ਅੱਧੀ ਸਦੀ ਬਾਅਦ ਨਾਸਾ ਨੂੰ ਹੁਣ ਚੰਦ 'ਤੇ ਕਿਉਂ ਜਾਣਾ ਪੈ ਰਿਹਾ ਹੈ, ਚੰਦ ਦੇ ਕਿਹੜੇ ਖੇਤਰ ਤੱਕ ਪਹੁੰਚਣਾ ਚਾਹੁੰਦਾ ਅਮਰੀਕਾ ਅਤੇ ਚੀਨ?

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, ਇਹ ਤਸਵੀਰ ਮੰਗਲ ਗ੍ਰਹਿ ਦੀ ਸਤ੍ਹਾ ਦਾ ਡਿਜੀਟਲ ਚਿੱਤਰਣ ਹੈ
    • ਲੇਖਕ, ਰੇਬੇਕਾ ਮੋਰੇਲ
    • ਰੋਲ, ਸਾਇੰਸ ਐਡੀਟਰ
    • ਲੇਖਕ, ਐਲੀਸਨ ਫਰਾਂਸਿਸ
    • ਰੋਲ, ਸੀਨੀਅਰ ਵਿਗਿਆਨ ਪੱਤਰਕਾਰ
  • ਪੜ੍ਹਨ ਦਾ ਸਮਾਂ: 7 ਮਿੰਟ

ਅਗਲੇ ਕੁਝ ਦਿਨਾਂ ਵਿੱਚ ਨਾਸਾ ਆਟ੍ਰੇਮਿਸ 2 ਮਿਸ਼ਨ ਲਾਂਚ ਕਰਨ ਦੀ ਯੋਜਨਾ ਬਣਾ ਰਿਹਾ ਹੈ, ਜਿਸ ਦੇ ਤਹਿਤ ਚਾਰ ਪੁਲਾੜ ਯਾਤਰੀਆਂ ਨੂੰ ਚੰਦ ਵੱਲ ਰਵਾਨਾ ਕੀਤਾ ਜਾਵੇਗਾ।

ਪੁਲਾੜ ਵਿੱਚ ਮੌਜੂਦ ਸਾਡੇ ਸਭ ਤੋਂ ਨੇੜਲੇ ਗੁਆਂਢੀ ਦੇ ਚਾਰੇ ਪਾਸੇ ਉਨ੍ਹਾਂ ਦੀ ਇਹ ਯਾਤਰਾ ਅੱਗੇ ਚੱਲ ਕੇ ਚੰਦਰਮਾ 'ਤੇ ਉਤਰਨ ਅਤੇ ਅਖੀਰ ਉੱਥੇ ਇੱਕ ਬੇਸ ਬਣਾਉਣ ਦਾ ਰਾਹ ਪੱਧਰਾ ਕਰੇਗੀ।

ਨਾਸਾਂ ਦੇ ਆਟ੍ਰੇਮਿਸ ਪ੍ਰੋਗਰਾਮ ਵਿੱਚ ਕਈ ਸਾਲਾਂ ਦੀ ਮਿਹਨਤ ਲੱਗੀ ਹੈ, ਹਜ਼ਾਰਾਂ ਲੋਕ ਇਸ ਨਾਲ ਜੁੜੇ ਰਹੇ ਹਨ ਅਤੇ ਹੁਣ ਤੱਕ ਇਸ 'ਤੇ ਤਕਰੀਬਨ 93 ਅਰਬ ਡਾਲਰ ਖ਼ਰਚ ਹੋ ਚੁੱਕੇ ਹਨ।

ਪਰ ਕੁਝ ਲੋਕਾਂ ਨੂੰ ਇਹ ਸਭ ਦੇਖ ਕੇ ਅਹਿਸਾਸ ਹੁੰਦਾ ਹੈ, 'ਇਸ ਵਿੱਚ ਨਵਾਂ ਕੀ ਹੈ?'

Sorry, we can’t display this part of the story on this lightweight mobile page.

ਪੰਜਾਹ ਸਾਲ ਤੋਂ ਵੀ ਪਹਿਲਾਂ, ਅਮਰੀਕਾ ਦੇ ਅਪੋਲੋ ਮਿਸ਼ਨਾਂ ਨੇ ਇਤਿਹਾਸ ਰਚਿਆ ਸੀ, ਜਦੋਂ ਪਹਿਲੀ ਵਾਰ ਇਨਸਾਨ ਨੇ ਚੰਦਰਮਾ ਦੀ ਸਤ੍ਹਾ 'ਤੇ ਕਦਮ ਰੱਖਿਆ ਸੀ।

ਪਰ ਬਾਅਦ ਵਿੱਚ ਅਜਿਹਾ ਜਾਪਣ ਲੱਗਾ ਸੀ ਕਿ 'ਪੁਲਾੜ ਵਿੱਚ ਕੀਤੇ ਜਾਣ ਵਾਲੇ ਕੰਮਾਂ ਦੀ ਸੂਚੀ' ਵਿੱਚ ਚੰਦਰਮਾ ਦਾ ਨਾਮ ਕੱਟਿਆ ਗਿਆ ਹੈ।

ਤਾਂ ਫਿਰ ਅਮਰੀਕਾ ਇੰਨੀ ਜ਼ਿਆਦਾ ਮਿਹਨਤ, ਸਮਾਂ ਅਤੇ ਪੈਸਾ ਕਿਉਂ ਲਗਾ ਰਿਹਾ ਹੈ ਅਤੇ ਚੰਦਰਮਾ 'ਤੇ ਫਿਰ ਤੋਂ ਪਰਤਣ ਦੀ ਹੋੜ ਵਿੱਚ ਕਿਉਂ ਹੈ?

ਕੀਮਤੀ ਸਰੋਤ

ਤਸਵੀਰ ਸਰੋਤ, NASA

ਤਸਵੀਰ ਕੈਪਸ਼ਨ, ਅਪੋਲੋ ਮਿਸ਼ਨਾਂ ਦੌਰਾਨ, ਪੁਲਾੜ ਯਾਤਰੀ ਚੰਦਰਮਾ ਦੀਆਂ ਚੱਟਾਨਾਂ ਦੇ ਟੁਕੜੇ ਧਰਤੀ 'ਤੇ ਵਾਪਸ ਲਿਆਏ

ਚੰਦ ਦੀ ਜ਼ਮੀਨ ਦੇਖਣ ਵਿੱਚ ਭਾਵੇਂ ਹੀ ਸੁੱਕੀ, ਧੂੜ ਭਰੀ ਅਤੇ ਬੰਜਰ ਲਗਦੀ ਹੋਵੇ, ਪਰ ਹਕੀਕਤ ਇਸ ਤੋਂ ਬਿਲਕੁਲ ਵੱਖ ਹੈ।

ਨੈਚੁਰਲ ਹਿਸਟਰੀ ਮਿਊਜ਼ੀਅਮ ਦੀ ਗ੍ਰਹਿ ਵਿਗਿਆਨੀ ਪ੍ਰੋਫੈਸਰ ਸਾਰਾ ਰਸੇਲ ਕਹਿੰਦੀ ਹੈ, "ਚੰਦ ਵਿੱਚ ਉਹੀ ਤੱਤ ਮੌਜੂਦ ਹਨ ਜੋ ਸਾਨੂੰ ਧਰਤੀ 'ਤੇ ਮਿਲਦੇ ਹਨ।"

"ਮਿਸਾਲ ਵਜੋਂ ਰੇਅਰ ਅਰਥ ਐਲੀਮੈਂਟ (ਦੁਰਲੱਭ ਤੱਤ) ਜੋ ਧਰਤੀ 'ਤੇ ਬਹੁਤ ਘੱਟ ਮਿਲਦੀਆਂ ਹਨ, ਚੰਦ ਦੇ ਕੁਝ ਹਿੱਸਿਆਂ ਵਿੱਚ ਸ਼ਾਇਦ ਇੰਨੀ ਮਾਤਰਾ ਵਿੱਚ ਮੌਜੂਦ ਹੋਣ ਕਿ ਉਨ੍ਹਾਂ ਨੂੰ ਕੱਢਿਆ ਜਾ ਸਕੇ।"

ਇਨ੍ਹਾਂ ਵਿੱਚ ਲੋਹਾ ਅਤੇ ਟਾਈਟੇਨੀਅਮ ਜਿਹੀਆਂ ਧਾਤਾਂ ਵੀ ਹਨ ਅਤੇ ਹੀਲੀਅਮ ਵੀ, ਜਿਸ ਦਾ ਇਸਤੇਮਾਲ ਸੁਪਰਕੰਡਕਟਰ ਤੋਂ ਲੈ ਕੇ ਮੈਡੀਕਲ ਉਪਕਰਨਾਂ ਤੱਕ, ਕਈ ਚੀਜ਼ਾਂ ਵਿਚ ਹੁੰਦਾ ਹੈ।

ਪਰ ਜਿਸ ਸਰੋਤ ਨੇ ਸਭ ਤੋਂ ਵੱਧ ਧਿਆਨ ਖਿੱਚਿਆ ਹੈ, ਉਹ ਸਭ ਤੋਂ ਹੈਰਾਨ ਕਰਨ ਵਾਲਾ ਵੀ ਹੈ-ਪਾਣੀ।

ਰਸੇਲ ਕਹਿੰਦੀ ਹੈ, "ਚੰਦ ਦੇ ਕੁਝ ਖਣਿਜਾਂ ਵਿੱਚ ਪਾਣੀ ਫਸਿਆ ਹੋਇਆ ਹੈ ਅਤੇ ਧਰੁਵਾਂ 'ਤੇ ਵੀ ਪਾਣੀ ਦੀ ਚੰਗੀ ਮਾਤਰਾ ਮੌਜੂਦ ਹੈ।"

ਉਹ ਕਹਿੰਦੇ ਹਨ ਕਿ ਉੱਥੇ ਅਜਿਹੇ ਟੋਏ ਹਨ ਜੋ ਹਮੇਸ਼ਾ ਛਾਂ ਵਿੱਚ ਰਹਿੰਦੇ ਹਨ, ਜਿੱਥੇ ਬਰਫ਼ ਜਮ੍ਹਾ ਹੋ ਸਕਦੀ ਹੈ।

ਜੇ ਤੁਸੀਂ ਚੰਦ 'ਤੇ ਰਹਿਣਾ ਚਾਹੁੰਦੇ ਹੋ, ਤਾਂ ਪਾਣੀ ਤੱਕ ਪਹੁੰਚਣਾ ਬੇਹਦ ਜ਼ਰੂਰੀ ਹੈ। ਇਹ ਨਾ ਸਿਰਫ਼ ਪੀਣ ਦੇ ਕੰਮ ਆਉਂਦਾ ਹੈ, ਬਲਕਿ ਇਸ ਨੂੰ ਹਾਈਡ੍ਰੋਜਨ ਅਤੇ ਆਕਸੀਜਨ ਵਿੱਚ ਤੋੜ ਕੇ ਪੁਲਾੜ ਯਾਤਰੀਆਂ ਦੇ ਸਾਹ ਲੈਣ ਲਈ ਹਵਾ ਤਿਆਰ ਕੀਤੀ ਜਾ ਸਕਦੀ ਹੈ ਅਤੇ ਇੱਥੋਂ ਤੱਕ ਕਿ ਪੁਲਾੜ ਵਾਹਨਾਂ ਲਈ ਈਂਧਨ ਵੀ ਬਣਾਇਆ ਜਾ ਸਕਦਾ ਹੈ।

ਪੁਲਾੜ ਵਿੱਚ ਦਬਦਬੇ ਦੀ ਦੌੜ

ਤਸਵੀਰ ਸਰੋਤ, CNSA HANDOUT via EPA

ਤਸਵੀਰ ਕੈਪਸ਼ਨ, ਚੀਨ ਨੇ ਚੰਦਰਮਾ 'ਤੇ ਰੋਬੋਟ ਅਤੇ ਰੋਵਰ ਸਫਲਤਾਪੂਰਵਕ ਉਤਾਰੇ ਹਨ

ਸਾਲ 1960 ਅਤੇ 1970 ਦੇ ਦਹਾਕੇ ਵਿੱਚ ਅਮਰੀਕਾ ਦੇ ਅਪੋਲੋ ਮਿਸ਼ਨ ਸੋਵੀਅਤ ਸੰਘ ਦੇ ਨਾਲ ਪੁਲਾੜ ਵਿੱਚ ਦਬਦਬੇ ਦੀ ਦੌੜ ਤੋਂ ਪ੍ਰੇਰਿਤ ਸੀ।

ਇਸ ਵਾਰ ਮੁਕਾਬਲੇ ਵਿੱਚ ਚੀਨ ਹੈ।

ਚੀਨ ਆਪਣੇ ਪੁਲਾੜ ਪ੍ਰੋਗਰਾਮ ਵਿਚ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਉਹ ਚੰਦ 'ਤੇ ਰੋਬੋਟ ਅਤੇ ਰੋਵਰ ਸਫਲਤਾਪੂਰਵਕ ਉਤਾਰ ਚੁੱਕਿਆ ਹੈ ਅਤੇ ਉਸ ਦਾ ਕਹਿਣਾ ਹੈ ਕਿ ਉਹ 2030 ਤੱਕ ਇਨਸਾਨਾਂ ਨੂੰ ਵੀ ਉੱਥੇ ਪਹੁੰਚਾ ਦੇਵੇਗਾ।

ਚੰਦ ਦੀ ਧੂੜ ਵਿੱਚ ਸਭ ਤੋਂ ਪਹਿਲਾਂ ਆਪਣਾ ਝੰਡਾ ਗੱਡਣ ਦਾ ਮਾਣ ਅੱਜ ਵੀ ਮਾਇਨੇ ਰੱਖਦਾ ਹੈ। ਪਰ ਹੁਣ ਇਹ ਹੋਰ ਵੀ ਅਹਿਮ ਹੋ ਗਿਆ ਹੈ ਕਿ ਤੁਸੀਂ ਝੰਡਾ ਕਿੱਥੇ ਗੱਡਦੇ ਹੋ।

ਅਮਰੀਕਾ ਅਤੇ ਚੀਨ, ਦੋਵੇਂ ਹੀ, ਉਨ੍ਹਾਂ ਇਲਾਕਿਆਂ ਤੱਕ ਪਹੁੰਚ ਚਾਹੁੰਦੇ ਹਨ ਜਿੱਥੇ ਸਰੋਤ ਸਭ ਤੋਂ ਜ਼ਿਆਦਾ ਹਨ, ਭਾਵ ਚੰਦ ਦੀ ਸਭ ਤੋਂ ਕੀਮਤੀ ਜ਼ਮੀਨ 'ਤੇ ਕਬਜ਼ਾ ਜਮਾਉਣਾ।

ਸੰਯੁਕਤ ਰਾਸ਼ਟਰ ਦੀ 1967 ਦੀ ਆਊਟਰ ਸਪੇਸ ਸੰਧੀ ਕਹਿੰਦੀ ਹੈ ਕਿ ਕੋਈ ਵੀ ਦੇਸ਼ ਚੰਦ ਦਾ ਮਾਲਕ ਨਹੀਂ ਬਣ ਸਕਦਾ। ਪਰ ਚੰਦ 'ਤੇ ਜੋ ਕੁਝ ਵੀ ਮਿਲਦਾ ਹੈ, ਇਸ ਮਾਮਲੇ ਵਿੱਚ ਸਥਿਤੀ ਇੰਨੀ ਸਿੱਧੀ ਨਹੀਂ ਹੈ।

ਬ੍ਰਿਟੇਨ ਦੀ ਪਹਿਲੀ ਪੁਲਾੜ ਯਾਤਰੀ ਡਾਕਟਰ ਹੇਲੇਨ ਸ਼ਰਮਨ ਕਹਿੰਦੇ ਹਨ, "ਸੰਯੁਕਤ ਰਾਸ਼ਟਰ ਦੀ ਸੰਧੀ ਤਹਿਤ ਤੁਸੀਂ ਜ਼ਮੀਨ ਦੇ ਕਿਸੇ ਟੁਕੜੇ ਦੇ ਮਾਲਕ ਤਾਂ ਨਹੀਂ ਬਣ ਸਕਦੇ, ਪਰ ਅਸਲ ਵਿੱਚ ਤੁਸੀਂ ਉਸ ਜ਼ਮੀਨ 'ਤੇ ਬਿਨ੍ਹਾਂ ਕਿਸੇ ਦੀ ਦਖਲਅੰਦਾਜ਼ੀ ਦੇ, ਕੰਮ ਕਰ ਸਕਦੇ ਹੋ।"

"ਤਾਂ ਇਸ ਵੇਲੇ ਸਭ ਤੋਂ ਵੱਡੀ ਗੱਲ ਇਹੀ ਹੈ ਕਿ ਤੁਸੀਂ ਆਪਣੀ ਜ਼ਮੀਨ ਦਾ ਹਿੱਸਾ ਕਿਸੇ ਤਰ੍ਹਾਂ ਘੇਰ ਲਓ। ਤੁਸੀਂ ਉਸ ਦੇ ਮਾਲਕ ਨਹੀਂ ਬਣ ਸਕਦੇ, ਪਰ ਉਸ ਦੀ ਵਰਤੋਂ ਕਰ ਸਕਦੇ ਹੋ। ਅਤੇ ਇੱਕ ਵਾਰ ਜੇ ਤੁਸੀਂ ਉੱਥੇ ਪਹੁੰਚ ਗਏ, ਤਾਂ ਜਦੋਂ ਤੱਕ ਚਾਹੋ, ਉਹ ਹਿੱਸਾ ਤੁਹਾਡੇ ਕੋਲ ਹੀ ਰਹਿੰਦਾ ਹੈ।"

ਮੰਗਲ ਗ੍ਰਹਿ ਦਾ ਰਾਹ ਤਿਆਰ ਕਰਨਾ

ਤਸਵੀਰ ਸਰੋਤ, Getty Images

ਤਸਵੀਰ ਕੈਪਸ਼ਨ, 1969 ਵਿੱਚ, ਪੁਲਾੜ ਯਾਤਰੀ ਬਜ਼ ਐਲਡਰਿਨ ਚੰਦਰਮਾ ਦੀ ਸਤ੍ਹਾ 'ਤੇ ਅਮਰੀਕੀ ਝੰਡੇ ਨੂੰ ਸਲਾਮੀ ਦਿੰਦੇ ਹੋਏ

ਨਾਸਾ ਦੀ ਨਜ਼ਰ ਹੁਣ ਮੰਗਲ ਗ੍ਰਹਿ 'ਤੇ ਟਿਕੀ ਹੈ ਅਤੇ ਉਹ 2030 ਤੱਕ ਦੇ ਦਹਾਕੇ ਤੱਕ ਇਨਸਾਨਾਂ ਨੂੰ ਉੱਥੇ ਭੇਜਣਾ ਚਾਹੁੰਦਾ ਹੈ। ਪਰ ਉਸ ਨੇ ਜਿਨ੍ਹਾਂ ਚੁਣੌਤੀਆਂ ਨਾਲ ਨਜਿੱਠਣਾ ਹੈ, ਉਨ੍ਹਾਂ ਨੂੰ ਦੇਖਦਿਆਂ ਇਹ ਸਮਾਂ-ਸੀਮਾ ਕਾਫ਼ੀ ਅਭਿਲਾਸ਼ੀ ਆਖੀ ਜਾ ਸਕਦੀ ਹੈ।

ਪਰ ਕਿਤੋਂ ਨਾ ਕਿਤੋਂ ਤਾਂ ਸ਼ੁਰੂਆਤ ਕਰਨੀ ਹੀ ਹੁੰਦੀ ਹੈ ਅਤੇ ਅਮਰੀਕਾ ਨੇ ਤੈਅ ਕੀਤਾ ਹੈ ਕਿ ਉਹ ਸ਼ੁਰੂਆਤ ਚੰਦ ਤੋਂ ਕਰੇਗਾ।

ਸਾਇੰਸ ਮਿਊਜ਼ੀਅਮ ਵਿੱਚ ਪੁਲਾੜ ਵਿਭਾਗ ਦੀ ਮੁਖੀ ਲਿਬੀ ਜੈਕਸਨ ਕਹਿੰਦੀ ਹੈ, "ਚੰਦ 'ਤੇ ਜਾਣਾ ਅਤੇ ਲੰਬੇ ਸਮੇਂ ਤੱਕ ਉੱਥੇ ਰੁਕਣਾ, ਕਿਸੇ ਦੂਜੇ ਗ੍ਰਹਿ 'ਤੇ ਰਹਿਣ ਅਤੇ ਕੰਮ ਕਰਨ ਦੇ ਤਰੀਕੇ ਸਿੱਖਣ ਲਈ ਕਿਤੇ ਜ਼ਿਆਦਾ ਸੁਰੱਖਿਅਤ, ਸਸਤੀ ਅਤੇ ਸੌਖੀ ਪ੍ਰੀਖਣ ਜਗ੍ਹਾ ਹੈ।"

ਚੰਦ 'ਤੇ ਬਣਨ ਵਾਲੇ ਬੇਸ 'ਤੇ ਨਾਸਾ ਉਨ੍ਹਾਂ ਤਕਨੀਕਾਂ ਨੂੰ ਬਿਹਤਰ ਬਣਾ ਸਕਦਾ ਹੈ, ਜਿਨ੍ਹਾਂ ਨਾਲ ਪੁਲਾੜ ਯਾਤਰੀਆਂ ਨੂੰ ਜ਼ਰੂਰੀ ਹਵਾ ਅਤੇ ਪਾਣੀ ਮੁਹੱਈਆ ਕਰਵਾਇਆ ਜਾ ਸਕੇ।

ਉਨ੍ਹਾਂ ਨੂੰ ਇਹ ਵੀ ਤੈਅ ਕਰਨਾ ਪਏਗਾ ਕਿ ਊਰਜਾ ਕਿਵੇਂ ਪੈਦਾ ਕੀਤੀ ਜਾਵੇ ਅਤੇ ਅਜਿਹੇ ਟਿਕਾਣੇ ਕਿਵੇਂ ਬਣਾਏ ਜਾਣ, ਜੋ ਇਨਸਾਨਾਂ ਨੂੰ ਬਹੁਤ ਜ਼ਿਆਦਾ ਤਾਪਮਾਨ ਦੇ ਨਾਲ-ਨਾਲ ਖ਼ਤਰਨਾਕ ਪੁਲਾੜ ਕਿਰਨਾ ਤੋਂ ਵੀ ਬਚਾਇਆ ਜਾ ਸਕੇ।

ਜੈਕਸਨ ਕਹਿੰਦੀ ਹੈ, "ਇਹ ਸਾਰੀਆਂ ਅਜਿਹੀਆਂ ਤਕਨੀਕਾਂ ਹਨ ਕਿ ਜੇ ਤੁਸੀਂ ਇਨ੍ਹਾਂ ਨੂੰ ਪਹਿਲੀ ਵਾਰ ਮੰਗਲ ਗ੍ਰਹਿ 'ਤੇ ਅਜ਼ਮਾਓ ਅਤੇ ਉੱਥੇ ਕੁਝ ਗ਼ਲਤ ਹੋ ਜਾਵੇ, ਤਾਂ ਹਾਲਾਤ ਬਹੁਤ ਵਿਨਾਸ਼ਕਾਰੀ ਹੋ ਸਕਦੇ ਹਨ। ਇਨ੍ਹਾਂ ਨੂੰ ਚੰਦ 'ਤੇ ਅਜ਼ਮਾਉਣਾ ਕਿਤੇ ਜ਼ਿਆਦਾ ਸੁਰੱਖਿਅਤ ਅਤੇ ਸੌਖਾ ਹੈ।"

ਉਹ ਰਾਜ਼, ਜਿਨ੍ਹਾਂ ਤੋਂ ਪਰਦਾ ਚੁੱਕਣਾ ਹਾਲੇ ਬਾਕੀ ਹੈ

ਤਸਵੀਰ ਸਰੋਤ, NASA

ਤਸਵੀਰ ਕੈਪਸ਼ਨ, ਵਿਗਿਆਨੀਆਂ ਦਾ ਕਹਿਣਾ ਹੈ ਕਿ ਚੰਦਰਮਾ 'ਤੇ ਅਜੇ ਵੀ ਬਹੁਤ ਕੁਝ ਖੋਜਿਆ ਜਾਣਾ ਬਾਕੀ ਹੈ

ਵਿਗਿਆਨੀ ਚੰਦ ਤੋਂ ਮਿਲਣ ਵਾਲੇ ਸਮਾਨ 'ਤੇ ਹੱਥ ਮਾਰਨ ਲਈ ਬੇਚੈਨ ਹਨ (ਬੇਸ਼ੱਕ ਦਸਤਾਨੇ ਪਹਿਨ ਕੇ)।

ਅਪੋਲੋ ਮਿਸ਼ਨਾਂ ਦੌਰਾਨ ਧਰਤੀ 'ਤੇ ਲਿਆਂਦੀਆਂ ਗਈਆਂ ਚੱਟਾਨਾਂ ਨੇ ਖਗੋਲ ਵਿਚ ਸਾਡੇ ਇਸ ਗੁਆਂਢੀ ਨੂੰ ਲੈ ਕੇ ਸਾਡੀ ਸਮਝ ਬਦਲ ਦਿੱਤੀ ਸੀ।

ਪ੍ਰੋਫੈਸਰ ਸਾਰਾ ਪਸੇਲ ਕਹਿੰਦੇ ਹਨ, "ਇਨ੍ਹਾਂ ਚੱਟਾਨਾਂ ਨੇ ਸਾਨੂੰ ਦੱਸਿਆ ਕਿ ਚੰਦ ਇੱਕ ਬੇਹਦ ਨਾਟਕੀ ਘਟਨਾ ਤੋਂ ਬਾਅਦ ਬਣਿਆ ਸੀ, ਜਦੋਂ ਮੰਗਲ ਦੇ ਅਕਾਰ ਦਾ ਇੱਕ ਪਿੰਡ ਧਰਤੀ ਨਾਲ ਟਕਰਾਇਆ ਤਾਂ ਉਸ ਦੇ ਟੁੱਟੇ ਹਿੱਸਿਆਂ ਤੋਂ ਚੰਦ ਬਣਿਆ। ਸਾਨੂੰ ਇਹ ਸਭ ਅਪੋਲੋ ਮਿਸ਼ਨਾਂ ਤੋਂ ਲਿਆਂਦੀਆਂ ਚਟਾਨਾਂ ਕਾਰਨ ਪਤਾ ਲੱਗਿਆ।"

ਪਰ ਉਨ੍ਹਾਂ ਦਾ ਕਹਿਣਾ ਹੈ ਕਿ ਹਾਲੇ ਵੀ ਬਹੁਤ ਕੁਝ ਖੋਜਣਾ ਬਾਕੀ ਹੈ।

ਕਿਉਂਕਿ ਚੰਦ ਕਦੇ ਧਰਤੀ ਦਾ ਹੀ ਹਿੱਸਾ ਸੀ, ਇਸ ਲਈ ਉਸ ਵਿੱਚ ਸਾਡੇ ਗ੍ਰਹਿ ਦੇ 4.5 ਅਰਬ ਸਾਲ ਦੇ ਇਤਹਾਸ ਦਾ ਰਿਕਾਰਡ ਮੌਜੂਦ ਹੈ। ਅਤੇ ਟੈਕਟਾਨਿਕ ਪਲੇਟਸ, ਹਵਾ ਜਾਂ ਬਾਰਿਸ਼ ਜਿਹੀ ਕੋਈ ਚੀਜ਼ ਨਾ ਹੋਣ ਕਰਕੇ ਇਸ ਰਿਕਾਰਡ ਨੂੰ ਮਿਟਾਉਣ ਵਾਲਾ ਕੁਝ ਨਹੀਂ ਹੈ। ਇਸ ਲਈ ਚੰਨ ਇੱਕ ਬਹਿਤਰੀਨ 'ਟਾਈਮ ਕੈਪਸਿਊਲ' ਹੈ।

ਰਸੇਲ ਕਹਿੰਦੇ ਹਨ, "ਚੰਦ ਧਰਤੀ ਦਾ ਇੱਕ ਸ਼ਾਨਦਾਰ ਪੁਰਾਲੇਖ ਹੈ। ਚੰਦ ਦੇ ਕਿਸੇ ਹੋਰ ਹਿੱਸੇ ਤੋਂ ਲਿਆਂਦੀਆਂ ਗਈਆਂ ਚੱਟਾਨਾਂ ਦਾ ਨਵਾਂ ਭੰਡਾਰ ਵਾਕਈ ਵਿਲੱਖਣ ਹੋਏਗਾ।"

ਨਵੀਂ ਪੀੜ੍ਹੀ ਨੂੰ ਪ੍ਰੇਰਣਾ

ਤਸਵੀਰ ਸਰੋਤ, Joe Raedle/Getty Images

ਤਸਵੀਰ ਕੈਪਸ਼ਨ, ਉਮੀਦ ਹੈ ਕਿ ਆਰਟੇਮਿਸ ਮਿਸ਼ਨ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰੇਗਾ

ਅਪੋਲੋ ਮਿਸ਼ਨਾਂ ਤੋਂ ਭੇਜੀਆਂ ਗਈ ਦਾਗ਼ਦਾਰ, ਚਿੱਟੀਆਂ-ਕਾਲੀਆਂ ਤਸਵੀਰਾਂ ਨੇ ਪੁਲਾੜ ਦੇ ਸੁਫ਼ਨੇ ਨੂੰ ਹਕੀਕਤ ਵਿੱਚ ਬਦਲ ਦਿੱਤਾ ਹੈ।

ਅਤੇ ਭਾਵੇਂ ਹੀ ਦੇਖਣ ਵਾਲਿਆਂ ਵਿੱਚ ਸਿਰਫ਼ ਗਿਣੇ-ਚੁਣੇ ਲੋਕ ਹੀ ਅੱਗੇ ਚੱਲ ਕੇ ਖ਼ੁਦ ਪੁਲਾੜ ਯਾਤਰੀ ਬਣ ਸਕੇ, ਪਰ ਬਹੁਤ ਲੋਕਾਂ ਨੇ ਵਿਗਿਆਨ, ਤਕਨੀਕ ਅਤੇ ਇੰਜੀਨੀਅਰਿੰਗ ਦੇ ਖੇਤਰ ਵਿੱਚ ਆਪਣਾ ਕਰੀਅਰ ਚੁਣਿਆ।

ਉਮੀਦ ਹੈ ਕਿ ਆਟ੍ਰਿਮਿਸ ਮਿਸ਼ਨ, ਜਿਸ ਨੂੰ ਲਾਈਵ ਅਤੇ 4ਕੇ ਰੈਜ਼ੋਲਿਊਸ਼ਨ ਵਿੱਚ ਦਿਖਾਇਆ ਜਾਏਗਾ, ਉਹ ਇੱਕ ਨਵੀਂ ਪੀੜ੍ਹੀ ਨੂੰ ਪ੍ਰੇਰਿਤ ਕਰੇਗਾ।

ਲਿਬੀ ਜੈਕਸਨ ਕਹਿੰਦੇ ਹਨ, "ਅਸੀਂ ਤਕਨੀਕ ਨਾਲ ਭਰੀ ਦੁਨੀਆਂ ਵਿੱਚ ਰਹਿੰਦੇ ਹਾਂ। ਸਾਨੂੰ ਵਿਗਿਆਨੀਆਂ, ਇੰਜੀਨੀਅਰਾਂ ਅਤੇ ਗਣਿਤ ਮਾਹਰਾਂ ਦੀ ਜ਼ਰੂਰਤ ਹੈ ਅਤੇ ਪੁਲਾੜ ਵਿੱਚ ਲੋਕਾਂ ਨੂੰ ਇਨ੍ਹਾਂ ਵਿਸ਼ਿਆਂ ਲਈ ਉਤਸ਼ਾਹਿਤ ਕਰਨ ਦੀ ਜ਼ਬਰਦਸਤ ਤਾਕਤ ਹੈ।"

ਨਵੇਂ ਰੋਜ਼ਗਾਰ ਅਤੇ ਵਧਦੀ-ਫੁਲਦੀ ਪੁਲਾੜ ਅਰਥ-ਵਿਵਸਥਾ, ਅਮਰੀਕਾ ਨੂੰ ਆਟ੍ਰੇਮਿਸ 'ਤੇ ਲਗਾਏ ਗਏ ਅਰਬਾਂ ਡਾਲਰ ਵਸੂਲ ਕਰਵਾਉਣਗੇ। ਇਸੇ ਨਾਲ ਹੀ, ਇਨ੍ਹਾਂ ਮਿਸ਼ਨਾਂ ਲਈ ਵਿਕਸਿਤ ਕੀਤੀ ਗਈ ਤਕਨੀਕ ਤੋਂ ਨਿਕਲੀਆਂ ਚੀਜ਼ਾਂ ਵੀ ਧਰਤੀ 'ਤੇ ਕੰਮ ਆ ਸਕਣਗੀਆਂ।

ਪਰ ਹੇਲੇਨ ਸ਼ਰਮਨ ਕਹਿੰਦੇ ਹਨ ਕਿ ਚੰਦ 'ਤੇ ਵਾਪਸੀ ਦੁਨੀਆਂ ਨੂੰ ਇੱਕ ਹੋਰ ਬਹੁਤ ਜ਼ਰੂਰੀ ਉਮੀਦ ਦੇਵੇਗੀ।

ਉਹ ਕਹਿੰਦੇ ਹਨ, "ਜੇ ਅਸੀਂ ਸੱਚੀਓਂ ਇਕਜੁੱਟ ਹੋ ਕੇ ਕੰਮ ਕਰੀਏ, ਤਾਂ ਅਸੀਂ ਇਨਸਾਨੀਅਤ ਲਈ ਬਹੁਤ ਫਾਇਦੇਮੰਦ ਕੰਮ ਕਰ ਸਕਦੇ ਹਾਂ। ਇਹ ਸਾਨੂੰ ਦਿਖਾਏਗਾ ਕਿ ਇਨਸਾਨ ਕੀ-ਕੀ ਕਰ ਸਕਦਾ ਹੈ।"

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER, WhatsApp ਅਤੇ YouTube 'ਤੇ ਜੁੜੋ।)