ਗੁਰੂ ਕਾ ਬਾਗ ਮੋਰਚਾ: 100 ਸਾਲ ਪਹਿਲਾਂ ਲੜਿਆ ਗਿਆ 'ਅਹਿੰਸਕ ਸਿੱਖ ਸੰਘਰਸ਼' ਜਿਸ ਨੂੰ ਭਾਰਤੀ ਅਜ਼ਾਦੀ ਦੀ ਲੜਾਈ ਦਾ ਪ੍ਰੇਰਨਾ ਸਰੋਤ ਕਿਹਾ ਗਿਆ

ਤਸਵੀਰ ਸਰੋਤ, SGPC

ਤਸਵੀਰ ਕੈਪਸ਼ਨ, ਗੁਰਦੁਆਰੇ ਨਾਲ ਲਗਦੀ ਜਮੀਨ ਵਿਚ ਕਿੱਕਰਾਂ ਦਾ ਬਾਗ਼ ਸੀ। ਜਿਸ ਕਾਰਨ ਇੱਥੇ ਲੱਗੇ ਮੋਰਚੇ ਦਾ ਨਾਮ ਗੁਰੂ ਕਾ ਬਾਗ਼ ਮੋਰਚਾ ਪਿਆ।
    • ਲੇਖਕ, ਮੁਹੰਮਦ ਇਦਰੀਸ
    • ਰੋਲ, ਇਤਿਹਾਸ ਦੇ ਐਸੋਸੀਏਟ ਪ੍ਰੋਫੈਸਰ
  • ਪੜ੍ਹਨ ਦਾ ਸਮਾਂ: 5 ਮਿੰਟ

ਭਾਰਤ ਉੱਤੇ ਅੰਗਰੇਜ਼ਾਂ ਦੇ ਸ਼ਾਸਨ ਵੇਲੇ ਪੰਜਾਬ ਵਿੱਚ ਅਜਿਹੇ ਕਈ ਮੋਰਚੇ ਲੱਗੇ ਸਨ, ਜੋ ਇਸ ਬਾਰੇ ਮਿਸਾਲ ਬਣੇ ਕਿ ਕਿਵੇਂ ਸ਼ਾਂਤਮਈ ਤਰੀਕੇ ਨਾਲ ਮੁਜ਼ਾਹਰਾ ਕਰਕੇ ਵੀ ਹਕੂਮਤ ਤੋਂ ਗੱਲ ਮਨਵਾਈ ਜਾ ਸਕਦੀ ਹੈ।

ਗੁਰੂ ਕਾ ਬਾਗ ਮੋਰਚਾ ਵੀ ਅਜਿਹੇ ਮੋਰਚਿਆਂ ਵਿੱਚੋਂ ਇੱਕ ਸੀ। ਇਸ ਸਾਲ ਇਸ ਮੋਰਚੇ ਨੂੰ 100 ਸਾਲ ਪੂਰੇ ਹੋਏ ਹਨ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਵੱਡੇ ਪੱਧਰ ਉੱਤੇ ਇਸ ਮੋਰਚੇ ਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਕਰਵਾਏ ਜਾ ਰਹੇ ਹਨ।

ਅੰਮ੍ਰਿਤਸਰ ਦੇ ਗੁਰਦੁਆਰਾ ਗੁਰੂ ਕਾ ਬਾਗ ਤੋਂ ਇਨ੍ਹਾਂ ਸਮਾਗਮਾਂ ਦੀ ਸ਼ੁਰੂਆਤ ਹੋਈ ਅਤੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਇਸ ਮੋਰਚੇ ਨੂੰ ਮਿਸਾਲੀ ਅਹਿੰਸਕ ਸੰਘਰਸ਼ ਦੱਸਿਆ।

ਇਹ ਮੋਰਚਾ ਅੰਗਰੇਜ਼ੀ ਹਕੂਮਤ ਖ਼ਿਲਾਫ਼ ਚੱਲੇ ਭਾਰਤ ਦੀ ਅਜ਼ਾਦੀ ਦੇ ਸੰਘਰਸ਼ ਲਈ ਅਹਿੰਸਕ ਲਹਿਰ ਦਾ ਚਾਨਣ ਮੁਨਾਰਾ ਬਣਿਆ।

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਇਤਿਹਾਸ ਦੇ ਐਸੋਸੀਏਟ ਪ੍ਰੋਫੈਸਰ ਤੇ ਪੰਜਾਬੀ ਯੂਨੀਵਰਸਿਟੀ ਦੇ ਇਤਿਹਾਸ ਵਿਭਾਗ ਦੇ ਸਾਬਕਾ ਮੁਖੀ ਡਾ. ਮੁਹੰਮਦ ਇਦਰੀਸ ਨੇ ਇਸ ਇਤਿਹਾਸਕ ਮੋਰਚੇ ਬਾਰੇ ਕਈ ਅਹਿਮ ਤੱਥ ਸਾਂਝੇ ਕੀਤੇ ਹਨ, ਜੋ ਇਸ ਪ੍ਰਕਾਰ ਹਨ...

ਕੀ ਹੈ ਗੁਰੂ ਕੇ ਬਾਗ ਦਾ ਇਤਿਹਾਸ

ਅੰਮ੍ਰਿਤਸਰ ਤੋਂ ਲਗਭਗ 20 ਕਿਲੋਮੀਟਰ ਦੂਰ ਘੂਕੇਵਾਲੀ ਪਿੰਡ ਵਿਚ ਸਿੱਖ ਧਰਮ ਦੇ ਪੰਜਵੇਂ ਗੁਰੂ ਅਰਜਨ ਦੇਵ ਦੀ ਯਾਦ ਵਿਚ 1585 ਈਸਵੀ ਦੌਰਾਨ ਅਤੇ ਨੌਵੇ ਗੁਰੂ ਤੇਗ਼ ਬਹਾਦੁਰ ਦੀ ਯਾਦ ਵਿਚ 1664 ਈਸਵੀ ਦੌਰਾਨ ਦੋ ਇਤਿਹਾਸਕ ਗੁਰੂਦੁਆਰੇ ਬਣੇ ਸਨ।

ਗੁਰੂ ਅਰਜਨ ਦੇਵ ਦੀ ਯਾਦ ਵਿਚ ਬਣੇ ਗੁਰਦੁਆਰੇ ਨਾਲ ਲਗਦੀ ਜ਼ਮੀਨ ਵਿਚ ਕਿੱਕਰਾਂ ਦਾ ਬਾਗ਼ ਸੀ। ਜਿਸ ਕਾਰਨ ਇੱਥੇ ਲੱਗੇ ਮੋਰਚੇ ਦਾ ਨਾਮ ਗੁਰੂ ਕਾ ਬਾਗ਼ ਮੋਰਚਾ ਪੈ ਗਿਆ।

ਇਸ ਬਾਗ਼ ਵਿਚੋਂ ਸਿੱਖਾਂ ਦੁਆਰਾ ਲੱਕੜਾਂ ਕੱਟ ਕੇ ਦੋਵੇਂ ਗੁਰਦੁਆਰਿਆਂ ਦੇ ਲੰਗਰ ਤਿਆਰ ਕਰਨ ਲਈ ਵਰਤੀਆਂ ਜਾਂਦੀਆਂ ਸਨ।

ਕਿਉਂ ਲੱਗਿਆ ਸੀ ਮੋਰਚਾ

ਗੁਰੂ ਅਰਜਨ ਦੇਵ ਦੀ ਯਾਦ ਵਿਚ ਬਣੇ ਗੁਰਦੁਆਰੇ ਦੀ ਸਾਂਭ-ਸੰਭਾਲ ਉਦਾਸੀ ਸੰਪਰਦਾ ਦੇ ਮਹੰਤ ਸੁੰਦਰ ਦਾਸ ਕੋਲ ਸੀ। ਉਸ ਦਾ ਆਚਰਣ ਗੈਰ ਧਾਰਮਿਕ ਸੀ।

ਗੁਰਦੁਆਰਿਆਂ ਦੀ ਮਰਿਯਾਦਾ ਦੀ ਸੰਭਾਲ ਹਿੱਤ ਪੰਜਾਬ ਵਿਚ ਗੁਰਦੁਆਰਾ ਸੁਧਾਰ ਲਹਿਰ ਦੀ ਵੀ ਸ਼ੁਰੂਆਤ ਹੋ ਚੁੱਕੀ ਸੀ।

ਇਸ ਲਹਿਰ ਤਹਿਤ ਨਨਕਾਣਾ ਸਾਹਿਬ, ਚਾਬੀਆਂ ਦਾ ਮੋਰਚਾ, ਭਾਈ ਫੇਰੂ ਗੁਰਦੁਆਰੇ ਅਤੇ ਜੇਤੋਂ ਆਦਿ ਦੇ ਹੋਰ ਕਈ ਮੋਰਚੇ ਇਸ ਸਮੇਂ ਦੌਰਾਨ ਲੱਗੇ ਸਨ।

ਤਸਵੀਰ ਸਰੋਤ, GURPREET SINGH KOMAL/SGPC

ਡਾ. ਹਰਬੰਸ ਸਿੰਘ ਸੰਪਾਦਤ ਇੰਨਸਾਈਕਲੋਪੀਡੀਆ ਆਫ ਸਿੱਖਇਜ਼ਮ ਅਨੁਸਾਰ ਗੁਰਦੁਆਰਾ ਸੁਧਾਰ ਲਹਿਰ ਦੇ ਸ਼ੁਰੂ ਹੋਣ ਨਾਲ 31 ਜਨਵਰੀ, 1921 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ 11 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ।

ਇਸ ਗਿਆਰਾਂ ਮੈਂਬਰੀ ਕਮੇਟੀ ਨਾਲ ਗੁਰਦੁਆਰਾ ਗੁਰੂ ਕਾ ਬਾਗ ਦੇ ਤਤਕਾਲੀ ਮਹੰਤ ਸੁੰਦਰ ਦਾਸ ਦਾ ਗੁਰਦੁਆਰੇ ਦੀ ਸਾਂਭ-ਸੰਭਾਲ ਹਿੱਤ ਸਮਝੌਤਾ ਹੋ ਗਿਆ ਸੀ।

ਇਸ ਸਮਝੌਤੇ ਤਹਿਤ ਹੁਣ ਗੁਰਦੁਆਰੇ ਦੇ ਪ੍ਰਬੰਧ ਕਮੇਟੀ ਅਧੀਨ ਆ ਗਏ ਸਨ।

ਕੁਝ ਸਮੇਂ ਬਾਅਦ ਬਰਤਾਨਵੀ ਸਰਕਾਰ ਦੀ ਸਰਪ੍ਰਸਤੀ ਨਾਲ ਮਹੰਤ ਦੁਆਰਾ ਗੁਰਦੁਆਰੇ ਨਾਲ ਲਗਦੀ ਜ਼ਮੀਨ ਜਿਸ ਨੂੰ 'ਗੁਰੂ ਕਾ ਬਾਗ਼' ਕਿਹਾ ਜਾਂਦਾ ਸੀ ਤੇ ਆਪਣਾ ਹੱਕ ਜਤਾਉਣਾ ਸ਼ੁਰੂ ਕੀਤਾ ਗਿਆ। ਮਹੰਤ ਨੇ ਉਥੋਂ ਲੰਗਰ ਸੇਵਾ ਲਈ ਦਰਖੱਤ ਕੱਟ ਰਹੇ ਸਿੱਖਾਂ ਵਿਰੁਧ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾ ਦਿੱਤੀ।

ਇਹ ਵੀ ਪੜ੍ਹੋ:-

ਪੰਜ-ਪੰਜ ਸਿੱਖਾਂ ਦੇ ਜਥੇ ਜਾਣੇ ਸ਼ੁਰੂ ਹੋਏ

ਬਰਤਾਨਵੀ ਪੁਲਿਸ ਵਲੋਂ ਸਿੱਖਾਂ ਵਿਰੁੱਧ ਪਹਿਲਾਂ ਹੀ ਘੜੀ ਮਿੱਥੀ ਸਾਜਿਸ਼ ਤਹਿਤ ਮਹੰਤ ਸੁੰਦਰ ਦਾਸ ਦੀ ਸ਼ਿਕਾਇਤ ਉੱਤੇ ਪੰਜ ਸਿੱਖਾਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ।

ਇਹ ਮਾਮਲਾ ਕਿਸੇ ਦੀ ਜ਼ਮੀਨ ਵਿਚ ਜ਼ਬਰਦਸਤੀ ਦਾਖ਼ਲ ਹੋਣ ਤਹਿਤ 9 ਅਗਸਤ, 1922 ਨੂੰ ਦਰਜ ਕੀਤਾ ਗਿਆ ਅਤੇ 5 ਸਿੱਖਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਬਰਤਾਨਵੀ ਅਧਿਕਾਰੀਆਂ ਵੱਲੋਂ ਸਿੱਖਾਂ ਦੇ ਧਾਰਮਿਕ ਸਥਾਨਾਂ ਵਿਚ ਦਖ਼ਲ ਅੰਦਾਜ਼ੀ ਕਾਰਨ ਸਿੱਖਾਂ ਵਿਚ ਅਰਾਜਕਤਾ, ਬੇਚੈਨੀ ਅਤੇ ਗੁੱਸੇ ਦੀ ਲਹਿਰ ਫ਼ੈਲ ਗਈ।

ਸਿੱਟੇ ਵਜੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਅਧੀਨ ਫ਼ੈਸਲਾ ਕੀਤਾ ਗਿਆ ਕਿ ਰੋਜ਼ਾਨਾ ਪੰਜ-ਪੰਜ ਸਿੱਖਾਂ ਦਾ ਜਥਾ ਸ੍ਰੀ ਦਰਬਾਰ ਸਾਹਿਬ ਤੋਂ ਅਹਿੰਸਕ ਰਹਿਣ ਦੀ ਸਹੁੰ ਖਾ ਕੇ ਨਿਕਲੇਗਾ।

ਉਨ੍ਹਾਂ ਨੇ ਹੀ ਵੀ ਅਹਿਦ ਲਿਆ ਕਿ ਉਹ ਸ਼ਾਂਤਮਈ ਤੇ ਸਤਿਆਗ੍ਰਹਿ ਦੇ ਦਾਇਰੇ ਵਿਚ ਰਹਿ ਕੇ ਹੀ ਜਥੇ ਦੇ ਰੂਪ ਵਿਚ ਦਰਖ਼ਤ ਕੱਟਣ ਜਾਣਗੇ।

ਮਾਸਟਰ ਤਾਰਾ ਸਿੰਘ ਅਤੇ ਮਹਿਤਾਬ ਸਿੰਘ ਆਦਿ ਸ਼੍ਰੋਮਣੀ ਕਮੇਟੀ ਦੇ ਪ੍ਰਮੁਖ ਨੇਤਾਵਾਂ ਸਮੇਤ ਜਥਿਆਂ ਵਿਚ ਗਏ ਅਨੇਕਾਂ ਸਿੱਖਾਂ ਨੂੰ ਪੁਲਿਸ ਪ੍ਰਸਾਸ਼ਨ ਨੇ ਗ੍ਰਿਫ਼਼ਤਾਰ ਕਰ ਲਿਆ।

ਗੁਰੂ ਕਾ ਬਾਗ ਮੋਰਚੇ ਬਾਰੇ ਮੁੱਖ ਗੱਲਾਂ

ਅੰਮ੍ਰਿਤਸਰ ਤੋਂ ਲਗਭਗ 20 ਕਿਲੋਮੀਟਰ ਦੂਰ ਘੂਕੇਵਾਲੀ ਪਿੰਡ ਵਿਚ ਸਿੱਖ ਧਰਮ ਦੇ ਪੰਜਵੇਂ ਗੁਰੂ ਅਰਜਨ ਦੇਵ ਦੀ ਯਾਦ ਵਿੱਚ ਬਣੇ ਗੁਰਦੁਆਰੇ ਦੇ ਬਾਗ ਵਿੱਚ ਮੋਰਚਾ ਲਗਿਆ ਸੀ।

ਗੁਰਦੁਆਰੇ ਦੀ ਸਾਂਭ-ਸੰਭਾਲ ਉਦਾਸੀ ਸੰਪਰਦਾ ਦੇ ਮਹੰਤ ਸੁੰਦਰ ਦਾਸ ਕੋਲ ਸੀ। ਉਸ ਦਾ ਆਚਰਣ ਗੈਰ ਧਾਰਮਿਕ ਸੀ।

ਮਹੰਤ ਦੁਆਰਾ ਗੁਰਦੁਆਰੇ ਨਾਲ ਲਗਦੀ ਜ਼ਮੀਨ ਜਿਸ ਨੂੰ 'ਗੁਰੂ ਕਾ ਬਾਗ਼' ਕਿਹਾ ਜਾਂਦਾ ਤੇ ਆਪਣਾ ਤੱਕ ਜਤਾਉਣਾ ਸ਼ੁਰੂ ਕੀਤਾ ਗਿਆ।

ਉਥੋਂ ਲੰਗਰ ਸੇਵਾ ਲਈ ਦਰਖੱਤ ਕੱਟ ਰਹੇ ਸਿੱਖਾਂ ਵਿਰੁਧ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਗਈ।

ਬਰਤਾਨਵੀ ਸਰਕਾਰ ਨੇ ਸਿੱਖਾਂ ਖਿਲਾਫ ਪਰਚਾ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਤੇ ਉੱਥੋਂ ਹੀ ਮੋਰਚੇ ਦੀ ਸ਼ੁਰੂਆਤ ਹੋਈ।

ਮੁਜ਼ਾਹਰਾਕਾਰੀਆਂ ਨੇ ਕਾਲੀਆਂ ਪੱਗਾਂ ਬੰਨੀਆਂ

ਬਰਤਾਨਵੀ ਪੁਲਿਸ ਵਲੋਂ ਸਿੱਖਾਂ ਨੂੰ ਗਾਰੇ ਵਿਚ ਸੁੱਟਿਆ ਜਾਂਦਾ ਅਤੇ ਸੜਕਾਂ ਉੱਤੇ ਬੁਰੀ ਤਰਾਂ ਕੁੱਟਿਆ ਜਾਂਦਾ ਸੀ।

ਲਾਗਲੇ ਪਿੰਡਾਂ ਤੋਂ ਆਉਣ ਵਾਲੀ ਰਸਦ, ਪਾਣੀ ਨੂੰ ਰੋਕਿਆ ਜਾਂਦਾ ਅਤੇ ਅਕਾਲੀਆਂ ਨੂੰ ਜੇਲ੍ਹਾਂ ਵਿਚ ਬੰਦ ਕਰਕੇ ਅਨੇਕਾਂ ਘਾਤਕ ਤਰ੍ਹਾਂ ਦੇ ਤਸੀਹੇ ਦਿੱਤੇ ਜਾਂਦੇ ਸਨ, ਪਰ ਅਕਾਲੀ ਜਥੇ ਨਿਰੰਤਰ ਸ਼ਾਂਤਮਈ ਤੇ ਅਡੋਲ ਰੂਪ ਵਿਚ ਜਾਂਦੇ ਰਹੇ।

25 ਅਗਸਤ,1922 ਨੂੰ ਜਥੇ ਵਿਚ ਭਾਰੀ ਗਿਣਤੀ ਵਿਚ ਇਕੱਠੇ ਹੋਏ ਅਕਾਲੀ ਸਿੱਖਾਂ ਉਪਰ ਬਰਤਾਨਵੀ ਅਫ਼ਸਰ ਦੇ ਐਡੀਸ਼ਨਲ ਪੁਲਿਸ ਸੁਪਰਡੈਂਟ ਐਸ.ਜੀ.ਐਮ ਬੀਆਟੀ ਨੇ ਪੁਲਿਸ ਨੂੰ ਹੁਕਮ ਦਿੱਤਾ ਕਿ ਸਿੱਖਾਂ ਦੇ ਜਥਿਆਂ ਨੂੰ ਖਦੇੜਣ ਲਈ ਸਖ਼ਤ ਲਾਠੀਚਾਰਜ ਕੀਤਾ ਜਾਵੇ।

ਇਸ ਕਾਰਵਾਈ ਕਾਰਨ ਫ਼ੈਲੇ ਰੋਸ ਕਾਰਨ ਅਕਾਲੀ ਜਥਿਆਂ ਵਿਚ ਆਪ ਮੁਹਾਰੇ ਗਿਣਤੀ ਵਧਦੀ ਗਈ।

26 ਅਗਸਤ ਨੂੰ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਹੁਕਮਾਂ ਅਧੀਨ ਅੱਠ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪਰ ਤੇਜਾ ਸਿੰਘ ਸਮੁੰਦਰੀ ਦੀ ਪ੍ਰਧਾਨਗੀ ਅਧੀਨ ਸ਼੍ਰੋਮਣੀ ਕਮੇਟੀ ਦੇ ਜਥੇ ਗੁਰੂ ਕਾ ਬਾਗ਼ ਵਿਖੇ ਲਗਾਤਾਰ ਜਾਰੀ ਰਹੇ।

ਜਥਿਆਂ ਵਿਚ ਬਣੀ ਕਮੇਟੀ ਵਲੋਂ ਭਾਗ ਲੈਣ ਵਾਲੇ ਮੈਂਬਰ ਕਾਲੀਆਂ ਪੱਗਾਂ ਬੰਨ ਕੇ ਜਾਂਦੇ ਸਨ।

ਤਸਵੀਰ ਸਰੋਤ, SGPC

ਤਸਵੀਰ ਕੈਪਸ਼ਨ, ਸ਼੍ਰੋਮਣੀ ਕਮੇਟੀ ਵੱਲੋਂ ਇਸ ਸਾਲ ਮੋਰਚਾ ਗੁਰੂ ਕਾ ਬਾਗ ਤੇ ਸਾਕਾ ਪੰਜਾ ਸਾਹਿਬ ਦੇ 100 ਸਾਲ ਪੂਰੇ ਹੋਣ ਨੂੰ ਮਨਾਇਆ ਜਾ ਰਿਹਾ ਹੈ

ਪੰਜਾਬ ਦੇ ਲੈਫਟੀਨੈਂਟ ਗਵਰਨਰ-ਜਨਰਲ ਸਰ ਐਡਵਰਡ ਮੈਕਲਾਗਨ ਨੇ 13 ਸਤੰਬਰ, 1922 ਨੂੰ ਗੁਰੂ ਕਾ ਬਾਗ਼ ਸਥਾਨ ਦਾ ਦੌਰਾ ਕੀਤਾ।

ਉਨ੍ਹਾਂ ਇਸ ਫੇਰੀ ਸਮੇਂ ਹੁਕਮ ਦਿੱਤੇ ਕਿ ਜਥਿਆਂ ਵਿਚ ਗਏ ਅਕਾਲੀ ਸਿੱਖਾਂ, ਵਲੰਟੀਅਰਾਂ ਅਤੇ ਸਮਾਜ ਸੇਵਕਾਂ ਉਪਰ ਕੀਤੇ ਜਾਂਦੇ ਅਤਿਆਚਾਰ ਬੰਦ ਕੀਤੇ ਜਾਣ।

ਉਨ੍ਹਾਂ ਦੇ ਹੁਕਮਾਂ ਨਾਲ ਹੀ ਸਿੱਖਾਂ ਦੀਆਂ ਜੋ ਜ਼ਾਇਦਾਦਾਂ ਮੋਰਚੇ ਦੌਰਾਨ ਜ਼ਬਤ ਕੀਤੀਆਂ ਗਈਆਂ ਸਨ, ਵਾਪਸ ਕਰਨ ਦੇ ਹੁਕਮ ਹੋਏ ਅਤੇ ਸਮੂਹਕ ਰੂਪ ਵਿਚ ਗ੍ਰਿਫਤਾਰੀਆਂ ਵੀ ਬੰਦ ਕੀਤੀਆਂ ਗਈਆਂ ਸਨ।

17 ਨਵੰਬਰ, 1922 ਨੂੰ ਗੁਰੂ ਕਾ ਬਾਗ਼ ਮੋਰਚੇ ਦੀ 524 ਕਨਾਲ ਅਤੇ 12 ਮਰਲੇ ਜ਼ਮੀਨ ਨੂੰ ਸਰ ਗੰਗਾ ਰਾਮ ਵਲੋਂ ਮਹੰਤ ਸੁੰਦਰ ਦਾਸ ਤੋਂ ਲੈ ਕੇ ਅਕਾਲੀਆਂ ਦੇ ਹਵਾਲੇ ਕੀਤੀ ਗਈ ਸੀ।

ਇੰਨਸਾਈਕਲੋਪੀਡੀਆ ਆਫ਼ ਸਿੱਖਇਜ਼ਮ ਅਨੁਸਾਰ 27 ਅਪ੍ਰੈਲ, 1923 ਨੂੰ ਪੰਜਾਬ ਸਰਕਾਰ ਦੇ ਹੁਕਮਾਂ ਅਧੀਨ ਗੁਰੂ ਕਾ ਬਾਗ਼ ਮੋਰਚੇ ਦੌਰਾਨ ਗ੍ਰਿਫਤਾਰ ਕੀਤੇ ਗਏ ਸਾਰੇ ਅਕਾਲੀ ਸਿੱਖਾਂ ਤੇ ਹੋਰ ਕੈਦੀਆਂ ਨੂੰ ਰਿਹਾਅ ਕੀਤਾ ਗਿਆ।

ਬੀਬੀਸੀ ਪੰਜਾਬੀ ਨੂੰ ਆਪਣੇ ਮੋਬਾਈਲ ਦੀ ਹੋਮ ਸਕਰੀਨ ਉੱਤੇ ਇੰਝ ਲੈ ਕੇ ਆਓ

Skip YouTube post, 1
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 1

ਸ਼੍ਰੋਮਣੀ ਗੁਰਦੁਆਰਾ ਕਮੇਟੀ ਦੇ ਰਿਕਾਰਡ ਅਨੁਸਾਰ ਇਸ ਮੋਰਚੇ ਦੌਰਾਨ 5605 ਸਿੱਖਾਂ ਨੂੰ ਜੇਲ੍ਹ ਭੇਜਿਆ ਗਿਆ ਸੀ। ਇਸ ਮੋਰਚੇ ਦੌਰਾਨ ਕੇਵਲ 8 ਅਗਸਤ ਤੋਂ 17 ਅਗਸਤ 1922 ਤੱਕ 12 ਅਕਾਲੀ ਸਿੱਖਾਂ ਨੂੰ ਜਾਨ ਗੁਆਉਣੀ ਪਈ ਸੀ ਤੇ 1500 ਸਿੱਖ ਗੰਭੀਰ ਜਖ਼ਮੀ ਹੋਏ।

ਇਹ ਮੋਰਚਾ ਪੂਰਨ ਰੂਪ ਵਿਚ ਸ਼ਾਂਤਮਈ ਸੀ। ਜੋ ਗੁਰਦੁਆਰਾ ਸੁਧਾਰ ਲਹਿਰ ਦੀ ਇਕ ਮਹੱਤਵਪੂਰਨ ਪ੍ਰਾਪਤੀ ਸੀ, ਜਿਸ ਨੇ ਨਾ ਕੇਵਲ ਪੰਜਾਬ ਸਗੋਂ ਭਾਰਤੀ ਆਜ਼ਾਦੀ ਸੰਗਰਾਮ ਦੇ ਨਾਜ਼ੁਕ ਸਮੇਂ ਦੌਰਾਨ ਮਹੱਤਵਪੂਰਨ ਯੋਗਦਾਨ ਪਾਇਆ ਹੈ।

ਗਾਂਧੀ ਸਣੇ ਕੌਮੀ ਲੀਡਰਾਂ ਨੇ ਪ੍ਰਸ਼ੰਸਾ ਕੀਤੀ

ਗੁਰੂ ਕਾ ਬਾਗ਼ ਮੋਰਚੇ ਦੀ ਘਟਨਾ ਦੇ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ’ਤੇ ਅਨੇਕਾਂ ਮਹੱਤਵਪੂਰਨ ਪ੍ਰਭਾਵ ਪਏ।

ਅਮਰੀਕਾ ਦੇ ਪੱਤਰਕਾਰ ਏ.ਐਲ. ਵਰਗਸ ਨੇ ਉਸ ਸਮੇਂ ਇਸ ਮੋਰਚੇ ਦੀ ਇੱਕ ਦਸਤਾਵੇਜ਼ੀ ਫ਼ਿਲਮ ਬਣਾਈ।

ਇੰਗਲੈਂਡ ਦੇ ਇਸਾਈ ਪਾਦਰੀ ਸੀ.ਐਫ. ਐਨਡਰਿਊਜ਼ ਨੇ ਘਟਨਾ ਸਥਾਨ ਦੀ ਫੇਰੀ ਦੌਰਾਨ ਕਿਹਾ ਕਿ ਉਨ੍ਹਾਂ ਨੂੰ ਨਿਰਦੋਸ਼ ਅਕਾਲੀ ਸਿੱਖਾਂ ਉਪਰ ਹੁੰਦੇ ਅੱਤਿਆਚਾਰ ਵੇਖ ਕੇ ਇਹ ਲੱਗ ਰਿਹਾ ਹੈ ਕਿ ਇਹ ਅੱਤਿਆਚਾਰ ਯਸੂ ਮਸੀਹ ਉੱਤੇ ਹੋ ਰਹੇ ਹਨ।

ਭਾਰਤ ਵਿੱਚ ਰਾਸ਼ਟਰੀ ਪੱਧਰ 'ਤੇ ਚੱਲ ਰਹੇ ਸੁਤੰਤਰਤਾ ਸੰਗਰਾਮ ਦੇ ਅੰਦੋਲਨ ਵਿਚ ਮਹਾਤਮਾ ਗਾਂਧੀ ਨੂੰ ਵੀ ਇਹ ਪੱਕਾ ਵਿਸ਼ਵਾਸ ਹੋਇਆ ਕਿ ਸੱਤਿਆਗ੍ਰਹਿ ਅਤੇ ਸ਼ਾਂਤੀ ਪਾਬੰਦ ਅਕਾਲੀ ਸਿੱਖਾਂ ਦਾ ਇਹ ਮੋਰਚਾ ਰਾਸ਼ਟਰੀ ਆਜ਼ਾਦੀ ਦਾ ਮੀਲ ਪੱਥਰ ਸਥਾਪਤ ਹੋਵੇਗਾ।

ਲਾਲਾ ਲਾਜਪਤ ਰਾਏ ਅਤੇ ਹੋਰ ਅਨੇਕਾਂ ਰਾਸ਼ਟਰੀ ਨੇਤਾਵਾਂ ਦੁਆਰਾ ਗੁਰੂ ਕਾ ਬਾਗ਼ ਮੋਰਚੇ ਦੀ ਪ੍ਰਸ਼ੰਸਾ ਕੀਤੀ ਗਈ ਸੀ।

ਇਹ ਵੀ ਪੜ੍ਹੋ:

Skip YouTube post, 2
Google YouTube ਸਮੱਗਰੀ ਦੀ ਇਜਾਜ਼ਤ?

ਇਸ ਲੇਖ ਵਿੱਚ Google YouTube ਤੋਂ ਮਿਲੀ ਸਮੱਗਰੀ ਸ਼ਾਮਲ ਹੈ। ਕੁਝ ਵੀ ਡਾਊਨਲੋਡ ਹੋਣ ਤੋਂ ਪਹਿਲਾਂ ਅਸੀਂ ਤੁਹਾਡੀ ਇਜਾਜ਼ਤ ਮੰਗਦੇ ਹਾਂ ਕਿਉਂਕਿ ਇਸ ਵਿੱਚ ਕੁਕੀਜ਼ ਅਤੇ ਦੂਜੀਆਂ ਤਕਨੀਕਾਂ ਦਾ ਇਸਤੇਮਾਲ ਕੀਤਾ ਹੋ ਸਕਦਾ ਹੈ। ਤੁਸੀਂ ਸਵੀਕਾਰ ਕਰਨ ਤੋਂ ਪਹਿਲਾਂ Google YouTube ਕੁਕੀ ਪਾਲਿਸੀ ਤੇ ਨੂੰ ਪੜ੍ਹਨਾ ਚਾਹੋਗੇ। ਇਸ ਸਮੱਗਰੀ ਨੂੰ ਦੇਖਣ ਲਈ ਇਜਾਜ਼ਤ ਦੇਵੋ ਤੇ ਜਾਰੀ ਰੱਖੋ ਨੂੰ ਚੁਣੋ।

ਚਿਤਾਵਨੀ: ਬਾਹਰੀ ਸਾਈਟਾਂ ਦੀ ਸਮਗਰੀ 'ਚ ਇਸ਼ਤਿਹਾਰ ਹੋ ਸਕਦੇ ਹਨ

End of YouTube post, 2

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)