੀ ਦੇ ਖੂਨ ਵਿੱਚੋਂ ਮੈਸੇਂਜਰ ਆਰਐੱਨਏ (mRNA) ਕੱਢ ਰਹੇ ਹਨ ਅਤੇ ਕ੍ਰਮਬੱਧ ਕਰ ਰਹੇ ਹਨ ਤਾਂ ਜੋ ਉੱਥੇ ਖਾਸ ਐਂਡੋਮੀਟ੍ਰਿਓਸਿਸ ਬਾਇਓਮਾਰਕਰਾਂ ਦੀ ਭਾਲ ਕੀਤੀ ਜਾ ਸਕੇ।

ਹੁਣ ਤੱਕ ਉਨ੍ਹਾਂ ਨੇ ਕੁਝ ਅਜਿਹੇ ਨਿਸ਼ਾਨ ਲੱਭੇ ਹਨ ਜਿਨ੍ਹਾਂ ਬਾਰੇ ਉਨ੍ਹਾਂ ਦਾ ਮੰਨਣਾ ਹੈ ਕਿ ਇਹ ਬਾਂਝਪਨ ਵਾਲੀਆਂ ਔਰਤਾਂ ਵਿੱਚ ਐਂਡੋਮੀਟ੍ਰਿਓਸਿਸ ਅਤੇ ਸਿਹਤਮੰਦ ਹਾਲਤ ਵਿੱਚ ਅੰਤਰ ਪਛਾਣ ਸਕਦੇ ਹਨ।

ਤਰੀਆਲ ਦੇ ਅਨੁਸਾਰ ਅਮਰੀਕਾ ਵਿੱਚ ਸੈਂਕੜਿਆਂ ਔਰਤਾਂ 'ਤੇ ਇੱਕ ਅਧਿਐਨ ਚੱਲ ਰਿਹਾ ਹੈ ਤਾਂ ਜੋ ਇਨ੍ਹਾਂ ਨਤੀਜਿਆਂ ਦੀ ਪੁਸ਼ਟੀ ਕੀਤੀ ਜਾ ਸਕੇ।

ਮਈ 2025 ਵਿੱਚ ਨੈਕਸਟਜੈਨ ਜੇਨ ਨੂੰ 2.2 ਮਿਲੀਅਨ ਡਾਲਰ ਦੀ ਗ੍ਰਾਂਟ ਮਿਲੀ। ਇਹ ਰਕਮ ਬਾਂਝਪਨ ਵਾਲੇ ਮਰੀਜ਼ਾਂ ਵਿੱਚ ਐਂਡੋਮੀਟ੍ਰਿਓਸਿਸ ਲਈ ਮਾਹਵਾਰੀ ਟੈਸਟ ਦੀ ਕਲੀਨੀਕਲ ਜਾਂਚ ਲਈ ਦਿੱਤੀ ਗਈ ਹੈ।

ਸਿਰਫ਼ ਪ੍ਰਜਨਨ ਸਿਹਤ ਹੀ ਨਹੀਂ

ਪਰ ਮਾਹਵਾਰੀ ਦਾ ਖੂਨ ਸਿਰਫ਼ ਐਂਡੋਮੀਟ੍ਰਿਓਸਿਸ ਲਈ ਹੀ ਨਹੀਂ, ਹੋਰ ਮਾਮਲਿਆਂ ਵਿੱਚ ਵੀ ਲਾਭਕਾਰੀ ਹੋ ਸਕਦਾ ਹੈ। ਉਦਾਹਰਨ ਲਈ ਨੈਕਸਟਜੈਨ ਜੇਨ ਦੀ ਖੋਜ ਵਿੱਚ ਬੱਚੇਦਾਨੀ ਦੀ ਸਿਹਤ ਅਤੇ ਬੁੱਢਾਪੇ ਦੇ ਵਿਚਕਾਰ ਸੰਬੰਧ ਦੇ ਸੰਕੇਤ ਮਿਲੇ ਹਨ।

ਤਰੀਆਲ ਕਹਿੰਦੀ ਹੈ, "ਇਹ ਅਜੇ ਸ਼ੁਰੂਆਤੀ ਡਾਟਾ ਹੈ, ਪਰ ਸਰੀਰ ਵਿੱਚ ਓਸਟ੍ਰੋਜਨ ਦੇ ਘਟਣ ਅਤੇ ਮਹਾਵਾਰੀ ਦੇ ਵਿਚਕਾਰ ਇੱਕ ਸਪਸ਼ਟ ਰੁਝਾਨ ਦਿਖਾਈ ਦਿੰਦਾ ਹੈ।" ਸਰੀਰ ਵਿੱਚ ਓਸਟ੍ਰੋਜਨ ਦਾ ਘਟਣਾ ਬੁੱਢਾਪੇ ਦੀ ਨਿਸ਼ਾਨੀ ਮੰਨੀ ਜਾਂਦੀ ਹੈ।

ਉਨ੍ਹਾਂ ਦੇ ਅਧਿਐਨ ਤੋਂ ਇਹ ਵੀ ਸੰਕੇਤ ਮਿਲਦੇ ਹਨ ਕਿ ਭਵਿੱਖ ਵਿੱਚ ਮਹਾਵਾਰੀ ਦਾ ਖੂਨ ਹਾਈਪੋ ਜਾਂ ਹਾਈਪਰਥਾਇਰਾਇਡਿਜ਼ਮ ਵਰਗੀਆਂ ਬਿਮਾਰੀਆਂ ਦੀ ਪਛਾਣ ਵਿੱਚ ਮਦਦ ਕਰ ਸਕਦਾ ਹੈ। ਇਨ੍ਹਾਂ ਬਿਮਾਰੀਆਂ ਵਿੱਚ ਥਾਇਰਾਇਡ ਗ੍ਰੰਥੀ ਸਰੀਰ ਦੇ ਮੈਟਾਬੋਲਿਜ਼ਮ ਨੂੰ ਕੰਟ੍ਰੋਲ ਕਰਨ ਵਾਲੇ ਹਾਰਮੋਨ, ਥਾਇਰੋਕਸਿਨ ਅਤੇ ਟ੍ਰਾਈਆਇਓਡੋਥਾਇਰੋਨਿਨ, ਬਹੁਤ ਘੱਟ ਜਾਂ ਬਹੁਤ ਜ਼ਿਆਦਾ ਮਾਤਰਾ ਵਿੱਚ ਛੱਡਦੀ ਹੈ।

ਤਰੀਆਲ ਕਹਿੰਦੀ ਹੈ, "ਅਕਸਰ ਐਂਡੋਮੀਟ੍ਰਿਓਸਿਸ ਵਾਲੇ ਲੋਕਾਂ ਵਿੱਚ ਕੋਈ ਨਾ ਕੋਈ ਆਟੋਇਮੀਊਨ ਬਿਮਾਰੀ ਵੀ ਮਿਲਦੀ ਹੈ।"

ਮਾਹਵਾਰੀ ਦੇ ਚੱਕਰ ਦੌਰਾਨ ਸਰੀਰ ਸੋਜਿਸ਼ ਵਾਲੀ ਹਾਲਤ ਤੋਂ ਬਿਨਾਂ ਨਿਸ਼ਾਨ ਵਾਲੇ ਜ਼ਖ਼ਮ ਭਰਨ ਦੀ ਪ੍ਰਕਿਰਿਆ ਵੱਲ ਵੱਧਦਾ ਹੈ। ਇਸ ਲਈ ਪੀਰੀਅਡ ਦੇ ਖੂਨ ਦਾ ਅਧਿਐਨ ਰਿਊਮਾਟਾਇਡ ਆਰਥਰਾਈਟਿਸ, ਲੂਪਸ ਅਤੇ ਮਲਟੀਪਲ ਸਕਲੇਰੋਸਿਸ ਵਰਗੀਆਂ ਸੋਜਿਸ਼ ਅਤੇ ਇਮੀਊਨ ਨਾਲ ਜੁੜੀਆਂ ਬਿਮਾਰੀਆਂ ਨੂੰ ਸਮਝਣ ਲਈ ਇੱਕ ਨੋਵਲ ਮਾਡਲ ਸਿਸਟਮ ਬਣ ਸਕਦਾ ਹੈ।

ਮਾਹਵਾਰੀ ਦਾ ਖੂਨ ਡਾਇਬੀਟੀਜ਼ ਦੀ ਪਛਾਣ ਵਿੱਚ ਵੀ ਮਦਦਗਾਰ ਸਾਬਤ ਹੋਇਆ ਹੈ। 2021 ਅਤੇ 2024 ਦੀਆਂ ਖੋਜਾਂ ਵਿੱਚ ਕੈਲੀਫੋਰਨੀਆ ਦੀ ਸਟਾਰਟਅਪ ਕਿਊਵਿਨ ਦੇ ਖੋਜਕਾਰਾਂ ਨੇ ਦੇਖਿਆ ਕਿ ਮਹਾਵਾਰੀ ਦੇ ਖੂਨ ਵਿੱਚ ਮਾਪੀ ਗਈ ਔਸਤ ਖੂਨ ਸ਼ੂਗਰ ਸਰੀਰ ਦੇ ਕੁੱਲ ਖੂਨ ਸ਼ੂਗਰ ਪੱਧਰ ਨੂੰ ਭਰੋਸੇਯੋਗ ਤਰੀਕੇ ਨਾਲ ਦਰਸਾਉਂਦੀ ਹੈ।

ਇਨ੍ਹਾਂ ਨਤੀਜਿਆਂ ਦੇ ਆਧਾਰ 'ਤੇ 2024 ਵਿੱਚ ਪਹਿਲਾ ਅਤੇ ਇਕੱਲਾ ਐੱਫਡੀਏ ਮਨਜ਼ੂਰਸ਼ੁਦਾ ਮਾਹਵਾਰੀ ਖੂਨ ਸ਼ੂਗਰ ਟੈਸਟ ਤਿਆਰ ਹੋਇਆ।

ਇਹ ਇੱਕ ਸੈਨਿਟਰੀ ਨੈਪਕਿਨ ਹੈ ਜਿਸਨੂੰ ਕਿਊ-ਪੈਡ ਕਿਹਾ ਜਾਂਦਾ ਹੈ। ਇਸ ਵਿੱਚ ਖੂਨ ਇਕੱਠਾ ਕਰਨ ਲਈ ਇੱਕ ਪੱਟੀ ਹੁੰਦੀ ਹੈ, ਜਿਸ ਨੂੰ ਹਟਾਇਆ ਵੀ ਜਾ ਸਕਦਾ ਹੈ। ਇਸ ਨੂੰ ਉਪਭੋਗਤਾ ਵਿਸ਼ਲੇਸ਼ਣ ਲਈ ਕਿਊਵਿਨ ਦੀ ਲੈਬ ਨੂੰ ਭੇਜਦੇ ਹਨ।

2022 ਵਿੱਚ ਥਾਈਲੈਂਡ ਵਿੱਚ ਕੀਤੀ ਇੱਕ ਖੋਜ ਵਿੱਚ ਕਿਊਵਿਨ ਨੇ ਇਹ ਵੀ ਦਿਖਾਇਆ ਕਿ ਉਨ੍ਹਾਂ ਦੇ ਖ਼ਾਸ ਪੈਡ ਨਾਲ ਇਕੱਠੇ ਕੀਤੇ ਨਮੂਨੇ ਹਿਊਮੈਨ ਪੈਪੀਲੋਮਾਲਵਾਇਰਸ (ਐੱਚਪੀਵੀ) ਦੇ ਉੱਚ ਖ਼ਤਰੇ ਵਾਲੇ ਸਟ੍ਰੇਨ ਪਛਾਨਣ ਵਿੱਚ ਰਵਾਇਤੀ ਪੈਪ ਸਮੀਅਰ ਨਾਲੋਂ ਵਧੀਆ ਸਾਬਤ ਹੋਏ।

ਐੱਚਪੀਵੀ ਕਾਰਨ ਸਰਵੀਕਲ ਕੈਂਸਰ ਦਾ ਖ਼ਤਰਾ ਵੱਧ ਸਕਦਾ ਹੈ। ਇਸ ਨਤੀਜੇ ਦੀ ਪੁਸ਼ਟੀ ਲਈ ਅਮਰੀਕਾ ਵਿੱਚ ਵੱਡਾ ਟ੍ਰਾਇਲ ਜਾਰੀ ਹੈ।

ਕਿਊਵਿਨ ਦੇ ਸਹਿ ਮੁਖ ਕਾਰਜਕਾਰੀ ਮੈਡਸ ਲਿਲੇਲੁੰਡ ਕਹਿੰਦੇ ਹਨ ਕਿ ਇਸ ਸਾਲ ਤੋਂ ਇਹ ਟ੍ਰਾਇਲ ਇਹ ਵੀ ਦੇਖੇਗਾ ਕਿ ਕਿਊ-ਪੈਡ ਦੀ ਵਰਤੋਂ ਕਲੈਮਾਈਡੀਆ ਅਤੇ ਗੋਨੋਰੀਆ ਵਰਗੀਆਂ ਸੈਕਸ਼ੂਅਲ ਟਰਾਂਸਮਿਟਡ ਸੰਕਰਮਣਾਂ ਦੀ ਜਾਂਚ ਲਈ ਕੀਤੀ ਜਾ ਸਕਦੀ ਹੈ ਜਾਂ ਨਹੀਂ।

ਲਿਲੇਲੁੰਡ ਨੂੰ ਉਮੀਦ ਹੈ ਕਿ ਭਵਿੱਖ ਵਿੱਚ ਇਹ ਤਰੀਕਾ ਥਾਇਰਾਇਡ ਅਤੇ ਪ੍ਰਜਨਨ ਹਾਰਮੋਨ, ਸੋਜਿਸ਼ ਨਾਲ ਜੁੜੇ ਨਿਸ਼ਾਨ ਅਤੇ ਉਹ ਐਂਟੀਬਾਡੀ ਵੀ ਪਛਾਣ ਸਕੇਗਾ ਜੋ ਐੱਸਓਆਰਐੱਸ-ਸੀਓਵਾ-2 ਦੇ ਖ਼ਿਲਾਫ਼ ਸਰੀਰ ਦੀ ਪ੍ਰਤੀਕਿਰਿਆ ਦਿਖਾਉਂਦੀਆਂ ਹਨ।

ਇਸੇ ਤਰ੍ਹਾਂ ਬਰਲਿਨ ਦੀ ਸਟਾਰਟਅਪ ਦਿਬਲੱਡ ਵੀ ਇਸ ਸਮੇਂ ਇੱਕ ਟੈਸਟ ਕਿਟ ਦੀ ਜਾਂਚ ਕਰ ਰਹੀ ਹੈ। ਇਸ ਦਾ ਮਕਸਦ ਐਂਡੋਮੀਟ੍ਰਿਓਸਿਸ, ਜਲਦੀ ਮੀਨੋਪੌਜ਼, ਪੀਸੀਓਐੱਸ ਅਤੇ ਪ੍ਰਜਨਨ ਸਮੱਸਿਆਵਾਂ ਦੀ ਭਵਿੱਖਬਾਣੀ ਕਰਨ ਵਿੱਚ ਮਦਦ ਕਰਨ ਲਈ ਇੱਕ ਟੈਸਟ ਕਿੱਟ ਨੂੰ ਪ੍ਰਮਾਣਿਤ ਕਰ ਰਿਹਾ ਹੈ।

ਮਹਾਵਾਰੀ ਦੀ ਨਵੀਂ ਕ੍ਰਾਂਤੀ

ਇਸ ਤਰੱਕੀ ਦੇ ਬਾਵਜੂਦ ਮਾਹਵਾਰੀ ਦੇ ਖੂਨ ਬਾਰੇ ਅਜੇ ਵੀ ਬਹੁਤ ਕੁਝ ਅਣਜਾਣ ਹੈ। ਸਭ ਤੋਂ ਵੱਡਾ ਸਵਾਲ ਇਹ ਹੈ ਕਿ ਅਸੀਂ ਹਾਲੇ ਤੱਕ ਇਸ ਵਿੱਚ ਮੌਜੂਦ ਸਾਰੇ ਘਟਕਾਂ ਦੀ ਪਛਾਣ ਨਹੀਂ ਕਰ ਸਕੇ ਅਤੇ ਨਾ ਹੀ ਇਹ ਪੂਰੀ ਤਰ੍ਹਾਂ ਸਮਝਿਆ ਹੈ ਕਿ ਮਾਹਵਾਰੀ ਦੌਰਾਨ ਇਹ ਕਿਵੇਂ ਤੇਜ਼ੀ ਨਾਲ ਬਦਲ ਸਕਦੇ ਹਨ।

ਇਸ ਵਿਸ਼ੇ 'ਤੇ ਖੋਜ ਅਜੇ ਸ਼ੁਰੂਆਤੀ ਦੌਰ ਵਿੱਚ ਹੈ। ਇਸ ਦਾ ਇੱਕ ਵੱਡਾ ਕਾਰਨ ਸਮਾਜਕ ਧਾਰਨਾਵਾਂ ਅਤੇ ਕਲੰਕ ਵੀ ਹਨ ਜੋ ਇਸ ਵਿਸ਼ੇ ਨਾਲ ਜੁੜੀਆਂ ਹਨ।

ਮੈਟਜ਼ ਕਹਿੰਦੀ ਹੈ, "ਸਾਨੂੰ ਛੋਟੀ ਉਮਰ ਤੋਂ ਇਹ ਸਿਖਾਇਆ ਗਿਆ ਹੈ ਕਿ ਇਹ ਇੱਕ ਅਜਿਹਾ ਵਿਸ਼ਾ ਹੈ ਜਿਸ ਬਾਰੇ ਗੱਲ ਵੀ ਨਹੀਂ ਕਰਨੀ ਚਾਹੀਦੀ।"

ਇਸਦੇ ਨਾਲ ਮੈਡੀਕਲ ਖੋਜ ਵਿੱਚ ਇਤਿਹਾਸਕ ਤੌਰ 'ਤੇ ਪੁਰਸ਼ਾਂ 'ਤੇ ਵੱਧ ਧਿਆਨ ਦਿੱਤਾ ਗਿਆ ਹੈ ਅਤੇ ਔਰਤਾਂ ਦੀ ਸਿਹਤ ਨਾਲ ਸੰਬੰਧਿਤ ਅਧਿਐਨਾਂ ਲਈ ਫੰਡਿੰਗ ਵੀ ਘੱਟ ਰਹੀ ਹੈ। 2020 ਵਿੱਚ ਵਿਸ਼ਵ ਪੱਧਰ 'ਤੇ ਔਰਤਾਂ ਦੀ ਸਿਹਤ ਨਾਲ ਜੁੜੀ ਖੋਜ ਨੂੰ ਕੁੱਲ ਰਿਸਰਚ ਅਤੇ ਡਿਵੈਲਪਮੈਂਟ ਫੰਡਿੰਗ ਦਾ ਸਿਰਫ਼ 5 ਫੀਸਦੀ ਹਿੱਸਾ ਮਿਲਿਆ ਸੀ।

ਲਿਲੇਲੁੰਡ ਕਹਿੰਦੇ ਹਨ, "ਜ਼ਿਆਦਾਤਰ ਦਵਾਈਆਂ ਦੀ ਖੋਜ ਪੁਰਸ਼ਾਂ 'ਤੇ ਕੀਤੀ ਗਈ ਹੈ, ਅਕਸਰ ਗੋਰੇ ਪੁਰਸ਼ਾਂ 'ਤੇ। ਇਸ ਵਿੱਚ ਜਾਤੀ ਜਾਂ ਲਿੰਗ ਦਾ ਵਖਰੇਵਾਂ ਘੱਟ ਰਿਹਾ ਹੈ। ਪੁਰਸ਼ਾਂ ਵਿੱਚ ਵਾਲ ਝੜਨ ਦੀ ਸਮੱਸਿਆ 'ਤੇ ਐਂਡੋਮੀਟ੍ਰਿਓਸਿਸ ਨਾਲੋਂ ਵੱਧ ਪੈਸਾ ਖਰਚ ਹੁੰਦਾ ਹੈ।"

ਰੋਜ਼ਾਨਾ ਐਂਡੋਮੀਟ੍ਰਿਓਸਿਸ ਅਤੇ ਬੱਚੇਦਾਨੀ ਨਾਲ ਜੁੜੀਆਂ ਹੋਰ ਸਮੱਸਿਆਵਾਂ ਦੀ ਤਕਲੀਫ਼ ਝੱਲਣ ਵਾਲੀਆਂ ਬੈਕਲੁੰਡ ਵਰਗੀਆਂ ਕਈ ਔਰਤਾਂ ਕਹਿੰਦੀਆਂ ਹਨ ਕਿ ਅਜਿਹੀ ਦੀ ਖੋਜ ਕਾਫ਼ੀ ਸਮੇਂ ਤੋਂ ਲੋੜੀਂਦੀ ਸੀ।

ਬੈਕਲੁੰਡ ਕਹਿੰਦੀ ਹੈ ਕਿ ਦਰਦਨਾਕ ਪੀਰੀਅਡ ਨਾਲ ਵੱਡਾ ਹੋਣਾ ਅਤੇ ਇਹ ਨਾ ਜਾਣਨਾ ਕਿ ਗ਼ਲਤ ਕੀ ਹੈ, "ਬਹੁਤ ਇਕੱਲਾਪਨ ਅਤੇ ਅਲੱਗ-ਥਲੱਗ ਮਹਿਸੂਸ ਕਰਵਾਉਂਦਾ ਸੀ।"

ਉਹ ਕਹਿੰਦੀ ਹੈ ਕਿ ਜੇ ਮਾਹਵਾਰੀ ਦੇ ਖੂਨ 'ਤੇ ਕੰਮ ਕਰਨ ਵਾਲੇ ਖੋਜਕਾਰ ਇੱਕ ਅਜਿਹਾ ਟੈਸਟ ਬਣਾਉਣ ਵਿੱਚ ਸਫ਼ਲ ਹੋ ਜਾਂਦੇ ਹਨ ਜੋ ਬਿਨਾਂ ਸਰਜਰੀ ਦੇ ਬਿਮਾਰੀ ਦੀ ਪਛਾਣ ਕਰ ਸਕੇ, ਤਾਂ ਉਮੀਦ ਹੈ ਕਿ ਅਗਲੀ ਪੀੜ੍ਹੀ ਦੀਆਂ ਕੁੜੀਆਂ ਨੂੰ ਜਲਦੀ ਇਲਾਜ ਮਿਲੇਗਾ ਅਤੇ ਉਹ ਉਹ ਸਰੀਰਕ ਅਤੇ ਭਾਵਨਾਤਮਕ ਤਕਲੀਫ਼ ਨਹੀਂ ਸਹਿਣਗੀਆਂ ਜੋ ਉਸਨੇ ਵੱਡੀ ਹੋਣ ਵੇਲੇ ਸਹੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)