ਸੋਸ਼ਲ ਮੀਡੀਆ ਦੀ ਲਤ ਨਾਲ ਜੁੜੇ ਇੱਕ ਅਹਿਮ ਕੇਸ ਵਿੱਚ ਮੈਟਾ ਅਤੇ ਯੂਟਿਊਬ ਦੋਸ਼ੀ ਕਰਾਰ, ਜਾਣੋ ਕੀ ਸੀ ਮਾਮਲਾ

ਤਸਵੀਰ ਸਰੋਤ, AFP via Getty Images

ਤਸਵੀਰ ਕੈਪਸ਼ਨ, ਸੋਸ਼ਲ ਮੀਡੀਆ ਲਤ ਲੱਗਣ ਦੇ ਮਾਮਲੇ 'ਚ ਪੀੜਤ ਕੁੜੀ ਦੇ ਹੱਕ 'ਚ ਫੈਸਲਾ ਆਉਣ ਤੋਂ ਬਾਅਦ ਅਦਾਲਤ ਦੇ ਬਾਹਰ ਉਸਦੇ ਰਿਸ਼ਤੇਦਾਰਾਂ ਅਤੇ ਹੋਰ ਮਾਪਿਆਂ ਨੇ ਜਸ਼ਨ ਮਨਾਇਆ
ਪੜ੍ਹਨ ਦਾ ਸਮਾਂ: 8 ਮਿੰਟ

ਸੋਸ਼ਲ ਮੀਡੀਆ ਦੀ ਲਤ ਨਾਲ ਜੁੜੇ ਇੱਕ ਅਹਿਮ ਮੁਕੱਦਮੇ ਵਿੱਚ ਮੈਟਾ ਅਤੇ ਯੂਟਿਊਬ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਹੈ।

ਲੌਸ ਐਂਜਲੇਸ ਦੀ ਇੱਕ ਜੂਰੀ ਦੇ ਫੈਸਲੇ ਨਾਲ ਇੱਕ ਅਜਿਹੀ ਨੌਜਵਾਨ ਕੁੜੀ ਨੂੰ ਯਾਦਗਾਰੀ ਜਿੱਤ ਮਿਲੀ ਹੈ, ਜਿਸ ਨੇ ਬਚਪਨ ਵਿੱਚ ਸੋਸ਼ਲ ਮੀਡੀਆ ਦੀ ਲਤ ਲੱਗਣ ਦੇ ਮਾਮਲੇ ਵਿੱਚ ਮੈਟਾ ਅਤੇ ਯੂਟਿਊਬ ਦੇ ਖ਼ਿਲਾਫ਼ ਮੁਕੱਦਮਾ ਕੀਤਾ ਸੀ।

ਜੂਰੀ ਨੇ ਪਾਇਆ ਕਿ ਮੈਟਾ (ਜੋ ਇੰਸਟਾਗ੍ਰਾਮ, ਫੇਸਬੁੱਕ ਅਤੇ ਵ੍ਹਟਸਐਪ ਦੀ ਮਾਲਕ ਕੰਪਨੀ ਹੈ) ਅਤੇ ਗੂਗਲ (ਜੋ ਯੂਟਿਊਬ ਦੀ ਮਾਲਕ ਕੰਪਨੀ ਹੈ) ਨੇ ਜਾਣਬੁਝ ਕੇ ਅਜਿਹੇ ਲਤ ਵਾਲੇ ਸੋਸ਼ਲ ਮੀਡੀਆ ਪਲੇਟਫਾਰਮ ਬਣਾਏ, ਜਿਨ੍ਹਾਂ ਨਾਲ ਇਸ 20 ਸਾਲ ਦੀ ਨੌਜਵਾਨ ਕੁੜੀ ਦੀ ਮਾਨਸਿਕ ਸਿਹਤ ਨੂੰ ਨੁਕਸਾਨ ਪਹੁੰਚਿਆ।

ਇਸ ਮਾਮਲੇ ਵਿੱਚ ਕਾਲੇਅ ਨੂੰ ਹਰਜਾਨੇ ਦੇ ਤੌਰ 'ਤੇ 6 ਮਿਲੀਅਨ ਡਾਲਰ ਦਿੱਤੇ ਗਏ ਹਨ। ਸੰਭਾਵਨਾ ਹੈ ਕਿ ਇਸ ਫ਼ੈਸਲੇ ਦਾ ਅਸਰ ਅਮਰੀਕਾ ਦੀਆਂ ਅਦਾਲਤਾਂ ਵਿੱਚ ਚੱਲ ਰਹੇ ਇਸ ਤਰ੍ਹਾਂ ਦੇ ਸੈਂਕੜੇ ਹੋਰ ਮਾਮਲਿਆਂ 'ਤੇ ਵੀ ਪਵੇਗਾ।

ਮੈਟਾ ਅਤੇ ਗੂਗਲ ਨੇ ਵੱਖ-ਵੱਖ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਉਹ ਇਸ ਫ਼ੈਸਲੇ ਨਾਲ ਸਹਿਮਤ ਨਹੀਂ ਹਨ ਅਤੇ ਉਹ ਦੋਵੇਂ ਹੀ ਇਸਦੇ ਖ਼ਿਲਾਫ਼ ਅਪੀਲ ਕਰਨਗੇ।

Sorry, we can’t display this part of the story on this lightweight mobile page.

ਮੈਟਾ ਅਤੇ ਗੂਗਲ ਨੇ ਕੀ ਕਿਹਾ

ਤਸਵੀਰ ਸਰੋਤ, Cheng Xin/Getty Images

ਤਸਵੀਰ ਕੈਪਸ਼ਨ, ਮੈਟਾ ਅਤੇ ਗੂਗਲ ਨੇ ਵੱਖ-ਵੱਖ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ ਉਹ ਇਸ ਫ਼ੈਸਲੇ ਨਾਲ ਸਹਿਮਤ ਨਹੀਂ ਹਨ ਅਤੇ ਉਹ ਦੋਵੇਂ ਹੀ ਇਸਦੇ ਖ਼ਿਲਾਫ਼ ਅਪੀਲ ਕਰਨਗੇ (ਫਾਈਲ ਫੋਟੋ)

ਮੈਟਾ ਨੇ ਕਿਹਾ, "ਕਿਸ਼ੋਰਾਂ ਦੀ ਮਾਨਸਿਕ ਸਿਹਤ ਬਹੁਤ ਹੀ ਪੇਚੀਦਾ ਮਾਮਲਾ ਹੈ ਅਤੇ ਇਸ ਨੂੰ ਕਿਸੇ ਇੱਕ ਐਪ ਨਾਲ ਨਹੀਂ ਜੋੜਿਆ ਜਾ ਸਕਦਾ।''

"ਅਸੀਂ ਪੂਰੀ ਤਾਕਤ ਨਾਲ ਆਪਣਾ ਬਚਾਅ ਕਰਦੇ ਰਹਾਂਗੇ, ਕਿਉਂਕਿ ਹਰ ਮਾਮਲਾ ਵੱਖਰਾ ਹੁੰਦਾ ਹੈ ਅਤੇ ਸਾਨੂੰ ਆਨਲਾਈਨ ਕਿਸ਼ੋਰਾਂ ਦੀ ਸੁਰੱਖਿਆ ਦੇ ਆਪਣੇ ਰਿਕਾਰਡ 'ਤੇ ਪੂਰਾ ਭਰੋਸਾ ਹੈ।"

ਗੂਗਲ ਦੇ ਇੱਕ ਬੁਲਾਰੇ ਨੇ ਕਿਹਾ, "ਇਸ ਮਾਮਲੇ ਵਿੱਚ ਯੂਟਿਊਬ ਨੂੰ ਗਲਤ ਸਮਝਿਆ ਗਿਆ ਹੈ; ਇਹ ਇੱਕ ਜ਼ਿੰਮੇਵਾਰੀ ਨਾਲ ਬਣਾਇਆ ਗਿਆ ਸਟ੍ਰੀਮਿੰਗ ਪਲੇਟਫਾਰਮ ਹੈ, ਨਾ ਕਿ ਕੋਈ ਸੋਸ਼ਲ ਮੀਡੀਆ ਸਾਈਟ।"

ਜਦਕਿ ਇਸ ਮਾਮਲੇ ਵਿੱਚ ਜੂਰੀ ਇਸ ਨਤੀਜੇ 'ਤੇ ਪਹੁੰਚੀ ਕਿ ਮੈਟਾ ਅਤੇ ਗੂਗਲ ਨੇ ਆਪਣੇ ਪਲੇਟਫਾਰਮ ਚਲਾਉਣ ਦੇ ਤਰੀਕੇ ਵਿੱਚ "ਬਦਨੀਤੀ, ਜ਼ਿਆਦਤੀ ਜਾਂ ਧੋਖਾਧੜੀ" ਨਾਲ ਕੰਮ ਕੀਤਾ ਸੀ। ਇਸ ਲਈ, ਜੂਰੀ ਨੇ ਫ਼ੈਸਲਾ ਸੁਣਾਇਆ ਕਿ ਕਾਲੇਅ ਨੂੰ ਮੁਆਵਜ਼ੇ ਦੇ ਤੌਰ 'ਤੇ 3 ਮਿਲੀਅਨ ਡਾਲਰ ਅਤੇ ਇਸ ਤੋਂ ਇਲਾਵਾ ਦੰਡ ਵਜੋਂ ਹਰਜਾਨੇ ਦੇ ਤੌਰ 'ਤੇ 3 ਮਿਲੀਅਨ ਡਾਲਰ ਹੋਰ ਮਿਲਣੇ ਚਾਹੀਦੇ ਹਨ।

ਕਾਲੇਅ ਨੂੰ ਮਿਲਣ ਵਾਲੇ ਮੁਆਵਜ਼ੇ ਵਿੱਚੋਂ 70% ਹਿੱਸਾ ਮੈਟਾ ਨੂੰ ਦੇਣਾ ਪਵੇਗਾ ਅਤੇ ਬਾਕੀ 30% ਗੂਗਲ ਨੂੰ।

'ਤਣਾਅ ਦਾ ਚਰਮ ਬਿੰਦੂ'

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਹਾਲ ਦੇ ਮਹੀਨਿਆਂ ਵਿੱਚ, ਆਸਟ੍ਰੇਲੀਆ ਵਰਗੇ ਦੇਸ਼ਾਂ ਨੇ ਬੱਚਿਆਂ ਲਈ ਸੋਸ਼ਲ ਮੀਡੀਆ ਦੇ ਇਸਤੇਮਾਲ ਨੂੰ ਰੋਕਣ ਜਾਂ ਸੀਮਿਤ ਕਰਨ ਦੇ ਮਕਸਦ ਨਾਲ ਕਈ ਕਿਸਮ ਦੀਆਂ ਪਾਬੰਦੀਆਂ ਲਗਾਈਆਂ ਹਨ (ਸੰਕੇਤਕ ਤਸਵੀਰ)

ਦੂਜੇ ਬੱਚਿਆਂ ਦੇ ਮਾਤਾ-ਪਿਤਾ, ਜੋ ਕਾਲੇਅ ਦੇ ਮੁਕੱਦਮੇ ਦਾ ਹਿੱਸਾ ਨਹੀਂ ਹਨ, ਪਰ ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਵੀ ਸੋਸ਼ਲ ਮੀਡੀਆ ਨਾਲ ਨੁਕਸਾਨ ਪਹੁੰਚਿਆ ਹੈ, ਬੁੱਧਵਾਰ ਨੂੰ ਅਦਾਲਤ ਦੇ ਬਾਹਰ ਮੌਜੂਦ ਸਨ। ਉਹ ਪੰਜ ਹਫ਼ਤਿਆਂ ਤੱਕ ਚੱਲੇ ਇਸ ਮੁਕੱਦਮੇ ਦੌਰਾਨ ਕਈ ਦਿਨਾਂ ਤੱਕ ਉੱਥੇ ਆਉਂਦੇ ਰਹੇ।

ਜਦੋਂ ਫ਼ੈਸਲਾ ਆਇਆ, ਤਾਂ ਐਮੀ ਨੇਵਿਲ ਵਰਗੇ ਮਾਪਿਆਂ ਨੂੰ ਜਸ਼ਨ ਮਨਾਉਂਦੇ ਹੋਏ ਦੇਖਿਆ ਗਿਆ। ਉਹ ਦੂਜੇ ਮਾਪਿਆਂ ਅਤੇ ਸਮਰਥਕਾਂ ਨੂੰ ਗਲੇ ਲਗਾ ਰਹੇ ਸਨ, ਜੋ ਇਸ ਫ਼ੈਸਲੇ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ।

ਲਾਸ ਐਂਜੇਲਸ ਜੂਰੀ ਦਾ ਇਹ ਫ਼ੈਸਲਾ, ਨਿਊ ਮੈਕਸੀਕੋ ਦੀ ਇੱਕ ਜੂਰੀ ਦੇ ਫ਼ੈਸਲੇ ਦੇ ਠੀਕ ਇੱਕ ਦਿਨ ਬਾਅਦ ਆਇਆ ਹੈ। ਨਿਊ ਮੈਕਸੀਕੋ ਦੀ ਜੂਰੀ ਨੇ ਮੈਟਾ ਨੂੰ ਇਸ ਗੱਲ ਲਈ ਜ਼ਿੰਮੇਵਾਰ ਠਹਿਰਾਇਆ ਸੀ ਕਿ ਉਸਦੇ ਪਲੇਟਫਾਰਮਾਂ ਨੇ ਕਿਸ ਤਰ੍ਹਾਂ ਬੱਚਿਆਂ ਦੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਪਾਇਆ ਅਤੇ ਉਨ੍ਹਾਂ ਨੂੰ ਅਸ਼ਲੀਲ ਸਮੱਗਰੀ ਅਤੇ ਜਿਨਸੀ ਅਪਰਾਧੀਆਂ ਦੇ ਸੰਪਰਕ ਵਿੱਚ ਲਿਆਂਦਾ।

ਫਰੋਸਟਰ ਦੇ ਰਿਸਰਚ ਡਾਇਰੈਕਟਰ ਮਾਈਕ ਪ੍ਰੋਲਕਸ ਨੇ ਕਿਹਾ ਕਿ ਇਹ ਲਗਾਤਾਰ ਆਏ ਫ਼ੈਸਲੇ, ਸੋਸ਼ਲ ਮੀਡੀਆ ਕੰਪਨੀਆਂ ਅਤੇ ਆਮ ਜਨਤਾ ਦੇ ਵਿਚਕਾਰ ਪੈਦਾ ਹੋ ਰਹੇ "ਤਣਾਅ ਦੇ ਚਰਮ ਬਿੰਦੂ" ਨੂੰ ਸਾਫ਼ ਤੌਰ 'ਤੇ ਦਰਸਾਉਂਦੇ ਹਨ।

ਹਾਲ ਦੇ ਮਹੀਨਿਆਂ ਵਿੱਚ, ਆਸਟ੍ਰੇਲੀਆ ਵਰਗੇ ਦੇਸ਼ਾਂ ਨੇ ਬੱਚਿਆਂ ਲਈ ਸੋਸ਼ਲ ਮੀਡੀਆ ਦੇ ਇਸਤੇਮਾਲ ਨੂੰ ਰੋਕਣ ਜਾਂ ਸੀਮਿਤ ਕਰਨ ਦੇ ਮਕਸਦ ਨਾਲ ਕਈ ਕਿਸਮ ਦੀਆਂ ਪਾਬੰਦੀਆਂ ਲਗਾਈਆਂ ਹਨ।

ਯੂਕੇ ਵਿੱਚ ਇਸ ਵੇਲੇ ਇੱਕ ਪਾਇਲਟ ਪ੍ਰੋਗਰਾਮ ਚੱਲ ਰਿਹਾ ਹੈ, ਜਿਸ ਰਾਹੀਂ ਇਹ ਦੇਖਿਆ ਜਾ ਰਿਹਾ ਹੈ ਕਿ 16 ਸਾਲ ਤੋਂ ਘੱਟ ਉਮਰ ਵਾਲਿਆਂ ਲਈ ਸੋਸ਼ਲ ਮੀਡੀਆ 'ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣਾ ਕਿੰਨਾ ਅਸਰਦਾਰ ਹੋ ਸਕਦਾ ਹੈ।

ਪ੍ਰੋਲਕਸ ਨੇ ਕਿਹਾ, "ਪਿਛਲੇ ਕਈ ਸਾਲਾਂ ਤੋਂ ਸੋਸ਼ਲ ਮੀਡੀਆ ਪ੍ਰਤੀ ਲੋਕਾਂ ਵਿੱਚ ਨਕਾਰਾਤਮਕ ਭਾਵਨਾਵਾਂ ਬਣ ਰਹੀਆਂ ਸਨ ਅਤੇ ਹੁਣ ਜਾ ਕੇ ਇਹ ਮਾਮਲਾ ਆਪਣੇ ਚਰਮ 'ਤੇ ਪਹੁੰਚ ਗਿਆ ਹੈ।"

'ਲਤ ਲਗਾਉਣ ਵਾਲੀਆਂ ਮਸ਼ੀਨਾਂ' - ਕਾਲੇਅ ਦੇ ਵਕੀਲ

ਤਸਵੀਰ ਸਰੋਤ, Kyle Grillot/Bloomberg via Getty Images

ਤਸਵੀਰ ਕੈਪਸ਼ਨ, ਫ਼ਰਵਰੀ ਵਿੱਚ ਮੈਟਾ ਦੇ ਚੇਅਰਮੈਨ ਅਤੇ ਸੀਈਓ ਮਾਰਕ ਜ਼ਕਰਬਰਗ ਜੂਰੀ ਦੇ ਸਾਹਮਣੇ ਪੇਸ਼ ਹੋਏ ਸਨ

ਫ਼ਰਵਰੀ ਵਿੱਚ ਜੂਰੀ ਦੇ ਸਾਹਮਣੇ ਪੇਸ਼ ਹੁੰਦੇ ਸਮੇਂ ਮੈਟਾ ਦੇ ਚੇਅਰਮੈਨ ਅਤੇ ਸੀਈਓ ਮਾਰਕ ਜ਼ਕਰਬਰਗ ਨੇ ਆਪਣੀ ਕੰਪਨੀ ਦੀ ਉਸ ਪੁਰਾਣੀ ਨੀਤੀ ਦਾ ਹਵਾਲਾ ਦਿੱਤਾ, ਜਿਸ ਦੇ ਤਹਿਤ 13 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਉਪਭੋਗਤਾ ਨੂੰ ਉਸਦੇ ਕਿਸੇ ਵੀ ਪਲੇਟਫਾਰਮ 'ਤੇ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ।

ਜਦੋਂ ਉਨ੍ਹਾਂ ਦੇ ਸਾਹਮਣੇ ਕੰਪਨੀ ਦੀ ਆਪਣੀ ਅੰਦਰੂਨੀ ਰਿਸਰਚ ਅਤੇ ਦਸਤਾਵੇਜ਼ ਪੇਸ਼ ਕੀਤੇ ਗਏ - ਜਿਨ੍ਹਾਂ ਤੋਂ ਇਹ ਸਾਫ਼ ਪਤਾ ਲੱਗਦਾ ਸੀ ਕਿ ਅਸਲ ਵਿੱਚ ਘੱਟ ਉਮਰ ਦੇ ਬੱਚੇ ਵੀ ਉਨ੍ਹਾਂ ਦੇ ਪਲੇਟਫਾਰਮਾਂ ਦਾ ਇਸਤੇਮਾਲ ਕਰ ਰਹੇ ਸਨ - ਤਾਂ ਜ਼ਕਰਬਰਗ ਨੇ ਕਿਹਾ ਕਿ ਉਨ੍ਹਾਂ ਦੀ "ਹਮੇਸ਼ਾਂ ਇਹੀ ਇੱਛਾ ਰਹੀ ਹੈ" ਕਿ 13 ਸਾਲ ਤੋਂ ਘੱਟ ਉਮਰ ਦੇ ਉਪਭੋਗਤਾਵਾਂ ਦੀ ਪਛਾਣ ਕਰਨ ਦਾ ਕੰਮ ਹੋਰ ਤੇਜ਼ੀ ਨਾਲ ਅੱਗੇ ਵਧੇ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਨ੍ਹਾਂ ਦੀ ਕੰਪਨੀ "ਸਮੇਂ ਦੇ ਨਾਲ ਉਨ੍ਹਾਂ ਦੀ ਕੰਪਨੀ ਸਹੀ ਥਾਂ ਪਹੁੰਚ ਗਈ ਹੈ।''

ਹਾਲਾਂਕਿ ਵੀਡੀਓ-ਸ਼ੇਅਰਿੰਗ ਸਾਈਟ ਯੂਟਿਊਬ ਦਾ ਮਾਲਕ ਹੋਣ ਦੇ ਨਾਤੇ ਗੂਗਲ ਵੀ ਇਸ ਮਾਮਲੇ ਵਿੱਚ ਇੱਕ ਪ੍ਰਤੀਵਾਦੀ (ਡਿਫੈਂਡੈਂਟ) ਸੀ, ਪਰ ਮੁਕੱਦਮੇ ਦੀ ਜ਼ਿਆਦਾਤਰ ਕਾਰਵਾਈ ਇੰਸਟਾਗ੍ਰਾਮ ਅਤੇ ਮੈਟਾ 'ਤੇ ਹੀ ਕੇਂਦਰਿਤ ਰਹੀ।

ਸ਼ੁਰੂਆਤ ਵਿੱਚ ਸਨੈਪ ਅਤੇ ਟਿਕਟੌਕ ਵੀ ਡਿਫੈਂਡੈਂਟ ਸਨ, ਪਰ ਮੁਕੱਦਮੇ ਤੋਂ ਪਹਿਲਾਂ ਹੀ ਦੋਵਾਂ ਕੰਪਨੀਆਂ ਨੇ ਕਾਲੇਅ ਨਾਲ ਕੁਝ ਅਜਿਹੇ ਸਮਝੌਤੇ ਕਰ ਲਏ, ਜਿਨ੍ਹਾਂ ਬਾਰੇ ਕੋਈ ਜਾਣਕਾਰੀ ਜਨਤਕ ਨਹੀਂ ਕੀਤੀ ਗਈ।

ਕਾਲੇਅ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਮੈਟਾ ਅਤੇ ਯੂਟਿਊਬ ਨੇ "ਲਤ ਲਗਾਉਣ ਵਾਲੀਆਂ ਮਸ਼ੀਨਾਂ" ਬਣਾਈਆਂ ਹਨ ਅਤੇ ਬੱਚਿਆਂ ਨੂੰ ਆਪਣੇ ਪਲੇਟਫਾਰਮ ਤੱਕ ਪਹੁੰਚਣ ਤੋਂ ਰੋਕਣ ਦੀ ਆਪਣੀ ਜ਼ਿੰਮੇਵਾਰੀ ਨਿਭਾਉਣ ਵਿੱਚ ਉਹ ਨਾਕਾਮ ਰਹੇ ਹਨ।

10 ਸਾਲ ਦੀ ਉਮਰ 'ਚ ਐਂਗਜ਼ਾਇਟੀ ਅਤੇ ਡਿਪ੍ਰੈਸ਼ਨ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਕਾਲੇਅ ਨੇ ਆਪਣੀ ਗਵਾਹੀ ਦੌਰਾਨ ਕਿਹਾ ਕਿ ਜਦੋਂ ਉਹ 10 ਸਾਲ ਦੇ ਸਨ, ਉਸੇ ਉਮਰ 'ਚ ਉਨ੍ਹਾਂ ਨੂੰ ਐਂਗਜ਼ਾਇਟੀ ਅਤੇ ਡਿਪ੍ਰੈਸ਼ਨ ਦੇ ਲੱਛਣ ਮਹਿਸੂਸ ਹੋਣ ਲੱਗ ਪਏ ਸਨ (ਸੰਕੇਤਕ ਤਸਵੀਰ)

ਕਾਲੇਅ ਨੇ ਦੱਸਿਆ ਕਿ ਉਨ੍ਹਾਂ ਨੇ ਨੌਂ ਸਾਲ ਦੀ ਉਮਰ ਵਿੱਚ ਇੰਸਟਾਗ੍ਰਾਮ ਅਤੇ ਛੇ ਸਾਲ ਦੀ ਉਮਰ ਵਿੱਚ ਯੂਟਿਊਬ ਦਾ ਇਸਤੇਮਾਲ ਸ਼ੁਰੂ ਕੀਤਾ ਸੀ ਅਤੇ ਉਨ੍ਹਾਂ ਨੂੰ ਰੋਕਣ ਦੀ ਅਜਿਹੀ ਕੋਈ ਕੋਸ਼ਿਸ਼ ਨਹੀਂ ਕੀਤੀ ਗਈ, ਜਿਸ ਵਿੱਚ ਉਨ੍ਹਾਂ ਦੀ ਉਮਰ ਕੋਈ ਕਾਰਨ ਬਣੇ।

ਕਾਲੇਅ ਨੇ ਆਪਣੀ ਗਵਾਹੀ ਦੌਰਾਨ ਕਿਹਾ, "ਮੈਂ ਆਪਣੇ ਪਰਿਵਾਰ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ ਸੀ, ਕਿਉਂਕਿ ਮੈਂ ਆਪਣਾ ਸਾਰਾ ਸਮਾਂ ਸੋਸ਼ਲ ਮੀਡੀਆ 'ਤੇ ਹੀ ਬਿਤਾ ਰਹੀ ਸੀ।"

ਉਨ੍ਹਾਂ ਦੱਸਿਆ ਕਿ ਜਦੋਂ ਉਹ 10 ਸਾਲ ਦੇ ਸਨ, ਉਸੇ ਉਮਰ 'ਚ ਉਨ੍ਹਾਂ ਨੂੰ ਐਂਗਜ਼ਾਇਟੀ (ਚਿੰਤਾ) ਅਤੇ ਡਿਪ੍ਰੈਸ਼ਨ (ਤਣਾਅ) ਦੇ ਲੱਛਣ ਮਹਿਸੂਸ ਹੋਣ ਲੱਗ ਪਏ ਸਨ। ਇਹ ਅਜਿਹੀਆਂ ਮਾਨਸਿਕ ਬਿਮਾਰੀਆਂ ਸਨ, ਜਿਨ੍ਹਾਂ ਦਾ ਪਤਾ ਉਨ੍ਹਾਂ ਨੂੰ ਕਈ ਸਾਲ ਬਾਅਦ ਇੱਕ ਥੈਰੇਪਿਸਟ ਵੱਲੋਂ ਕੀਤੇ ਗਏ ਇਲਾਜ ਦੌਰਾਨ ਲੱਗਾ।

ਇਸ ਤੋਂ ਇਲਾਵਾ, ਉਹ ਆਪਣੀ ਸਰੀਰਕ ਬਣਾਵਟ ਬਾਰੇ ਵੀ ਬਹੁਤ ਜ਼ਿਆਦਾ ਸੋਚਣ ਲੱਗ ਪਏ ਸਨ। ਬਚਪਨ ਵਿੱਚ ਜਿਵੇਂ ਹੀ ਉਨ੍ਹਾਂ ਨੇ ਇਸ ਪਲੇਟਫਾਰਮ ਦਾ ਇਸਤੇਮਾਲ ਸ਼ੁਰੂ ਕੀਤਾ, ਲਗਭਗ ਉਸੇ ਸਮੇਂ ਤੋਂ ਉਨ੍ਹਾਂ ਨੇ ਇੰਸਟਾਗ੍ਰਾਮ ਦੇ ਅਜਿਹੇ ਫਿਲਟਰ ਇਸਤੇਮਾਲ ਕਰਨੇ ਸ਼ੁਰੂ ਕਰ ਦਿੱਤੇ ਸਨ, ਜਿਨ੍ਹਾਂ ਨਾਲ ਉਨ੍ਹਾਂ ਦੀ ਸ਼ਕਲ-ਸੂਰਤ ਬਦਲ ਜਾਂਦੀ ਸੀ - ਜਿਵੇਂ ਕਿ ਉਨ੍ਹਾਂ ਦੀ ਨੱਕ ਛੋਟੀ ਅਤੇ ਅੱਖਾਂ ਵੱਡੀਆਂ ਦਿਖਾਈ ਦਿੰਦੀਆਂ ਸਨ।

ਬਾਅਦ ਵਿੱਚ ਕਾਲੇਅ ਨੂੰ 'ਬਾਡੀ ਡਿਸਮਾਰਫੀਆ' (body dysmorphia) ਨਾਮਕ ਇੱਕ ਮਾਨਸਿਕ ਬਿਮਾਰੀ ਦਾ ਪਤਾ ਲੱਗਾ। ਇਸ ਬਿਮਾਰੀ ਨਾਲ ਪੀੜਤ ਲੋਕ ਆਪਣੀ ਸਰੀਰਕ ਬਣਾਵਟ ਬਾਰੇ ਬਹੁਤ ਜ਼ਿਆਦਾ ਚਿੰਤਾ ਕਰਦੇ ਹਨ ਅਤੇ ਉਹ ਆਪਣੇ ਆਪ ਨੂੰ ਉਸ ਤਰ੍ਹਾਂ ਨਹੀਂ ਦੇਖ ਪਾਉਂਦੇ, ਜਿਵੇਂ ਹੋਰ ਲੋਕ ਉਨ੍ਹਾਂ ਨੂੰ ਦੇਖਦੇ ਹਨ।

ਨੌਜਵਾਨ ਅਤੇ ਸੋਸ਼ਲ ਮੀਡੀਆ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਫਰੋਸਟਰ ਦੇ ਰਿਸਰਚ ਡਾਇਰੈਕਟਰ ਮਾਈਕ ਪ੍ਰੋਲਕਸ ਨੇ ਕਿਹਾ ਕਿ ਇਹ ਲਗਾਤਾਰ ਆਏ ਫ਼ੈਸਲੇ, ਸੋਸ਼ਲ ਮੀਡੀਆ ਕੰਪਨੀਆਂ ਅਤੇ ਆਮ ਜਨਤਾ ਦੇ ਵਿਚਕਾਰ ਪੈਦਾ ਹੋ ਰਹੇ "ਤਣਾਅ ਦੇ ਚਰਮ ਬਿੰਦੂ" ਨੂੰ ਸਾਫ਼ ਤੌਰ 'ਤੇ ਦਰਸਾਉਂਦੇ ਹਨ (ਸੰਕੇਤਕ ਤਸਵੀਰ)

ਕਾਲੇਅ ਦੇ ਵਕੀਲਾਂ ਨੇ ਦਲੀਲ ਦਿੱਤੀ ਕਿ ਇੰਸਟਾਗ੍ਰਾਮ ਦੇ ਕੁਝ ਫੀਚਰ ਜਿਵੇਂ ਕਿ 'ਇਨਫਿਨਿਟ ਸਕ੍ਰੋਲ' (infinite scroll) ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਸੀ ਕਿ ਲੋਕਾਂ ਨੂੰ ਲਤ ਲੱਗ ਜਾਵੇ।

ਵਕੀਲਾਂ ਨੇ ਕਿਹਾ ਕਿ ਮੈਟਾ ਦੇ ਟੀਚਿਆਂ ਦਾ ਮਕਸਦ ਹੀ ਇਹ ਸੀ ਕਿ ਵੱਧ ਤੋਂ ਵੱਧ ਨੌਜਵਾਨ ਉਸਦੇ ਪਲੇਟਫਾਰਮ ਦਾ ਇਸਤੇਮਾਲ ਕਰਨ।

ਮਾਹਰਾਂ ਅਤੇ ਮੈਟਾ ਦੇ ਸਾਬਕਾ ਅਧਿਕਾਰੀਆਂ ਦੀ ਗਵਾਹੀ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਨੇ ਇਹ ਦਲੀਲ ਦਿੱਤੀ ਕਿ ਕੰਪਨੀ ਨੌਜਵਾਨ ਉਪਭੋਗਤਾਵਾਂ ਨੂੰ ਇਸ ਲਈ ਆਪਣੇ ਨਾਲ ਜੋੜਨਾ ਚਾਹੁੰਦੀ ਸੀ, ਕਿਉਂਕਿ ਸੰਭਾਵਨਾ ਇਹ ਸੀ ਕਿ ਉਹ ਲੰਬੇ ਸਮੇਂ ਤੱਕ ਉਸਦੇ ਪਲੇਟਫਾਰਮ ਦਾ ਇਸਤੇਮਾਲ ਕਰਦੇ ਰਹਿਣਗੇ।

ਜਦੋਂ ਕਾਲੇਅ ਦੇ ਵਕੀਲਾਂ ਨੇ ਇੰਸਟਾਗ੍ਰਾਮ ਦੇ ਮੁਖੀ ਐਡਮ ਮੂਸੇਰੀ ਨੂੰ ਦੱਸਿਆ ਕਿ ਕਾਲੇਅ ਨੇ ਇੱਕ ਦਿਨ ਵਿੱਚ ਪਲੇਟਫਾਰਮ ਦਾ ਸਭ ਤੋਂ ਲੰਮੇ ਸਮੇਂ ਤੱਕ ਇਸਤੇਮਾਲ 16 ਘੰਟਿਆਂ ਤੱਕ ਕੀਤਾ ਸੀ, ਤਾਂ ਐਡਮ ਨੇ ਇਸ ਨੂੰ ਲਤ ਲੱਗਣ ਦਾ ਸਬੂਤ ਮੰਨਣ ਤੋਂ ਇਨਕਾਰ ਕਰ ਦਿੱਤਾ।

ਇਸ ਦੀ ਬਜਾਏ, ਉਨ੍ਹਾਂ ਨੇ ਇੱਕ ਕਿਸ਼ੋਰ ਵੱਲੋਂ ਦਿਨ ਦੇ ਜ਼ਿਆਦਾਤਰ ਘੰਟੇ ਇੰਸਟਾਗ੍ਰਾਮ 'ਤੇ ਬਿਤਾਉਣ ਨੂੰ "ਸਮੱਸਿਆ ਵਾਲਾ" ਕਿਹਾ।

ਕਾਲੇਅ ਦੇ ਵਕੀਲਾਂ ਨੇ ਬੁੱਧਵਾਰ ਨੂੰ ਕਿਹਾ ਕਿ ਜੂਰੀ ਦਾ ਫ਼ੈਸਲਾ "ਇੱਕ ਸਪਸ਼ਟ ਸੰਦੇਸ਼ ਦਿੰਦਾ ਹੈ ਕਿ ਜਦੋਂ ਗੱਲ ਸਾਡੇ ਬੱਚਿਆਂ ਦੀ ਆਉਂਦੀ ਹੈ, ਤਾਂ ਕੋਈ ਵੀ ਕੰਪਨੀ ਜ਼ਿੰਮੇਵਾਰੀ ਤੋਂ ਉੱਪਰ ਨਹੀਂ ਹੈ।"

ਮੈਟਾ ਅਤੇ ਹੋਰ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਖ਼ਿਲਾਫ਼ ਬੱਚਿਆਂ ਨੂੰ ਪਹੁੰਚੇ ਨੁਕਸਾਨ ਦੇ ਇਲਜ਼ਾਮਾਂ ਸਬੰਧੀ ਇੱਕ ਹੋਰ ਮਾਮਲਾ ਕੈਲੀਫ਼ੋਰਨੀਆ ਦੀ ਸੰਘੀ ਅਦਾਲਤ ਵਿੱਚ ਜੂਨ ਵਿੱਚ ਸ਼ੁਰੂ ਹੋਣ ਲਈ ਤਿਆਰ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)