166 ਸਾਲ ਪੁਰਾਣੇ ਸਕੂਲ ਨੂੰ ਢਾਹੁਣ ਦਾ ਵਿਰੋਧ, ਕਰਤਾਰ ਸਿੰਘ ਸਰਾਭਾ ਨਾਲ ਇਸ ਸਕੂਲ ਦਾ ਕੀ ਸੀ ਸਬੰਧ, ਵਿਦਿਆਰਥੀ ਤੇ ਪਿੰਡ ਵਾਸੀ ਕੀ ਮੰਗ ਕਰ ਰਹੇ?
- ਲੇਖਕ, ਹਰਮਨਦੀਪ ਸਿੰਘ
- ਰੋਲ, ਬੀਬੀਸੀ ਪੱਤਰਕਾਰ
- ਪੜ੍ਹਨ ਦਾ ਸਮਾਂ: 6 ਮਿੰਟ
"ਇਹ ਸਕੂਲ ਸਾਡਾ ਇਤਿਹਾਸ ਹੈ। ਅਸੀਂ ਇਸਨੂੰ ਢਾਹੁਣ ਨਹੀਂ ਦਿਆਂਗੇ। ਅਸੀਂ ਆਪਣਾ ਇਤਿਹਾਸ ਜਿਉਂਦਾ ਰੱਖਣਾ ਚਾਹੁੰਦੇ ਹਾਂ।"
ਸੇਵਾ ਮੁਕਤ ਪ੍ਰਿੰਸੀਪਲ ਬਲਵਿੰਦਰ ਸਿੰਘ ਗੁਜਰਵਾਲ ਪਿੰਡ ਦੇ ਉਸ 166 ਸਾਲਾ ਪੁਰਾਣੇ ਸੀਨੀਅਰ ਸੈਕੰਡਰੀ ਸਕੂਲ ਦੀ ਗੱਲ ਕਰ ਰਹੇ ਹਨ, ਜਿੱਥੇ ਕਦੇ ਅਜ਼ਾਦੀ ਘੁਲ਼ਾਟੀਏ ਕਰਤਾਰ ਸਿੰਘ ਸਰਾਭਾ ਪੜ੍ਹਦੇ ਹੁੰਦੇ ਸੀ।
ਬ੍ਰਿਟਿਸ਼ ਹਕੂਮਤ ਵੱਲੋਂ ਸ਼ੁਰੂ ਕੀਤੇ ਗਏ ਇਸ ਸਕੂਲ ਦੀ ਪੁਰਾਣੀ ਇਮਾਰਤ ਨੂੰ ਪੰਜਾਬ ਸਰਕਾਰ ਨੇ ਅਣਸੁਰੱਖਿਅਤ ਐਲਾਨ ਦਿੱਤਾ ਹੈ। ਸਿੱਟੇ ਵਜੋਂ ਸਿੱਖਿਆ ਵਿਭਾਗ ਇਸ ਇਮਾਰਤ ਨੂੰ ਢਾਹਕੇ ਨਵੀਂ ਇਮਾਰਤ ਉਸਾਰਨਾ ਚਾਹੁੰਦਾ ਸੀ।
ਪਰ ਪਿੰਡ ਵਾਸੀ ਅਤੇ ਸਕੂਲ ਦੇ ਪੁਰਾਣੇ ਵਿਦਿਆਰਥੀਆਂ ਨੇ ਇਸਦਾ ਵਿਰੋਧ ਕੀਤਾ। ਇਸ ਵਿਰੋਧ ਮਗਰੋਂ ਹੁਣ ਸਿੱਖਿਆ ਵਿਭਾਗ ਨੇ ਪੁਰਾਣੀ ਇਮਾਰਤ ਦੀ ਮੁਰੰਮਤ ਅਤੇ ਸਾਂਭ ਸੰਭਾਲ ਵਾਸਤੇ ਰਾਹ ਲੱਭਣੇ ਸ਼ੁਰੂ ਕਰ ਦਿੱਤੇ ਹਨ।
ਸਕੂਲ ਕਦੋਂ ਸ਼ੁਰੂ ਹੋਇਆ ਸੀ
ਸੇਵਾ ਮੁਕਤ ਪ੍ਰਿੰਸੀਪਲ ਬਲਵਿੰਦਰ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੇ ਇਸ ਸਕੂਲ ਵਿੱਚ ਪੜ੍ਹਾਈ ਵੀ ਕੀਤੀ ਹੈ ਅਤੇ ਬੱਚਿਆਂ ਨੂੰ ਪੜ੍ਹਾਇਆ ਵੀ ਹੈ|
ਉਹ ਦੱਸਦੇ ਹਨ, "ਸਾਲ 1857 ਵਿੱਚ ਬ੍ਰਿਟਿਸ਼ ਹਕੂਮਤ ਨੇ ਪ੍ਰਾਇਮਰੀ ਸਕੂਲ ਵਜੋਂ ਇਸ ਸਕੂਲ ਦੀ ਸਥਾਪਨਾ ਕੀਤੀ ਸੀ।1878 ਵਿੱਚ ਇਹ ਸਕੂਲ ਨੂੰ ਪ੍ਰਾਇਮਰੀ ਤੋਂ ਮਿਡਲ ਸਕੂਲ ਵਿੱਚ ਬਦਲ ਦਿੱਤਾ ਗਿਆ। ਸਾਲ 1923 ਵਿੱਚ ਇਹ ਹਾਈ ਸਕੂਲ ਬਣ ਗਿਆ।"
ਪਿੰਡ ਦੇ ਸਰਪੰਚ ਹਰਦੀਪ ਸਿੰਘ ਗਰੇਵਾਲ ਦਾਅਵਾ ਕਰਦੇ ਹਨ ਕਿ ਜਦੋਂ ਗੁੱਜਰਵਾਲ ਪਿੰਡ ਵਿੱਚ ਇਹ ਸਕੂਲ ਬਣਿਆ ਸੀ, ਉਦੋਂ ਜ਼ਿਲ੍ਹੇ ਵਿੱਚ ਗਿਣਤੀ ਦੇ ਹੀ ਸਕੂਲ ਸਨ। ਜਿਸ ਕਰਕੇ ਵਿਦਿਆਰਥੀ ਕਈ ਕਿੱਲੋਮੀਟਰਾਂ ਦਾ ਸਫ਼ਰ ਤੈਅ ਕਰਕੇ ਇੱਥੋਂ ਸਿੱਖਿਆ ਲੈਣ ਆਉਂਦੇ ਸਨ।
ਕਰਤਾਰ ਸਿੰਘ ਸਰਾਭਾ ਨਾਲ ਕੀ ਸਬੰਧ
ਪਿੰਡ ਵਾਸੀਆਂ ਮੁਤਾਬਕ ਕਰਤਾਰ ਸਿੰਘ ਸਰਾਭਾ ਇਸ ਸਕੂਲ ਵਿੱਚ ਪੜ੍ਹਦੇ ਰਹੇ ਹਨ।
ਸੇਵਾ ਮੁਕਤ ਪ੍ਰਿੰਸੀਪਲ ਬਲਵਿੰਦਰ ਸਿੰਘ ਕਹਿੰਦੇ ਹਨ, "ਕਰਤਾਰ ਸਿੰਘ ਸਰਾਭੇ ਦਾ ਪਿੰਡ ਗੁੱਜਰਵਾਲ ਤੋਂ ਕੁਝ ਕਿਲੋਮੀਟਰ ਦੀ ਦੂਰੀ ਉੱਤੇ ਸਥਿਤ ਹੈ। ਜਦੋਂ ਕਰਤਾਰ ਸਿੰਘ ਸਰਾਭਾ ਸਕੂਲੀ ਸਿੱਖਿਆ ਲੈ ਰਹੇ ਸਨ, ਉਦੋਂ ਲੁਧਿਆਣਾ ਵਿੱਚ ਸਕੂਲ ਬਹੁਤ ਘੱਟ ਅਤੇ ਦੂਰ ਸਨ।"
"ਇਸ ਲਈ ਛੇਵੀਂ ਕਲਾਸ ਮਗਰੋਂ ਕਰਤਾਰ ਸਿੰਘ ਸਰਾਭਾ ਨੇ ਇਸ ਸਕੂਲ ਵਿੱਚ ਦਾਖ਼ਲਾ ਲਿਆ ਸੀ। ਇੱਥੇ ਕੁਝ ਸਮੇਂ ਤੱਕ ਹੀ ਪੜ੍ਹੇ ਅਤੇ ਮਗਰੋਂ ਕਿਸੇ ਹੋਰ ਸਕੂਲ ਵਿੱਚ ਦਾਖ਼ਲਾ ਲੈ ਲਿਆ।"
ਬਲਵਿੰਦਰ ਸਿੰਘ ਇਹ ਵੀ ਕਹਿੰਦੇ ਹਨ ਕਿ ਕਰਤਾਰ ਸਿੰਘ ਸਰਾਭਾ ਇਸ ਸਕੂਲ ਵਿੱਚ ਕਿੰਨਾ ਸਮਾਂ ਪੜ੍ਹੇ, ਇਸ ਬਾਰੇ ਜਾਣਕਾਰੀ ਮੌਜੂਦ ਨਹੀਂ ਹੈ।
ਸਿੱਖ ਇਤਿਹਾਸਕਾਰ ਅਤੇ ਸਿਆਸੀ ਚਿੰਤਕ ਅਜਮੇਰ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਰਤਾਰ ਸਿੰਘ ਸਰਾਭਾ ਗੁੱਜਰਵਾਲ ਦੇ ਸਕੂਲ ਵਿੱਚ ਪੜ੍ਹੇ ਹਨ।
ਉਨ੍ਹਾਂ ਇਸਦਾ ਜ਼ਿਕਰ ਆਪਣੀ ਕਿਤਾਬ 'ਤੂਫ਼ਾਨਾਂ ਦਾ ਸ਼ਾਹ ਅਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ' ਵਿੱਚ ਵੀ ਕੀਤਾ ਹੈ।
ਉਹ ਲਿਖਦੇ ਹਨ, "ਸਰਾਭਾ ਪਿੰਡ ਤੋਂ ਤਿੰਨ ਕੁ ਮੀਲ ਦੇ ਫ਼ਾਸਲੇ ਨਾਲ ਪਿੰਡ ਗੁੱਜਰਵਾਲ ਵਿੱਚ ਉਸ ਵੇਲੇ ਮਿਡਲ ਸਕੂਲ ਸੀ। ਬਹੁਤ ਸਾਰੀਆਂ ਥਾਵਾਂ ਉੱਤੇ ਇਹ ਜ਼ਿਕਰ ਆਉਂਦਾ ਹੈ ਕਿ ਬਾਲ ਕਰਤਾਰ ਸਿੰਘ ਪ੍ਰਾਇਮਰੀ ਪਾਸ ਕਰਨ ਉਪਰੰਤ ਗੁੱਜਰਵਾਲ ਪੜ੍ਹਨੇ ਪੈ ਗਏ ਸੀ। ਉੱਥੇ ਉਹ ਕਿੰਨਾ ਚਿਰ ਪੜ੍ਹੇ, ਇਸ ਬਾਰੇ ਅਲੱਗ-ਅਲੱਗ ਰਾਵਾਂ ਹਨ।"
ਕੌਣ ਸਨ ਕਰਤਾਰ ਸਿੰਘ ਸਰਾਭਾ
ਕਰਤਾਰ ਸਿੰਘ ਸਰਾਭਾ ਬਰਤਾਨਵੀ ਸਰਕਾਰ ਖਿਲਾਫ ਚਲਾਈ ਗਈ ਗ਼ਦਰ ਲਹਿਰ ਦੇ ਮੋਹਰੀ ਆਗੂਆਂ ਵਿਚੋਂ ਸਨ। ਉਨ੍ਹਾਂ ਦਾ ਜਨਮ 24 ਮਈ 1896 ਵਿੱਚ ਲੁਧਿਆਣਾ ਦੇ ਪਿੰਡ ਸਰਾਭਾ ਵਿੱਚ ਹੋਇਆ ਸੀ।
1912 ਵਿੱਚ ਉਹ ਅਮਰੀਕਾ ਦੇ ਸੈਨ ਫਰਾਂਸਿਸਕੋ ਪੜ੍ਹਨ ਗਏ ਸਨ ਜਿੱਥੇ ਉਹ ਗ਼ਦਰ ਪਾਰਟੀ ਵਿਚ ਸਰਗਰਮ ਹੋ ਗਏ। ਗਦਰ ਪਾਰਟੀ ਭਾਰਤ ਨੂੰ ਬਰਤਾਨਵੀਂ ਹਕੂਮਤ ਤੋਂ ਅਜ਼ਾਦ ਕਰਾਉਣ ਲਈ ਸੰਘਰਸ਼ ਕਰ ਰਹੀ ਸੀ।
ਕਰਤਾਰ ਸਿੰਘ ਸਰਾਭਾ 1915 ਵਿੱਚ ਭਾਰਤ ਵਿੱਚ ਵਾਪਸ ਆਏ ਅਤੇ ਬਰਤਾਨਵੀ ਸਰਕਾਰ ਖਿਲਾਫ਼ ਗਦਰ ਦੀ ਤਿਆਰੀ ਕਰਨ ਲੱਗੇ ਪਰ ਸਰਕਾਰ ਨੂੰ ਉਨ੍ਹਾਂ ਦੀਆਂ ਗਤੀਵਿਧੀਆਂ ਬਾਰੇ ਪਤਾ ਲੱਗ ਗਿਆ ਅਤੇ 16 ਨਵੰਬਰ 1915 ਵਿੱਚ ਉਨ੍ਹਾਂ ਨੂੰ ਫਾਂਸੀ ਦੇ ਦਿੱਤੀ ਗਈ।
ਵਿਦਿਆਰਥੀ ਹੁਣ ਕਿੱਥੇ ਪੜ੍ਹਦੇ ਹਨ
ਪੁਰਾਣੀ ਇਮਾਰਤ ਨੂੰ ਅਸੁਰੱਖਿਅਤ ਐਲਾਨੇ ਜਾਣ ਮਗਰੋਂ ਵਿਦਿਆਰਥੀ ਸਕੂਲ ਵਿੱਚ ਉਸਰੇ ਹੋਰ ਕਮਰਿਆਂ ਵਿੱਚ ਪੜ੍ਹਦੇ ਹਨ।
ਪਿੰਡ ਦੇ ਸਰਪੰਚ ਹਰਦੀਪ ਸਿੰਘ ਗਰੇਵਾਲ ਦੱਸਦੇ ਹਨ ਇਹ ਕਮਰੇ ਕਈ ਸਾਲ ਪਹਿਲਾਂ ਉਸਾਰੇ ਗਏ ਸਨ।
"ਇਹ ਕਮਰੇ ਜਮਾਤਾਂ ਅਤੇ ਵਿਦਿਆਰਥੀਆਂ ਦੀ ਗਿਣਤੀ ਦੇ ਮੁਕਾਬਲੇ ਘੱਟ ਹਨ। ਜੇਕਰ ਪੁਰਾਣੀ ਇਮਾਰਤ ਦੀ ਮੁਰੰਮਤ ਹੋ ਜਾਂਦੀ ਹੈ ਤਾਂ ਵਿਦਿਆਰਥੀ ਦੁਬਾਰਾ ਉੱਥੇ ਪੜ੍ਹ ਸਕਦੇ ਹਨ।
ਪਿੰਡ ਵਾਸੀਆਂ ਦੀ ਕੀ ਮੰਗ
ਪਿੰਡ ਦੇ ਸਰਪੰਚ ਹਰਦੀਪ ਸਿੰਘ ਗਰੇਵਾਲ ਕਹਿੰਦੇ ਹਨ, "ਸਕੂਲ ਦੀ ਇਤਿਹਾਸਕ ਇਮਾਰਤ ਦੀ ਸਿਰਫ਼ ਛੱਤ ਅਤੇ ਫ਼ਰਸ਼ ਖਸਤਾ ਹਾਲਤ ਵਿੱਚ ਹੈ। ਇਮਾਰਤ ਦੀਆਂ ਕੰਧਾਂ ਪੂਰੀ ਤਰਾਂ ਮਜ਼ਬੂਤ ਹਨ। ਇਸ ਲਈ ਜੇਕਰ ਇਮਾਰਤ ਦੀ ਛੱਤ ਅਤੇ ਫ਼ਰਸ਼ ਬਦਲ ਦਿੱਤਾ ਜਾਵੇ ਤਾਂ ਇਮਾਰਤ ਦੀ ਸਾਂਭ-ਸੰਭਾਲ ਵੀ ਹੋ ਜਾਵੇਗੀ ਅਤੇ ਇਹ ਮੁੜ ਵਰਤੋਂ ਯੋਗ ਹੋ ਜਾਵੇਗੀ।"
ਸੇਵਾ ਮੁਕਤ ਪ੍ਰਿੰਸੀਪਲ ਬਲਵਿੰਦਰ ਸਿੰਘ ਕਹਿੰਦੇ ਹਨ, "ਸਰਕਾਰ ਇਸ ਇਤਿਹਾਸਕ ਇਮਾਰਤ ਦੀ ਸਾਂਭ-ਸੰਭਾਲ ਅਤੇ ਮੁਰੰਮਤ ਲਈ ਫੰਡ ਜਾਰੀ ਕਰੇ।"
"ਸਕੂਲ ਦੇ ਪੁਰਾਣੇ ਵਿਦਿਆਰਥੀ ਅਤੇ ਪਿੰਡ ਵਾਸੀ ਆਪਣੀ ਜੇਬ ਵਿਚੋਂ ਪੈਸੇ ਖਰਚ ਕਰਕੇ ਇਮਾਰਤ ਦੀ ਮੁਰੰਮਤ ਕਰਨ ਲਈ ਤਿਆਰ ਹਨ। ਜੇਕਰ ਸਿੱਖਿਆ ਵਿਭਾਗ ਪੈਸੇ ਜਾਰੀ ਨਹੀਂ ਕਰ ਸਕਦਾ ਤਾਂ ਪਿੰਡ ਵਾਸੀਆਂ ਅਤੇ ਪੁਰਾਣੇ ਵਿਦਿਆਰਥੀਆਂ ਤੋਂ ਸਹਿਯੋਗ ਲੈ ਲਵੇ।"
ਸਿੱਖਿਆ ਵਿਭਾਗ ਨੇ ਕੀ ਕਿਹਾ
ਸਕੂਲ ਦੇ ਇੰਚਾਰਜ ਜਗਜੀਤ ਸਿੰਘ ਗਰੇਵਾਲ ਨੇ ਕਿਹਾ, "ਇਲਾਕਾ ਨਿਵਾਸੀਆਂ ਦੀ ਮੰਗ ਹੈ ਕਿ ਸਕੂਲ ਦੀ ਇਮਾਰਤ ਨੂੰ ਨਾ ਢਾਹਿਆ ਜਾਵੇ। ਇਹ ਮਾਮਲਾ ਵਿਭਾਗ ਦੇ ਧਿਆਨ ਵਿੱਚ ਵੀ ਹੈ।"
"ਪਿਛਲੇ ਕੁਝ ਦਿਨਾਂ ਵਿੱਚ ਜ਼ਿਲ੍ਹਾ ਸਿੱਖਿਆ ਅਧਿਕਾਰੀ ਦੇ ਨਿਰਦੇਸ਼ਾਂ ਉੱਤੇ ਇੱਕ ਟੀਮ ਇਮਾਰਤ ਦਾ ਜਾਇਜ਼ਾ ਵੀ ਲੈ ਕੇ ਗਈ ਹੈ।
ਡਿਪਟੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਅਮਨਦੀਪ ਸਿੰਘ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਕਿਹਾ, "ਸਕੂਲ ਦੀ ਇਮਾਰਤ ਦੀ ਮੁਰੰਮਤ ਕਰਕੇ ਇਸ ਨੂੰ ਬਰਕਰਾਰ ਰੱਖਿਆ ਜਾਵੇਗਾ। ਵਿਭਾਗ ਦੀ ਤਕਨੀਕੀ ਟੀਮ ਨੇ ਮੁਰੰਮਤ ਦੀ ਲਾਗਤ ਦਾ ਅਨੁਮਾਨ ਲਗਾ ਲਿਆ ਹੈ।"
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
ਤਾਜ਼ਾ ਘਟਨਾਕ੍ਰਮ
ਦ੍ਰਿਸ਼ਟੀਕੋਣ
ਪਾਠਕਾਂ ਦੀ ਪਸੰਦ
ਸਮੱਗਰੀ ਉਪਲਬਧ ਨਹੀਂ ਹੈ