ਈਰਾਨ ਜੰਗ ਕਾਰਨ ਕੰਡੋਮ ਦੀਆਂ ਕੀਮਤਾਂ ਵਧ ਸਕਦੀਆਂ ਹਨ, ਜਾਣਕਾਰਾਂ ਨੇ ਕਿਉਂ ਜਤਾਈ ਚਿੰਤਾ
ਤਸਵੀਰ ਸਰੋਤ, Getty Images
- ਲੇਖਕ, ਇਮਰਾਨ ਕੁਰੈਸ਼ੀ
- ਰੋਲ, ਬੀਬੀਸੀ ਹਿੰਦੀ ਲਈ
- ਪੜ੍ਹਨ ਦਾ ਸਮਾਂ: 7 ਮਿੰਟ
ਈਰਾਨ ਜੰਗ ਨੇ ਕਈ ਉਦਯੋਗਾਂ ਨੂੰ ਪ੍ਰਭਾਵਿਤ ਕੀਤਾ ਹੈ। ਹੁਣ ਇਸ ਦਾ ਅਸਰ ਇੱਕ ਅਜਿਹੀ ਇੰਡਸਟਰੀ 'ਤੇ ਵੀ ਦਿਸਣ ਲੱਗਾ ਹੈ ਜੋ ਜੀਵਨਸ਼ੈਲੀ ਨਾਲ ਜੁੜੀ ਹੈ। ਕੰਡੋਮ ਬਣਾਉਣ ਵਾਲੀ ਇੰਡਸਟਰੀ 'ਚ ਕਈ ਤਰ੍ਹਾਂ ਦੇ ਖਦਸ਼ੇ ਪੈਦਾ ਹੋ ਗਏ ਹਨ।
ਕੰਡੋਮ ਦੇ ਉਤਪਾਦਨ ਵਿੱਚ ਵਰਤੇ ਜਾਣ ਵਾਲੇ ਪੈਟਰੋ-ਕੈਮੀਕਲ ਪ੍ਰੋਡਕਟ, ਅਮੋਨੀਆ ਅਤੇ ਸਿਲੀਕੌਨ ਆਇਲ ਦੀ ਸਪਲਾਈ ਵਿੱਚ ਆਈ ਰੁਕਾਵਟ ਕਾਰਨ ਹੁਣ ਇਨ੍ਹਾਂ ਦੀਆਂ ਕੀਮਤਾਂ ਵਿੱਚ ਵਾਧੇ ਬਾਰੇ ਚਰਚਾ ਸ਼ੁਰੂ ਹੋ ਗਈ ਹੈ। ਇਸ ਦਾ ਅਸਰ ਰੀਟੇਲ ਸੇਲਜ਼ 'ਤੇ ਵੀ ਦੇਖਣ ਨੂੰ ਮਿਲ ਸਕਦਾ ਹੈ।
ਇੰਡਸਟਰੀ ਨਾਲ ਜੁੜੇ ਸੂਤਰਾਂ ਮੁਤਾਬਕ, ਭਾਰਤ ਦੀ 8000 ਕਰੋੜ ਰੁਪਏ ਤੋਂ ਵੱਧ ਦੀ ਇਸ ਇੰਡਸਟਰੀ ਦੇ ਸਪਲਾਇਰਾਂ ਵੱਲੋਂ ਅਜਿਹੇ ਕਾਫੀ ਸੰਕੇਤ ਮਿਲ ਰਹੇ ਹਨ ਕਿ ਅਮੋਨੀਆ ਦੀਆਂ ਕੀਮਤਾਂ ਵਿੱਚ 40-50 ਫ਼ੀਸਦੀ ਤੱਕ ਵਾਧਾ ਹੋ ਸਕਦਾ ਹੈ, ਜਿਸ ਨਾਲ ਸਿਲੀਕੌਨ ਆਇਲ ਦੀਆਂ ਕੀਮਤਾਂ ਵੀ ਵਧ ਸਕਦੀਆਂ ਹਨ।
ਇੰਡਸਟਰੀ ਨਾਲ ਜੁੜੇ ਇੱਕ ਅਧਿਕਾਰੀ ਨੇ ਨਾਮ ਨਾ ਦੱਸਣ ਦੀ ਸ਼ਰਤ 'ਤੇ ਬੀਬੀਸੀ ਹਿੰਦੀ ਨੂੰ ਕਿਹਾ, "ਕਿਸੇ ਨੇ ਨਹੀਂ ਸੋਚਿਆ ਸੀ ਕਿ ਇਸ ਇੰਡਸਟਰੀ ਨੂੰ ਕੋਈ ਦਿੱਕਤ ਆਵੇਗੀ ਕਿਉਂਕਿ ਕੰਡੋਮ ਹੁਣ ਇੱਕ ਲਾਈਫਸਟਾਈਲ ਪ੍ਰੋਡਕਟ ਬਣ ਚੁੱਕਾ ਹੈ ਅਤੇ ਇਸ ਦੇ ਟ੍ਰੇਡ ਦਾ ਲੋਕਾਂ 'ਤੇ ਅਸਰ ਪੈਂਦਾ ਹੈ।"
ਲੇਟੇਕਸ ਨੂੰ ਸਥਿਰ ਕਰਨ ਅਤੇ ਵਾਧੂ ਪ੍ਰੋਟੀਨ ਹਟਾਉਣ ਲਈ ਅਮੋਨੀਆ ਦਾ ਇਸਤੇਮਾਲ ਕੀਤਾ ਜਾਂਦਾ ਹੈ। ਸਿਲੀਕੋਨ ਤੇਲ ਦੀ ਕੋਟਿੰਗ ਕੰਡੋਮ 'ਤੇ ਇੱਕ ਲੁਬ੍ਰਿਕੈਂਟ ਵਜੋਂ ਕੰਮ ਕਰਦੀ ਹੈ।
ਪਰ ਕੱਚੇ ਮਾਲ ਦੀਆਂ ਕੀਮਤਾਂ ਵਿੱਚ ਵਾਧਾ ਅਤੇ ਉਸ ਕਰਕੇ ਰੀਟੇਲ ਸੇਲਜ਼/ਪ੍ਰਚੂਨ ਵਿਕਰੀ 'ਤੇ ਪੈਣ ਵਾਲਾ ਅਸਰ ਹੀ ਇਸ ਮਾਮਲੇ ਦਾ ਇਕੱਲਾ ਚਿੰਤਾਜਨਕ ਪੱਖ ਨਹੀਂ ਹੈ।
ਇੰਡਸਟਰੀ ਵਿੱਚ ਆਈ ਇਸ ਦਿੱਕਤ ਦਾ ਅਸਰ ਉਨ੍ਹਾਂ ਲੋਕਾਂ ਲਈ ਵੀ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਜੋ ਜਨਸੰਖਿਆ ਅਤੇ ਹੈਲਥ ਸਟਡੀਜ਼ (ਜਿਵੇਂ ਪਰਿਵਾਰ ਨਿਯੋਜਨ ਪ੍ਰੋਗਰਾਮ ਅਤੇ ਏਡਜ਼ ਕੰਟਰੋਲ ਪ੍ਰੋਗਰਾਮ) ਨਾਲ ਜੁੜੇ ਹੋਏ ਹਨ।
ਪਾਪੂਲੇਸ਼ਨ ਫਾਊਂਡੇਸ਼ਨ ਆਫ ਇੰਡੀਆ ਦੇ ਕਾਰਜਕਾਰੀ ਨਿਰਦੇਸ਼ਕ ਪੂਨਮ ਮੁਤਰੇਜਾ ਨੇ ਬੀਬੀਸੀ ਹਿੰਦੀ ਨੂੰ ਦੱਸਿਆ, "ਬਿਹਤਰ ਸਿਹਤ ਨਤੀਜੇ ਪ੍ਰਾਪਤ ਕਰਨ ਲਈ ਗਰਭਨਿਰੋਧਕਾਂ ਤੱਕ ਪਹੁੰਚ ਨੂੰ ਮਜਬੂਤ ਕਰਨਾ ਅਤੇ ਗਰਭਨਿਰੋਧ ਵਿੱਚ ਮਰਦਾਂ ਦੀ ਜ਼ਿੰਮੇਵਾਰੀ ਨੂੰ ਆਮ ਬਣਾਉਣਾ ਬਹੁਤ ਜ਼ਰੂਰੀ ਹੈ। ਇਸ ਲਈ, ਕੰਡੋਮ ਦੀ ਕਮੀ ਜਾਂ ਕੀਮਤਾਂ ਵਿੱਚ ਵਾਧੇ ਨਾਲ ਗਰਭਧਾਰਣ ਦੇ ਮਾਮਲਿਆਂ ਵਿੱਚ ਵੀ ਵਾਧਾ ਹੋ ਸਕਦਾ ਹੈ।"
ਕੰਡੋਮ ਦੀਆਂ ਕੀਮਤਾਂ ਕਿਉਂ ਵੱਧ ਸਕਦੀਆਂ ਹਨ?
ਤਸਵੀਰ ਸਰੋਤ, Sanchit Khanna/Hindustan Times via Getty Images
ਐਚਐੱਲਐੱਲ ਲਾਈਫ ਕੇਅਰ ਲਿਮਿਟਡ ਦੇ ਬੁਲਾਰੇ ਨੇ ਬੀਬੀਸੀ ਹਿੰਦੀ ਨੂੰ ਦੱਸਿਆ, "ਪੀਵੀਸੀ ਫੋਇਲ, ਐਲੂਮੀਨਿਅਮ ਫੋਇਲ, ਪੌਲੀ ਕੈਮੀਕਲ ਅਤੇ ਪੈਕੇਜਿੰਗ ਮਟੀਰੀਅਲ ਵਰਗੇ ਮੁੱਖ ਇਨਪੁਟ ਦੀ ਸਪਲਾਈ ਵਿੱਚ ਰੁਕਾਵਟ ਅਤੇ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਦੇ ਨਾਲ-ਨਾਲ ਲਾਜਿਸਟਿਕਸ ਵਿੱਚ ਆਈ ਰੁਕਾਵਟ ਕਾਰਨ ਉਤਪਾਦਨ ਅਤੇ ਆਰਡਰ (ਮੰਗ) ਪੂਰੀ ਕਰਨ ਦਾ ਕੰਮ ਪ੍ਰਭਾਵਿਤ ਹੋ ਸਕਦਾ ਹੈ।"
ਐਚਐੱਲਐੱਲ ਦਾ ਹੈੱਡਕੁਆਰਟਰ ਕੇਰਲ ਦੇ ਤਿਰੁਵਨੰਤਪੁਰਮ ਵਿੱਚ ਹੈ। ਇਹ ਇੱਕ 60 ਸਾਲ ਪੁਰਾਣੀ ਜਨਤਕ ਖੇਤਰ ਦੀ ਵੱਡੀ ਕੰਪਨੀ ਹੈ। ਇਸ ਨੂੰ ਕੇਂਦਰ ਸਰਕਾਰ ਨੇ ਦੇਸ਼ ਦੇ ਪਰਿਵਾਰ ਨਿਯੋਜਨ ਪ੍ਰੋਗਰਾਮ ਨੂੰ ਸਹਿਯੋਗ ਦੇਣ ਲਈ ਸਥਾਪਿਤ ਕੀਤਾ ਸੀ।
ਕੇਰਲ ਵਿੱਚ ਵੱਡੀ ਗਿਣਤੀ ਵਿੱਚ ਰਬੜ ਦੇ ਬਾਗ ਹੋਣ ਕਰਕੇ ਇਸ ਨੂੰ ਇੱਥੇ ਸਥਾਪਿਤ ਕੀਤਾ ਗਿਆ ਸੀ। ਪਿਛਲੇ ਕੁਝ ਸਾਲਾਂ ਵਿੱਚ ਐਚਐੱਲਐੱਲ ਦਾ ਵਿਸਥਾਰ ਸੱਤ ਵੱਖ-ਵੱਖ ਥਾਵਾਂ ਤੱਕ ਹੋ ਗਿਆ ਹੈ।
ਹੁਣ ਇਹ ਕੰਪਨੀ ਕੰਡੋਮ, ਹਸਪਤਾਲਾਂ ਵਿੱਚ ਵਰਤੇ ਜਾਣ ਵਾਲੇ ਪ੍ਰੋਡਕਟ ਅਤੇ ਦਵਾਈਆਂ ਤਿਆਰ ਕਰਦੀ ਹੈ। ਇਸ ਦਾ ਮੁੱਖ ਉਦੇਸ਼ ਦੇਸ਼ ਵਿੱਚ ਮਹਿਲਾਵਾਂ ਦੀ ਸਿਹਤ ਨੂੰ ਬਿਹਤਰ ਬਣਾਉਣਾ ਹੈ।
ਜਨਤਕ ਖੇਤਰ ਦੀ ਇਹ ਕੰਪਨੀ ਹੁਣ ਹਰ ਸਾਲ ਲਗਭਗ ਦੋ ਅਰਬ ਕੰਡੋਮ ਤਿਆਰ ਕਰਦੀ ਹੈ। ਇਹ ਦੇਸ਼ ਵਿੱਚ ਬਣਨ ਵਾਲੇ ਕੁੱਲ ਕੰਡੋਮ ਦਾ ਲਗਭਗ 50 ਫ਼ੀਸਦੀ ਹੈ।
2025-26 ਦੌਰਾਨ, ਐਚਐੱਲਐੱਲ ਨੇ ਪਰਿਵਾਰ ਨਿਯੋਜਨ ਪ੍ਰੋਗਰਾਮ ਅਤੇ ਰਾਸ਼ਟਰੀ ਏਡਜ਼ ਨਿਯੰਤਰਣ ਪ੍ਰੋਗਰਾਮ ਲਈ 100 ਕਰੋੜ ਰੁਪਏ ਤੋਂ ਵੱਧ ਕੀਮਤ ਦੇ ਮਰਦਾਂ ਲਈ ਕੰਡੋਮ ਮੁਫ਼ਤ ਉਪਲੱਭਧ ਕਰਵਾਏ।
ਇਹ ਆਪਣੇ ਪ੍ਰੋਡਕਟ 87 ਦੇਸ਼ਾਂ ਵਿੱਚ ਬਰਾਮਦ ਕਰਦੀ ਹੈ।
ਇੰਡਸਟਰੀ ਵਿੱਚ ਤਣਾਅ ਦਾ ਮੁੱਖ ਕਾਰਨ ਜੰਗ ਕਰਕੇ ਪੈਦਾ ਹੋਈਆਂ ਡਿਸਟ੍ਰਿਬਿਊਸ਼ਨ ਅਤੇ ਲਾਜਿਸਟਿਕਸ ਨਾਲ ਜੁੜੀਆਂ ਸਮੱਸਿਆਵਾਂ ਹਨ।
ਇੱਕ ਅਧਿਕਾਰੀ ਨੇ ਕਿਹਾ, "ਗਲੋਬਲ ਸ਼ਿਪਿੰਗ ਕੰਟੇਨਰਾਂ ਦੀ ਕਮੀ ਕਾਰਨ ਵਿਦੇਸ਼ ਵਿੱਚ ਗਾਹਕਾਂ ਤੱਕ ਸਮਾਨ ਭੇਜਣ ਵਿੱਚ ਦੇਰੀ ਹੋ ਰਹੀ ਹੈ। ਸਮੁੰਦਰੀ ਮਾਲ ਢੁਆਈ ਵਿੱਚ ਲੱਗਣ ਵਾਲਾ ਸਮਾਂ ਵਧ ਗਿਆ ਹੈ, ਕਿਉਂਕਿ ਹੋਰਮੁਜ਼ ਸਟ੍ਰੇਟ ਰਾਹੀਂ ਵੱਡੇ ਜਹਾਜ਼ਾਂ ਦੀ ਆਵਾਜਾਈ ਰੋਕ ਦਿੱਤੀ ਗਈ ਹੈ।
'ਕੇਪ ਆਫ ਗੁੱਡ ਹੋਪ' ਦੇ ਰਸਤੇ ਜਹਾਜ਼ ਭੇਜਣ ਵਿੱਚ 15-20 ਦਿਨ ਵੱਧ ਲੱਗ ਰਹੇ ਹਨ। ਮੱਧ-ਪੂਰਬ ਵਿੱਚ ਹਵਾਈ ਖੇਤਰ 'ਤੇ ਲੱਗੀਆਂ ਪਾਬੰਦੀਆਂ ਕਾਰਨ ਹਵਾਈ ਮਾਲ ਢੁਆਈ ਦੀ ਸਮਰੱਥਾ ਘੱਟ ਹੋ ਗਈ ਹੈ, ਜਿਸ ਨਾਲ ਤਿਆਰ ਸਮਾਨ ਦੇ ਕਨਸਾਇਨਮੈਂਟ ਦਾ ਢੇਰ ਲੱਗ ਰਿਹਾ ਹੈ।"
ਇੰਡਸਟਰੀ ਦੇ ਸਰੋਤਾਂ ਦਾ ਕਹਿਣਾ ਹੈ, "ਫ਼ਿਲਹਾਲ ਕੱਚੇ ਮਾਲ ਦੀ ਸਪਲਾਈ ਵਿੱਚ ਆਈ ਘਾਟ ਦਾ ਸਹੀ ਅੰਦਾਜ਼ਾ ਲਗਾਉਣਾ ਔਖਾ ਹੈ। ਅਨਿਸ਼ਚਿਤਤਾ ਬਣੀ ਹੋਈ ਹੈ। ਇੱਕ ਤਾਂ ਇਨਪੁਟ ਮਟੀਰੀਅਲ ਦੀ ਗੱਲ ਹੈ, ਫਿਰ ਇਨਪੁਟ ਦੀਆਂ ਲਾਗਤਾਂ, ਉਸ ਤੋਂ ਬਾਅਦ ਉਤਪਾਦ ਦੀਆਂ ਲਾਗਤਾਂ ਅਤੇ ਅੰਤ ਵਿੱਚ ਡਿਸਟ੍ਰੀਬਿਊਸ਼ਨ ਵਿੱਚ ਆਈਆਂ ਰੁਕਾਵਟਾਂ ਹਨ। ਸਪਸ਼ਟ ਤੌਰ 'ਤੇ ਸਪਲਾਈ 'ਤੇ ਇਸਦਾ ਅਸਰ ਪਵੇਗਾ ਹੀ।"
ਤਸਵੀਰ ਸਰੋਤ, Viviane Moos/CORBIS/Corbis via Getty Images
ਅਸਲ ਵਿੱਚ, ਮਹਾਰਾਸ਼ਟਰ ਦੇ ਮਾਲੇਗਾਂਵ ਸਥਿਤ ਕਿਊਪਿਡ ਲਿਮਿਟੇਡ ਨੂੰ ਵੀ ਇਸ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ।
ਕਿਊਪਿਡ ਲਿਮਿਟੇਡ ਦੇ ਸੀਨੀਅਰ ਜਨਰਲ ਮੈਨੇਜਰ ਆਰ ਬਾਬੂ ਨੇ ਬੀਬੀਸੀ ਹਿੰਦੀ ਨੂੰ ਦੱਸਿਆ, "ਸਿਲੀਕੌਨ ਆਇਲ ਅਤੇ ਐਲੂਮੀਨਿਅਮ ਫੋਇਲ ਦੀਆਂ ਕੀਮਤਾਂ ਕਾਬੂ ਵਿੱਚ ਨਹੀਂ ਹਨ। ਆਮ ਤੌਰ 'ਤੇ ਇਸ ਦੌਰਾਨ ਲੇਟੇਕਸ ਦੀਆਂ ਕੀਮਤਾਂ ਵੀ ਵਧ ਜਾਂਦੀਆਂ ਹਨ। ਇਸ ਲਈ ਇਸ ਦਾ ਅਸਰ ਮੈਨਿਊਫੈਕਚਰਿੰਗ ਦੀ ਲਾਗਤ 'ਤੇ ਪੈ ਰਿਹਾ ਹੈ। ਦਿੱਕਤ ਇਹ ਹੈ ਕਿ ਅਸੀਂ ਵਧੀਆਂ ਹੋਈਆਂ ਕੀਮਤਾਂ ਵੇਂਡਰਾਂ 'ਤੇ ਨਹੀਂ ਪਾ ਸਕਦੇ ਕਿਉਂਕਿ ਉਹ ਇਸ ਲਈ ਤਿਆਰ ਨਹੀਂ ਹਨ। ਇਸ ਲਈ ਇਹ ਇੱਕ ਵੱਡੀ ਸਮੱਸਿਆ ਹੈ।"
ਆਰ. ਬਾਬੂ ਨੇ ਕਿਹਾ, "ਅਸੀਂ ਆਪਣੇ ਕੁੱਲ ਉਤਪਾਦਨ ਦਾ 80 ਫ਼ੀਸਦੀ ਹਿੱਸਾ ਮੁੱਖ ਤੌਰ 'ਤੇ ਰੂਸ, ਦੱਖਣੀ ਅਫ਼ਰੀਕਾ, ਯੂਰਪ ਅਤੇ ਬ੍ਰਾਜ਼ੀਲ ਨੂੰ ਬਰਾਮਦ ਕਰਦੇ ਹਾਂ। ਇਨ੍ਹਾਂ ਥਾਵਾਂ ਤੱਕ ਸਮਾਨ ਪਹੁੰਚਾਉਣ ਲਈ ਸਾਨੂੰ ਸ਼ਿਪਿੰਗ ਵੈਸਲਜ਼ ਮਿਲਣ ਵਿੱਚ ਵੀ ਦਿੱਕਤ ਆ ਰਹੀ ਹੈ।"
ਫਾਰਮਾ ਸੈਕਟਰ ਵਿੱਚ ਚਿੰਤਾ
ਕੰਡੋਮ ਇੰਡਸਟਰੀ 'ਚ ਜੋ ਅਨਿਸ਼ਚਿਤਤਾ ਹੈ, ਉਹ ਆਮ ਦਵਾਈ ਬਣਾਉਣ ਵਾਲੇ ਸੈਕਟਰ 'ਚ ਵੀ ਦਿਖਾਈ ਦੇ ਰਹੀ ਹੈ। ਇਸ ਸੈਕਟਰ ਨੂੰ ਦੋ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇੰਡੀਅਨ ਡਰੱਗ ਮੈਨੂਫੈਕਚਰਰਸ ਐਸੋਸੀਏਸ਼ਨ (ਆਈਡੀਐਮਏ) ਦੇ ਬੁਲਾਰੇ ਵਿਰੰਚੀ ਸ਼ਾਹ ਨੇ ਬੀਬੀਸੀ ਹਿੰਦੀ ਨੂੰ ਦੱਸਿਆ, "ਇੱਕ ਚੁਣੌਤੀ ਐਕਸਪੋਰਟ ਦੇ ਮੋਰਚੇ 'ਤੇ ਹੈ। ਅਫਰੀਕਾ, ਮਿਡਲ ਈਸਟ ਅਤੇ ਯੂਰਪ ਵਰਗੇ ਦੇਸ਼ਾਂ 'ਚ ਐਕਸਪੋਰਟ ਕਰਨ ਲਈ ਜਹਾਜ਼ਾਂ ਦੀ ਉਪਲੱਬਧਤਾ ਨੂੰ ਲੈਕੇ ਇੱਕ ਗੰਭੀਰ ਸਮੱਸਿਆ ਹੈ। ਭਾਵੇਂ ਉਹ ਸਮੁੰਦਰੀ ਰਸਤਿਓਂ ਹੋਵੇ ਜਾਂ ਹਵਾਈ ਮਾਰਗ ਤੋਂ। ਇਸ ਦਾ ਮੁੱਖ ਕਾਰਨ ਇਹ ਹੈ ਕਿ ਟਰਾਂਸਪੋਰਟ ਦੀ ਉਪਲੱਬਧਤਾ ਦੀ ਤੀਬਰਤਾ ਘੱਟ ਹੋ ਗਈ ਹੈ, ਕਿਉਂਕਿ ਤੀਬਰਤਾ ਘੱਟ ਹੋ ਗਈ ਹੈ, ਇਸ ਲਈ ਲਾਗਤ ਵੱਧ ਗਈ ਹੈ।"
ਸ਼ਾਹ ਦਾ ਕਹਿਣਾ ਹੈ, "ਇਹ ਇੱਕ ਅਜਿਹਾ ਖੇਤਰ ਹੈ ਜਿਸ 'ਤੇ ਨਜ਼ਰ ਰੱਖੀ ਜਾ ਸਕਦੀ ਹੈ। ਇਸ ਦਾ ਅਸਰ ਸਾਫ਼ ਤੌਰ 'ਤੇ ਦੇਖਿਆ ਜਾ ਸਕਦਾ ਹੈ ਪਰ ਜਿੱਥੇ ਤੱਕ ਭਾਰਤ 'ਚ ਦਵਾਈਆਂ ਦੀ ਉਪਲੱਬਧਤਾ ਜਾਂ ਦਵਾਈਆਂ ਦੇ ਐਕਸਪੋਰਟ ਦੀ ਗੱਲ ਹੈ ਤਾਂ ਇਸ 'ਚ ਕੋਈ ਚੁਣੌਤੀ ਨਹੀਂ ਹੈ।"
ਪਰ ਇਸ ਸਨਅਤ ਦੇ ਸਾਹਮਣੇ ਚੁਣੌਤੀ ਇਹ ਹੈ ਕਿ ਕਈ ਅਜਿਹੀਆਂ ਦਵਾਈਆਂ ਹਨ ਜਿਨ੍ਹਾਂ ਦੀ ਸਮੱਗਰੀ ਪੈਟਰੋਕੈਮੀਕਲਜ਼ 'ਤੇ ਆਧਾਰਿਤ ਹੁੰਦੀ ਹੈ, ਜਿਵੇਂ ਕਿ ਸਾਲਵੇਂਟਸ ਜਾਂ ਸਿੰਥੈਟਿਕ ਦਵਾਈਆਂ।
ਅਹਿਮਦਾਬਾਦ ਦੇ ਸ਼ਾਹ ਨੇ ਕਿਹਾ, "ਅਜੇ ਕਿਆਸਰਾਈਆਂ ਦੀ ਇੱਕ ਲਹਿਰ ਚੱਲ ਰਹੀ ਹੈ। ਕਿਆਸਾਂ ਨੇ ਇਹ ਖਦਸ਼ਾ ਪੈਦਾ ਕੀਤਾ ਹੈ ਕਿ ਕਮੀ ਹੋ ਸਕਦੀ ਹੈ। ਇਸ ਦੀ ਵਜ੍ਹਾ ਕਰਕੇ ਕੀਮਤਾਂ ਵੱਧ ਗਈਆਂ ਹਨ। ਫਿਲਹਾਲ ਕਮੀ ਨਾਲੋਂ ਵਧੇਰੇ ਇਸ ਦਾ ਵੱਧ ਲੈਣ-ਦੇਣ ਕਿਆਸਰਾਈਆਂ ਨਾਲ ਹੈ।"
ਉਹ ਕਹਿੰਦੇ ਹਨ, "ਇੱਕ ਤਰ੍ਹਾਂ ਨਾਲ ਡਰ ਦਾ ਮਾਹੌਲ ਹੈ। ਅਸਲ 'ਚ ਲੋਕਾਂ ਨੂੰ ਇਸ ਗੱਲ ਦਾ ਕੋਈ ਯਕੀਨ ਨਹੀਂ ਹੈ ਕਿ ਕੱਲ ਕੀ ਹੋਵੇਗਾ।"
ਕੰਡੋਮ ਇੰਡਸਟਰੀ 'ਤੇ ਅਸਰ ਕਿੰਨਾ ਗੰਭੀਰ ?
ਤਸਵੀਰ ਸਰੋਤ, Kuni Takahashi/Bloomberg via Getty Images
ਪਰਿਵਾਰ ਨਿਯੋਜਨ ਦੇ ਖੇਤਰ 'ਚ ਕੰਡੋਮ ਦੀਆਂ ਕੀਮਤਾਂ 'ਚ ਵਾਧਾ ਜਾਂ ਉਨ੍ਹਾਂ ਦੇ ਉਤਪਾਦਨ 'ਚ ਕਮੀ ਨੂੰ ਲੈਕੇ ਚਿੰਤਾ ਹੈ।
ਪੂਨਮ ਮੁਤਰੇਜਾ ਨੇ ਕਿਹਾ, "ਭਾਰਤ ਨੂੰ ਗਰਭ ਨਿਰੋਧ ਦੇ ਬਦਲਵੇਂ ਢੰਗਾਂ ਦਾ ਵਿਸਥਾਰ ਕਰਨ ਅਤੇ ਉਨ੍ਹਾਂ ਦੀ ਪਹੁੰਚ ਵਧਾਉਣ ਦੀ ਲੋੜ ਹੈ। ਨਾਲ ਹੀ ਉਸ ਨੂੰ ਕੰਡੋਮ ਦੇ ਇਸਤੇਮਾਲ ਅਤੇ ਪਰਿਵਾਰ ਨਿਯੋਜਨ 'ਚ ਪੁਰਸ਼ਾਂ ਦੀ ਹਿੱਸੇਦਾਰੀ ਵਧਾਉਣ ਦੀ ਵੀ ਲੋੜ ਹੈ। ਜੇਕਰ ਕੀਮਤਾਂ ਵਧਦੀਆਂ ਹਨ ਜਾਂ ਉਪਲੱਬਧਤਾ 'ਚ ਰੁਕਾਵਟਾਂ ਆਉਂਦੀਆਂ ਹਨ ਤਾਂ ਕੰਡੋਮ ਦਾ ਇਸਤੇਮਾਲ ਘੱਟ ਹੋਣ ਦਾ ਖਦਸ਼ਾ ਹੈ। ਖਾਸ ਤੌਰ 'ਤੇ ਨੌਜਵਾਨਾਂ ਅਤੇ ਘੱਟ ਆਮਦਨ ਵਾਲੇ ਸਮੂਹਾਂ ਵਿੱਚ। ਇਸ ਦੀ ਵਜ੍ਹਾ ਨਾਲ ਹੁਣ ਤੱਕ ਹਾਸਲ ਕਾਮਯਾਬੀ ਨੂੰ ਨੁਕਸਾਨ ਪਹੁੰਚ ਸਕਦਾ ਹੈ।"
ਭਾਰਤ 'ਚ ਕੰਡੋਮ ਦਾ ਇਸਤੇਮਾਲ 'ਕਾਫੀ ਘੱਟ' ਹੈ। ਇੱਕ ਵੱਧ ਸੰਤੁਲਿਤ ਅਤੇ ਨਿਆਂਸੰਗਤ ਪਰਿਵਾਰ ਨਿਯੋਜਨ ਦੇ ਤਰੀਕੇ ਦੇ ਤੌਰ 'ਤੇ ਇਸਨੂੰ ਵਧਾਉਣਾ ਜ਼ਰੂਰੀ ਸੀ।
ਪੂਨਮ ਮੁਤਰੇਜਾ ਨੇ ਕਿਹਾ, "ਨੈਸ਼ਨਲ ਫੈਮਿਲੀ ਹੈਲਥ ਸਰਵੇ (ਐਨਐਫਐਚਐਸ)-5" ਤੋਂ ਪਤਾ ਚੱਲਿਆ ਕਿ ਅਜੇ ਵਿਆਹੇ ਜੋੜਿਆਂ 'ਚੋਂ ਕਰੀਬ 9 ਫੀਸਦ ਹੀ ਕੰਡੋਮ ਨੂੰ ਆਪਣੇ ਪਰਿਵਾਰ ਨਿਯੋਜਨ ਦਾ ਮੁੱਖ ਤਰੀਕਾ ਮੰਨਦੇ ਹਨ। ਇਹ ਕੰਡੋਮ ਦੇ ਮਹੱਤਵ ਅਤੇ ਇਸਦੇ ਵਿਸਥਾਰ ਦੀ ਕਾਫੀ ਗੁੰਜਾਇਸ਼ ਨੂੰ ਦਰਸਾਉਂਦਾ ਹੈ।"
ਉਨ੍ਹਾਂ ਨੇ ਕਿਹਾ, "ਬਹੁਤ ਸਾਰੇ ਨੌਜਵਾਨ ਵੀ ਕੰਡੋਮ ਦਾ ਇਸਤੇਮਾਲ ਕਰਦੇ ਹਨ।"
ਉਹ ਕਹਿੰਦੇ ਹਨ, "ਭਾਰਤ ਵਰਗੇ ਦੇਸ਼ 'ਚ, ਜਿੱਥੇ ਜਨਤਕ ਸਿਹਤ ਪ੍ਰੋਗਰਾਮ ਵੱਡੇ ਪੈਮਾਨੇ 'ਤੇ ਖਰੀਦ 'ਤੇ ਨਿਰਭਰ ਕਰਦੇ ਹਨ, ਉੱਥੇ ਕੰਡੋਮ ਦੀ ਥੋੜ੍ਹੇ ਸਮੇਂ ਦੀ ਕਮੀ ਵੀ ਉਨ੍ਹਾਂ ਲੋਕਾਂ ਤੱਕ ਇਸਦੀ ਪਹੁੰਚ 'ਤੇ ਅਸਰ ਪਾ ਸਕਦੀ ਹੈ ਜੋ ਮੁਫ਼ਤ ਜਾਂ ਰਿਆਇਤੀ ਕੰਡੋਮ 'ਤੇ ਨਿਰਭਰ ਕਰਦੇ ਹਨ।"
ਅਖੀਰ 'ਚ ਸਵਾਲ ਇਹ ਹੈ ਕਿ ਖਪਤਕਾਰਾਂ ਨੂੰ ਕੰਡੋਮ ਲਈ ਵੀ ਵੱਧ ਕੀਮਤ ਕਦੋਂ ਤੋਂ ਚੁਕਾਉਣੀ ਪਵੇਗੀ ?
ਇੰਡਸਟਰੀ ਦੇ ਅਧਿਕਾਰੀ ਹੁਣ ਨਿਰਾਸ਼ ਲੱਗਦੇ ਹਨ। ਉਨ੍ਹਾਂ 'ਚੋਂ ਇੱਕ ਨੇ ਕਿਹਾ, "ਇਹ ਜੰਗ ਜਿੰਨੀ ਜਲਦੀ ਖਤਮ ਹੋ ਜਾਵੇ, ਸਾਰਿਆਂ ਲਈ ਉਨਾਂ ਹੀ ਬਿਹਤਰ ਹੋਵੇਗਾ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
ਤਾਜ਼ਾ ਘਟਨਾਕ੍ਰਮ
ਦ੍ਰਿਸ਼ਟੀਕੋਣ
ਪਾਠਕਾਂ ਦੀ ਪਸੰਦ
ਸਮੱਗਰੀ ਉਪਲਬਧ ਨਹੀਂ ਹੈ